ਕੀ ਪੁੱਤਰ ਜੰਮਣਾ ਵੀ ਗੁਨਾਹ ਹੋ ਗਿਆ ਹੈ ?

0
260

ਕੀ ਪੁੱਤਰ ਜੰਮਣਾ ਵੀ ਗੁਨਾਹ ਹੋ ਗਿਆ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ

28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ- 0175-2216783

(ਅਸਲ ਵਾਪਰੀ ਘਟਨਾ)

ਮੇਰਾ ਨਾਂ ਅੰਗਰੇਜ਼ ਕੌਰ ਹੈ। ਮੇਰੇ ਮਾਪਿਆਂ ਨੇ ਬੜੇ ਚਾਅ ਨਾਲ ਮੇਰਾ ਨਾਂ ਰੱਖਿਆ ਸੀ। ਮੇਰੇ ਪਿਓ ਨੂੰ ਲੱਗਦਾ ਸੀ ਕਿ ਅੰਗਰੇਜ਼ ਬਹੁਤ ਅਗਾਂਹਵਧੂ ਹੁੰਦੇ ਨੇ ਤੇ ਗੋਰੇ ਚਿੱਟੇ ਵੀ। ਮੈਨੂੰ ਉਹ ਅਸਮਾਨ ਦੀਆਂ ਉਚਾਈਆਂ ਛੂਹਦੀ ਨੂੰ ਵੇਖਣਾ ਚਾਹੁੰਦਾ ਸੀ।

ਮੈਂ ਦੁੱਧ ਧੋਤੀ, ਗੋਰੀ-ਚਿੱਟੀ ਸੀ ਤੇ ਹੱਥ ਲਾਇਆ ਮੈਲ਼ੀ ਹੁੰਦੀ ਸੀ, ਇਸੇ ਲਈ ਮੇਰੇ ਪਿਓ ਨੇ ਬਸ ਇੱਕੋ ਨਾਂ-ਅੰਗਰੇਜ਼ ਕੌਰ ’ਤੇ ਹੀ ਹਾਮੀ ਭਰੀ।

ਸਾਰਾ ਦਿਨ-ਮੇਰੀ ਧੀ ਅੰਗਰੇਜ਼ੋ, ਮੇਰਾ ਨਾਂ ਚਮਕਾਏਗੀ, ਮੇਰਾ ਨਾਂ ਚਮਕਾਏਗੀ; ਕਰਦਾ ਮੇਰਾ ਪਿਓ ਮੈਨੂੰ ਮੋਢੇ ਉੱਤੇ ਚੁੱਕ ਕੇ ਘੁੰਮਾਉਂਦਾ ਰਹਿੰਦਾ ਸੀ। ਕੀ ਮਜਾਲ ਸੀ ਕਿ ਕੋਈ ਐਰਾ ਗ਼ੈਰਾ ਮੈਨੂੰ ਹੱਥ ਵੀ ਲਾ ਜਾਂਦਾ। ਮੇਰਾ ਪਿਓ ਤਾਂ ਮਾਂ ਨੂੰ ਮੇਰੇ ਵਾਸਤੇ ਦੋ-ਦੋ ਵਾਰ ਨੁਹਾਉਣ ਨੂੰ ਕਹਿ ਕੇ ਘਰੋਂ ਨਿਕਲਦਾ ਤਾਂ ਕਿ ਕਿਤੇ ਅੰਗਰੇਜ਼ੋ ਮੈਲ਼ੀ ਨਾ ਹੋ ਜਾਏ।

ਕਿੰਨਾ ਚਾਅ ਸੀ ਮੇਰੇ ਪਿਓ ਨੂੰ ਮੇਰੇ ਗੋਰੇ ਰੰਗ ’ਤੇ ! ਮੈਂ ਵੀ ਫੁੱਲੀ ਨਾ ਸਮਾਉਂਦੀ। ਸਾਰਾ ਦਿਨ ਪਿਓ ਦੇ ਮੋਢੇ ਚੜ੍ਹ ਆਪਣੀਆਂ ਮੰਗਾਂ ਮਨਵਾਉਂਦੀ।  ਮੇਰਾ ਪਿਓ ਤਾਂ ਨਿਰਾ ਦੇਵਤਾ ਸੀ। ਹਰ ਕਿਸੇ ਨੂੰ ਕਹਿੰਦਾ ਰਹਿੰਦਾ – ਮੇਰੇ ਘਰ ਤਾਂ ਦੇਵੀ ਪੈਦਾ ਹੋਈ ਐ। ਸਾਕਸ਼ਾਤ ਦੇਵੀ। ਗੋਰੀ ਚਿੱਟੀ ਦੁੱਧ ਧੋਤੀ !

ਮੇਰੇ ਵਿਆਹ ਦੇ ਚਾਅ ਤਾਂ ਉਸ ਨੇ ਐਨੇ ਪੂਰੇ ਕੀਤੇ ਕਿ ਕੀ ਦੱਸਾਂ। ਵਿੱਤੋਂ ਬਾਹਰ ਹੋ ਕੇ ਉਸ ਨੇ ਮੇਰੇ ਸਹੁਰਿਆਂ ਨੂੰ ਰਜਾ ਦਿੱਤਾ। ਉਸ ਦਾ ਇਹੋ ਸੁਫ਼ਨਾ ਸੀ ਕਿ ਉਸ ਦੀ ਧੀ ਅੰਗਰੇਜ਼ ਕੌਰ ਨੂੰ ਦੁਨੀਆ ਦੀ ਹਰ ਖ਼ੁਸ਼ੀ ਮਿਲੇ।

ਨਿਆਲ ਪਿੰਡ ਵਿੱਚ ਮੈਂ ਵਿਆਹ ਕੇ ਗਈ। ਮੇਰੇ ਦੋ ਪੁੱਤਰ ਹੋਏ। ਮੇਰੇ ਮਾਪੇ ਫੁੱਲੇ ਨਾ ਸਮਾਏ। ਸਾਰੇ ਪਿੰਡ ’ਚ ਮੇਰੀ ਟੌਹਰ ਸੀ। ਸਾਰੇ ਹੈਰਾਨ ਸਨ ਕਿ ਰੱਬ ਨੇ ਏਨੀ ਮਿਹਰ ਕਿਵੇਂ ਕੀਤੀ ਐ। ਇੱਕ ਤਾਂ ਮੈਂ ਰੱਜ ਕੇ ਸੋਹਣੀ। ਉੱਤੋਂ ਜੋੜੀਆਂ ਪੁੱਤਰਾਂ ਦੀਆਂ। ਬੱਸ ਪੁੱਛੋ ਨਾ ਕੀ ਚਾਅ ਲਾਹੇ ਮੈਂ ਤੇ ਮੇਰੇ ਸਹੁਰਿਆਂ ਨੇ।

ਮੇਰੇ ਪਿਓ ਦਾ ਤਾਂ ਅੰਗਰੇਜ਼ੋ ਅੰਗਰੇਜ਼ੋ ਕਰਦੇ ਦਾ ਗਲਾ ਸੁੱਕਦਾ ਸੀ। ਮੈਨੂੰ ਡਾਕਟਰ ਨੇ ਕਿਹਾ ਸੀ ਪੂਰੇ ਡੇਢ ਸਾਲ ਤਾਈਂ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਆਈਂ। ਮੈਂ ਤਾਂ ਪੂਰੇ ਦੋ ਸਾਲ ਪਿਆਇਆ ਤਾਂ ਜੋ ਮੇਰੇ ਬੱਚੇ ਪੂਰੇ ਪਿੰਡ ’ਚੋਂ ਤਗੜੇ ਹੋਣ। ਨਾਲੇ ਦੁੱਧ ਦਾ ਕਰਜ਼ਾ ਵੀ ਦੂਣਾ ਚੜ੍ਹਦਾ।  ਆਖ਼ਰ ਮੇਰੇ ਪੁੱਤਰ ਮੇਰੇ ਬੁਢੇਪੇ ਦੀ ਡੰਗੋਰੀ ਸਨ। ਮੇਰੇ ਪਿਓ ਤੇ ਭਰਾ ਗੁਜ਼ਰੇ ਤਾਂ ਮੈਨੂੰ ਸਿਰਫ਼ ਆਪਣੇ ਪੁੱਤਰਾਂ ਉੱਤੇ ਆਸ ਰਹਿ ਗਈ। ਅਖੀਰ ਮੇਰਾ ਪਤੀ ਵੀ ਤੁਰ ਗਿਆ। ਫੇਰ ਤਾਂ ਮੈਂ ਦਿਨ-ਰਾਤ ਆਪਣੇ ਬੱਚਿਆਂ ਦੀ ਸੇਵਾ ਵਿੱਚ ਜੁਟ ਗਈ। ਮੇਰੇ ਸਾਈਂ ਦੀ ਆਖ਼ਰੀ ਨਿਸ਼ਾਨੀ।

ਮੇਰੇ ਵੱਡੇ ਪੁੱਤਰ ਕੁਲਦੀਪ ਸਿੰਘ ਉਰਫ਼ ਕਾਲਾ ਨੇ ਸੰਨ 2007 ਵਿੱਚ ਸ਼ਹਿਰ ਦੀ ਇੱਕ ਟਰਾਂਸਪੋਰਟ ਕੰਪਨੀ, ਗਰਗ ਬਸ ਸਰਵਿਸ ਵਾਲਿਆਂ ਦੀ ਬੱਚੀ ਨੂੰ ਅਗਵਾ ਕਰਕੇ ਫਿਰੌਤੀ ਮੰਗ ਲਈ। ਉਦੋਂ ਹੀ ਮੈਨੂੰ ਪਤਾ ਲੱਗਿਆ ਕਿ ਉਹ ਨਸ਼ੇ ਦੀ ਲਤ ਪਾਲ ਚੁੱਕਿਆ ਸੀ ਤੇ ਪੈਸੇ ਇਕੱਠੇ ਕਰਨ ਲਈ ਉਸ ਨੇ ਇਹ ਸਭ ਕੀਤਾ ਸੀ। ਮੇਰੇ ਲਈ ਇਹ ਧੱਕਾ ਕਿੰਨਾ ਅਸਹਿ ਹੋਵੇਗਾ, ਇਸ ਦਾ ਅੰਦਾਜ਼ਾ ਸੌਖਿਆਂ ਲਾਇਆ ਜਾ ਸਕਦਾ ਹੈ, ਪਰ ਮੈਂ ਠਾਣ ਲਿਆ ਕਿ ਮੈਂ ਆਪਣਾ ਪੁੱਤਰ ਹਰ ਹਾਲ ਵਿੱਚ ਠੀਕ ਰਸਤੇ ਉੱਤੇ ਲਿਆਉਣਾ ਹੈ। ਇਸੇ ਲਈ ਮੈਂ ਪੁਲਿਸ ਵਾਲਿਆਂ ਨੂੰ ਉੱਕਾ ਹੀ ਨਹੀਂ ਰੋਕਿਆ ਜਦੋਂ ਉਹ ਮੇਰੇ ਮੁੰਡੇ ਨੂੰ ਫੜਨ ਲਈ ਆਏ। ਫੇਰ ਕੇਸ ਚੱਲਿਆ ਤੇ ਉਹ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਉਮਰ ਕੈਦ ਲਈ ਅੰਦਰ ਭੇਜ ਦਿੱਤਾ ਗਿਆ।

14 ਜੁਲਾਈ 2016 ਨੂੰ ਡੇਢ ਮਹੀਨੇ ਦੀ ਛੁੱਟੀ ਲੈ ਕੇ ਉਹ ਮੈਨੂੰ ਮਿਲਣ ਲਈ ਘਰ ਆਇਆ। ਮੈਨੂੰ ਪੂਰੀ ਉਮੀਦ ਸੀ ਕਿ ਪਛੁਤਾਵੇ ਦੇ ਹੰਝੂ ਉਸ ਨੂੰ ਬਦਲ ਚੁੱਕੇ ਹੋਣਗੇ, ਪਰ ਇਹ ਕੀ ਹੋਇਆ ? ਘਰ ਪਹੁੰਚਦੇ ਸਾਰ ਕੁਲਦੀਪ ਨੇ ਆਪਣੇ ਛੋਟੇ ਵੀਰ ਹਰਦੀਪ ਸਿੰਘ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਮਾਂ ਵਾਰੀ, ਮੈਂ ਤਾਂ ਤਰਲੇ ਕਰਦੀ ਰਹਿ ਗਈ ਪਰ ਉਸ ਨੇ ਕੁੱਝ ਨਾ ਸੁਣਿਆ। ਪੂਰਾ ਦਿਨ ਤੇ ਰਾਤ ਉਹ ਸ਼ਰਾਬ ਪੀਂਦਾ ਰਿਹਾ।

ਮੈਂ ਬੜੇ ਚਾਅ ਨਾਲ ਉਸ ਲਈ ਖੀਰ ਬਣਾਈ ਸੀ। ਉਹ ਚਾਅ ਵੀ ਅੱਧਾ ਰਹਿ ਗਿਆ। ਦੂਜੇ ਦਿਨ ਦੀ ਸ਼ਾਮ ਹੋ ਚੱਲੀ ਪਰ ਉਸ ਦੀਆਂ ਸ਼ਰਾਬਾਂ ਦੀਆਂ ਬੋਤਲਾਂ ਨਹੀਂ ਮੁੱਕੀਆਂ।  ਮੈਂ ਤਾਂ ਬੂਹਾ ਢੋਅ ਕੇ ਬਿਨਾਂ ਕੁੱਝ ਖਾਧੇ ਪੀਤੇ ਸੌਣ ਚਲੀ ਗਈ। ਮੈਂ ਹਾਲੇ ਲੇਟੀ ਹੀ ਸੀ ਕਿ ਮੇਰਾ ਪੁੱਤਰ ਮੇਰੇ ਕਮਰੇ ਅੰਦਰ ਆ ਗਿਆ ਤੇ ਉਸ ਨੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।

ਮੈਂ ਬਹੁਤ ਖ਼ੁਸ਼ ਹੋਈ ਕਿ ਚਲੋ ਆਖ਼ੀਰ ਪੁੱਤਰ ਨੂੰ ਮਾਂ ਦੀ ਯਾਦ ਤਾਂ ਆ ਗਈ। ਉਹ ਮੇਰੇ ਨੇੜੇ ਆ ਕੇ ਮੈਨੂੰ ਚਿੰਬੜ ਗਿਆ। ਮੇਰੇ ਜਿਗਰ ਦਾ ਟੁੱਕੜਾ ! ਮੈਨੂੰ ਤਾਂ ਮੇਰਾ ਉਹੀ ਨਿੱਕਾ ਕੁਲਦੀਪ ਮੇਰੀ ਗੋਦੀ ’ਚ ਆਉਂਦਾ ਲੱਗਿਆ। ਮੈਂ ਘੁੱਟ ਕੇ ਹਿੱਕ ਨਾਲ ਲਾ ਲਿਆ।

ਆਹ ਕੀ ਹੋ ਰਿਹੈ। ਮੇਰੇ ਪੁੱਤਰ ਨੇ ਮੇਰੀ ਕਮੀਜ਼ ਪਾੜ ਦਿੱਤੀ। ਓਹੋ ਆਹ ਕੀ ਕਰਨ ਡਿਹੈਂ ? ਓਏ ਪੁੱਤਰਾ ਸ਼ਰਮ ਕਰ ! ਓਏ ਏਥੋਂ ਹੀ ਜੰਮਿਐਂ ਤੂੰ। ਓਏ ਕੰਜਰਾ, ਇਸ ਕੁੱਖ ਨੂੰ ਕਲੰਕਿਤ ਨਾ ਕਰ। ਬਸ ਕਰ ਓਏ। ਇਹ ਕੁਕਰਮ ਕਿਵੇਂ ਬਖ਼ਸ਼ਵਾਏਂਗਾ ? ਹਾਏ ਓ ਮੇਰਿਆ ਰੱਬਾ ! ਇਹ ਦਿਨ ਵੀ ਵਿਖਾਉਣਾ ਸੀ। ਹੁਣ ਪੁੱਤਰ ਹੱਥੋਂ ਵੀ ਪੱਤ ਲੁਟਾਉਣੀ ਸੀ। ਇਹ ਲਾਸ਼ ਹੁਣ ਕਿਵੇਂ ਢੋਹਾਂਗੀ ? ਓ ਮੇਰੇ ਬਾਪੂ ! ਵੇਖ ਤਾਂ ਸਹੀ, ਬਹੁੜ ਤਾਂ ਸਹੀ, ਤੇਰੀ ਅੰਗਰੇਜ਼ੋ ਮੈਲ਼ੀ ਹੋ ਚੱਲੀ। ਹੁਣ ਨ੍ਹਾਤਿਆਂ-ਧੋਤਿਆਂ ਵੀ ਇਹ ਮੈਲ਼ ਨਹੀਂ ਸਾਫ਼ ਹੋਣੀ। ਮੇਰੇ ਸਿਰ ਦੇ ਸਾਈਆਂ, ਤੇਰੀ ਅੰਗਰੇਜ਼ੋ ਦੀ ਹਰ ਖ਼ੁਸ਼ੀ ਖੋਹ ਲਈ ਗਈ ਐ। ਕੀ ਮੈਂ ਅਸਮਾਨ ਦੀਆਂ ਇਹੋ ਜਿਹੀਆਂ ਉਚਾਈਆਂ ਛੂਹਣੀਆਂ ਸਨ ?

ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਨਹਿਸ਼ (ਕੁਲੱਛਣੀ) ਰਾਤ ਉਸ ਦਿਨ ਕੱਢੀ। ਮੈਂ ਸਵਖਤੇ ਇਕ ਪੱਕਾ ਫ਼ੈਸਲਾ ਕਰ ਲਿਆ ਤੇ ਕਮਰੇ ਨੂੰ ਜੰਦਰਾ ਲਾ ਸਿੱਧਾ ਥਾਣੇ ਗਈ। ਪਾਤੜਾਂ ਦੇ ਥਾਣੇ ਮੁਖੀ ਨਰਾਇਣ ਸਿੰਘ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੋਡਲ ਅਫ਼ਸਰ ਰਾਜਵਿੰਦਰ ਕੌਰ ਨੇ ਮਾਮਲਾ ਦਰਜ ਕਰ ਕੇ ਮੇਰਾ ਮੈਡੀਕਲ ਕਰਵਾਇਆ ਤੇ ਪਿੰਡ ਵਾਲਿਆਂ ਨੂੰ ਵੀ ਸਭ ਦੱਸਿਆ।

ਫਿਟ ਲਾਅਨਤ ਇਹੋ ਜਿਹੇ ਪੁੱਤਰਾਂ ’ਤੇ। ਮੇਰਾ ਕੀ ਕਸੂਰ ਸੀ ? ਪੂਰੀ ਉਮਰ ਇਨ੍ਹਾਂ ਦੀ ਪਰਵਰਿਸ਼ ਉੱਤੇ ਲਾ ਦਿੱਤੀ। ਇਹ ਬੁਢੇਪੇ ਦੀ ਡੰਗੋਰੀ ਹੈ ਕਿ ਸਪੋਲੀਆ ? ਕਿੱਥੇ ਮਰ ਗਏ ਕਹਿਣ ਵਾਲੇ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ ? ਕਿਉਂ ਪੁੱਤਰਾਂ ਨੂੰ ਜੰਮੀਏ ? ਜਿਸ ਕੁੱਖੋਂ ਜੰਮੀਏ, ਉਸੇ ਨੂੰ ਪੜਵਾਉਣ ਲਈ ? ਕੀ ਚੰਨ ਚਾੜ੍ਹਿਐ, ਇਸ ਬੇਗ਼ੈਰਤ ਨੇ ?

ਵੇ ਡੁੱਬ ਜਾਣਿਓ !  ਕੋਈ ਕੁਸਕਦਾ ਕਿਉਂ ਨਹੀਂ ? ਪੁੱਤਰਾਂ ਦੇ ਜੰਮਣ ’ਤੇ ਲੱਡੂ ਵੰਡਣ ਵਾਲਿਓ ! ਮੇਰੀਆਂ ਅੱਖਾਂ ’ਚ ਅੱਖਾਂ ਪਾ ਕੇ ਮਾਂ ਬਣਨ ਦੇ ਜੁਰਮ ਦੀ ਮਿਲੀ ਸਜ਼ਾ ਬਾਰੇ ਕੁੱਝ ਤਾਂ ਬੋਲੋ !  ਜੇ ਮੇਰੇ ਸਵਾਲਾਂ ਦਾ ਜਵਾਬ ਨਾ ਮਿਲਿਆ ਤਾਂ ਮੈਂ ਹਰ ਮਾਂ ਨੂੰ ਇਹੀ ਸਲਾਹ ਦੇਵਾਂਗੀ ਕਿ ਜੰਮਦੇ ਸਪੋਲੀਏ ਦੀ ਹੀ ਸੰਘੀ ਨੱਪ ਦੇਣ ਤਾਂ ਜੋ ਅੱਗੇ ਤੋਂ ਕਿਸੇ ਮਾਂ ਨੂੰ ਅਜਿਹੀ ਸ਼ਰਮਨਾਕ ਘਟਨਾ ਵਿੱਚੋਂ ਨਾ ਲੰਘਣਾ ਪਵੇ।

ਲੱਖ ਲਾਅਨਤ ਹਨ ਇਸ ਮੁਲਕ (ਭਾਰਤ) ਨੂੰ, ਮਾਂ ਦਾ ਨਾਂ ਦੇਣ ਵਾਲਿਆਂ ਨੂੰ ! ਹੱਥ ਲਾਇਆਂ ਨੂੰ ਵੀ ਮੈਲ਼ੀ ਹੁੰਦੀ ਅੰਗਰੇਜ਼ ਕੌਰ ਦੀ ਇਹ ਮੈਲ਼ ਹੋਰ ਸੈਂਕੜੇ ਵਰ੍ਹੇ ਨਹਾਉਣ ਧੋਣ ਨਾਲ ਵੀ ਨਹੀਂ ਲੱਥਣ ਲੱਗੀ। ਔਂਤਰਿਓ ! ਕੋਈ ਤਾਂ ਬੋਲੋ ਹੁਣ !

‘ਧੀ ਜੰਮਣਾ ਤਾਂ ਅਪਸ਼ਗਨ ਹਮੇਸ਼ਾ ਤੋਂ ਸੀ, ਕੀ ਹੁਣ ਪੁੱਤਰ ਜੰਮਣਾ ਵੀ ਗੁਨਾਹ ਹੋ ਗਿਆ ਹੈ ?’