ਨੌਵੇਂ ਪਾਤਿਸ਼ਾਹ ਸਬੰਧੀ ਇੱਕ ਭੁਲੇਖਾ ਤੇ ਉਸ ਦਾ ਸਪਸ਼ਟੀਕਰਨ

0
237

ਨੌਵੇਂ ਪਾਤਿਸ਼ਾਹ ਸਬੰਧੀ ਇੱਕ ਭੁਲੇਖਾ ਤੇ ਉਸ ਦਾ ਸਪਸ਼ਟੀਕਰਨ

ਸ. ਮਹਿੰਦਰ ਸਿੰਘ ਜੋਸ਼

ਰਵਾਇਤੀ ਸਿੱਖ-ਇਤਿਹਾਸ ਦੀਆਂ ਰਚਨਾਵਾਂ ਵਿੱਚ ਸਾਹਿਬਜ਼ਾਦਾ ਤੇਗ਼ ਬਹਾਦਰ ਜੀ ਦਾ (1644 ’ਤੋਂ 1664 ਤੱਕ) ਇਹ 20-21 ਸਾਲ ਦਾ ਸਮਾਂ ਬਕਾਲੇ ਵਿਖੇ ਤਪੱਸਿਆ ਵਿੱਚ ਗੁਜ਼ਰਿਆ ਦੱਸਿਆ ਗਿਆ ਹੈ, ਜੋ ਠੀਕ ਨਹੀਂ। ਭੱਟ ਵਹੀਆਂ, ਪੰਡਾ ਵਹੀਆਂ, ਗੁਰੂ ਕੀਆਂ ਸਾਖੀਆਂ ਤੇ ਬੰਸਾਵਲੀਨਾਮੇ ਦੇ ਇੰਦਰਾਜ 1656 ’ਤੋਂ 1664 ਤੱਕ ਵਾਲੇ ਸਮੇਂ ਵਿੱਚ ਸਾਹਿਬਜ਼ਾਦਾ ਤੇਗ਼ ਬਹਾਦਰ ਜੀ ਨੂੰ, ਤਾਰੀਖ਼ਾਂ ਤੇ ਸੰਨਾਂ-ਸੰਮਤਾਂ ਨਾਲ ਕੀਰਤਪੁਰ ਸਾਹਿਬ, ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿ ਪੂਰਬੀ ਪ੍ਰਦੇਸ਼ਾਂ ਦੇ ਨਗਰਾਂ ਵਿੱਚ ਪ੍ਰਚਾਰ ਦੌਰਿਆਂ ਉੱਤੇ ਆਪਣੀ ਮਾਤਾ, ਧਰਮ ਪਤਨੀ ਅਤੇ ਧਰਮ ਪਤਨੀ ਦੇ ਭਰਾ ਜਾਂ ਨਿਕਟਵਰਤੀ ਰਿਸ਼ਤੇਦਾਰ ਕਿ੍ਰਪਾਲ ਚੰਦ ਜੀ ਤੇ ਹੋਰ ਸਿੱਖਾਂ ਦੀ ਪ੍ਰਚਾਰ ਵਹੀਰ ਸਮੇਤ ਸਿੱਖੀ ਦਾ ਪ੍ਰਚਾਰ ਕਰਦਿਆਂ ਦਿਖਾਂਦੇ ਹਨ।

ਇਹ ਲੇਖ ਅਤੇ ਇੰਦਰਾਜ ਗੁਰੂ ਹਰਿ ਰਾਇ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦੇ ਸਮਾਚਾਰ ਪਟਨੇ ਵਿਖੇ ਮਿਲਣ ’ਤੇ ਪੂਰਬ ਦੇਸ਼ ’ਤੋਂ ਵਾਪਸੀ ਸਮੇਂ ਦੇ ਪ੍ਰਚਾਰ ਸਫ਼ਰ ਦੇ ਵੇਰਵਿਆਂ ’ਤੋਂ ਛੁੱਟ ਦਿੱਲੀ ਵਿਖੇ ਭਾਈ ਕਲਿਆਣੇ ਦੀ ਪ੍ਰਸਿੱਧ ਸਿੱਖ ਧਰਮਸ਼ਾਲਾ ਵਿਖੇ ਟਿਕਣ ਅਤੇ ਸ੍ਰੀ ਗੁਰੂ ਹਰਿ ਕਿ੍ਰਸ਼ਨ ਸਾਹਿਬ ਨਾਲ ਰਾਜਾ ਜੈ ਸਿੰਘ ਦੇ ਬੰਗਲੇ ਦਿੱਲੀ ਵਿਖੇ ਹੋਈ ਲੰਬੀ ਮੁਲਾਕਾਤ ਦੀਆਂ ਤਾਰੀਖਾਂ ਅਤੇ ਵੇਰਵਿਆਂ ਦੀ ਵੀ ਚੰਗੀ ਉਘ-ਸੁਘ ਦਿੰਦੇ ਹਨ।

ਪ੍ਰਾਪਤ ਵੇਰਵਿਆਂ ਅਤੇ ਅੱਡ ਅੱਡ ਨਗਰਾਂ ’ਚ ਲਗਾਏ ਗਏ ਪ੍ਰਚਾਰ-ਦੌਰਿਆਂ ਦੀਆਂ ਤਾਰੀਖਾਂ ਤੇ ਸੰਨਾਂ-ਸੰਮਤਾਂ ਦੇ ਮਿਲ ਜਾਣ ਕਾਰਨ ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਬਾਰੇ ਪ੍ਰਚਾਰੇ ਗਏ 20-21 ਸਾਲ ਤੱਕ ਬਕਾਲੇ ਵਿੱਚ ਟਿਕੇ ਰਹਿਣ ਦੇ ਖ਼ਿਆਲਾਂ ਨੂੰ ਰੱਦ ਕਰਨਾ ਜ਼ਰੂਰੀ ਹੋ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਧਰਮ ਫ਼ਿਲਾਸਫ਼ੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਵੱਲੋਂ ਗੁਰਿਆਈ ਦੌਰਾਨ ਉਚਾਰੀ ਬਾਣੀ ਵੀ ਤਪੱਸਿਆ ਵਾਲੇ ਅਨਮਤੀ ਸਿਧਾਂਤ ਜਾਂ ਹਿੰਦੂ ਸਿਧਾਂਤ ਦੀ ਵਿਰੋਧਤਾ ਕਰਦੀ ਹੈ। ਸਿੱਖ ਮੱਤ ਕਈ ਅਨਮਤਾਂ ਦੀ ਤਰ੍ਹਾਂ ਜੰਗਲਾਂ-ਪਹਾੜਾਂ ਵਿੱਚ ਏਕਾਂਤ-ਵਾਦੀ ਹੋ ਕੇ ਰਹਿਣ ਵਾਲਾ ਅਤੇ ਨਿਜ-ਵਾਦੀ ਨਹੀਂ, ਬਲਕਿ ਇਹ ਇੱਕ ਸਮਾਜਕ ਅਤੇ ਭਾਈਚਾਰਕ ਮੱਤ ਹੈ, ਯਥਾ: ‘‘ਮਨ ਰੇ ਗਹਿਓ ਨ ਗੁਰ ਉਪਦੇਸੁ॥ ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ॥’’(ਮ:੯/੬੩੩), ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ (ਮ:੯/੬੮੪), ਪਾਪੀ ਹੀਐ ਮੈ ਕਾਮੁ ਬਸਾਇ॥ ਮਨੁ ਚੰਚਲੁ ਯਾ ਤੇ ਗਹਿਓ ਨ ਜਾਇ॥੧॥ ਰਹਾਉ॥ ਜੋਗੀ ਜੰਗਮ ਅਰੁ ਸੰਨਿਆਸ॥ ਸਭ ਹੀ ਪਰਿ ਡਾਰੀ ਇਹ ਫਾਸ॥’’ ਮ:੯/੧੧੮੬)

ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣੀ ਬਾਣੀ ਰਾਹੀਂ ਸਪਸ਼ਟ ਦੱਸਿਆ ਕਿ ਮਨ ਇਨ੍ਹਾਂ ਬਨਾਵਟੀ ਸਾਧਨਾਂ ਰਾਹੀਂ ਕਾਬੂ ਨਹੀਂ ਕੀਤਾ ਜਾ ਸਕਦਾ, ਯਥਾ: ‘‘ਸਾਧੋ ਇਹੁ ਮਨੁ ਗਹਿਓ ਨ ਜਾਈ॥’’ (ਮ:੯/੨੧੯) ਅਤੇ ਜੀਵ ਦੀ ਜੀਵਨ-ਮਨੋਰਥ ਦੀ ਪ੍ਰਾਪਤੀ ਦੀ ਗੱਲ ਕੇਵਲ ਗੁਰੂ ਦੀ ਸੰਗਤਿ ਰਾਹੀਂ ਹੀ ਬਣ ਸਕਦੀ ਹੈ, ਜਿਵੇਂ: ‘‘ਜਨ ਨਾਨਕ! ਇਹੁ ਖੇਲੁ ਕਠਨੁ ਹੈ, ਕਿਨਹੂੰ ਗੁਰਮੁਖਿ ਜਾਨਾ॥’’ (ਮ:੯/੨੧੯) ਅਤੇ ‘‘ਜਬ ਹੀ ਸਰਨਿ ਸਾਧ ਕੀ ਆਇਓ, ਦੁਰਮਤਿ ਸਗਲ ਬਿਨਾਸੀ॥’’ (ਮ:੯/੬੮੩) ਵਾਲੇ ਬਚਨਾਂ ਵਿੱਚ ਦੱਸਿਆ ਗਿਆ ਹੈ।

ਦਰਅਸਲ, ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਗੁਰਬਾਣੀ ਰਾਹੀਂ ਦਰਸਾਏ ਪਹਿਲੇ ਗੁਰੂ ਜਾਮਿਆਂ ਦੇ ਸਮੁੱਚੇ ਫ਼ਲਸਫ਼ੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਹ ਸੰਨਿਆਸੀ, ਜੋਗੀਆਂ, ਸਰੇਵੜਿਆਂ ਵਾਲੇ ਏਕਾਂਤੀ ਜੀਵਨ ਦੇ ਕਾਇਲ ਨਹੀਂ ਸਨ। ਗੁਰਬਾਣੀ ਅਭਿਆਸ, ਗੁਰਬਾਣੀ ਵਿਚਾਰ ਤੇ ਭਜਨ ਬੰਦਗੀ ਲਈ ਬਣਵਾਏ ਗਏ ਉਨ੍ਹਾਂ ਦੇ ਅਸਥਾਨ ਨੂੰ ਲੋਕਾਂ ਨੇ ਭੋਰਾ ਨਾਮ ਦੇ ਦਿੱਤਾ ਤੇ ਵੀਹ-ਇੱਕੀ ਸਾਲ ਉੱਥੇ ਬੈਠ ਕੇ ਤਪ ਸਾਧਣ ਅਤੇ ਗੁਰ-ਸੰਗਤ ਨਾਲੋਂ ਵੱਖ ਏਕਾਂਤੀ ਹੋਣ ਦੀਆਂ ਗੁਰਮਤਿ ਵਿਰੋਧੀ ਗੱਲਾਂ ਵੀ ਉਨ੍ਹਾਂ ਨਾਲ ਜੋੜ ਦਿੱਤੀਆਂ ਜੋ ਬਿਲਕੁਲ ਨਿਰਮੂਲ ਹਨ।

ਬਕਾਲੇ ਟਿਕਣ ਸਮੇਂ ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਬਾਣੀ ਦਾ ਡੂੰਘਾ ਅਧਿਐਨ ਕਰਦੇ, ਭਜਨ-ਬੰਦਗੀ ਕਰਦੇ, ਆਉਣ ਵਾਲੇ ਸਮੇਂ ਦਾ ਕਾਮਯਾਬੀ ਨਾਲ ਟਾਕਰਾ ਕਰਨ ਲਈ ਆਤਮ ਚਿੰਤਨ ਕਰਦੇ, ਅਰ ਇਨ੍ਹਾਂ ’ਤੋਂ ਛੁੱਟ ਉਹ ਸ਼ਸਤਰ ਵਿਦਿਆ ਅਤੇ ਘੋੜ-ਸਵਾਰੀ ਦੇ ਅਭਿਆਸ ਵੀ ਕਰਦੇ ਸਨ। ਉਹ ਆਪਣੇ ਮਿਲਣ-ਗਿਲਣ ਵਾਲਿਆਂ ਅਤੇ ਆਏ-ਗਏ ਲੋਕਾਂ ਨੂੰ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਬਹੁਤ ਵਿਸਥਾਰ ਸਹਿਤ ਪ੍ਰੇਮ ਨਾਲ ਦੱਸਦੇ ਤੇ ਲੋਕਾਂ ਨੂੰ ਮਨੁੱਖਾ-ਜੀਵਨ ਦੇ ਮਨੋਰਥ ਨੂੰ ਸੰਭਾਲਣ ਦੀ ਪ੍ਰੇਰਨਾ ਦਿੰਦੇ ਸਨ।

ਉਨ੍ਹਾਂ ਦੇ ਸਾਲਾ ਜੀ (ਮਾਤਾ ਗੁਜਰੀ ਜੀ ਦੇ ਭਰਾ) ਕਿ੍ਰਪਾਲ ਚੰਦ ਜੀ ਕਈ ਵਾਰੀ ਆਪ ਜੀ ਨੂੰ ਅਤੇ ਆਪਣੀ ਭੈਣ ਗੁਜਰੀ ਜੀ ਨੂੰ ਮਿਲਣ ਲਈ ਕੀਰਤਪੁਰ ’ਤੋਂ ਬਕਾਲੇ ਆ ਜਾਂਦੇ ਸਨ ਅਤੇ ਕਈ ਵਾਰੀ ਸਾਹਿਬਜ਼ਾਦਾ ਸਾਹਿਬ ਆਪ ਖੁਦ ਕਿ੍ਰਪਾਲ ਚੰਦ ਜੀ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਚਲੇ ਜਾਂਦੇ ਸਨ, ਜੋ ਖ਼ੁਦ ਗੁਰੂ ਹਰਿ ਰਾਇ ਸਾਹਿਬ ਦੇ 2200 ਘੋੜ-ਸਵਾਰਾਂ ਦੀ ਫੌਜੀ ਟੁਕੜੀ ਵਿੱਚ ਤਾਇਨਾਤ ਸਨ।

ਬੜੀ ਸੁਭਾਵਕ ਗੱਲ ਹੈ, ਕਿ ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਜਦ ਵੀ ਕੀਰਤਪੁਰ ਕਿ੍ਰਪਾਲ ਚੰਦ ਜੀ ਨੂੰ ਮਿਲਣ ਜਾਂਦੇ ਸਨ, ਉਹ ਲਾਜ਼ਮੀ ਤੌਰ ’ਤੇ ਗੁਰੂ ਹਰਿ ਰਾਇ ਸਾਹਿਬ ਦੇ ਦਰਬਾਰ ਦੀ ਹਾਜ਼ਰੀ ਵੀ ਭਰਦੇ ਸਨ, ਜੋ ਉਂਞ ਰਿਸ਼ਤੇ ਵਿੱਚ ਸਾਹਿਬਜ਼ਾਦਾ ਸਾਹਿਬ ਦੇ ਭਤੀਜੇ ਲੱਗਦੇ ਸਨ। ਗੁਰੂ ਹਰਿ ਰਾਇ ਸਾਹਿਬ ਨਾਲ ਉਚੇਚੀਆਂ ਮੁਲਾਕਾਤਾਂ ਅਤੇ ਗੁਰਮਤਿ ਵਿਚਾਰਾਂ ਵੀ ਹੁੰਦੀਆਂ ਰਹਿੰਦੀਆਂ ਸਨ।

ਉਂਞ ਤਾਂ ਸਭ ਸਿੱਖ ਸ਼ਰਧਾਲੂਆਂ ਨੂੰ ਅਤੇ ਗੁਰੂ-ਘਰ ਨਾਲ ਸਬੰਧਤ ਆਮ ਪੁਰਖਾਂ ਨੂੰ ਇਹ ਗੱਲ ਭਲੀ-ਭਾਂਤ ਵਿਦਿਤ ਸੀ ਕਿ ਸਾਹਿਬਜ਼ਾਦਾ ਤੇਗ਼ ਬਹਾਦਰ ਬਹੁਤ ਹੀ ਉੱਚੇ-ਸੁੱਚੇ ਤੇ ਅਮਲੀ ਜੀਵਨ ਦੇ ਮਾਲਕ ਹਨ ਅਤੇ ਆਮ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਜਾ ਰਿਹਾ ਸੀ, ਕਿ ਉਹ ਹੋਰ ਕਈ ਸਮਕਾਲੀ ਅਤੇ ਕਰਨੀ ਵਾਲੇ ਸਿੱਖ ਧਾਰਮਕ ਆਗੂਆਂ ਦੀ ਤਰ੍ਹਾਂ ਲੋਕਾਂ ਵਿੱਚ ਗੁਰਮਤਿ ਵਿਸ਼ਵਾਸਾਂ, ਗੁਰਮਤਿ ਅਸੂਲਾਂ ਅਤੇ ਗੁਰਮਤਿ ਕਰਣੀ ਨੂੰ ਪ੍ਰਚਾਰਨ ਵਿੱਚ ਬਹੁਤ ਦਿਲਚਸਪੀ ਲੈਂਦੇ ਸਨ।

ਇਸੇ ਤਰ੍ਹਾਂ 1656 ਦੇ ਸ਼ੁਰੂ ਵਿੱਚ ਇੱਕ ਵਾਰ ਉਨ੍ਹਾਂ ਨੂੰ ਕੀਰਤਪੁਰ ਜਾਣ ਦਾ ਅਵਸਰ ਮਿਲਿਆ। ਗੁਰੂ ਹਰਿ ਰਾਇ ਸਾਹਿਬ ਉਨ੍ਹਾਂ ਦੇ ਪ੍ਰਭਾਵਸ਼ਾਲੀ ਜੀਵਨ ਅਤੇ ਪ੍ਰਚਾਰ-ਢੰਗ ’ਤੋਂ ਚੰਗੀ ਤਰ੍ਹਾਂ ਵਾਕਫ਼ ਸਨ। ਰਿਸ਼ਤੇ ਵਿੱਚ ਵੀ ਆਪ ਗੁਰੂ ਹਰਿ ਰਾਇ ਸਾਹਿਬ ਦੇ ਚਾਚਾ ਜੀ ਲੱਗਦੇ ਸਨ। ਸਤਿਗੁਰ ਹਰਿ ਰਾਇ ਸਾਹਿਬ ਨੇ ਆਪ ਦੀ ਅਦੁੱਤੀ ਕਾਬਲੀਅਤ ਨੂੰ ਮੁੱਖ ਰੱਖ ਕੇ ਆਪ ਨੂੰ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਆਦਿਕ ਪੂਰਬੀ ਪ੍ਰਾਤਾਂ ਵਿੱਚ ਸਿੱਖੀ ਪ੍ਰਚਾਰ ਦੇ ਕੰਮ ਨੂੰ ਸੰਗਠਨ ਕਰਨ ਦੀ ਜਿੰਮੇਵਾਰੀ ਸੌਂਪ ਦਿੱਤੀ। ਭੱਟ ਵਹੀਆਂ ਦੇ ਇੰਦਰਾਜਾਂ ਮੁਤਾਬਕ ਆਪ ਨੇ ਆਪਣੇ ਪਰਿਵਾਰ ਦੇ ਕੁਝ ਨਜ਼ਦੀਕੀ ਮੈਂਬਰਾਂ ਤੇ ਨਿਕਟ ਵਰਤੀ ਸਿਰਕੱਢ ਪ੍ਰਚਾਰਕਾਂ ਦੀ ਇਕ ਤਕੜੀ ਪ੍ਰਚਾਰ ਵਹੀਰ 9 ਜੂਨ, 1656 ਤੱਕ ਤਿਆਰ ਕਰ ਲਈ ਸੀ।

ਪੂਰਬ ਦੇਸ਼ ਦਾ ਪਹਿਲਾ ਪ੍ਰਚਾਰ ਦੌਰਾ:

ਸਾਹਿਬਜ਼ਾਦਾ ਤੇਗ਼ ਬਹਾਦਰ ਸਾਹਿਬ ਜੀ ਨੇ ਇਸ ਪ੍ਰਚਾਰ ਦੌਰੇ ਲਈ ਸਭ ਪਹਿਲੂਆਂ ਨੂੰ ਵਿਚਾਰ ਕੇ ਅਮਲ ਵਿੱਚ ਉਤਾਰੀ ਜਾ ਸਕਣ ਵਾਲੀ (Practicable) ਯੋਜਨਾ ਬਣਾਈ। ਆਪਣੇ ਸਾਲੇ ਕਿ੍ਰਪਾਲ ਚੰਦ ਨੂੰ ਗੁਰੂ ਸਾਹਿਬ ਦੇ 2200 ਘੋੜ ਸਵਾਰਾਂ ਦੀ ਟੁਕੜੀ ਵਿੱਚੋਂ ਕਢਵਾ ਕੇ ਆਪਣੇ ਨਾਲ ਲੈ ਲਿਆ। ਵਰਖਾ ਰੁੱਤ ਸ਼ੁਰੂ ਹੋ ਚੁੱਕੀ ਸੀ। ਸਾਹਿਬਜ਼ਾਦਾ ਸਾਹਿਬ ਨੇ ਇਸ ਦੌਰਾਨ ਆਪਣੀ ਪ੍ਰਚਾਰ ਵਹੀਰ ਦੇ ਲੰਬੇ ਦੌਰੇ ਵਾਲੇ ਸਫ਼ਰਾਂ ਨੂੰ ਮੁੱਖ ਰੱਖ ਕੇ ਤਿਆਰੀ ਆਰੰਭ ਕਰ ਦਿੱਤੀ। ਇਸ ਦੌਰੇ ਲਈ 9 ਜੂਨ 1656 ਨੂੰ ਆਪਣੀ ਵਹੀਰ ਵਿੱਚ ਆਪਣੇ ਨਾਲ ਮਾਤਾ ਨਾਨਕੀ ਜੀ, ਧਰਮ ਪਤਨੀ ਗੁਜਰੀ ਸੀ, ਭਰਜਾਈ ਹਰੀ ਜੀ (ਸੁਪਤਨੀ ਸੂਰਜ ਮਲ ਜੀ) ਆਪਣੇ ਸਾਲੇ ਕਿ੍ਰਪਾਲ ਚੰਦ ਜੀ ਅਤੇ ਭਣਵਈਏ ਸਾਧੂ ਰਾਮ ’ਤੋਂ ਛੁਟ ਆਪਣੇ ਨਿਕਟਵਰਤੀ ਗੁਰਸਿੱਖਾਂ ਭਾਈ ਦਿਆਲ ਦਾਸ (ਮਨੀ ਸਿੰਘ ਜੀ ਦੇ ਭਰਾ) ਗੁਆਲ ਦਾਸ, ਚਉਪਤਿ ਰਾਏ, ਭਾਈ ਮਤੀ ਦਾਸ, ਬਾਲੂ ਹਸਨਾ, ਅਲਮਸਤ, ਸੰਗਤੀਆ, ਦਰੀਆ ਤੇ ਦੁਰਗਾ ਦਾਸ ਜੀ ਆਦਿਕਾਂ ਨੂੰ ਤਿਆਰ ਕਰ ਕੇ ਸ਼ਾਮਲ ਕਰ ਲਿਆ।

ਬਾਰਸ਼ਾਂ ਦਾ ਮੌਸਮ ਖ਼ਤਮ ਹੋਣ ’ਤੇ ਰੋਪੜ ਅਤੇ ਬਨੂੜ ਦੇ ਇਲਾਕਿਆਂ ਦੇ ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਸਰਦੀਆਂ ਵਿੱਚ ਕੁਰੂਕਸ਼ੇਤਰ ਨਗਰ ਵਿਖੇ ਪੁੱਜੇ। 29 ਮਾਰਚ, 1657 ਨੂੰ ਸਾਰੇ ਸਾਥ ਸਮੇਤ ਹਰਿਦੁਆਰ ਪੁੱਜੇ। ਫਿਰ ਵਹੀਰ ਨੂੰ ਇੱਕ ’ਤੋਂ ਵਧੀਕ ਟੋਲੀਆਂ ’ਚ ਵੰਡ ਕੇ ਆਸ ਪਾਸ ਦੇ ਕਈ ਪਿੰਡਾਂ ਕਸਬਿਆਂ ਵਿੱਚ ਸਿੱਖ ਮੱਤ ਦੇ ਨਰੋਏ ਸਿਧਾਂਤਾਂ ਦਾ ਪ੍ਰਚਾਰ ਕਰਦੇ ਰਹੇ। ਪੰਡਾ ਵਹੀ, ਖੇਮਚੰਦ, ਹਰਿਦੁਆਰ ਅਤੇ ਸੇਵਾ ਸਿੰਘ ਦੇ ਸ਼ਹੀਦ ਬਿਲਾਸ ’ਤੋਂ ਪ੍ਰਗਟ ਹੁੰਦਾ ਹੈ ਕਿ ਭਾਈ ਦਿਆਲਾ ਜੀ ਦੀ ਟੋਲੀ ਆਸ-ਪਾਸ ਦੇ ਕਈ ਪਿੰਡਾਂ ਅਤੇ ਕਸਬਿਆਂ ਵਿੱਚ ਪ੍ਰਚਾਰ ਕਰਦਿਆਂ ਦੁਬਾਰਾ 17 ਮਈ, 1659 ਨੂੰ ਹਰਿਦੁਆਰ ਪੁੱਜੀ ਸੀ।

ਇਸ ਦੌਰਾਨ ਸਾਹਿਬਜ਼ਾਦਾ ਤੇਗ਼ ਬਹਾਦਰ ਜੀ ਵਹੀਰ ਦੀ ਦੂਜੀ ਟੋਲੀ ਨਾਲ ਹਰਿਦੁਆਰ ਦੇ ਆਸ-ਪਾਸ ਦੇ ਤੇ ਦੁਰੇਡੇ ਇਲਾਕਿਆਂ ਵਿੱਚ ਵੀ ਪ੍ਰਚਾਰ ਕਰ ਰਹੇ ਸਨ। ਆਪ ਗੜ੍ਹ ਮੁਕਤੇਸ਼ਵਰ, ਮਥੁਰਾ, ਆਗਰਾ ਆਦਿਕ ਨਗਰਾਂ ਵਿੱਚ ਸਿੱਖੀ ਦੀ ਸੋਭਾ ਖਿਲਾਰਦੇ ਹੋਏ ਪ੍ਰਯਾਗ (ਇਲਾਹਾਬਾਦ) ਪੁੱਜੇ।

ਬਚਿਤ੍ਰ ਨਾਟਕ ਦੇ ਕਰਤਾ ਦੀ ਧਾਰਨਾ ਕਿ ਗੁਰੂ ਤੇਗ਼ ਬਹਾਦਰ ਸਾਹਿਬ ਪੂਰਬ ਦੇਸ਼ ਦੇ ਤੀਰਥਾਂ ਦੀ ਯਾਤਰਾ ਤੇ ਤੀਰਥ ਇਸ਼ਨਾਨ ਪੁੱਤਰ-ਪ੍ਰਾਪਤੀ ਲਈ ਕਰ ਰਹੇ ਸਨ ਅਤੇ ਪ੍ਰਯਾਗ ਦੇ ਬ੍ਰਾਹਮਣਾਂ ਨੂੰ ਪੁੰਨ-ਦਾਨ ਪੁੱਤਰ ਪ੍ਰਾਪਤੀ ਦੀ ਲਾਲਸਾ ਨਾਲ ਹੀ ਕਰ ਰਹੇ ਸਨ, ਜਿਸ ਦੇ ਫਲ-ਸਰੂਪ ਪ੍ਰਯਾਗ ਵਿਖੇ ਉਨ੍ਹਾਂ ਦੇ ਘਰ ਪੁੱਤਰ ਦੀ ਉਮੀਦਵਾਰੀ ਦੀ ਗੱਲ ਬਣੀ; ਬਿਲਕੁਲ ਨਿਰਮੂਲ, ਗੁਰਮਤਿ ਵਿਰੋਧੀ ਤੇ ਗੁਰਮਤਿ ਨੂੰ ਛਟਿਆਉਣ ਅਤੇ ਗੁਰੂ-ਘਰ ਦੀ ਹੇਠੀ ਕਰਨ ਵਾਲੀ ਧਾਰਨਾ ਹੈ। ਸਾਹਿਬਜ਼ਾਦਾ ਤੇਗ਼ ਬਹਾਦਰ ਜੀ ਦਾ ਇਹ ਦੌਰਾ ਨਿਰੋਲ ਸਿੱਖ ਮੱਤ ਦੇ ਪ੍ਰਚਾਰ ਦਾ ਦੌਰਾ ਸੀ, ਜੋ ਗੁਰਗੱਦੀ ਤੇ ਬੈਠਣ ’ਤੋਂ ਬਹੁਤ ਹੀ ਚਿਰ ਪਹਿਲਾਂ ਲਗਾਇਆ ਗਿਆ ਸੀ। ਲਿਖਾਰੀਆਂ ਨੇ ਇਸ ਨੂੰ ਤੀਰਥ ਯਾਤਰਾ ਦਾ ਨਾਮ ਦੇ ਕੇ ਗ਼ਲਤ ਪ੍ਰਚਾਰ ਕਰ ਦਿੱਤਾ ਹੈ। ਤੀਰਥ-ਯਾਤਰਾ ਕਰਨਾ ਗੁਰਮਤਿ ਦਾ ਸਿਧਾਂਤ ਹੀ ਨਹੀਂ।

ਭੱਟ ਵਹੀ ਪੂਰਬੀ ਦੱਖਣੀ ਮੁਤਾਬਕ ਆਪ ਦਾ ਵਹੀਰ 19 ਅਪ੍ਰੈਲ, 1661 ਨੂੰ ਪ੍ਰਯਾਗ ਵਿਖੇ ਸੀ। ਮਿਰਜ਼ਾਪੁਰ ਆਦਿ ’ਤੋਂ ਹੋ ਕੇ ਦੋ ਕੁ ਮਹੀਨਿਆਂ ਪਿੱਛੋਂ ਇਹ ਪ੍ਰਚਾਰ ਵਹੀਰ 21 ਜੂਨ 1661 ਨੂੰ ਕਾਸ਼ੀ (ਬਨਾਰਸ) ਦੇਖਿਆ ਗਿਆ।

ਇੱਥੋਂ ਸਸਰਾਮ ਆਦਿਕ ਥਾਵਾਂ ’ਤੋਂ ਹੁੰਦੇ ਹੋਏ ਵਹੀਰ ਗਯਾ ਨਗਰ ਵਿੱਚ ਪੁੱਜਿਆ। ਇੱਥੇ ਇਸ ਵਹੀਰ ਨੂੰ ਸਤਿਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਪੁਰਾਣਾ ਸਿੱਖ, ਜੈਤਾ ਸੇਠ ਮਿਲਿਆ, ਜੋ ਬਹੁਤ ਸ਼ਰਧਾ ਅਰ ਪ੍ਰੇਮ ਨਾਲ ਇਸ ਸਾਰੇ ਵਹੀਰ ਨੂੰ ਸਮੇਤ ਸਤਿਗੁਰਾਂ ਦੇ ਪਰਿਵਾਰ ਦੇ, ਆਪਣੇ ਨਗਰ ਪਟਨੇ ਲੈ ਗਿਆ।

ਸੋ, ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਗੁਰੂ ਸਾਹਿਬ ਜੀ ਬਹੁਤ ਲੰਮੇ ਸਮੇ ਕੇਵਲ ਕਿਸੇ ਇੱਕ ਭੋਰੇ ਵਿੱਚ ਅੱਖਾਂ ਬੰਦ ਕਰਕੇ ਹੀ ਬੈਠੇ ਰਹੇ, ਯਾਦ ਰਹੇ ਕਿ ਗੁਰੂ ਨਾਨਕ ਸਾਹਿਬ ਜੀ ’ਤੋਂ ਬਾਅਦ ਸਭ ’ਤੋਂ ਜ਼ਿਆਦਾ ਪੈਦਲ ਯਾਤਰਾ ਕਰਨ ਵਾਲੇ ਗੁਰੂ, ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਹੀ ਸਨ।