ਗਿਆਨ ਨੇਤ੍ਰ ਹੀ ਨਿਰਮਲ ਪੰਥ ’ਚ ਮਿਲਾਵਟਖੋਰਾਂ ਦੀ ਪਰਖ ਕਰ ਸਕਦੇ ਹਨ।

0
245

ਗਿਆਨ ਨੇਤ੍ਰ ਹੀ ਨਿਰਮਲ ਪੰਥ ’ਚ ਮਿਲਾਵਟਖੋਰਾਂ ਦੀ ਪਰਖ ਕਰ ਸਕਦੇ ਹਨ।

ਅਮਨਪ੍ਰੀਤ ਸਿੰਘ (ਪੰਚਾਇਤ ਮੈਂਬਰ), ਗੁਰਸਿੱਖ ਫੈਮਲੀ ਕਲੱਬ (ਲੁਧਿਆਣਾ)

ਸਮਾਜ ’ਚ ਇਹ ਚੱਲਣ ਆਮ ਦੇਖਣ ਨੂੰ ਮਿਲਦਾ ਹੈ ਕਿ ਖ਼ਾਲਸ ਜਾਂ ਸ਼ੁੱਧ ਚੀਜ਼ ਵਿੱਚ ਮਿਲਾਵਟ ਖੁੱਲ੍ਹ ਕੇ ਹੁੰਦੀ ਹੈ ਤੇ ਹੁੰਦੀ ਵੀ ਇਸ ਢੰਗ ਨਾਲ ਹੈ ਕਿ ਅਸਲ ਤੇ ਨਕਲ ਦੀ ਪਹਿਚਾਣ ਕਰਨੀ ਔਖੀ ਹੋ ਜਾਂਦੀ ਹੈ।  ਕਈ ਵਾਰ ਤਾਂ ਮਿਲਾਵਟ ਅੱਗੇ, ਪਰ ਸ਼ੁੱਧ ਵਸਤੂ ਪਿੱਛੇ ਰਹਿ ਜਾਂਦੀ ਹੈ। ਕੀ ਬਰੈਂਡਿਡ ਕੱਪੜੇ/ਜੁੱਤੇ ਤੇ ਕੀ ਖਾਣ ਵਾਲੇ ਪਦਾਰਥ ਮਿਲਾਵਟਖੋਰਾਂ ਨੇ ਕੋਈ ਚੀਜ਼ ਨਹੀਂ ਛੱਡੀ।  ਹੁਣ ਸਮਾਂ ਇਹ ਆ ਗਿਆ ਹੈ ਕਿ ਅਸਲ ਨੂੰ ਲੱਭਣ ਲਈ ਯਤਨ ਕਰਨੇ ਪੈਂਦੇ ਹਨ, ਪਰ ਨਕਲ ਤੁਹਾਡੇ ਤੱਕ ਆਪਣੇ ਆਪ ਅੱਪੜ ਜਾਂਦੀ ਹੈ। ਸੋ ਅਸਲ ਤੇ ਨਕਲ ਦੀ ਪਹਿਚਾਣ ਕਰਨ ਦੀ ਬਿਬੇਕਤਾ ਹੋਣੀ ਬਹੁਤ ਅਵੱਸ਼ ਹੈ ਤੇ ਇਹ ਬਿਬੇਕਤਾ ਗਿਆਨ ਤੋਂ ਬਿਨਾਂ ਮਿਲਣੀ ਅਸੰਭਵ ਹੈ ਤੇ ਗਿਆਨ ਸਚੇ ਗੁਰੂ ਤੋਂ ਬਿਨਾਂ ਮਿਲਣਾ ਨਾ ਮੁਮਕਿਨ ਹੈ, ‘‘ਗਿਆਨ ਅੰਜਨੁ ਗੁਰਿ ਦੀਆ; ਅਗਿਆਨ ਅੰਧੇਰ ਬਿਨਾਸੁ ॥ (ਗਉੜੀ ਸੁਖਮਨੀ/ਮ: ੫/੨੯੩)

ਮਿਲਾਵਟ ਦੇ ਯੁਗ ’ਚ ਗਿਆਨ ਹਾਸਲ ਕਰਨਾ ਵੀ ਕਿਸੇ ਪਹਾੜੀ ਦੀ ਚੋਟੀ ਨੂੰ ਸਰ ਕਰਨ ਤੋਂ ਘਟ ਨਹੀਂ ਕਿਉਂਕਿ ਇਸ ਖੇਤਰ ਵਿੱਚ ਵੀ ਮਿਲਾਵਟਖੋਰ ਆ ਚੁੱਕੇ ਹਨ ਪਰ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਕਿਉਂਕਿ ਚੋਰ ਹਮੇਸ਼ਾ ਸ਼ਾਹੂਕਾਰ ਦੇ ਘਰ ਹੀ ਜਾਂਦੇ ਹਨ, ਕੰਗਾਲ ਦੇ ਘਰ ਕਿਸੇ ਚੋਰ ਨੂੰ ਕੀ ਮਿਲਣਾ ਹੈ ?  ਸਿੱਖ ਪੰਥ ’ਚ ਵੀ ਇਹ ਮਿਲਾਵਟਖੋਰ, ਬਾਕੀ ਮਿਲਾਵਟਖੋਰਾਂ ਤੋਂ ਸਿਖਿਅਤ ਹੋ ਕੇ ਆਏ ਹੁੰਦੇ ਹਨ ਤੇ ਉਸੇ ਤਰਜ਼ ’ਤੇ ਮਿਲਾਵਟ ਕਰ ਰਹੇ ਹਨ। ਕੀ ਸਾਡਾ ਇਤਿਹਾਸ, ਸਾਡੀਆਂ ਜਨਮ ਸਾਖੀਆਂ, ਸਾਡੇ ਦਿਨ ਤਿਉਹਾਰ, ਸਾਡੇ ਇਤਿਹਾਸਕ ਸਥਾਨਾਂ ਤੋਂ ਲੈ ਕੇ ਸਾਡੇ ਸੱਭਿਆਚਾਰ ਤੱਕ ਕਾਫ਼ੀ ਹੱਦ ਤੱਕ ਮਿਲਾਵਟ ਕਰਨ ’ਚ ਇਹ ਕਾਮਯਾਬ ਹੋ ਚੁੱਕੇ ਹਨ। ਇਨ੍ਹਾਂ ਮਿਲਾਵਟਖੋਰਾਂ ਦੇ ਸਰੂਪ ਵੀ ਸਾਡੇ ਵਰਗੇ ਹੀ ਹਨ ਤੇ ਬਹੁਤੀ ਵਾਰ ਤਾਂ ਇਹ ਅਜਿਹੇ ਬਸਤਰ  ਧਾਰਨ ਕਰਦੇ ਨਜ਼ਰੀ ਆਉਂਦੇ ਹਨ ਕਿ ਸਰੂਪ ’ਚ ਸਾਨੂੰ ਵੀ ਮਾਤ ਪਾ ਛੱਡਦੇ ਹਨ। ਸੋ ਇਨ੍ਹਾਂ ਦੀ ਪਹਿਚਾਣ ਬਾਹਰੀ ਤੋਰ ’ਤੇ ਕਰਨੀ ਅਸੰਭਵ ਵੀ ਹੈ ਤੇ ਲੋੜ ਵੀ ਕੋਈ ਨਹੀਂ ਕਿਉਂਕਿ ਸਾਨੂੰ ਸਾਡੇ ਗੁਰੂ ਨੇ ਮਨੁੱਖ ਨਾਲ ਨਹੀਂ ਸਗੋਂ ਸ਼ਬਦ ਗੁਰੂ ਨਾਲ ਜੋੜਿਆ ਹੈ, ਇਸ ਲਈ ਅਸੀਂ ਗੁਰਬਾਣੀ; ਗੁਰੂ ਤੋਂ ਸਿਖਿਅਤ ਹੋ ਕੇ ਨਕਲ ਤੇ ਅਸਲ ਦੀ ਪਹਿਚਾਣ ਕਰਨਯੋਗੇ ਹੋਣਾ ਹੈ ਕਿਉਂਕਿ ਗਿਆਨ ਦੀ ਸ਼ਕਤੀ ਬਾਰੇ ਸਤਿਗੁਰ ਫ਼ਰਮਾਉਂਦੇ ਹਨ, ‘‘ਗਿਆਨ ਮਹਾ ਰਸੁ ਨੇਤ੍ਰੀ ਅੰਜਨੁ; ਤ੍ਰਿਭਵਣ ਰੂਪੁ ਦਿਖਾਇਆ ॥’’ (ਸੂਹੀ/ਮ: ੧/੭੬੪)

ਜੇਕਰ ਕੋਈ ਇਸ ਅਸਲ ਨੂੰ ਨਾ ਮੰਨਣ ਦੀ ਜ਼ਿੱਦ ਵੀ ਕਰ ਲਵੇ ਤਾਂ ਹੈਰਾਨ ਹੋਣ ਦੀ ਲੋੜ ਨਹੀਂ ਕਿਉਂਕਿ ਅਸਲ ਵਸਤੂ ਦੀ ਪਹਿਚਾਣ ਕਰਨ ਦੀ ਜੁਗਤ ਵੀ ਹਰੇਕ ਵਿੱਚ ਨਹੀਂ ਹੁੰਦੀ ਜਾਂ ਸੱਚ ਹਜ਼ਮ ਕਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ। ਗੁਰਵਾਕ ਹੈ, ‘‘ਗਿਆਨੁ ਨ ਗਲੀਈ ਢੂਢੀਐ; ਕਥਨਾ ਕਰੜਾ ਸਾਰੁ ॥’’ (ਆਸਾ ਕੀ ਵਾਰ/ਮ: ੧/੪੬੫)

ਸੋ ਸਿੱਖ ਨੇ ਸੱਚ ਨਾਲ ਜੁੜ ਕੇ ਸਚਿਆਰ ਬਣਨ ਦਾ ਯਤਨ ਕਰਨਾ ਹੈ। ਸਾਡੇ ਆਲੇ ਦੁਆਲੇ ਝੂਠ ਫ਼ਰੇਬ ਦੀਆਂ ਦੁਕਾਨਾਂ ਅਤੇ ਡੇਰੇ ਬਥੇਰੇ ਹਨ, ਇਨ੍ਹਾਂ ਤੋਂ ਆਪਣਾ ਬਚਾਓ ਕਰ ਕੇ ਮਾਨਸਕ ਸੋਸ਼ਣ ਹੋਣ ਤੋਂ ਬਚਣਾ ਹੈ।  ਸਿੱਖ ਨੇ ਆਪਣੇ ‘ਗਿਆਨੁ ਨੇਤ੍ਰ’ ਨੂੰ ਗੁਰਬਾਣੀ ਗਿਆਨ ਰਾਹੀਂ ਖੋਲ੍ਹ ਕੇ ਸਹੀ ਰਸਤਾ ਚੁਣਨਾ ਹੈ ਭਾਂਵੇ ਕਿ ਸਾਡੇ ਆਸ ਪਾਸ ਨੇਤ੍ਰ ਬੰਦ ਕਰਵਾਉਣ ਵਾਲੇ ਬਥੇਰੇ ਧੜੇ ਮਿਲ ਜਾਣਗੇ, ਸਾਹ ਨੂੰ ਅੰਦਰ ਬਾਹਰ ਕਰਵਾਉਣ ਵਾਲੇ ਵੀ, ਪਰ ਗੁਰਮਤਿ ਗਿਆਨ ਤੱਤ ਆਪ ਗੁਰਬਾਣੀ ਪੜ੍ਹਨ ਤੇ ਵਿਚਾਰਨ ਨਾਲ ਹੀ ਹਾਸਲ ਹੋਏਗਾ, ਜਿਸ ਨੂੰ ਆਪਣੇ ਜੀਵਨ ’ਚ ਲਾਗੂ ਕਰ ਕੇ ਜੀਵਨ ਸਫਲ ਬਣਾਉਣਾ ਹੈ।

ਬਾਬਾ ਕਬੀਰ ਜੀ ਦੇ ਵਚਨ ਹਨ ਕਿ ਜਦ ਗੁਰੂ ਗਿਆਨ ਦਾ ਪ੍ਰਕਾਸ਼; ਹਿਰਦੇ ਅੰਦਰ ਹੁੰਦਾ ਹੈ ਤਾਂ ਸਾਰੇ ਹੀ ਭਰਮ-ਭੁਲੇਖੇ ਮਿਟ ਜਾਂਦੇ ਹਨ ਬੰਦਾ ਕਿਸੇ ਦਾ ਮੁਥਾਜ ਨਹੀਂ ਰਹਿੰਦਾ, ‘‘ਦੇਖੌ ਭਾਈ  ! ਗ੍ਯਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥੧॥ ਰਹਾਉ ॥.. ਆਂਧੀ ਪਾਛੇ ਜੋ ਜਲੁ ਬਰਖੈ; ਤਿਹਿ ਤੇਰਾ ਜਨੁ ਭੀਨਾਂ ॥  ਕਹਿ ਕਬੀਰ ਮਨਿ ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥੨॥’’ (ਗਉੜੀ/ ਭਗਤ ਕਬੀਰ ਜੀ/੩੩੨)