ਉੱਤਮ ਪੁਰਖ ਪੜਨਾਂਵ, ਅਧਿਆਇ-2 (ਅ)
(4). ‘ਅਪਾਦਾਨ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ
(1). ਗੁਰਬਾਣੀ ਵਿੱਚ ‘ਮੈ ਤੇ’ (3 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ’; ਜਿਵੇਂ:
‘‘ਕੰਤੁ ਲੀਆ ਸੋਹਾਗਣੀ, ‘ਮੈ ਤੇ’ (ਮੇਰੇ ਤੋਂ ਵੀ) ਵਧਵੀ (ਚੰਗੀਆਂ) ਏਹ ॥’’ (ਮ: ੧/੭੨੫)
‘‘ਸੋ ਕਿਛੁ ਨਾਹੀ, ਜਿ ‘ਮੈ ਤੇ’ (ਮੈਥੋਂ) ਹੋਵੈ; ਮੇਰੇ ਠਾਕੁਰ ਅਗਮ ਅਪਾਰੇ ! ॥ (ਮ: ੫/੭੩੮)
‘‘ਹਭਿ (ਸਭ) ਗੁਣ ਤੈਡੇ (ਤੇਰੇ) ਨਾਨਕ ਜੀਉ! ਮੈ ਕੂ (ਮੈਨੂੰ) ਥੀਏ (ਦਿੱਤੇ) ‘ਮੈ ਨਿਰਗੁਣ ਤੇ’ (ਮੈਥੋਂ ਗੁਣਹੀਨ ਤੋਂ) ਕਿਆ ਹੋਵੈ ? ॥’’ (ਮ: ੫/੯੬੪)
(2). ਗੁਰਬਾਣੀ ਵਿੱਚ ‘ਮੁਝ ਤੇ’ (3 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ’; ਜਿਵੇਂ:
‘‘ਜਬ ਲਗੁ ਜਾਨੈ, ‘ਮੁਝ ਤੇ’ ਕਛੁ ਹੋਇ ॥’’ (ਮ: ੫/੨੭੮)
‘‘ਰਾਖਨਹਾਰੇ ਪ੍ਰਭ ਪਿਆਰੇ ! ‘ਮੁਝ ਤੇ’ ਕਛੂ ਨ ਹੋਆ ਹੋਨ (ਨਾ ਹੋ ਸਕੇਗਾ)॥’’ (ਮ: ੫/੪੫੮)
‘‘ਮੇਰੇ ਰਾਮਰਾਇ! ‘ਮੁਝ ਤੇ’ ਕਛੂ ਨ ਹੋਈ ॥’’ (ਮ: ੫/੭੪੮)
(3). ਗੁਰਬਾਣੀ ਵਿੱਚ ‘ਮੋ ਪੈ’ (1 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ’; ਜਿਵੇਂ:
‘‘ਏਕ ਸਮੈ ਮੋ ਕਉ ਗਹਿ ਬਾਂਧੈ, ਤਉ ਫੁਨਿ (ਫਿਰ) ਮੋ ਪੈ (ਮੈਥੋਂ) ਜਬਾਬੁ ਨ ਹੋਇ ॥’’ (ਭਗਤ ਨਾਮਦੇਵ/੧੨੫੩)
(3). ਗੁਰਬਾਣੀ ਵਿੱਚ ‘ਮੰਞਹੁ’ (2 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਤੋਂ, ਮੈਥੋਂ, ਮੇਰੇ ਨਾਲੋਂ’; ਜਿਵੇਂ:
‘‘ਮੰਞਹੁ (ਮੈਥੋਂ) ਦੂਰਿ ਨ ਜਾਹਿ ਪਿਰਾ ਜੀਉ! ਘਰਿ ਬੈਠਿਆ ਹਰਿ ਪਾਏ ॥’’ (ਮ: ੩/੨੪੬)
‘‘ਸਹੀਆ ਤਊ ਅਸੰਖ ਮੰਞਹੁ (ਮੇਰੇ ਨਾਲੋਂ, ਮੈਥੋਂ) ਹਭਿ (ਸਭ) ਵਧਾਣੀਆ (ਚੰਗੀਆਂ)॥’’ (ਮ: ੫/੭੬੧)
(5). ‘ਸੰਬੰਧ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ
(1). ਗੁਰਬਾਣੀ ਵਿੱਚ ‘ਮੁਝਹਿ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ’; ਜਿਵੇਂ:
‘‘ਹਉ ਸੂਰਾ ਪਰਧਾਨੁ ਹਉ; ਕੋ ਨਾਹੀ ‘ਮੁਝਹਿ’ (ਮੇਰੇ) ਸਮਾਨੀ (ਬਰਾਬਰ)॥’’ (ਮ: ੫/੨੪੨)
(2). ਗੁਰਬਾਣੀ ਵਿੱਚ ‘ਮੂ’ (14 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 6 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ, ਮੇਰੀ, ਮੇਰਾ’; ਜਿਵੇਂ:
‘‘ਲੋਇਣ ਲੋਈ ਡਿਠ, ਪਿਆਸ ਨ ਬੁਝੈ ‘ਮੂ’ (ਮੇਰੀ) ਘਣੀ ॥’’ (ਮ: ੫/੫੭੭)
‘‘ਮੂ’’ (ਮੇਰੀ) ਲਾਲਨ ਸਿਉ, ਪ੍ਰੀਤਿ ਬਨੀ ॥’’ (ਮ: ੫/੮੨੭)
‘‘ਤਉ ਭਾਵਨਿ ਤਉ ਜੇਹੀਆ, (ਪਰ ਭਾਗਹੀਣ) ‘ਮੂ’ (ਮੇਰੇ) ਜੇਹੀਆ ਕਿਤੀਆਹ ॥’’ (ਮ: ੧/੧੦੧੫)
‘‘ਮੂ’’ (ਮੇਰੇ) ਤਨਿ ਪ੍ਰੇਮੁ ਅਥਾਹ, ਪਸਣ ਕੂ (ਵੇਖਣ ਨੂੰ) ਸਚਾ ਧਣੀ (ਮਾਲਕ)॥’’ (ਮ: ੫/੧੦੯੯)
‘‘ਲੋਇਣ ਲੋਈ ਡਿਠ, ਪਿਆਸ ਨ ਬੁਝੈ ‘ਮੂ’ (ਮੇਰੀ) ਘਣੀ ॥’’ (ਮ: ੫/੧੦੯੯)
‘‘ਆਸਕੁ ਆਸਾ ਬਾਹਰਾ, (ਪਰ) ‘ਮੂ’ (ਮੇਰੇ) ਮਨਿ (ਵਿੱਚ) ਵਡੀ ਆਸ ॥’’ (ਮ: ੫/੧੧੦੦)
(3). ਗੁਰਬਾਣੀ ਵਿੱਚ ‘ਮੇਰਾ (612 ਵਾਰ), ਮੇਰੀ (319 ਵਾਰ), ਮੇਰੇ (825 ਵਾਰ), ਮੇਰੈ (187 ਵਾਰ), ਮੇਰੋ (56 ਵਾਰ), ਮੇਰਉ (1 ਵਾਰ), ਮੋਰ (ਭਾਵ ਮੇਰਾ 23 ਵਾਰ), ਮੈਡਾ (ਭਾਵ ਮੇਰਾ 15 ਵਾਰ), ਮੈਡੇ (ਭਾਵ ਮੇਰੇ 3 ਵਾਰ), ਮੈਡੈ (ਭਾਵ ਮੇਰੇ 1 ਵਾਰ), ਮੈਡੀ (ਭਾਵ ਮੇਰੀ 1 ਵਾਰ) ਦਰਜ ਹਨ, ਜੋ ‘ਸੰਬੰਧ ਕਾਰਕ-ਰੂਪ ਪੜਨਾਂਵ’ ਹਨ; ਜਿਵੇਂ:
‘‘ਗੁਰਮਤਿ ਨਾਮੁ ‘ਮੇਰਾ’ ਪ੍ਰਾਨ ਸਖਾਈ, ਹਰਿ ਕੀਰਤਿ ਹਮਰੀ ਰਹਰਾਸਿ ॥’’ (ਮ: ੪/੧੦)
‘‘ਸੋ ਕਿਉ ਵਿਸਰੈ? ‘ਮੇਰੀ’ ਮਾਇ ! ॥’’ (ਮ: ੧/੯)
‘‘ਵਡੇ ‘ਮੇਰੇ’ ਸਾਹਿਬਾ ! ਗਹਿਰ ਗੰਭੀਰਾ ਗੁਣੀ ਗਹੀਰਾ ! ॥’’ (ਮ: ੧/੯)
‘‘ਰੇਨੁ ਸੰਤਨ ਕੀ, ‘ਮੇਰੈ’ ਮੁਖਿ ਲਾਗੀ ॥’’ (ਮ: ੫/੧੦੦)
‘‘ਗੁਨੁ ਅਵਗਨੁ ‘ਮੇਰੋ’ ਕਛੁ ਨ ਬੀਚਾਰੋ ॥’’ (ਮ: ੫/੩੭੨)
‘‘ਮੇਰਉ ਮੇਰਉ’’ ਸਭੈ ਕਹਤ ਹੈ, ਹਿਤ (ਸੁਆਰਥ) ਸਿਉ ਬਾਧਿਓ ਚੀਤ ॥’’ (ਮ: ੯/੫੩੬)
‘‘ਮੋਰ ਮੋਰ’’ (ਮੇਰਾ ਮੇਰਾ) ਕਰਿ ਅਧਿਕ ਲਾਡੁ ਧਰਿ (ਕੇ), ਪੇਖਤ ਹੀ ਜਮਰਾਉ ਹਸੈ ॥’’ (ਭਗਤ ਕਬੀਰ/੯੧)
‘‘ਤੂੰ ਕਰਤਾ ਸਚਿਆਰੁ, ‘ਮੈਡਾ’ ਸਾਂਈ ॥’’ (ਮ: ੪/੧੧)
‘‘ਹਉ ਢੂਢੇਦੀ ਸਜਣਾ, ਸਜਣੁ ‘ਮੈਡੇ’ ਨਾਲਿ ॥’’ (ਬਾਬਾ ਫਰੀਦ/੧੩੮੪)
‘‘ਹਉ ਢੂੰਢੇਂਦੀ ਸਜਣਾ, ਸਜਣੁ ‘ਮੈਡੈ’ ਨਾਲਿ ॥’’ (ਮ: ੪/੧੩੧੮)
‘‘ਹਿਕਸੁ ਕੰਤੈ ਬਾਹਰੀ, ‘ਮੈਡੀ’ ਵਾਤ ਨ ਪੁਛੈ ਕੋਇ ॥’’ (ਮ: ੫/੧੦੯੫) ਆਦਿ।
(4). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 2 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ, ਮੇਰੀ’; ਜਿਵੇਂ:
‘‘ਮੰਞੁ (ਮੇਰੇ) ਕੁਚਜੀ (ਵਿੱਚ) ਅੰਮਾਵਣਿ ਡੋਸੜੇ (ਬਹੁਤ ਐਬ); ਹਉ ਕਿਉ (ਕਿਵੇਂ) ਸਹੁ (ਨੂੰ) ਰਾਵਣਿ (ਭੋਗਣ) ਜਾਉ ਜੀਉ ? ॥’’ (ਮ: ੧/੭੬੨)
‘‘ਕਿਸ ਹੀ ਕੋਈ ਕੋਇ; ਮੰਞੁ (ਮੇਰੀ) ਨਿਮਾਣੀ (ਦਾ) ਇਕੁ ਤੂ ॥’’ (ਮ: ੨/੭੯੧)
(5). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 4 ਵਾਰ ‘ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ, ਮੇਰਾ’; ਜਿਵੇਂ:
‘‘ਜਾ ‘ਮੂੰ’ (ਮੇਰੇ) ਆਵਹਿ ਚਿਤਿ ਤੂ, ਤਾ ਹਭੇ (ਸਭ) ਸੁਖ ਲਹਾਉ ॥’’ (ਮ: ੫/੧੦੯੮)
‘‘ਮੂੰ’’ (ਮੇਰਾ) ਪਿਰੀਆ ਸਉ (ਪਤੀ ਨਾਲ) ਨੇਹੁ, ਕਿਉ ਸਜਣ ਮਿਲਹਿ ਪਿਆਰਿਆ ? ॥’’ (ਮ: ੪/੧੪੨੧)
‘‘ਹਉ ਖੜੀ ਨਿਹਾਲੀ (ਵੇਖਾਂ) ਪੰਧੁ (ਰਸਤਾ), ਮਤੁ ‘ਮੂੰ’ (ਮੇਰਾ) ਸਜਣੁ ਆਵਏ ॥’’ (ਮ: ੪/੧੪੨੧)
(ਹੇ ਬ੍ਰਾਹਮਣ !) ‘‘ਜਾਂ (ਜਦੋਂ) ‘ਮੂੰ’ (ਮੇਰਾ ਰਾਖਾ) ਇਕੁ, ਤ ਲਖ ਤਉ ਜਿਤੀ (ਤੇਰੇ ਵਰਗੇ ਜਿਨ੍ਹੇ ਵੀ); ਪਿਨਣੇ (ਮੰਗਤੇ, ਰੱਬੀ) ਦਰਿ (ਉੱਤੇ) ਕਿਤੜੇ ॥’’ (ਮ: ੫/੧੪੨੫)
(6). ‘ਅਧਿਕਰਣ ਕਾਰਕ’ ਇੱਕ ਵਚਨ ਪੁਰਖ ਵਾਚਕ ਪੜਨਾਂਵ
(1). ਗੁਰਬਾਣੀ ਵਿੱਚ ‘ਮੁਝਹਿ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਕੋਲ; ਜਿਵੇਂ:
‘‘ਕਬੀਰ ! ਆਈ ‘ਮੁਝਹਿ ਪਹਿ’ (ਮੇਰੇ ਕੋਲ); ਅਨਿਕ ਕਰੇ ਕਰਿ ਭੇਸ ॥’’ (ਭਗਤ ਕਬੀਰ/੧੩੬੪)
(2). ਗੁਰਬਾਣੀ ਵਿੱਚ ‘ਮੋ ਪੈ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:
‘‘ਕਹਿ ਨਾਨਕ ਸਭ ਅਉਗਨ ਮੋ ਮਹਿ (ਮੇਰੇ ਵਿੱਚ), ਰਾਖਿ ਲੇਹੁ ਸਰਨਾਇਓ ॥’’ (ਮ: ੯/੧੨੩੨)
(3). ਗੁਰਬਾਣੀ ਵਿੱਚ ‘ਮੁਝ ਮਹਿ’ (3 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:
‘‘ਸਾਂਈ ‘ਮੁਝ ਮਹਿ’ ਕਿਆ ਖਤਾ ? ਮੁਖਹੁ ਨ ਬੋਲੈ ਪੀਰ ॥’’ (ਭਗਤ ਕਬੀਰ/੧੩੭੫)
‘‘ਕਬੀਰ ! ਮੇਰਾ ‘ਮੁਝ ਮਹਿ’ ਕਿਛੁ ਨਹੀ, ਜੋ ਕਿਛੁ ਹੈ ਸੋ ਤੇਰਾ ॥’’ (ਭਗਤ ਕਬੀਰ/੧੩੭੫)
‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ, ‘ਮੁਝ ਮਹਿ’ ਰਹਾ ਨ ਹੂੰ (ਹੰਕਾਰ)॥’’ (ਭਗਤ ਕਬੀਰ/੧੩੭੫)
(4). ਗੁਰਬਾਣੀ ਵਿੱਚ ‘ਮੁਝੁ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:
‘‘ਮੁਝੁ ਅਵਗਨ; ਸਹ (ਖਸਮ ਦਾ) ਨਾਹੀ ਦੋਸੁ ॥’’ (ਬਾਬਾ ਫਰੀਦ/੭੯੪)
(5). ਗੁਰਬਾਣੀ ਵਿੱਚ ‘ਮੰਞੁ’ (5 ਵਾਰ) ਦਰਜ ਹੈ, ਜਿਸ ਵਿੱਚੋਂ ਕੇਵਲ 1 ਵਾਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:
‘‘ਸੇ ਗੁਣ ਮੰਞੁ (ਮੇਰੇ ਵਿੱਚ) ਨ ਆਵਨੀ; ਹਉ ਕੈ ਜੀ ਦੋਸ ਧਰੇਉ ਜੀਉ ? ॥’’ (ਮ: ੧/੭੬੨)
(6). ਗੁਰਬਾਣੀ ਵਿੱਚ ‘ਮੇਰੈ’ (190 ਵਾਰ) ਦਰਜ ਹੈ, ਜਿਸ ਵਿੱਚੋਂ ਜ਼ਿਆਦਾਤਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ, ਮੇਰੇ ਉੱਤੇ’; ਜਿਵੇਂ:
‘‘ਮੇਰੈ ਮਨਿ ਤਨਿ (ਵਿੱਚ) ਭੁਖ ਅਤਿ ਅਗਲੀ (ਬਹੁਤੀ); ਕੋਈ ਆਣਿ (ਲਿਆ ਕੇ) ਮਿਲਾਵੈ ਮਾਇ ! ॥’’ (ਮ: ੫/੪੯)
‘‘ਤੂੰ ਦਾਨਾ (ਅੰਤਰਜਾਮੀ) ਬੀਨਾ (ਦੂਰ-ਦਰਸ਼ੀ); ਸਾਚਾ ਸਿਰਿ ਮੇਰੈ (ਮੇਰੇ ਸਿਰ ਉੱਤੇ)॥’’ (ਮ: ੧/੧੫੪)
‘‘ਮੇਰੈ ਹੀਅਰੈ (ਵਿੱਚ) ਪ੍ਰੀਤਿ ਰਾਮ ਰਾਇ ਕੀ; ਗੁਰਿ (ਨੇ) ਮਾਰਗੁ ਪੰਥੁ ਬਤਾਇਆ॥’’ (ਮ: ੪/੧੭੨)
‘‘ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ; ਗੁਰਿ (ਨੇ) ਹਿਰਦੇ ਨਾਲਿ ਦਿਖਾਇਆ ॥’’ (ਮ: ੪/੧੭੨)
‘‘ਭਲਕੇ ਉਠਿ (ਕੇ) ਪਰਾਹੁਣਾ; ਮੇਰੈ ਘਰਿ (ਮੇਰੇ ਹਿਰਦੇ ਵਿੱਚ) ਆਵਉ ॥’’ (ਮ: ੫/੩੧੮)
‘‘ਮੰਦਰਿ ਮੇਰੈ (ਮੇਰੇ ਹਿਰਦੇ ਵਿੱਚ); ਸਬਦਿ (ਰਾਹੀਂ) ਉਜਾਰਾ (ਪ੍ਰਕਾਸ਼)॥’’ (ਮ: ੫/੩੮੪) ਆਦਿ।
(ਨੋਟ: ਧਿਆਨ ਰਹੇ ਕਿ ਜਦ ‘ਮੇਰੈ’ ਸ਼ਬਦ ਤੋਂ ਉਪਰੰਤ ‘ਪ੍ਰਭਿ, ਰਾਮਿ, ਠਾਕੁਰਿ, ਗੁਰਿ’ ਆਦਿ ਸ਼ਬਦ ਦਰਜ ਹੋਣ ਤਾਂ ‘ਮੇਰੈ’ ਸ਼ਬਦ ‘ਸੰਬੰਧਕੀ ਕਰਤਾ ਕਾਰਕ ਪੜਨਾਂਵ’ ਬਣ ਜਾਂਦਾ ਹੈ; ਜਿਵੇਂ:
‘‘ਮਾਇਆ ਮੋਹੁ ਮੇਰੈ ਪ੍ਰਭਿ (ਨੇ) ਕੀਨਾ; ਆਪੇ ਭਰਮਿ ਭੁਲਾਏ ॥’’ (ਮ: ੩/੬੭)
‘‘ਸੁਣੀ ਬੇਨੰਤੀ ਠਾਕੁਰਿ ਮੇਰੈ (ਨੇ); ਪੂਰਨ ਹੋਈ ਘਾਲੀ ਜੀਉ ॥’’ (ਮ: ੫/੧੦੫)
‘‘ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ (ਨੇ); ਬਿਖੁ, ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥’’ (ਮ: ੪/੪੪੫)
‘‘ਮੇਰੈ ਗੁਰਿ (ਨੇ) ਮੋਰੋ ਸਹਸਾ (ਸ਼ੰਕਾ) ਉਤਾਰਿਆ ॥’’ (ਮ: ੫/੧੨੧੮) ਆਦਿ।)
(7). ਗੁਰਬਾਣੀ ਵਿੱਚ ‘ਮੋ ਮਹਿ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:
‘‘ਕਹਿ ਨਾਨਕ ਸਭ ਅਉਗਨ ‘ਮੋ ਮਹਿ’; ਰਾਖਿ ਲੇਹੁ ਸਰਨਾਇਓ ॥’’ (ਮ: ੯/੧੨੩੨)
(8). ਗੁਰਬਾਣੀ ਵਿੱਚ ‘ਮੋ ਮਾਹੀ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਵਿੱਚ’; ਜਿਵੇਂ:
‘‘ਕਾਮ, ਕ੍ਰੋਧ, ਮਾਇਆ (ਦਾ) ਮਦ (ਹੰਕਾਰ), ਮਤਸਰ (ਈਰਖਾ); (ਕੇਵਲ) ਏ ਸੰਪੈ (ਦੌਲਤ) ਮੋ ਮਾਹੀ (ਮੇਰੇ ਪਾਸ, ਮੇਰੇ ਅੰਦਰ)॥’’ (ਭਗਤ ਕਬੀਰ/੯੭੧)
(9). ਗੁਰਬਾਣੀ ਵਿੱਚ ‘ਮੂੰ’ (12 ਵਾਰ) ਦਰਜ ਹੈ, ਪਰ ਕੇਵਲ 1 ਵਾਰ ‘ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਮੇਰੇ ਉੱਤੇ, ਮੇਰੇ ਉੱਪਰ’; ਜਿਵੇਂ:
‘‘ਜੀਵਾਂ ਤੇਰੀ ਦਾਤਿ, ਕਿਰਪਾ ਕਰਹੁ ‘ਮੂੰ’ (ਮੇਰੇ ਉੱਤੇ)॥’’ (ਮ: ੫/੩੯੭)