ਗੁਰੂ ਤੇ ਗੁਰਬਾਣੀ (ਪ੍ਰਸ਼ਨ-ਉੱਤਰ)
-ਹਿੰਦ ਦੀ ਚਾਦਰ – ਗੁਰੂ ਤੇਗ ਬਹਾਦਰ ਜੀ
ਪ੍ਰਸ਼ਨ – ਗੁਰੂ ਤੇਗ਼ ਬਹਾਦਰ ਜੀ ਦੇ ਜਨਮ, ਵਿਆਹ ਤੇ ਸੰਤਾਨ ਬਾਰੇ ਜਾਣਕਾਰੀ ਦਿਓ ?
ਉੱਤਰ – ਸ੍ਰੀ ਗੁਰੂ ਤੇਗ਼ ਬਹਾਦੁਰ ਜੀ; ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ। ਆਪ ਜੀ ਦਾ ਜਨਮ ਵੈਸਾਖ ਵਦੀ ਪੰਚਮੀ ਸੰਮਤ ੧੬੭੮ (1-4-1621) ਵਿਚ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਗੁਜਰੀ ਜੀ ਨਾਲ ਸੰਮਤ ੧੬੮੯ (ਸੰਨ 1632) ਵਿਚ ਕਰਤਾਰਪੁਰ ਵਿਖੇ ਹੋਇਆ। ਆਪ ਜੀ ਦੀ ਇਕੋ ਇਕ ਸੰਤਾਨ ਗੋਬਿੰਦ ਰਾਏ ਸੀ, ਜੋ ਬਾਅਦ ਵਿਚ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ।
(ਨੋਟ : ਜਨਮ ਮਿਤੀ ਵੈਸਾਖ ਵਦੀ ੫, ੫ ਵੈਸਾਖ ਬਿਕ੍ਰਮੀ ਸੰਮਤ ੧੬੭੮ (ਸੰਨ 01.04.1621); ਨਾਨਕਸ਼ਾਹੀ ਕੈਲੰਡਰ ’ਚ ਹਰ ਸਾਲ 18 ਅਪ੍ਰੈਲ ਨੂੰ ਆਉਂਦਾ ਹੈ ਜਦ ਕਿ ਬਿਕ੍ਰਮੀ ਕੈਲੰਡਰ ’ਚ ਭਾਵੇਂ ਅੱਜ ਕੱਲ੍ਹ 17 ਜਾਂ 18 ਅਪ੍ਰੈਲ ਨੂੰ ਹੈ, ਪਰ ਜੇਕਰ ਇਹੀ ਲਾਗੂ ਰਿਹਾ ਤਾਂ 3000 ਸੀਈ ’ਚ 1 ਮਈ ਨੂੰ ਆਵੇਗਾ। ਨਾਨਕਸ਼ਾਹੀ ਕੈਲੰਡਰ ਦਾ ਹੁਣ ਵਿਰੋਧ ਕਰਨ ਵਾਲ਼ਿਆਂ ਦੀ ਔਲਾਦ ਉਸ ਸਮੇਂ ਸ਼ਰਮਿੰਦਾ ਹੋਏਗੀ ਕਿ ਗੁਰੂ ਤੇਗ਼ ਬਹਾਦਰ ਸਾਹਿਬ ਦਾ ਜਨਮ 1 ਅਪ੍ਰੈਲ ਨੂੰ ਹੋਇਆ ਸੀ, ਜੋ 1 ਮਈ ਨੂੰ ਮਨਾਇਆ ਜਾ ਰਿਹਾ ਹੈ।)
ਪ੍ਰਸ਼ਨ– ਗੁਰੂ ਹਰਿਕ੍ਰਿਸ਼ਨ ਜੀ ਦੇ ਬਾਬਾ ਬਕਾਲੇ ਵੱਲ ਇਸ਼ਾਰਾ ਕਰਨ ਤੋਂ ਬਾਅਦ ਬਕਾਲੇ ਵਿਚ ਕੀ ਸਥਿਤੀ ਬਣੀ ?
ਉੱਤਰ – ਬਕਾਲਾ ਦਾ ਅਸਥਾਨ ਬਿਆਸ ਬਟਾਲਾ ਰੋਡ ’ਤੇ ਹੈ। ਸ੍ਰੀ ਤੇਗ ਬਹਾਦਰ ਜੀ ਨੇ ਇਸ ਅਸਥਾਨ ’ਤੇ ਪ੍ਰਭੂ ਦਾ ਨਾਮ ਜਪਿਆ ਸੀ। ਜਿਸ ਵੇਲੇ ਸੰਗਤ ਨੂੰ ਪਤਾ ਲੱਗਾ ਕਿ ਅਗਲੇ ਗੁਰੂ ਬਕਾਲੇ ਹਨ ਤਾਂ ਦੂਰ ਨੇੜੇ ਤੋਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬਕਾਲੇ ਪਿੰਡ ਪਹੁੰਚੀਆਂ, ਪਰ ਬਕਾਲੇ ਵਿਚ 22 ਗੱਦੀਆਂ ਲਾ ਕੇ ਝੂਠੇ ਗੁਰੂ ਬਣੀ ਬੈਠੇ ਲੋਕ ਸੰਗਤਾਂ ਨੂੰ ਭਰਮ ਵਿਚ ਪਾਉਣ ਲੱਗੇ। ਇਨ੍ਹਾਂ ਬਨਾਵਟੀ ਗੁਰੂਆਂ ਦੇ ਮਸੰਦ ਸੰਗਤਾਂ ਨੂੰ ਘੇਰ ਘੇਰ ਕੇ ਇਨ੍ਹਾਂ ਕੋਲ ਲੈ ਆਉਂਦੇ ਸਨ ਤੇ ਭੇਟਾ ਉਗਰਾਉਂਦੇ ਸਨ। ਹਰ ਕਿਸੇ ਬਾਰੇ ਕਿਹਾ ਜਾਂਦਾ ਸੀ ਕਿ ਬਕਾਲੇ ਵਾਲੇ ਬਾਬਾ ਜੀ ਇਹੀ ਹਨ। ਕਈ ਮਹੀਨੇ ਸੰਗਤਾਂ ਅਸਲੀ ਗੁਰੂ ਦੀ ਭਾਲ ਵਿਚ ਪ੍ਰੇਸ਼ਾਨ ਰਹੀਆਂ।
ਪ੍ਰਸ਼ਨ– ਬਕਾਲਾ ਪਿੰਡ ਵਿਚ 22 ਗੱਦੀਆਂ ਲਾਉਣ ਵਾਲੇ ਝੂਠੇ ਗੁਰੂਆਂ ਵਿਚ ਪ੍ਰਮੁੱਖ ਕੌਣ ਸੀ ?
ਉੱਤਰ– ਇਨਾਂ ਵਿਚ ਪ੍ਰਮੁਖ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸ੍ਰੀ ਧੀਰਮਲ ਜੀ ਸਨ। ਧੀਰਮਲ ਜੀ ਨੇ ਕਰਤਾਰ ਪੁਰ ’ਤੇ ਕਬਜ਼ਾ ਕੀਤਾ ਹੋਇਆ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੀ ਆਪਣੇ ਪਾਸ ਰੱਖੀ ਹੋਈ ਸੀ। ਆਪਣੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਹੱਕਦਾਰ ਸਮਝਦੇ ਸਨ। ਧੀਰਮਲ ਜੀ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੋਣ ਕਾਰਨ ਸੰਗਤਾਂ ਬੀੜ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਸਨ।
ਪ੍ਰਸ਼ਨ– ਪਿੰਡ ਬਕਾਲਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਅਸਲੀ ਗੁਰੂ ਦੇ ਰੂਪ ਵਿਚ ਕਿਸ ਨੇ ਤੇ ਕਿਸ ਤਰ੍ਹਾਂ ਲੱਭਿਆ ?
ਉੱਤਰ – ਗੁਰੂ ਜੀ ਦੀ ਖੋਜ ਕਰਨ ਵਾਲਾ ਸਿੱਖ ਮੱਖਣ ਸ਼ਾਹ ਲੁਭਾਣਾ ਇਕ ਸੁਦਾਗਰ ਸੀ। ਜਦ ਉਸ ਦਾ ਜਹਾਜ਼ ਡੁੱਬਣ ਲੱਗਾ ਤਾਂ ਉਸ ਨੇ ਗੁਰੂ ਮਹਾਰਾਜ ਜੀ ਪਾਸ ਬੇਨਤੀ ਕੀਤੀ ਸੀ ਕਿ ਜੇ ਉਹ ਬਚ ਜਾਵੇਗਾ ਤਾਂ 500 ਮੋਹਰਾਂ ਗੁਰੂ ਜੀ ਨੂੰ ਭੇਟਾ ਕਰੇਗਾ। ਬੇਨਤੀ ਪ੍ਰਵਾਨ ਹੋਈ, ਪਰ ਜਦ ਉਹ 500 ਮੋਹਰਾਂ ਲੈ ਕੇ ਬਕਾਲਾ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਕਈ ਗੁਰੂ ਬੈਠੇ ਸਨ। ਉਸ ਨੇ ਹਰ ਗੁਰੂ ਅੱਗੇ 2-2 ਮੋਹਰਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਸਾਰੇ ਅਖੌਤੀ ਗੁਰੂਆਂ ਦੇ ਅੱਗੇ ਮੋਹਰਾਂ ਦੀ ਭੇਟ ਕਰਕੇ ਜਦ ਉਹ ਭੋਰੇ ਵਿਚ ਸ੍ਰੀ ਤੇਗ ਬਹਾਦਰ ਜੀ ਦੇ ਕੋਲ ਪਹੁੰਚਿਆ ਤਾਂ ਉਸ ਨੇ 2 ਮੋਹਰਾਂ ਭੇਟ ਕੀਤੀਆਂ ਤਾਂ ਸ੍ਰੀ ਤੇਗ ਬਹਾਦਰ ਜੀ ਨੇ ਉਸ ਨੂੰ 500 ਮੋਹਰਾਂ ਭੇਟ ਕਰਨ ਬਾਰੇ ਯਾਦ ਕਰਾਇਆ। ਉਸ ਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਪਰਮਾਤਮਾ ਨੇ ਉਸ ਦੇ ਡੁੱਬਦੇ ਜਹਾਜ਼ ਨੂੰ ਬੰਨੇ ਲਾਇਆ ਸੀ। ਇਹ ਸਾਰੀ ਗੱਲ ਸੁਣ ਕੇ ਮੱਖਣ ਸ਼ਾਹ ਲੁਭਾਣੇ ਨੂੰ ਨਿਸ਼ਚਾ ਹੋ ਗਿਆ ਕਿ ਅਸਲੀ ਗੁਰੂ ਇਹੀ ਹਨ। ਉਸ ਨੇ ਕੋਠੇ ’ਤੇ ਚੜ੍ਹ ਕੇ ‘ਗੁਰੂ ਲਾਧੋ ਰੇ, ਗੁਰੂ ਲਾਧੋ ਰੇ’ ਦਾ ਹੋਕਾ ਦੇ ਕੇ ਸੰਗਤਾਂ ਨੂੰ ਅਸਲੀ ਗੁਰੂ ਵੱਲ ਮੋੜਿਆ।
ਪ੍ਰਸ਼ਨ– ਸ੍ਰੀ ਤੇਗ ਬਹਾਦਰ ਜੀ ਨੇ ਗੁਰੂ ਬਨਣ ਤੋਂ ਬਾਅਦ ਕਿਸ ਅਸਥਾਨ ਦੀ ਯਾਤਰਾ ਕੀਤੀ ?
ਉੱਤਰ– ਗੁਰੂ ਜੀ ਮੱਖਣ ਸ਼ਾਹ ਦੀ ਬੇਨਤੀ ’ਤੇ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਕਰਨ ਵਾਸਤੇ ਗਏ, ਪਰ ਉਸ ਵੇਲੇ ਸ੍ਰੀ ਹਰਿਮੰਦਰ ਸਾਹਿਬ ’ਤੇ ਵੀ ਅਖੌਤੀ ਗੁਰੂ ਦਾ ਕਬਜ਼ਾ ਹੋਣ ਕਰਕੇ, ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਜਾਣ ਦਿੱਤਾ। ਗੁਰੂ ਤੇਗ ਬਹਾਦਰ ਜੀ ਪ੍ਰਕਰਮਾ ਤੋਂ ਬਾਹਰ ਇਕ ਥੜੇ ’ਤੇ ਬਹਿ ਗਏ। ਜਿੱਥੇ ਗੁਰਦੁਆਰਾ ਥੜਾ ਸਾਹਿਬ ਸੁਭਾਇਮਾਨ ਹੈ। ਇਸ ਤੋਂ ਬਾਅਦ ਆਪ ਸ਼ਹਿਰ ਤੋਂ ਬਾਹਰ ਇਕ ਅਸਥਾਨ ’ਤੇ ਪੁੱਜੇ ਤੇ ਦਮ ਲਿਆ। ਇਸ ਅਸਥਾਨ ’ਤੇ ਗੁਰਦੁਆਰਾ ਦਮਦਮਾ ਸਾਹਿਬ ਇਸ ਗੱਲ ਦੀ ਪੁਸ਼ਟੀ ਕਰਦਾ ਹੈ। ਇਕ ਹੋਰ ਅਸਥਾਨ ਪਿੰਡ ਵੱਲੇ ਤੋਂ ਬਾਹਰ, ਜਿੱਥੇ ਗੁਰੂ ਜੀ ਨੂੰ ਇਕ ਪ੍ਰੇਮਣ ਮਾਈ ਨੇ ਵਿਸਰਾਮ ਕਰਵਾਇਆ ਸੀ ਅਤੇ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਸੀ। ਓਥੇ ਅੱਜ ਕੱਲ੍ਹ ਗੁਰਦੁਆਰਾ ਕੋਠਾ ਸਾਹਿਬ ਕਰਕੇ ਪ੍ਰਸਿੱਧ ਹੈ।
ਪ੍ਰਸ਼ਨ– ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤਸਰ ਆਗਮਨ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਕਿਵਾੜ ਬੰਦ ਕਰਨ ਵਾਲ਼ੇ ਲੋਕ ਕੌਣ ਸਨ ?
ਉੱਤਰ– ਉਸ ਸਮੇਂ ਦਰਬਾਰ ਸਾਹਿਬ ’ਤੇ ਸ੍ਰੀ ਹਰਿ ਜੀ ਦਾ ਕਬਜ਼ਾ ਸੀ। ਸ੍ਰੀ ਹਰਿ ਜੀ ਪ੍ਰਿਥੀ ਚੰਦ ਜੀ ਦੇ ਪੋਤਰੇ ਸਨ ਤੇ ਸ੍ਰੀ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅੰਮ੍ਰਿਤਸਰ ਤੋਂ ਕੀਰਤਪੁਰ ਸਾਹਿਬ ਜਾਣ ਤੋਂ ਬਾਅਦ ਪ੍ਰਿਥੀ ਚੰਦ ਦੇ ਪਰਵਾਰ ਦਾ ਅੰਮ੍ਰਿਤਸਰ ’ਤੇ ਕਬਜ਼ਾ ਹੋ ਗਿਆ ਸੀ ਕਿਉਂਕਿ ਸ੍ਰੀ ਹਰਿ ਰਾਇ ਜੀ ਤੇ ਗੁਰੂ ਹਰਿਕ੍ਰਿਸ਼ਨ ਜੀ ਅੰਮ੍ਰਿਤਸਰ ਕਦੀ ਨਹੀਂ ਸੀ ਆਏ। ਇਸ ਕਰਕੇ ਮਿਹਰਵਾਨ ਤੇ ਹਰਿ ਜੀ; ਗੱਦੀਦਾਰ ਪ੍ਰਬੰਧਕ ਬਣ ਗਏ ਸਨ। ਉਹ ਗੁਰੂ ਜੀ ਦੇ ਪ੍ਰਵੇਸ਼ ਦੇ ਖਿਲਾਫ ਸਨ ਤਾਂ ਕਿ ਸੰਗਤਾਂ ਗੁਰੂ ਜੀ ਵੱਲ ਨਾ ਹੋ ਜਾਣ।
ਪ੍ਰਸ਼ਨ– ਅੰਮ੍ਰਿਤਸਰ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਕਿੱਥੇ ਗਏ ?
ਉੱਤਰ– ਅੰਮ੍ਰਿਤਸਰ ਤੋਂ ਬਾਅਦ ਪਿੰਡ ਬਕਾਲਾ ਵਾਪਸ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਗਏ, ਪਰ ਇੱਥੇ ਵੀ ਗੁਰੂ ਜੀ ਦੇ ਵੱਡੇ ਭਾਈ ਸੂਰਜ ਮੂਲ ਦੇ ਪੋਤਰਿਆਂ (ਗੁਲਾਬ ਰਾਏ ਤੇ ਸਿਆਮ ਚੰਦ) ਨੇ ਆਪ ਨਾਲ ਈਰਖਾ ਵਾਲਾ ਵਰਤਾਅ ਕੀਤਾ। ਗੁਰੂ ਸਾਹਿਬ ਨੇ ਇਕ ਬੜੀ ਹੀ ਸ਼ਾਂਤੀ ਵਾਲੀ ਜਗਾ ਪਿੰਡ ਮਾਖੋਵਾਲ ਆਪਣੇ ਲਈ ਲੱਭ ਲਈ ਤੇ ਉੱਥੇ ਰਹਿਣ ਲੱਗੇ।
ਪ੍ਰਸ਼ਨ– ਪਿੰਡ ਮਾਖੋਵਾਲ ਬਾਰੇ ਜ਼ਰੂਰੀ ਜਾਣਕਾਰੀ ਦਿਓ ?
ਉੱਤਰ– ਪਿੰਡ ਮਾਖੋਵਾਲ ਕੀਰਤਪੁਰ ਤੋਂ ਕੁਝ ਹੀ ਦੂਰੀ ’ਤੇ ਹੈ। ਇਹ ਇਕ ਉਜੜਿਆ ਹੋਇਆ ਪਿੰਡ ਸੀ, ਜਿਸ ਉੱਤੇ ਗੁਰੂ ਜੀ ਨੇ ਸੰਮਤ ੧੭੨੨ (ਸੰਨ 1665) ਨੂੰ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ। ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ਚੱਕ ਨਾਨਕੀ; ਗੁਰੂ ਤੇਗ ਬਹਾਦੁਰ ਜੀ ਦੀ ਮਾਤਾ ਜੀ ਦੇ ਨਾਂ ’ਤੇ ਸੀ।
ਪ੍ਰਸ਼ਨ– ਗੁਰੂ ਤੇਗ ਬਹਾਦਰ ਸਾਹਿਬ ਨੇ ਹੋਰ ਕਿਨ੍ਹਾਂ ਅਸਥਾਨਾਂ ਦੀ ਯਾਤਰਾ ਕੀਤੀ ਤੇ ਉਨ੍ਹਾਂ ਯਾਤਰਾਵਾਂ ਦਾ ਕੀ ਮੰਤਵ ਸੀ ?
ਉੱਤਰ– ਗੁਰੂ ਜੀ ਨੇ ਕਈ ਅਸਥਾਨਾਂ ਦੀ ਯਾਤਰਾ ਕੀਤੀ ਤੇ ਉਨ੍ਹਾਂ ਯਾਤਰਾਵਾਂ ਦਾ ਮੁੱਖ ਮੰਤਵ ਧਰਮ ਪ੍ਰਚਾਰ ਕਰਨਾ ਸੀ। ਆਪ ਨੇ ਆਗਰਾ, ਇਟਾਵਾ, ਇਲਾਹਬਾਦ, ਕਾਂਸ਼ੀ, ਗਯਾ, ਪਟਨਾ, ਅਸਾਮ ਆਦਿਕ ਦੀ ਯਾਤਰਾ ਕੀਤੀ।
ਪ੍ਰਸ਼ਨ– ਗੁਰੂ ਤੇਗ ਬਹਾਦਰ ਜੀ ਨੇ ਕਿਨ੍ਹਾਂ ਕਿਨ੍ਹਾਂ ਇਲਾਕਿਆਂ ਦੀ ਯਾਤਰਾ ਕੀਤੀ ?
ਉੱਤਰ– ਗੁਰੂ ਜੀ ਆਗਰਾ, ਇਟਾਵਾ ਦੇ ਰਸਤੇ ਹੁੰਦੇ ਹੋਏ ਇਲਾਹਬਾਦ ਪਹੁੰਚੇ। ਇਸ ਅਸਥਾਨ ’ਤੇ ਜਿਸ ਨੂੰ ਉਸ ਵੇਲੇ ਪ੍ਰਯਾਗਰਾਜ ਕਿਹਾ ਜਾਂਦਾ ਸੀ। ਗੁਰੂ ਜੀ ਨੇ 6 ਮਹੀਨੇ ਨਿਵਾਸ ਕੀਤਾ। ਇਸ ਦੀ ਯਾਦ ਵਿਚ ਇਸ ਸ਼ਹਰ ਵਿਚ ਮੁਹੱਲਾ ਅਹੀਆਪੁਰ ਵਿਚ ‘ਪੱਕੀ ਸੰਗਤ’ ਦੇ ਨਾਮ ਨਾਲ ਇਕ ਗੁਰਦੁਆਰਾ ਸੁਸ਼ੋਭਿਤ ਹੈ। ਇਸ ਤੋਂ ਬਾਅਦ ਗੁਰੂ ਜੀ ਕਾਂਸ਼ੀ ਗਏ ਤੇ ਇਸ ਤੋਂ ਬਾਅਦ ‘ਗਯਾ’ ਤੇ ‘ਪਟਨਾ’ ਵਿਖੇ ਨਿਵਾਸ ਕੀਤਾ। ਗੁਰੂ ਜੀ ਮਾਤਾ ਨਾਨਕੀ ਅਤੇ ਆਪਣੇ ਮਹਿਲ ਪਟਨਾ ਵਿਖੇ ਠਹਿਰਾ ਗਏ ਤੇ ਆਪ ਉਸ ਤੋਂ ਬਾਅਦ ਢਾਕਾ ਤੇ ਫਿਰ ਧੂਬੜੀ ਗਏ। ਧੂਬੜੀ ਦੇ ਅਸਥਾਨ ’ਤੇ ਆਪ ਨੂੰ ਇਕ ਆਸਾਮੀ ਰਾਜਾ ਮਿਲਣ ਆਇਆ। ਜਿਸ ਦੇ ਘਰ ਕੋਈ ਸੰਤਾਨ ਨਹੀਂ ਸੀ। ਜਦ ਗੁਰੂ ਜੀ ਦੇ ਵਰਦਾਨ ਨਾਲ ਉਸ ਦੇ ਘਰ ਪੁੱਤਰ ਹੋਇਆ ਤਾਂ ਉਹ ਅਨੰਦਪੁਰ ਸਾਹਿਬ ਗੁਰੂ ਜੀ ਨੂੰ ਮਿਲਣ ਵਾਸਤੇ ਗਿਆ ਸੀ।
ਪ੍ਰਸ਼ਨ– ਬਾਬਾ ਸੂਰਜ ਮਲ ਕੌਣ ਸੀ ਤੇ ਉਹ ਗੁਰੂ ਤੇਗ ਬਹਾਦਰ ਜੀ ਤੋਂ ਕਿਉਂ ਈਰਖਾ ਕਰਦਾ ਸੀ ?
ਉੱਤਰ– ਬਾਬਾ ਸੂਰਜ ਮਲ; ਗੁਰੂ ਤੇਗ ਬਹਾਦਰ ਜੀ ਦੇ ਵੱਡੇ ਭਰਾ ਸਨ ਤੇ ਜਦ ਗੁਰੂ ਜੀ ਨੂੰ ਗੁਰਆਈ ਮਿਲੀ ਤਾਂ ਬਾਬਾ ਸੂਰਜ ਮਲ ਜੀ ਦੇ ਪੋਤਰੇ ਗੁਲਾਬ ਰਾਇ ਤੇ ਸਿਆਮ ਚੰਦ; ਗੁਰੂ ਜੀ ਨਾਲ ਈਰਖਾ ਵਾਲਾ ਵਰਤਾਓ ਕਰਨ ਲੱਗ ਪਏ। ਇਸ ਵਰਤਾਓ ਕਾਰਨ ਹੀ ਗੁਰੂ ਜੀ ਨੇ ਕੀਰਤਪੁਰ ਛੱਡ ਦਿੱਤਾ ਤੇ ਪਿੰਡ ਮਾਖੋਵਾਲ ਜਾ ਕੇ ਡੇਰਾ ਲਾਇਆ।
ਪ੍ਰਸ਼ਨ– ਕੀ ਈਰਖਾ ਕਰਨ ਵਾਲਿਆਂ ਨੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਸ਼ਾਂਤੀ ਨਾਲ ਰਹਿਣ ਦਿੱਤਾ ?
ਉੱਤਰ– ਗੁਰੂ ਜੀ ਕੇਵਲ 6 ਮਹੀਨੇ ਹੀ ਅਨੰਦਪੁਰ ਸਾਹਿਬ ਰਹੇ ਤੇ ਉਸ ਤੋਂ ਬਾਅਦ ਈਰਖਾ ਵਾਦੀਆਂ ਤੋਂ ਦੂਰ ਆਪਣੀ ਮਾਤਾ ਨਾਨਕੀ ਜੀ, ਮਹਿਲ ਗੁਜਰੀ ਜੀ ਅਤੇ ਉਹਨਾਂ ਦੇ ਭਾਈ ਕ੍ਰਿਪਾਲ ਚੰਦ ਜੀ ਤੇ ਹੋਰ ਸ਼ਰਧਾਲੂਆਂ ਸਮੇਤ ਪ੍ਰਚਾਰ ਕਰਨ ਲਈ ਯਾਤਰਾ ’ਤੇ ਨਿਕਲ ਗਏ।
ਪ੍ਰਸ਼ਨ– ਰਾਜਾ ਰਾਮ ਸਿੰਘ ਕੌਣ ਸੀ ? ਤੇ ਉਸ ਦਾ ਅਸਾਮ ਦੇ ਕਾਮਰੂਪ ਪ੍ਰਗਣੇ ਦੇ ਰਾਜੇ ਨਾਲ ਕੀ ਵੈਰ ਸੀ ?
ਉੱਤਰ– ਕਾਮਰੂਪ ਪ੍ਰਗਣੇ ਦਾ ਰਾਜਾ ਔਰੰਗਜ਼ੇਬ ਦੀ ਦਿੱਲੀ ਸਰਕਾਰ ਨੂੰ ਮਾਮਲਾ ਨਹੀਂ ਸੀ ਭੇਜਦਾ। ਇਸ ਲਈ ਔਰੰਗਜੇਬ ਨੇ ਰਾਜਾ ਰਾਮ ਸਿੰਘ ਜੈਪੁਰੀਏ ਨੂੰ ਉਸ ’ਤੇ ਹਮਲਾ ਕਰਨ ਲਈ ਭੇਜਿਆ। ਗੁਰੂ ਜੀ ਉਸ ਸਮੇਂ ਉੱਥੇ ਬਿਰਾਜਮਾਨ ਸਨ। ਆਪ ਨੇ ਦੋਹਾਂ ਰਾਜਿਆਂ ਦੀ ਸੁਲ੍ਹਾ ਕਰਵਾ ਦਿੱਤੀ। ਇਸ ਤੋਂ ਬਾਅਦ ਗੁਰੂ ਜੀ ਧੂਬੜੀ ਤੋਂ ਬਾਅਦ ਢਾਕਾ, ਚਿੱਟਾਕਾਂਗ ਆਦਿ ਸ਼ਹਰਾਂ ਅਤੇ ਨਗਰਾਂ ਦੀਆਂ ਸੰਗਤਾਂ ਨੂੰ ਨਾਮ ਦਾ ਉਪਦੇਸ਼ ਦੇ ਕੇ ਕਲੱਕਤਾ ਤੇ ਜਗਨਨਾਥ ਪੁਰੀ ਹੁੰਦੇ ਹੋਏ ਪਟਨਾ ਵਾਪਸ ਆ ਗਏ। ਪਟਨਾ ਤੋਂ ਬਨਾਰਸ, ਅਯੁੱਧਿਆ, ਲਖਨਊ, ਮਥਰਾ ਤੇ ਲਖਨੌਰ ਹੁੰਦੇ ਹੋਏ ਅਨੰਦਪੁਰ ਸਾਹਿਬ ਵਾਪਸ ਪਹੁੰਚ ਗਏ।
ਪ੍ਰਸ਼ਨ– ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ ਦਰਬਾਰ ਵਿਚ ਆਏ ਕਸ਼ਮੀਰੀ ਪੰਡਿਤਾਂ ਦੀ ਵਿਥਿਆ ਬਿਆਨ ਕਰੋ ?
ਉੱਤਰ– ਜਦ ਔਰੰਗਜ਼ੇਬ ਨੇ ਹਿੰਦੁਆਂ ’ਤੇ ਜ਼ੁਲਮ ਕਰਕੇ ਉਨ੍ਹਾਂ ਨੂੰ ਜ਼ਬਰੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਤਾਂ ਹਰ ਇਲਾਕੇ ਵਿਚ ਉਸ ਦੇ ਹਾਕਮਾਂ ਨੇ ਹਿੰਦੂਆਂ ਦਾ ਜਿਊਣਾ ਦੁਰਬਲ ਕਰ ਦਿੱਤਾ। ਕਸ਼ਮੀਰ ਵਿਚ ਔਰੰਗਜ਼ੇਬ ਦੇ ਹਾਕਮ ਸ਼ੇਰ ਅਫ਼ਗਨ ਖਾਂ ਨੇ ਲੋਕਾਂ ਨੂੰ ਇੰਨਾ ਸਤਾਇਆ ਕਿ ਕਸ਼ਮੀਰੀ ਪੰਡਿਤ ਆਪਣੀ ਫ਼ਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਅਨੰਦਪੁਰ ਸਾਹਿਬ ਵਿਖੇ ਆਏ। ਪੰਡਿਤਾਂ ਦੇ ਇਸ ਜੱਥੇ ਦਾ ਨੇਤਾ ਪੰਡਿਤ ਕਿਰਪਾ ਰਾਮ ਸੀ। ਗੁਰੂ ਤੇਗ ਬਹਾਦੁਰ ਜੀ ਉਨਾਂ ਦੀ ਫ਼ਰਿਆਦ ਸੁਣ ਕੇ ਇਸ ਨਤੀਜੇ ’ਤੇ ਪਹੁੰਚੇ ਕਿ ਕਿਸੇ ਮਹਾਂ ਪੁਰਖ ਦੀ ਕੁਰਬਾਨੀ ਹੀ ਇਸ ਜ਼ੁਲਮ ਨੂੰ ਰੋਕ ਸਕਦੀ ਹੈ ਤਾਂ ਉਨ੍ਹਾਂ ਦੇ ਪੁੱਤਰ ਗੋਬਿੰਦ ਰਾਇ ਨੇ ਇਹ ਕਿਹਾ ਕਿ ਗੁਰੂ ਜੀ ! ਆਪ ਤੋਂ ਵੱਡਾ ਹੋਰ ਕਿਹੜਾ ਮਹਾਂ ਪੁਰਖ ਹੈ। ਗੁਰੂ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਦਾ ਮਸਲਾ ਹੱਲ ਕਰਨ ਲਈ ਉਨ੍ਹਾਂ ਨੂੰ ਕਿਹਾ ਕਿ ਉਹ ਔਰੰਗਜੇਬ ਨੂੰ ਕਹਿ ਦੇਣ ਕਿ ਜੇ ਉਹ ਗੁਰੂ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਭੀ ਮੁਸਲਮਾਨ ਬਣ ਜਾਣਗੇ।
ਪ੍ਰਸ਼ਨ– ਔਰੰਗਜ਼ੇਬ ਨੇ ਗੁਰੂ ਜੀ ਨੂੰ ਕੀ ਕਿਹਾ, ਜਿਸ ਕਰਕੇ ਉਨ੍ਹਾਂ ਨੂੰ ਕੁਰਬਾਨੀ ਦੇਣੀ ਪਈ ?
ਉੱਤਰ– ਔਰੰਗਜ਼ੇਬ ਨੇ ਗੁਰੂ ਜੀ ਨੂੰ ਮੁਸਲਮਾਨ ਬਣਨ ਲਈ ਕਿਹਾ ਤੇ ਇਹ ਵੀ ਕਿਹਾ ਕਿ ਉਹ ਕੋਈ ਕਰਾਮਾਤ ਕਰਕੇ ਵਿਖਾਉਣ। ਗੁਰੂ ਜੀ ਨੇ ਉਸ ਦੀਆਂ ਇਹ ਗੱਲਾਂ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰਕੇ ਆਪ ਨੂੰ ਸ਼ਹੀਦ ਕਰ ਦਿੱਤਾ ਗਿਆ।
ਪ੍ਰਸ਼ਨ– ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਕਦੋਂ ਤੇ ਕਿਥੇ ਹੋਈ ? ਕੀ ਆਪ ਨਾਲ ਕੋਈ ਹੋਰ ਸਿੱਖਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ ?
ਉੱਤਰ– ਗੁਰੂ ਜੀ ਨੂੰ ਦਿੱਲੀ ਵਿਚ ਚਾਂਦਨੀ ਚੌਂਕ ਵਿਖੇ 11 ਨਵੰਬਰ 1675 ਨੂੰ ਸ਼ਹੀਦ ਕਰ ਦਿੱਤਾ ਗਿਆ। ਅੱਜ ਕੱਲ੍ਹ ਇਸ ਅਸਥਾਨ ’ਤੇ ਗੁਰਦੁਆਰਾ ਸੀਸ ਗੰਜ ਬਣਿਆ ਹੋਇਆ ਹੈ। ਗੁਰੂ ਜੀ ਦੇ ਨਾਲ ਗਏ ਤਿੰਨ ਸਿੱਖਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦੇ ਨਾਮ ਸਨ : ‘ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ’। ਇਨ੍ਹਾਂ ਤਿੰਨਾਂ ਸਿੱਖਾਂ ਨੂੰ ਗੁਰੂ ਜੀ ਤੋਂ ਇਕ ਦਿਨ ਪਹਿਲਾਂ 10 ਨਵੰਬਰ 1675 ਨੂੰ ਸ਼ਹੀਦ ਕੀਤਾ ਗਿਆ ਸੀ। ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ, ਪਰ ਉਹ ਬੜੀ ਸ਼ਾਂਤੀ ਨਾਲ ਜਪੁ ਜੀ ਸਾਹਿਬ ਪੜ੍ਹਦੇ ਸ਼ਹੀਦ ਹੋਏ। ਭਾਈ ਸਤੀ ਦਾਸ ਜੀ; ਭਾਈ ਮਤੀ ਦਾਸ ਜੀ ਦੇ ਛੋਟੇ ਭਰਾ ਸਨ। ਇਨ੍ਹਾਂ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਨੂੰ ਕੜਾਹੇ ਵਿਚ ਉਬਾਲ ਕੇ ਸ਼ਹੀਦ ਕੀਤਾ ਗਿਆ।
ਪ੍ਰਸ਼ਨ– ਗੁਰੂ ਜੀ ਦੇ ਸੀਸ ਤੇ ਧੜ ਦਾ ਕਿਸ ਤਰ੍ਹਾਂ ਸਸਕਾਰ ਕੀਤਾ ਗਿਆ ?
ਉੱਤਰ– ਗੁਰੂ ਤੇਗ ਬਹਾਦਰ ਜੀ ਦਾ ਸੀਸ ਭਾਈ ਜੈਤਾ ਜੀ ਮੁਗ਼ਲ ਪਹਿਰੇਦਾਰਾਂ ਦੀ ਨਜ਼ਰ ਬਚਾ ਕੇ ਚੁੱਕ ਕੇ ਲੈ ਗਏ ਸਨ। ਗੁਰੂ ਜੀ ਦੇ ਸੀਸ ਦਾ ਸਸਕਾਰ ਅਨੰਦਪੁਰ ਸਾਹਿਬ ਵਿਖੇ ਕੀਤਾ ਗਿਆ। ਜਿੱਥੇ ਸਥਿਤ ਇਸ ਗੁਰਦੁਆਰੇ ਦਾ ਨਾਂ ਵੀ ਸੀਸ ਗੰਜ ਪ੍ਰਸਿੱਧ ਹੈ। ਭਾਈ ਜੈਤਾ ਜੀ ਪਿਛੋਂ ਅੰਮ੍ਰਿਤ ਛਕ ਕੇ ਜੀਵਨ ਸਿੰਘ ਜੀ ਕਹਿਲਾਏ ਅਤੇ ਗੁਰੂ ਜੀ ਨਾਲ ਹੀ ਰਹੇ। ਧੜ ਚੁੱਕਣ ਦੀ ਸੇਵਾ ਮੱਖਣ ਸ਼ਾਹ ਲੁਭਾਣੇ ਦੇ ਭਾਈ ਬੰਦੂ ਪਰਵਾਰ ਨੇ ਕੀਤੀ। ਜਦ ਥੋੜ੍ਹਾ ਹਨ੍ਹੇਰਾ ਹੋਇਆ ਅਤੇ ਜ਼ੋਰ ਦੀ ਹਨ੍ਹੇਰੀ ਆਈ ਤਾਂ ਪਹਿਰੇਦਾਰਾਂ ਤੋਂ ਨਜ਼ਰ ਬਚਾ ਕੇ ਧੜ ਨੂੰ ਆਪਣੇ ਗੱਡੇ ’ਤੇ ਰੱਖ ਇਹ ਪਰਵਾਰ ਪੁਰਾਣੀ ਦਿੱਲੀ ਦੀ ਦੱਖਣ ਦਿਸ਼ਾ ਵੱਲ ਮੱਖਣ ਸ਼ਾਹ ਲੁਭਾਣਾ ਦੇ ਘਰ ਲੈ ਗਏ। ਜਿੱਥੇ ਸਰੀਰ ਦਾ ਸਸਕਾਰ ਕੀਤਾ ਗਿਆ। ਹੁਣ ਇੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਹੈ।
ਪ੍ਰਸ਼ਨ– ਗੁਰੂ ਤੇਗ ਬਹਾਦਰ ਜੀ ਦੀ ਰਚੀ ਹੋਈ ਬਾਣੀ ਦਾ ਵੇਰਵਾ ਦਿਓ ?
ਉੱਤਰ– ਗੁਰੂ ਤੇਗ ਬਹਾਦਰ ਜੀ ਦੀ ਰਚੀ ਹੋਈ ਬਾਣੀ ਨੂੰ ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ਼ਾਮਲ ਕੀਤਾ। ਉਸ ਵਿਚ 116 ਸ਼ਬਦ ਤੇ ਸਲੋਕ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਗੁ ਜੈਜਾਵੰਤੀ ਵਿਚ ਵੀ ਬਾਣੀ ਰਚੀ ਤੇ ਇਸ ਰਾਗੁ ਵਿਚ ਸਿਰਫ ਉਨ੍ਹਾਂ ਦੀ ਹੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਆਪ ਜੀ ਦੀ ਬਾਣੀ ਵੈਰਾਗਮਈ ਹੈ ਤੇ ਜ਼ਿੰਦਗੀ ਦੀ ਅਸਲੀਅਤ ਅਤੇ ਤਤਕਾਲੀ ਹਾਲਾਤਾਂ ’ਚ ਡਰੀ ਮਾਨਵਤਾ ਨੂੰ ਹੱਲਾਸ਼ੇਰੀ ਦਿੰਦੀ ਹੋਈ ਮੌਤ ਨੂੰ ਸਦਾ ਚੇਤੇ ਕਰਾਉਂਦੀ ਹੈ। ਆਪ ਜੀ ਦੇ ਸਲੋਕ ਇਹ ਪ੍ਰਗਟਾਉਂਦੇ ਹਨ ਕਿ ਇਨਸਾਨ ਨੂੰ ਨਾ ਕਿਸੇ ਨੂੰ ਡਰਾਉਣ ਦੀ ਤੇ ਨਾ ਕਿਸੇ ਤੋਂ ਡਰਨ ਦੀ ਲੋੜ ਹੈ। ਆਪ ਜੀ ਕਹਿੰਦੇ ਹਨ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ (ਮਹਲਾ ੯/੧੪੨੭)
ਪ੍ਰਸ਼ਨ– ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਲਿਖੀਆਂ ਇਹ ਸਤਰਾਂ ਕਿੱਥੇ ਅੰਕਿਤ ਹਨ, ‘‘ਧਰਮ ਹੇਤ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰੁ ਸਿਰਰੁ ਨ ਦੀਆ ॥, ਤੇਗ ਬਹਾਦੁਰ ਕੇ ਚਲਤ; ਭਯੋ ਜਗਤ ਕੋ ਸੋਕ ॥’’
ਉੱਤਰ– ਇਹ ਸਤਰਾਂ ਉਨਾਂ ਦੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਹਨ। ਆਪ ਨੇ ਆਪਣੇ ਪਿਤਾ ਜੀ ਦੀ ਕੁਰਬਾਨੀ ਬਿਆਨ ਕਰਦੇ ਹੋਏ ਆਪਣੀ ਆਤਮ ਕਥਾ ‘ਬਚਿਤ੍ਰ ਨਾਟਕ’ (ਦਸਮ ਗ੍ਰੰਥ) ਵਿਚ ਕਹੀਆਂ ਹਨ।
ਸ੍ਰ. ਸੁਰਿੰਦਰਜੀਤ ਸਿੰਘ ‘ਪਾਲ’ ਦੀ ਕਿਤਾਬ ‘ਗੁਰੂ ਤੇ ਗੁਰਬਾਣੀ ਪ੍ਰਸ਼ਨ-ਉੱਤਰ’ ਵਿੱਚੋਂ।