ਗੁਰਬਾਣੀ ਗਾਇਨ ਤੇ ਪਾਠ ਦੀ ਸ਼ੁੱਧਤਾ ਲਈ ਗੁਰੂ ਬਖਸ਼ੀਆਂ ਹਦਾਇਤਾਂ, ਸੇਧਾਂ ਤੇ ਸੂਚਨਾਵਾਂ
ਗਿ: ਜਗਤਾਰ ਸਿੰਘ ਜਾਚਕ
ਆਦਿ-ਗੁਰੂ ਨਿਰੰਕਾਰ ਦੇ ਸ਼ਬਦ-ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ, ਉਨ੍ਹਾਂ ਦੇ ਸਰਗੁਣ ਸਰੂਪ ਸਤਿਗੁਰੂ ਸਾਹਿਬਾਨ ਤੇ ਭਗਤ-ਜਨਾਂ ਵੱਲੋਂ ਉਚਾਰਨ ਕੀਤੇ ਪ੍ਰਭੂ ਜੀ ਦੀ ਸਿਫ਼ਤ-ਸਾਲਾਹ ਵਾਲੇ ਅਤਿ ਸੋਹਣੇ ਤੇ ਮਨਮੋਹਣੇ ਸ਼ਬਦਾਂ ਨੂੰ ਵੀਚਾਰ ਸਹਿਤ ਗਾਉਣ, ਪੜ੍ਹਣ, ਸੁਣਨ ਅਤੇ ਮੰਨਣ ’ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ। ਕਿਉਂਕਿ, ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ ਜੀਊਣ ਲਈ ਇਹੀ ਸਭ ਤੋਂ ਸਰਲ, ਸੁਖਾਲਾ ਤੇ ਸਾਰਥਕ ਢੰਗ ਹੈ। ਗੁਰਦੇਵ ਜੀ ਮਹਾਰਾਜ ਨੇ ਅੰਮਿ੍ਰਤ ਬਾਣੀ ਦੁਆਰਾ ਲੋਕਾਈ ਨੂੰ ਇਹ ਵੀ ਯਕੀਨ ਦਿਵਾਇਆ ਹੈ ਕਿ ਜਿਹੜਾ ਸੁਭਾਗਾ ਮਨੁੱਖ ਅਜਿਹੀ ਜੀਵਨ-ਜੁਗਤਿ ਅਪਨਾਉਂਦਾ ਹੈ, ਸਤਿਗੁਰੂ ਜੀ ਉਸ ਨੂੰ ਜੀਵਨ ਵਿਚ ਆਉਣ ਵਾਲੀਆਂ ਵਿਕਾਰੀ ਰੁਕਾਵਟਾਂ ਤੋਂ ਬਚਾ ਲੈਂਦਾ ਹੈ। ਕਿਉਂਕਿ, ਅਜਿਹਾ ਸੇਵਕ ਸਿੱਖ ਮੰਦੇ ਪਾਸੇ ਪੈਰ ਹੀ ਨਹੀਂ ਰੱਖਦਾ।
ਜ਼ਿੰਦਗੀ ਦੀਆਂ ਸਮਸਿਆਵਾਂ ਤੋਂ ਘਬਰਾਏ ਹੋਏ ਇੱਕ ਜਗਿਆਸੂ ਨੇ, ਜਦੋਂ ਸੁਵੈਦ-ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਇੱਸ ਪੱਖੋਂ ਸੁੱਰਖਿਆ ਲਈ ਬੇਨਤੀ ਕੀਤੀ ਤਾਂ ਉਸ ਦੁਖੀਏ ਸ਼ਰਨਾਗਤ ਨੂੰ ਗੁਰਦੇਵ ਪਿਤਾ ਜੀ ਨੇ ਉਪਰੋਕਤ ਕਿਸਮ ਦਾ ਦਿਲਾਸਾ ਇਉਂ ਦਿੱਤਾ :
ਪ੍ਰਭ ਬਾਣੀ, ਸਬਦੁ ਸੁਭਾਖਿਆ॥ ਗਾਵਹੁ ਸੁਣਹੁ ਪੜਹੁ ਨਿਤ, ਭਾਈ ! ਗੁਰਿ ਪੂਰੈ ਤੂ ਰਾਖਿਆ॥ ਰਹਾਉ॥ (੬੧੧)
ਕਿਉਂਕਿ ਉਨ੍ਹਾਂ ਦੀ ਦਿ੍ਰਸ਼ਟੀ ’ਚ ਬਾਣੀ ਨੂੰ ਆਧਾਰ ਬਣਾ ਕੇ ਜੀਊਣਾ ਹੀ ਆਦਿ ਗੁਰੂ ਨਿਰੰਕਾਰ ਨਾਲ ਜੁੜ ਕੇ ਜੀਊਣਾ ਸੀ ਅਤੇ ਇਹੀ ਸੀ ਉਨ੍ਹਾਂ ਲਈ ਸੱਚੇ ਨਾਮ ਦਾ ਆਧਾਰ। ਹੇਠ ਲਿਖਿਆ ਗੁਰਵਾਕ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ :
ਮੈ ਸਤਿਗੁਰ ਸੇਤੀ ਪਿਰਹੜੀ ; ਕਿਉ ਗੁਰ ਬਿਨੁ ਜੀਵਾ ? ਮਾਉ !॥ ਮੈ ਗੁਰਬਾਣੀ ਆਧਾਰੁ ਹੈ ; ਗੁਰਬਾਣੀ ਲਾਗਿ ਰਹਾਉ॥ (ਅੰਗ ੭੫੯)
ਇਸ ਲਈ ਮਨੁੱਖੀ ਮਨਾਂ ਨੂੰ ਆਕਰਸ਼ਤ ਕਰਨ ਲਈ ਗੁਰੂ ਸਾਹਿਬਾਨ ਨੇ ‘ਧੁਰ ਕੀ ਬਾਣੀ’ ਨੂੰ ਸੰਪਾਦਿਤ ਕਰਨ ਵੇਲੇ, ਜਿਥੇ ਵੱਖ ਵੱਖ ਕਿਸਮ ਦੇ ਰਾਗਾਂ ਵਿਚ ਦਰਜ ਕਰਨ ਦਾ ਉਪਕਾਰ ਕੀਤਾ। ਉਥੇ, ਪਾਠਕਾਂ ਅਤੇ ਗਾਇਕਾਂ ਨੂੰ ਗਾਉਣ ਤੇ ਭੁਲੇਖਿਆਂ ਤੋਂ ਬਚਾਉਣ ਲਈ ਵਿਆਕਰਣਿਕ, ਕਾਵਿਕ, ਅੰਕੀ ਅਤੇ ਸੰਗੀਤਕ ਸੇਧਾਂ, ਸੂਚਨਾਵਾਂ ਤੇ ਕੁਝ ਵਿਸ਼ੇਸ਼ ਹਦਾਇਤਾਂ ਵੀ ਬਖਸ਼ਿਸ਼ ਕੀਤੀਆਂ ਹਨ। ਇਹ ਵਿਸ਼ੇਸ਼ ਤੌਰ ’ਤੇ ਤਿੰਨ ਕਿਸਮ ਦੀਆਂ ਹਨ। ਪਹਿਲੀਆਂ ਹਨ ‘ਸਿਰਲੇਖਕ’, ਜੋ ਵਖ ਵਖ ਸ਼ਬਦਾਂ ਤੇ ਵਿਸ਼ੇਸ਼ ਬਾਣੀਆਂ ਦੀ ਅਰੰਭਤਾ ਤੋਂ ਪਹਿਲਾਂ ਸਿਰਲੇਖ ਰੂਪ ਵਿਚ ਅੰਕਿਤ ਹਨ। ਜਿਵੇਂ :
(ੳ) ਸੋ ਦਰੁ ਰਾਗੁ ਆਸਾ ਮਹਲਾ ੧ ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥ (ਅੰਗ ੮)
(ਅ) ਸਿਰੀਰਾਗੁ ਮਹਲਾ ੧ ਘਰੁ ਦੂਜਾ ੨॥ ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ॥ (ਅੰਗ ੨੩)
(ੲ) ਆਸਾ ਮਹਲਾ ੧॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ॥ (੪੬੨)
(ਸ) ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧॥ ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ॥ (ਅੰਗ ੪੮੧)
(ਸ) ਰਾਗੁ ਆਸਾਵਰੀ ਘਰੁ ੧੬ ਕੇ ੨ ਮ: ੪ ਸੁਧੰਗ॥ ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ॥ (੩੬੯)
ਦੂਜੀਆਂ ਹਨ ‘ਮੱਧਕਾ’, ਜਿਹੜੀਆਂ ਸ਼ਬਦਾਂ ਦੇ ਦਰਿਮਿਆਨ ਹਨ। ਇਸ ਪ੍ਰਕਾਰ ਦੀਆਂ ਸੇਧਾਂ ਤੇ ਸੂਚਨਾਵਾਂ ਦੇ ਦੋ ਰੂਪ ਹਨ। ਪਹਿਲਾ ਹੈ ਸ਼ਬਦ ਗਾਇਨ ਲਈ ਅਸਥਾਈ ਤੇ ਵੀਚਾਰ ਲਈ ਸ਼ਬਦ ਦੇ ਅਧਾਰ ਤੇ ਸਾਰ ਰੂਪ ਪਦੇ ਨੂੰ ਪ੍ਰਗਟਾਉਂਦੇ ‘ਰਹਾਉ’ ਦੇ ਸੰਕੇਤ। ਦੂਜਾ ਹੈ ਅਰਥਾਂ ਦੀ ਸਪਸ਼ਟਤਾ ਲਈ ਲਗੀਆਂ ਵਿਆਕਰਣਿਕ ਲਗਾਂ ਤੇ ਲਫ਼ਜ਼ਾਂ ਦੇ ਸ਼ੁਧ ਉਚਾਰਨ ਲਈ ਸੰਕੇਤਕ ਤੌਰ ’ਤੇ ਲੱਗੇ ਲਗਾਖਰ (ਬਿੰਦੀ ਤੇ ਟਿੱਪੀ)।
ਤੀਜੀਆਂ ਹਨ ‘ਅੰਤਕ’, ਜਿਹੜੀਆਂ ਸ਼ਬਦਾਂ ਦੇ ਵੱਖ ਵੱਖ ਸੰਗ੍ਰਹਿਆਂ ਤੇ ਵਿਸ਼ੇਸ਼ ਬਾਣੀਆਂ ਦੇ ਅੰਤ ਵਿਚ ਸ਼ਬਦਾਂ ਜਾਂ ਪਦਿਆਂ ਦੇ ਕੁਲ ਜੋੜ ਵਾਲੇ ਅੰਕਾਂ ਤੋਂ ਪਿੱਛੋਂ ਲਿਖੀਆਂ ਹੋਈਆਂ ਹਨ। ਜਿਵੇਂ :
(ੳ) ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ॥ ੧॥ ਏਹੁ ਸਲੋਕੁ ਆਦਿ ਅੰਤਿ ਪੜਣਾ॥ (ਅੰਗ ੨੬੨)
(ਅ) ਰਾਮ ਰਮਤ ਤਿਸੁ ਸਭੁ ਕਿਛੁ ਸੂਝੈ॥ ੫॥ ੯॥ ੨੨॥ ਬਾਈਸ ਚਉਪਦੇ ਤਥਾ ਪੰਚਪਦੇ (ਅੰਗ ੪੮੧)
(ੲ) ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ॥ ੨॥ ੬॥ ਛਕਾ ੧ (ਅੰਗ ੫੨੮)
(ਸ) ਸੋ ਕਰੇ ਜਿ ਤਿਸੈ ਰਜਾਇ॥ ੨੪॥ ੧॥ ਸੁਧੁ (ਅੰਗ ੪੭੫)
(ਹ) ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ॥ ੨੧॥ ੧॥ ਸੁਧੁ ਕੀਚੇ (ਅੰਗ ੩੨੩)
(ਕ) ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ॥ ੪॥ ੨॥ ੧੧॥ ੭॥ ੨॥ ੪੯॥ ਜੋੜੁ॥ (ਅੰਗ ੮੭੫)
(ਖ) ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ॥ ੮॥ ੩॥ ੧੫॥ ੪੪॥ ਜੁਮਲਾ (ਅੰਗ ੨੪੨)
ਉਪਰ ਵਰਨਣ ਕੀਤੀਆਂ ਤਿੰਨ ਕਿਸਮਾਂ (ਸਿਰਲੇਖਕ, ਮੱਧਕ ਤੇ ਅੰਤਕ) ਦੀਆਂ ਸੇਧਾਂ, ਸੂਚਨਾਵਾਂ ਤੇ ਹਦਾਇਤਾਂ ਦੇ ਵੱਖ ਵੱਖ ਅੰਗਾਂ ਨੂੰ ਵਿਸਥਾਰ ਪੂਰਵਕ ਸਮਝਣ ਲਈ ਹੇਠ ਲਿਖੇ ਅੱਠ ਭਾਗਾਂ ਵਿਚ ਵੰਡ ਕੇ ਵਿਚਾਰਿਆ ਜਾ ਸਕਦਾ ਹੈ। ਜਿਵੇਂ :
- ਕਰਤਰੀ : ਉਹ ਸਿਰਲੇਖਕ ਸੂਚਨਾਵਾਂ, ਜਿਨ੍ਹਾਂ ਤੋਂ ਸ਼ਬਦਾਂ ਦੇ ਉਚਾਰਨ ਕਰਤਾ (ਬਾਣੀਕਾਰ) ਦਾ ਬੋਧ ਹੁੰਦਾ ਹੈ। ਜਿਵੇਂ : ਮਹਲਾ ੧॥ ਮ: ੨॥ ਮ: ੩॥ ਮਹਲਾ ੫॥ ਮਹਲਾ ੯ ਅਤੇ ‘ਸ੍ਰੀਰਾਗੁ, ਭਗਤ ਕਬੀਰ ਜੀਉ ਕਾ’॥ ਤੇ ‘ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ’ ਆਦਿ। ਕਿਉਂਕਿ, ਮਹਲਾ ੧ ਦਾ ਅਰਥ ਹੈ : ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਰੂਪ (ਸਰੀਰ), ਮਹਲਾ ੨ ਦਾ ਅਰਥ ਹੈ : ਗੁਰੂ ਨਾਨਕ ਸਾਹਿਬ ਜੀ ਦਾ ਦੂਜਾ ਸਰੂਪ ਸ੍ਰੀ ਗੁਰੂ ਅੰਗਦ ਸਾਹਿਬ ਅਤੇ ਮਹਲਾ ੩ ਦਾ ਅਰਥ ਹੈ : ਗੁਰੂ ਨਾਨਕ ਸਾਹਿਬ ਜੀ ਦਾ ਤੀਜਾ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਅਤੇ ਇਸੇ ਤਰ੍ਹਾਂ ਅਰਥ ਹਨ ਮਹਲਾ ੫ ਤੇ ਮਹਲਾ ੯ ਦੇ। ਭਗਤ ਬਾਣੀ ਦੇ ਸਿਰਲੇਖਾਂ ਵਿਚ ਭਗਤ ਕਬੀਰ ਅਤੇ ਰਵਿਦਾਸ ਜੀ ਵਾਂਗ ਸਾਰੇ ਬਾਣੀਕਾਰ ਭਗਤਾਂ ਦੇ ਨਾਂ ਸਪਸ਼ਟ ਹਨ।
- ਸੰਗੀਤਕ : ਉਹ ਸਿਰਲੇਖਕ ਸੂਚਨਾਵਾਂ, ਜਿਨ੍ਹਾਂ ਤੋਂ ਸ਼ਬਦਾਂ ਨੂੰ ਗਾਉਣ ਲਈ ਰਾਗ ਅਤੇ ਤਾਲ ਦੀ ਜਾਣਕਾਰੀ ਮਿਲੇ। ਜਿਵੇਂ : ਸਿਰੀਰਾਗੁ, ਮਹਲਾ ੧, ਘਰੁ ੩॥ ਰਾਗੁ ਦੇਵਗੰਧਾਰੀ, ਮਹਲਾ ੫, ਘਰੁ ੬॥ ਗੂਜਰੀ, ਸ੍ਰੀ ਤਿ੍ਰਲੋਚਨ ਜੀਉ ਕੇ ਪਦੇ, ਘਰੁ ੧॥ ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ॥ ਪਹਰਿਆ ਕੈ ਘਰਿ ਗਾਵਣਾ॥ ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ॥ ਆਦਿ। ਇਨ੍ਹਾਂ ਸਿਰਲੇਖਾਂ ਵਿਚ ‘ਸਿਰੀਰਾਗੁ’, ‘ਦੇਵਗੰਧਾਰੀ’, ਤੇ ‘ਗੂਜਰੀ’ ਰਾਗਾਂ ਦੇ ਨਾਮ ਹੋਣ ਕਰਕੇ ਅਤੇ ‘ਘਰੁ ੩’, ਘਰੁ ੬, ‘ਘਰੁ ੧’, ‘ਪਹਰਿਆ ਕੈ ਘਰਿ ਗਾਵਣਾ’ ਆਦਿਕ ਸੰਕੇਤ ਗਾਇਕੀ ਤਾਲ ਨਾਲ ਸਬੰਧਤ ਹੋਣ ਕਰਕੇ ਸੰਗੀਤਕ ਸੂਚਨਾਵਾਂ ਅਖਵਾਉਂਦੀਆਂ ਹਨ। ‘ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ’ ਸਿਰਲੇਖ ਦੀ ਵਿਆਖਿਆ ਕਰਦਿਆਂ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਇੰਝ ਲਿਖਿਆ ਹੈ : “ ਸ਼ੁਧ ਅੰਗ ਵਾਲੀ, ਸ਼ੁਧ ਸੁਰ ਵਾਲੀ (ਸੁਧੰਗ)। ਇਥੇ ਆਸਾਵਰੀ ਸ਼ੁਧ ਅੰਗ ਵਾਲੀ ਕਰ ਕੇ ਆਖੀ ਗਈ ਹੈ। ਇਹ ਸੂਚਨਾ ਗਾਉਣ ਦੀ ਤਰਜ਼ ਬਾਬਤ ਹੈ ਕਿ ੧੬ ਤਾਰ ਵਿਚ ਆਸਾਵਰੀ ਸ਼ੁਧ ਅੰਗ ਵਿਚ ਗਾਵਣ ਵਾਲੀ ਹੈ।”
- ਕਾਵਿਕ : ਉਹ ਸਿਰਲੇਖਕ ਸੂਚਨਾਵਾਂ, ਜਿਨ੍ਹਾਂ ਤੋਂ ਸ਼ਬਦਾਂ ਦੇ ਛੰਦ ਤੇ ਤਰਜ਼ (ਧੁਨੀ) ਦਾ ਗਿਆਨ ਹੋਵੇ। ਜਿਵੇਂ : ਸਲੋਕੁ, ਮ: ੧ (ਅੰਗ ੮੩) ; ਪਉੜੀ, ਮ: ੫ (ਅੰਗ ੩੧੬); ਆਸਾ, ਮਹਲਾ ੫, ਦੁਪਦੇ (ਅੰਗ ੩੭੮) ਬਿਲਾਵਲੁ, ਮਹਲਾ ੩, ਅਸਟਪਦੀ, ਘਰੁ ੧੦(ਅੰਗ ੮੩੨); ਰਾਗੁ ਸੂਹੀ, ਮਹਲਾ ੧, ਛੰਤੁ, ਘਰੁ ੨ (ਅੰਗ ੭੬੪); ਰਾਗੁ ਵਡਹੰਸੁ, ਮਹਲਾ ੧, ਘਰੁ ੫, ਅਲਾਹਣੀਆ (ਅੰਗ ੫੭੮) ; ਵਡਹੰਸੁ, ਮਹਲਾ ੪, ਘੋੜੀਆ (ਅੰਗ ੫੭੫) ਅਤੇ ‘ਟੁੰਡੇ ਅਸ ਰਾਜੈ ਕੀ ਧੁਨੀ’ (ਅੰਗ ੪੬੨) ਆਦਿਕ ਵਾਰਾਂ ਦੀਆਂ ਧੁਨੀਆਂ ਤੇ ਸਵਈਏ ਆਦਿ।
ਇਨ੍ਹਾਂ ਸਿਰਲੇਖਾਂ ਵਿਚ ‘ਸਲੋਕ’ ਪਉੜੀ, ਦੁਪਦੇ, ਅਸਟਪਦੀ, ਛੰਤ, ਅਲਾਹਣੀਆਂ, ਘੋੜੀਆਂ ਅਤੇ ‘ਟੁੰਡੇ ਅਸ ਰਾਜੈ ਕੀ ਧੁਨੀ’ (ਅੰਗ ੪੬੨) ਆਦਿਕ ਵਾਰਾਂ ਦੀਆਂ ਧੁਨੀਆਂ (ਤਰਜ਼ਾਂ) ਕਾਵਿਕ ਸੂਚਨਾਵਾਂ ਹਨ।
- ਨਾਮਕ : ਉਹ ਸਿਰਲੇਖਕ ਸੂਚਨਾਵਾਂ, ਜਿਹੜੀਆਂ ਕਿਸੇ ਵਿਸ਼ੇਸ਼ ਲੰਮੀ ਬਾਣੀ ਦੇ ਤੱਤ ਰੂਪ ਨਾਮ ਨੂੰ ਪ੍ਰਗਟ ਕਰਦੀਆਂ ਹਨ। ਜਿਵੇਂ ‘ਜਪੁ’, ‘ਸੋ ਦਰੁ’, ‘ਸੋ ਪੁਰਖੁ’, ‘ਸੋਹਿਲਾ’, ‘ਸੁਖਮਨੀ’ ਤੇ ‘ਅਨੰਦ’ ਤੇ ‘ਸਿਧ ਗੋਸਿਟ’ ਆਦਿ।
- ਹਦਾਇਤੀ : ਉਹ ਸਿਰਲੇਖਕ, ਮੱਧਕਾ ਤੇ ਅੰਤਕ ਸੂਚਨਾਵਾਂ, ਜਿਹੜੀਆਂ ਹਦਾਇਤ (ਆਗਿਆ) ਰੂਪ ਹਨ। ਜਿਵੇਂ : ਏਹੁ ਸਲੋਕੁ ਆਦਿ ਅੰਤਿ ਪੜਣਾ॥ (ਅੰਗ ੨੬੨); ਪਹਰਿਆ ਕੈ ਘਰਿ ਗਾਵਣਾ॥ (ਅੰਗ ੯੩) ‘ਯਾਨੜੀਏ ਕੈ ਘਰਿ’ ਅਤੇ ਸ਼ਬਦਾਂ ਤੇ ਵਿਸ਼ੇਸ਼ ਨਾਂ ਵਾਲੀਆਂ ਬਾਣੀਆਂ ਵਿਚਲੇ ‘ਰਹਾਉ’ ਦੇ ਸੰਕੇਤ।
- ਜੋੜੰਕੀ : ਉਹ ਸਿਰਲੇਖਕ ਤੇ ਅੰਤਕ ਸੂਚਨਾਵਾਂ, ਜਿਨਾਂ ਤੋਂ ਵੱਖ ਵੱਖ ਬਾਣੀਆਂ, ਸ਼ਬਦਾਂ ਅਤੇ ਘਰਾਂ ਦੇ ਸੰਗ੍ਰਹਿਆਂ ਅੰਦਰਲੇ ਇੱਕ-ਪਦੇ, ਦੁਪਦੇ, ਤਿਪਦੇ, ਇੱਕ-ਤੁਕੇ, ਦੋ-ਤੁਕੇ ਅਤੇ ਅਸਟਪਦੀਆਂ ਤੇ ਛੰਤਾਂ ਦੇ ਰੂਪ ਵਿਚ ਸ਼ਬਦਾਂ ਤੇ ਪਦਿਆਂ ਦੀ ਗਿਣਤੀ ਦੇ ਕੁਲ ਜੋੜ ਦਾ ਗਿਆਨ ਹੁੰਦਾ ਹੈ। ਵਖ ਵਖ ਸ਼ਬਦ ਸੰਗ੍ਰਹਿਆਂ ਦੇ ਅੰਤਲੇ ਜੋੜ ਅੰਕਾਂ ਨਾਲ ‘ਜੁਮਲਾ’ ਅਤੇ ‘ਜੋੜ’ ਸੂਚਨਾ ਲਿਖ ਕੇ ਵੀ ਗੁਰਦੇਵ ਜੀ ਨੇ ਇਹੀ ਸੋਝੀ ਕਰਵਾਈ ਹੈ ਕਿ ਸ਼ਬਦਾਂ ਦੇ ਅਖੀਰ ਵਿਚ ਲਿਖੇ ਹਿੰਦਸੇ, ਸ਼ਬਦਾਂ ਦੀ ਗਿਣਤੀ ਹੈ, ਜੋੜ ਹੈ। ਕਿਉਂਕਿ, ‘ਜੁਮਲਾ’ ਲਫ਼ਜ਼ ਅਰਬੀ ਭਾਸ਼ਾ ਦਾ ਹੈ ਅਤੇ ਇਸ ਦਾ ਅਰਥ ਹੈ ‘ਜੋੜ’। ਇਸ ਪ੍ਰਕਾਰ ਦੀਆਂ ਸੂਚਨਾਵਾਂ ਤੋਂ, ਜਿਥੇ, ਅਜਿਹੇ ਅੰਕਾਂ ਦੇ ਉਚਾਰਨ ਦਾ ਬੋਧ ਹੁੰਦਾ ਹੈ। ਉਥੇ, ਇਹ ਵੀ ਸੋਝੀ ਹੁੰਦੀ ਹੈ ਕਿ ਸ਼ਬਦਾਂ ਦੇ ਸਿਰਲੇਖਾਂ, ਸ਼ਬਦਾਂ ਦੇ ਦਰਿਮਿਆਨ ਅਤੇ ਅੰਤ ਜਾਂ ਸ਼ਬਦ ਸੰਗ੍ਰਹਿਆਂ ਦੇ ਅੰਤਲੇ ਹਿੰਦਸੇ ਐਵੇਂ ਨਹੀਂ; ਉਨ੍ਹਾਂ ਦਾ ਕੋਈ ਅਰਥ ਹੈ ਅਤੇ ਉਹ ਗੁਰਬਾਣੀ ਰੂਪ ਅੰਮਿ੍ਰਤ-ਭੋਜਨ ਨੂੰ ਬਿਖ ਰੂਪ ਬਾਹਰੀ ਰਲੇਵਿਆਂ ਤੋਂ ਬਚਾਉਣ ਲਈ ਕਿੰਨੇ ਲੁੜੀਂਦੇ ਹਨ। ਜਿਵੇਂ ਸਿਰਲੇਖਕ ਸੂਚਨਾ ਹੈ : ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧॥ (ਅੰਗ ੪੮੧) ਇਸ ਸਿਰਲੇਖ ਵਿਚ ‘ਤਿਪਦੇ ੮, ਦੁਤੁਕੇ ੭ ਅਤੇ ਇਕਤੁਕਾ ੧, ਜੋੜੰਕੀ ਹਨ। ਕਿਉਂਕਿ, ਇਹ ਭਗਤ ਕਬੀਰ ਸਾਹਿਬ ਜੀ ਦੇ ਇਸ ਰਾਗ ਅੰਦਰਲੇ ਅਗਲੇ ਸ਼ਬਦਾਂ ਦਾ ਵੇਰਵਾ ਹੈ।
ਸਿਰਲੇਖਕ ਜੋੜੰਕੀ ਸੂਚਨਾਵਾਂ ਦਾ ਦੂਜਾ ਰੂਪ ਹੈ ਚਰਨਾਤਮਿਕ। ਇਹ ਹਨ ਰਾਗਾਂ ਦੇ ਨਾਵਾਂ ਅਤੇ ਚਉਪਦੇ ਤੇ ਪੰਚਪਦੇ ਆਦਿਕ ਲਫ਼ਜ਼ਾਂ ਦੇ ਚਰਨੀਂ ਲਟਕਵੇਂ ਰੂਪ ਲਿਖੇ ਗਣਿਤ ਅੰਕ। ਅਜਿਹੇ ਗਣਿਤ ਅੰਕ ਜਦੋਂ ਰਾਗ ਦੇ ਨਾਂ ਥੱਲੇ ਲਿਖੇ ਹੋਣ ਤਾਂ ਉਹ ‘ਘਰ’ ਦੇ ਪ੍ਰਤੀਕ ਹੁੰਦੇ ਹਨ ਅਤੇ ਜਦੋਂ ਚਉਪਦੇ ਤੇ ਪੰਚਪਦੇ ਲਫ਼ਜ਼ਾਂ ਥੱਲੇ ਲਿਖੇ ਹੋਣ, ਉਦੋਂ ਉਸ ਸੰਗ੍ਰਹਿ ਦੇ ਸ਼ਬਦਾਂ ਦੀ ਗਿਣਤੀ ਪ੍ਰਗਟ ਕਰਦੇ ਹਨ।
ਪਾਠਕ ਜਨ ਉਦਾਹਰਣ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੨੧੨ ਅਤੇ ੩੫੬ ਦੇ ਦਰਸ਼ਨ ਕਰ ਸਕਦੇ ਹਨ। ੨੧੨ ਅੰਗ ’ਤੇ ਸ਼ਬਦ ਨੰਬਰ ੧੪੭ ਦਾ ਸਿਰਲੇਖ ਹੈ ‘ਗਉੜੀ ਮਹਲਾ ੫’॥ ਪਾਠਕ ਦੇਖਣਗੇ ਕਿ ਉਥੇ ‘ਗਉੜੀ’ ਲਫ਼ਜ਼ ਦੇ ਹੇਠਾਂ ਛੋਟੇ ਹਿੰਦਸਿਆਂ ਵਿਚ ਲਿਖਿਆ ਹੈ ਅੰਕ ੨। ਇਸ ਦਾ ਅਰਥ ਹੈ : ਰਾਗ ਗਉੜੀ, ਘਰ ੨ (ਦੂਜਾ)।
ਜੋੜੰਕੀ ਸੂਚਨਾਵਾਂ ਦਾ ਤੀਜਾ ਰੂਪ ਹੈ, ਕਿਸੇ ਸ਼ਬਦ ਸੰਗ੍ਰਹਿ ਦੇ ਅੰਤ ਵਿਚ ਲਿਖੇ ਅੰਕਾਂ ਦੀ ਵਿਆਖਿਆ। ਜਿਵੇਂ, ਰਾਮ ਰਮਤ ਤਿਸੁ ਸਭੁ ਕਿਛੁ ਸੂਝੈ॥ ੫॥ ੯॥ ੨੨॥ ਬਾਈਸ ਚਉਪਦੇ ਤਥਾ ਪੰਚਪਦੇ (ਅੰਗ ੪੮੧)
‘ਬਾਈਸ ਚਉਪਦੇ ਤਥਾ ਪੰਚਪਦੇ’ ਜੋੜੰਕੀ ਸੂਚਨਾ ਹੈ। ਕਿਉਂਕਿ, ਇਹ ਸ਼ਬਦ ਸੰਗ੍ਰਹਿ ਦੇ ਅੰਤ ਵਿਚ ਲਿਖੇ ਜੋੜ ਅੰਕ ੨੨ ਦੀ ਵਿਆਖਿਆ ਹੈ।
- ਸੰਪਾਦਕੀ : ਅੰਤਕ ਸੂਚਨਾਵਾਂ ਤੇ ਹਦਾਇਤਾਂ ਦਾ ਉਹ ਭਾਗ, ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਕਾਲ ਨਾਲ ਜੁੜਿਆ ਹੋਇਆ ਹੈ। ਰਾਗਾਂ ਦੀਆਂ ਕੁਝ ਵਾਰਾਂ ਦੇ ਅੰਤ ਵਿਚ ਜੋੜ-ਅੰਕਾਂ ਤੋਂ ਪਿਛੋਂ ‘ਸੁਧੁ’ ਅਤੇ ‘ਸੁਧੁ ਕੀਚੇ’ ਦੀਆਂ ਸੂਚਨਾਵਾਂ ਅੰਕਤ ਹਨ। ਇਨ੍ਹਾਂ ਬਾਰੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਹੋ ਰਹੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਪੰਨਾ ੯੧ ’ਤੇ ਨੋਟ ਇੰਝ ਹੈ : “ਕਈ ਵਾਰਾਂ ਦੇ ਅੰਤ ਵਿਚ ‘ਸੁਧੁ’ ਆਉਂਦਾ ਹੈ। ਇਸ ਦਾ ਭਾਵ ਕਿ ਲਿਖਤ ਅਸਲ ਨਾਲ ਮੇਲ ਕੇ ਸੋਧੀ ਹੋਈ ਠੀਕ ਹੈ। ਕਈ ਥਾਂ ‘ਸੁਧੁ ਕੀਚੇ’ ਹੈ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਲਿਖਾਰੀ ਭਾਈ ਗੁਰਦਾਸ ਜੀ ਨੂੰ ਚਿਤਾਵਨੀ (ਆਗਿਆ) ਹੈ ਕਿ ਇਸ ਬਾਣੀ (ਲਿਖਤ) ਨੂੰ ਅਸਲ ਨਾਲ ਮੇਲ ਕੇ ਸੋਧ ਲੈਣਾ।” ਜਿਵੇਂ :
ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ॥ ੩੩॥ ੧॥ ਸੁਧੁ॥ – ਗਉੜੀ ਕੀ ਵਾਰ : ੧ (ਮ: ੪, ਅੰਗ ੩੧੭)
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ॥ ੨੧॥ ੧॥ ਸੁਧੁ ਕੀਚੇ – ਗਉੜੀ ਕੀ ਵਾਰ : ੨ (ਮ: ੫, ਅੰਗ ੩੨੩)
ਕਰਤਾਰਪੁਰੀ ਬੀੜ ਵਿਚ ਇਹ ਸੰਪਾਦਕੀ ਸੂਚਨਾਵਾਂ ਹਾਸ਼ੀਏ ਤੋਂ ਬਾਹਰ ਟੇਢੇ ਅਖਰਾਂ ਵਿਚ ਲਿਖੀਆਂ ਮਿਲਦੀਆਂ ਹਨ। ਅਜਿਹੀਆਂ ਸੂਚਨਾਵਾਂ ਨੂੰ ਵਾਰਾਂ ਦੇ ਅੰਤ ਵਿਚ ਤੁਕਾਂ ਨਾਲ ਜੋੜ ਕੇ ਲਿਖਣਾ ਉਤਾਰੇ (ਕਾਪੀ) ਕਰਨ ਵਾਲੇ ਲਿਖਾਰੀਆਂ ਦੀ ਭੁੱਲ ਹੈ।
- ਉਚਾਰਨਤਮਿਕ : ਉਹ ਸੇਧਾਂ, ਜਿਹੜੀਆਂ ਵਿਆਕਰਣਿਕ ਦਿ੍ਰਸ਼ਟੀਕੋਨ ਤੋਂ ਗੁਰਬਾਣੀ ਦੇ ਸ਼ੁਧ-ਉਚਾਰਨ ਨਾਲ ਸਬੰਧਤ ਹਨ। ਇਹ ਇੱਕ ਵੱਖਰਾ ਤੇ ਲੰਬੇਰਾ ਵਿਸ਼ਾ ਹੈ। ਪਰ, ਚੂੰਕਿ, ਕੁਝ ਉਚਾਰਨਤਮਕ ਸੇਧਾਂ ਸਿਰਲੇਖਕ ਤੇ ਅੰਕਤ ਸੂਚਨਾਵਾਂ ਨਾਲ ਸਬੰਧਤ ਅੰਕਾਂ ਦੇ ਉਚਾਰਨ ਪ੍ਰਤੀ ਹਨ, ਜਿਨ੍ਹਾਂ ਦਾ ਇਥੇ ਜ਼ਿਕਰ ਕਰਨਾ ਲਾਜ਼ਮੀ ਹੈ। ਜਿਵੇਂ ਹੇਠ ਲਿਖੀਆਂ ਸਿਰਲੇਖਕ ਤੇ ਅੰਤਕ ਸੂਚਨਾਵਾਂ ਵਿਚ ‘ਮਹਲਾ’ ਅਤੇ ‘ਘਰੁ’ ਨਾਵਾਂ ਨਾਲ ਅੰਕ ੧, ੨, ੩, ੪ ਅਤੇ ੫ ਨੂੰ ਅਖਰਾਂ ਵਿਚ ਲਿਖ ਕੇ ਪਹਿਲਾ, ਦੂਜਾ, ਤੀਜਾ, ਚਉਥਾ ਅਤੇ ਪੰਜਵੇਂ ਕੇ ਬੋਲਣ ਦੀ ਹਦਾਇਤ ਕੀਤੀ ਗਈ ਹੈ। ਕਿਉਂਕਿ, ਵਿਆਕਰਣਿਕ ਦਿ੍ਰਸ਼ਟੀ ਤੋਂ ਇਹ ਅੰਕ ਕਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹਨ, ਸਧਾਰਨ ਸੰਖਿਅਕ ਵਿਸ਼ੇਸਣ ਨਹੀਂ।
ਸੋਰਠਿ ਮਹਲਾ ੧ ਪਹਿਲਾ ਦੁਤੁਕੀ॥ (ਅੰਗ ੬੩੬)
ਸਿਰੀਰਾਗੁ ਮਹਲਾ ੧ ਘਰੁ ਦੂਜਾ ੨॥ (ਅੰਗ ੨੫)
ਹੁਕਮੁ ਪਛਾਣਿ ਤਾ ਖਸਮੈ ਮਿਲਣਾ॥ ੧॥ ਰਹਾਉ ਦੂਜਾ॥ (ਅੰਗ ੯੨)
ਗੂਜਰੀ ਮਹਲਾ ੩ ਤੀਜਾ॥ (ਅੰਗ ੪੯੨)
ਸੋਰਠਿ ਮਹਲਾ ੪ ਚਉਥਾ॥ (ਅੰਗ ੬੦੪)
ਸਵਈਏ ਮਹਲੇ ਪੰਜਵੇ ਕੇ ੫ ॥ (ਅੰਗ ੧੪੦੬)
(ਨੋਟ : ਉਪਰੋਕਤ ਕਿਸਮ ਦੇ ਸਿਰਲੇਖਾਂ ਵਿਚ ‘ਪਹਿਲਾ’ ‘ਪਹਿਲਾ’ ਅਤੇ ‘ਤੀਜਾ’ ‘ਤੀਜਾ’ ਆਦਿਕ ਦੋ ਦੋ ਵਾਰ ਪੜ੍ਹਣ ਦਾ ਵਿਧਾਨ ਨਹੀਂ। ਕਿਉਂਕਿ, ਅੰਕ ੧, ੨, ੩, ੪ ਤੇ ੫ ਨੂੰ ਲਫ਼ਜ਼ਾਂ ਵਿਚ ਉਚਾਰਨ ਸਬੰਧੀ ਸੇਧ ਦਿੱਤੀ ਹੋਈ ਹੈ।)
ਵੈਸੇ ਤਾਂ ਉਪਰੋਕਤ ਕਿਸਮ ਦੀਆਂ ਸਾਰੀਆਂ ਸੂਚਨਾਵਾਂ ਨੂੰ ਗੁਰਬਾਣੀ ਰੂਪ ਗੁਰ-ਉਪਦੇਸ਼ ਦਾ ਅੰਗ ਨਹੀਂ ਮੰਨਿਆ ਜਾ ਸਕਦਾ। ਕਿਉਂਕਿ, ਇਨ੍ਹਾਂ ਦੁਆਰਾ ਕਿਸੇ ਪ੍ਰਕਾਰ ਦੀ ਗੁਰਮਤੀ ਜੀਵਨ ਸੇਧ ਨਹੀਂ ਮਿਲਦੀ। ਇਹ ਤਾਂ ਕੇਵਲ ਅੰਮਿ੍ਰਤ ਬਾਣੀ ਨੂੰ ਰਲੇਵਿਆਂ ਤੋਂ ਬਚਾਉਣ ਅਤੇ ਪਾਠਕਾਂ ਤੇ ਗਾਇਕਾਂ ਨੂੰ ਗਾਉਣ ਤੇ ਭੁਲੇਖਿਆਂ ਤੋਂ ਬਚਾਉਣ ਲਈ ਇੱਕ ਕਿਸਮ ਦੀ ਜਾਣਕਾਰੀ ਹੈ। ਪਰ, ਚੂੰਕਿ ‘ਮਹਲਾ ਪਹਿਲਾ’, ‘ਮਹਲਾ ਤੀਜਾ’, ਅਤੇ ‘ਬਾਣੀ ਸ੍ਰੀ ਰਵਿਦਾਸ ਜੀਉ ਕੀ’ ਆਦਿਕ ਕਰਤਰੀ ਸੂਚਨਾਵਾਂ ਤੋਂ ਸ਼੍ਰੋਤਿਆਂ ਨੂੰ ਬਾਣੀਕਾਰਾਂ ਦਾ ਪਤਾ ਚੱਲ ਜਾਂਦਾ ਹੈ। ਨਾਮਕ ਸੂਚਨਾਵਾਂ ਵਿਚ ਕੁਝ ਬਾਣੀਆਂ ਦੇ ਨਾਂ ਐਸੇ ਹਨ, ਜੋ ਉਸ ਬਾਣੀ ਦਾ ਸਾਰ ਤੱਤ ਕਹੇ ਜਾ ਸਕਦੇ ਹਨ। ਜਿਵੇਂ ‘ਸੁਖਮਨੀ’, ‘ਅਨੰਦ’ ਅਤੇ ‘ਸਿਧ ਗੋਸਟਿ’ ਆਦਿ। ਅਜਿਹੇ ਨਾਵਾਂ ਨੂੰ ਬਾਣੀ ਨਾਲੋਂ ਨਿਖੇੜ ਕੇ ਦੇਖਣਾ ਅਸੰਭਵ ਹੈ। ਅਸਲ ਵਿਚ ਇਹੀ ਕਾਰਣ ਹੈ ਕਿ ਪਾਠ ਕਰਨ ਵੇਲੇ ਸਿਰਲੇਖਕ ਸੂਚਨਾਵਾਂ ਅੰਕਾਂ ਸਮੇਤ ਪੂਰੀਆਂ ਪੜ੍ਹਣ ਦੀ ਪਰੰਪਰਾ ਹੈ। ਭਾਵੇਂ ਕਿ ਸਿਰਲੇਖਾਂ ਵਿਚ ਲਿਖੀਆਂ ਸੰਗੀਤਕ ਅਤੇ ਅੰਕਤ ਸੂਚਨਾਵਾਂ (ਤਿਪਦੇ ੮ ਦੁਤੁਕੇ ੭ ਇਕਤੁਕਾ ੧) ਪੜ੍ਹ ਕੇ ਸੁਨਾਉਣ ਦੀ ਲੋੜ ਨਹੀਂ ਜਾਪਦੀ।। ਕਿਉਂਕਿ, ਇਹ ਤਾਂ ਕੇਵਲ ਗਿਣਤੀ ਹੈ। ਇਸ ਸਚਾਈ ਦਾ ਪ੍ਰਤੱਖ ਪ੍ਰਮਾਣ ਹਨ ਸਿਰਲੇਖਾਂ ਦਰਿਮਿਆਨ ਲੇਟਵੇਂ ਹਿੰਦਸਿਆਂ ਵਿਚ ਚਰਨੀ ਲਿਖੀਆਂ ਅੰਕਤ ਸੂਚਨਾਵਾਂ, ਜਿਨ੍ਹਾਂ ਨੂੰ ਸੰਪਰਦਾਈ ਵਿਦਵਾਨ ਵੀ ਨਹੀਂ ਪੜ੍ਹਦੇ।
ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂ ਵਾਲੇ ‘ਸ੍ਰੀ ਕਬੀਰ ਜੀਉ ਕੇ ਚਉਪਦੇ ੧੪॥ ’ (ਅੰਗ ੩੨੩) ਨੂੰ ਚੌਦਾਂ ਉਚਾਰੋ ਦੀ ਹਦਾਇਤ ਲਿਖ ਕੇ ਇਹ ਵਿਚਾਰ ਵੀ ਦਿੱਤਾ ਹੈ ਕਿ ਸਿਰਲੇਖਾਂ ਵਿਚਲੇ “ ਅਜਿਹੇ ਅੰਗ ਜੇ ਸਾਹਮਣੇ ਹੋਣ ਤਾਂ ਪਾਠ ਸਮੇਂ ਉਚਾਰਨੇ ਹਨ, ਜੇ ਅੱਖਰਾਂ ਦੇ ਚਰਨੀ ਹੋਣ ਤਾਂ ਨਹੀਂ ਪੜ੍ਹਣੇ। ਸਾਰੇ ਗੁਰੂ ਮਹਾਰਾਜ ਦੇ ਸਰੂਪ ਵਿਚ ਇਹੋ ਨਿਯਮ ਹੈ।” (ਦੇਖੋ : ਗੁਰਬਾਣੀ ਪਾਠ ਦਰਸ਼ਨ, ਪੰਨਾ ੩੨੪)
ਮਧਕ ਸੂਚਨਾਵਾਂ ਚੋਂ ‘ਰਹਾਉ’ ਬੋਲਣ ਦੀ ਪਰੰਪਰਾ ਹੈ। ਕਿਉਂਕਿ, ਸ਼੍ਰੋਤਿਆਂ ਨੂੰ ਸ਼ਬਦ ਦੇ ਕੇਂਦਰੀ ਭਾਵ ਦਾ ਬੋਧ ਜਾਂਦਾ ਹੈ, ਜਿਹੜਾ ਉਨ੍ਹਾਂ ਨੂੰ ਬਾਕੀ ਦੇ ਸ਼ਬਦ ਨੂੰ ਸਹੀ ਤੌਰ ’ਤੇ ਸਮਝਣ ਵਿਚ ਸਹਾਇਕ ਹੁੰਦਾ ਹੈ। ‘ਏਹੁ ਸਲੋਕੁ ਆਦਿ ਅੰਤਿ ਪੜਣਾ॥ ’ ਵਰਗੀ ਕੋਈ ਹਦਾਇਤ ਅਤੇ ‘ਬਾਈਸ ਚਉਪਦੇ ਤਥਾ ਪੰਚਪਦੇ’, ‘ਜੋੜ’, ‘ਜੁਮਲਾ’ ‘ਸੁਧੁ’ ਅਤੇ ‘ਸੁਧੁ ਕੀਚੇ’ ਆਦਿਕ ਅੰਤਕ ਸੂਚਨਾਵਾਂ ਵੀ ਸ਼ਬਦਾਂ ਦੇ ਅੰਤਲੇ ਜੋੜ-ਅੰਕਾਂ ਵਾਂਗ ਪੜ੍ਹਣ ਦੀ ਲੋੜ ਨਹੀਂ। ਕਿਉਂਕਿ, ਇਹ ਤਾਂ ਕੇਵਲ ਪਾਠਕਾਂ ਦੀ ਜਾਣਕਾਰੀ ਹਿੱਤ ਹਨ। ਭਾਈ ਜੋਗਿੰਦਰ ਸਿੰਘ ਜੀ ‘ਤਲਵਾੜਾ’ ਨੇ ਸਪਸ਼ਟ ਲਿਖਿਆ ਹੈ ਕਿ “ ਗੁਰਬਾਣੀ ਦਾ ਪਾਠ ਕਰਦੇ ਸਮੇਂ ‘ਸੁਧੁ’ ਅਤੇ ‘ਸੁਧੁ ਕੀਚੇ’ ਟਿੱਪਣੀਆਂ ਉਚਾਰਣ ਦਾ ਭਾਗ ਨਹੀਂ ਹਨ।” ਰਾਮਕਲੀ ਕੀ ਵਾਰ ਮਹਲਾ ੩ ਵਿਚ ਪਹਿਲੀ ਪਉੜੀ ਦੀ ਸਮਾਪਤੀ ਉਪਰੰਤ, ਸੁਖਮਨੀ ਅਤੇ ਸਿਧ ਗੋਸਟਿ ਵਾਂਗ ਰਹਾਉ ਦੀ ਇੱਕ ਵਿਸ਼ੇਸ਼ ਤੁਕ ਹੈ : ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ॥ ੧॥ ਰਹਾਉ॥ (ਅੰਗ ੯੪੭) ਇਸ ਵਾਰ ਵਿਚ ਕਿਧਰੇ ਵੀ ਇਹ ਤੁਕ ਹਰੇਕ ਪਉੜੀ ਦੇ ਨਾਲ ਪੜ੍ਹਣ ਦੀ ਕੋਈ ਹਦਾਇਤ ਨਹੀਂ ਲਿਖੀ। ਪਰ, ਸੰਪਰਦਾਈ ਪਾਠੀ ਪਰੰਪਰਾ ਦੇ ਸਹਾਰੇ ਇਹ ਤੁਕ ਅਪਣੀ ਮਰਜ਼ੀ ਨਾਲ ਹੀ ਪੜ੍ਹੀ ਜਾ ਰਹੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਨੂੰ ਚਾਹੀਦਾ ਹੈ ਕਿ ਵਿਦਵਾਨਾਂ ਦੀਆਂ ਵਿਚਾਰ-ਗੋਸ਼ਟੀਆਂ ਕਰਵਾ ਕੇ ਗੁਰਬਾਣੀ ਨਾਲ ਸਬੰਧਤ ਅਜਿਹੇ ਗੰਭੀਰ ਵਿਸ਼ਿਆਂ ਪ੍ਰਤੀ ਠੋਸ ਫੈਸਲੇ ਕਰੇ; ਤਾਂ ਕਿ ਪੰਥਕ ਏਕਤਾ ਦੇ ਮੁੱਢਲੇ ਆਧਾਰ ਨੂੰ ਖੋਰਾ ਨਾ ਲੱਗੇ। ਦੁੱਖ ਦੀ ਗੱਲ ਹੈ ਕਿ ਇਸ ਪੱਖੋਂ ਪਿ੍ਰੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਚੰਡੀਗੜ ਅਤੇ ਗਿਆਨੀ ਜੋਗਿੰਦਰ ਸਿੰਘ ਤਲਵਾੜਾ ਵਰਗੇ ਕਈ ਪੰਥ ਦਰਦੀ ਵਿਦਵਾਨ ਕੂਕਦੇ ਹੋਏ ਸੰਸਾਰ ਤੋਂ ਕੂਚ ਕਰ ਗਏ, ਪਰ ਸ਼੍ਰੋਮਣੀ ਕਮੇਟੀ ਦੇ ਕੰਨੀਂ ਜੂੰ ਨਹੀਂ ਸਰਕੀ। ਕਿਉਂਕਿ, ਰਾਜਨੀਤਕ ਸ਼ੈਤਾਨ ਉਨ੍ਹਾਂ ਦੇ ਕੰਨੀ ਫੂਕ ਮਾਰ ਦਿੰਦੇ ਹਨ ਕਿ ਅਜਿਹਾ ਵਿਵਾਦ ਛੇੜ ਕੇ ਆਪਣੀਆਂ ਵੋਟਾਂ ਨਾ ਵਿਗਾੜੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਭਗਤ ਬਾਬਾ ਫਰੀਦ ਜੀ ਦਾ ਕਥਨ ਹੈ ਕਿ ਸ਼ੈਤਾਨ ਦੇ ਟੇਟੇ ਚੜ੍ਹੇ ਲੋਕ ਸਚਾਈ ਤੇ ਲੋਕ ਭਲਾਈ ਦੇ ਕੰਮਾਂ ਵੱਲ ਮੂੰਹ ਨਹੀਂ ਮੋੜਦੇ:
ਫਰੀਦਾ ਕੂਕੇਦਿਆ ਚਾਂਗੇਦਿਆ, ਮਤੀ ਦੇਦਿਆ ਨਿਤ॥ ਜੋ ਸੈਤਾਨਿ ਵੰਞਾਇਆ, ਸੇ ਕਿਤ ਫੇਰਹਿ ਚਿਤ॥ ੧੫॥ (ਅੰਗ ੧੩੭੮)