ਗੁਰੂ ਅਮਰਦਾਸ ਜੀ ਦਾ ਜੋਤੀ ਜੋਤ ਸਮਾਉਣ ਦਾ ਸੰਦੇਸ਼
ਸ. ਕਿਰਪਾਲ ਸਿੰਘ ਬਠਿੰਡਾ- 9855480797
ਸਿੱਖ ਕੌਮ ਦੇ ਤੀਜੇ ਗੁਰੂ; ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਵੈਸਾਖ ਸੁਦੀ 14 ਸੰਮਤ 1436 (10 ਜੇਠ ਸੰਮਤ 1636) 5 ਮਈ 1479 ਨੂੰ ਪਿੰਡ ਬਾਸਰਕੇ ਜਿਲ੍ਹਾ ਅੰਮਿ੍ਰਤਸਰ ਵਿਖੇ ਪਿਤਾ ਤੇਜ ਭਾਨ ਅਤੇ ਮਾਤਾ ਸੁਲੱਖਣੀ (ਲਛਮੀ) ਦੇ ਘਰ ਹੋਇਆ ਅਤੇ 95 ਸਾਲ ’ਤੋਂ ਵੱਧ ਸਰੀਰਕ ਉਮਰ ਭੋਗਣ ਉਪ੍ਰੰਤ ਭਾਦੋਂ ਸੁਦੀ 15 ਸੰਮਤ 1631 (2 ਅੱਸੂ ਸੰਮਤ 1631) 1 ਸਤੰਬਰ ਸੰਨ 1574 ਨੂੰ ਜੋਤੀ ਜੋਤ ਸਮਾਏ। ਉਸੇ ਦਿਨ ਜੋਤੀ ਜੋਤ ਸਮਾਉਣ ’ਤੋਂ ਪਹਿਲਾਂ ਆਪ ਜੀ ਨੇ ਆਪਣੇ ਛੋਟੇ ਦਾਮਾਦ ਭਾਈ ਜੇਠਾ ਜੀ ਨੂੰ ਗੁਰਿਆਈ ਦੀ ਜਿੰਮੇਵਾਰੀ ਸੌਂਪੀ; ਜਿਹੜੇ ਗੁਰੂ ਰਾਮਦਾਸ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ। ਇਸ ਨੂੰ ਵੀ ਅਸਚਰਜ ਕੌਤਕ ਹੀ ਸਮਝਿਆ ਜਾ ਸਕਦਾ ਹੈ ਕਿ ਸਿੱਖਾਂ ਦੀ ਗੁਰੂ ਵਜੋਂ 7 ਸਾਲ ਸਫਲ ਅਗਵਾਈ ਕਰਨ ਪਿੱਛੋਂ ਭਾਦੋਂ ਸੁਦੀ 3 ਸੰਮਤ 1638 (2 ਅੱਸੂ ਸੰਮਤ 1638) 1 ਸਤੰਬਰ ਸੰਨ 1581 ਨੂੰ ਆਪਣੇ ਸਭ ’ਤੋਂ ਛੋਟੇ ਸਪੁੱਤਰ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਦੀ ਜਿੰਮੇਵਾਰੀ ਸੌਂਪ ਕੇ ਗੁਰੂ ਰਾਮਦਾਸ ਜੀ ਜੋਤੀ ਸਮਾ ਗਏ। (ਇਹ ਸਾਰੀਆਂ ਤਾਰੀਖਾਂ ਮਹਾਨ ਕੋਸ਼ ਵਿੱਚੋਂ ਹਨ)। ਇਸ ਲਈ 2 ਅੱਸੂ ਗੁਰਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਜਿਸ ਦਿਨ 4 ਵੱਡੀਆਂ ਘਟਨਾਵਾਂ ਵਾਪਰੀਆਂ। ਹੋਰ ਲਿਖਤਾਂ ਦਾ ਸਹਾਰਾ ਲੈਣ ਨਾਲੋਂ ਇਸ ਲੇਖ ਵਿੱਚ 2 ਅੱਸੂ ਸੰਮਤ 1631 ਨੂੰ ਵਾਪਰੀ ਵੱਡੀ ਘਟਨਾ, ਜਿਸ ਦਾ ਜ਼ਿਕਰ ਸਾਡੀ ਅਗਵਾਈ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰ: 923 ’ਤੇ ‘ਰਾਮਕਲੀ ਸਦੁ’ ਸਿਰਲੇਖ ਹੇਠ ਦਰਜ ਬਾਣੀ ਵਿੱਚ ਕੀਤਾ ਗਿਆ; ਦੀ ਵੀਚਾਰ ਹੀ ਇਸ ਲੇਖ ਵਿੱਚ ਕੀਤੀ ਗਈ ਹੈ। ਜੋਤੀ ਜੋਤ ਸਮਾਉਣ ’ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪਰਿਵਾਰ ਅਤੇ ਸਿੱਖਾਂ ਨੂੰ ਬੁਲਾਇਆ ਅਤੇ ਦੱਸਿਆ ਕਿ ਉਨ੍ਹਾਂ ਨੂੰ ਅਕਾਲ ਪੁਰਖ ਦਾ ਸੱਦਾ ਆ ਗਿਆ ਹੈ ਇਸ ਲਈ ਉਹ ਸੁਰਖਰੂ ਹੋ ਕੇ ਅਕਾਲ ਪੁਰਖ ਕੋਲ ਜਾ ਰਹੇ ਹਨ। ਉਨ੍ਹਾਂ ਪਿੱਛੋਂ ਗੁਰਮਤਿ ਅਨੁਸਾਰ ਕੀ ਕੀ ਰਸਮਾਂ ਨਿਭਾਉਣੀਆਂ ਹਨ ਅਤੇ ਕੀ ਨਹੀਂ ਕਰਨਾ ਇਸ ਸਬੰਧੀ ਹਦਾਇਤਾਂ ਦੇ ਕੇ ਗੁਰਿਆਈ ਦੀ ਗੱਦੀ ਵੀ ਗੁਰੂ ਰਾਮਦਾਸ ਜੀ ਨੂੰ ਸੌਂਪ ਦਿੱਤੀ। ਇਹ ਗੁਰੂ ਅਮਰਦਾਸ ਜੀ ਲਈ ਇੱਕ ਅੰਤਿਮ ਵਸੀਹਤਨਾਮਾ ਹੈ। ਗੁਰੂ ਜੀ ਵੱਲੋਂ ਦੱਸੇ ਗਏ ਸਾਰੇ ਉਪਦੇਸ਼ਾਂ ਨੂੰ ਉਨ੍ਹਾਂ ਦੇ ਪੜਪੋਤੇ ਬਾਬਾ ਸੁੰਦਰ ਜੀ ਨੇ ਕਲਮਬੰਦ ਕੀਤਾ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇ ਇਸ ਨੂੰ‘ਰਾਮਕਲੀ ਸਦੁ’ ਸਿਰਲੇਖ ਹੇਠ ਦਰਜ ਕਰਵਾ ਦਿੱਤਾ।
ਰਾਮਕਲੀ ਸਦੁ, ੴ ਸਤਿਗੁਰ ਪ੍ਰਸਾਦਿ ॥
ਸਦੁ-ਲਫ਼ਜ਼ ਪੰਜਾਬੀ ਬੋਲੀ ਵਿੱਚ ਆਮ ਵਰਤਿਆ ਜਾਂਦਾ ਹੈ, ਇਸ ਦਾ ਅਰਥ ਹੈ ‘ਵਾਜ’। ਰਾਮਕਲੀ ਰਾਗ ਵਿੱਚ ਲਿਖੀ ਹੋਈ ਇਸ ਬਾਣੀ ਦਾ ਨਾਮ‘ਸਦੁ’ ਹੈ, ਇਥੇ ਇਸ ਦਾ ਭਾਵ ਹੈ ‘ਰੱਬ ਵੱਲੋਂ ਗੁਰੂ ਅਮਰਦਾਸ ਜੀ ਨੂੰ ਆਇਆ ਹੋਇਆ ਸੱਦਾ’।
‘‘ਜਗਿ ਦਾਤਾ ਸੋਇ; ਭਗਤਿ ਵਛਲੁ ਤਿਹੁ ਲੋਇ ਜੀਉ॥ ਗੁਰ ਸਬਦਿ ਸਮਾਵਏ; ਅਵਰੁ ਨ ਜਾਣੈ ਕੋਇ ਜੀਉ॥ ਅਵਰੋ ਨ ਜਾਣਹਿ ਸਬਦਿ ਗੁਰ ਕੈ; ਏਕੁ ਨਾਮੁ ਧਿਆਵਹੇ॥ ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ॥ ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ॥ ਜਗਿ ਅਮਰੁ, ਅਟਲੁ, ਅਤੋਲੁ ਠਾਕੁਰੁ; ਭਗਤਿ ਤੇ, ਹਰਿ ਪਾਇਆ ॥੧॥’’
ਅਰਥ: ਜੋ ਅਕਾਲ ਪੁਰਖ ਜਗਤ ਵਿਚ (ਜੀਵਾਂ ਨੂੰ) ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ, (ਉਸ ਅਕਾਲ ਪੁਰਖ ਵਿਚ ਗੁਰੂ ਅਮਰਦਾਸ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਲੀਨ (ਰਿਹਾ) ਹੈ, ਸਤਿਗੁਰੂ ਦੇ ਸ਼ਬਦਿ ਦੀ ਬਰਕਤਿ ਨਾਲ (ਅਕਾਲ ਪੁਰਖ ’ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ (ਰਹੇ) ਹਨ, ਕੇਵਲ ਇੱਕ ‘ਨਾਮ’ ਨੂੰ ਧਿਆਉਂਦੇ (ਰਹੇ) ਹਨ; ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ। (ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ; (ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ ॥੧॥
‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥ ਸਤਿਗੁਰੁ ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ ਅਰਦਾਸਿ ਜੀਉ॥ ਪੈਜ ਰਾਖਹੁ ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ॥ ਅੰਤਿ ਚਲਦਿਆ ਹੋਇ ਬੇਲੀ; ਜਮਦੂਤ ਕਾਲੁ ਨਿਖੰਜਨੋ॥ ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ ਸੁਣੀ ਅਰਦਾਸਿ ਜੀਉ॥ ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ; ਧਨੁ ਧਨੁ ਕਹੈ ਸਾਬਾਸਿ ਜੀਉ॥੨॥’’
ਅਰਥ: ਅਕਾਲ ਪੁਰਖ ਦੀ ਰਜ਼ਾ ਗੁਰੂ (ਅਮਰਦਾਸ ਜੀ) ਨੂੰ ਪਿਆਰੀ ਲੱਗੀ ਅਤੇ ਸਤਿਗੁਰੂ (ਜੀ) ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਉਂ ਬੇਨਤੀ ਕੀਤੀ: (ਹੇ ਹਰੀ!) ਮੇਰੀ ਅਰਦਾਸਿ ਹੈ ਕਿ ਮੇਰੀ ਲਾਜ ਰੱਖ। ਆਪਣੇ ਸੇਵਕਾਂ ਦੀ ਲਾਜ ਰੱਖ ਅਤੇ ਮਾਇਆ ’ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ (ਯਾਦ, ਹੁਣ ਵੀ) ਬਖ਼ਸ਼ੀ ਰੱਖ, ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹਿ, ਜੋ ਅਖ਼ੀਰ ਚੱਲਣ ਵੇਲੇ ਵੀ ਸਾਥੀ ਬਣੇ। ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸਿ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ ਅਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ! ਤੂੰ ਧੰਨ ਹੈਂ, ਤੂੰ ਧੰਨ ਹੈਂ ॥੨॥
‘‘ਮੇਰੇ ਸਿਖ ਸੁਣਹੁ ਪੁਤ ਭਾਈਹੋ; ਮੇਰੈ ਹਰਿ ਭਾਣਾ, ਆਉ ਮੈ ਪਾਸਿ ਜੀਉ॥ ਹਰਿ ਭਾਣਾ ਗੁਰ ਭਾਇਆ, ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ॥ ਭਗਤੁ ਸਤਿਗੁਰੁ ਪੁਰਖੁ ਸੋਈ, ਜਿਸੁ ਹਰਿ ਪ੍ਰਭ ਭਾਣਾ ਭਾਵਏ॥ ਆਨੰਦ ਅਨਹਦ ਵਜਹਿ ਵਾਜੇ, ਹਰਿ ਆਪਿ ਗਲਿ ਮੇਲਾਵਏ॥ ਤੁਸੀ ਪੁਤ ਭਾਈ ਪਰਵਾਰੁ ਮੇਰਾ, ਮਨਿ ਵੇਖਹੁ ਕਰਿ ਨਿਰਜਾਸਿ ਜੀਉ॥ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ॥੩॥’’
ਅਰਥ: ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਸੁਣੋ- ਮੇਰੇ ਅਕਾਲ ਪੁਰਖ ਨੂੰ (ਇਹ) ਚੰਗਾ ਲੱਗਾ ਹੈ (ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ:) ਮੇਰੇ ਕੋਲ ਆਉ। ਅਕਾਲ ਪੁਰਖ ਦੀ ਰਜ਼ਾ (ਸਰੀਰ ਛੱਡਣ ਵਾਲੀ) ਗੁਰੂ ਨੂੰ ਮਿੱਠੀ ਲੱਗੀ ਹੈ, ਮੇਰਾ ਪ੍ਰਭੂ (ਮੈਨੂੰ) ਸ਼ਾਬਾਸ਼ ਦੇ ਰਿਹਾ ਹੈ। ਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ; (ਉਸ ਦੇ ਅੰਦਰ) ਆਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ। ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਹੁਕਮ (ਕਦੇ) ਟਲ ਨਹੀਂ ਸਕਦਾ; (ਸੋ, ਇਸ ਵਾਸਤੇ ਸਰੀਰਕ ਯਾਤ੍ਰਾ ਸਫਲ ਕਰਕੇ, ਹੁਣ) ਗੁਰੂ, ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ॥੩॥
‘‘ਸਤਿਗੁਰਿ ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ॥ ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਨ ਭਾਇਆ॥ ਮਿਤੁ ਪੈਝੈ, ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ॥ ਤੁਸੀ ਵੀਚਾਰਿ ਦੇਖਹੁ ਪੁਤ ਭਾਈ; ਹਰਿ ਸਤਿਗੁਰੂ ਪੈਨਾਵਏ॥ ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ॥ ਸਭਿ ਸਿਖ ਬੰਧਪ ਪੁਤ ਭਾਈ, ਰਾਮਦਾਸ ਪੈਰੀ ਪਾਇਆ॥੪॥’’
ਅਰਥ: ਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਆਖਿਆ) ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ। ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ। ਤੁਸੀਂ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ; (ਮੈਨੂੰ) ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀਂ ਭੀ ਖ਼ੁਸ਼ ਹੋਵੋ)। (ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਵੀ) ਥਾਪ ਦਿੱਤੀ, (ਅਤੇ) ਸਾਰੇ ਸਿੱਖਾਂ ਨੂੰ, ਅੰਗਾਂ-ਸਾਕਾਂ ਨੂੰ, ਪੁਤ੍ਰਾਂ ਨੂੰ, ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ ॥੪॥
‘‘ਅੰਤੇ ਸਤਿਗੁਰੁ ਬੋਲਿਆ; ਮੈ ਪਿਛੈ, ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ॥ ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ॥ ਪਿੰਡੁ, ਪਤਲਿ, ਕਿਰਿਆ, ਦੀਵਾ, ਫੁਲ; ਹਰਿ ਸਰਿ ਪਾਵਏ॥ ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ॥ ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ॥੫॥’’
ਅਰਥ: ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ-(ਹੇ ਭਾਈ!) ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ, ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਮੇਰੇ ਲਈ ਇਹੀ (ਗਰੁੜ) ਪੁਰਾਣ ਦੀ ਕਥਾ ਹੋਵੇਗੀ। (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ; ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ ਆਦਿ ਕਰਮਕਾਂਡਾਂ ਨੂੰ ਸਤਸੰਗ ’ਤੋਂ ਸਦਕੇ ਕਰਦਾ ਹੈ (ਭਾਵ ਸੰਗਤ ਰਾਹੀਂ ਕੀਤੀ ਗਈ ਪ੍ਰਭੂ ਭਗਤੀ ਅੱਗੇ ਤੁਛ, ਨਿਹਫਲ ਮੰਨਦਾ ਹੈ)। ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ ਕਿ ਮੈਨੂੰ ਅਕਾਲ ਪੁਰਖ ਵੱਲੋਂ ਸੁਜਾਣ (ਚੰਗੀ ਸਮਝ ਰੂਪ ਸੁਨੇਹਾ) ਮਿਲ ਪਿਆ। ਜਿਸ ਕਾਰਨ ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ ਦਿੱਤਾ ਭਾਵ ਗੁਰੂ ਦਾ ਸ਼ਬਦ (ਸਿਧਾਂਤ) ਰੂਪ ਸੱਚੀ ਰਾਹਦਾਰੀ ਬਖ਼ਸ਼ੀ ॥੫॥
‘‘ਸਤਿਗੁਰੁ ਪੁਰਖੁ ਜਿ ਬੋਲਿਆ; ਗੁਰਸਿਖਾ ਮੰਨਿ ਲਈ ਰਜਾਇ ਜੀਉ॥ ਮੋਹਰੀ ਪੁਤੁ ਸਨਮੁਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀਉ॥ ਸਭ ਪਵੈ ਪੈਰੀ ਸਤਿਗੁਰੂ ਕੇਰੀ; ਜਿਥੈ ਗੁਰੂ ਆਪੁ ਰਖਿਆ॥ ਕੋਈ ਕਰਿ ਬਖੀਲੀ ਨਿਵੈ ਨਾਹੀ; ਫਿਰਿ ਸਤਿਗੁਰੂ ਆਣਿ ਨਿਵਾਇਆ॥ ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ॥ ਕਹੈ ਸੁੰਦਰੁ ਸੁਣਹੁ ਸੰਤਹੁ! ਸਭੁ ਜਗਤੁ ਪੈਰੀ ਪਾਇ ਜੀਉ॥੬॥੧॥’’
ਅਰਥ: ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ’ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ’ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ। ਗੁਰੂ ਰਾਮਦਾਸ ਜੀ ਵਿੱਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ (ਸ਼ਕਤੀ) ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ। ਜੋ ਕੋਈ (ਪਿਛਲੇ ਨਿਜ਼ੀ ਮਤਭੇਦ ਕਾਰਨ ਗੁਰੂ ਰਾਮਦਾਸ ਜੀ ਅੱਗੇ) ਨਹੀਂ ਸੀ ਭੀ ਨਿਵਿਆ, ਉਸ ਨੂੰ ਵੀ ਗੁਰੂ ਅਮਰਦਾਸ ਜੀ ਨੇ ਸਮਝਾ ਕੇ ਲਿਆ ਪੈਰੀਂ ਪਾਇਆ। ਬਾਬਾ ਸੁੰਦਰ ਜੀ ਆਖ ਰਹੇ ਹਨ ਕਿ ਹੇ ਸੰਤਹੁ! ਸੁਣੋ, ਅਕਾਲ ਪੁਰਖ ਦੀ ਰਜ਼ਾ ਅਨੁਸਾਰ ਹੀ ਗੁਰੂ ਅਮਰਦਾਸ ਜੀ ਨੇ (ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ; (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥
‘ਸਦੁ’ ਬਾਣੀ ਦੀ ਵੀਚਾਰ ’ਤੋਂ ਦੋ ਗੱਲਾਂ ਪ੍ਰਤੱਖ ਰੂਪ ਵਿੱਚ ਸਾਹਮਣੇ ਆਈਆਂ ਹਨ ਕਿ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ’ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਆਪਣੇ ਜਿਉਂਦੇ ਜੀ ਆਪਣੇ ਹੱਥੀਂ ਗੁਰਿਆਈ ਅਗਲੇ ਗੁਰੂ; ਗੁਰੂ ਰਾਮਦਾਸ ਜੀ ਨੂੰ ਸੌਂਪੀ। ਇਹ ਰਵਾਇਤ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਚਲਦੀ ਰਹੀ। ਇਸ ’ਤੋਂ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਅਗਲਾ ਗੁਰੂ ਕੌਣ ਹੋਵੇਗਾ ਇਸ ਦਾ ਫੈਸਲਾ ਗੁਰੂ ਸਾਹਿਬ ਜੀ ਯੋਗਤਾ ਦੇ ਅਧਾਰ ’ਤੇ ਖ਼ੁਦ ਕਰਕੇ ਜਾਂਦੇ ਰਹੇ ਹਨ ਨਾ ਕਿ ਇਸ ਦਾ ਫੈਸਲਾ ਸਿੱਖਾਂ ਨੇ ਵੋਟਾਂ ਪਾ ਕੇ ਕਰਨਾ ਹੈ। ਜਿਵੇਂ ਕਿ ਰਾਮਕਲੀ ਰਾਗ ’ਚ ਹੀ ਭਾਈ ਸੱਤਾ ਬਲਵੰਡ ਜੀ ਸੇਧ ਦੇ ਰਹੇ ਹਨ: ‘‘ਗੁਰਿ; ਚੇਲੇ ਰਹਰਾਸਿ ਕੀਈ, ਨਾਨਕਿ; ਸਲਾਮਤਿ ਥੀਵਦੈ॥ ਸਹਿ ਟਿਕਾ ਦਿਤੋਸੁ, ਜੀਵਦੈ॥’’ (ਬਲਵੰਡ ਸਤਾ/੯੬੬) ਭਾਵ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਂਵਦੇ ਹੀ ਗੁਰੂ ਅੰਗਦ ਸਾਹਿਬ ਜੀ ਅੱਗੇ ਗੁਰੂ ਪਦਵੀ ਦੀ ਰਸਮ ਬਖ਼ਸ਼ਸ਼ ਕਰਕੇ ਸਿਰ ਝੁਕਾਇਆ।
ਦੂਸਰਾ ਪੱਖ ਹੈ ਕਿ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਮਿ੍ਰਤਕ ਪ੍ਰਾਣੀ ਪਿੱਛੋਂ ਰੋਣ, ਉਸ ਦੀ ਗਤੀ ਲਈ ਕੀਤੀ ਜਾ ਰਹੀ ਫੋਕਟ ਕਿਰਿਆ ਆਦਿਕ ’ਤੋਂ ਸਖ਼ਤੀ ਨਾਲ ਰੋਕ ਗਏ ਸਨ। ਪਰ ਦੁੱਖ ਦੀ ਗੱਲ ਇਹ ਹੈ ਕਿ ਬਾਣੀ ਦੇ ਅਰਥ ਭਾਵਾਂ ਅਤੇ ਗੁਰਮਤਿ ਫਲਸਫੇ ਨੂੰ ਬਿਨਾਂ ਸਮਝਿਆਂ ਅਨੇਕਾਂ ਪਾਠ ਕਰਨ ਵਾਲੇ ਬਹੁ ਗਿਣਤੀ ਸਿੱਖ ਅਜੇ ਹਿੰਦੂ ਧਰਮ ਦੇ ਫੋਕਟ ਕਰਮ ਕਾਂਡਾਂ ਵਿੱਚੋਂ ਨਹੀਂ ਨਿਕਲ ਸਕੇ। ਬੇਸ਼ੱਕ ਮਿ੍ਰਤਕ ਪ੍ਰਾਣੀ ਪਿੱਛੋਂ ਪਾਠ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਕੀਤਾ ਜਾਂਦਾ ਹੈ ਪਰ ਸਾਰੇ ਕਰਮ ਕਾਂਡ ਉਹੀ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਕਰਨ ਦੀ ਪ੍ਰੇਰਣਾ ਗਰੁੜ ਪੁਰਾਣ ਵਿੱਚੋਂ ਮਿਲਦੀ ਹੈ। ਆਓ; ਜਦੋਂ ਅਸੀਂ 2 ਅਸੂ (16 ਸਤੰਬਰ) ਨੂੰ 4 ਗੁਰਪੁਰਬ ਇਕੱਠੇ ਮਨਾ ਰਹੇ ਹਾਂ ਉਸ ਸਮੇਂ ਉਨ੍ਹਾਂ ਦੀ ਬਾਣੀ ਅਤੇ ਸਿੱਖਿਆ ਨੂੰ ਵੀ ਮਨ ਵਿੱਚ ਵਸਾ ਕੇ ਫੋਕਟ ਕਰਮ ਕਾਂਡਾਂ ਵਿੱਚੋਂ ਨਿਕਲ ਦਾ ਪ੍ਰਣ ਕਰੀਏ।
ਇਸ ਲੰਮੀ ਰਚਨਾ ਦੇ ਪੰਜਵੇਂ ਬੰਦ ’ਚ ਆਇਆ ਪਦਾ ‘‘ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ॥’’ ਦਾ ਕੁਝ ਅਨਮੱਤੀਏ ਗ਼ਲਤ ਅਰਥ ਕੱਢ ਕੇ ਸਿੱਖਾਂ ਨੂੰ ਕਿਸੇ ਦੇ ਮਰਨ ਉਪਰੰਤ ਪੰਡਿਤ ਨੂੰ ਸੱਦਣ ਲਈ ਪ੍ਰਚਾਰ ਕਰਦੇ ਹਨ ਜਿਸ ਕਾਰਨ ਸਿੱਖਾਂ ਨੇ ਕਦੇ ਪੰਡਿਤਾਂ ਨੂੰ ਤਾਂ ਨਹੀਂ ਬੁਲਾਇਆ ਪਰ ਉਹਨਾਂ ਦੀਆਂ ਆਧਾਰਹੀਣ ਰਸਮਾ ਨੂੰ ਅਪਣਾਇਆ ਹੋਇਆ ਹੈ। ਇਸ ਲਈ ਹਰ ਇੱਕ ਗੁਰਸਿੱਖ ਨੂੰ ਇਸ ਤੁਕ ਦੇ ਗੁਰਬਾਣੀ ਦੀ ਲਿਖਣਸ਼ੈਲੀ ਅਨੁਸਾਰ ਅਰਥ ਸਮਝਣੇ ਚਾਹੀਦੇ ਹਨ ਜੋ ਇਸ ਤਰ੍ਹਾਂ ਹਨ: (1) ‘ਪੰਡਿਤ’ ਸ਼ਬਦ ਗੁਰਬਾਣੀ ਦੀ ਲਿਖਣਸ਼ੈਲੀ ਅਨੁਸਾਰ (ੳ) ਕਰਤਾ ਕਾਰਕ ਬਹੁ-ਵਚਨ ਹੈ ਜਿਵੇਂ ‘‘ਗਾਵਨਿ ਪੰਡਿਤ ਪੜਨਿ ਰਖੀਸਰ, ਜੁਗੁ ਜੁਗੁ ਵੇਦਾ ਨਾਲੇ ॥ਜਪੁ॥’’
(ਅ) ‘ਪੰਡਿਤ’ ਸ਼ਬਦ ‘ਸੰਬੋਧਨ’ ਰੂਪ ’ਚ ਵੀ ਹੈ ਜਿਵੇਂ ‘‘ਕਹੁ ਰੇ ਪੰਡਿਤ! ਬਾਮਨ ਕਬ ਕੇ ਹੋਏ॥’’ ਗਉੜੀ (ਭ. ਕਬੀਰ/੩੨੪) ਭਾਵ ਹੇ ਪੰਡਿਤ ਜੀ! ਤੁਸੀਂ ਵੀ ਤਾਂ ਮਾਤਾ ਦੇ ਪੇਟ ’ਚੋਂ ਸਾਡੀ ਤਰ੍ਹਾਂ ਹੀ ਪੈਦਾ ਹੋਏ ਹੋ ਫਿਰ ਅਸੀਂ ਸੂਦਰ (ਨੀਵੀ ਜਾਤ) ਅਤੇ ਤੁਸੀਂ ਬ੍ਰਹਮਣ (ਉੱਚੀ ਜਾਤ) ਕਦੋਂ ’ਤੋਂ ਹੋ ਗਏ।
(ੲ). ਸ਼ਬਦ ‘ਪੰਡਿਤੁ’ ਔਕੁੜ ਅੰਤ ਰੂਪ ਕਰਤਾ ਕਾਰਕ, ਇਕ-ਵਚਨ ’ਚ ਹੈ ਜਿਵੇਂ ‘‘ਪੰਡਿਤੁ ਪੜਿ ਪੜਿ ਉਚਾ ਕੂਕਦਾ, ਮਾਇਆ ਮੋਹਿ ਪਿਆਰੁ॥’’ (ਮ:੩/੮੬)
(2) ਸ਼ਬਦ ‘ਪੜਹਿ’ ਕਿ੍ਰਆ ‘ਬਹੁ-ਵਚਨ’ ਹੈ ਜਿਵੇਂ ਕਿ ‘‘ਮਨਮੁਖ ਪੜਹਿ ਪੰਡਿਤ ਕਹਾਵਹਿ॥’’ (ਮ:੩/੧੨)
ਅਤੇ ਸ਼ਬਦ ‘ਪੜੈ’ ਕ੍ਰਿਆ ਇਕ ਵਚਨ ਹੈ ਜਿਵੇਂ ਕਿ ‘‘ਪੰਡਿਤੁ ਪੜੈ, ਬੰਧਨ ਮੋਹ ਬਾਧਾ, ਨਹ ਬੂਝੈ ਬਿਖਿਆ ਪਿਆਰਿ॥’’ (ਮ:੩/੩੩)
ਸੋ, ਸ਼ਬਦ ‘‘ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ॥’’ ਭਾਵ ਕੇਸਾਂਧਾਰੀ ਪਿ੍ਰਥਵੀ ਦੇ ਮਾਲਕ ਪ੍ਰਭੂ ਦੇ ਪੰਡਿਤਾਂ (ਸੰਤਸੰਗੀਆਂ) ਨੂੰ ਸੱਦ ਕੇ ਕਰਤਾਰ ਹਰੀ ਦੀ ਸਿਫ਼ਤ ਕਰਨੀ, ਇਹੀ ਹੈ (ਗਰੁੜ) ਪੁਰਾਣ।