ਗੁਰੂ ਅੰਗਦ ਦੇਵ ਜੀ
ਗਿਆਨੀ ਅਵਤਾਰ ਸਿੰਘ
ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਪਾਤਸਾਹ ਹੋਏ ਹਨ। ਇਹਨਾਂ ਦਾ ਪਹਿਲਾ ਨਾਮ ‘ਭਾਈ ਲਹਿਣਾ’ ਜੀ ਸੀ।
ਜਨਮ: 31 ਮਾਰਚ 1504 (ਵੈਸਾਖ ਵਦੀ 1, 5 ਵੈਸਾਖ ਸੰਮਤ 1561)
ਜਨਮ ਸਥਾਨ: ਮੱਤੇ ਦੀ ਸਰਾਂ (ਸਰਾਈਂ ਨਾਗਾ), ਜੋ ਮੁਕਤਸਰ ਤੋਂ 12 ਕਿਲੋਮੀਟਰ ਹੈ।
ਮਾਤਾ-ਪਿਤਾ: ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਨਾਂ ਮਾਤਾ ਦਯਾ ਜੀ (ਜਿੰਨ੍ਹਾਂ ਨੂੰ ਮਾਤਾ ਰਾਮੋ ਵੀ ਕਿਹਾ ਜਾਂਦਾ ਹੈ) ਅਤੇ ਪਿਤਾ ਜੀ ਦਾ ਨਾਂ ਬਾਬਾ ਫੇਰੂ ਮੱਲ ਜੀ ਅਤੇ ਦਾਦਾ ਜੀ ਦਾ ਨਾਂ ਨਰਾਇਣ ਦਾਸ ਤਰੇਹਣ ਜੀ ਸਨ।
ਸੁਪਤਨੀ: ਗੁਰੂ ਅੰਗਦ ਦੇਵ ਜੀ ਦਾ ਵਿਆਹ ਸੰਨ 1520 ਈ: ਵਿੱਚ ਬੀਬੀ ਖੀਵੀ ਜੀ, ਜੋ ਕਿ ਖਡੂਰ ਦੇ ਨਾਲ ਲਗਦੇ ਪਿੰਡ ਸੰਘਰ ਦੇ ਰਹਿਣ ਵਾਲੇ ਸਨ, ਨਾਲ ਹੋਇਆ।
ਸੰਤਾਨ: ਗੁਰੂ ਅੰਗਦ ਦੇਵ ਜੀ ਦੇ ਗ੍ਰਹਿ 4 ਬੱਚੇ ਸਨ, ਜਿਨ੍ਹਾਂ ਵਿੱਚੋਂ ਦੋ ਪੁੱਤਰ ਦਾਸ ਜੀ (ਦਾਸੂ ਜੀ) ਸੰਨ 1524 ਨੂੰ ਸੰਘਰ ਵਿਖੇ ਤੇ ਦਾਤ ਜੀ (ਦਾਤੂ ਜੀ) ਸੰਨ 1537 ਨੂੰ ਖਡੂਰ ਵਿਖੇ ਪੈਦਾ ਹੋਏ। ਦੋ ਸਪੁੱਤਰੀਆਂ ਬੀਬੀ ਅਮਰੋ ਜੀ ਸੰਨ 1526 ’ਚ ਤੇ ਬੀਬੀ ਅਨੋਖੀ ਜੀ ਸੰਨ 1535 ’ਚ ਪੈਦਾ ਹੋਈਆਂ।
ਗੁਰੂ ਨਾਨਕ ਦੇਵ ਜੀ ਨਾਲ ਮੇਲ: ਇਕ ਵਾਰ ਕੁਝ ਜੋਗੀਆਂ ਤੇ ਸਿੱਧਾਂ ਨਾਲ ਸੰਗ ਵਿਚ ਹੋਈ ਚਰਚਾ ਸਮੇਂ ਨਾਨਕ ਤਪੇ ਬਾਰੇ ਸੁਣਿਆ। ਫਿਰ ਬਾਈ ਜੋਧ ਜੋ ਸੰਘਰ ਦੇ ਵਾਸੀ ਸਨ ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ, ਜਦ ਉਹ ਪਿੰਡ ਆਏ ਤਾਂ ਉਨ੍ਹਾਂ ਦੇ ਮੁੱਖੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣੀ। ਗੁਰੂ ਨਾਨਕ ਸਾਹਿਬ ਦੇ ਦਰਸਨਾਂ ਦੀ ਤਾਂਘ ਪ੍ਰਬਲ ਹੋ ਗਈ ਤੇ ਜਵਾਲਾ ਮੁਖੀ ਦੇ ਰਾਹ ਜਾਂਦੇ ਹੋਏ ਕਰਤਾਰਪੁਰ ਗੁਰੂ ਸਾਹਿਬ ਦੇ ਦਰਸਨ ਕਰਨ ਲਈ ਆ ਗਏ।
ਗੁਰਗੱਦੀ: ਭਾਈ ਲਹਿਣਾ ਜੀ ਨੂੰ 2 ਸਤੰਬਰ 1539 ਨੂੰ ਦੂਸਰੀ ਨਾਨਕ ਜੋਤਿ ਗੁਰੂ, ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਗੁਰਗੱਦੀ ਮਿਲੀ।
ਕਾਰਜ: ਸੇਵਾ, ਸ਼ਰਧਾ, ਸਮਰਪਣ ਤੇ ਭਗਤੀ ਭਾਵ ਦੇ ਪੁੰਜ, ਭਾਈ ਲਹਿਣਾ ਜੀ ਨੇ ਗੁਰੂ ਅੰਗਦ ਰੂਪ ਵਿਚ ਗੁਰੂ ਨਾਨਕ ਸਾਹਿਬ ਦੇ ਨਿਆਰੇ ਤੇ ਨਿਰਮਲ ਪੰਥ ਨੂੰ ਅਗਾਂਹ ਚਲਾਉਣ ਲਈ ਪੂਰਨ ਪ੍ਰਤਿਬੱਧਤਾ ਨਾਲ ਸਿੱਖ ਧਰਮ ਦੀ ਸਥਾਪਤੀ ਤੇ ਵਿਕਾਸ ਵਿਚ ਅਹਿਮ ਆਰੰਭਿਕ ਭੂਮਿਕਾ ਨਿਭਾਈ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਸੰਭਾਲ, ਗੁਰਮੁਖੀ ਲਿਪੀ ਦੇ ਵਿਕਾਸ ਤੇ ਸਿਖਲਾਈ ਕਾਰਜ ਕੀਤਾ। ਬੱਚਿਆਂ ਨੂੰ ਸਿੱਖਿਆ ਦੇਣ ਲਈ ਕਾਇਦੇ ਬਣਵਾਏ।
ਗੁਰੂ ਅੰਗਦ ਦੇਵ ਜੀ ਨੇ ‘ਗੁਰੂ ਕਾ ਲੰਗਰ’ ਦੀ ਪ੍ਰਥਾ ਨੂੰ ਵਧੇਰੇ ਪ੍ਰਚੱਲਿਤ ਕੀਤਾ। ਲੋਕਾਂ ਵਿੱਚ ਸਿੱਖਿਆ ਦੇ ਰੁਝਾਨ ਨੂੰ ਵਿਕਸਤ ਕਰਨ ਲਈ ਗੁਰੂ ਅੰਗਦ ਦੇਵ ਜੀ ਨੇ ਕਈ ਸਕੂਲ ਖੁਲ੍ਹਵਾਏ ਅਤੇ ਸਿੱਖਿਆ ਦਾ ਪ੍ਰਸਾਰ ਕੀਤਾ।
ਜਿੱਥੇ ਗੁਰੂ ਜੀ ਨੇ ਮਾਨਸਿਕ ਕਮਜੋਰੀ ਨੂੰ ਬਾਣੀ ਨਾਲ ਦੂਰ ਕਰਨ ਦਾ ਯਤਨ ਕੀਤਾ ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਣ ਲਈ ਘੋਲਾਂ ਦੀ ਖੇਡ ਨੂੰ ਉਤਸਾਹਿਤ ਕਰਨ ਲਈ ‘ਮੱਲ ਅਖਾੜੇ’ ਵੀ ਸਥਾਪਨਾ ਕੀਤੇ।
ਗੁਰੂ ਘਰ ਦੀ ਸਬਦ ਕੀਰਤਨ ਪਰੰਪਰਾ ਦੇ ਵਿਕਾਸ ਵਿਚ ਵੀ ਆਪ ਜੀ ਦਾ ਮਹੱਤਵਪੂਰਨ ਯੋਗਦਾਨ ਰਿਹਾ।
ਬਾਣੀ ਰਚਨਾ: ਗੁਰੂ ਅੰਗਦ ਸਾਹਿਬ ਜੀ ਨੇ 63 ਸਲੋਕਾਂ ਦੀ ਰਚਨਾ ਕੀਤੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੁਰੂ ਅੰਗਦ ਦੇਵ ਜੀ ਨੇ ਮਹਲਾ 2 ਸਿਰਲੇਖ ਹੇਠ 9 ਰਾਗਾਂ ਅਧੀਨ ਬਾਣੀ ਉਚਾਰੀ। ਆਪ ਜੀ ਨੇ ਰਾਗ ਸਿਰੀ ਅਧੀਨ 2 ਸਲੋਕ (ਗੁਰੂ ਗ੍ਰੰਥ ਸਾਹਿਬ, ਪੰਨਾ 83-89); ਰਾਗ ਮਾਝ ਅਧੀਨ 12 ਸਲੋਕ, (ਪੰਨਾ 138-150); ਰਾਗ ਆਸਾ ਅਧੀਨ 15 ਸਲੋਕ (ਪੰਨਾ 463-475); ਰਾਗ ਸੋਰਠ ਅਧੀਨ ਇਕ ਸਲੋਕ (ਪੰਨਾ 653); ਰਾਗ ਸੂਹੀ ਅਧੀਨ 11 ਸਲੋਕ, (ਪੰਨਾ 787-792); ਰਾਗ ਰਾਮਕਲੀ ਅਧੀਨ 7 ਸਲੋਕ (ਪੰਨਾ 954-955); ਰਾਗ ਮਾਰੂ ਅਧੀਨ 1 ਸਲੋਕ (ਪੰਨਾ 1093); ਰਾਗ ਸਾਰੰਗ ਅਧੀਨ 9 ਸਲੋਕ (ਪੰਨਾ 1237-1245); ਰਾਗ ਮਲਾਰ ਅਧੀਨ 5 ਸਲੋਕ (ਪੰਨਾ 1279-1290) ਦੀ ਰਚਨਾ ਕੀਤੀ।
ਸਬਦ ਕੀਰਤਨ ਤੇ ਕੀਰਤਨ ਚੌਂਕੀਆਂ ਦਾ ਵਿਕਾਸ: ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਸਮੇਂ ਜਲੰਦੇ ਜਗਤ ਨੂੰ ਤਾਰਨ ਅਤੇ ਲੋਕਾਈ ਨੂੰ ਸੋਧਣ ਹਿੱਤ ਭਾਈ ਮਰਦਾਨਾ ਦੇ ਰਬਾਬ ਦੀ ਮਧੁਰ ਝਨਕਾਰ ਵਿਚ ਸਬਦਾਂ ਦਾ ਇਲਾਹੀ ਕੀਰਤਨ ਕੀਤਾ। ਇਸ ਸਬਦ ਕੀਰਤਨ ਤੋਂ ਸਿੱਖ ਧਰਮ ਦੀ ਵਰਤਮਾਨ ਸੁਤੰਤਰ ਦੇ ਮੌਲਿਕ ਸੰਗੀਤ ਪਰੰਪਰਾ ‘ਗੁਰਮਤਿ ਸੰਗੀਤ’ ਦਾ ਉਦੈ ਹੋਇਆ। ਉਪਰੰਤ ਇਸ ਕੀਰਤਨ ਦੀ ਧਰਮਸਾਲ ਵਿਚ ਮਰਿਆਦਤ ਰੂਪ ਵਿਚ ਸਥਾਪਤੀ ਲਈ ਕਰਤਾਰਪੁਰ ਸਾਹਿਬ ਵਿਖੇ ਸਬਦ ਕੀਰਤਨ ਦੀ ਰੀਤ ਚਲਾਈ ਗਈ।
ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਦੁਆਰਾ ਆਰੰਭ ਕੀਤੀ ਗੁਰੂ ਘਰ ਦੀ ਕੀਰਤਨ ਪਰੰਪਰਾ ਦੇ ਨਿਰੰਤਰ ਵਿਵਹਾਰਕ ਪ੍ਰਚਲਨ ਦੁਆਰਾ, ਬਾਣੀ ਦਾ ਪ੍ਰਵਾਹ ਚਲਾਇਆ। ਇਸ ਦੁਆਰਾ ਸਬਦ ਕੀਰਤਨ ਪਰੰਪਰਾ ਦੇ ‘ਸੈਲੀਗਤ-ਰੂਪ’ ਦਾ ਨਿਰੰਤਰ ਵਿਕਾਸ ਹੋਇਆ। ਗੁਰਮਤਿ ਸੰਗੀਤ ਵਿਚ ਰਾਗਾਂ ਦੇ ਸਮੇਂ ਅਨੁਸਾਰ ਨਾਮਾਂਕਣ ਕੀਤੀਆਂ ਕੀਰਤਨ ਚੌਂਕੀਆਂ ਦੀ ਵਿਸੇਸ ਪਰੰਪਰਾ ਹੈ ਜਿਵੇਂ ਕਿ ਆਸਾ ਦੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਸਾਰੰਗ ਦੀ ਚੌਂਕੀ, ਕਲਿਆਣ ਦੀ ਚੌਂਕੀ, ਕਾਨੜੇ ਦੀ ਚੌਂਕੀ ਆਦਿ। ਕੀਰਤਨ ਚੌਂਕੀਆਂ ਦੀ ਇਹ ਪਰੰਪਰਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿਚ ਨਿਰੰਤਰ ਰੂਪ ਵਿਚ ਪ੍ਰਚਲਿਤ ਹੈ।
ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵੱਖ ਵੱਖ ਗੁਰੂ ਸਾਹਿਬਾਨ ਦੁਆਰਾ ਨਿਰੰਤਰ ਵਿਕਾਸ ਹੋਇਆ। ਇਨ੍ਹਾਂ ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦਾ ਵਿਸ਼ਿਸ਼ਟ ਸੰਗੀਤ ਵਿਧਾਨ ਤੇ ਮੌਲਿਕ ਸੰਗੀਤਕ ਸਰੂਪ ਹੈ। ਇਨ੍ਹਾਂ ਕੀਰਤਨ ਚੌਂਕੀਆਂ ਦੀ ਪੇਸਕਾਰੀ, ਇਤਿਹਾਸਕ ਵਿਕਾਸ ਅਤੇ ਕੀਰਤਨ-ਸਮੱਗਰੀ ਦਾ ਇਕ ਵਿਸਾਲ ਖਜਾਨਾ ‘ਗੁਰਮਤਿ ਸੰਗੀਤ’ ਦੀ ਕੀਰਤਨ-ਵਿਰਾਸਤ ਦਾ ਅਹਿਮ ਹਿੱਸਾ ਹੈ। ਕੀਰਤਨ ਚੌਂਕੀਆਂ ਦੀ ਇਸ ਪਰੰਪਰਾ ਦੇ ਪ੍ਰਚਲਨ ਤੇ ਸੰਸਥਾਗਤ ਰੂਪ ਵਿਚ ਸਥਾਪਤੀ ਹਿੱਤ ਗੁਰੂ ਅੰਗਦ ਦੇਵ ਜੀ ਦਾ ਵਿਸ਼ੇਸ਼ ਆਰੰਭਕ ਯੋਗਦਾਨ ਰਿਹਾ ਹੈ।
ਕੀਰਤਨਕਾਰਾਂ ਦੀ ਘਰਾਣੇਦਾਰ ਪਰੰਪਰਾ ਦਾ ਆਰੰਭ: ਗੁਰੂ ਅੰਗਦ ਦੇਵ ਜੀ ਨੇ ਕਰਤਾਰਪੁਰ ਤੋਂ ਬਾਅਦ ਸਿੱਖੀ ਦੇ ਕੇਂਦਰ ਖਡੂਰ ਸਾਹਿਬ ਵਿਖੇ ਕੀਰਤਨ ਦੀ ਵਿਸ਼ੇਸ਼ ਪ੍ਰਥਾ ਚਲਾਈ ਜਿਸ ਅਧੀਨ ਪਰਬੀਨ ਸੰਗੀਤਕਾਰਾਂ ਦੀ ਰਬਾਬੀ ਸ੍ਰੇਣੀ ਨੂੰ ਗੁਰੂ ਘਰ ਨਾਲ ਪੀਢੇ ਤੌਰ ’ਤੇ ਜੋੜਨ ਦਾ ਪ੍ਰਾਰੰਭ ਕੀਤਾ। ਭਾਈ ਮਰਦਾਨਾ ਜੀ ਤੋਂ ਬਾਅਦ ਭਾਈ ਸਜਾਦਾ (ਭਾਈ ਸਹਿਜਾਦ) ਅਤੇ ਵਿਸ਼ੇਸ਼ ਰੂਪ ਵਿਚ ਭਾਈ ਬਲਵੰਡ ਦਾ ਨਾਂ ਵਰਣਨਯੋਗ ਹੈ। ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਬਖ਼ਸ਼ੀ ਤਾਂ ਰਾਇ ਬਲਵੰਡ, ਗੁਰੂ ਅੰਗਦ ਦੇਵ ਜੀ ਨਾਲ ਹੀ ਖਡੂਰ ਸਾਹਿਬ ਆਏ।
ਬਾਅਦ ਵਿਚ ਗੁਰੂ ਅਮਰਦਾਸ ਅਤੇ ਗੁਰੂ ਅਰਜਨ ਦੇਵ ਜੀ ਦੇ ਕਾਲ ਵਿਚ ਰਾਇ ਬਲਵੰਡ ਨੇ ਰਬਾਬੀ ਭਾਈ ਸੱਤਾ ਜੀ ਨਾਲ ਮਿਲ ਕੇ ਕੀਰਤਨ ਦੀ ਸੇਵਾ ਨਿਭਾਈ। ਆਪ ਦੁਆਰਾ ਰਚਿਤ ਬਾਣੀ ਨੂੰ ਗੁਰੂ ਸਾਹਿਬ ਨੇ ‘ਸਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ੇਸ਼ ਸਥਾਨ ਦਿੱਤਾ ਜੋ ‘ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮਿ ਆਖੀ’ (ਗੁਰੂ ਗ੍ਰੰਥ ਸਾਹਿਬ, ਪੰਨਾ 966) ਦੇ ਸਿਰਲੇਖ ਹੇਠ ਦਰਜ ਹੈ। ਇਨ੍ਹਾਂ ਇਤਿਹਾਸਕ ਹਵਾਲਿਆਂ ਤੋਂ ਸਪਸ਼ਟ ਹੈ ਕਿ ਗੁਰੂ ਘਰ ਨੇ ਕੀਰਤਨੀਆਂ ਨੂੰ ਭਰਪੂਰ ਸਰਪ੍ਰਸਤੀ ਦੁਆਰਾ ਨਿਵਾਜਿਆ। ਗੁਰੂ ਅੰਗਦ ਦੇਵ ਜੀ ਨਾਲ ਕੀਰਤੀਏ ਦੇ ਰੂਪ ਵਿਚ ਰਬਾਬੀ ਭਾਈ ਬਲਵੰਡ ਦਾ ਖਡੂਰ ਸਾਹਿਬ ਵਿਖੇ ਆਉਣ ਨਾਲ ਗੁਰੂ ਘਰ ਵਿਖੇ ਕੀਰਤਨੀਆਂ ਦੀ ਇਕ ਵਿਸਾਲ ਘਰਾਣੇਦਾਰ ਪਰੰਪਰਾ ਸਰੂਪਤ ਤੇ ਪ੍ਰਫੁੱਲਤ ਹੋਈ।
ਜੋਤੀ-ਜੋਤ: ਗੁਰੂ ਅੰਗਦ ਦੇਵ ਜੀ 25 ਮਾਰਚ 1552 ਨੂੰ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਬਖ਼ਸ਼ ਕੇ 29 ਮਾਰਚ 1552 ਨੂੰ ਖਡੂਰ ਸਾਹਿਬ ਵਿਖੇ ਜੋਤੀ-ਜੋਤ ਸਮਾ ਗਏ। ਆਪ ਜੀ ਨੇ ਦੁਨਿਆਵੀ ਸਰੀਰਕ ਯਾਤਰਾ 48 ਸਾਲ ਸਫਲਤਾ ਪੂਰਵਕ, ਅਨੰਦਮਈ ਮਾਣੀ।