ਗੁਰਮੁਖਿ ਜਨਮੁ ਸਕਾਰਥਾ; ਸਚੈ ਸਬਦਿ ਲਗੰਨਿ ॥
ਗਿਆਨੀ ਬਲਜੀਤ ਸਿੰਘ (ਡਾਰੈਕਟਰ ਆਫ ਐਜੁਕੇਸ਼ਨ)
ੴ ਸਤਿ ਗੁਰ ਪ੍ਰਸਾਦਿ
ਜਨਮ ਤੇ ਮੌਤ ਅਕਾਲ ਪੁਰਖ ਦੇ ਨਿਯਮਾਂ ਵਿੱਚ ਇੱਕ ਅਟੱਲ ਸਚਾਈ ਹੈ। ਗੁਰਸਿੱਖ ਪਿਆਰੇ ਇਸ ਨੂੰ ‘‘ਭਾਣੈ ਆਵੈ ਜਾਇ ॥’’ (ਮਹਲਾ ੧/੪੭੨) ਮਹਾਂ ਵਾਕ ਅਨੁਸਾਰ ਖਿੜੇ ਮੱਥੇ ਪ੍ਰਵਾਨ ਕਰਕੇ ਜੀਵਨ ਜਿਊਂਦੇ ਹਨ। ਜਿੱਥੇ ਸੱਚ ਤੋਂ ਮੁਨਕਰ ਮਨੁੱਖ ਕੇਵਲ ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ॥’’ (ਮਹਲਾ ੧/੧੨੫੪) ਦੀ ਆਪਹੁਦਰੀ ਜ਼ਿੰਦਗੀ ਜਿਊਂਦਾ ਹੈ। ਉੱਥੇ ਗੁਰਸਿੱਖ ‘‘ਸਭਨਾ ਮਰਣਾ ਆਇਆ; ਵੇਛੋੜਾ ਸਭਨਾਹ ॥’’ (ਮਹਲਾ ੧/੫੯੫) ਦੀ ਸਚਾਈ ਹਮੇਸ਼ਾਂ ਕਬੂਲ ਕਰਦਾ ਹੈ। ਗੁਰਮਤਿ ਨੇ ਮਨੁੱਖ ਨੂੰ ਹਮੇਸ਼ਾਂ ਸਵੈ ਪੜਚੋਲ ਕਰਨ ਦੀ ਪ੍ਰੇਰਨਾ ਕੀਤੀ ਹੈ ਤਾਂ ਜੋ ਹਰ ਰੋਜ਼ ਮਨੁੱਖ ਪੜਚੋਲ ਕਰਦਾ ਰਹੇ ‘‘ਏ ਸਰੀਰਾ ਮੇਰਿਆ ! ਇਸੁ ਜਗ ਮਹਿ ਆਇ ਕੈ; ਕਿਆ ਤੁਧੁ ਕਰਮ ਕਮਾਇਆ ?॥ ਕਿ ਕਰਮ ਕਮਾਇਆ ਤੁਧੁ ਸਰੀਰਾ ! ਜਾ ਤੂ ਜਗ ਮਹਿ ਆਇਆ ॥’’ (ਅਨੰਦ/ਮਹਲਾ ੩/੯੨੨) ਮਨੁੱਖਾ ਜੀਵਨ ਪ੍ਰਾਪਤ ਕਰਨ ਉਪਰੰਤ ਵੀ ਮਹੱਤਵ ਕੇਵਲ ਚੰਗੀ ਕਰਣੀ ਜਾਂ ਉੱਚੇ ਕਰਮ ਦਾ ਹੀ ਹੁੰਦਾ ਹੈ। ਮਨੁੱਖਤਾ ਦੀ ਸੇਵਾ ਤੇ ਗੁਰਮਤਿ ਨੂੰ ਜੀਵਨ ਵਿੱਚ ਹੰਢਾਣਾ, ਹੀ ਅਸਲ ਪ੍ਰਾਪਤੀ ਹੈ। ਗੁਰਸਿੱਖ ਸਮਾਜ ਸੰਸਾਰ ਜਾਂ ਪਰਿਵਾਰ ਤੋਂ ਭਗੌੜੇ ਹੋ ਕੇ ਪਾਖੰਡਵਾਦ ਤੇ ਸਮਾਂ ਅਜਾਈਂ ਨਹੀਂ ਗਵਾਉਂਦਾ ਸਗੋਂ ਕਿਰਤ ਕਰਦਿਆਂ ਨਾਮ ਜਪਦਾ ਹੈ ਅਤੇ ਕਿਰਤ ਨੂੰ ਲੋੜਵੰਦਾਂ ਨਾਲ ਵੰਡ ਛੱਕਦਾ ਹੈ। ਜਿੱਥੇ ਗੁਰਸਿੱਖ ਆਪ ਸੁਰਖਰੂ ਜ਼ਿੰਦਗੀ ਰਾਹੀਂ ਗੁਰ ਚਰਨਾਂ ਦਾ ਪਿਆਰ ਪ੍ਰਾਪਤ ਕਰਦੇ ਹਨ, ਉੱਥੇ ‘‘ਆਪੁ ਸਵਾਰਹਿ ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥ ਫਰੀਦਾ ! ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥’’ (ਬਾਬਾ ਫਰੀਦ/੧੩੮੨) ਬਚਨਾਂ ਦੀ ਜੀਵਨ ਜੁਗਤੀ ਰਾਹੀਂ ਇੱਕ ਚੁੰਬਕੀ ਸ਼ਖ਼ਸੀਅਤ ਦੇ ਮਾਲਕ ਬਣ ਜਾਂਦੇ ਹਨ ‘‘ਜੋ ਹਰਿ ਕਾ ਪਿਆਰਾ; ਸੋ ਸਭਨਾ ਕਾ ਪਿਆਰਾ.. ॥’’ (ਮਹਲਾ ੪/੫੫੫) ਦੀ ਪਦਵੀ ਹਾਸਲ ਕਰ ਲੈਂਦੇ ਹਨ। ਗੂਰੂ ਸਬਦ ਵੀਚਾਰ ਹੀ ਹਰ ਮਨੁੱਖ ਮਾਤਰ ਲਈ ਜੀਵਨ ਪਵਿੱਤ੍ਰਤਾ ਦਾ ਸਾਧਨ ਹੈ।
ਸਨਮਾਨਯੋਗ ਵੀਰ ਸ. ਜਸਪਾਲ ਸਿੰਘ ਜੀ ਮੁੰਬਈ ਵਾਲੇ, ਜਿਨ੍ਹਾਂ ਨੇ ਸਾਰੀ ਉਮਰ ਜਿੱਥੇ ਦੁਨਿਆਵੀ ਫ਼ਰਜ਼ਾਂ ਨੂੰ ਬਾਖ਼ੂਬੀ ਨਿਭਾਇਆ ਓਥੇ ਕੌਮੀ ਫ਼ਰਜ਼ਾਂ ਨੂੰ ਚੰਗੀ ਤਰ੍ਹਾਂ ਸਮਝਦਿਆਂ ਆਪਣੀ ਜ਼ਿੰਦਗੀ ਦੇ ਅੰਤਮ ਸੁਆਸ ਤੱਕ ਧਰਮ ਲਈ ਦਿੱਤੇ। ਆਪਣਾ ਸਮੁੱਚਾ ਜੀਵਨ ਗੁਰਮਤਿ ਪ੍ਰਚਾਰ ਦੇ ਲੇਖੇ ਲਾਇਆ। ਵੱਡੀਆਂ ਵੱਡੀਆਂ ਪੰਥਕ ਸੰਸਥਾਵਾਂ ਅਰਬਾਂ ਕਰੋੜਾਂ ਰੁਪਇਆ ਖ਼ਰਚ ਕੇ ਵੀ ਉਹ ਕਾਰਜ ਨਾ ਕਰ ਸਕੀਆਂ, ਜੋ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਰ ਵਿਖਾਏ। ਗੁਰਮਤਿ ਕਲਾਸਾਂ ਰਾਹੀਂ ਹਜ਼ਾਰਾ ਬੱਚੇ ਬੱਚੀਆਂ, ਵੀਰ ਭੈਣਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਆਪ ਜੀ ਹਮੇਸ਼ਾਂ ਕੌਮੀ ਭਵਿੱਖ ਲਈ ਚਿੰਤਾਤੁਰ ਰਹਿੰਦੇ ਸਨ। ਆਪਣੀ ਕੌਮੀ ਵਿਰਾਸਤ (ਪੀੜੀ) ਨੂੰ ਸੰਭਾਲਣ ਲਈ ਜਗ੍ਹਾ ਜਗ੍ਹਾ ਗੁਰਮਤਿ ਕੈਂਪ, ਗੁਰਮਤਿ ਲਿਟਰੇਚਰ ਦੀਆਂ ਸਟਾਲਾਂ ਲਗਾ ‘‘ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ; ਜਿਨੀ ਗੁਰਮੁਖਿ ਨਾਮੁ ਧਿਆਇਆ ॥’’ (ਮਹਲਾ ੪/੭੯) ਬਚਨਾਂ ਅਨੁਸਾਰ ਪੂਰਨੇ ਪਾਏ। ਆਪ ਜੀ ਜਿੱਥੇ ਵੱਖ ਵੱਖ ਸੰਸਥਾਵਾਂ ਦੇ ਮੁੱਢਲੇ ਮੈਂਬਰ ਬਣ ਸੇਵਾ ਨਿਭਾਉਂਦੇ ਰਹੇ, ਉੱਥੇ ਉਹ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ਼ ਚੌਂਤਾ ਕਲਾਂ ਦੇ ਫਾਉਂਡਰ ਮੈਂਬਰ ਸਮੇਤ ਪੰਚਾਇਤ ਮੈਂਬਰ ਵੀ ਸਨ, ਜੋ ਹਮੇਸ਼ਾਂ ਨਿੱਗਰ ਤੇ ਚੰਗੀ ਸੋਚ ਵਿਉਂਤਬੰਦੀ ਬਣਾ ਕਾਲਜ ਨੂੰ ਹਮੇਸ਼ਾਂ ਅੱਗੇ ਵਧਦਾ ਵੇਖਣਾ ਲੋਚਦੇ ਸਨ। ਆਪ ਜੀ ਆਪਣੀ ਚੁੰਬਕੀ ਸ਼ਖ਼ਸੀਅਤ ਨਾਲ ਹਰ ਇੱਕ ਨੂੰ ਆਪਣਾ ਬਣਾ ਲੈਣ ਦੇ ਸਮਰੱਥ ਸਨ। ਆਪ ਜੀ ਦੇ ਪਰਿਵਾਰ ਨੇ ਹਮੇਸ਼ਾਂ ਆਪ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ। ਧਰਮ ਪ੍ਰਚਾਰ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਯੋਗਦਾਨ ਪਾਇਆ। ਗੁਰ ਸ਼ਬਦ ਦੁਆਰਾ ਤਰਾਸ਼ਿਆ ਹੀਰਾ, ਅੱਜ ਸਾਥੋਂ ਸਰੀਰਕ ਤੌਰ ’ਤੇ ਵਿਛੜ ਚੁੱਕਾ ਹੈ, ਪਰ ਉਹ ਆਪਣੀ ਕਰਣੀ ਦੇ ਪਾਏ ਪੂਰਨਿਆਂ ਕਰਕੇ ਹਮੇਸ਼ਾਂ ਅਮਰ ਹੋ ਗਏ ਹਨ।
ਇਸੇ ਤਰ੍ਹਾਂ ਹੀ ਸਨਮਾਨਯੋਗ ਸ. ਹਰਭਜਨ ਸਿੰਘ ਜੀ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਾਲੇ, ਜੋ ਪਿੱਛਲੇ ਦਿਨੀਂ ਛੋਟੀ ਜਿਹੀ ਬਿਮਾਰੀ ਉਪਰੰਤ ਕੌਮੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਆਪ ਨੇ ਗੁਰਮਤਿ ਕਲਾਸਾਂ, ਵਖਿਆਨਾ ਤੇ ਖ਼ਾਸ ਕਰ ਗੁਰਮਤਿ ਲਿਟਰੇਚਰ, ਜੋ ਲਗਭਗ 400 ਤੋਂ ਉੱਪਰ ਪ੍ਰਕਾਸ਼ਨਾਵਾਂ ਹਨ, ਪੰਥ ਦੀ ਝੋਲ਼ੀ ’ਚ ਪਾ ਗਏ। ਸਾਡੀਆਂ ਸ਼੍ਰੋਮਣੀ ਸੰਸਥਾਵਾਂ ਕਰੋੜਾਂ ਰੁਪਏ ਖ਼ਰਚ ਕੇ ਵੀ ਐਨਾ ਵਿਸ਼ਾਲ ਗਿਆਨ ਭੰਡਾਰ ਪੈਦਾ ਨਹੀਂ ਕਰ ਸਕੀਆਂ, ਜਿੰਨਾ ਪ੍ਰਿੰਸੀਪਲ ਸਾਹਿਬ ਆਪਣਾ ਯੋਗਦਾਨ ਪਾ ਗਏ ਹਨ। ਭਾਵੇਂ ਪ੍ਰਿਸੀਪਲ ਸਾਹਿਬ ਜੀ ਦੇ ਅੱਖਾਂ ਸਾਮ੍ਹਣੇ ਪੁੱਤਰ ਦਾ ਅਸਹਿ ਵਿਚੋੜਾ ਹੋਵੇ ਜਾਂ ਸਰੀਰਕ ਬਿਮਾਰੀ, ਆਪ ਨੇ ਕਦੇ ਵੀ ਇਨ੍ਹਾਂ ਕਸ਼ਟਾਂ ਨੂੰ ਗੁਰਮਤਿ ਪ੍ਰਚਾਰ ਦੇ ਮਾਰਗ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਸਗੋਂ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥’’ (ਮਹਲਾ ੫/੧੦੯੬) ਮੁਤਾਬਕ ਗੁਰਮਤਿ ਟੀਚਾ ਲੈ ਕੇ ਅੱਗੇ ਵਧਦੇ ਗਏ। ਉਹ ਵੀ ਅੱਜ ਸਾਥੋਂ ਸਦੀਵੀ ਵਿਛੋੜਾ ਗਏ ਹਨ, ਪਰ ਕੀਤੇ ਮਹਾਨ ਕਾਰਜਾਂ ਦੀ ਸੇਵਾ ਕਾਰਨ ਅਸੀਂ ਸਾਰੇ ਉਨ੍ਹਾਂ ਦੇ ਰਿਣੀ ਰਹਾਂਗੇ। ਉਹ ਹਮੇਸ਼ਾਂ ਕੌਮ ਵਿੱਚ ਯਾਦ ਰੱਖੇ ਜਾਣਗੇ। ਹੁਣ ਬਤੌਰ ਚੇਅਰਮੈਨ ਜੀ ਦੀ ਸੇਵਾ ਭਾਈ ਹਰਜੀਤ ਸਿੰਘ ਜੀ ਜਲੰਧਰ ਵਾਲਿਆਂ ਨੂੰ ਪੰਥ ਦਰਦੀਆਂ ਨੇ ਸੌਂਪੀ ਹੈ। ਅਰਦਾਸ ਕਰਦੇ ਹਾਂ ਵਾਹਿਗੁਰੂ ਅੰਗ ਸੰਗ ਸਹਾਈ ਹੋ ਕੇ ਆਪਣੇ ਇਸ ਸੇਵਕ ਪਾਸੋਂ ਵੀ ਵੈਸੀ ਹੀ ਸੇਵਾ ਲੈ ਕੇ ਧਰਮ ਪ੍ਰਚਾਰ ਅਤੇ ਹੋਰ ਸਾਹਿਤਕ ਕਾਰਜਾਂ ਨੂੰ ਸਦਾ ਚੜਦੀਕਲਾ ਬਖ਼ਸ਼ਣਗੇ।
ਤੀਜੀ ਸ਼ਖ਼ਸੀਅਤ, ਜੋ ਪੰਥਕ ਦਰਦ ਨੂੰ ਹਮੇਸ਼ਾਂ ਆਪਣੇ ਅੰਦਰ ਮਹਿਸੂਸ ਕਰਦੀ ਅਤੇ ਮਨੁੱਖਤਾ ਦੀ ਸੇਵਾ ਲਈ ਸਦਾ ਤਤਪਰ ਰਹਿੰਦੀ ਸੀ, ਮੇਰੀ ਮੁਰਾਦ ਸ. ਤਰਸੇਮ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹੈ, ਸਾਨੂੰ ਸਦੀਵੀ ਵਿਛੋੜਾ ਦੇ ਗਈ ਹੈ। ਜਦੋਂ ਦੋ ਸਾਲ ਪਹਿਲਾਂ ਰੋਪੜ ਇਲਾਕੇ ਵਿੱਚ ਹੜ੍ਹਾਂ ਨੇ ਵੱਡਾ ਨੁਕਸਾਨ ਕੀਤਾ ਤਾਂ ਦਿੱਲੀ ਤੋਂ ਆਪਣੀ ਟੀਮ ਲੈ ਕੇ ਭਾਈ ਸਾਹਿਬ ਪੁੱਜੇ ਸਨ। ਖਾਣਾ, ਦਾਲ਼ਾਂ, ਬਸਤਰ ਤੇ ਹੋਰ ਲੋੜੀਂਦਾ ਸਮਾਨ ਕਾਲਜ ਮੈਂਬਰਾਂ ਨੂੰ ਨਾਲ ਲੈ ਕੇ ਘਰ ਘਰ ਪਹੁੰਚਾਇਆ। ਮੈਂ ਤਾਂ ਸਮਝਦਾ ਹਾਂ ਕਿ ਆਪ ਜੀ ਸੁੱਤਿਆਂ ਨੂੰ ਜਗਾਉਣ ਵਾਲੇ ਸਨ। ਆਪ ਜੀ ਨੇ ਸਾਰਾ ਜੀਵਨ ਗੁਰੂ ਦੇ ਲੇਖੇ ਲਾ ਦਿੱਤਾ। ਕੁੱਝ ਮਹੀਨੇ ਪਹਿਲਾਂ ਅਚਨਚੇਤ ਦਿਲ ਦਾ ਦੌਰਾ ਪੈਣ ਨਾਲ ਸਾਨੂੰ ਸਦੀਵੀ ਵਿਛੋੜਾ ਦੇ ਗਏ, ਜਿੱਥੇ ਉਹ ਕਾਲਜ ਦੇ 1980 ਦੇ ਦਹਾਕਿਆਂ ਤੋਂ ਮੁੱਢਲੇ ਮੈਂਬਰਾਂ ਵਿੱਚੋਂ ਸਨ, ਉੱਥੇ ਮਨੁੱਖਤਾ ਦੀ ਭਲਾਈ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਸਨ। ਕੌਮ ਸਦਾ ਉਨ੍ਹਾਂ ਨੂੰ ਪੰਥ ਦਰਦੀ ਦੇ ਰੂਪ ਵਿੱਚ ਯਾਦ ਕਰਦੀ ਰਹੇਗੀ।
ਚੌਥੀ ਪੰਥਕ ਸ਼ਖ਼ਸੀਅਤ ਸਾਥੋਂ ਵਿਛੜੀ ਹੈ ‘ਸ. ਜਰਨੈਲ ਸਿੰਘ ਜੀ ਪੱਤਰਕਾਰ ਦਿੱਲੀ’, ਜੋ ਕਿੱਤੇ ਪੱਖੋਂ ਮਹਾਨ ਪੱਤਰਕਾਰ ਸਨ, ਜਿਨ੍ਹਾਂ ਅੰਦਰ ਕੌਮੀ ਤੇ ਮਨੁੱਖੀ ਦਰਦ ਸਮੋਇਆ ਹੋਇਆ ਸੀ। ਜਦੋਂ ਕਾਂਗਰਸੀ ਨੇਤਾ ਚਿਦੰਬਰਮ ਨੇ ਲੈਕਚਰ ਕਰਦਿਆਂ ਇਹ ਕਿਹਾ ਕਿ ਸਿੱਖਾਂ ਨੂੰ 1984 ਦਾ ਘੱਲੂਘਾਰਾ ਭੁੱਲ ਜਾਣਾ ਚਾਹੀਦਾ ਹੈ ਤਾਂ ਆਪ ਜੀ ਨੇ ਰੋਸ ਵਜੋਂ ਆਪਣਾ ਜੋੜਾ ਉਤਾਰ ਕੇ ਉਸ ਵੱਲ ਵਗ੍ਹਾ ਕੇ ਮਾਰਿਆ, ਜਿਸ ਦੀ ਚਰਚਾ ਅੰਤਰਰਾਸ਼ਟਰੀ ਪੱਧਰ ’ਤੇ ਹੋਈ। ਆਪ ਜੀ ਨੂੰ ਜੇਲ੍ਹ ਦਾ ਸੰਕਟ ਵੀ ਹੰਢਾਉਣਾ ਪਿਆ। ਆਪ ਜੀ ‘ਆਮ ਆਦਮੀ ਪਾਰਟੀ’ ਵੱਲੋਂ ਐਮ. ਐਲ. ਏ. ਵੀ ਚੁਣੇ ਗਏ। ਆਪ ਜੀ ਜਦੋਂ ਵੀ ਸੰਸਦ ਵਿੱਚ ਬੋਲਦੇ ਨਿਧੱੜਕ ਹੋ ਕੇ ‘‘ਸਚੁ ਸੁਣਾਇਸੀ ਸਚ ਕੀ ਬੇਲਾ ॥’’ (ਮਹਲਾ ੧/੭੨੩) ਦੇ ਪੂਰਨਿਆਂ ’ਤੇ ਪਹਿਰਾ ਦਿੰਦੇ। ਇਉਂ ਸਾਡੇ ਲਈ ਸੱਚ ਕਹਿਣ ਵਾਲੇ ਇੱਕ ਪ੍ਰੇਰਨਾ ਸ੍ਰੋਤ ਬਣੇ। ਕੌਮ ਇਨ੍ਹਾਂ ਗੁਰੂ ਪਿਆਰਿਆਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੇ ਭਵਿੱਖ ਨੂੰ ਉਜਲਾ ਕਰ ਇਨਾਂ ਦੀ ਅਭੁਲ ਯਾਦ ਹਮੇਸਾਂ ਆਪਣੇ ਹਿਰਦੇ ਵਿੱਚ ਸਮੋ ਕੇ ਰੱਖੇਗੀ।
ਪਿੱਛਲੇ ਸਾਲ ਵੀ ਗੁਰਮਤਿ ਪ੍ਰਚਾਰ ਦੀਆਂ ਬੜੀਆਂ ਪਵਿੱਤਰ ਰੂਹਾਂ ਸੰਸਾਰ ਨੂੰ ਅਲਵਿਦਾ ਕਹਿ ਗਈਆਂ, ਜਿਹਨਾਂ ਵਿੱਚੋਂ ਸਤਿਕਾਰਯੋਗ ਗਿ. ਸੁਰਜੀਤ ਸਿੰਘ ਜੀ ਦਿੱਲੀ ਵਾਲੇ, ਜੋ ਆਪਣੇ ਆਪ ਵਿੱਚ ਇੱਕ ਸੰਸਥਾ ਹੀ ਸਨ। ਆਪ ਮਿਸ਼ਨਰੀ ਲਹਿਰ ਦੇ ਮੋਢੀਆਂ ਵਿੱਚੋਂ ਸਨ। ਉਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਗੁਰਮਤਿ ਸੰਬੰਧੀ ਲੇਖ ਲਿਖੇ ਤੇ ਕਿਤਾਬਚੇ ਛਪਵਾ ਕੇ ਵੰਡੇ, ਜਿਨ੍ਹਾਂ ਨੇ ਆਪਣੇ ਆਖਰੀ ਦਿਨ ਵੀ ਭਗਤ ਬਾਣੀ ਦੀ ਕਲਾਸ ਲੈ ਕੇ ਹੀ ਅੰਤਿਮ ਸਾਹ ਲਏ। ਮਿਸ਼ਨਰੀ ਪਰਿਵਾਰ ਉਨ੍ਹਾਂ ਦੀ ਦੇਣ ਨੂੰ ਕਦੇ ਨਹੀਂ ਭੁਲਾ ਸਕਦਾ। ਇਸੇ ਤਰ੍ਹਾਂ ਭਾਈ ਚੰਨਣ ਸਿੰਘ ਜੀ ਟਾਂਡਾ ਸਰਕਲ ਦੇ ਅਣਥੱਕ ਸੇਵਕ ਸਨ, ਜੋ ਮੋਢੀ ਸਿਰੜੀ ਮਿਸ਼ਨਰੀਆਂ ਵਿੱਚੋਂ ਇੱਕ ਸਨ। ਲਿਟਰੇਚਰ ਵੰਡਣ, ਵੱਖ-ਵੱਖ ਥਾਵਾਂ ’ਤੇ ਪਹੁੰਚਾਣ, ਗੁਰਮਤਿ ਸਮਾਗਮਾਂ ਤੇ ਸੇਵਾ ਸੰਭਾਲ, ਮਿਸ਼ਨਰੀ ਸੇਧਾਂ ਦੀ ਬੁਕਿੰਗ ਆਦਿ ਕਈ ਇਹੋ ਜਿਹੇ ਕਾਰਜ ਹਨ, ਜਿਨ੍ਹਾਂ ਨੂੰ ਨਿਭਾਉਂਦਿਆਂ ਸ. ਚੰਨਣ ਸਿੰਘ ਜੀ ਨੂੰ ਚਾਅ ਚੜ੍ਹਦਾ ਸੀ। ਇਹੋ ਜਿਹੇ ਵਿਰਲੇ ਹੀ ਫੀਲਡ ਵਰਕਰ ਹੁੰਦੇ ਹਨ। ਆਪ ਵੀ ਕਾਲਜ ਦੇ ਮੋਢੀਆਂ ਵਿੱਚੋਂ ਇੱਕ ਸਨ।
ਇਸੇ ਲੜੀ ਵਿੱਚ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ ਸਿਧਾਂਤ ਦੇ ਉਪਾਸ਼ਕ ‘‘ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥’’ (ਮਹਲਾ ੩/੬੪੬) ਨੂੰ ਸਮਰਪਿਤ ਹਸਤੀ ਦਾ ਨਾਂ ਸੀ ਸ. ਸੁਖਦੇਵ ਸਿੰਘ ਬਠਿੰਡਾ। ਸ. ਸੁਖਦੇਵ ਸਿੰਘ ਜੀ ਕਾਲਜ ਦੀ ਸਥਾਪਨਾ ਵੇਲੇ ਤੋਂ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨਾਲ ਜੁੜੇ ਹੋਏ ਸਨ। ਆਪ ਜੀ ਸੁਆਸ ਸੁਆਸ ਗੁਰੂ ਗਰੰਥ ਅਤੇ ਪੰਥ ਨੂੰ ਸਮਰਪਿਤ ਸਨ। ਦੂਰ ਅੰਦੇਸ਼ੀ ਅਤੇ ਤਜਰਬਾ ਵਿਸ਼ਾਲ ਹੋਣ ਕਾਰਨ ਆਪ ਮੁੱਖ ਸਲਾਹਕਾਰ ਵੀ ਰਹੇ। ਉਲਝੇ ਮਸਲੇ ਸੁਲਝਾਉਣ ਵਿੱਚ ਆਪ ਨੂੰ ਦੇਰੀ ਨਹੀਂ ਲੱਗਦੀ ਸੀ। ਉਨ੍ਹਾਂ ਦੀ ਮਿੱਠੀ, ਨਿਮਰ ਪਰ ਰੋਹਬਦਾਰ ਸ਼ਖ਼ਸੀਅਤ ਸੀ, ਜੋ ਕਈ ਸੰਸਥਾਂਵਾਂ ਨਾਲ ਜੁੜ ਕੇ ਪੰਥਕ ਸੇਵਾਵਾਂ ਲਈ ਤੱਤਪਰ ਰਹਿੰਦੇ ਸਨ।
ਇਸੇ ਤਰ੍ਹਾਂ ਗਿ. ਜਗਜੀਤ ਸਿੰਘ ਜੀ ਸਿਦਕੀ ਦੀ ਪਿਆਰੀ ਸਪੁੱਤਰੀ ਭੈਣ ਮਨਰਾਜ ਕੌਰ ਜੀ ਸਨ, ਜੋ ਬੜੀ ਮਿੱਠ ਬੋਲੜੀ, ਚੜ੍ਹਦੀ ਕਲਾ ਵਿੱਚ ਰਹਿਣ ਵਾਲੀ, ਦਿਲੋਂ ਗੁਰਮਤਿ ਸਮਝਣ ਤੇ ਸਮਝਾਉਣ ਵਾਲੀ, ਬੱਚਿਆਂ ਨਾਲ ਬੱਚਾ ਬਣ ਗੁਰਮਤਿ ਦੀ ਗੁੜ੍ਹਤੀ ਦੇਣ ਵਾਲੀ, ਜੋਸ਼ੀਲੀ ਵਕਤਾ ਤੇ ਨੇਕ ਦਿਲ ਸ਼ਖ਼ਸੀਅਤ ਸੀ। ਆਪ ਵੀ ਕੈਂਸਰ ਦਾ ਖ਼ੁਸ਼ੀ ਖ਼ੁਸੀ ਜੂਝਦਿਆਂ ਹੋਇਆਂ ਆਪਣੇ ਕੀਮਤੀ ਸਾਹ ਸਫਲ ਕਰ ਸਾਨੂੰ ਅਲਵਿਦਾ ਕਹਿ ਗਏ।
ਇਹੋ ਜਿਹੀਆਂ ਗੁਰਸਿੱਖ ਆਤਮਾਵਾਂ ਦਾ ਜ਼ਿਕਰ ਹੀ ਭਾਈ ਗੁਰਦਾਸ ਜੀ ਕਰਦੇ ਹਨ। ਉਨ੍ਹਾਂ ਦੀ ਰਚਨਾ ਸਭ ਨਾਲ ਸਾਂਝੀ ਕਰਨੀ ਚਾਹਾਂਗਾ ਤਾਂ ਕਿ ਅੱਗੋਂ ਵੀ ਕੌਮ ਅੰਦਰ ਵੀਰ ਜਸਪਾਲ ਸਿੰਘ ਜੀ ਮੰਬਈ, ਸ. ਹਰਭਜਨ ਸਿੰਘ ਜੀ ਪ੍ਰਿਸੀਪਲ, ਸ. ਤਰਸੇਮ ਸਿੰਘ ਜੀ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਕਮੇਟੀ ਅਤੇ ਸ. ਜਰਨੈਲ ਸਿੰਘ ਜੀ ਪੱਤਰਕਾਰ ਆਦਿ ਮਹਾਨ ਸ਼ਖ਼ਸੀਅਤਾਂ ਕੌਮ ਵਿੱਚ ਸਦਾ ਪੈਦਾ ਹੁੰਦੀਆਂ ਰਹਿਣ ‘‘ਸਤਿਗੁਰ ਸਰਣੀ ਜਾਇ; ਸੀਸੁ ਨਿਵਾਇਆ। ਗੁਰ ਚਰਣੀ ਚਿਤੁ ਲਾਇ; ਮਥਾ ਲਾਇਆ। ਗੁਰਮਤਿ ਰਿਦੈ ਵਸਾਇ; ਆਪੁ ਗਵਾਇਆ। ਗੁਰਮੁਖਿ ਸਹਜਿ ਸੁਭਾਇ; ਭਾਣਾ ਭਾਇਆ। ਸਬਦ ਸੁਰਤਿ ਲਿਵ ਲਾਇ; ਹੁਕਮੁ ਕਮਾਇਆ। ਸਾਧ ਸੰਗਤਿ ਭੈ ਭਾਇ; ਨਿਜ ਘਰਿ ਪਾਇਆ। ਚਰਨ ਕਵਲ ਪਤੀਆਇ; ਭਵਰੁ ਲੁਭਾਇਆ। ਸੁਖ ਸੰਪਟ ਪਰਚਾਇ; ਅਪਿਓ ਪੀਆਇਆ। ਧੰਨ ਜਣੇਦੀ ਮਾਇ; ਸਹਿਲਾ ਆਇਆ ॥੨੦॥੩॥ (ਭਾਈ ਗੁਰਦਾਸ ਜੀ/ਵਾਰ ੩ ਪਉੜੀ ੨੦)
ਸੱਚ-ਮੁੱਚ ਹੀ ਅਜਿਹੇ ਗੁਰੂ ਪਿਆਰੇ ਜਿੱਥੇ ‘ਆਪਿ ਜਪੈ’’ ਬਚਨਾਂ ਰਾਹੀਂ ਆਪ ਸੁਰਖ਼ਰੂ ਹੋ ਨਿਬੜੇ ਹਨ, ਉੱਥੇ ‘‘ਅਵਰਹ ਨਾਮੁ ਜਪਾਵੈ.. ॥’’ (ਮਹਲਾ ੫/੧੨੦੬) ਬਚਨਾਂ ਵਾਲੇ ਅਮੋਲਕ ਫ਼ਰਜ਼ ਵੀ ਨਿਭਾ ਗਏ ਹਨ। ਅਰਦਾਸ ਹੈ ਪਰਮਾਤਮਾ ਇਨ੍ਹਾਂ ਮਰਜੀਵੜਿਆਂ ਦੀ ਸੇਵਾ ਥਾਂਇ ਕਬੂਲ ਕਰਨ ਅਤੇ ਸਾਨੂੰ ਸਾਰਿਆਂ, ਪਰਿਵਾਰਕ ਰਿਸ਼ਤੇਦਾਰਾਂ, ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਅਖੀਰ ਇਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਸਰੀਰ ਵਿਛੋੜੇ ਦੇ ਪਲਾਂ ਨੂੰ ਮਹਿਸੂਸ ਕਰਦਿਆਂ ਭਾਈ ਵੀਰ ਸਿੰਘ ਜੀ ਦੇ ਬਚਨਾਂ ਨਾਲ ਆਪਣੀ ਵਿਚਾਰ ਨੂੰ ਸਮਾਪਤ ਕਰਦਾ ਹਾਂ ‘ਮੀਂਹ ਪੈ ਹਟਿਆਂ ਤਾਰ ਨਾਲ, ਇਕ ਤੁਪਕਾ ਸੀ ਲਟਕੰਦਾ। ਡਿਗਦਾ ਜਾਪੇ ਪਰ ਨ ਡਿਗੇ, ਪੁਛਿਆਂ ਰੋਇ ਸੁਣੰਦਾ। ਅਰਸ਼ੋਂ ਅਸੀਂ ਲੱਖਾਂ ਹੀ ਸਾਥੀ, ਇਕੱਠੇ ਹੋ ਸਾਂ ਆਏ। ਕਿਤ ਵਲ ਯਾਰ ਲੋਪ ਉਹ ਹੋ ਗਏ, ਨੀਝ ਲਾ ਮੈਂ ਤਕੰਦਾ।’ (ਭਾਈ ਵੀਰ ਸਿੰਘ ਜੀ)