ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ
ਡਾਕਟਰ ਅਵਤਾਰ ਸਿੰਘ
ਗੂਰੂ ਅਰਜਨ ਸਾਹਿਬ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਸਨ। ਆਪ ਨੇ ਸਚਾਈ ਦੀ ਜੈ-ਜੈਕਾਰ ਤੇ ਪਹਿਰਾ ਦੇਂਦਿਆਂ ਕਿਸੇ ਵੀ ਦੁਨਿਆਵੀ ਤਾਕਤ ਦੀ ਈਨ ਨਹੀਂ ਮੰਨੀ, ਅਜਰ ਨੂੰ ਜਰਿਆ ਅਤੇ ਆਪ ਅਕਹਿ ਤੇ ਅਸਹਿ ਕਸ਼ਟ ਸਹਾਰਦੇ ਹੋਏ ਆਪਣੇ ਸਿੱਖਾਂ ਨੂੰ ਕੁਰਬਾਨੀ ਕਰਨ ਦਾ ਸਬਕ ਸਿਖਾ ਗਏ। ਅਸਲ ਵਿੱਚ ਸਿੱਖਾਂ ਦਾ ਇਤਿਹਾਸ ‘ਸ਼ਹੀਦਾਂ ਦਾ ਇਤਿਹਾਸ’ ਹੈ, ਜਿਸ ਦੀ ਨੀਂਹ ਸ਼ਹੀਦਾਂ ਦੇ ਸਿਰਤਾਜ, ਗੁਰੂ ਅਰਜਨ ਸਾਹਿਬ ਨੇ ਉਬਲਦੀ ਦੇਗ ਵਿੱਚ ਬੈਠ ਕੇ, ਤੱਤੀ ਤਵੀ ਉੱਪਰ ਚੌਂਕੜਾ ਮਾਰ ਕੇ ਅਤੇ ਪਾਵਨ ਸੀਸ ਵਿੱਚ ਸੜਦੀ-ਬਲਦੀ ਰੇਤ ਪੁਆ ਕੇ ਰੱਖੀ ਸੀ।
ਇਤਿਹਾਸ ਦਾ ਅਧਿਐਨ ਕੀਤਿਆਂ ਪਤਾ ਚੱਲਦਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਅਦੁੱਤੀ ਸ਼ਹਾਦਤ ਦੇ ਕੁਝ ਕਾਰਨ ਇਸ ਪ੍ਰਕਾਰ ਸਨ:
(1). ਗੁਰੂ ਜੀ ਦੇ ਵੱਡੇ ਭਰਾ ਪ੍ਰਿਥੀਚੰਦ ਦੀ ਈਰਖਾ
(2). ਦੀਵਾਨ ਚੰਦੂ ਲਾਲ ਦੀ ਦੁਸ਼ਮਣੀ
(3). ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਤੇ ਇਸ ਵਿਚਲਾ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਅਤੇ ਪੰਡਿਤ ਤੇ ਮੌਲਾਣਿਆਂ ਦੇ ਕਰਮਕਾਂਡ ਦਾ ਵਿਰੋਧ।
(4). ਨਕਸ਼ਬੰਦੀਆਂ ਦਾ ਜਹਾਂਗੀਰ ਨੂੰ ਭੜਕਾਉਣਾ।
(5). ਗੁਰੂ ਜੀ ਦੀ ਸਮਾਜ- ਸੁਧਾਰ ਦੀ ਰੁਚੀ ਤੇ ਸਿੱਖ ਧਰਮ ਦਾ ਸੰਗਠਨ।
(6). ਸਮਰਾਟ ਜਹਾਂਗੀਰ ਦਾ ਤੁਅੱਸਬ (ਹਰ ਗੱਲ ਨੂੰ ਆਪਣੇ ਧਰਮ ਵੱਲ ਮੋੜਨ ਵਾਲੀ ਕੱਟੜਤਾ) ਤੇ ਜਹਾਂਗੀਰ ਦੇ ਵੱਡੇ ਸ਼ਹਿਜ਼ਾਦਾ ਖ਼ੁਸਰੋ ਦੀ ਕਥਿਤ ਮਦਦ।
ਗੁਰੂ ਅਰਜਨ ਸਾਹਿਬ ਜੀ ਆਪਣੇ ਪਿਤਾ, ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। ਦੋਨਾਂ ਵੱਡੇ ਪੁੱਤਰਾਂ ਨੂੰ ਅਯੋਗ ਸਮਝ ਕੇ ਪਿਤਾ ਗੁਰਦੇਵ ਨੇ ਗੁਰਗੱਦੀ ਦਾ ਵਾਰਸ 1581 ਈ. ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਥਾਪ ਦਿੱਤਾ। ਸਭ ਤੋਂ ਵੱਡਾ ਭਰਾ ਪ੍ਰਿਥੀਚੰਦ ਗੁਰਗੱਦੀ ’ਤੇ ਆਪਣਾ ਹੱਕ ਜਤਾ ਕੇ ਗੁਰੂ ਅਰਜਨ ਸਾਹਿਬ ਦਾ ਸਦੀਵੀ ਵੈਰੀ ਬਣ ਗਿਆ। ਉਸ ਨੇ ਆਪਣੇ ਸਹੁਰੇ ਪਿੰਡ ਹੇਹਰਾਂ (ਲਾਹੌਰ ਤੇ ਅੰਮ੍ਰਿਤਸਰ ਵਿਚਕਾਰ) ਵਿੱਚ ਸਰੋਵਰ ਖੁਦਵਾ ਕੇ ਅਤੇ ਗੁਰੂ ਅਰਜਨ ਸਾਹਿਬ ਵਾਂਗ ਗੱਦੀ ਲਾ ਕੇ ਬੈਠਣਾ ਸ਼ੁਰੂ ਕਰ ਦਿੱਤਾ ਪਰ ਸਿੱਖ ਸੰਗਤਾਂ ਨੇ ਉਸ ਨੂੰ ਗੁਰੂ ਨਾ ਮੰਨਿਆ। ਉਸ ਨੇ ਅਕਬਰ ਸਮਰਾਟ ਦੀ ਕਚਹਿਰੀ ਵਿੱਚ ਗੁਰੂ ਜੀ ਵਿਰੁੱਧ ਜਾਇਦਾਦ ਬਾਰੇ ਮੁਕੱਦਮਾ ਕੀਤਾ, ਚੰਦੂ ਵਰਗੇ ਹੰਕਾਰੀ ਦੀਵਾਨ ਨਾਲ ਮਿਲ ਕੇ ਰਾਜ ਦਰਬਾਰ ਵਿੱਚ ਪਹੁੰਚ ਕੀਤੀ। ਸੁਲਹੀ ਖਾਂ ਵਰਗੇ ਫੌਜਦਾਰ ਨੂੰ ਗੁਰੂ ਅਰਜਨ ਸਾਹਿਬ ਉੱਤੇ ਹਮਲਾ ਕਰਵਾਉਣ ਲਈ ਲੈ ਆਇਆ, ਪਰ ਗੁਰੂ-ਘਰ ’ਤੇ ਹਮਲਾ ਕਰਨ ਵਾਲਾ, ਭੱਠੇ ਦੇ ਆਵੇ ਵਿੱਚ ਸੜ ਕੇ ਮਰ ਗਿਆ। ਗੁਰੂ ਅਰਜਨ ਸਾਹਿਬ ਨੇ ਪ੍ਰਭੂ ਦਾ ਸ਼ੁਕਰਾਨਾ ਕੀਤਾ: ‘‘ਸੁਲਹੀ ਤੇ ਨਾਰਾਇਣ ! ਰਾਖੁ ॥ ਸੁਲਹੀ ਕਾ ਹਾਥੁ ਕਹੀ ਨ ਪਹੁਚੈ; ਸੁਲਹੀ ਹੋਇ ਮੂਆ ਨਾਪਾਕੁ ॥’’ (ਮ: ੫/੮੨੫)
ਪ੍ਰਿਥੀਏ ਨੇ ਗੁਰੂ ਅਰਜਨ ਸਾਹਿਬ ਦੇ ਇਕਲੌਤੇ ਬੇਟੇ (ਗੁਰੂ) ਹਰਿਗੋਬਿੰਦ ਜੀ ਨੂੰ ਕਈ ਢੰਗਾਂ ਨਾਲ ਮਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਨੇ ਮੀਰੀ-ਪੀਰੀ ਦਾ ਮਾਲਕ ਬਣਨਾ ਸੀ, ਮਜ਼ਲੂਮਾਂ ਦੀ ਰੱਖਿਆ ਕਰਨੀ ਸੀ, ਉਸ ਨੂੰ ਪ੍ਰਿਥੀਏ ਦੇ ਕੋਝੇ ਯਤਨ ਕਿਵੇਂ ਮਾਰ ਸਕਦੇ ਸਨ ? ਜਦੋਂ ਪ੍ਰਿਥੀਆ ਕਿਸੇ ਤਰ੍ਹਾਂ ਵੀ ਸਫਲ ਨਾ ਹੋਇਆ, ਤਾਂ ਉਸ ਨੇ ਗੁਰੂ ਦੋਖੀਆਂ ਨਾਲ ਮਿਲ ਕੇ ‘ਮਹਜਰਨਾਮਾਹ’ (ਸ਼ਿਕਾਇਤ ਨਾਮਾ) ਤਿਆਰ ਕੀਤਾ ਕਿ ਵੱਡਾ ਹੋਣ ਕਰ ਕੇ ਗੁਰਿਆਈ ’ਤੇ ਮੇਰਾ ਹੱਕ ਹੈ ਤੇ ਗੁਰੂ ਅਰਜਨ ਸਾਹਿਬ ਸਰਕਾਰ ਦੇ ਖ਼ੈਰਖ਼ਵਾਹ (ਭਲਾ ਚਾਹੁਣ ਵਾਲੇ) ਵੀ ਨਹੀਂ ਹਨ। ਅਕਬਰ ਨੇ ਇਸ ਮਾਮਲੇ ਦੀ ਖ਼ੁਦ ਤਹਿਕੀਕਾਤ ਕੀਤੀ ਤੇ ਪ੍ਰਿਥੀਏ ਦਾ ‘ਮਹਜਰ’ ਝੂਠਾ ਸਾਬਤ ਹੋਇਆ। ਗੁਰੂ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ: ‘‘ਮਹਜਰੁ ਝੂਠਾ; ਕੀਤੋਨੁ ਆਪਿ ॥ ਪਾਪੀ ਕਉ ਲਾਗਾ ਸੰਤਾਪੁ ॥੧॥…. ਨਾਨਕ ! ਸਰਨਿ ਪਰੇ ਦਰਬਾਰਿ ॥ ਰਾਖੀ ਪੈਜ ਮੇਰੈ ਕਰਤਾਰਿ ॥’’ (ਮ: ੫/੧੯੯)
ਇਸ ਪ੍ਰਕਾਰ ਆਪਣਾ ਨਾਂ ਕਲੰਕਿਤ ਕਰਵਾ ਕੇ ਪ੍ਰਿਥੀਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਹੀ ਚੱਲ ਵਸਿਆ, ਪਰ ਉਸ ਦੇ ਵਿਰੋਧ ਕਾਰਨ ਗੁਰੂ ਦੋਖੀਆਂ ’ਤੇ ਵਿਸ਼ੇਸ਼ ਤੌਰ ’ਤੇ ਚੰਦੂ ਦੇ ਹੱਥ ਮਜ਼ਬੂਤ ਹੋ ਗਏ।
ਦੀਵਾਨ ਚੰਦੂ ਲਾਲ ਦੀ ਧੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਨੇ ਸਿੱਖ ਸੰਗਤਾਂ ਦੇ ਕਹਿਣ ’ਤੇ ਵਾਪਸ ਕਰ ਦਿੱਤਾ ਸੀ, ਕਿਉਂਕਿ ਹੰਕਾਰ ਦੇ ਮੱਤੇ ਚੰਦੂ ਨੇ ਆਪਣੇ ਆਪ ਨੂੰ ‘ਚੁਬਾਰਾ’ ਤੇ ਗੁਰੂ-ਘਰ ਨੂੰ ‘ਮੋਰੀ’ ਕਹਿ ਕੇ ਅਪਮਾਨਤ ਕੀਤਾ ਸੀ। ਬਦਲੇ ਦਾ ਭਾਂਬੜ ਉਹਦੇ ਅੰਦਰ ਮੱਚਿਆ ਹੋਇਆ ਸੀ। ‘ਤਵਾਰੀਖ ਸਿੱਖਾਂ’ ਦਾ ਕਰਤਾ ਮੁਨਸ਼ੀ ਖੁਸ਼ਵਕਤ ਰਾਇ ਲਿਖਦਾ ਹੈ:
‘ਇਸ ਗੱਲੋਂ ਚੰਦੂ ਦਾ ਮਨ ਮੈਲਾ ਹੋ ਗਿਆ ਤੇ ਉਸ ਨੇ ਵੈਰ-ਵਿਰੋਧ ਪੁਰ ਲੱਕ ਬੰਨ੍ਹ ਲਿਆ ਤੇ ਉਸ ਨੇ ਬਾਦਸ਼ਾਹ ਦੇ ਹਜ਼ੂਰ ਚੁਗਲੀ ਕੀਤੀ ਕਿ ਸਾਰੀ ਦੁਨੀਆਂ ਦਾ ਮਾਲ ਗੁਰੂ ਕੇ ਘਰ ਹੈ ਤੇ ਦੇਸ਼ ਦੇ ਅਕਸਰ ਰਾਜੇ (ਜਿੰਮੀਂਦਾਰ) ਉਸ ਨਾਲ ਮੇਲ-ਜੋਲ ਰੱਖਦੇ ਹਨ। ਬਾਦਸ਼ਾਹ ਨੇ ਲੇਖਾ-ਪੱਤਾ ਕਰਨ ਵਾਸਤੇ ਗੁਰੂ ਜੀ ਨੂੰ ਤਲਬ ਕਰ ਲਿਆ।’
ਗੁਰੂ ਅਰਜਨ ਸਾਹਿਬ ਦੇ ਗੁਰਗੱਦੀ ਕਾਲ ਦੀ ਸੰਸਾਰ ਦੇ ਅਧਿਆਤਮਕ ਸਾਹਿਤ ’ਤੇ, ਵਿਸ਼ੇਸ਼ ਤੌਰ ’ਤੇ ਪੰਜਾਬੀ ਸਾਹਿਤ ਨੂੰ ਮਹਾਨ ਦੇਣ ‘ਗੁਰੂ ਗ੍ਰੰਥ ਸਾਹਿਬ ਜੀ’ (ਆਦਿ ਗ੍ਰੰਥ) ਦੀ ਸੰਪਾਦਨਾ ਸੀ। ਗੁਰੂ ਜੀ ਖ਼ੁਦ ਵੀ ਆਪਣੇ ਸਮੇਂ ਦੇ ਇੱਕ ਅਦੁੱਤੀ ਕਵੀ ਸਨ। ਆਪ ਨੇ ਆਪਣੀ ਬਾਣੀ ਤੋਂ ਇਲਾਵਾ ਪਹਿਲੇ ਚਾਰ ਗੁਰੂ ਸਾਹਿਬਾਨ, ਭਗਤੀ ਅੰਦੋਲਨ ਦੇ ਮਹਾਂਪੁਰਸ਼ਾਂ ਤੇ ਗੁਰੂ-ਘਰ ਦੇ ਨਿਕਟ ਵਰਤੀਆਂ ਦੀ ਬਾਣੀ ਦਾ ਸੰਪਾਦਨ ਕਰ ਕੇ ਪੰਜਾਬੀ ਸਾਹਿਤ ਦਾ ਲਗਭਗ 400 ਸਾਲ ਦਾ ਵਡਮੁੱਲਾ ਵਿਰਸਾ ਸੰਭਾਲ ਕੇ 1604 ਈ: ਵਿੱਚ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਪ੍ਰਕਾਸ਼ ਕੀਤਾ। ਇਸ ਅਦੁੱਤੀ ਗ੍ਰੰਥ ਵਿੱਚ ਮੁਸਲਮਾਨ ਤੇ ਅਖੌਤੀ ਨਿਮਨ ਜਾਤੀਆਂ ਨਾਲ ਸੰਬੰਧ ਰੱਖਣ ਵਾਲੇ ਭਗਤਾਂ ਦੀ ਬਾਣੀ ਵੀ ਸੰਕਲਿਤ ਕੀਤੀ ਸੀ। ਇਸ ਦਾ ਮੁਖ ਆਸ਼ਾ ‘ਸਰਬ ਸਾਂਝੀਵਾਲਤਾ’ ਦਾ ਆਦਰਸ਼ ਦਰਸ਼ਾਇਆ ਗਿਆ ਸੀ : ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਮ: ੫/੧੨੯੯)
ਇਸ ਕਰ ਕੇ ਇਸ ਨਵੇਂ ਧਰਮ ਦੇ ਪ੍ਰਭਾਵ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਪਣੇ ਵੱਲ ਖਿੱਚਿਆ। ਫਲਸਰੂਪ ਪੰਡਤਾਂ ਤੇ ਮੌਲਾਣਿਆਂ ਨੇ ਅਕਬਰ ਸਮਰਾਟ ਨੂੰ ਸ਼ਿਕਾਇਤ ਕੀਤੀ ਕਿ ‘ਆਦਿ ਗ੍ਰੰਥ’ ਵਿੱਚ ਹਿੰਦੂ ਦੇਵੀ-ਦੇਵਤਿਆਂ ਅਤੇ ਮੁਸਲਮਾਨ ਪੀਰਾਂ ਦੀ ਨਿੰਦਿਆ ਕੀਤੀ ਗਈ ਹੈ। ਅਕਬਰ ਨੇ ‘ਆਦਿ ਗ੍ਰੰਥ’ ਦੀ ਬੀੜ ਮੰਗਵਾ ਕੇ ਵੱਖ-ਵੱਖ ਥਾਂਵਾਂ ਤੋਂ ਪਾਠ ਸੁਣਿਆ, ਜੋ ਇਸ ਤਰ੍ਹਾਂ ਵਾਕ ਪ੍ਰਗਾਸ ਹੋਏ :
(1). ਖਾਕ ਨੂਰ ਕਰਦੰ; ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਆਬ; ਪੈਦਾਇਸਿ ਖੁਦਾਇ ॥ (ਮ: ੫/੭੨੩)
(2). ਅਲਹ ਅਗਮ ਖੁਦਾਈ ਬੰਦੇ ॥ ਛੋਡਿ ਖਿਆਲ; ਦੁਨੀਆ ਕੇ ਧੰਧੇ ॥ ਹੋਇ ਪੈ ਖਾਕ, ਫਕੀਰ ਮੁਸਾਫਰੁ; ਇਹੁ ਦਰਵੇਸੁ, ਕਬੂਲੁ ਦਰਾ ॥ (ਮ: ੫/੧੦੮੩)
(3). ਘਰ ਮਹਿ; ਠਾਕੁਰੁ ਨਦਰਿ ਨ ਆਵੈ ॥ ਗਲ ਮਹਿ ਪਾਹਣੁ; ਲੈ ਲਟਕਾਵੈ ॥ (ਮ: ੫/੭੩੯), ਆਦਿ।
ਅਕਬਰ ਸਮਰਾਟ ਨੇ ਪਾਵਨ ਬਾਣੀ ਸੁਣ ਕੇ ਇਸ ਲਾਸਾਨੀ ਗ੍ਰੰਥ ਨੂੰ ਇਨ੍ਹਾਂ ਸ਼ਬਦਾਂ ਨਾਲ ਅਕੀਦਤ ਪੇਸ਼ ਕੀਤੀ: ’The Granth is the greatest book of synthesis and worthy of reverence .’’(Ain-i-Akbri)
ਪਰ ਮੁਸਲਮਾਨਾਂ ਦਾ ਸਿੱਖ ਬਣਨਾ ਜਹਾਂਗੀਰ ਸਮਰਾਟ ਨੂੰ ਬਹੁਤ ਚੁਭਦਾ ਸੀ, ਜਿਸ ਦਾ ਜ਼ਿਕਰ ਉਸ ਨੇ ਆਪਣੀ ਆਤਮਕਥਾ (Tuzk-i-Jahangiri) ਵਿੱਚ ਕੀਤਾ ਹੈ।
ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਪਿੱਛੇ ਮੁਸਲਿਮ ਕੱਟੜਪੰਥੀਆਂ, ਵਿਸ਼ੇਸ਼ ਤੌਰ ’ਤੇ ਨਕਸ਼ਬੰਦੀਆਂ ਦਾ ਵੀ ਵੱਡਾ ਹੱਥ ਸੀ। ਉਹਨਾਂ ਦਾ ਵਿਚਾਰ ਸੀ ਕਿ ਕਾਫ਼ਰਾਂ ਨੂੰ ਬੇਇੱਜ਼ਤ ਕਰਨ ਵਿੱਚ ਹੀ ਇਸਲਾਮ ਦੀ ਸ਼ਾਨ ਹੈ। M. Mujeeb ਅਨੁਸਾਰ ‘ਨਕਸ਼ਬੰਦੀ’ ਸੰਪਰਦਾਇ ਦਾ ਮੁਖੀ ਸ਼ੇਖ ਅਹਿਮਦ ਸਰਹਿੰਦੀ, ਗੁਰੂ ਅਰਜਨ ਸਾਹਿਬ ਜੀ ਨਾਲ ਵਿਸ਼ੇਸ਼ ਈਰਖਾ ਰੱਖਦਾ ਸੀ (The Indian Muslims, P..243) ਖੁਸਰੋ ਦਾ ਪਿੱਛਾ ਕਰਦੇ ਹੋਏ ਜਹਾਂਗੀਰ ਸਮਰਾਟ ਨੂੰ ਉਸ ਨੇ ਗੁਰੂ ਜੀ ਵਿਰੁਧ ਵਿਸ਼ੇਸ਼ ਤੋਰ ’ਤੇ ਭੜਕਾਇਆ।
ਗੁਰੂ ਅਰਜਨ ਸਾਹਿਬ ਨੇ ਸਿੱਖ ਧਰਮ ਨੂੰ ਸੰਗਠਿਤ ਕੀਤਾ ਅਤੇ ਸਮਾਜ ਸੁਧਾਰ ਲਈ ਠੋਸ ਕਾਰਜ ਆਰੰਭ ਕੀਤੇ। ਸਰਬ-ਸਾਂਝੇ ‘ਦਰਬਾਰ ਸਾਹਿਬ’ (ਅੰਮ੍ਰਿਤਸਰ) ਦੀ ਨੀਂਹ ਰਖਵਾਈ। ਇਸ ਦੀ ਸਥਾਪਨਾ ਕਰ ਕੇ ਚਾਰ ਵਰਨਾਂ ਲਈ ਚਾਰ ਦਰਵਾਜ਼ੇ ਖੋਲ੍ਹ ਦਿੱਤੇ। ਅੰਮ੍ਰਿਤ ਸਰੋਵਰ ਵਿੱਚ ਸਭ ਜਾਤਾਂ ਦੇ ਲੋਕਾਂ ਲਈ ਇਸ਼ਨਾਨ ਕਰਨ ਦੀ ਇਜਾਜ਼ਤ ਦੇ ਦਿੱਤੀ। ਗੁਰੂ ਕੇ ਲੰਗਰ ਵਿੱਚ ਸਭ ਨੂੰ ਇੱਕੋ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਸੀ। ‘ਆਦਿ ਗ੍ਰੰਥ’ ਦੀ ਬਾਣੀ ਪੜ੍ਹਨ, ਸੁਣਨ ਤੇ ਸੁਣਾਉਣ ਦੀ ਬਿਨਾਂ ਕਿਸੇ ਜਾਤ-ਪਾਤ, ਊਚ-ਨੀਚ, ਵਰਗ, ਲਿੰਗ, ਰੰਗ, ਧਰਮ ਦੇ ਵਿਤਕਰੇ ਤੋਂ ਇਜਾਜ਼ਤ ਦਿੱਤੀ ਗਈ। ਇਸ ਪ੍ਰਕਾਰ ਜਾਤ-ਪਾਤ, ਊਚ-ਨੀਚ ਦੇ ਵਿਤਕਰੇ ਨੂੰ ਖ਼ਤਮ ਕੀਤਾ ਗਿਆ। ਸਿੱਖ ਧਰਮ ਨੂੰ ਫੈਲਾਉਣ ਲਈ ਕਈ ਥਾਂਵਾਂ ’ਤੇ ਗੁਰੂ ਜੀ ਨੇ ਨਵੇਂ ਕੇਂਦਰ ਕਾਇਮ ਕੀਤੇ। ਮਸੰਦ ਪ੍ਰਥਾ ਨੂੰ ਠੀਕ ਢੰਗ ਨਾਲ ਜਥੇਬੰਦ ਕੀਤਾ, ਕਾਰ-ਭੇਟਾ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਸ਼ੁਰੂ ਕੀਤਾ ਤੇ ਦਸਵੰਦ ਦੀ ਪ੍ਰਥਾ ਚਲਾਈ, ਆਰਥਕ ਦਸ਼ਾ ਨੂੰ ਸੁਧਾਰਨ ਹਿੱਤ ਵਪਾਰ ਕਰਨ ਲਈ ਗੁਰੂ ਜੀ ਨੇ ਸਿੱਖਾਂ ਨੂੰ ਪ੍ਰੇਰਨਾ ਦਿੱਤੀ। ਇਸ ਦੇ ਫਲਸਰੂਪ ਨਾ ਕੇਵਲ ਸਿੱਖ ਧਰਮ ਦਾ ਸੰਗਠਨ ਤੇ ਵਿਕਾਸ ਹੀ ਹੋਇਆ, ਸਗੋਂ ਗੁਰੂ ਅਰਜਨ ਸਾਹਿਬ ਦੇ ਮਾਨ-ਪ੍ਰਤਿਸ਼ਠਾ ਵਿੱਚ ਵੀ ਵਾਧਾ ਹੋਇਆ। ਲੋਕ ਉਹਨਾਂ ਨੂੰ ‘ਸੱਚਾ ਪਾਤਸ਼ਾਹ’ ਕਹਿਣ ਲੱਗ ਪਏ ਸਨ। ਬੇਸ਼ੱਕ ਸਿੱਖ ਧਰਮ ਦਾ ਸੰਗਠਨ ਦਾ ਮਨੋਰਥ ਉਸ ਸਮੇਂ ਤੱਕ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨਾ ਨਹੀਂ ਸੀ ਪਰ ਫਿਰ ਵੀ ਮੁਗਲ ਸਮਰਾਟ ਜਹਾਂਗੀਰ ਗੁਰੂ ਅਰਜਨ ਸਾਹਿਬ ਦੇ ਅਧੀਨ ਸਿੱਖ ਸੰਪ੍ਰਦਾਇ ਦੀ ਸ਼ਕਤੀ ਨੂੰ ਸਰਕਾਰ ਤੇ ਇਸਲਾਮ (ਦੋਨਾਂ) ਲਈ ਖ਼ਤਰੇ ਦਾ ਸਾਧਨ ਸਮਝਦਾ ਸੀ।
ਜਹਾਂਗੀਰ ਸਮਰਾਟ ਬੜਾ ਕੱਟੜ ਤੁਅੱਸਬੀ (ਹਰ ਗੱਲ ਨੂੰ ਆਪਣੇ ਧਰਮ ਵੱਲ ਮਰੋੜਨ ਵਾਲਾ) ਸੀ। ਉਹ ਸਮਰਾਟ ਬਣਨ ਤੋਂ ਪਹਿਲਾਂ ਹੀ ਗੁਰੂ-ਘਰ ਦਾ ਵਿਰੋਧੀ ਬਣ ਬੈਠਾ ਸੀ। ‘ਤੁਜ਼ਕਿ ਜਹਾਂਗੀਰੀ’ (ਪੰਨਾ 35) ਅਨੁਸਾਰ ਉਹ ਗੁਰੂ ਘਰ ਨੂੰ ‘ਝੂਠੀ ਦੁਕਾਨ’ ਮਿੱਥਦਾ ਹੈ। ਉਸ ਨੂੰ ਬਹੁਤ ਸਾਰੇ ਮੁਸਲਮਾਨਾਂ ਦਾ ਗੁਰੂ ਜੀ ਦੇ ਸ਼ਰਧਾਲੂ ਹੋਣ ਦਾ ਬੜਾ ਦੁੱਖ ਸੀ। ਕਈ ਇਤਿਹਾਸਕਾਰ ਕਹਿੰਦੇ ਹਨ ਕਿ ਗੁਰੂ ਜੀ ਦੀ ਸ਼ਹੀਦੀ ਸ਼ਹਿਜ਼ਾਦਾ ਖ਼ੁਸਰੋ ਦੀ ਕਥਿਤ ਮਦਦ ਕਾਰਨ ਹੋਈ। ‘ਦਬਿਸਤਾਨਿ ਮਜ਼ਾਹਬ’ ਦੇ ਕਰਤਾ ‘ਮੁਹੱਸਨਫਾਨੀ’ ਅਨੁਸਾਰ ਗੁਰੂ ਜੀ ਨੇ ਖ਼ੁਸਰੋ ਦੇ ਹੱਕ ਵਿੱਚ ਦੁਆ ਕੀਤੀ।
H.G. Glinson Anuswr ‘The Sikh Pontiff Arjun gave him a sum of money and his blessing, not because he was a prince, but because he was needy and friendless.’
‘ਮਹਿਮਾ ਪ੍ਰਕਾਸ਼’ ਦੇ ਕਰਤਾ ‘ਸਰੂਪ ਦਾਸ ਭੱਲਾ’ ਨੇ ਉਪਰੋਕਤ ਕਥਨ ਦੀ ਪੁਸ਼ਟੀ ਵੀ ਕੀਤੀ ਹੈ।
ਤੁਜ਼ਕਿ ਜਹਾਂਗੀਰੀ ਅਨੁਸਾਰ, ‘ਗੁਰੂ ਜੀ ਨੇ ਖ਼ੁਸਰੋ ਨੂੰ ਤਿਲਕ ਦਿੱਤਾ। ਜਦ ਇਹ ਖ਼ਬਰ ਮੇਰੇ ਕੰਨਾ ਤੱਕ ਪਹੁੰਚੀ, ਮੈਂ ਤਾਂ ਪਹਿਲਾਂ ਹੀ ਉਸ ਦੇ ਝੂਠ ਚੰਗੀ ਤਰ੍ਹਾਂ ਜਾਣਦਾ ਸੀ, ਮੈਂ ਹੁਕਮ ਕੀਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ। ਉਸ ਦੇ ਘਰ-ਬਾਰ ਤੇ ਪੁੱਤਰ ਨੂੰ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤਾ। ਉਸ ਦੀ ਜਾਇਦਾਦ ਜ਼ਬਤ ਕਰ ਕੇ ਹੁਕਮ ਦਿੱਤਾ ਕਿ ਯਾਸਾ ਦੀ ਸਜ਼ਾ ਦਿੱਤੀ ਜਾਵੇ।’
ਸ਼ਹਿਜ਼ਾਦਾ ਖ਼ੁਸਰੋ ਬਗਾਵਤ ਕਰ ਕੇ ਪੰਜਾਬ ਵੱਲ ਭੱਜਾ ਤੇ ਜਹਾਂਗੀਰ ਨੇ ਉਸ ਦਾ ਪਿੱਛਾ ਕੀਤਾ। ਖ਼ੁਸਰੋ ਦੀ ਮਦਦ ਕਰਨ ਵਾਲਿਆਂ ਨੂੰ ਉਹ ਨਾਲੋਂ ਨਾਲ ਸਜ਼ਾਵਾਂ ਦਿੰਦਾ ਗਿਆ ਜਿਵੇਂ ‘ਨਾਜ਼ਮ ਥਾਨੇਸਰੀ’ ਨੂੰ ਖ਼ੁਸਰੋ ਦੀ ਮਦਦ ਬਦਲੇ ਰਸਤੇ ਦਾ ਖਰਚ ਦੇ ਕੇ ਮੱਕੇ ਵੱਲ ਤੋਰ ਦਿੱਤਾ। ਸਮਰਾਟ, ਗੋਇੰਦਵਾਲ ਦੇ ਨਜ਼ਦੀਕ ਤੋਂ ਲੰਘਦਾ ਹੋਇਆ ਲਾਹੋਰ ਵੱਲ ਵਧਿਆ ਪਰ ਕਿਸੇ ਸੂਹੀਏ ਨੇ ਗੁਰੂ ਜੀ ਦੇ ਖ਼ਿਲਾਫ਼ ਖ਼ੁਸਰੋ ਦੀ ਕਥਿਤ ਮਦਦ ਬਾਰੇ ਰਿਪੋਰਟ ਨਾ ਕੀਤੀ। ਐਪਰ (ਪਰ) ਮਹੀਨੇ ਕੁ ਬਾਅਦ ਲਾਹੌਰ ਵਿਖੇ ਜਹਾਂਗੀਰ ਦੇ ਦਰਬਾਰ ਵਿੱਚ ਗੁਰੂ-ਦੋਖੀਆਂ ਦਾ ਦਾਅ ਫੱਬ ਗਿਆ। ਉਨ੍ਹਾਂ ਵਿੱਚ ਚੰਦੂ ਵੀ ਸ਼ਾਮਲ ਸੀ। ਮੈਕਾਲਿਫ਼ ਅਤੇ ਗਿ: ਗਿਆਨ ਸਿੰਘ ਨੇ ਇਸ ਤੱਥ ਦੀ ਗਵਾਹੀ ਭਰੀ ਹੈ।
ਖ਼ੁਸਰੋ ਨੂੰ ਤਿਲਕ ਲਾਉਣ ਦਾ ਦੋਸ਼ ਬਿਲਕੁਲ ਨਿਰਮੂਲ ਹੈ, ਜਹਾਂਗੀਰ ਗੁਰੂ ਜੀ ਦੇ ਵਿਰੁੱਧ ਕੇਵਲ ਬਹਾਨਾ ਢੂੰਢਦਾ ਸੀ।
ਜਹਾਂਗੀਰ ਦੇ ਸ਼ਾਹੀ ਹੁਕਮ ਨਾਲ ਗੁਰੂ ਜੀ ਨੂੰ ਲਾਹੌਰ ਬੁਲਾਇਆ ਗਿਆ। ਸੰਸਾਰੀ ਸ਼ਕਤੀ ਦੇ ਦਬਾਅ ਥੱਲੇ ‘ਗੁਰਬਾਣੀ’ ਵਿੱਚ ਤਬਦੀਲੀ ਕਰਨ ਤੋਂ ਵੀ ਗੁਰੂ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ।
ਫਿਰ ਖ਼ੁਸਰੋ ਦੀ ਕਥਿੱਤ ਮਦਦ ਦੇ ਦੋਸ਼ ਵਿੱਚ ਜਹਾਂਗੀਰ ਨੇ ਗੁਰੂ ਜੀ ਨੂੰ ਦੋ ਲੱਖ ਜੁਰਮਾਨਾ ਕੀਤਾ ਪਰ ਗੁਰੂ ਜੀ ਨੇ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ । (ਕਿਉਂਕਿ ਅਸਲ ਵਿੱਚ ਗੁਰੂ ਜੀ ਨੇ ਖ਼ੁਸਰੋ ਦੀ ਮਦਦ ਨਹੀਂ ਕੀਤੀ ਸੀ – ਪ੍ਰੋ: ਸਾਹਿਬ ਸਿੰਘ)
ਅਖੀਰ ਵਿੱਚ ਸਮਰਾਟ ਨੇ ‘ਤੁਜ਼ਕਿ-ਜਹਾਂਗੀਰੀ’ ਅਨੁਸਾਰ ਯਾਸਾ ਦੀ ਸਜ਼ਾ ਸੁਣਾ ਦਿੱਤੀ ।
ਕੁਝ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਰਾਜਨੀਤਿਕ ਦੋਸ਼ੀ ਹੋਣ ਕਾਰਨ ਹੋਈ ਮੰਨਦੇ ਹਨ, ਪਰ ਡਾ: ਇੰਦੂ ਭੂਸ਼ਨ ਬੈਨਰਜੀ ਅਨੁਸਾਰ, ‘ਅਸਲ ਵਿੱਚ ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾ ਗੁਰੂ ਜੀ ਦੇ ਸ਼ੌਕ ਪੂਰਨ ਅੰਤ ਦਾ ਇੱਕ ਵੱਡਾ ਕਾਰਨ ਬਣੀ ।’ (Evolution Of The Khalsa , Vol. 2 P.4)
ਚੰਦੂ ਲਾਲ ਦੀਵਾਨ ਦੀ ਨਿੱਜੀ ਰੰਜਸ਼ ਕਾਰਨ ਗੁਰੂ ਜੀ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾਇਆ ਗਿਆ, ਤੱਤੀ ਤਵੀ ’ਤੇ ਬਿਠਾ ਕੇ ਆਪ ਜੀ ਦੇ ਸੀਸ ਉੱਤੇ ਗਰਮ ਰੇਤ ਪੁਆਈ ਗਈ । (Dr. Hari Ram Gupta , The Sikh Gurus, P. 99)
ਇਸ ਪ੍ਰਕਾਰ ਅਕਹਿ ਤੇ ਅਸਹਿ ਕਸ਼ਟ ਦੇ ਕੇ ਆਪ ਜੀ ਨੂੰ ਲਾਹੌਰ ਵਿਖੇ 30 ਮਈ 1606 ਈ: ਨੂੰ ਸ਼ਹੀਦ ਕੀਤਾ ਗਿਆ । ਇਸ ਮਹਾਨ ਸ਼ਹਾਦਤ ਵਾਲ਼ੇ ਸਥਾਨ ’ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ‘ਡੇਰਾ ਸਾਹਿਬ’ ਸਥਿਤ ਹੈ ।
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਪ੍ਰਤੀਕਰਮ ਵਜੋਂ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ । (S.M. Latif, History of the Punjab, P. 254) ਸਿੱਖਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਸੈਨਿਕ ਸ਼ਕਤੀ ਦੀ ਲੋੜ ਅਨੁਭਵ ਹੋਈ । ਸਿੱਖ ਧਰਮ ਵਿੱਚ ਭਗਤੀ ਤੇ ਸ਼ਕਤੀ ਦਾ ਸੁਮੇਲ ਹੋਰ ਪਕੇਰਾ ਹੋਇਆ, ਜਿਸ ਕਾਰਨ ਆਪ ਦੇ ਸਿੱਖਾਂ ਨੇ ਗੁਰੂ ਹਰਿਗੋਬਿੰਦ ਜੀ ਦੀ ਅਗਵਾਈ ਵਿੱਚ ਮੁਗਲਾਂ ਵਿਰੁਧ ਯੁੱਧ-ਭੂਮੀ ਵਿੱਚ ਡਟ ਕੇ ਮੁਕਾਬਲਾ ਕੀਤਾ। ਇਸ ਸ਼ਹਾਦਤ ਨਾਲ ਸਿੱਖਾਂ ਵਿੱਚ ਕੁਰਬਾਨੀਆਂ ਕਰਨ ਦੀ ਬੁਨਿਆਦ ਰੱਖੀ ਗਈ, ਜਿਸ ਕਾਰਨ ਉਹ ਸੰਤ-ਸਿਪਾਹੀ ਬਣ ਗਏ।