Pronoun (Part 4, A)

0
568

 ਮੱਧਮ ਪੁਰਖ ਪੜਨਾਂਵ, ਅਧਿਆਇ-1

ਪਿਛਲੇ ਲੇਖ (ਭਾਗ-4) ’ਚ ਗੁਰਬਾਣੀ ਵਿੱਚ ਦਰਜ ‘ਪੜਨਾਂਵ, ਉੱਤਮ ਪੁਰਖ’ ਦੀ ਵੀਚਾਰ ਕੀਤੀ ਗਈ ਸੀ ਪਰ ਇਸ ਹਥਲੇ ਲੇਖ ਦਾ ਵਿਸ਼ਾ ਹੋਵੇਗਾ ਕਿ ‘ਪੜਨਾਂਵ’ (ਮੱਧਮ ਪੁਰਖ) ਜਾਂ ‘ਦੂਜਾ ਪੁਰਖ’ (ਪੜਨਾਂਵ) ਕਿਸ ਨੂੰ ਆਖਦੇ ਹਨ ?

ਜਵਾਬ: ਜਿਸ ਪੁਰਖ ਨਾਲ ਸੰਬੋਧਤ (ਮੁੱਖ਼ਾਤਬ) ਹੋ ਕੇ ਗੱਲਬਾਤ ਕੀਤੀ ਜਾਵੇ ਉਹ ‘ਮੱਧਮ (ਦੂਜਾ) ਪੁਰਖ ਨਾਂਵ’ ਅਖਵਾਉਂਦਾ ਹੈ ਤੇ ਜਿਸ ‘ਪੜਨਾਂਵ’ ਰਾਹੀਂ ‘ਮੱਧਮ ਪੁਰਖ ਨਾਂਵ’ ਦਾ ਬੋਧ (ਗਿਆਨ) ਹੁੰਦਾ ਹੋਵੇ, ਉਹ ‘ਮੱਧਮ ਪੁਰਖ ਪੜਨਾਂਵ’ ਹੁੰਦਾ ਹੈ।

ਆਧੁਨਿਕ (ਅਜੋਕੀ) ਪੰਜਾਬੀ ਵਿੱਚ ‘ਮੱਧਮ ਪੁਰਖ ਪੜਨਾਂਵ’ ਸ਼ਬਦ ਹਨ :- ‘ਤੂੰ, ਤੁਸੀਂ, ਤੈਨੂੰ, ਤੇਰੇ, ਤੁਹਾਡੇ, ਤੇਰੀ, ਤੁਹਾਡੀ, ਤੇਰਾ, ਤੁਹਾਡਾ, ਤੇਰੀਆਂ, ਤੁਹਾਡੀਆਂ, ਤੈਥੋਂ, ਤੁਹਾਥੋਂ ’ ਆਦਿ।

ਗੁਰਬਾਣੀ ਵਿੱਚ ‘ਮੱਧਮ ਪੁਰਖ ਪੜਨਾਂਵ’ ਸ਼ਬਦ ਹਨ :- ‘ਤੂ, ਤੂੰ, ਤੈ, ਤੈਂ, ਥੈਂ, ਥੇ, ਤੂਹੈ, ਤੂਹੈਂ, ਤੂੰਹੈ, ਤੁਹੀ, ਤੁਹੀਂ, ਤੋਹਿ, ਤੁਹਿ, ਤੁੋਹਿ, ਤੋਹੀ, ਤੁਧ, ਤੁਧੁ, ਤੁਧੈ, ਤੁਹ, ਤੁਝ, ਤੁਝੁ, ਤੁਝੈ, ਤੁਝਹਿ, ਤੁਝਹੁ, ਤਉ, ਤੁ, ਤੁਅ, ਤਵ, ਤੋਰ, ਤੇਰਾ, ਤੇਰੇ, ਤੇਰੀ, ਤੇਰੋ, ਤੇਰਿਆ, ਤਹਿਜਾ, ਤਹਿੰਜੀ, ਤੈਡਾ, ਤੈਡੇ, ਤੈਡੈ, ਤੈਡੀ, ਥਾਰਾ, ਥਾਰੀ, ਥਾਰੇ, ਥਾਰੋ, ਤੁਮ, ਤੁਮ੍ਹ, ਤੁਮ੍ਹਾ, ਤੁਮ੍ਹੇ, ਤੁਸੀ, ਤੁਸਾ, ਤੁਮਹਿ, ਤੁਮੈ, ਤੁਮਰੇ, ਤੁਮਰੈ, ਤੁਮਰਾ, ਤੁਮਰੀ, ਤੁਮ੍ਹਰੋ, ਤੁਮ੍ਹਾਰੈ, ਤੁਮਾਰੇ, ਤੁਮਾਰੈ, ਤੁਮਾਰੋ, ਤੁਮਾਰੀ, ਤੁਮਾਰਾ, ਤੁਹਾਰਾ, ਤੁਹਾਰੇ, ਤੁਹਾਰੈ, ਤੁਹਾਰੀ, ਤੁਹਾਰਿ, ਤੁਹਾਰੋ, ਤੁਹਾਰੀਆ, ਤੁਮ ਹੀ, ਤੁਮਹਿ, ਤੁਮ੍ਹਹਿ, ਤੁਮ੍ਹਾਰਹਿ, ਤੁਮਾਰੀਆ’ ਆਦਿ।

‘ਉੱਤਮ ਪੁਰਖ ਪੜਨਾਂਵ’ ਵਾਙ ਹੀ ‘ਮੱਧਮ ਪੁਰਖ ਪੜਨਾਂਵ’ ਸ਼ਬਦ ਵੀ ਗੁਰਬਾਣੀ ਵਿੱਚ ‘ਕਰਣ ਕਾਰਕ’ ਤੇ ‘ਸੰਬੋਧਨ ਕਾਰਨ’ ਰੂਪ ਵਿੱਚ ਦਰਜ ਨਹੀਂ ਹਨ ਭਾਵ 8 ਕਾਰਕਾਂ ਵਿੱਚੋਂ ਕੇਵਲ 6 ਕਾਰਕਾਂ (ਕਰਤਾ ਕਾਰਕ, ਕਰਮ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ਵਿੱਚ ਹੀ ਉਪਰੋਕਤ ਬਿਆਨ ਕੀਤੇ ਗਏ ਤਮਾਮ ‘ਮੱਧਮ ਪੁਰਖ ਪੜਨਾਂਵ’ ਸ਼ਬਦ ਆ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕੇਵਲ ‘ਕਰਤਾ ਕਾਰਕ’ ਸ਼ਬਦ ‘ਉੱਤਮ ਪੁਰਖ ਪੜਨਾਂਵ’ ਸ਼ਬਦਾਂ ਵਾਙ ਹੀ ‘ਮੱਧਮ ਪੁਰਖ ਪੜਨਾਂਵ’ ਸ਼ਬਦ ਵੀ ‘ਸਾਧਾਰਨ ਕਰਤਾ ਕਾਰਕ-ਰੂਪ’ ਤੇ ‘ਸੰਬੰਧਕੀ ਕਰਤਾ ਕਾਰਕ-ਰੂਪ’ ਵਿੱਚ ਦਰਜ ਮਿਲਦੇ ਹਨ ਤੇ ਇਸ ਤਰ੍ਹਾਂ ਹੀ ਵੀਚਾਰੇ ਜਾਣਗੇ।

(ਨੋਟ: ਧਿਆਨ ਰਹੇ ਕਿ ‘ਉੱਤਮ ਪੁਰਖ ਪੜਨਾਂਵ’ ਦੇ ਕਿਸੇ ਵੀ ਸ਼ਬਦ (ਸਰੂਪ) ਵਿੱਚ ਅੰਤ ਔਂਕੜ ਨਹੀਂ ਸੀ ਪਰ ‘ਮੱਧਮ ਪੁਰਖ ਪੜਨਾਂਵ’ (ਤੇ ‘ਅਨ੍ਯ ਪੁਰਖ ਪੜਨਾਂਵ’) ਸ਼ਬਦਾਂ ਵਿੱਚੋਂ ਕੁਝ ਕੁ ਦੇ ਅਖ਼ੀਰ ’ਚ ਔਂਕੜ ਦਰਜ ਹੁੰਦਾ ਹੈ, ਜਿਨ੍ਹਾਂ ਨਾਲ ਕੁਝ ਵਿਸ਼ੇਸ਼ ਕਿਸਮ ਦੇ ਸੰਬੰਧਕੀ ਸ਼ਬਦ ਆਇਆਂ (ਇੱਕ ਵਚਨ ਪੁਲਿੰਗ ਨਾਂਵ ਸ਼ਬਦਾਂ ਵਾਙ) ਅੰਤ ਮੁਕਤਾ ਹੋ ਜਾਂਦਾ ਹੈ। ‘ਇੱਕ ਵਚਨ ਨਾਂਵ’ ਤੇ ‘ਇੱਕ ਵਚਨ ਪੜਨਾਂਵ’ ਸ਼ਬਦਾਂ ਨਾਲ ਇਸਤੇਮਾਲ ਹੁੰਦੇ ਸੰਬੰਧਕੀ ਸ਼ਬਦਾਂ ’ਚ ਇਹੀ ਭਿੰਨਤਾ ਹੁੰਦੀ ਹੈ ਕਿ ‘ਨਾਂਵ’ ਸ਼ਬਦਾਂ ਨੂੰ ‘ਲੁਪਤ’ ਸੰਬੰਧਕੀ ਵੀ ਅੰਤ ਮੁਕਤਾ ਕਰ ਦਿੰਦੇ ਹਨ ਜਦਕਿ ‘ਪੜਨਾਂਵ’ ਸ਼ਬਦਾਂ ਨੂੰ ‘ਲੁਪਤ’ ਸੰਬੰਧਕੀ ਅੰਤ ਮੁਕਤਾ ਨਹੀਂ ਕਰ ਸਕਦੇ।

‘ਤੁਧੁ’ ਤੇ ‘ਤੁਝੁ’ ਸ਼ਬਦ ਹਮੇਸ਼ਾਂ ਅੰਤ ਔਂਕੜ ਹੁੰਦੇ ਹਨ ਪਰ ‘ਤੁਧੁ’ ਸ਼ਬਦ ਨਾਲ ਕੇਵਲ ‘ਨੋ’ (ਸੰਬੰਧਕੀ) ਤੇ ‘ਹੀ’ (ਅਵਯ, ਅੱਵਿਐ) ਚਿੰਨ੍ਹ ਆਇਆਂ ‘ਤੁਧੁ’ ਦਾ ਸਰੂਪ ‘ਤੁਧ’ (ਅੰਤ ਮੁਕਤਾ) ਬਣ ਜਾਂਦਾ ਹੈ ਜਦਕਿ ‘ਤੁਝੁ’ ਸ਼ਬਦ ਨਾਲ (ਪ੍ਰਗਟ ਰੂਪ ’ਚ) ‘ਤੇ, ਹੀ, ਬਿਨੁ, ਬਿਨਾ, ਮਹਿ, ਮਾਹਿ, ਮਾਹੀ, ਉਪਰਿ, ਕਉ, ਪਾਸਿ, ਪਾਸਹੁ, ਪਹਿ (ਪਾਸ), ਪਾਹਿ (ਪਾਸ), ਕਨਿ (ਵੱਲ), ਓਰੁ (ਵੱਲ)’ (ਭਾਵ 15 ਸੰਬੰਧਕੀ ਚਿੰਨ੍ਹ) ਆਇਆਂ ਇਸ ਦਾ ਸਰੂਪ ‘ਤੁਝ’ (ਅੰਤ ਮੁਕਤਾ) ਹੋ ਜਾਂਦਾ ਹੈ।

‘ਗੁਰੂ ਪਿਆਰਿਆਂ’ (ਜਗਿਆਸੂਆਂ) ਲਈ ਇਹ ਵਿਸ਼ਾ ਕਿ ‘ਨਾਮ ਕੀ ਹੈ? ਤੇ ‘ਸਿਮਰਨ ਕਿਵੇਂ ਕਰੀਏ? ਭਾਵ ਕੁਦਰਤ ਦੇ ਸਿਰਜਣਹਾਰ ਨੂੰ ਯਾਦ ਕਿਵੇਂ ਕਰੀਏ?, ਦਾ ਬਹੁਤ ਹੀ ਢੁੱਕਵਾਂ ਜਵਾਬ ਹੈ, ਇਹ ਹਥਲਾ ਲੇਖ: ‘ਮੱਧਮ ਪੁਰਖ ਪੜਨਾਂਵ’; ਜਿਸ ਵਿੱਚ ਦਰਜ ਤਮਾਮ ਉਹ ਪੰਕਤੀਆਂ ‘ਨਾਮ’ ਹੈ, ਜੋ ‘ਗੁਰੂ’ ਤੇ ‘ਪ੍ਰਭੂ’ ਦੇ ‘ਰੂ-ਬਰੂ’ (ਆਮ੍ਹਣੇ-ਸਾਮ੍ਹਣੇ) ਹੋ ਕੇ ‘ਸੰਬੋਧਨ ਰੂਪ’ ’ਚ ਇੱਕ ਗੁਰਸਿੱਖ ਆਪਣੇ ਮਨ ਦੀ ਭਾਵਨਾ (ਵਾਰਤਾਲਾਪ ਰਾਹੀਂ) ਵਿਅਕਤ ਕਰਦਾ ਹੈ।

ਪਾਠਕਾਂ ਦੀ ਸੁਵਿਧਾ ਲਈ ਇਨ੍ਹਾਂ ਤਮਾਮ ਪੰਕਤੀਆਂ ਦੇ ‘ਗੁਰਬਾਣੀ ਵਿਆਕਰਨ’ ਵਿਸ਼ੇ ਦੇ ਨਾਲ-ਨਾਲ ਭਾਵਾਰਥਾਂ ਨੂੰ ਵੀ ਸਰਲ ਕਰਨ ਲਈ ਸੀਮਤ ਸ਼ਬਦਾਂ ’ਚ ਕੁਝ-ਕੁ ਪਦ ਅਰਥ ਕੀਤੇ ਜਾ ਰਹੇ ਹਨ ਤੇ ਪੰਕਤੀਆਂ ਵੀ ਵਧੇਰੇ ਮਾਤ੍ਰਾ ’ਚ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ‘ਗੁਰੂ ਸਾਹਿਬਾਨਾਂ’ ਤੇ ‘ਭਗਤ-ਭੱਟ’ ਆਦਿ ਜਨਾਂ ਦੇ ਵਿਚਾਰਾਂ ’ਚ ਵੀ ਸਮਾਨਤਾ ਸਪਸ਼ਟ ਹੁੰਦੀ ਹੈ। ਪਾਠਕ-ਜਨ ਆਪਣੀ ਜ਼ਰੂਰਤ ਅਨੁਸਾਰ ਲਾਭ ਉਠਾ ਸਕਦੇ ਹਨ। ਵਿਸ਼ੇ ਦੇ ਵਿਸਥਾਰ ਨੂੰ ਵੇਖਦਿਆਂ ਇਹ ਵਿਸ਼ਾ ਇੱਕ ਵਚਨ ਪੜਨਾਂਵ ਨੂੰ ਅਧਿਆਇ 5 ਵਿੱਚ ਤੇ ਬਹੁ ਵਚਨ ਪੜਨਾਂਵ ਨੂੰ ਅਧਿਆਇ-2 ਵਿੱਚ ਵੀਚਾਰਿਆ ਜਾਵੇਗਾ। ਉਮੀਦ ਹੈ ਕਿ ‘ਜਗਿਆਸੂ-ਜਨ’ ਇਸ ਵਿਸ਼ੇ ਨੂੰ ਆਪਣਾ ਨਿੱਤ-ਨੇਮ (ਨਿਤਾ-ਪ੍ਰਤਿ ਅਸੂਲ) ਬਣਾ ਲੈਣਗੇ।)

ਭਾਗ ਦੂਜਾ (‘ਮੱਧਮ ਪੁਰਖ’ ’ਚ ਦਰਜ ‘ਇੱਕ ਵਚਨ ਪੁਰਖਵਾਚੀ ਪੜਨਾਂਵ’)

ਅਧਿਆਇ-1

(1). ਗੁਰਬਾਣੀ ਵਿੱਚ ‘ਤੈ’ ਸ਼ਬਦ 156 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 57 ਵਾਰ ਇਹ ਸ਼ਬਦ ‘ਮੱਧਮ ਪੁਰਖ ਇੱਕ ਵਚਨ ਪੜਨਾਂਵ’ ਨਹੀਂ ਹੈ ਭਾਵ ਇਸ (‘ਤੈ’) ਦਾ ਅਰਥ ਕੁਝ ਹੋਰ ਹੈ; ਜਿਵੇਂ:

(ੳ). ‘ਤੈ’ ਸ਼ਬਦ ਦਾ 2 ਵਾਰ ਅਰਥ ਹੈ: 3 (ਤਿੰਨ, ਸੰਖਿਆ-ਵਾਚਕ) ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਗਜ ਸਾਢੇ ‘ਤੈ ਤੈ’ (ਤਿੰਨ-ਤਿੰਨ) ਧੋਤੀਆ; ਤਿਹਰੇ ਪਾਇਨਿ ਤਗ ॥’’ (ਭਗਤ ਕਬੀਰ/੪੭੬)

‘‘ਥਾਲੈ ਵਿਚਿ ‘ਤੈ’ (ਤਿੰਨ) ਵਸਤੂ ਪਈਓ; ਹਰਿ ਭੋਜਨੁ ਅੰਮ੍ਰਿਤੁ ਸਾਰੁ (ਸ੍ਰੇਸ਼ਟ)॥’’ (ਮ: ੩/੬੪੫)

(ਅ). ‘ਤੈ’ ਸ਼ਬਦ ਦਾ 4 ਵਾਰ ਅਰਥ ਹੈ: ‘ਥਾਂ, ਜਗ੍ਹਾ’ ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਜੇ ਕਰਿ ਸੂਤਕੁ ਮੰਨੀਐ; ਸਭ ‘ਤੈ’ (ਹਰ ਥਾਂ) ਸੂਤਕੁ ਹੋਇ ॥’’ (ਮ: ੧/੪੭੨) ਆਦਿ।

(ੲ). ‘ਤੈ’ ਸ਼ਬਦ ਦਾ 18 ਵਾਰ ਅਰਥ ਹੈ: ‘ਉਸ ਦਾ, ਉਸ ਨੂੰ’ (ਭਾਵ ਅਨ੍ਯ ਪੁਰਖ, ਇੱਕ ਵਚਨ ਪੜਨਾਂਵ, ਨਾ ਕਿ ‘ਮੱਧਮ ਪੁਰਖ ਪੜਨਾਂਵ’) ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਠਾਕੁਰ (ਦੇ) ਹਾਥਿ (ਵਿੱਚ) ਵਡਾਈਆ; ਜੈ (ਜਿਸ ਨੂੰ) ਭਾਵੈ, ‘ਤੈ’ (ਉਸ ਨੂੰ) ਦੇਇ ॥’’ (ਮ: ੧/੯੩੫)

‘‘ਜੈ ਬਖਸੇ; ‘ਤੈ’ (ਉਸ ਦਾ) ਪੂਰਾ ਕਾਜੁ ॥’’ (ਮ: ੧/੧੩੨੭) ਆਦਿ।

(ਸ). ‘ਤੈ’ ਸ਼ਬਦ ਦਾ 33 ਵਾਰ ਅਰਥ ਹੈ: ‘ਅਤੇ’ (ਭਾਵ ਯੋਜਕ) ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਆਖਹਿ ਗੋਪੀ ‘ਤੈ’ (ਅਤੇ) ਗੋਵਿੰਦ ॥’’ (ਜਪੁ /ਮ: ੧/੬)

‘‘ਆਪਿ ਉਪਾਏ ‘ਤੈ’ (ਅਤੇ) ਆਪੇ ਵੇਖੈ ॥’’ (ਮ: ੩/੧੨੯)

‘‘ਭਗਤਾ ‘ਤੈ’ (ਅਤੇ) ਸੈਸਾਰੀਆ; ਜੋੜੁ ਕਦੇ ਨ ਆਇਆ ॥’’ (ਮ: ੧/੧੪੫)

‘‘ਪੰਦ੍ਰਹ ਥਿਤਂੀ ‘ਤੈ’ (ਅਤੇ) ਸਤ ਵਾਰ ॥’’ (ਮ: ੩/੮੪੨) ਆਦਿ।

ਉਪਰੋਕਤ ਕੀਤੀ ਗਈ ਵੀਚਾਰ ਕਿ ‘ਤੈ’ ਸ਼ਬਦ 156 ਵਿੱਚੋਂ 57 ਵਾਰ ‘ਮੱਧਮ ਪੁਰਖ ਪੜਨਾਂਵ’ ਨਹੀਂ; ਇਸ ਲਈ ਕੇਵਲ 99 ਵਾਰ ਹੀ ‘ਮੱਧਮ ਪੁਰਖ, ਇੱਕ ਵਚਨ ਪੜਨਾਂਵ’ ਹੈ, ਜੋ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਦਰਜ ਹੈ; ਜਿਵੇਂ:

(1). ਕਰਤਾ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ (ਕੰਮ) ਕਰਨ ਵਾਲੇ ਸ਼ਬਦ (ਨਾਂਵ ਦੀ ਗ਼ੈਰ ਹਾਜ਼ਰੀ ’ਚ ਇਸਤੇਮਾਲ ਕੀਤਾ ਗਿਆ ਪੜਨਾਂਵ), ਵਾਕ ਵਿੱਚ ‘ਕਰਤਾ ਕਾਰਕ ਪੜਨਾਂਵ’ ਅਖਵਾਉਂਦਾ ਹੈ।

(ੳ). ਗੁਰਬਾਣੀ ਵਿੱਚ ‘ਤੈ’ ਸ਼ਬਦ 10 ਵਾਰ ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੂੰ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਜੋਗੀ !) ‘‘ਘਟ ਹੀ ਮਾਹਿ ਨਿਰੰਜਨੁ ਤੇਰੈ; ‘ਤੈ’ (ਤੂੰ) ਖੋਜਤ ਉਦਿਆਨਾ (ਜੰਗਲ ’ਚ) ॥’’ (ਮ: ੯/੬੩੨)

(ਹੇ ਭਾਈ !) ‘‘ਜਮ ਕੋ ਡੰਡੁ ਪਰਿਓ ਸਿਰ ਊਪਰਿ; ਤਬ ਸੋਵਤ ‘ਤੈ’ (ਤੂੰ) ਜਾਗਿਓ ॥’’ (ਮ: ੯/੧੦੦੮)

‘‘ਜਿਹ ਸਿਮਰਤ, ਗਤਿ ਪਾਈਐ; ਤਿਹ (ਉਸ ਨੂੰ), ਭਜੁ ਰੇ ‘ਤੈ’ (ਤੂੰ) ਮੀਤ ! ॥’’ (ਮ: ੯/੧੪੨੭) ਆਦਿ।

(ਅ). ਗੁਰਬਾਣੀ ਵਿੱਚ ‘ਤੈ’ ਸ਼ਬਦ 70 ਵਾਰ ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਂ ਨੇ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਭਾਈ !) ‘‘ਆਨ ਰਸਾ ਜੇਤੇ ‘ਤੈ’ (ਤੈਂ ਨੇ) ਚਾਖੇ ॥ ਨਿਮਖ ਨ ਤਿ੍ਰਸਨਾ ਤੇਰੀ ਲਾਥੇ ॥’’ (ਮ: ੫/੧੮੦)

(ਹੇ ਭਾਈ !) ‘‘ਰਤਨ ਜਨਮੁ ਅਪਨੋ ‘ਤੈ’ (ਤੈਂ ਨੇ) ਹਾਰਿਓ; ਗੋਬਿੰਦ ਗਤਿ ਨਹੀ ਜਾਨੀ ॥’’ (ਮ: ੯/੨੨੦)

(ਹੇ ਭਾਈ !) ‘‘ਕਿਆ ‘ਤੈ’ (ਤੈਂ ਨੇ) ਖਟਿਆ; ਕਹਾ ਗਵਾਇਆ ? ॥’’ (ਭਗਤ ਕਬੀਰ/੭੯੨)

‘‘ਮੂੜ੍ੇ! ਕਾਹੇ ਬਿਸਾਰਿਓ; ‘ਤੈ’ (ਤੈਂ ਨੇ) ਰਾਮ (ਦਾ) ਨਾਮ ? ॥’’ (ਮ: ੧/੧੧੮੯)

‘‘ਤੈ’’ (ਤੈਂ ਨੇ) ਨਰ! ਕਿਆ ਪੁਰਾਨੁ ਸੁਨਿ (ਕੇ) ਕੀਨਾ (ਕੀਤਾ)? ॥’’ (ਭਗਤ ਪਰਮਾਨੰਦ/੧੨੫੩)

(ਹੇ ਭਾਈ !) ‘‘ਜੇ ‘ਤੈ’ (ਤੈਂ ਨੇ), ਰਬੁ (ਨੂੰ) ਵਿਸਾਰਿਆ; ਤ ਰਬਿ (ਨੇ) ਨ (ਤੈਨੂੰ) ਵਿਸਰਿਓਹਿ (ਭੁਲਾਇਆ)॥’’ (ਬਾਬਾ ਫਰੀਦ/੧੩੮੩)

‘‘ਸ੍ਰੀ ਗੁਰ ਰਾਮਦਾਸ! ਜਯੋ ਜਯ ਜਗ ਮਹਿ; ‘ਤੈ’ (ਤੈਂ ਨੇ), ਹਰਿ ਪਰਮ-ਪਦੁ ਪਾਇਯਉ ॥’’ (ਭਟ ਬਲੵ /੧੪੦੫) ਆਦਿ।

(ਨੋਟ: ਉਪਰੋਕਤ ਤਮਾਮ ‘ਤੈ’ ਸ਼ਬਦਾਂ ਦਾ ਉਚਾਰਨ ‘ਤੈਂ’ (ਬਿੰਦੀ ਸਹਿਤ) ਕਰਨ ਦੀ ਪ੍ਰੇਰਨਾ ਸਾਨੂੰ ਇਨ੍ਹਾਂ 8 ਪੰਕਤੀਆਂ ’ਚੋਂ ਮਿਲਦੀ ਹੈ:

(ਹੇ ਕਰਤਾਰ !) ‘‘ਐਸਾ, ‘ਤੈਂ’ (ਤੈਂ ਨੇ) ਜਗੁ ਭਰਮਿ (ਵਿੱਚ) ਲਾਇਆ ॥’’ (ਭਗਤ ਕਬੀਰ/੯੨)

(ਹੇ ਕਰਤਾਰ !) ‘‘ਇਹੁ ਜਗੁ ਭੂਲਾ; ‘ਤੈਂ’ (ਤੈਂ ਨੇ) ਆਪਿ ਭੁਲਾਇਆ ॥’’ (ਮ: ੩/੧੧੧)

(ਹੇ ਕਰਤਾਰ !) ‘‘ਪਹਿਲੋ ਦੇ (ਦੇ ਕੇ ਭਾਵ ਪਹਿਲਾਂ ਤਾਂ); ‘ਤੈਂ’ (ਤੈਂ ਨੇ) ਰਿਜਕੁ ਸਮਾਹਾ (ਇਕੱਠਾ ਕੀਤਾ)॥’’ (ਮ: ੫/੧੩੦)

(ਹੇ ਕਰਤਾਰ !) ‘‘ਪਿਛੋ ਦੇ (ਦੇ ਕੇ ਭਾਵ ਪਿਛੋਂ ਫਿਰ); ‘ਤੈਂ’ (ਤੈਂ ਨੇ) ਜੰਤੁ ਉਪਾਹਾ (ਪੈਦਾ ਕੀਤਾ)॥’’ (ਮ: ੫/੧੩੦)

‘‘ਜਾ ਕੈ ਹਿਰਦੈ ਵਸਿਆ ਤੂ ਕਰਤੇ ! ਤਾ ਕੀ ‘ਤੈਂ’ (ਤੈਂ ਨੇ) ਆਸ ਪੁਜਾਈ (ਪੂਰੀ ਕੀਤੀ)॥’’ (ਮ: ੫/੬੧੦)

(ਹੇ ਕਰਤਾਰ !) ‘‘ਸੇ (ਉਹ ਸਾਰੇ), ‘ਤੈਂ’ (ਤੈਂ ਨੇ) ਲੀਨੇ (ਲਏ) ਭਗਤ ਰਾਖਿ ॥’’ (ਮ: ੫/੧੧੯੨)

(ਹੇ ਕਰਤਾਰ !) ‘‘ਜਿਨਿ ਜਿਨਿ ਕਰੀ ਅਵਗਿਆ (ਨਿਰਾਦਰੀ) ਜਨ ਕੀ; ਤੇ (ਉਹ ਸਭ) ‘ਤੈਂ’ (ਤੈਂ ਨੇ) ਦੀਏ ਰੁੜ੍ਾਈ ॥’’ (ਮ: ੫/੧੨੩੫)

‘‘ਗੁਰ ਰਾਮਦਾਸ ! ਕਲੵੁਚਰੈ; ‘ਤੈਂ’ (ਤੈਂ ਨੇ) ਅਟਲ ਅਮਰ ਪਦੁ ਪਾਇਓ ॥’’ (ਭਟ ਕਲੵ/੧੩੯੭)

ਗੁਰਬਾਣੀ ਵਿੱਚ ‘ਤੈ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਤੈਂ ਨੇ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਨੋਟ: ਧਿਆਨ ਰਹੇ ਕਿ ‘ਪੜਨਾਂਵ’ ਤੇ ‘ਪੜਨਾਂਵ ਵਿਸ਼ੇਸ਼ਣ’ ਸ਼ਬਦਾਂ ’ਚ ਕੇਵਲ ਇਹੀ ਅੰਤਰ ਹੁੰਦਾ ਹੈ ਕਿ ‘ਪੜਨਾਂਵ’ ਕਿਸੇ ਵਾਕ ’ਚ ਨਾਂਵ ਦੀ ਗ਼ੈਰ ਹਾਜ਼ਰੀ ’ਚ ਦਰਜ ਹੁੰਦਾ ਹੈ ਜਦਕਿ ‘ਪੜਨਾਂਵ ਵਿਸ਼ੇਸ਼ਣ’ ਵਾਕ ’ਚ ਨਾਂਵ ਦੇ ਸਮਾਨੰਤਰ ਦਰਜ ਹੁੰਦਾ ਹੈ; ਜਿਵੇਂ: ਗੁਰਮੁਖ ਚੰਗਾ ਬੱਚਾ ਹੈ।, ਉਹ ਸਕੂਲ ਜਾਂਦਾ ਹੈ।, ਉਹ ਗੁਰਮੁਖ ਪਾਠ ਕਰਦਾ ਹੈ।, ਵਾਕਾਂ ’ਚ ਪਹਿਲੇ ਨੰਬਰ ’ਤੇ ‘ਗੁਰਮੁਖ’ ਨਾਂਵ ਹੈ, ਦੂਸਰੇ ਵਾਕ ’ਚ ‘ਉਹ’ ਪੜਨਾਂਵ ਹੈ ਕਿਉਂਕਿ ਇਸ ਵਾਕ ’ਚ ‘ਗੁਰਮੁਖ’ ਨਾਂਵ ਦਰਜ ਨਹੀਂ ਅਤੇ ਤੀਸਰੇ ਵਾਕ ’ਚ ‘ਉਹ ਗੁਰਮੁਖ’ (ਭਾਵ ਨਾਂਵ ਤੇ ਪੜਨਾਂਵ ਸਮਾਨੰਤਰ ਦਰਜ ਹੋਣ) ਕਾਰਨ ‘ਉਹ’ ਸ਼ਬਦ ‘ਪੜਨਾਂਵ ਵਿਸ਼ੇਸ਼ਣ’ ਬਣ ਗਿਆ।)

‘‘ਪ੍ਰੇਮ-ਪਟੋਲਾ ‘ਤੈ’ ਸਹਿ (ਤੈਂ ਸਾਹਿਬ ਨੇ) ਦਿਤਾ; ਢਕਣ ਕੂ ਪਤਿ ਮੇਰੀ ॥’’ (ਮ: ੫/੫੨੦) (ਇਸ ਪੰਕਤੀ ’ਚ ‘ਤੈ’ ਸ਼ਬਦ ਦੇ ਸਮਾਨੰਤਰ ਹੀ ‘ਸਹਿ’ (ਨਾਂਵ) ਸ਼ਬਦ ਦਰਜ ਹੈ ਇਸ ਲਈ ‘ਤੈ’ ਪੜਨਾਂਵ ਨਹੀਂ ਬਲਕਿ ‘ਪੜਨਾਂਵ ਵਿਸ਼ੇਸ਼ਣ’ ਬਣ ਗਿਆ ਤੇ ਅਰਥ ਬਣ ਗਏ: ‘ਤੈਂ ਸ਼ਾਹ ਨੇ’ ਭਾਵ ਨਾਂਵ ਪੜਨਾਂਵ ਦੇ ਜੁੜਤ ਅਰਥ।)

(2) ਕਰਮ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ ਦੁਆਰਾ ਪ੍ਰਗਟਾਏ ਗਏ ਕੰਮ ਦਾ ਪ੍ਰਭਾਵ (ਅਸਰ) ਜਿਸ ਸ਼ਬਦ (ਪੜਨਾਂਵ) ਉੱਤੇ ਪਵੇ, ਵਾਕ ਵਿੱਚ ਉਹ ਸ਼ਬਦ ‘ਕਰਮ ਕਾਰਕ ਪੜਨਾਂਵ’ ਹੁੰਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹੈ ਤੇ 1 ਵਾਰ ਹੀ ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ ਵਿਸ਼ੇਸ਼ਣ’ ਹੈ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਕਰਤਾਰ !) ‘‘ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ; ਜੋ ‘ਤੈ’ (ਤੈਨੂੰ) ਭਾਵੈ ਸਾਈ (ਉਹੀ ਗੱਲ ਹੁੰਦੀ ਹੈ) ॥’’ (ਮ: ੧/੧੨੭੪) (‘ਤੈ’ ਤੈਨੂੰ ‘ਪੜਨਾਂਵ’)

‘‘ਅਭਾਗੇ ! ‘ਤੈ’ ਲਾਜ (ਤੈਨੂੰ ਸ਼ਰਮ) ਨਾਹੀ ? ॥ ਸੁਖ ਸਾਗਰ ਪੂਰਨ ਪਰਮੇਸਰੁ; ਹਰਿ ਨ ਚੇਤਿਓ ਮਨ ਮਾਹੀ ? ॥’’ (ਮ: ੫/੮੯੨) (‘ਤੈ’ ਤੈਨੂੰ ‘ਪੜਨਾਂਵ ਵਿਸ਼ੇਸ਼ਣ’ ਕਿਉਂਕਿ ‘ਤੈ’ ਨਾਲ ਹੀ ‘ਲਾਜ’ ਨਾਂਵ ਸ਼ਬਦ ਦਰਜ ਹੈ।)

(3). ਸੰਪਰਦਾਨ ਕਾਰਕ ਪੜਨਾਂਵ: ‘ਸੰਪਰਦਾਨ’ ਸ਼ਬਦ ਦਾ ਅਰਥ ਹੁੰਦਾ ਹੈ ‘ਬਖ਼ਸ਼ਸ਼’ ਭਾਵ ਕਿਸੇ ਲਈ ਕੰਮ (ਮਿਹਰ) ਕਰਨਾ, ‘ਦੇਣਾ’।

ਪਰਿਭਾਸ਼ਾ: ਜਿਸ (ਪੜਨਾਂਵ) ਲਈ ਵਾਕ ਦਾ ਕਰਤਾ ਕੰਮ ਕਰੇ ਜਾਂ ਕਿਰਿਆ ਦੁਆਰਾ ਪ੍ਰਗਟਾਇਆ ਗਿਆ ਕੰਮ ਜਿਸ ‘ਪੜਨਾਂਵ’ ਲਈ ਵਾਪਰਦਾ ਹੈ, ਉਹ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੁੰਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 4 ਵਾਰ ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਵਾਸਤੇ, ਤੇਰੇ ਤੋਂ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਕਰਤਾਰ !) ‘‘ਪਾਵ ਮਲੋਵਾ ਮਲਿ ਮਲਿ (ਕੇ) ਧੋਵਾ; ਇਹੁ ਮਨੁ ‘ਤੈ ਕੂ’ (ਤੈਨੂੰ, ਤੇਰੇ ਲਈ) ਦੇਸਾ (ਦੇ ਦੇਵਾਂ)॥’’ (ਮ: ੫/੬੧੨)

(ਹੇ ਭਾਈ !) ‘‘ਇਹੁ ਮਨੁ ‘ਤੈ ਕੂੰ’ (ਤੈਨੂੰ, ਤੇਰੇ ਲਈ) ਡੇਵਸਾ (ਦੇਵਾਂ); ਮੈ (ਮੈਨੂੰ) ਮਾਰਗੁ ਦੇਹੁ ਬਤਾਇ ਜੀਉ ॥’’ (ਮ: ੧/੭੬੩)

‘‘ਸਜਣ (ਦਾ) ਮੁਖੁ ਅਨੂਪੁ (ਸੁੰਦਰ); ਅਠੇ ਪਹਰ ਨਿਹਾਲਸਾ (ਵੇਖਾਂ) ॥(ਜੇ) ਸੁਤੜੀ ਸੋ ਸਹੁ (ਨੂੰ) ਡਿਠੁ (ਵੇਖਾਂ, ਤਾਂ); ‘ਤੈ’ (ਤੈਥੋਂ, ਤੇਰੇ ਤੋਂ, ਹੇ) ਸੁਪਨੇ ! ਹਉ ਖੰਨੀਐ (ਮੈਂ ਕੁਰਬਾਨ ਹਾਂ)॥’’ (ਮ: ੫/੧੧੦੦)

‘‘ਫਰੀਦਾ ! ਜੋ ‘ਤੈ’ (ਤੈਨੂੰ, ਤੇਰੇ ਲਈ), ਮਾਰਨਿ ਮੁਕੀਆਂ; ਤਿਨ੍ਾ ਨ ਮਾਰੇ ਘੁੰਮਿ (ਮੋੜ ਕੇ)॥’’ (ਬਾਬਾ ਫਰੀਦ/੧੩੭੮)

(4). ਅਪਾਦਾਨ ਕਾਰਕ ਪੜਨਾਂਵ: ਜਿਸ ‘ਪੜਨਾਂਵ’ ਤੋਂ ਕਿਰਿਆ ਆਰੰਭ ਹੋਵੇ ਜਾਂ ਅਲੱਗ ਹੋਣ ਦਾ ਭਾਵ ਪ੍ਰਗਟ ਹੋਵੇ, ਉਸ ਨੂੰ ‘ਅਪਾਦਾਨ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 4 ਵਾਰ ‘ਮੱਧਮ ਪੁਰਖ, ਅਪਾਦਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ ਕੋਲੋਂ, ਤੇਰੇ ਪਾਸੋਂ, ਤੇਰੇ ਵਿੱਚੋਂ, ਤੇਰੇ ਨਾਲੋਂ, ਤੈਥੋਂ, ਤੇਰੇ ਤੋਂ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

‘‘ਤੈ’’ ਸਹ ! ਨਾਲਹੁ (ਹੇ ਪਾਤਿਸ਼ਾਹ! ਤੇਰੇ ਕੋਲੋਂ) ਮੁਤੀਅਸੁ (ਵਿਛੁੜ ਗਈ); ਦੁਖਾ ਕੂੰ (ਨੂੰ) ਧਰੀਆਸੁ (ਧਾਰਨ ਕਰ ਲਿਆ) ਜੀਉ ॥’’ (ਮ: ੧/੭੬੨)

‘‘ਸਾਦ ਸਹਜ (ਸੁਖਾਂ) ਕਰਿ (ਕੇ); ਮਨੁ ਖੇਲਾਇਆ ॥ ‘ਤੈ’ (ਤੇਰੇ) ਸਹ ! ਪਾਸਹੁ; ਕਹਣੁ ਕਹਾਇਆ ॥’’ (ਮ: ੧/੧੨੪੩) (ਭਾਵ ਹੇ ਪਾਤਿਸ਼ਾਹ ! ਤੇਰੇ ਪਾਸੋਂ ਮੈ ਬੋਲ ਬੁਲਵਾਇਆ, ਉਲਾਹਮਾ ਲਿਆ ਕਿ ਮੈ ਤੇਰੀ ਬੰਦਗੀ ਨਹੀਂ ਕੀਤੀ।)

(ਹੇ ਕਰਤਾਰ !) ‘‘ਇਕ ਦਖਿਣਾ; ਹਉ, ‘ਤੈ ਪਹਿ’ (ਤੇਰੇ ਕੋਲੋਂ) ਮਾਗਉ; ਦੇਹਿ ਆਪਣਾ ਨਾਮੁ ॥’’ (ਮ: ੧/੧੩੨੯)

(ਹੇ ਭਾਈ !) ‘‘ਤੈ ਪਾਸਹੁ’’ (ਤੇਰੇ ਪਾਸੋਂ) ਓਇ ਲਦਿ (ਚਲੇ) ਗਏ; ਤੂੰ ਅਜੈ ਨ ਪਤੀਣੋਹਿ (ਨਾ ਯਕੀਨ ਕੀਤਾ)॥’’ (ਬਾਬਾ ਫਰੀਦ/੧੩੮੧)

(5). ਸੰਬੰਧ ਕਾਰਕ ਪੜਨਾਂਵ: ਪਰਿਭਾਸ਼ਾ: ਜਦ ਕੋਈ ਇੱਕ ‘ਪੜਨਾਂਵ’ ਦੂਜੇ ‘ਨਾਂਵ’ (ਜਾਂ ਪੜਨਾਂਵ) ਉੱਤੇ ਆਪਣੀ ਮਾਲਕੀ ਦਾ ਹੱਕ ਜਤਾਵੇ ਤਾਂ ਉਸ ਨੂੰ ‘ਸੰਬੰਧ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 4 ਵਾਰ ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੀ, ਤੇਰੇ’ ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਤੈ’’ (ਤੇਰੇ) ਸਾਹਿਬ ਕੀ (ਭਾਵ ਹੇ ਮਾਲਕ ! ਤੇਰੀ) ਬਾਤ ਜਿ (ਜਿਹੜਾ) ਆਖੈ; ਕਹੁ ਨਾਨਕ ਕਿਆ ਦੀਜੈ ? ॥’’ (ਮ: ੧/੫੫੮)

‘‘ਤੈ’’ (ਤੇਰੇ) ਸਾਹਿਬ ਕੀ (ਭਾਵ ਹੇ ਮਾਲਕ ! ਤੇਰੀ), ਮੈ ਸਾਰ (ਕਦਰ) ਨ ਜਾਨੀ ॥’’ (ਭਗਤ ਫਰੀਦ/੭੯੪)

‘‘ਤੈ’’ (ਤੇਰੇ) ਸਾਹਿਬ ਕੀ, (ਭਾਵ ਹੇ ਮਾਲਕ ! ਤੇਰੀ, ਜੋ) ਕਰਹਿ ਸੇਵ ॥’’ (ਮ: ੩/੧੧੭੨)

(ਹੇ ਕਰਤਾਰ!) ‘‘ਤੈ’’ ਜੇਵਡੁ (ਤੇਰੇ ਜਿੱਡਾ), ਮੈ (ਮੈਨੂੰ) ਨਾਹਿ ਕੋ (ਨਾ ਕੋਈ ਮਿਲਿਆ); ਸਭੁ ਜਗੁ ਡਿਠਾ ਹੰਢਿ (ਫਿਰ ਕੇ)॥’’ (ਭਗਤ ਫਰੀਦ/੧੩੭੮)

ਗੁਰਬਾਣੀ ਵਿੱਚ ‘ਤੈ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਤੇਰੇ’ ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

(ਹੇ ਸਖੀ !) ‘‘ਲਾਲੁ ਚੋਲਨਾ ‘ਤੈ’ ਤਨਿ (ਤੇਰੇ ਸਰੀਰ ਉੱਤੇ) ਸੋਹਿਆ ॥(ਜਦ) ਸੁਰਿਜਨ ਭਾਨੀ (ਪ੍ਰਭੂ ਨੂੰ ਪਸੰਦ ਹੋਈ) ਤਾਂ ਮਨੁ ਮੋਹਿਆ ॥’’ (ਮ: ੫/੩੮੪) (‘ਤੈ’ ਭਾਵ ‘ਤੇਰੇ’ ਸ਼ਬਦ ਨਾਲ ਹੀ ‘ਤਨਿ’ ਨਾਂਵ ਸ਼ਬਦ ਦਰਜ ਹੋਣ ਕਾਰਨ ‘ਤੈ’ ਪੜਨਾਂਵ ਵਿਸ਼ੇਸ਼ਣ ਬਣ ਗਿਆ।)

(6). ਅਧਿਕਰਣ ਕਾਰਕ ਪੜਨਾਂਵ: ਪਰਿਭਾਸ਼ਾ: ਜਿਸ ਸਹਾਰੇ ਨਾਲ (ਭਾਵ ਜਿਸ ਥਾਂ ’ਤੇ) ਕਿਰਿਆ ਦਾ ਕੰਮ ਹੋਵੇ ਉਸ (ਪੜਨਾਂਵ) ਨੂੰ ‘ਅਧਿਕਰਣ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 3 ਵਾਰ ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ ਨਾਲ, ਤੇਰੇ ਵਿੱਚ, ਤੇਰੇ ਕੋਲ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

‘‘ਤੈ’’ (ਹੇ) ਸਹ ! ਨਾਲਿ (ਤੇਰੇ ਨਾਲ) ਅਕੂਅਣਾ (ਨਾ ਬੋਲ-ਚਾਲ); ਕਿਉ ਥੀਵੈ (ਕਿਵੇਂ ਹੋਵੇ) ਘਰ ਵਾਸੁ (ਸ਼ਾਂਤੀ)? ॥’’ (ਮ: ੧/੫੫੭)

‘ਤੈ’’ (ਤੇਰੇ ਵਿੱਚ) ਸਹ ! ਲਗੀ (ਭਾਵ ਹੇ ਸ਼ਾਹ! ਤੇਰੇ ਨਾਲ ਜੁੜੀ) ਜੇ (ਜਿਹੜੀ) ਰਹੈ; ਭੀ ਸਹੁ ਰਾਵੈ ਸੋਇ ॥’’ (ਮ: ੧/੫੫੭)

‘‘ਧੂੜੀ ਵਿਚਿ ਲੁਡੰਦੜੀ (ਲੇਟਦੀ ਭਾਵ ਸਾਦਗੀ ’ਚ) ਸੋਹਾਂ; ਨਾਨਕ! (ਜਦ) ‘ਤੈ’ (ਹੇ) ਸਹ ! ਨਾਲੇ (ਤੇਰੇ ਕੋਲ)॥’’ (ਮ: ੫/੧੪੨੫)