ਗੁਰੂ ਗ੍ਰੰਥ ਸਾਹਿਬ ਵਿੱਚ ਸਦਾਚਾਰੀ ਜੀਵਨ
ਗਿਆਨੀ ਬਲਜੀਤ ਸਿੰਘ (ਰੋਪੜ) 94170-18531
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਵਿਆਪੀ ਸਾਹਿਤਕ ਰਚਨਾਵਾਂ ਵਿੱਚੋਂ ਸਰਬ ਉੱਚ ਰਚਨਾ ਹੈ, ਗੁਰਬਾਣੀ ਦੀ ਮੁੱਢਲੀ ਵੀਚਾਰਧਾਰਾ ਮਨੁੱਖੀ ਜੀਵਨ ਦੀ ਰਹੱਸਵਾਦੀ ਜਾਂ ਆਦਰਸ਼ਕ ਉਸਾਰੀ ਕਰਨ ਲਈ ਹੀ ਹੈ ਪਰ ਨਾਲ ਹੀ ਸੰਗੀਤ ਕਾਵਿ ਅਤੇ ਦਰਸ਼ਨ ਦੇ ਸੁਮੇਲ ਰਾਹੀਂ ਜੋ ਵਿਗਿਆਨਕ ਤੇ ਮਨੋਵਿਗਿਆਨਕ ਪ੍ਰਗਟਾ ਇਸ ਗ੍ਰੰਥ ਵਿੱਚ ਕੀਤਾ ਗਿਆ ਹੈ ਉਹ ਸ਼ਾਇਦ ਹੀ ਭਾਰਤੀ ਜਾਂ ਵਿਦੇਸ਼ੀ ਕਿਸੇ ਸਾਹਿਤਕ ਗ੍ਰੰਥ ਵਿੱਚ ਲੱਭਣਾ ਸੰਭਵ ਹੋਵੇ। ਧਾਰਮਿਕ ਸਾਹਿਤ ਤੇ ਦਰਸ਼ਨ ਦਾ ਸੁਮਿਲਵਾਂ ਰੂਪ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਮੂਰਤੀਮਾਨ ਹੁੰਦਾ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਨਿਆਦੀ ਤੌਰ ’ਤੇ ਅਨੁਭਵੀ ਗਿਆਨ ਦਾ ਅਨੂਪਮ, ਅਮੁੱਕ ਭੰਡਾਰ ਹਨ। ਇਹ ਅਨੁਭਵ ਬ੍ਰਹਮ ਮਿਲਾਪ ਉਪਰੰਤ ਅਨੁਭਵੀ ਆਤਮਾਵਾਂ ਵਿੱਚ ਸਫੁੱਟ ਹੋਇਆ ਅਮੁੱਕ ਤੇ ਅਮੁੱਲ ਕਾਵਿ ਪ੍ਰਕਾਸ਼ ਹੈ। ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਪ੍ਰਤੱਖ ਤੌਰ ’ਤੇ ‘‘ਨਾਨਕੁ ਸਾਇਰੁ ਏਵ ਕਹਤੁ ਹੈ; ਸਚੇ ਪਰਵਦਗਾਰਾ ॥’’ (ਮ: ੧/੬੬੦) ਰਾਹੀਂ ਕਵੀ ਮੰਨਦੇ ਹੋਏ ਆਪਣੇ ਆਪ ਨੂੰ ‘‘ਹਉ ਢਾਢੀਕਾ ਨੀਚ ਜਾਤਿ .. .॥’’ (ਮ: ੧/੪੬੮) ਫ਼ੁਰਮਾਂਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀ, ਲੋਕ ਕਵੀ ਹਨ ਭਾਵ ਲੋਕਾਂ ਵਿੱਚ ਰਹਿਣਾ, ਬਹਿਣਾ, ਖਲੋਣਾ, ਹੱਸਣਾ, ਖੇਡਣਾ, ਕੁਝ ਲੈਣਾ ਤੇ ਕੁਝ ਦੇਣਾ, ‘‘ਜਬ ਲਗੁ ਦੁਨੀਆ ਰਹੀਐ, ਨਾਨਕ ! ਕਿਛੁ ਸੁਣੀਐ ਕਿਛੁ ਕਹੀਐ ॥’’ (ਮ: ੧/੬੬੧) ਦੀ ਵਿਚਾਰਕ ਤੇ ਸੁਹਿਰਦ ਜ਼ਿੰਦਗੀ ਦੇ ਧਾਰਨੀ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਲੋਕ ਜਜ਼ਬਿਆਂ ਦਾ ਕਾਵਿ ਪ੍ਰਕਾਸ਼ ਹੈ, ਲੋਕ ਜ਼ਿੰਦਗੀ ਦਾ ਕਾਵਿਕ ਇਤਿਹਾਸ ਹੈ।
‘‘ਗੁਰ ਮਹਿ ਆਪੁ ਸਮੋਇ ..॥’’ (ਮ: ੧/੧੨੭੯) ਬਚਨਾ ਅਨੁਸਾਰ ਪ੍ਰਮਾਤਮਾ ਨੇ ਗੁਰੂ ਰਾਹੀਂ ਪ੍ਰਗਟ ਕੀਤੀ ‘ਧੁਰ ਕੀ ਬਾਣੀ’ ਹੈ। ਗੁਰੂ, ਭੱਟ, ਸਿੱਖ, ਭਗਤ ਸਾਹਿਬਾਨ ਸਭ ਪਿਆਰ ਵਾਲੇ ਕਵੀ ਸਨ। ਜਿੱਥੇ ਕਿੱਥੇ ਵੀ ਜ਼ਿੰਦਗੀ ਹੈ ਉੱਥੇ ਪਿਆਰ ਦੀ ਹੋਂਦ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਮਾਨਵ ਪਿਆਰ ਤੇ ਲੋਕਾਂ ਦੀ ਭਾਵਕ ਸਾਂਝ ਪਾਈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਪਿਆਰ ਪੱਧਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਵਿਸ਼ਵ ਵਿਆਪੀ ਗ੍ਰੰਥ ਬਣ ਜਾਂਦੇ ਹਨ ਹਰ ਮਨੁੱਖ ਮਾਤਰ ਨੂੰ ਇਸ ਰਚਨਾ ਤੋਂ ‘‘ਸਤਿ ਸੁਹਾਣੁ, ਸਦਾ ਮਨਿ ਚਾਉ ॥’’ (ਜਪੁ) ਦਾ ਅਨੰਦ ਮਿਲ ਸਕਦਾ ਹੈ। ਇਸ ਦੇ ਰਚਨਹਾਰੇ ਕਵੀ ਇੱਕ ਧਾਰਾ ਵੱਲ ਉਲਾਰ ਨਹੀਂ ਸਨ। ਇਹ ‘ਧੁਰ ਕੀ ਬਾਣੀ’ ਮਨੁੱਖ ਮਾਤਰ ਨੂੰ ਬੌਧਿਕ ਤੇ ਭਾਵਕ ਦੋਹੀਂ ਪਾਸੀ ਟੁੰਬਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਿਤ ਕਰਨ ਸਮੇਂ ਇੱਕ ਵਿਸ਼ੇਸ਼ ਸ਼ੈਲੀ ਕੰਮ ਕਰ ਰਹੀ ਹੈ। ਸੰਗੀਤ, ਕਾਵਿ ਰੂਪ ਰਸ, ਛੰਦ, ਅਲੰਕਾਰ, ਬੋਲੀ ਤੇ ਵਿਆਕਰਨ ਨਿਯਮ ਇਸ ਸ਼ੈਲੀ ਦੇ ਮੁੱਖ ਤੱਤ ਹਨ :
(ੳ). ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ- ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ ਨਿਰੋਲ ਮੌਲਿਕ ਹੈ ਇਸ ਨੂੰ ਕੇਵਲ ਗੁਰਮਤਿ ਸੰਗੀਤ ਪ੍ਰਣਾਲੀ ਹੀ ਕਹਿਣਾ ਬਣਦਾ ਹੈ। ਇਹ ਪ੍ਰਣਾਲੀ ਕੇਵਲ ਰਾਗ, ਸੁਰ, ਲੈਅ, ਤਾਲ ਤੱਕ ਹੀ ਸੀਮਿਤ ਨਹੀਂ ਸਗੋਂ ਵਿਸ਼ਵ ਲਈ ਪਸਰੀ ਇਕਾਗਰਤਾ ਭਰਪੂਰ ਗਤੀ ਹੈ ਜਿਸ ਦੀ ਤਾਲ ਤੇ ਲੈਅ ਵਿੱਚ ਸਾਰਾ ਵਿਸ਼ਵ ਵਿਚਰ ਰਿਹਾ ਹੈ, ਉਸ ਸਮੇਂ ਦੀ ਹਕੂਮਤ ਤੇ ਧਾਰਮਿਕ ਦ੍ਰਿਸ਼ਟੀ ਜਿੱਥੇ ਰਾਗ ਨੂੰ ਹਰਾਮ ਕਹਿੰਦੀ ਹੈ ਪਰ ਗੁਰੂ ਸਾਹਿਬਾਨ, ਭਗਤ, ਭੱਟਾਂ ਨੇ ਇਸ ਨੂੰ ਰੱਬੀ ਤਾਲ ਨੂੰ ਸਮਝਣ ਲਈ ਸਰਬੋਤਮ ਸਾਧਨ ਮੰਨਿਆ ਹੈ।
ਸੰਗੀਤ ਰਾਗ; ਰੁੱਤ, ਸਮਾਂ ਤੇ ਸਥਾਨ ਦੀ ਸੀਮਾਂ ਵਿੱਚ ਬੱਧਾ ਹੁੰਦਾ ਹੈ ਜਿਸ ਦੇ ਆਧਾਰ ’ਤੇ ਰਾਗਾਂ ਵਿੱਚ ਭਾਵਾਂ, ਸਮਿਆਂ, ਰੁੱਤਾਂ ਤੇ ਸਥਾਨਾਂ ਦਾ ਅੰਤਰ ਪ੍ਰਤੀਤ ਹੁੰਦਾ ਹੈ। ਮਿਸਾਲ ਵੱਜੋਂ ‘ਸੂਹੀ ਰਾਗ’ ਮੰਗਲਚਾਰੀ, ਖ਼ੁਸ਼ੀਆਂ ਦਾ ਰਾਗ ਹੈ।, ‘ਬਸੰਤ ਤੇ ਮਲਾਰ’ ਰਾਗ ਰੁੱਤਾਂ ਨਾਲ ਸੰਬੰਧਿਤ ਹਨ। ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮੁੱਖ ਤੌਰ ’ਤੇ 31 ਰਾਗ ਹਨ। ਗੁਰੂ ਨਾਨਕ ਦੇਵ ਜੀ ਗੁਰਮਤਿ ਸੰਗੀਤ ਪ੍ਰਣਾਲੀ ਦੇ ਮੋਢੀ ਹਨ। ਗੁਰਬਾਣੀ ਦੀਆਂ ਇਹ ਪਾਵਨ ਪੰਕਤੀਆਂ ਹਰ ਗੁਰੂ ਦੇ ਰਾਗ ਪ੍ਰਤੀ ਸੰਕਲਪ ਨੂੰ ਉਜਾਗਰ ਕਰਦੀਆਂ ਹਨ, ‘‘ਰਾਗਾ ਵਿਚਿ ਸ੍ਰੀ ਰਾਗੁ ਹੈ; ਜੇ ਸਚਿ ਧਰੇ ਪਿਆਰੁ ॥ (ਮ: ੩/੮੩), ਗਉੜੀ ਰਾਗਿ ਸੁਲਖਣੀ; ਜੇ ਖਸਮੈ ਚਿਤਿ ਕਰੇਇ ॥’’ (ਮ: ੩/੩੧੧) ਜਾਂ ਇੰਜ ਆਖ ਲਈਏ ਕਿ ‘‘ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ! ਜਿਤੁ ਵਸਿਆ ਮਨਿ ਆਇ ॥’’ (ਮ: ੪/੧੪੨੩) ਹੀ ਗੁਰਮਤਿ ਸੰਗੀਤ ਪ੍ਰਣਾਲੀ ਦਾ ਸੰਕਲਪ ਹੈ। ਪੰਜਵੇਂ ਪਾਤਸ਼ਾਹ ਜੀ ਨੇ ਸ਼ਪਸ਼ਟ ਰੂਪ ਵਿੱਚ ਸੰਗੀਤ ਦਾ ਗੁਰਮਤਿ ਆਸ਼ਾ ਉਲੀਕ ਦਿੱਤਾ ਹੈ, ‘‘ਭਲੋ ਭਲੋ ਰੇ ਕੀਰਤਨੀਆ ! ॥ ਰਾਮ ਰਮਾ, ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥ (ਮ: ੫/੮੮੫), ਜੇ ਕੋ, ਅਪਨੇ ਠਾਕੁਰ ਭਾਵੈ ॥ ਕੋਟਿ ਮਧਿ, ਏਹੁ ਕੀਰਤਨੁ ਗਾਵੈ ॥’’ (ਮ: ੫/੮੮੫)
ਗੁਰੂ, ਭਗਤ, ਭੱਟ; ਜਿਨ੍ਹਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ, ਭਗਤੀ ਮੰਡਲ ਦੇ ਵਾਸੀ ਸਨ, ਜਿਨ੍ਹਾਂ ਦਾ ਨਿਵਾਸ ਸਥਾਨ ‘‘ਬੇਗਮਪੁਰਾ, ਸਹਰ ਕੋ ਨਾਉ ॥’’ (ਭਗਤ ਰਵਿਦਾਸ/੩੪੫) ਜਾਂ ‘‘ਨਾਨਕ ! ਬਧਾ ਘਰੁ ਤਹਾਂ, ਜਿਥੈ ਮਿਰਤੁ ਨ ਜਨਮੁ ਜਰਾ ॥’’ (ਮ: ੫/੪੪) ਰਿਹਾ ਹੈ। ਭਗਤੀ ਭਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਰਾਗ ਦੀ ਵਰਤੋਂ ਜ਼ਰੂਰੀ ਸੀ, ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ, ਨਾ ਕਿਸੇ ਪ੍ਰਣਾਲੀ ਦੀ ਨਕਲ ਹੈ, ਨਾ ਹੀ ਇਹ ਭਾਰਤੀ ਹਣਵੰਤ ਜਾਂ ਕ੍ਰਿਸ਼ਨ ਮਾਲਾ ਦੀ ਸੰਗੀਤ ਪ੍ਰਣਾਲੀ ਨਾਲ ਮੇਲ ਖਾਂਦੀ ਹੈ, ਇਹ ਨਿਰੋਲ ਮੌਲਿਕ ਹੈ, ਇਸ ਨੂੰ ਗੁਰਮਤਿ ਸੰਗੀਤ ਪ੍ਰਣਾਲੀ ਹੀ ਕਹਿਣਾ ਵਧੇਰੇ ਢੁੱਕਦਾ ਹੈ।
(ਅ). ਕਾਵਿ ਰੂਪ- ਸਤਿਗੁਰੂ ਜੀ ਲੋਕ ਜੀਵਨ ਨੂੰ ਉਤਸ਼ਾਹ-ਜਨਕ ਤੇ ਗੌਰਵਮਈ ਬਣਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਪ੍ਰਚਲਿਤ ਕਾਵਿ ਰੂਪਾਂ ਤੇ ਭਾਵ ਭੇਦਾਂ ਵਿੱਚ ਹੀ ਰਚਨਾ ਕੀਤੀ, ‘ਬਾਰਹ ਮਾਹਾ, ਪੱਟੀ, ਵਾਰ, ਥਿਤੀ, ਅਲਾਹਣੀਆ, ਗੋਸਟਿ’ ਆਦਿ ਉਸ ਸਮੇਂ ਦੇ ਪ੍ਰਚਲਿਤ ਕਾਵਿ ਰੂਪ ਹਨ। ਸਤਿਗੁਰੂ ਜੀ ਦੀ ਸਾਹਿਤਕ ਪ੍ਰੰਪਰਾ ਵੀ ਜੀਵਨ ਨੂੰ ਉੱਤਮ ਤੇ ਸ੍ਰੇਸ਼ਟ ਬਣਾਉਣ ਲਈ ਹੀ ਹੈ। ਇਸ ਲਈ ਉਨ੍ਹਾਂ ਸਾਰਿਆਂ ਨੇ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਮੂਰਤੀਮਾਨ ਕਰਨ ਲਈ ਉਹੀ ਕਾਵਿ ਰੂਪ ਵਰਤੇ, ਜੋ ਲੋਕਾਂ ਵਿੱਚ ਹਰਮਨ ਪਿਆਰੇ ਸਨ, ਲੋਕ ਜ਼ਿੰਦਗੀ ਦਾ ਹਿੱਸਾ ਸਨ, ਸੋ ਗੁਰੂ ਗ੍ਰੰਥ ਸਾਹਿਬ ਜੀ ਭਾਰਤੀ ਤੇ ਪੰਜਾਬੀ ਕਾਵਿ ਰੂਪ ਦੀ ਪ੍ਰੰਪਰਾ ਨੂੰ ਵੀ ਆਪਣੇ ਵਿੱਚ ਸਾਂਭੀ ਬੈਠੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਇਹ ਵਿਸ਼ੇਸ਼ਤਾ ਹੀ ਹੈ।
(ੲ). ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਛੰਦ ਰੂਪ’-ਇਹ ਰਚਨਾ ਛੰਦ ਬੱਧ ਰਚਨਾ ਹੈ। ਕਵਿਤਾ ਲਈ ਛੰਦ ਇੱਕ ਅਤਿ ਜ਼ਰੂਰੀ ਬੰਧਨ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ‘ਦੁਤੁਕੀਏ ਸਲੋਕ’ ਵੀ ਹਨ ਤੇ 20-20 ਤੁਕਾਂ ਵਾਲੇ ਸਲੋਕ ਵੀ ਲਿਖੇ ਗਏ ਹਨ, ਜਿਨ੍ਹਾਂ ਦੇ ਰਚੇਤਾ, ਛੰਦ, ਸ਼ਾਸਤ੍ਰ ਦੇ ਪੂਰਨ ਗਿਆਨੀ ਸਨ। ਉਦਾਹਰਨ ਵਜੋਂ ‘ਝੋਲਨਾ, ਤਾਟੰਕ, ਤੋਮਰ, ਦੇਵੱਯਾ, ਦੋਹਰਾ, ਪ੍ਰਮਾਣਕਾ, ਪਉੜੀ, ਰਾਧਿਕਾ, ਨਿਸ਼ਾਨੀ, ਰਡ, ਹੰਸਗਤਿ, ਕਜਲ ਗੀਤਾ, ਗੀਤਿਕਾ, ਘਨਾਛਰੀ, ਚੌਪਈ, ਛਪੈ, ਸਿਰਖੰਡੀ, ਸੋਰਠਾ, ਅਸਟਪਦੀ’ ਆਦਿ ਛੰਦ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਹੋਏ ਮੌਜੂਦ ਹਨ। ਉਦਾਹਰਨ ਵਜੋਂ, ‘‘ਸੁਭ ਬਚਨ ਬੋਲਿ, ਗੁਨ ਅਮੋਲ ॥ ਕਿੰਕਰੀ ਬਿਕਾਰ ॥ ਦੇਖੁ ਰੀ ਬੀਚਾਰ ॥ ਗੁਰ ਸਬਦੁ ਧਿਆਇ, ਮਹਲੁ ਪਾਇ ॥ ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥’’ (ਮ: ੫/੧੨੨੯) ਅਸਲ ਵਿੱਚ ਗੁਰਬਾਣੀ ਦੀ ਇਹ ਛੰਦਾ ਬੰਦੀ, ਕਵੀਆਂ ਤੇ ਵਿਦਵਾਨਾਂ ਲਈ ਛੰਦ ਦਿਵਾਕਰ (ਸੂਰਜ) ਦਾ ਰੂਪ ਹੈ।
(ਸ). ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਲੰਕਾਰ ਰੂਪ- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਅਲੰਕਾਰਾਂ ਨਾਲ ਜੜੀ ਤੇ ਸਿੰਗਾਰੀ ਹੋਈ ਹੈ ਗੁਰਬਾਣੀ ਵਿੱਚ ਵਰਤੇ ਅਲੰਕਾਰ ਵਿਸ਼ਾਲ ਅਨੁਭਵ ਨਾਲ ਸੰਬੰਧ ਰੱਖਦੇ ਹਨ। ਸਾਹਿਬ ਜੀ ਦੀ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ (ਆਕਾਰ) ’ਤੇ ਝਾਤ ਮਾਰਦੀ ਸੀ, ਉਨ੍ਹਾਂ ਨੇ ਆਪਣੇ ਭਾਵਾਂ (ਵੀਚਾਰਾਂ) ਨੂੰ ਸਪਸ਼ਟ, ਸੁਹਜਮਈ ਤੇ ਸੰਕੇਤਮਈ ਬਣਾਉਣ ਹਿਤ ਦ੍ਰਿਸਮਾਨ ਵਿੱਚੋਂ ਅਲੰਕਾਰਾਂ ਦੀ ਚੌਣ ਕੀਤੀ, ਵਿਸ਼ੇਸ ਤੌਰ ’ਤੇ ਸਮਾਜਕ ਤੇ ਘਰੋਗੀ ਜ਼ਿੰਦਗੀ ਵਿੱਚੋਂ ਜਿਹੜੇ ਅਲੰਕਾਰ, ਸੰਕੇਤ ਬਿੰਬ ਉਨ੍ਹਾਂ ਚੁਣੇ ਹਨ, ਉਹ ਸਤਿਗੁਰੂ ਜੀ ਦੀ ਸਮਾਜ ਪ੍ਰਤੀ ਵਿਸ਼ਾਲ ਸੂਝ ਦੇ ਲਖਾਇਕ ਹਨ। ਉਦਾਹਰਨ ਵਜੋਂ ਮਨੁੱਖੀ ਹਿਰਦਾ ਜਦੋਂ ਪ੍ਰਭੂ ਪਤੀ ਨੂੰ ਆਪਣੇ ‘ਘਰਿ ਆਇਆ’ ਅਨੁਭਵ ਕਰੇ ਤਾਂ ਉਸ ਅਵਸਥਾ ਨੂੰ ਸਾਹਿਬ ਜੀ ਨੇ ਇਵੇਂ ਸ਼ਿੰਗਾਰਿਆ ਹੈ, ‘‘ਆਂਗਨਿ ਮੇਰੈ, ਸੋਭਾ ਚੰਦ ॥ ਨਿਸਿ ਬਾਸੁਰ, ਪ੍ਰਿਅ ਸੰਗਿ ਅਨੰਦ ॥੨॥ ਬਸਤ੍ਰ ਹਮਾਰੇ ਰੰਗਿ ਚਲੂਲ ॥ ਸਗਲ ਆਭਰਣ ਸੋਭਾ ਕੰਠਿ ਫੂਲ ॥’’ (ਮ: ੫/੩੭੨) ਜਾਂ ‘‘ਲਬੁ ਅਧੇਰਾ ਬੰਦੀਖਾਨਾ, ਅਉਗਣ ਪੈਰਿ ਲੁਹਾਰੀ ॥੩॥ ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪੁ ਕਰੇ ਕੁੋਟਵਾਰੀ ॥’’ (ਮ: ੧/੧੧੯੧) ਦੇ ਸੰਕੇਤ ਰਾਹੀਂ ਸਾਡੀ ਹਾਲਤ ਨੂੰ ਅਲੰਕ੍ਰਿਤ ਕੀਤਾ ਹੈ। ਉਪਮਾ ਅਲੰਕਾਰ ਲਈ ਸਾਹਿਬ ਦੀ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ ਵੱਲ ਤੱਕਦੀ ਹੈ। ਕ੍ਰਿਸਾਨੀ ਜ਼ਿੰਦਗੀ ਵਿੱਚੋਂ ਕਿਵੇਂ ਜੀਵਨ ਜਾਚ ਬਖ਼ਸ਼ਦੇ ਹਨ, ‘‘ਕਰ ਹਰਿਹਟ ਮਾਲ ਟਿੰਡ ਪਰੋਵਹੁ, ਤਿਸੁ ਭੀਤਰਿ ਮਨੁ ਜੋਵਹੁ ॥ ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ, ਤਉ ਮਾਲੀ ਕੇ ਹੋਵਹੁ ॥’’ (ਮ: ੧/੧੧੭੧) ਅਕਾਸ਼ੀ ਅਲੰਕਾਰ ਦੀ ਸਮੱਗਰੀ ਰਾਹੀਂ ਫ਼ੁਰਮਾਇਆ, ‘‘ਨਾਨਕ ! ਬਿਜੁਲੀਆ ਚਮਕੰਨਿ, ਘੁਰਨਿ੍ ਘਟਾ ਅਤਿ ਕਾਲੀਆ ॥ ਬਰਸਨਿ ਮੇਘ ਅਪਾਰ, ਨਾਨਕ ! ਸੰਗਮਿ ਪਿਰੀ ਸੁਹੰਦੀਆ ॥’’ (ਮ: ੫/੧੧੦੨)
ਸਤਿਗੁਰੂ ਜੀ ਦੀ ਪ੍ਰਕ੍ਰਿਤੀ ਪ੍ਰਤੀ ਵਿਸ਼ਾਲ ਦ੍ਰਿਸ਼ਟੀ ਦਾ ਅੰਦਾਜ਼ਾ ਲਗਾਓ, ‘‘ਊਨਵਿ ਘਨਹਰੁ ਗਰਜੈ ਬਰਸੈ, ਕੋਕਿਲ ਮੋਰ ਬੈਰਾਗੈ ॥ ਤਰਵਰ ਬਿਰਖ ਬਿਹੰਗ ਭੁਇਅੰਗਮ, ਘਰਿ ਪਿਰੁ ਧਨ ਸੋਹਾਗੈ ॥’’ (ਮ: ੧/੧੧੯੭) ਰੂਪਕ ਅਲੰਕਾਰ ਰਾਹੀਂ ਦ੍ਰਿਸ਼ਮਾਨ ਵਿੱਚੋਂ ਆਪਣੇ ਪਿਆਰੇ ਦੀ ਰਚਨਾ ਦਾ ਕਮਾਲ ਇੰਜ ਰੂਪਮਾਨ ਕੀਤਾ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ, ਜਨਕ ਮੋਤੀ ॥’’ (ਮ: ੧/੧੩) ਇਸ ਤਰ੍ਹਾਂ ਡਾ. ਗੋਪਾਲ ਸਿੰਘ ਜੀ ਦੇ ਸ਼ਬਦਾਂ ਵਿੱਚ ਇਹ ਇੱਕ ਪਰਮ ਸੱਚ ਹੈ ਕਿ ਗੁਰੂ ਜੀ ਨੇ ਰੂਪਕ ਅਲੰਕਾਰ ਵਰਤਿਆ ਹੈ ਤਾਂ ਨਿਰਾ ਉਪਮਾਨ ਤੇ ਉਪਮੇਯ ਨੂੰ ਅਭੇਦ ਕਰਨ ਲਈ ਹੀ ਨਹੀਂ ਸਗੋਂ ਕਿਸੇ ਆਤਮਕ ਤਜਰਬੇ ਦਾ ਚਿੱਤਰ ਖਿੱਚਣ ਲਈ ਵਰਤਿਆ ਹੈ, ਅਜਿਹੀ ਅਲੰਕਾਰੀ ਵਿਸ਼ੇਸ਼ਤਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵਿੱਚੋਂ ਹੀ ਢੂੰਢੀ ਜਾ ਸਕਦੀ ਹੈ।
(ਹ) ਗੁਰੂ ਗ੍ਰੰਥ ਸਾਹਿਬ ਅੰਦਰ ਅਖਾਣ ਜਾਂ ਮੁਹਾਬਰਾ ਭੰਡਾਰ- ਕਿਸੇ ਵੀ ਸਾਹਿਤ ਵਿੱਚ ਅਖਾਣ ਤੇ ਮੁਹਾਵਰੇ ਇੱਕ ਵਿਸ਼ੇਸ਼ ਥਾਂ ਰੱਖਦੇ ਹਨ ਅਖਾਣਾਂ, ਮੁਹਾਵਰਿਆਂ ਵਿੱਚ ਕਿਸੇ ਭਾਸ਼ਾ ਜਾਂ ਰਚਨਾ ਦਾ ਪੂਰਾ ਵਿਕਸਿਤ ਰੂਪ ਦਰਸ਼ਨ ਦਿੰਦਾ ਹੈ। ਅਖਾਣਾਂ ਦੀ ਸੰਖੇਪਤਾ ਤੇ ਸੁਚੱਜੀ ਸ਼ਬਦ ਚੋਣ ਅਤਿ ਕਲਾਤਮਿਕ ਹੁੰਦੀ ਹੈ। ਇੱਕ ਜਾਂ ਦੋ ਵਾਕਾਂ ਰਾਹੀਂ ਜੀਵਨ ਦੇ ਕਿਸੇ ਸਾਰ ਤੱਤ ਨੂੰ ਕੁੱਜੇ ਵਿੱਚ ਸਮੁੰਦਰ ਵਾਂਗ ਬੰਦ ਕੀਤਾ ਹੁੰਦਾ ਹੈ। ਪੜ੍ਹਨ, ਸੁਣਨ ਵਾਲਾ ਵੀ ਅਖਾਣ ਅੱਗੇ ਨਿਰੁਤਰ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚ ਵਿਸ਼ਾਲ ਜੀਵਨ, ਤਜਰਬੇ, ਸਿਆਣਪ ਅਤੇ ਦੂਰ ਦ੍ਰਿਸ਼ਟੀ ’ਤੇ ਆਧਾਰਿਤ ਅਨਮੋਲ ਸਚਾਈਆਂ ਭਰੀਆਂ ਹੁੰਦੀਆਂ ਹਨ, ਜੋ ਮਨੁੱਖਤਾ ਨੂੰ ਕਦਮ-ਕਦਮ ’ਤੇ ਸੇਧ ਪ੍ਰਦਾਨ ਕਰਦੀਆਂ ਹਨ। ਅਖਾਣ ਤੇ ਮੁਹਾਵਰੇ; ਭਾਸ਼ਾ ਤੇ ਵੀਚਾਰ ਨੂੰ ਸ਼ਿੰਗਾਰਨ ਤੇ ਉਸ ਦੇ ਪ੍ਰਭਾਵ ਨੂੰ ਤੇਜ਼ ਕਰਨ ਵਿੱਚ ਸਹਾਈ ਹੁੰਦੇ ਹਨ। ਗੁਰਬਾਣੀ ਵਿੱਚੋਂ ਕੁਝ ਉਦਾਹਰਨਾਂ ਰੱਖਣ ਦਾ ਯਤਨ ਹੈ, ‘‘ਕਥਨਾ ਕਥੀ, ਨ ਆਵੈ ਤੋਟਿ ॥ (ਜਪੁ), ਸਚੈ ਮਾਰਗਿ ਚਲਦਿਆ, ਉਸਤਤਿ ਕਰੇ ਜਹਾਨੁ ॥ (ਮ: ੫/੧੩੬), ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ ॥ (ਮ: ੫/੧੩੫), ਮੂਰਖ ਗੰਢੁ ਪਵੈ, ਮੁਹਿ ਮਾਰ ॥ (ਮ: ੧/੧੪੩), ਮੂਰਖੈ ਨਾਲਿ ਨ ਲੁਝੀਐ ॥ (ਮ: ੧/੪੭੩), ਮਿਠਤੁ ਨੀਵੀ ਨਾਨਕਾ ! ਗੁਣ ਚੰਗਿਆਈਆ ਤਤੁ ॥ (ਮ: ੧/੪੭੦), ਨਾਲਿ ਇਆਣੇ ਦੋਸਤੀ, ਕਦੇ ਨ ਆਵੈ ਰਾਸਿ ॥ (ਮ: ੨/੪੭੪), ਵਿਦਿਆ ਵੀਚਾਰੀ ਤਾਂ, ਪਰਉਪਕਾਰੀ ॥ (ਮ: ੧/੩੫੬), ਭਗਤਾ ਕੀ ਚਾਲ ਨਿਰਾਲੀ ॥ (ਮ: ੩/੯੧੮), ਬਹੁਤਾ ਬੋਲਣੁ, ਝਖਣੁ ਹੋਇ ॥ (ਮ: ੧/੬੬੧), ਆਦਿ ਹਜ਼ਾਰਾਂ ਅਨਮੋਲ ਬਚਨ ਇਸ ਰੂਪ ਵਿੱਚ ਸੁਭਾਇਮਾਨ ਹਨ, ਜੋ ‘‘ਜਿਥੈ ਬੋਲਣਿ ਹਾਰੀਐ, ਤਿਥੈ ਚੰਗੀ ਚੁਪ ॥’’ (ਮ: ੧/੧੪੯) ਜਾਂ ‘‘ਨਾਨਕ ! ਦੁਖੀਆ ਸਭੁ ਸੰਸਾਰੁ ॥’’ (ਮ: ੧/੯੫੪) ਦੇ ਰੂਪ ਵਿੱਚ ਲੋਕ ਬੋਲੀ ਦਾ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਗੁਰਬਾਣੀ ਵਿੱਚ ਆਏ ਅਖਾਣਾ ਜਾਂ ਮੁਹਾਵਰਿਆਂ ਦੀ ਸਿੱਖਿਆ ਵਿਸ਼ਵ ਪੱਧਰੀ ਹੈ, ਇਹ ਮਨੁੱਖਤਾ ਨੂੰ ਸੰਕੀਰਨ ਦ੍ਰਿਸ਼ਟੀ ਕੋਣ ਬਦਲ ਕੇ ਵਿਸ਼ਵ ਦ੍ਰਿਸ਼ਟੀਕੋਣ ਬਣਾ ਕੇ ‘‘ਕੁਦਰਤਿ ਕੇ ਸਭ ਬੰਦੇ ॥ (ਭਗਤ ਕਬੀਰ/੧੩੪੯) ਦੇ ਅਮੋਲ ਸਿਧਾਂਤ ਨੂੰ ਸਮਝਣ ਲਈ ਪ੍ਰੇਰਦੀ ਹੈ।
(ਕ). ਗੁਰਬਾਣੀ ਵਿੱਚ ਰਸ ਰੂਪ- ਬੇ-ਰਸੀ ਕੋਈ ਵਸਤੂ ਮਨੁੱਖਤਾ ਵਿੱਚ ਪਸੰਦ ਨਹੀਂ। ਵਿਦਿਆ ਦੇ ਖੇਤਰ ਵਿੱਚ ਵੀ ਰਚੇਤਾਰਸ ਭਰਨ ਲਈ ਤਤਪਰ ਰਹਿੰਦਾ ਹੈ। ਖ਼ਾਸ ਕਰ ਕੇ ਕਾਵਿ ਰਚਨਾ ਲਈ ਨੌ ਰਸ ਮੰਨੇ ਜਾਂਦੇ ਹਨ; ਜਿਵੇਂ ‘ਸਾਂਤ, ਸ਼ਿੰਗਾਰ, ਕਰੁਣਾ, ਭਯਾਨਕ, ਰੌਦ੍ਰ, ਬੀਰ, ਅਦਭੁਤ, ਹਾਸ ਤੇ ਬੀਭਤਸ ਰਸ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਰੇ ਰਸ ਮੌਜੂਦ ਹਨ; ਜਿਵੇ ‘‘ਹਰਿ ਅੰਮ੍ਰਿਤ ਭਿੰਨੇ ਲੋਇਣਾ.. ॥’’
(ਮ: ੪/੪੪੮) ਸ਼ਾਤ ਰਸ ਹੈ।, ‘‘ਮਨੁ ਮੋਤੀ ਜੇ ਗਹਣਾ ਹੋਵੈ.. ॥’’ (ਮ: ੧/੩੫੯) ਸ਼ਿੰਗਾਰ ਰਸ ਹੈ।, ‘‘ਨੈਣੀ ਮੇਰੇ ਪਿਆਰਿਆ ! ਨੈਣੀ ਮੇਰੇ ਗੋਵਿਦਾ ! ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥ ਮੇਰਾ ਮਨੁ ਤਨੁ ਬਹੁਤੁ ਬੈਰਾਗਿਆ, ਮੇਰੇ ਗੋਵਿੰਦਾ ! ਹਰਿ ਬਾਝਹੁ ਧਨ ਕੁਮਲੈਣੀ ਜੀਉ ॥’’ (ਮ: ੪/੧੭੪), ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥’’ (ਮ: ੫/੮੩੦) ਕਰੁਣਾ ਰਸ ਦੇ ਪ੍ਰਤੀਕ ਹਨ।, ‘‘ਪਾਪ ਕਮਾਵਦਿਆ, ਤੇਰਾ ਕੋਇ ਨ ਬੇਲੀ ਰਾਮ ॥’’ (ਮ: ੫/੫੪੬) ਭਯਾਨਕ ਰਸ ਹੈ।, ਰੌਦ੍ਰ ਰਸ ਨੂੰ ‘‘ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ ॥’’ (ਮ: ੧/੩੬੦) ਰਾਹੀਂ ਰੂਪਮਾਨ ਕਰਦੇ ਹਨ।, ‘‘ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਕਹਿ ਕੇ ਮਨੁੱਖੀ ਜੀਵਨ ਵਿੱਚ ਬੀਰ ਰਸ ਭਰਦੇ ਹਨ।, ‘‘ਹਉ ਬਿਸਮੁ ਭਈ ਜੀ ! ਹਰਿ ਦਰਸਨੁ ਦੇਖਿ ਅਪਾਰਾ ॥ ਮੇਰਾ ਸੁੰਦਰੁ ਸੁਆਮੀ ਜੀ ! ਹਉ ਚਰਨ ਕਮਲ ਪਗ ਛਾਰਾ ॥’’ (ਮ: ੫/੭੮੪) ਬਿਸਮਾਦੀ ਬਚਨ ਹਨ।, ‘‘ਧੋਤੀ ਖੋਲਿ, ਵਿਛਾਏ ਹੇਠਿ ॥ ਗਰਧਪ ਵਾਂਗੂ, ਲਾਹੇ ਪੇਟਿ ॥’’ (ਮ: ੫/੨੦੧) ਹਾਸ ਰਸ ਹੈ।, ‘‘ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ, ਪਾਣੀ ਦੇਖਿ ਸਗਾਹੀ ॥’’ (ਮ: ੧/੧੪੯) ਜਾਂ ‘‘ਹਰਿ ਕੇ ਨਾਮ ਬਿਨਾ, ਸੁੰਦਰਿ ਹੈ ਨਕਟੀ ॥’’ (ਮ: ੪/੫੨੮), ਆਦਿ ਬੀਭਤਸ ਜਾਂ ਘ੍ਰਿਣਾਤਮਿਕ ਵੀਚਾਰ ਹਨ।
(ਖ). ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਸ਼ਾ ਸਰੂਪ- ਭਾਸ਼ਾ ਵਿਗਿਆਨ ਦੇ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਸ਼ਾਈ ਦ੍ਰਿਸ਼ਟੀ ਕੋਣ ਬੜਾ ਮਹੱਤਵ ਪੂਰਨ ਹੈ। ਵਿਸ਼ਵ ਭਰ ਵਿੱਚ ਕੋਈ ਵੀ ਅਜਿਹਾ ਗ੍ਰੰਥ ਨਹੀਂ ਜਿਸ ਵਿੱਚ ਵੱਖ-ਵੱਖ ਪ੍ਰਾਂਤਕ ਬੋਲੀਆਂ ਨੂੰ ਸਥਾਨ ਪ੍ਰਾਪਤ ਹੋਵੇ। ਟਰੰਪ ਦਾ ਕਥਨ ਠੀਕ ਹੈ The Chief Importance of the Sikh Granth (Adigranth) Lies in the Linguistic line as being the treasury of old hindu idialeets. (Introduction to the Adi Granth by Dr. Trump.) ਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਭਾਸ਼ਾਈ ਖੇਤਰ ਵਿੱਚ ਹੈ। ਪ੍ਰਾਚੀਨ ਹਿੰਦਵੀ ਉਪ ਭਾਸ਼ਾਵਾਂ ਦਾ ਖ਼ਜ਼ਾਨਾ ਹੋਣ ਕਰ ਕੇ ਇਹ ਰਚਨਾ ਮੱਧ ਕਾਲੀਨ ਦੀਆਂ ਪੰਜਾਬ ਭਾਰਤੀ ਭਾਸ਼ਾਵਾਂ ਦਾ ਇੱਕ ਸਾਂਝਾ ਗ੍ਰੰਥ ਹੈ। ਗੁਰੂ ਸਾਹਿਬਾਨ, ਭਗਤ, ਭੱਟ, ਬਲਵੰਡ, ਸੱਤਾ ਅਤੇ ਸੁੰਦਰ ਜੀ ਪੰਜਾਬ ਅਤੇ ਵੱਖ-ਵੱਖ ਪ੍ਰਾਂਤਾ ਦੇ ਵਾਸੀ ਹਨ। ਆਮ ਧਾਰਨਾ ਹੈ ਕਿ ਬਾਰ੍ਹਾਂ ਕੋਹ ’ਤੇ ਬੋਲੀ ਬਦਲ ਜਾਂਦੀ ਹੈ। ਵਿਦਵਾਨਾਂ ਦੀ ਰਾਏ ਅਨੁਸਾਰ ਅੱਜ ਤੱਕ ਬਾਰ੍ਹਾਂ ਬੋਲੀਆਂ ਗੁਰਬਾਣੀ ਵਿੱਚੋਂ ਲੱਭੀਆਂ ਜਾ ਚੁੱਕੀਆਂ ਹਨ। ਭਾਸ਼ਾ, ਆਪਣੇ ਆਲੇ ਦੁਆਲੇ ਦੀ ਬੋਲ ਚਾਲ ਤੋਂ ਜਨਮ ਲੈਂਦੀ ਹੈ। ਭੱਟ ਆਪਣੀ ਬ੍ਰਾਹਮਣੀ ਪੱਧਰ ’ਤੇ ਸੰਸਕ੍ਰਿਤ, ਅਪਭਰੰਸ਼ਾਂ, ਪੰਜਾਬੀ, ਹਿੰਦੀ, ਮਰਾਠੀ, ਸਿੰਧੀ ਤੇ ਬ੍ਰਿਜ ਦੀ ਸ਼ਬਦਾਵਲੀ ਇਸ ਰਚਨਾ ਵਿੱਚ ਮੌਜੂਦ ਹੈ, ਇਸ ਲਈ ਹਰ ਭਾਸ਼ਾ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦਾ ਲਾਭ ਲੈ ਸਕਦਾ ਹੈ। ਪੰਜਾਬੀ ਰਚੇਤਾ ਨਿਰੋਲ ਪੰਜਾਬੀ ਭਾਸ਼ਾ ਰਾਹੀਂ ਵੀ ਬਖ਼ਸ਼ਸ਼ ਕਰਦੇ ਹਨ, ਉਨ੍ਹਾਂ ਦੀ ਰਚਨਾ ਵਿੱਚ ਪ੍ਰਧਾਨ ਰੰਗ ਪੰਜਾਬੀ ਹੀ ਹੈ। ਉਦਾਹਰਨ ਵਜੋਂ, ‘‘ਬਿਰਖੈ ਹੇਠਿ ਸਭਿ ਜੰਤ ਇਕਠੇ ॥ ਇਕਿ ਤਤੇ, ਇਕਿ ਬੋਲਨਿ ਮਿਠੇ ॥ ਅਸਤੁ ਉਦੋਤੁ ਭਇਆ, ਉਠਿ ਚਲੇ, ਜਿਉ ਜਿਉ ਅਉਧ ਵਿਹਾਣੀਆ ॥’’ (ਮ: ੫/੧੦੧੯)
ਇਸ ਲਈ ਵੱਖੋ-ਵੱਖ ਭਾਸ਼ਾਵਾਂ ਦੇ ਪ੍ਰਭਾਵ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭੇ ਜਾ ਸਕਦੇ ਹਨ। ਭਾਸ਼ਾ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਡੱਪਣਤਾ ਹੈ ਕਿ ਇੱਕ ਇੱਕ ਸ਼ਬਦ ਬੜਾ ਸੋਚ-ਸਮਝ ਕੇ ਤੋਲ ਅਤੇ ਤੁਕਾਂਤ ਮਿਲਾ ਕੇ ਬੀੜਿਆ ਹੋਇਆ ਹੈ। ਮਿਸਾਲ ਲਈ ਵੇਖੋ ‘‘ਖੰਭ ਵਿਕਾਂਦੜੇ ਜੇ ਲਹਾਂ, ਘਿੰਨਾ ਸਾਵੀ ਤੋਲਿ ॥ ਤੰਨਿ ਜੜਾਂਈ ਆਪਣੈ, ਲਹਾਂ ਸੁ ਸਜਣੁ ਟੋਲਿ ॥’’ (ਮ: ੫/੧੪੨੬)
ਭਾਸ਼ਾ ਵਿੱਚ ਭਾਰਤੀ ਵਿਆਕਰਨ ਕਦੇ ਵੀ ਇੱਕ ਨਹੀਂ ਹੋ ਸਕਿਆ। ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰਨਕ ਏਕਤਾ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਸਤਾਦੀ ਹੱਥ ਲੱਗਾ ਹੋਇਆ ਹੈ। ਸਾਰੰਸ਼ ਰੂਪ ਵਿੱਚ ਇਹ ਕਹਿਣਾ ਠੀਕ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਤਕ ਖੇਤਰ ਵਿੱਚ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਭਾਰਤ ਦੀਆਂ ‘ਰਾਗ, ਕਾਵਿ, ਛੰਦ ਅਲੰਕਾਰ, ਰਸ ਤੇ ਭਾਸ਼ਾ’ ਦੀਆਂ ਅਨੇਕਾਂ ਪ੍ਰੰਪਰਾਵਾਂ ਨੂੰ ਆਪਣੇ ਆਪ ਵਿੱਚ ਸਾਂਭੀ ਬੈਠੇ ਹਨ। ਡੰਕਨ ਗ੍ਰੀਨ ਲੀਜ ਦੇ ਕਹਿਣ ਵਿੱਚ ਸਿਖਰਾਂ ਦਾ ਸੱਚ ਹੈ- Among the World’s Scriptures few if any attain So high a Literary Level or so Constant a hight of in Spiration. (The Gospel of the Guru Granth Sahib by Duncan Green lees.) ਭਾਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੁਨਿਆਦੀ ਤੌਰ ’ਤੇ ਅਨੁਭਵੀ ਗਿਆਨ ਦਾ ਅਨੂਪਮ ਅਮੁਕ ਭੰਡਾਰ ਹਨ। ਸਾਹਿਤਕ ਖ਼ੁਬਸੂਰਤੀ ਵਿਸ਼ਵ ਦੀਆਂ ਗ੍ਰੰਥ ਰਚਨਾਵਾਂ ਵਿੱਚੋਂ ਸਭ ਤੋਂ ਵੱਧ ਤੇ ਵਿਸ਼ੇਸ਼ ਹੈ, ਜੋ ਪੂਰੇ ਵਿਸ਼ਵ ਪੱਧਰ ’ਤੇ ਅਟੱਲ ਸੱਚਾਈ ਹੈ।