ਸਿਰ ਪੀੜ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783
ਕੋਈ ਵਿਰਲਾ ਹੀ ਹੋਵੇਗਾ ਜਿਸ ਨੂੰ ਕਦੇ ਸਿਰ ਪੀੜ ਨਾ ਹੋਈ ਹੋਵੇ। ਥਕਾਵਟ ਤੋਂ ਲੈ ਕੇ ਸਿਰ ਦੇ ਕੈਂਸਰ ਤੱਕ ਅਨੇਕ ਕਾਰਨ ਹਨ, ਜਿਨ੍ਹਾਂ ਨਾਲ ਸਿਰ ਪੀੜ ਹੋ ਸਕਦੀ ਹੈ।
ਬਥੇਰੀ ਵਾਰ ਸਿਰਫ਼ ਤਣਾਓ ਸਦਕਾ ਹੀ ਸਿਰ ਪਾਟਦਾ ਮਹਿਸੂਸ ਹੁੰਦਾ ਹੈ। ਕਿਸੇ ਨੂੰ ਆਪਣੀ ਸੱਸ ਜਾਂ ਧਰਮ ਪਤਨੀ ਨੂੰ ਵੇਖਦੇ ਸਾਰ ਸਿਰ ਪੀੜ ਮਹਿਸੂਸ ਹੋਣ ਲੱਗ ਪੈਂਦੀ ਹੈ।
ਕਈ ਚਲਾਕ ਬੱਚੇ ਤਾਂ ਬਿਨਾਂ ਕਿਸੇ ਤਕਲੀਫ਼ ਦੇ ਸਿਰਫ਼ ਸਕੂਲੋਂ ਛੁੱਟੀ ਮਾਰਨ ਲਈ ਹੀ ਸਿਰ ਪੀੜ ਦਾ ਬਹਾਨਾ ਘੜ ਲੈਂਦੇ ਹਨ।
ਕਈ ਵਾਰ ਬੀਮਾਰੀ ਕਿਸੇ ਹੋਰ ਥਾਂ ਹੁੰਦੀ ਹੈ ਪਰ ਲੱਛਣ ਸਿਰ ਪੀੜ ਦਾ ਸਾਹਮਣੇ ਆਉਂਦਾ ਹੈ। ਕਿਸੇ ਦਾ ਅੱਧਾ ਸਿਰ ਦੁੱਖਦਾ ਹੈ ਤੇ ਕਿਸੇ ਦਾ ਸਿਰਫ਼ ਮੱਥਾ ! ਕੁੱਝ ਤਿੱਖੀ ਚੁੱਭਵੀਂ ਸਿਰ ਪੀੜ ਮਹਿਸੂਸ ਕਰਦੇ ਹਨ ਤੇ ਕੁੱਝ ਮੱਠੀ ਪੀੜ ਮਹਿਸੂਸ ਕਰਦੇ ਹਨ।
ਇਹ ਜ਼ਰੂਰੀ ਨਹੀਂ ਹੁੰਦਾ ਕਿ ਤਿੱਖੀ ਸਿਰ ਪੀੜ ਦਾ ਮਤਲਬ ਸੀਰੀਅਸ ਬੀਮਾਰੀ ਹੀ ਹੋਵੇ ! ਕਈ ਵਾਰ ਫੈਲੇ ਹੋਏ ਸਿਰ ਅੰਦਰਲੇ ਕੈਂਸਰ ਨਾਲ ਵੀ ਸਿਰਫ਼ ਹਲਕੀ ਸਿਰ ਪੀੜ ਹੀ ਮਹਿਸੂਸ ਹੁੰਦੀ ਹੈ। ਇਸ ਦੇ ਉਲਟ, ਤਣਾਓ ਨਾਲ ਸਿਰ ਇੰਜ ਫਟਦਾ ਲੱਗਦਾ ਹੈ ਜਿਵੇਂ ਹੁਣੇ ਸਾਰੀਆਂ ਨਸਾਂ ਖੁੱਲਣ ਲੱਗੀਆਂ ਹਨ। ਉਮਰ, ਸੱਭਿਆਚਾਰ, ਮਾਹੌਲ ਤੇ ਸਮਾਜਿਕ ਬੰਦਸ਼ਾਂ ਅਨੁਸਾਰ ਕਈ ਬੱਚੇ ਜਾਂ ਵੱਡੇ ਆਪਣੀ ਪੀੜ ਨੂੰ ਓਨਾ ਜ਼ਾਹਰ ਵੀ ਨਹੀਂ ਕਰਦੇ।
ਥੰਡਰਕਲੈਪ ਸਿਰ ਪੀੜ :– ਇਹ ਸਭ ਤੋਂ ਭਿਆਨਕ ਤਰੀਕੇ ਦੀ ਸਿਰ ਪੀੜ ਹੈ ਜਿਸ ਵਿਚ ਪਲਾਂ ਵਿਚ ਹੀ ਏਨੀ ਤਿੱਖੀ ਸਿਰ ਪੀੜ ਹੋਣ ਲੱਗ ਪੈਂਦੀ ਹੈ ਜਿਵੇਂ ਸਿਰ ਅੰਦਰ ਬੰਬ ਫਟਣ ਲੱਗਿਆ ਹੋਵੇ। ਇਸ ਦੇ ਕਾਰਨ ਹਨ :-
- ਸਿਰ ਅੰਦਰ ਲਹੂ ਦਾ ਚੱਲਣਾ
- ਸਿਰ ਅੰਦਰਲੀ ਨਸ ਵਿਚ ਰੋਕਾ
- ਸਿਰ ਅੰਦਰਲੀਆਂ ਨਸਾਂ ਵਿਚਲੇ ਪ੍ਰੈੱਸ਼ਰ ਦਾ ਘਟਣਾ
- ਆਰਟਰੀ ਨਸ ਦਾ ਫਟਣਾ (ਡਾਈਸੈਕਸ਼ਨ)
- ਐਨੂਰਿਜ਼ਮ (ਨਸ ਦੇ ਇਕ ਹਿੱਸੇ ਦਾ ਫੈਲ ਕੇ ਚੌੜਾ ਹੋ ਜਾਣਾ)
- ਸਿਰ ਅੰਦਰਲੇ ਬਲੱਡ ਪ੍ਰੈੱਸ਼ਰ ਦਾ ਵਾਧਾ
- ਸਿਰ ਅੰਦਰਲੀ ਕਿਸੇ ਨਸ ਦਾ ਇਕਦਮ ਸੁੰਗੜਨਾ
- ਆਕਸੀਪਿਟਲ ਨਿਊਰੈਲਜੀਆ
- ਸਿਰ ਅੰਦਰ ਇਕ ਪਾਸੇ ਪਾਣੀ ਇਕੱਠਾ ਹੋਣਾ
- ਸਿਰ ਅੰਦਰ ਕੀਟਾਣੂਆਂ ਦਾ ਹਮਲਾ
- ਮਿਗਰੇਨ
- ਬਹੁਤ ਜ਼ਿਆਦਾ ਕਸਰਤ ਬਾਅਦ
- ਲਗਾਤਾਰ ਖੰਘ ਹੋਣ ਬਾਅਦ
- ਕਲਸਟਰ ਸਿਰ ਪੀੜ
- ਤਣਾਓ ਕਰ ਕੇ
ਬੱਚਿਆਂ ਵਿਚ ਸਿਰ ਪੀੜ ਦੀਆਂ ਕਿਸਮਾਂ :-
- ਇਕਦਮ ਤਿੱਖੀ ਪੀੜ ਹੋਣੀ :-
ਅਜਿਹੀ ਪੀੜ ਪਹਿਲਾਂ ਕਦੇ ਨਹੀਂ ਹੋਈ ਹੁੰਦੀ। ਅਜਿਹੀ ਪੀੜ ਦਾ ਕਾਰਨ ਵੱਡਿਆਂ ਵਿਚ ਆਮ ਤੌਰ ਉੱਤੇ ਸਿਰ ਦੀ ਨਸ ਫਟਣ ਤੇ ਸਿਰ ਵਿਚ ਲਹੂ ਚੱਲਣ (ਸਬ ਐਰਕਨਾਇਡ) ਨਾਲ ਹੁੰਦੀ ਹੈ। ਬੱਚਿਆਂ ਵਿਚ ਅਜਿਹੀ ਤਿੱਖੀ ਪੀੜ ਸਿਰਫ਼ ਗਲੇ ਖ਼ਰਾਬ ਹੋਣ ਨਾਲ ਵੀ ਹੋ ਸਕਦੀ ਹੈ, ਪਰ ਫਿਰ ਵੀ ਸਿਰ ਅੰਦਰ ਲਹੂ ਚੱਲਣਾ, ਸਿਰ ਵਿਚ ਕੀਟਾਣੂਆਂ ਦਾ ਹਮਲਾ, ਰਸੌਲੀ ਆਦਿ ਲਈ ਚੈੱਕਅਪ ਕਰਵਾ ਲੈਣਾ ਚਾਹੀਦਾ ਹੈ।
- ਤਿੱਖੀ ਪਰ ਬਾਰ-ਬਾਰ ਹੋਣ ਵਾਲੀ ਪੀੜ :-
ਇਸ ਵਿਚ ਬੱਚੇ ਨੂੰ ਕਦੇ-ਕਦੇ ਤਿੱਖੀ ਪੀੜ ਹੁੰਦੀ ਰਹਿੰਦੀ ਹੈ ਪਰ ਦੋ ਵਾਰੀਆਂ ਦੀ ਸਿਰ ਪੀੜ ਦੇ ਵਿਚਕਾਰਲੇ ਸਮੇਂ ਵਿਚ ਬੱਚਾ ਬਿਲਕੁਲ ਠੀਕ ਰਹਿੰਦਾ ਹੈ। ਇਸ ਦੇ ਕਾਰਨ ਹਨ :- ਮਿਗਰੇਨ, ਤਣਾਓ ਨਾਲ ਹੋ ਰਹੀ ਸਿਰ ਪੀੜ, ਇਕ ਕਿਸਮ ਦੀ ਮ੍ਰਿਗੀ, ਵਾਰ-ਵਾਰ ਲੱਗਦੀ ਸੱਟ (ਨਸ਼ੇ ਕਾਰਨ), ਆਦਿ।
- ਲਗਾਤਾਰ ਰਹਿਣ ਵਾਲੀ, ਪਰ ਹੌਲੀ-ਹੌਲੀ ਵਧਣ ਵਾਲੀ :-
ਇਹ ਆਮ ਤੌਰ ਉੱਤੇ ਸਿਰ ਦੇ ਪਾਸਿਆਂ ਵੱਲ ਹੁੰਦੀ ਹੈ। ਇਸ ਦਾ ਕਾਰਨ ਹੁੰਦਾ ਹੈ-ਲਗਾਤਾਰ ਸਿਰ ਅੰਦਰ ਪਾਣੀ ਦੇ ਦਬਾਓ ਦਾ ਵਧਣਾ ! ਇਹ ਵਾਧਾ ਸਿਰ ਦੀ ਟੀ. ਬੀ, ਉੱਲੀ, ਸਿਰ ਅੰਦਰ ਪੀਕ ਦਾ ਇਕੱਠਾ ਹੋਣਾ, ਕੈਂਸਰ, ਕੀੜੇ ਫਸ ਜਾਣ ਨਾਲ ਸੋਜਾ ਹੋਣਾ (ਨਿਊਰੋਸਿਸਟੀਸਰਕੋਸਿਸ), ਸਿਰ ਵਿਚਲੇ ਪਾਣੀ ਦੀਆਂ ਨਸਾਂ ਵਿਚ ਰੋਕਾ, ਦਿਮਾਗ਼ ਦੀਆਂ ਬਾਹਰੀ ਪਰਤਾਂ ਵਿਚ ਲਹੂ ਦਾ ਇਕੱਠਾ ਹੋਣਾ, ਆਦਿ।
- ਲਗਾਤਾਰ ਰਹਿਣ ਵਾਲੀ, ਪਰ ਵਧ ਨਾ ਰਹੀ ਹੋਵੇ :-
ਇਸ ਵਿਚ ਸਿਰ ਪੀੜ ਹੁੰਦੀ ਨੂੰ ਜਦੋਂ ਘੱਟੋ-ਘੱਟ 4 ਮਹੀਨੇ ਹੋ ਚੁੱਕੇ ਹੋਣ ਅਤੇ ਇਕ ਮਹੀਨੇ ਵਿਚ ਘੱਟੋ-ਘੱਟ 15 ਵਾਰ ਬੱਚੇ ਨੇ ਸਿਰ ਪੀੜ ਦੀ ਸ਼ਿਕਾਇਤ ਕੀਤੀ ਹੋਵੇ, ਜਿਹੜੀ 4 ਘੰਟਿਆਂ ਤੋਂ ਵੱਧ ਲਗਾਤਾਰ ਰਹੀ ਹੋਵੇ ਤਾਂ ਬੀਮਾਰੀ ਗਿਣੀ ਜਾਂਦੀ ਹੈ।
ਸਿਰ ਵਿਚਲੀ ਥਾਂ ਅਨੁਸਾਰ ਪੀੜ ਦੇ ਕਾਰਨ :-
- ਸਿਰ ਦੇ ਇਕ ਪਾਸੇ ਅੱਖ ਦੇ ਆਸ-ਪਾਸ ਜਾਂ ਕੰਨ ਦੇ ਪਿੱਛੇ :-
ਮਿਗਰੇਨ, ਸਾਈਨੂਸਾਈਟਿਸ, ਕਲਸਟਰ ਸਿਰ ਪੀੜ, ਅੱਖ ਦੁਆਲੇ ਸੋਜਾ, ਟੈਂਪੋਰੋ ਮੈਂਡੀਬੁਲਰ ਸਿੰਡਰੋਮ
- ਸਿਰ ਚੁਫੇਰਿਓਂ ਜਕੜਿਆ ਮਹਿਸੂਸ ਹੋਣਾ :-
ਤਣਾਓ, ਮਿਗਰੇਨ
- ਅੱਧੇ ਸਿਰ ਵਿਚ ਪੀੜ :-
-ਮਿਗਰੇਨ
- ਗਲੇ ਤੇ ਸਿਰ ਦੇ ਹੇਠਲੇ ਪਿਛਲੇ ਪਾਸੇ ਪੀੜ:-
-ਤਣਾਓ
- ਇਕ ਪਾਸੇ ਦੀ ਅੱਖ, ਗੱਲ ਤੇ ਬੁੱਲਾਂ ਤਕ ਦੀ ਪੀੜ :-
ਸਾਈਨੂਸਾਈਟਿਸ, ਨੱਕ ਵਿਚਲਾ ਕੈਂਸਰ, ਟਰਾਈਜੈਮੀਨਲ ਨਿਊਰਾਲਜੀਆ, ਮਿਗਰੇਨ, ਕਲਸਟਰ ਸਿਰ ਪੀੜ, ਦੰਦਾਂ ਵਿਚਲੀਆਂ ਖੋੜਾਂ, ਮਸੂੜਿਆਂ ਵਿਚਲੀ ਪੀਕ, ਐਲਰਜਿਕ ਰਾਈਨਾਈਟਿਸ, ਆਦਿ।
ਕਲਸਟਰ ਸਿਰ ਪੀੜ ਕੀ ਹੁੰਦੀ ਹੈ ?
ਜਦੋਂ ਸਿਰ ਪੀੜ ਬਹੁਤ ਤਿੱਖੀ ਹੋਵੇ, ਸਿਰ ਫਟਦਾ ਮਹਿਸੂਸ ਹੋਵੇ, ਲਗਾਤਾਰ ਸਿਰ ਪੀੜ ਹੋ ਰਹੀ ਹੋਵੇ, ਅੱਖਾਂ ਲਾਲ ਹੋ ਜਾਣ, ਇਕ ਪਾਸੇ ਹੰਝੂ ਵਗਣ ਲੱਗ ਪੈਣ, ਨੱਕ ਬੰਦ ਮਹਿਸੂਸ ਹੋਵੇ, ਨੱਕ ਵਗਣ ਲੱਗ ਪਵੇ, ਪਸੀਨਾ ਆ ਜਾਵੇ, ਰੰਗ ਪੀਲਾ ਪੈ ਜਾਵੇ, ਕੰਨ ਬੰਦ ਮਹਿਸੂਸ ਹੋਣ ਤੇ ਅੱਖਾਂ ਖੁੱਲਣ ਤੋਂ ਇਨਕਾਰੀ ਹੋ ਜਾਣ ਤਾਂ ਅਜਿਹੀ ਸਿਰ ਪੀੜ ਨੂੰ ਕਲਸਟਰ ਸਿਰ ਪੀੜ ਕਿਹਾ ਜਾਂਦਾ ਹੈ।
ਸਿਰ ਪੀੜ ਦੀ ਡਾਇਰੀ :-
ਜਦੋਂ ਬੱਚੇ ਨੂੰ ਸਿਰ ਪੀੜ ਵਾਰ-ਵਾਰ ਹੁੰਦੀ ਰਹਿੰਦੀ ਹੋਵੇ ਤਾਂ ਡਾਇਰੀ ਲਾਉਣੀ ਜ਼ਰੂਰੀ ਹੁੰਦੀ ਹੈ। ਇਸ ਡਾਇਰੀ ਵਿਚ ਕੁੱਝ ਚੀਜ਼ਾਂ ਦਾ ਰਿਕਾਰਡ ਰੱਖਣਾ ਹੁੰਦਾ ਹੈ।
* ਤਰੀਕ
* ਸ਼ੁਰੂ ਹੋਣ ਦਾ ਸਮਾਂ
* ਠੀਕ ਹੋਣ ਦਾ ਸਮਾਂ
* ਦਰਦ ਕਿੰਨੀ ਕੁ ਤਿੱਖੀ ਜਾਂ ਹਲਕੀ ਸੀ
* ਕਿਨ੍ਹਾਂ ਗੱਲਾਂ ਨਾਲ ਵਧੀ (ਨੀਂਦਰ, ਖ਼ੁਰਾਕ, ਕਸਰਤ, ਦਵਾਈਆਂ, ਆਦਿ)
* ਪਾਸਾ ਬਦਲਣ ਜਾਂ ਥਾਂ ਬਦਲਣ ਨਾਲ ਘਟੀ ਜਾਂ ਨਹੀਂ ?
* ਕਿਸੇ ਦਵਾਈ ਦੀ ਲੋੜ ਪਈ ?
* ਟੀ. ਵੀ. ਜਾਂ ਮੋਬਾਈਲ ਨਾਲ ਸੰਬੰਧ
* ਸਕੂਲ ਜਾਣ ਸਮੇਂ ਹੁੰਦੀ ਹੈ ਜਾਂ ਨਹੀਂ ?
* ਛੁੱਟੀਆਂ ਦੌਰਾਨ ਹੁੰਦੀ ਹੈ ਜਾਂ ਨਹੀਂ ?
ਇੰਜ ਦਾ ਰਿਕਾਰਡ ਝਟਪਟ ਦਸ ਦਿੰਦਾ ਹੈ ਕਿ ਬੱਚਾ ਸਕੂਲੋਂ ਜਾਣ ਤੋਂ ਘਬਰਾ ਰਿਹਾ ਹੈ ਜਾਂ ਕੋਈ ਹੋਰ ਰੋਗ ਹੈ ਜਿਵੇਂ ਸਿੱਕਲ ਸੈੱਲ ਬੀਮਾਰੀ, ਥਾਇਰਾਈਡ ਦੀ ਬੀਮਾਰੀ, ਪੈਰਾਥਾਇਰਾਈਡ ਦੇ ਰੋਗ, ਕੈਂਸਰ, ਬਲੱਡ ਪ੍ਰੈੱਸ਼ਰ ਦਾ ਰੋਗ, ਦਿਲ ਦੀਆਂ ਬੀਮਾਰੀਆਂ, ਮਾਹਵਾਰੀ ’ਚ ਨੁਕਸ, ਜਮਾਂਦਰੂ ਨਸਾਂ ਦੇ ਨੁਕਸ (ਆਰਟੀਰੀਓ ਵੀਨਸ ਨੁਕਸ), ਆਦਿ।
ਸਿਰ ਪੀੜ ਵਿਚਲੇ ਖ਼ਤਰਨਾਕ ਲੱਛਣ :-
* ਥੰਡਰਕਲੈਪ ਸਿਰ ਪੀੜ
* ਕੁੱਝ ਚਿਰ ਤੋਂ ਪਹਿਲਾਂ ਨਾਲੋਂ ਹੋਰ ਤਿੱਖੀ ਸਿਰ ਪੀੜ ਹੋਣ ਲੱਗ ਪਈ ਹੋਵੇ
* ਕਲਸਟਰ ਸਿਰ ਪੀੜ
* ਪਹਿਲਾਂ ਰਾਤ ਨੂੰ ਤੇ ਹੁਣ ਦਿਨੇ ਵੀ ਹੋਣ ਲੱਗ ਪਵੇ
* ਇੱਕੋ ਪਾਸੇ ਲਗਾਤਾਰ ਤਿੱਖੀ ਪੀੜ ਹੁੰਦੀ ਰਹੇ
* ਸਿਰ ਦੇ ਪਿਛਲੇ ਹਿੱਸੇ ਵਿਚ ਲੰਮੇ ਸਮੇਂ ਤੋਂ ਪੀੜ ਰਹੇ
* ਰਾਤ ਨੂੰ ਨੀਂਦਰ ਵਿੱਚੋਂ ਜਾਗਣਾ ਪਵੇ
* ਸਵਖ਼ਤੇ ਸਿਰ ਪੀੜ ਦੇ ਨਾਲ ਉਲਟੀ ਵੀ ਆ ਜਾਏ
* ਲਗਾਤਾਰ ਰਹਿਣ ਵਾਲੀ ਪਰ ਹੌਲੀ-ਹੌਲੀ ਵਧਣ ਵਾਲੀ
* ਅੱਗੇ ਝੁਕਣ ਨਾਲ ਬਹੁਤ ਜ਼ਿਆਦਾ ਵਧ ਜਾਏ
* ਖੰਘ ਕਰਨ ਨਾਲ ਸਿਰ ਪੀੜ ਹੋਣ ਲੱਗ ਪਵੇ
* ਸਿਰ ਪੀੜ ਦੌਰਾਨ ਬੇਹੋਸ਼ੀ ਹੋ ਜਾਵੇ
* ਸਿਰ ਪੀੜ ਦੌਰਾਨ ਨਜ਼ਰ ਘਟੇ ਜਾਂ ਤੁਰਨ ਵਿਚ ਦਿੱਕਤ ਆਵੇ
* ਸਿਰ ਪੀੜ ਨਾਲ ਚੱਕਰ ਆਉਣ
* ਸਿਰ ਪੀੜ ਨਾਲ ਪਾਸਾ ਕਮਜ਼ੋਰ ਹੁੰਦਾ ਜਾਪੇ
* ਦੌਰੇ ਪੈ ਜਾਣ
* ਆਲੇ-ਦੁਆਲੇ ਦੀ ਸਮਝ ਘੱਟ ਹੋ ਜਾਵੇ
* ਵਕਤ ਤੇ ਥਾਂ ਕੁੱਝ ਚਿਰ ਲਈ ਭੁਲ ਜਾਏ
* ਹੱਥ ਕੰਬਣ ਲੱਗ ਪੈਣ
* ਲਿਖਾਈ ਵਿਚ ਵਿਗਾੜ
* ਸਕੂਲ ਵਿਚ ਨੰਬਰ ਘੱਟ ਆਉਣ ਲੱਗ ਪੈਣ
* ਗੁੱਸਾ ਵੱਧ ਆਉਣ ਲੱਗ ਪਵੇ
* ਉਲਟੀ ਆ ਜਾਵੇ
* ਪਿਸ਼ਾਬ ਵੱਧ ਆਉਣ ਲੱਗ ਪਵੇ
* ਭੁੱਖ ਲੋੜੋਂ ਵੱਧ ਜਾਏ
* ਪੰਜ ਸਾਲ ਤੋਂ ਛੋਟੀ ਉਮਰ ਹੋਵੇ
* ਸਿਰ ਉੱਤੇ ਸੱਟ ਵੱਜੀ ਹੋਵੇ
* ਗੁਰਦੇ ਜਾਂ ਜਿਗਰ ਜਾਂ ਦਿਲ ਦਾ ਰੋਗ ਪਹਿਲਾਂ ਤੋਂ ਹੋਵੇ
* ਟੱਬਰ ਵਿਚ ਕਿਸੇ ਹੋਰ ਨੂੰ ਸਿਰ ਪੀੜ ਨਾ ਹੁੰਦੀ ਹੋਵੇ
* ਬਲੱਡ ਪ੍ਰੈੱਸ਼ਰ ਵਧਿਆ ਹੋਵੇ
* ਸਿਰ ਵੱਡਾ ਹੋਣ ਲੱਗ ਪਵੇ
* ਗਰਦਨ ਵਿਚ ਪਿਛਾਂਹ ਵੱਲ ਅਕੜਾਓ
* ਸਿਰ ਦੇ ਕਿਸੇ ਹਿੱਸੇ ਨੂੰ ਹੱਥ ਲਾਉਣ ਉੱਤੇ ਬੱਚਾ ਪੀੜ ਮਹਿਸੂਸ ਕਰੇ।
* ਦੋ-ਦੋ ਦਿਸ ਰਹੇ ਹੋਣ
* ਟੀਰ ਵੱਜਣ ਲੱਗ ਪਵੇ
* ਕਾਲੇ ਡੇਲੇ ਦਾ ਘੁੰਮ ਜਾਣਾ
* ਦਿਸਣ ਦਾ ਘੇਰਾ ਘੱਟ ਹੋ ਜਾਣਾ
* ਲਕਵਾ ਮਾਰਿਆ ਜਾਣਾ
* ਮੂੰਹ ਟੇਢਾ ਹੋ ਜਾਣਾ
* ਅੱਧਾ ਪਾਸਾ ਸੁੰਨ ਹੋ ਜਾਣਾ
* ਅੱਧਾ ਪਾਸਾ ਕਮਜ਼ੋਰ ਹੋ ਜਾਣਾ
* ਜਵਾਨੀ ਦੇ ਲੱਛਣ ਨਾ ਦਿਸਣੇ (ਅੰਗਾਂ ਦਾ ਨਾ ਵਧਣਾ)
* ਵਕਤ ਤੋਂ ਪਹਿਲਾਂ ਮਾਹਵਾਰੀ ਆਉਣੀ
* ਮੂੰਹ ਉੱਤੇ ਨਸਾਂ ਫੁੱਲੀਆਂ ਦਿਸਣੀਆਂ
* ਨੱਕ ਤੇ ਗੱਲਾਂ ਉੱਤੇ ਲੋੜੋਂ ਵੱਧ ਲਾਲੀ ਦਿਸਣੀ
* ਬੁਖ਼ਾਰ ਰਹਿਣਾ
* ਜਬਾੜੇ ਦਾ ਜੋੜ ਸੁੱਜ ਜਾਣਾ
* ਲੰਮੇ ਸਮੇਂ ਤਕ ਖੰਘ ਰਹਿਣੀ
* ਲੋੜੋਂ ਵੱਧ ਦਵਾਈਆਂ ਦੀ ਵਰਤੋਂ
ਟੈਸਟ ਕਦੋਂ ਕਰਨ ਦੀ ਲੋੜ ਹੈ ?
ਉੱਪਰ ਦੱਸੇ ਸਾਰੇ ਖ਼ਤਰਨਾਕ ਲੱਛਣਾਂ ਲਈ ਹਰ ਹਾਲ ਐਮ. ਆਰ. ਆਈ. ਤੁਰੰਤ ਕਰਵਾਉਣ ਦੀ ਲੋੜ ਹੈ।
ਜੇ ਲੇਟ ਹੋ ਗਏ ਤਾਂ ਸਮਝੋ ਕੈਂਸਰ ਜਾਂ ਫਟੀ ਨਸ ਬੱਚੇ ਲਈ ਜਾਨਲੇਵਾ ਸਾਬਤ ਹੋ ਸਕਦੇ ਹਨ !
ਐਮ. ਆਰ. ਆਈ. ਤੋਂ ਇਲਾਵਾ ਹੋਰ ਟੈਸਟ ਹਨ :-
* ਈ. ਈ. ਜੀ.
* ਜੈਨੇਟਿਕ ਟੈਸਟ
* ਲਹੂ ਦੇ ਟੈਸਟ
* ਰੀੜ੍ਹ ਦੀ ਹੱਡੀ ’ਚੋਂ ਪਾਣੀ ਦਾ ਟੈਸਟ
* ਨਸ਼ੇ ਵਾਲੀਆਂ ਦਵਾਈਆਂ ਦੇ ਟੈਸਟ
* ਲਹੂ ਦੇ ਜੰਮਣ ਦੇ ਟੈਸਟ
* ਈ. ਐਸ. ਆਰ.
* ਈ. ਸੀ. ਜੀ.
* ਲਹੂ ਵਿਚ ਸ਼ੱਕਰ ਤੇ ਕੈਲਸ਼ੀਅਮ ਦੀ ਮਾਤਰਾ
* ਬੁਖ਼ਾਰ ਦੇ ਟੈਸਟ
* ਡਾਕਟਰ ਵੱਲੋਂ ਚੈੱਕਅਪ ਦੌਰਾਨ ਲੱਭੇ ਨੁਕਸਾਂ ਦੇ ਹਿਸਾਬ ਨਾਲ ਹੋਰ ਟੈਸਟ
ਬੱਚੇ ਵਿਚ ਸਿਰ ਪੀੜ ਦੇ ਕਾਰਨ ਕੀ ਹਨ ?
- ਸਿਰ ਉੱਤੇ ਸੱਟ ਵੱਜਣ ਬਾਅਦ ਲਹੂ ਦਾ ਜੰਮਣਾ ਜਾਂ ਨਸ ਦਾ ਫਟਣਾ
- ਗਲੇ ਵਿਚ ਲੱਗੀ ਸੱਟ
- ਮਿਗਰੇਨ
- ਕੈਂਸਰ
- ਨਿਊਰੋਸਿਸਟੀਸਰਕੋਸਿਸ ਕੀੜਾ
- ਸਿਰ ਦੀਆਂ ਲਹੂ ਦੀਆਂ ਨਾੜੀਆਂ ਵਿਚਲੇ ਨੁਕਸ
- ਸਿਰ ਦੀਆਂ ਲਹੂ ਦੀਆਂ ਨਾੜੀਆਂ ਵਿਚ ਰੋਕਾ
- ਅੱਖ ਵਿਚਲੀ ਨਸ ਦਾ ਸੋਜਾ
- ਸਿਰ ਅੰਦਰ ਪਾਣੀ ਦਾ ਦਬਾਓ ਘੱਟਣਾ
- ਜਮਾਂਦਰੂ ਲਹੂ ਦੀਆਂ ਨਾੜੀਆਂ ਵਿਚ ਨੁਕਸ
- ਸਿਰ ਅੰਦਰ ਕੀਟਾਣੂਆਂ ਦਾ ਹਮਲਾ
- ਸਾਈਨੂਸਾਈਟਿਸ
- ਸਿਰ ਅੰਦਰ ਪੀਕ ਇਕੱਠੀ ਹੋਣੀੋ
- ਟੌਂਸਿਲ ਦਾ ਸੁੱਜਣਾ ਤੇ ਉਸ ਵਿਚ ਪੀਕ ਪੈਣੀ
- ਜਬਾੜੇ ਦੀ ਹੱਡੀ ਦੀ ਸੋਜ਼ਿਸ਼
- ਹੱਡੀਆਂ ਦਾ ਨੁਕਸ
- ਕੰਨ ਵਿਚ ਪੀਕ
- ਤਣਾਓ
- ਕਲਸਟਰ ਸਿਰ ਪੀੜ
- ਲੋੜੋਂ ਵੱਧ ਕਸਰਤ
- ਇਕਦਮ ਠੰਡ ਲੱਗਣ ਨਾਲ
- ਨਸ਼ੇ, ਖ਼ਾਸ ਕਰ ਕੋਕੀਨ
- ਜ਼ਿਆਦਾ ਕੌਫ਼ੀ ਪੀਣ ਨਾਲ
- ਆਕਸੀਜਨ ਦੀ ਘਾਟ
- ਆਈਸਕ੍ਰੀਮ ਖਾਣ ਨਾਲ
- ਬਲੱਡ ਪ੍ਰੈੱਸ਼ਰ ਦਾ ਵਾਧਾ
- ਬੱਚਿਆਂ ਵਿਚ ਪੀਰੀਓਡਿਕ ਸਿੰਡਰੋਮ
- ਇਮਤਿਹਾਨਾਂ ਦਾ ਡਰ
- ਘਰ ਵਿਚਲੀ ਲੜਾਈ
- ਡੱਬਾ ਬੰਦ ਚੀਜ਼ਾਂ ਦੀ ਵਾਧੂ ਵਰਤੋਂ
- ਫਾਸਟ ਫੂਡਜ਼ ਵਿਚਲੇ ਤੇਜ਼ ਮਸਾਲੇ
- ਖਾਣ-ਪੀਣ ਵਾਲੀਆਂ ਚੀਜ਼ਾਂ ਵਿਚਲੇ ਰੰਗ
- ਗੱਲਾਂ ਜਾਂ ਅੱਖਾਂ ਦੁਆਲੇ ਪਈ ਪੀਕ
- ਨਿਗਾਹ ਦਾ ਕਮਜ਼ੋਰ ਹੋਣਾ
- ਪਹਾੜਾਂ ਵਿਚ ਚਲਦਿਆਂ ਆਕਸੀਜਨ ਦੀ ਕਮੀ ਸਦਕਾ
- ਦੌਰੇ ਤੋਂ ਬਾਅਦ
- ਦੌਰੇ ਦੀ ਕਿਸਮ
- ਆਕਸੀਪਿਟਲ ਨਿਊਰਾਲਜੀਆ
- ਲੋੜੋਂ ਵੱਧ ਕੌਫ਼ੀ ਚਾਹ ਪੀਂਦਿਆਂ, ਇਕਦਮ ਛੱਡ ਦੇਣ ਉੱਤੇ
- ਬੰਦ ਕਮਰੇ ਵਿਚ ਅੰਗੀਠੀ ਬਾਲਣ ਨਾਲ
- ਜਬਾੜੇ ਦੇ ਜੋੜ ਵਿਚ ਸੋਜ਼ਿਸ਼
- ਕੈਂਸਰ
- ਸਿਰ ਉੱਪਰਲੀ ਚਮੜੀ ਦੇ ਰੋਗ
- ਜਮਾਂਦਰੂ ਗਿਲਟੀ
- ਡਰਮਾਇਡ ਸਿਸਟ, ਐਰਕਨਾਇਡ ਸਿਸਟ
- ਵਿਟਾਮਿਨ ਏ ਦਾ ਵਾਧਾ
- ਵਿਟਾਮਿਨ ਏ ਦਾ ਘਾਟਾ
- ਦਵਾਈਆਂ ਜਿਵੇਂ ਟੈਟਰਾਸਾਈਕਲਿਨ, ਇੰਡੋਮੈਥਾਸਿਨ, ਪੈਨਿਸੀਲਿਨ, ਸੱਪ ਦੇ ਜ਼ਹਿਰ ਨੂੰ ਕਾਟ ਕਰਨ ਵਾਲਾ ਟੀਕਾ, ਨੈਲਿਡਿਕਸਿਕ ਏਸਿਡ, ਆਦਿ।
- ਗੈਲੈਕਟੋਸੀਮੀਆ
- ਸਾਰਕਾਇਡੋਸਿਸ
- ਟਰਨਰ ਸਿੰਡਰੋਮ
- ਪੌਲੀਸਾਈਥੀਮੀਆ
- ਗਰਭ ਠਹਿਰਨਾ
- ਮਾਹਵਾਰੀ ਦਾ ਸ਼ੁਰੂ ਹੋਣਾ
- ਮਾਹਵਾਰੀ ਰੈਗੂਲਰ ਨਾ ਹੋਣੀ
- ਮੋਟਾਪਾ
- ਗਰਭ ਰੋਕੂ ਗੋਲੀਆਂ ਦੀ ਵਰਤੋਂ
- ਸਟੀਰਾਇਡ ਇਕਦਮ ਬੰਦ ਕਰਨ ਉੱਤੇ
- ਪੈਰਾਥਾਇਰਾਇਡ ਹਾਰਮੋਨਾਂ ਦੀ ਗੜਬੜੀ
- ਥਾਇਰਾਇਡ ਹਾਰਮੋਨਾਂ ਦੀ ਗੜਬੜੀ
- ਸਿਸਟਕ ਫਾਈਬਰੋਸਿਸ
- ਦਿਲ ਦੇ ਜਮਾਂਦਰੂ ਨੁਕਸ ਦੇ ਅਪਰੇਸ਼ਨ ਤੋਂ ਬਾਅਦ
- ਐਡਰੀਨਲ ਗਲੈਂਡ ਦੇ ਨੁਕਸ
- ਇਕਦਮ ਹੋਈ ਲੋਹ ਕਣਾਂ ਦੀ ਕਮੀ
- ਮਨੋਰੋਗ
- ਬਹੁਤ ਜ਼ਿਆਦਾ ਅੱਖਾਂ ਦੀ ਵਰਤੋਂ, ਜਿਵੇਂ ਅੱਧੇ ਘੰਟੇ ਤੋਂ ਵੱਧ ਰੋਜ਼ ਲਗਾਤਾਰ ਮੋਬਾਈਲ ਜਾਂ ਕੰਪਿਊਟਰ ਦੀ ਵਰਤੋਂ।
- ਅੱਖਾਂ ਦੇ ਬਹੁਤ ਨੇੜੇ ਰੱਖ ਕੇ ਕਿਤਾਬ ਪੜਨੀ
- ਘੱਟ ਲਾਈਟ ਵਿਚ ਪੜਨ ਨਾਲ
- ਸਿਰ ਨੂੰ ਠੰਡ ਲੱਗਣ ਨਾਲ (ਸਰਦੀਆਂ ਵਿਚ ਜਾਂ ਏ. ਸੀ. ਕਮਰੇ ਵਿਚ) ਅਤੇ ਇਹੋ ਜਿਹੇ ਅਨੇਕ ਹੋਰ ਕਾਰਨ !
ਸਾਰ :-
ਬੱਚਿਆਂ ਦੀ ਸਿਰ ਪੀੜ ਨੂੰ ਕਦੇ ਵੀ ਐਵੇਂ ਨਹੀਂ ਮੰਨ ਲੈਣਾ ਚਾਹੀਦਾ। ਜੇ ਕੋਈ ਨੁਕਸ ਹੈ ਤਾਂ ਵੀ ਤੁਰੰਤ ਇਲਾਜ ਦੀ ਲੋੜ ਹੈ। ਜੇ ਕੋਈ ਨੁਕਸ ਨਹੀਂ ਹੈ ਤੇ ਬੱਚਾ ਜਾਣ ਬੁੱਝ ਕੇ ਕਰ ਰਿਹਾ ਹੈ ਤਾਂ ਆਪਣੇ ਅੰਦਰ ਝਾਕਣ ਦੀ ਲੋੜ ਹੈ ਕਿ ਮਾਪੇ ਕਿਤੇ ਲੋੜੋਂ ਵੱਧ ਬੱਚੇ ਉੱਤੇ ਬੋਝ ਤਾਂ ਨਹੀਂ ਪਾ ਰਹੇ ! ਜਾਂ ਫੇਰ ਸਕੂਲ ਵਿਚ ਬੱਚੇ ਨਾਲ ਕੋਈ ਜਿਸਮਾਨੀ ਵਧੀਕੀ ਤਾਂ ਨਹੀਂ ਹੋ ਰਹੀ !
ਇਹ ਸਭ ਗੱਲਾਂ ਧਿਆਨ ਵਿਚ ਰੱਖਦਿਆਂ ਇਕ ਗੱਲ ਤਾਂ ਪੱਕੀ ਹੈ ਕਿ ਬੱਚੇ ਦੀ ਸਿਰ ਪੀੜ ਲਈ ਸਿਰ ਦਾ ਸਕੈਨ ਤਾਂ ਹਰ ਹਾਲ ਕਰਵਾਉਣਾ ਹੀ ਚਾਹੀਦਾ ਹੈ। ਦੇਖਿਓ ਕਿਤੇ ਟੈਸਟਾਂ ਤੋਂ ਬਚਦੇ, ਦੇਰ ਨਾ ਹੋ ਜਾਏ ਤੇ ਤੁਹਾਡਾ ਲਾਡਲਾ ਉਹੜ-ਪੁਹੜ ਸਦਕਾ ਗੰਭੀਰ ਬੀਮਾਰੀ ਨਾਲ ਜਾਨ ਤੋਂ ਹੱਥ ਨਾ ਧੋ ਲਵੇ !