ਗੁਰੂ ਨਾਨਕ ਮੋਦੀ

0
545

ਗੁਰੂ ਨਾਨਕ ਮੋਦੀ

ਰਸ਼ਪਾਲ ਸਿੰਘ ਹੁਸ਼ਿਆਰਪੁਰ

                ਮੁਹੱਬਤ ਤੇ ਖ਼ਲਕਤ

ਭਾਈ ਜੈ ਰਾਮ ਜੀ ਦੇ ਸੁਨੇਹੇ ਨੂੰ ਸਵੀਕਾਰਦਿਆਂ ਪੈਂਤੀ ਸਾਲ ਸਾਢੇ ਛੇ ਮਹੀਨੇ ਦਾ ਬਹੁਤ ਹੋਣਹਾਰ, ਹਿੰਮਤੀ ਤੇ ਹੁਸ਼ਿਆਰ ਨੌਜਵਾਨ ਸੁਲਤਾਨਪੁਰ ਨੂੰ ਚੱਲ ਪਿਆ। ਰਾਜ-ਜੋਗ ਮਾਲਕ ਨੇ ਤਲਵੰਡੀ ਤੋਂ ਤੁਰਨ ਲੱਗਿਆਂ ਆਪਣੇ ਨਾਲ ਡੇਢ ਕੁ ਦਹਾਕੇ ਤੋਂ ਬਣੇ ਗੂੜ੍ਹੇ ਆੜੀ ਗ਼ਰੀਬ ਮਿਰਾਸੀ ਨੂੰ ਵੀ ਨਾਲ ਹੀ ਲੈ ਲਿਆ, ਜੋ ਕਿ ਰੂਹ ਦੀ ਖ਼ੁਰਾਕ ਦਾ ਸਤਿਸੰਗ ਹੈ। ਕੀਰਤਨ ਕਰਨ ਮੌਕੇ ਬਤੌਰ ਸਾਜੰਦਾ ਹੈ। ਤਕਰੀਬਨ 30 ਅਕਤੂਬਰ 1504 ਸੀ।

ਸੁਲਤਾਨ ਪੁਰ 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਫ਼ੌਜਦਾਰ ਸੁਲਤਾਨ ਖ਼ਾਨ ਨੇ ਵਸਾਇਆ ਸੀ। ਭਾਈ ਜੈ ਰਾਮ ਨੇ ਹੋਣਹਾਰ ਨੌਜਵਾਨ ਦਾ ਜੀਵਨ-ਵੇਰਵਾ ਨਵਾਬ ਦੌਲਤ ਖ਼ਾਨ ਦੀ ਸਰਕਾਰ ਕੋਲ ਭੇਜਿਆ। ਚੋਣ ਪ੍ਰਕਿਰਿਆ ਹੋਈ ਅਤੇ ਮੋਦੀ ਦਾ ਅਹੁਦਾ ਦਿੱਤਾ ਗਿਆ। ਸਾਰਾ ਸਰਕਾਰੀ ਕੰਮ ਕਾਰ ਇਸੇ ਮਹਿਕਮੇ ਦੇ ਆਸਰੇ ਸੀ। ਮੋਦੀ ਦਾ ਅਹੁਦਾ ਬੜੀ ਭਾਰੀ ਜ਼ਿੰਮੇਵਾਰੀ ਦਾ ਸੀ। ਭਾਰੀ ਕਾਬਲੀਅਤ ਬਿਨਾਂ ਇਸ ਅਹੁਦੇ ਨੂੰ ਨਿਭਾਉਣਾ ਅਸੰਭਵ ਹੈ। ਉਸ ਸਮੇਂ ਕਿਸਾਨ ਲੋਕ ਸਰਕਾਰੀ ਮਾਮਲਾ ਆਮ ਤੌਰ ’ਤੇ ਜਿਨਸ ਵਿੱਚ ਦਿਆ ਕਰਦੇ ਸਨ। ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਇਸੇ ਜਿਨਸ ਵਿੱਚੋਂ ਹੀ ਦਿੱਤੀਆਂ ਜਾਂਦੀਆਂ ਸਨ। ਵਧੀ ਜਿਨਸ ਵੇਚ ਕੇ ਰੁਪਇਆ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਸੀ।

ਕਚਹਿਰੀਆਂ ਜਾਂ ਮਾਲ ਮਹਿਕਮੇ ਨਾਲ ਜਿਸ ਦਾ ਵਾਹ ਪੈਂਦਾ ਹੈ, ਉਹ ਜਾਣ ਜਾਂਦਾ ਹੈ ਕਿ ਉੱਥੇ ਰਿਸ਼ਵਤ ਦਾ ਜ਼ੋਰ ਹੁੰਦਾ ਹੈ। ਵਿਰਲਾ ਅਧਿਕਾਰੀ ਜਾਂ ਮੁਲਾਜ਼ਮ ਹੀ ਇਸ ਬੁਰਿਆਈ ਤੋਂ ਬਚਦਾ ਹੈ। ਇਮਾਨਦਾਰ ਕਰਮਚਾਰੀ ਜਿੱਥੇ ਉੱਪਰਲੀ ਕਮਾਈ ਨੂੰ ਲੱਤ ਮਾਰਦਾ ਹੈ, ਉੱਥੇ ਭ੍ਰਿਸ਼ਟ ਲੋਕਾਂ ਦੇ ਵਿਰੋਧ ਨਾਲ ਟੱਕਰ ਲੈਣ ਲਈ ਵੀ ਮਜ਼ਬੂਰ ਹੁੰਦਾ ਹੈ। ਰਿਸ਼ਵਤ-ਖ਼ੋਰ ਕਰਮਚਾਰੀ ਆਪਣੇ-ਆਪਣੇ ਮਹਿਕਮੇ ਵਿੱਚੋਂ  ਇਮਾਨਦਾਰ ਮੁਲਾਜ਼ਮਾਂ ਤੋਂ ਮੁਕਤ ਹੋਣ ਲਈ ਹੱਥ-ਪੈਰ ਮਾਰਦੇ ਹਨ। ਰਿਸ਼ਵਤ ਦੇਣ-ਦਿਵਾਣ ਵਾਲਿਆਂ ਨੂੰ ਭੀ ਇਮਾਨਦਾਰ ਕਰਮਚਾਰੀ ਪਸੰਦ ਨਹੀਂ ਆਉਂਦੇ ਕਿਉਂਕਿ ਅਯੋਗ ਕੰਮ ਕਰਵਾਉਣੇ ਹੁੰਦੇ ਹਨ, ਪਰ ਆਮ ਜਨਤਾ ਨੂੰ ਇਮਾਨਦਾਰ ਮੁਲਾਜ਼ਮਾਂ ਨਾਲ ਬੜੀ ਮੁਹੱਬਤ ਹੁੰਦੀ ਹੈ। ਮੋਦੀਖ਼ਾਨੇ ਦਾ ਮੋਦੀ ਵੀ ਸਭ ਨੂੰ ਬੜਾ ਪਿਆਰਾ ਲੱਗੇ ਲੋਕ-ਗੀਤ ਗਾਏ ਜਾਂਦੇ ਹਨ; ਗੁਰੂ ਨਾਨਕ ਸਭ ਦਾ ਪਿਆਰਾ ਜਿਹੜਾ ਤੇਰਾਂ ਤੇਰਾਂ ਤੋਲਦਾ, ‘‘ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥ (ਜਪੁ) ਦਾ ਭੰਡਾਰਾ ਵਰਤਾਉਣ ਵਾਲਾ; ਤੱਕੜੀ ਤੋਲਦਿਆਂ ਦਿਲੋਂ ਤੇਰਾ-ਤੇਰਾ ਬੋਲਦਾ ਹੈ, ‘‘ਕਬੀਰ! ਮੇਰਾ ਮੁਝ ਮਹਿ ਕਿਛੁ ਨਹੀ; ਜੋ ਕਿਛੁ ਹੈ, ਸੋ ਤੇਰਾ ॥ ਤੇਰਾ, ਤੁਝ ਕਉ ਸਉਪਤੇ; ਕਿਆ ਲਾਗੈ ਮੇਰਾ ?॥’’ (ਭਗਤ ਕਬੀਰ ਜੀ/੧੩੭੫) ਸੁਨੇਹਾ ਵੰਡੀ ਜਾਂਦੇ ਹਨ ਕਿ ਕਿਛ ਨਹੀਂ ਮੇਰਾ, ਸਭ ਕਿਛ ਤੇਰਾ!

ਤਲਵੰਡੀ ’ਚ ਲਾਏ 20 ਰੁਪਏ ਦੇ ਲੰਗਰ ਵਾਂਗ ਏਥੇ ਵੀ ਆਪਣੀ ਕਮਾਈ ’ਚੋਂ ਗੁਰੂ ਨਾਨਕ ਪਾਤਸ਼ਾਹ ਖੁੱਲ੍ਹੇ ਦਿਲ ਗ਼ਰੀਬ ਲੋੜਵੰਦਾਂ ਦੇ ਮੱਦਦਗਾਰ ਬਣੇ ਹੋਏ ਹਨ। ਗ਼ਰੀਬਾਂ ਦਾ ਦਰਦ ਵੰਡਾਉਣ ਦੀ ਸ਼ੋਭਾ ਸੁਣ ਕੇ ‘ਗ਼ਰੀਬ ਬ੍ਰਾਹਮਣ, ਮੋਦੀ ਕੋਲ ਆਣ ਹਾਜ਼ਰ ਹੋਇਆ। ਅਰਜ਼ ਕੀਤੀ ਪੱਲੇ ਕੁਝ ਨਹੀਂ ਜਵਾਨ ਧੀ ਵਿਆਹੁਣ-ਯੋਗ ਹੈ। ਮੋਦੀ ਨੇ ਸਮਾਨ ਦੀ ਸੂਚੀ ਤਿਆਰ ਕਰਵਾਈ। ਕੁਝ ਸਮਾਨ ਐਸਾ ਸੀ ਖ਼ਰੀਦਦਾਰੀ ਲਈ ਲਾਹੌਰ ਜਾਣ ਦੀ ਲੋੜ ਬਣ ਗਈ। ਸੁਲਤਾਨਪੁਰ ਦੇ ਵਣਜ-ਵਾਪਾਰ ਵਾਂਗ ਸੰਬੰਧ ਲਾਹੌਰ ਨਾਲ ਵੀ ਸਨ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਭਗੀਰਥ ਨੂੰ ਲਾਹੌਰ ਭੇਜਿਆ। ਭਾਈ ਭਗੀਰਥ ਉੱਥੋਂ ਦੇ ਇਕ ਵਾਪਾਰੀ ਮਨਸੁਖ ਨੂੰ ਜਾ ਮਿਲਿਆ। ਭਾਈ ਭਗੀਰਥ ਦੀ ਅਲੌਕਿਕ ਜੀਵਨ-ਧਾਰਾ ਦੇ ਵਹਿਣ ਵਿੱਚ ਮਨਸੁਖ ਵੀ ਮੋਦੀ ਦੇ ਦਰਸ਼ਨ ਕਰਨ ਸੁਲਤਾਨਪੁਰ ਆ ਪੁੱਜਾ। ਮਨਸੁਖ ਵੀ ਸਿੱਖੀ ਵਾਲਾ ਮਾਰਗ ਦ੍ਰਿੜ੍ਹ ਕਰ ਗਿਆ। ਆਗਿਆ ਅਨੁਸਾਰ ਮੁੜ ਵਾਪਾਰ ਦੇ ਕਾਰ-ਵਿਹਾਰ ਜਾ ਲੱਗਾ। ਮਨਸੁਖ ਵਾਪਾਰ ਕਰਨ ਦੇਸ਼-ਪ੍ਰਦੇਸ਼ ਜਾਂਦਾ ਸੀ। ਸਿੰਘਲਾਦੀਪ ਵੀ ਜਾਇਆ ਕਰਦਾ ਸੀ। ਲੰਕਾ ਨਿਵਾਸੀ ਜਾਣੂ-ਪਛਾਣੂ ਸਨ। ਸਿੰਘਲਾਦੀਪ ਦੇ ਰਾਜੇ ਸ਼ਿਵਨਾਭ ਨਾਲ ਵੀ ਡੂੰਘੀ ਸਾਂਝ ਸੀ, ਪਰ ਇਸ ਵਾਰੀ ਸਾਰੇ ਜਾਣੂ-ਪਛਾਣੂ ਤੇ ਰਾਜਾ ਭਾਈ ਮਨਸੁਖ ਦੇ ਉੱਚੇ-ਸੁੱਚੇ ਜੀਵਨ ਢੰਗ ਤੋਂ ਹੈਰਾਨ ਸਨ। ਕਈ ਸਿੰਘਾਲੀ ਲੋਕ ਅਤੇ ਰਾਜਾ ਸ਼ਿਵਨਾਭ ਗੁਰੂਚਰਨਾਂ ਦੇ ਭੌਰੇ ਬਣ ਗਏ 

ਮੋਦੀ ਦੀ ਖੁੱਲ੍ਹਦਿਲੀ ਅਤੇ ਗ਼ਰੀਬਪਰਵਰੀ ਦੀ ਸ਼ੋਭਾ ਅਤੇ ਸੁਗੰਧੀ ਦੂਰ ਦੂਰ ਤੱਕ ਖਿੱਲਰ ਰਹੀ ਸੀ ਿਸ਼ਵਤਖ਼ੋਰ ਕਰਮਚਾਰੀਆਂ ਨੇ ਨਵਾਬ ਦੌਲਤ ਖ਼ਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਨਵਾਂ ਮੋਦੀ ਸਰਕਾਰੀ ਮੋਦੀਖ਼ਾਨਾ ਲੁਟਾਈ ਜਾ ਰਿਹਾ ਹੈ ਲੇਖਾਜੋਖਾ ਹੋਇਆ ਤੇ ਸਭ ਕੁਝ ਬਹੁਤ ਤਸੱਲੀ ਬਖਸ਼ ਪਾਇਆ ਗਿਆ ਹੁਣ ਪੌਣੇ ਤਿੰਨ ਕੁ ਸਾਲ ਮੋਦੀ ਦੇ ਅਹੁਦੇਤੇ ਲੰਘ ਚੁੱਕੇ ਸਨ ਅਗਸਤ 1507 ਦਾ ਸਮਾਂ ਜਦੋਂ ਭੈਣ ਬੇਬੇ ਨਾਨਕੀ ਜੀ ਤੋਂ ਸਿਵਾਏ ਸਭ ਨੂੰ ਖਿਆਲ ਆਇਆ ਮੋਦੀ ਡੁੱਬ ਗਿਆ ਹੈ। ਭਾਈ ਗੁਰਦਾਸ ਜੀ ਦੀ ਸਾਖੀ ਤੋਂ ਇਸ਼ਾਰਾ ਮਿਲਦਾ ਹੈ ਕਿ ਮੋਦੀ ਡੁੱਬਿਆ ਨਹੀਂ ਸੀ ਬਲਕਿ ਧਰਤ ਲੋਕਾਈ ਨੂੰ ਸੋਧਣ ਲਈ ਸੋਚ-ਵਿਚਾਰ ਕਰ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਗ਼ਰੀਬ ਜਨਤਾ ਉੱਤੇ ਹੋ ਰਹੇ ਜਬਰ-ਜ਼ੁਲਮ ਨੂੰ ਰੋਕਣ ਵਾਸਤੇ ਵਿਉਂਤਬੰਦੀ ਕਰ ਰਹੇ ਸਨ। ਭਾਈ ਗੁਰਦਾਸ ਜੀ ਅਨੁਸਾਰ : ‘‘ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ; ਹੈ ਹੈ ਕਰਦੀ ਸੁਣੀ ਲੁਕਾਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪) ਚੁਣੌਤੀ ਸੀ ਕਿ ਸਿਰ ਤਲੀ ’ਤੇ ਧਰ ਕੇ ਤੁਰਨਾ ਪੈਣਾ ਸੀ। ਜੀਵਨ-ਜਾਚ ਸਿਖਾਉਣ ਲਈ ਬਣੇ ਹਿੰਦੂ, ਮੁਸਲਿਮ ਤੇ ਜੋਗੀਆਂ ਦੇ ਧਰਮ-ਅਸਥਾਨ ਹੀ ਜਨਤਾ ਨੂੰ ਪੈਰਾਂ ਹੇਠ ਲਤਾੜ ਰਹੇ ਸਨ। ਬ੍ਰਾਹਮਣਾਂ, ਜੋਗੀਆਂ, ਸਿੱਧਾਂ ਤੇ ਸਈਅਦਾਂ ਸਭਨਾਂ ਦੀਆਂ ਵਧੀਕੀਆਂ ਨਸ਼ਰ ਕਰਨੀਆਂ ਪੈਣੀਆਂ ਸਨ। ਸੁੱਤੀ ਤੇ ਸਹਿਮੀ ਜਨਤਾ ਜਗਾਉਣੀ ਪੈਣੀ ਸੀ। ਗ਼ਰੀਬਾਂ ਤੇ ਦੁਖੀਆਂ ਦੀ ਬਾਂਹ ਫੜਨ ਲਈ ਮਸੂਮ ਸਪੁੱਤਰਾਂ ਤੇ ਜਵਾਨ ਸੁਪਤਨੀ ਨਾਲੋਂ ਮਜ਼ਬੂਰੀ ਵਸ ਵਿਛੜਨਾ ਪੈਣਾ ਸੀ। ਅਥਾਹ ਸਰੀਰਕ ਕਸ਼ਟ ਸਹਾਰਨੇ ਪੈਣੇ ਸਨ। ਭੱਠ-ਤਪਦੇ ਰੇਤ-ਥਲੇ, ਕੜਕਦੀ ਠੰਡੇ ਤੇ ਜੰਗਲੀਂ ਪਹਾੜੀਂ ਭੁੱਖੇ-ਤ੍ਰੇਹੇ ਹਜ਼ਾਰਾਂ ਮੀਲਾਂ ਦਾ ਪੈਦਲ ਸਫ਼ਰ ਸਰ ਕਰਨਾ ਸੀ। ਚਤਰ-ਚਲਾਕ, ਜਾਂਗਲੀ ਤੇ ਮਾਣਸ-ਖਾਣੇ ਓਪਰੇ ਉਪਰੇ ਓਪਰੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਨਾਲ ਵਾਹ ਪੈਣਾ ਸੀ। ਦੁਖੀ ਦੁਨੀਆਂ ਦਾ ਦਰਦ ਵੰਡਾਉਣ ਤੋਂ ਪਹਿਲਾਂ ਅੱਖਾਂ ਪਾੜਦੇ ਦੁੱਖ ਦਿਖ ਰਹੇ ਸਨ। ਦੂਜੇ ਪਾਸੇ ਘਰ ਦੇ ਸੁੱਖ ਸਨ। ਮਿੱਠੇ ਮੇਵੇ ਮਾਪੇ, ਆਗਿਆਕਾਰੀ ਸੁਪਤਨੀ ਅਤੇ ਛੋਟੇ ਛੋਟੇ ਬਾਲ (ਲਾਲ) ਅੱਖਾਂ ਤੋਂ ਬਾਹਰ ਨਹੀਂ ਸਨ। ਅਹਿਮ ਮੰਤਰਾਲੇ ਦਾ ਅਹਿਮ ਅਹੁਦਾ ਅਤੇ ਮਾਨਸਨਮਾਨ ਛੱਡਣਾ ਪੈਣਾ ਸੀ

ਨਵਾਬ ਦੌਲਤ ਖ਼ਾਨ ਤਾਂ ਇਮਾਨਦਾਰ ਮੋਦੀ ਦਾ ਮੁਰੀਦ ਹੀ ਬਣਿਆ ਹੋਇਆ ਸੀ। ਸੁਲਤਾਨਪੁਰ ਦੀਆਂ ਗਲੀਆਂ ਦੇ ਕੱਖਾਂ ਦੀ ਵੀ ਜੀਭ ਆਖਦੀ ਸੀ ‘ਧੰਨ ਨਾਨਕ ਮੋਦੀ, ਧੰਨ ਨਾਨਕ ਮੋਦੀ’। ਮੋਦੀ ਨੇ ਅੱਜ ਦੋਹਾਂ ਪਾਸਿਆਂ ਨੂੰ ਤੱਕੜੀ ਵਿੱਚ ਤੋਲ ਲਿਆ। ਫ਼ੈਸਲਾ ਕਰ ਲਿਆ ਕਿ ਸੜ ਰਹੀ ਧਰਤੀ ਉੱਤੇ ਠੰਡ ਵਰਤਾਉਣ ਲਈ ਨਿੱਜੀ ਸੁੱਖ ਕੁਰਬਾਨ ਕਰ ਦੇਣੇ ਹਨ। ਸੁਲਤਾਨਪੁਰ ਦੇ ਕਬਰਿਸਤਾਨ ਵਿੱਚ ਆ ਡੇਰਾ ਕੀਤਾ। ਪਲਾਂ ਵਿੱਚ ਘਰ ਘਰ ਖ਼ਬਰ ਘੁੰਮ ਗਈ ਕਿ ਪਿਆਰਾ ਪਿਆਰਾ ਮੋਦੀ ਜੀਊਂਦਾ ਹੈ ਮੋਦੀ ਜੀਊਂਦਾ ਹੈ ਕੀ ਨਵਾਬ ਤੇ ਕੀ ਗ਼ਰੀਬ; ਸਭ ਕਬਰਿਸਤਾਨ ਵਿੱਚ ਆਣ ਢੁੱਕੇ, ਪਰ ਹੁਣ ਮੋਦੀ ਨੇ ਸੁਲਤਾਨਪੁਰ ਛੱਡ ਸੰਸਾਰ ਦੇ ਵੱਡੇ ਮੋਦੀਖ਼ਾਨੇ ਦਾ ਮੋਦੀ ਹੋ ਜਾਣ ਬਾਰੇ ਮੁੱਖ ਖੋਲ੍ਹ ਦਿੱਤਾ ਨਵਾਬ ਨੂੰ ਹਿਸਾਬ ਸਾਂਭਣਾ ਪੈ ਗਿਆ। ਆਮਦਨ-ਖਰਚ ਲੇਖਾ ਹੋਇਆ। ਦੇਣਦਾਰੀ ਦੀ ਥਾਂ ਲੈਣਦਾਰੀ ਨਿੱਕਲੀ। ਬਾਕੀ ਰਕਮ ਜੁੜੀ ਭੀੜ ਵਿੱਚ ਖੜ੍ਹੇ ਗ਼ਰੀਬਾਂ ਨੂੰ ਵੰਡ ਦਿੱਤੀ। ਵੇਈਂ ਨਦੀ ਤੋਂ ਵਾਪਸ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਇੱਕੋ ਗੱਲ ਕੀਤੀ ਕਿ ‘ਨਾ ਕੋਈ ਹਿੰਦੂ, ਨਾ ਮੁਸਲਮਾਨ’। ਵਿਤਕਰੇ ਛੱਡੋ। ਖ਼ਾਲਿਕ ਨੂੰ ਸਾਰੀ ਖ਼ਲਕਤ ਵਿੱਚ ਤੱਕੋ। ਕੀ ਬੱਚੇ ਤੇ ਕੀ ਬੁੱਢੇ; ਸਭ ਘਬਰਾ ਗਏ ਕਿ ਉਨ੍ਹਾਂ ਦਾ ਹਰਮਨ ਪਿਆਰਾ ਮੋਦੀ ਉਨ੍ਹਾਂ ਤੋਂ ਸਦਾ ਲਈ ਵਿਛੜ ਚੱਲਿਆ ਹੈ, ਪਰ ਉਹ ਵਿਛੜਿਆ ਨਹੀਂ ਸੀ ਬਲਕਿ ਉਹ ਤਾਂ ਵਿਸ਼ਵ ਨੂੰ ਕਲਾਵੇ ਵਿੱਚ ਲੈ ਬੈਠਾ।

ਵਿਸ਼ਵ; ਉਨ੍ਹਾਂ ਤੋਂ ਲੇਖਾ ਕਰਨਾ (ਬੈਂਕਿੰਗ, ਅਕਾਊਂਟੈਂਸੀ ਤੇ ਹਿਊਮੈਨਿਟੀ ਲੈਸਨ) ਸਿੱਖੇ। ਸੇਵਾ ਦਾ ਮਾਰਗ ਪੁੱਛੇ। ਇਮਾਨਦਾਰੀ ਦਾ ਪਾਠ ਪੜ੍ਹੇ। ਕਰੋਨਾ ਵਿਸ਼ਾਣੂ ਕਾਰਨ ਵਿਸ਼ਵ ਵੱਡੇ ਸੰਕਟਾਂ ਵਿੱਚ ਆ ਘਿਰਿਆ ਹੈ। ਗੂਰੂ ਨਾਨਕ ਪਾਤਸ਼ਾਹ ਦੀ ਰੂਹਾਨੀ ਸਿੱਖਿਆ ਬੜੇ ਸੁੱਖ ਸਮੋਈ ਬੈਠੀ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਸ਼ਾ ਚੁਣ ਕਰ ਪੜ੍ਹਨਾ ਹੋਵੇਗਾ।

ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੀ ਫੌਰੀ ਲੋੜ ਹੈ। ਅਨਾਜ ਦੀ ਲੋੜ ਸਭ ਤੋਂ ਮੁੱਢਲੀ ਲੋੜ ਹੈ। ਜਿਸ ਦੇਸ਼ ਭਾਰਤ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਯਾਤਰਾ ਅਰੰਭ ਕੀਤੀ, ਉਸ ਦੇਸ਼ ਦੀ ਇੱਕ ਅੰਦਾਜ਼ੇ ਮੁਤਾਬਿਕ 80% ਜਨਸੰਖਿਆ ਨੂੰ ਪ੍ਰਤੀ ਸ਼ਖ਼ਸ 10 ਕਿੱਲੋ ਅਨਾਜ ਪ੍ਰਤੀ ਮਹੀਨਾ 6 ਮਹੀਨਿਆਂ ਲਈ ਮੁਫ਼ਤ ਦਿੱਤਾ ਜਾਵੇ ਤਾਂ ਇਸ ਦਾ ਕੁੱਲ ਖ਼ਰਚ ਦੇਸ਼ ਦੇ ਕੁੱਲ ਰਾਸ਼ਟਰੀ ਉਤਪਾਦ ਦਾ 3% ਬਣੇਗਾ ਕੀ ਭਾਰਤ ਸਰਕਾਰ ਅਤੇ ਭਾਰਤੀ ਜਨਤਾ ਸਭ ਦੇ ਪਿਆਰੇ ਮੋਦੀ ਬਾਬੇ ਨਾਨਕ ਤੋਂ ਕੁਝ ਸਿੱਖੇਗੀ ?

ਰਸ਼ਪਾਲ ਸਿੰਘ ਹੁਸ਼ਿਆਰਪੁਰ                                             ਕਮਿਊਨਿਟੀ ਮੋਬਿਲਾਈਜ਼ਰ ਐਨ. ਜੀ. ਓ. ਜ਼

    98554-40151                                                   rashpalsingh714@gmail.com <mailto:rashpalsingh714@gmail.com>