ਗੁਰਬਾਣੀ ਵਿੱਚ ਦਰਜ ‘ਕੈ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ 4)

0
477

(ਭਾਗ-4) (ੳ)

ਗੁਰਬਾਣੀ ਲਿਖਤ ਅਨੁਸਾਰ ਜਦ ਕਿਸੇ ਪੰਕਤੀ ਵਿੱਚ ‘ਕਿਰਿਆ’ ਸ਼ਬਦ ਤੋਂ ਇਲਾਵਾ ‘ਕਿਰਿਆ ਵਿਸ਼ੇਸ਼ਣ’ ਸ਼ਬਦ ਵੀ ਦਰਜ ਹੋਵੇ ਤਾਂ ਉਸ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੇ ਅਖ਼ੀਰ ਵਿੱਚ ‘ਸਿਹਾਰੀ’ ਹੁੰਦੀ ਹੈ, ਜਿਸ ਰਾਹੀਂ ਜ਼ਿਆਦਾਤਰ ‘ਕੇ’ ਦੇ ਰੂਪ ਵਿੱਚ ਗੁਪਤ ਅਰਥ ਮਿਲਦੇ ਹਨ; ਜਿਵੇਂ: ‘‘ਸੁਣਿ, ਵਡਾ ਆਖੈ; ਸਭੁ ਕੋਇ ॥ (ਮ: ੧/੯), ਸੁਨਿ, ਅੰਧਾ; ਕੈਸੇ ਮਾਰਗੁ ਪਾਵੈ ॥’’ (ਮ:੫/੨੬੭) ਆਦਿ, ਪੰਕਤੀਆਂ ਵਿੱਚ ‘ਆਖੈ’ ਅਤੇ ‘ਪਾਵੈ’ ਸ਼ਬਦ ‘ਕਿਰਿਆ’ ਹਨ ਅਤੇ ‘ਸੁਣਿ’ ਜਾਂ ‘ਸੁਨਿ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਹਨ, ਜੋ ‘ਸੁਣ ਕੇ’ ਜਾਂ ‘ਸੁਨ ਕੇ’ ਦੇ ਅਰਥ ਦੇਂਦੇ ਹਨ।

ਗੁਰਬਾਣੀ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਇਨ੍ਹਾਂ ਅੰਤ ਸਿਹਾਰੀ ਵਾਲੇ ‘ਕਿਰਿਆ ਵਿਸ਼ੇਸ਼ਣ’ ਸ਼ਬਦਾਂ ਵਿੱਚੋਂ ਗੁਪਤ ਰੂਪ ’ਚ ਮਿਲ ਰਹੇ ‘ਕੇ’ ਅਰਥਾਂ ਨੂੰ ਜਦ ਪਰਗਟ ਰੂਪ ਵਿੱਚ ਦਰਜ ਕਰਨ ਦੀ ਜ਼ਰੂਰਤ ਪਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦਾਂ ਦੇ ਸਮਾਨੰਤਰ ਲਿਖਤੀ ਬਣਤਰ ‘ਕੇ’ ਨਹੀਂ ਬਲਕਿ ‘ਕੈ’ ਬਣ ਜਾਂਦੀ ਹੈ।

ਯਾਦ ਰਹੇ ਕਿ ‘ਕਿਰਿਆ ਵਿਸ਼ੇਸ਼ਣ’ ਸ਼ਬਦਾਂ ਦੇ ਸਮਾਨੰਤਰ ਦਰਜ ਕੀਤੇ ਜਾ ਰਹੇ ‘ਕੈ’ ਸ਼ਬਦ ਤੋਂ ਉਪਰੰਤ ਥੋੜਾ ‘ਵਿਸਰਾਮ’ (ਠਹਿਰਾਓ) ਦੇਣ ਨਾਲ ਸਰਲਾਰਥ ਸਪੱਸ਼ਟ ਹੋ ਜਾਂਦੇ ਹਨ ਕਿਉਂਕਿ ਇਨ੍ਹਾਂ ਵਾਕਾਂ ਵਿੱਚ ‘ਕਿਰਿਆ’ ਰੂਪ ਸ਼ਬਦ ਭੀ ਦਰਜ ਹੁੰਦਾ ਹੈ; ਜਿਵੇਂ:

ਹਰਿ ਪੁਛਿਆ ਢਾਢੀ ‘ਸਦਿ ਕੈ’, ਕਿਤੁ ਅਰਥਿ ਤੂੰ ਆਇਆ ॥ (ਮ: ੪/੯੧)

‘ਚੜਿ ਕੈ’ ਘੋੜੜੈ ਕੁੰਦੇ ਪਕੜਹਿ, ਖੂੰਡੀ ਦੀ ਖੇਡਾਰੀ ॥ (ਮ: ੫/੩੨੨)

ਜਗਤੁ ਜਲੰਦਾ ‘ਦੇਖਿ ਕੈ’, ਭਜਿ ਪਏ ਸਰਣਾਈ ॥ (ਮ: ੩/੪੨੪)

ਨਾਨਕ! ਜੀਅ ‘ਉਪਾਇ ਕੈ’; ਲਿਖਿ ਨਾਵੈ, ਧਰਮੁ ਬਹਾਲਿਆ ॥ (ਮ: ੧/੪੬੩)

ਆਪੀਨ੍ੈ ਭੋਗ ‘ਭੋਗਿ ਕੈ’; ਹੋਇ ਭਸਮੜਿ, ਭਉਰੁ ਸਿਧਾਇਆ ॥ (ਮ: ੧/੪੬੪)

ਧਰਤਿ ਕਾਇਆ ‘ਸਾਧਿ ਕੈ’, ਵਿਚਿ ਦੇਇ ਕਰਤਾ ਬੀਉ ॥ (ਮ: ੧/੪੬੮)

ਸਤਿਗੁਰੂ ਨੋ ‘ਪੁਛਿ ਕੈ’; ਬਹਿ ਰਹੈ ਕਰੇ ਨਿਵਾਸੁ ॥ (ਮ: ੧/੪੬੮)

ਸੁਚਾ ‘ਹੋਇ ਕੈ’ ਜੇਵਿਆ; ਲਗਾ ਪੜਣਿ ਸਲੋਕੁ ॥ (ਮ: ੧/੪੭੩)

ਨਾਕਹੁ ਕਾਟੀ ਕਾਨਹੁ ਕਾਟੀ; ਕਾਟਿ ਕੂਟਿ ਕੈ ਡਾਰੀ ॥ (ਭਗਤ ਕਬੀਰ/੪੭੬)

ਪਾਖਾਨ ‘ਗਢਿ ਕੈ’, ਮੂਰਤਿ ਕੀਨ੍ੀ; ਦੇ ਕੈ ਛਾਤੀ ਪਾਉ ॥ (ਭਗਤ ਕਬੀਰ/੪੭੯)

ਬੁਨਨਾ ਤਨਨਾ ‘ਤਿਆਗਿ ਕੈ’, ਪ੍ਰੀਤਿ ਚਰਨ ਕਬੀਰਾ ॥ (ਮ: ੫/੪੮੭)

ਇਹ ਬਿਧਿ ‘ਸੁਨਿ ਕੈ’ ਜਾਟਰੋ, ਉਠਿ ਭਗਤੀ ਲਾਗਾ ॥ (ਮ: ੫/੪੮੮)

ਪਾਪੜਿਆ ਪਛਾੜਿ; ਬਾਣੁ ਸਚਾਵਾ ‘ਸੰਨਿ੍ ਕੈ’ (ਤਾਣ ਕੈ) ॥ (ਮ: ੫/੫੨੧)

ਸਾਹਿਬੁ ਸਦਾ ਹਜੂਰਿ ਹੈ; ਭਰਮੈ ਕੇ ਛਉੜ ‘ਕਟਿ ਕੈ’, ਅੰਤਰਿ ਜੋਤਿ ਧਰੇਹੁ ॥ (ਮ: ੩/੫੫੪)

ਮੰਦਰਿ ‘ਚਰਿ ਕੈ’ ਪੰਥੁ ਨਿਹਾਰਉ; ਨੈਨ ਨੀਰਿ ਭਰਿ ਆਇਓ ॥ (ਮ: ੫/੬੨੪)

ਮਨੁ ਤਨੁ ਆਗੈ ‘ਰਾਖਿ ਕੈ’, ਊਭੀ ਸੇਵ ਕਰੇਇ ॥ (ਮ: ੩/੬੪੭)

ਬੇਦ ਪੁਰਾਨ ਸਭੈ ਮਤ ‘ਸੁਨਿ ਕੈ’, ਕਰੀ ਕਰਮ ਕੀ ਆਸਾ ॥ (ਭਗਤ ਕਬੀਰ/੬੫੪)

ਜਗ ਝੂਠੇ ਕਉ ਸਾਚੁ ਜਾਨਿ ਕੈ; ਤਾ ਸਿਉ ਰੁਚ ਉਪਜਾਈ ॥ (ਮ: ੯/੭੧੮)

ਪੰਡਿਤੁ ‘ਹੋਇ ਕੈ’; ਬੇਦੁ ਬਖਾਨੈ ॥ (ਭਗਤ ਨਾਮਦੇਵ/੭੧੮)

ਜਨਮਤ ਹੀ ਦੁਖੁ ਲਾਗੈ; ਮਰਣਾ ‘ਆਇ ਕੈ’ ॥ (ਮ: ੧/੭੫੨)

ਹਉ ਆਇਆ ਦੂਰਹੁ ‘ਚਲਿ ਕੈ’; ਮੈ ਤਕੀ, ਤਉ ਸਰਣਾਇ ਜੀਉ ॥ (ਮ: ੧/੭੬੩)

ਹਰਿ ਚਰਣ ਕਮਲ ਕੀ ਟੇਕ; ਸਤਿਗੁਰਿ ਦਿਤੀ ‘ਤੁਸਿ (ਖ਼ੁਸ਼ ਹੋ) ਕੈ’, ਬਲਿ ਰਾਮ ਜੀਉ ॥ (ਮ: ੫/੭੭੭)

ਪਰਤਾਪੁ ਤੁਮ੍ਾਰਾ ‘ਦੇਖਿ ਕੈ’; ਜਮਦੂਤ ਛਡਿ ਜਾਹਿ ॥ (ਮ: ੫/੮੧੧)

ਹਸਤਿ ‘ਭਾਗਿ ਕੈ’, ਚੀਸਾ ਮਾਰੈ ॥ (ਭਗਤ ਕਬੀਰ/੮੭੦)

ਏ ਸਰੀਰਾ ਮੇਰਿਆ! ਇਸੁ ਜਗ ਮਹਿ ‘ਆਇ ਕੈ’, ਕਿਆ ਤੁਧੁ ਕਰਮ ਕਮਾਇਆ ॥ (ਮ: ੩/੯੨੨)

ਕਬੀਰ! ਮਹਿਦੀ ‘ਕਰਿ ਕੈ’ ਘਾਲਿਆ, ਆਪੁ ਪੀਸਾਇ ਪੀਸਾਇ ॥ (ਭਗਤ ਕਬੀਰ/੯੪੭)

ਕਾਜੀ ‘ਹੋਇ ਕੈ’, ਬਹੈ ਨਿਆਇ ॥ (ਮ: ੧/੯੫੧)

ਨਾਨਕ! ਅੰਧਾ ‘ਹੋਇ ਕੈ’, ਰਤਨਾ ਪਰਖਣ ਜਾਇ ॥ (ਮ: ੨/੯੫੪)

ਸਤਿਗੁਰਿ ਸੰਤੁ ਮਿਲਾਇਆ; ਮਸਤਕਿ ‘ਧਰਿ ਕੈ’ ਹਥੁ ॥ (ਮ: ੫/੯੫੮)

‘ਸੁਣਿ ਕੈ’ ਜਮ ਕੇ ਦੂਤ; ਨਾਇ ਤੇਰੈ, ਛਡਿ ਜਾਹਿ ॥ (ਮ: ੫/੯੬੨)

ਸਿਖਾਂ ਪੁਤ੍ਰਾਂ ‘ਘੋਖਿ ਕੈ’; ਸਭ ਉਮਤਿ ਵੇਖਹੁ, ਜਿ ਕਿਓਨੁ ॥ (ਬਲਵੰਡ ਸਤਾ/੯੬੭)

ਦੁਸਟੁ ਬ੍ਰਾਹਮਣੁ ਮੂਆ; ‘ਹੋਇ ਕੈ’, ਸੂਲ ॥ (ਮ: ੫/੧੧੩੭)

ਹਰਿ ਕਾ ਨਾਮੁ ‘ਧਿਆਇ ਕੈ’, ਹੋਹੁ ਹਰਿਆ ਭਾਈ ॥ (ਮ: ੫/੧੧੯੩)

ਸਾਧੂ ਸੰਤਨ ‘ਸੇਵਿ ਕੈ’, ਪਿ੍ਰਉ ਹੀਅਰੈ ਧਿਆਇਓ ॥ (ਮ: ੫/੧੨੩੦)

ਮਿਠਾ ‘ਕਰਿ ਕੈ’; ਕਉੜਾ ਖਾਇਆ ॥ (ਮ: ੧/੧੨੪੩)

ਅਕਲੀ ‘ਪੜਿ੍ ਕੈ’, ਬੁਝੀਐ; ਅਕਲੀ ਕੀਚੈ ਦਾਨੁ ॥ (ਮ: ੧/੧੨੪੫)

ਮਖਟੂ ‘ਹੋਇ ਕੈ’, ਕੰਨ ਪੜਾਏ ॥ (ਮ: ੧/੧੨੪੫)

ਆਪੇ ਜਗਤੁ ‘ਉਪਾਇ ਕੈ’; ਕੁਦਰਤਿ ਕਰੇ ਵੀਚਾਰ ॥ (ਮ: ੧/੧੨੮੦)

ਆਪੇ ਜਗਤੁ ‘ਉਪਾਇ ਕੈ’; ਗੁਣ ਅਉਗਣ ਕਰੇ ਬੀਚਾਰੁ ॥ (ਮ: ੧/੧੨੮੪)

ਜਿਸ ਕੀ ਆਸਾ, ਤਿਸ ਹੀ ‘ਸਉਪਿ ਕੈ’; ਏਹੁ ਰਹਿਆ ਨਿਰਬਾਣੁ ॥ (ਮ: ੧/੧੩੨੯)

ਨਿਸਿ ਦਿਨੁ ‘ਸੁਨਿ ਕੈ’, ਪੁਰਾਨ ਸਮਝਤ ਨਹ ਰੇ ਅਜਾਨ ॥ (ਮ: ੯/੧੩੫੨)

ਨਿਰਭੈ ‘ਹੋਇ ਕੈ’, ਗੁਨ ਰਵੈ; ਜਤ ਪੇਖਉ ਤਤ ਸੋਇ ॥ (ਭਗਤ ਕਬੀਰ/੧੩੬੪)

ਰਾਮ ਪਦਾਰਥੁ ‘ਪਾਇ ਕੈ’, ਕਬੀਰਾ ਗਾਂਠਿ ਨ ਖੋਲ੍ ॥ (ਭਗਤ ਕਬੀਰ/੧੩੬੫)

ਰੁਖੀ ਸੁਖੀ ‘ਖਾਇ ਕੈ’; ਠੰਢਾ ਪਾਣੀ ਪੀਉ ॥ (ਭਗਤ ਫਰੀਦ/੧੩੭੯)

ਫਰੀਦਾ! ਚਾਰਿ ਗਵਾਇਆ ਹੰਢਿ ਕੈ, ਚਾਰਿ ਗਵਾਇਆ ਸੰਮਿ ॥ (ਭਗਤ ਫਰੀਦ/੧੩੭੯)

ਫਰੀਦਾ! ਦਰਿ ਦਰਵਾਜੈ ‘ਜਾਇ ਕੈ’, ਕਿਉ ਡਿਠੋ ਘੜੀਆਲੁ ॥ (ਭਗਤ ਫਰੀਦ/੧੩੭੯)

ਊਚੇ ‘ਚੜਿ ਕੈ’, ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥ (ਭਗਤ ਫਰੀਦ/੧੩੮੨)

ਨਾਨਕ !  ਹਰਿ ਬਿਸਰਾਇ ਕੈ, ਪਉਦੇ ਨਰਕਿ ਅੰਧੵਾਰ ॥ (ਮ: ੫/੧੪੨੬)

ਪਹਿਲਾ ਵਸਤੁ ‘ਸਿਞਾਣਿ ਕੈ’, ਤਾਂ ਕੀਚੈ ਵਾਪਾਰੁ ॥ (ਮ: ੧/੧੪੧੦)

ਕਹਿਓ ਕਬੀਰ ‘ਬਿਚਾਰਿ ਕੈ’; ਸੰਤ! ਸੁਨਹੁ ਮਨ ਮਾਹਿ ॥ (ਭਗਤ ਕਬੀਰ/੧੩੭੪)

ਅਰਝਿ ‘ਉਰਝਿ ਕੈ’, ਪਚਿ ਮੂਆ; ਚਾਰਉ ਬੇਦਹੁ ਮਾਹਿ ॥ (ਭਗਤ ਕਬੀਰ/੧੩੭੭)

ਕਹਿ ਕਬੀਰ! ਗੁਰਿ ਭਲੀ ਬੁਝਾਈ; ਕੀਟੀ ‘ਹੋਇ ਕੈ’, ਖਾਇ ॥ (ਭਗਤ ਕਬੀਰ/੧੩੭੭)

ਕਾਚੀ ਸਰਸਉਂ ‘ਪੇਲਿ ਕੈ’; ਨਾ ਖਲਿ ਭਈ, ਨ ਤੇਲੁ ॥ (ਭਗਤ ਕਬੀਰ/੧੩੭੭)

ਕਬੀਰ! ਕਉਡੀ ਕਉਡੀ ‘ਜੋਰਿ ਕੈ’, ਜੋਰੇ ਲਾਖ ਕਰੋਰਿ ॥ (ਭਗਤ ਕਬੀਰ/੧੩੭੨)

ਬਾਵਨ ਅਖਰ ‘ਸੋਧਿ ਕੈ’, ਹਰਿ ਚਰਨੀ ਚਿਤੁ ਲਾਇ ॥ (ਭਗਤ ਕਬੀਰ/੧੩੭੩)

ਕਬੀਰਾ! ਧੂਰਿ ‘ਸਕੇਲਿ ਕੈ’, ਪੁਰੀਆ ਬਾਂਧੀ ਦੇਹ ॥ (ਭਗਤ ਕਬੀਰ/੧੩੭੪)

ਸੋਈ ‘ਫਿਰਿ ਕੈ’, ਤੂ ਭਇਆ; ਜਾ ਕਉ ਕਹਤਾ ਅਉਰੁ ॥ (ਭਗਤ ਕਬੀਰ/੧੩੬੯)

ਕਬੀਰ! ਜਗ ਮਹਿ ਚੇਤਿਓ ‘ਜਾਨਿ ਕੈ’; ਜਗ ਮਹਿ ਰਹਿਓ ਸਮਾਇ ॥ (ਭਗਤ ਕਬੀਰ/੧੩੬੯)

ਕਬੀਰ! ਹਰਿ ਕਾ ਸਿਮਰਨੁ ‘ਛਾਡਿ ਕੈ’, ਪਾਲਿਓ ਬਹੁਤੁ ਕੁਟੰਬੁ ॥ (ਭਗਤ ਕਬੀਰ/੧੩੭੦)

ਸਰਪਨਿ ‘ਹੋਇ ਕੈ’, ਅਉਤਰੈ; ਜਾਏ ਅਪੁਨੇ ਖਾਇ ॥ (ਭਗਤ ਕਬੀਰ/੧੩੭੦)

ਗਦਹੀ ‘ਹੋਇ ਕੈ’, ਅਉਤਰੈ; ਭਾਰੁ ਸਹੈ ਮਨ ਚਾਰਿ ॥ (ਭਗਤ ਕਬੀਰ/੧੩੭੦)

ਹਰਿ ਕਾ ਸਿਮਰਨੁ ‘ਛਾਡਿ ਕੈ’, ਘਰਿ ਲੇ ਆਯਾ ਮਾਲੁ ॥ (ਭਗਤ ਕਬੀਰ/੧੩੭੦)

ਕਬੀਰ! ‘ਦੇਖਿ ਕੈ’, ਕਿਹ ਕਹਉ, ਕਹੇ, ਨ ਕੋ ਪਤੀਆਇ ॥ (ਭਗਤ ਕਬੀਰ/੧੩੭੦)

ਕਬੀਰ! ਸੁਪਨੈ ਹੂ ‘ਬਰੜਾਇ ਕੈ’; ਜਿਹ ਮੁਖਿ ਨਿਕਸੈ ਰਾਮੁ ॥ (ਭਗਤ ਕਬੀਰ/੧੩੬੭), ਆਦਿ।

(ਭਾਗ-4) (ਅ)

ਗੁਰਬਾਣੀ ਲਿਖਤ ਵਿਚ ‘ਕਰਿ’ ਸ਼ਬਦ 1626 ਵਾਰ ਦਰਜ ਹੈ, ਜਿਸ ਦਾ ਅਰਥ ਆਮ ਤੌਰ ’ਤੇ ‘ਕਰ ਕੇ’ ਦੇ ਰੂਪ ਵਿੱਚ ਹੀ ਮਿਲਦਾ ਹੈ; ਜਿਵੇਂ: ‘‘ਕੀਟਾ ਅੰਦਰਿ ਕੀਟੁ; ਕਰਿ ਦੋਸੀ, ਦੋਸੁ ਧਰੇ ॥ (ਜਪੁ/ਮ: ੧) , ਅਸੰਖ; ਅਮਰ ਕਰਿ, ਜਾਹਿ ਜੋਰ ॥ (ਜਪੁ/ਮ: ੧) , ਅਸੰਖ ਪਾਪੀ; ਪਾਪੁ ਕਰਿ, ਜਾਹਿ ॥’’ (ਜਪੁ/ਮ: ੧) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ‘ਕਰਿ’ ਸਬਦ ਤੋਂ ਉਪਰੰਤ ਥੋੜਾ ‘ਵਿਸਰਾਮ’ ਦੇਣ ਨਾਲ ‘ਕਰ ਕੇ’ ਦੇ ਰੂਪ ਵਿੱਚ ਅਰਥ ਸਪੱਸ਼ਟ ਹੋ ਜਾਂਦੇ ਹਨ, ਪਰ ਜਦ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਇਸ ‘ਕੇ’ ਗੁਪਤ ਰੂਪ ਨੂੰ ਪਰਗਟ ਤੌਰ ’ਤੇ (ਵਧੀਕ ਮਾਤ੍ਰਾ ਦੇ ਰੂਪ ਵਿੱਚ) ਲਿਖਣ ਦੀ ਜ਼ਰੂਰਤ ਪਵੇ ਤਾਂ ‘ਕਰਿ ਕੇ’ ਨਹੀਂ ਬਲਕਿ ‘ਕਰਿ ਕੈ’ ਲਿਖਿਆ ਜਾਂਦਾ ਹੈ; ਜਿਵੇਂ ਕਿ ਹੇਠਾਂ ਦਿੱਤੀਆਂ ਜਾ ਰਹੀਆਂ 28 ਪੰਕਤੀਆਂ ਵਿੱਚ ਦਰਜ ਕੀਤਾ ਹੋਇਆ ਮਿਲਦਾ ਹੈ:

‘‘ਜਿਨਿ ਦਿਨੁ ‘ਕਰਿ ਕੈ’ ਕੀਤੀ ਰਾਤਿ ॥’’ (ਮ: ੧/੧੦)

‘‘ਕਿਰਪਾ ‘ਕਰਿ ਕੈ’ ਆਪਣੀ ਦਿਤੋਨੁ ਭਗਤਿ ਭੰਡਾਰੁ ॥’’ (ਮ: ੩/੩੬)

‘‘ਮਿਠਾ ‘ਕਰਿ ਕੈ’ ਖਾਇਆ ਕਉੜਾ ਉਪਜਿਆ ਸਾਦੁ ॥’’ (ਮ: ੫/੫੦)

‘‘ਕਿਰਪਾ ‘ਕਰਿ ਕੈ’ ਆਪਣੀ ਆਪੇ ਲਏ ਸਮਾਇ ਜੀਉ ॥’’ (ਮ: ੧/੭੩)

‘‘ਕੁਦਰਤਿ ‘ਕਰਿ ਕੈ’ ਵਸਿਆ ਸੋਇ ॥’’ (ਮ: ੧/੮੩)

‘‘ਇਕਿ ਵਲੁ ਛਲੁ ‘ਕਰਿ ਕੈ’ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥’’ (ਮ: ੪/੮੫)

‘‘ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ‘ਕਰਿ ਕੈ’ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥’’ (ਮ: ੪/੩੦੬)

‘‘ਕਿਰਪਾ ‘ਕਰਿ ਕੈ’ ਨਾਮੁ ਦਿ੍ਰੜਾਈ ॥’’ (ਭਗਤ ਕਬੀਰ/੩੨੬)

‘‘ਜਿਨਿ ਦਿਨੁ ‘ਕਰਿ ਕੈ’ ਕੀਤੀ ਰਾਤਿ ॥’’ ਆਸਾ

‘‘ਮਿਠਾ ‘ਕਰਿ ਕੈ’ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥’’ (ਮ: ੫/੬੪੧)

‘‘ਕਿਰਪਾ ‘ਕਰਿ ਕੈ’ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥’’ (ਮ: ੪/੬੫੨)

‘‘ਗਹਰੀ ‘ਕਰਿ ਕੈ’ ਨੀਵ ਖੁਦਾਈ ਊਪਰਿ ਮੰਡਪ ਛਾਏ ॥’’ (ਭਗਤ ਨਾਮਦੇਵ/੬੯੨)

‘‘ਸਾਕਤੀ ਪਾਪ ‘ਕਰਿ ਕੈ’ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥’’ (ਮ: ੪/੭੩੪)

‘‘ਕਿਰਪਾ ‘ਕਰਿ ਕੈ’ ਮੇਲਿਅਨੁ ਪਾਇਆ ਮੋਖ ਦੁਆਰੁ ॥’’ (ਮ: ੪/੭੫੮)

‘‘ਨਾਨਕ ਕਿਰਪਾ ‘ਕਰਿ ਕੈ’ ਮੇਲੇ ਵਿਛੁੜਿ ਕਦੇ ਨ ਜਾਈ ॥’’ (ਮ: ੪/੭੭੩)

‘‘ਮਿਠਾ ‘ਕਰਿ ਕੈ’ ਖਾਇਆ ਬਹੁ ਸਾਦਹੁ ਵਧਿਆ ਰੋਗੁ ॥’’ (ਮ: ੩/੭੮੫)

‘‘ਦੁਖ ਸੁਖ ‘ਕਰਿ ਕੈ’ ਕੁਟੰਬੁ ਜੀਵਾਇਆ ॥’’ (ਭਗਤ ਕਬੀਰ/੭੯੨)

‘‘ਤਾਗਾ ‘ਕਰਿ ਕੈ’ ਲਾਈ ਥਿਗਲੀ ॥’’ (ਮ: ੫/੮੮੬)

‘‘ਕਬੀਰ ਮਹਿਦੀ ‘ਕਰਿ ਕੈ’ ਘਾਲਿਆ ਆਪੁ ਪੀਸਾਇ ਪੀਸਾਇ ॥’’ (ਭਗਤ ਕਬੀਰ/੯੪੭)

‘‘ਨਾਨਕ ਮਹਿਦੀ ‘ਕਰਿ ਕੈ’ ਰਖਿਆ ਸੋ ਸਹੁ ਨਦਰਿ ਕਰੇਇ ॥’’ (ਮ: ੩/੯੪੭)

‘‘ਤਪਸੀ ‘ਕਰਿ ਕੈ’ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥’’ (ਮ: ੫/੧੦੦੩)

‘‘ਮੇਰੀ ਮੇਰੀ ‘ਕਰਿ ਕੈ’ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥’’ (ਮ: ੫/੧੦੦੪)

‘‘ਕਿਰਪਾ ‘ਕਰਿ ਕੈ’ ਆਪਣੀ ਗੁਰ ਸਬਦਿ ਮਿਲਾਇਆ ॥’’ (ਮ: ੩/੧੦੮੮)

‘‘ਮਿਠਾ ‘ਕਰਿ ਕੈ’ ਕਉੜਾ ਖਾਇਆ ॥’’ (ਮ: ੧/੧੨੪੩)

‘‘ਓਇ ਕਿਰਪਾ ‘ਕਰਿ ਕੈ’ ਮੇਲਿਅਨੁ ਨਾਨਕ ਹਰਿ ਪਾਸਾ ॥’’ (ਮ: ੪/੧੨੪੭)

‘‘ਅਪਣੀ ਕਿਰਪਾ ‘ਕਰਿ ਕੈ’ ਵਸਸੀ ਵਣੁ ਤਿ੍ਰਣੁ ਹਰਿਆ ਹੋਇ ॥’’ (ਮ: ੩/੧੨੮੧)

‘‘ਹੈ ਹੈ ‘ਕਰਿ ਕੈ’ ਓਹਿ ਕਰੇਨਿ ॥’’ (ਮ: ੧/੧੪੧੦)

‘‘ਹਰਿ ਕਿਰਪਾ ‘ਕਰਿ ਕੈ’ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥’’ (ਮ: ੩/੧੪੧੬

(ਨੋਟ: ਗੁਰਬਾਣੀ ਲਿਖਤ ਅਨੁਸਾਰ ਹੇਠਾਂ ਦਿੱਤੀ ਜਾ ਰਹੀ ਪੰਕਤੀ ’ਚ ਸ਼ਬਦ ‘ਕਰੇ ਕੈ’ ਦੀ ਬਜਾਏ ‘ਕਰਿ ਕੈ’ ਦਰੁਸਤ ਹੋ ਸਕਦਾ ਹੈ।)

‘‘ਨਦਰਿ ਕਰੇ ਕੈ ਆਪਣੀ, ਆਪੇ ਲਏ ਮਿਲਾਇ ਜੀਉ ॥ (ਮ: ੧/੭੨)

(ਭਾਗ-4) (ੲ)

ਗੁਰਬਾਣੀ ਕਾਵਿ ਤੋਲ ਨੂੰ ਬਣਾਏ ਰੱਖਣ ਲਈ ਹੀ ਹੇਠਾਂ ਦਿੱਤੀਆਂ ਜਾ ਰਹੀਆਂ ਕੇਵਲ 3 ਪੰਕਤੀਆਂ ਵਿੱਚ ‘ਕਰਿ ਕੈ’ ਸ਼ਬਦ ਬਣਤਰ ਨੂੰ ਸੀਮਤ ਰੂਪ ਦੇ ਕੇ ਕੇਵਲ ‘ਕੈ’ ਦੇ ਰੂਪ ਤੀਕ ਹੀ ਸਮੇਟਿਆ ਗਿਆ ਹੈ, ਜਿਸ ਦਾ ਅਰਥ ਵੀ ‘ਕਰਿ ਕੈ’ ਵਾਲਾ (ਕਿਰਿਆ ਵਿਸ਼ੇਸ਼ਣ) ਹੀ ਰਹੇਗਾ।

‘‘ਪ੍ਰਭ ਥੰਭ ਤੇ ਨਿਕਸੇ; ਕੈ ਬਿਸਥਾਰ ॥’’ (ਭਗਤ ਕਬੀਰ/੧੧੯੪) (ਭਾਵ ‘ਕਰਿ ਕੈ’)

‘‘ਮਨੁ ਤਉ ਮੈਗਲੁ ਹੋਇ ਰਹਿਓ; ਨਿਕਸੋ ਕਿਉ ਕੈ ਜਾਇ ॥’’ (ਭਗਤ ਕਬੀਰ/੧੩੬੭) (ਭਾਵ ਕਿਵੇਂ ‘ਕਰਿ ਕੈ’)

‘‘ਗਿਆਰਹ ਮਾਸ ਪਾਸ ਕੈ ਰਾਖੇ; ਏਕੈ ਮਾਹਿ ਨਿਧਾਨਾ ॥’’ (ਭਗਤ ਕਬੀਰ/੧੩੪੯) (ਭਾਵ ‘ਕਰਿ ਕੈ’)

(ਭਾਗ-4) (ਸ)

ਗੁਰਬਾਣੀ ਦੀ ਲਿਖਤ ਅਨੁਸਾਰ ‘ਦੇ’ ਅੱਖਰ 208 ਵਾਰ ਦਰਜ ਹੈ ਜੋ ‘ਕਿਰਿਆ’ ਰੂਪ ਵਿੱਚ ਅਰਥ ਬਣਾਉਂਦਾ ਹੈ ‘ਦੇਂਦਾ ਹੈ’; ਜਿਵੇਂ: ‘‘ਦੇਦਾ ‘ਦੇ’, ਲੈਦੇ ਥਕਿ ਪਾਹਿ ॥ (ਜਪੁ /ਮ: ੧), ਪਹਿਲਾ ਧਰਤੀ ਸਾਧਿ ਕੈ, ਸਚੁ ਨਾਮੁ ‘ਦੇ’ ਦਾਣੁ ॥’’ (ਮ: ੧/੧੯), ਆਦਿ।

ਯਾਦ ਰਹੇ ਕਿ ਉਪਰੋਕਤ ਉਪਵਾਕ ਵਿਚ ‘ਦੇ’ ਅੱਖਰ ਤੋਂ ਇਲਾਵਾ ਕੋਈ ਭੀ ਹੋਰ ‘ਕਿਰਿਆ ਵਾਚੀ’ ਸ਼ਬਦ ਦਰਜ ਨਹੀਂ ਹੈ (ਭਾਵ ‘ਦੇਦਾ ਦੇ’ ਵਾਕ ਵਿੱਚ ਕੇਵਲ ‘ਦੇ’ ਅੱਖਰ ਹੀ ‘ਕਿਰਿਆ’ ਹੈ ਅਤੇ ਦੂਸਰੀ ਪੰਕਤੀ ‘‘ਸਚੁ ਨਾਮੁ ਦੇ ਦਾਣੁ॥’’ ਵਿੱਚ ਭੀ ਕੇਵਲ ‘ਦੇ’ ਅੱਖਰ ਹੀ ‘ਕਿਰਿਆ’ ਹੈ।) ਪਰ ਜਦ ਕਿਸੇ ਵਾਕ ਵਿੱਚ ‘ਦੇ’ ਅੱਖਰ ਦੀ ਬਜਾਏ ‘ਕਿਰਿਆਵਾਚੀ’ ਸ਼ਬਦ ਕੋਈ ਹੋਰ ਭੀ ਆ ਜਾਵੇ ਤਾਂ ਉਸ ਪੰਕਤੀ ਵਿੱਚ ਸ਼ਾਮਲ ‘ਦੇ’ ਅੱਖਰ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ਵਿੱਚ ਅਰਥ ‘ਦੇ ਕੇ’ ਬਣਾ ਲੈਂਦਾ ਹੈ; ਜਿਵੇਂ: ‘‘ਦੇ ਸਾਬੂਣੁ, ਲਈਐ ਓਹੁ ਧੋਇ ॥ (ਜਪੁ / ਮ: ੧), ਜਿਸੁ ਤੂੰ ਰਖਹਿ ਹਥ ‘ਦੇ’, ਤਿਸੁ ਮਾਰਿ ਨ ਸਕੈ ਕੋਇ ॥’’ (ਮ: ੫/੪੩) ਆਦਿ। ਇਨ੍ਹਾਂ ਪੰਕਤੀਆਂ ਵਿੱਚ ‘ਧੋਇ-ਲਈਐ’ ਅਤੇ ‘ਰਖਹਿ’ ਸ਼ਬਦ ਕਿਰਿਆਵਾਚੀ ਹਨ ਜਿਸ ਕਾਰਨ ‘ਦੇ’ ਅੱਖਰ ‘ਕਿਰਿਆ ਵਿਸ਼ੇਸ਼ਣ’ ਬਣ ਕੇ ‘ਦੇ ਕੇ’ ਰੂਪ ਵਿੱਚ ਅਰਥ ਬਣਾ ਗਿਆ ਹੈ। ਸਰਲਾਰਥ ਦੀ ਸਪੱਸ਼ਟਤਾ ਲਈ ਕਿਰਿਆ ਵਿਸ਼ੇਸ਼ਣ ‘ਦੇ’ ਅੱਖਰ ਤੋਂ ਉਪਰੰਤ ਥੋੜਾ ‘ਵਿਸਰਾਮ’ (ਠਹਿਰਾਓ) ਦੇਣਾ ਉਚਿਤ ਰਹੇਗਾ।

ਗੁਰਬਾਣੀ ਕਾਵਿ ਅਨੁਸਾਰ ਜਦ ਕਿਸੇ ਪੰਕਤੀ ਵਿੱਚ ‘ਦੇ’ ਅੱਖਰ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ਵਿੱਚ ਦਰਜ ਹੋਵੇ ਅਤੇ ਉਸ ‘ਦੇ’ ਵਿੱਚੋਂ ਨਿਕਲਣ ਵਾਲਾ ਗੁਪਤ ਸੰਬੰਧਕ ‘ਕੇ’ ਵੀ ਪਰਗਟ ਰੂਪ ਵਿੱਚ (ਕਾਵਿ ਦੇ ਤੋਲ ਨੂੰ ਬਣਾਏ ਰੱਖਣ ਲਈ) ਦਰਜ ਕਰਨ ਦੀ ਜ਼ਰੂਰਤ ਪਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੀ ਬਣਤਰ ‘ਦੇ ਕੇ’ ਨਹੀਂ ਬਲਕਿ ‘ਦੇ ਕੈ’ ਬਣ ਜਾਂਦੀ ਹੈ; ਜਿਵੇਂ ਕਿ ਗੁਰਬਾਣੀ ’ਚ ਕੇਵਲ 4 ਵਾਰ ਇਉਂ ਦਰਜ ਹੈ:

‘ਦੇ ਕੈ’ ਚਉਕਾ; ਕਢੀ ਕਾਰ ॥’ (ਮ: ੧/੪੭੨) (ਕਿਰਿਆ ‘ਕਢੀ’ ਪਰ ‘ਦੇ ਕੈ’ ਕਿਰਿਆ ਵਿਸ਼ੇਸ਼ਣ)

‘‘ਚਉਕਾ ‘ਦੇ ਕੈ’, ਸੁਚਾ ਹੋਇ ॥’’ (ਮ: ੧/੯੫੧) (ਕਿਰਿਆ ‘ਹੋਇ’ ਪਰ ‘ਦੇ ਕੈ’ ਕਿਰਿਆ ਵਿਸ਼ੇਸ਼ਣ)

‘‘ਪਾਲੇ ਬਾਲਕ ਵਾਗਿ, ‘ਦੇ ਕੈ’ ਆਪਿ ਕਰ ॥’’ (ਮ: ੫/੯੫੭) (ਕਿਰਿਆ ‘ਪਾਲੇ’ ਪਰ ‘ਦੇ ਕੈ’ ਕਿਰਿਆ ਵਿਸ਼ੇਸ਼ਣ)

‘‘ਪਾਖਾਨ ‘ਗਢਿ ਕੈ’ ਮੂਰਤਿ ਕੀਨ੍ੀ; ‘ਦੇ ਕੈ’ ਛਾਤੀ ਪਾਉ ॥’’ (ਭਗਤ ਕਬੀਰ/੪੭੯) (ਕਿਰਿਆ ‘ਕੀਨੀ’ ਪਰ ‘ਦੇ ਕੈ’ ਅਤੇ ‘ਗਢਿ ਕੈ’ ਕਿਰਿਆ ਵਿਸ਼ੇਸ਼ਣ)

(ਭਾਗ-4) (ਹ)

ਉਪਰੋਕਤ ਕੀਤੀ ਗਈ ਵੀਚਾਰ ਵਾਙ ਹੀ ‘ਲੈ’ ਅੱਖਰ ਗੁਰਬਾਣੀ ਵਿੱਚ 256 ਵਾਰ ਦਰਜ ਹੈ ਪਰ ‘ਦੇ’ ਅਤੇ ‘ਲੈ’ ਲਿਖਤ ਵਿੱਚ ਇੱਕ ਬੁਨਿਆਦੀ ਅੰਤਰ ਇਹ ਹੁੰਦਾ ਹੈ ਕਿ ‘ਦੇ’ ਅੱਖਰ ਜਦ ‘ਕਿਰਿਆ’ ਰੂਪ ਵਿੱਚ ਦਰਜ ਹੁੰਦਾ ਹੈ ਤਾਂ ਉਸ ਦੀ ਮਦਦ ਲਈ ਕੋਈ ਹੋਰ ‘ਕਿਰਿਆਵਾਚੀ’ ਸ਼ਬਦ ਦਰਜ ਨਹੀਂ ਹੁੰਦਾ ਪਰ ‘ਲੈ’ ਅੱਖਰ ਦੀ ਮਦਦ ਲਈ ‘ਕਿਰਿਆ ਵਾਚੀ’ ਸ਼ਬਦ ਦਰਜ ਹੁੰਦਾ ਹੈ; ਜਿਵੇਂ: ‘‘ਮਨ ਮੇਰੇ! ਗੁਰ ਕੀ ‘ਮੰਨਿ ਲੈ’ ਰਜਾਇ ॥ (ਮ: ੩/੩੭), ਰੰਗੁ ‘ਮਾਣਿ ਲੈ’ ਪਿਆਰਿਆ! ਜਾ ਜੋਬਨੁ ਨਉ ਹੁਲਾ ॥’’ (ਮ: ੧/੨੩) ਆਦਿ। ਇਨ੍ਹਾਂ ਪੰਕਤੀਆਂ ਵਿੱਚ ‘ਲੈ’ ਕਿਰਿਆਵਾਚੀ ਸ਼ਬਦ ਦਾ ਅਰਥ ਬਣੇਗਾ ‘ਤੂੰ (ਮੰਨ) ਲੈ’ ਜਾਂ ‘ਤੂੰ (ਮਾਣ) ਲੈ’ (ਭਾਵ ਹੁਕਮੀ ਭਵਿੱਖ ਕਾਲ ਕਿਰਿਆ)।

ਜਦ ‘ਲੈ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਰੂਪ ਵਿੱਚ ਆਉਂਦਾ ਹੈ ਤਾਂ ਉਪਰੋਕਤ ਕੀਤੀ ਗਈ ਵੀਚਾਰ ਅਨੁਸਾਰ ਜਿਵੇਂ ‘ਦੇ’ ਅੱਖਰ ਵਿੱਚੋਂ ‘ਦੇ ਕੇ’ ਅਰਥ ਕੱਢੇ ਸੀ ਉਸ ਤਰ੍ਹਾਂ ਹੀ ‘ਲੈ’ ਵਿੱਚੋਂ ‘ਲੈ ਕੇ’ ਅਰਥ ਮਿਲਦੇ ਹਨ; ਜਿਵੇਂ: ‘‘ਗਾਵੈ ਕੋ; ਜੀਅ ‘ਲੈ’, ਫਿਰਿ ਦੇਹ ॥ (ਜਪੁ/ਮ: ੧) , ਦੁਖੁ ਪਰਹਰਿ; ਸੁਖੁ, ਘਰਿ ‘ਲੈ’ ਜਾਇ ॥ (ਜਪੁ /ਮ: ੧) , ਕੇਤੇ, ‘ਲੈ ਲੈ’ ਮੁਕਰੁ ਪਾਹਿ ॥ (ਜਪੁ/ਮ: ੧), ‘ਲੈ ਲੈ’ ਦਾਤ ਪਹੁਤਿਆ, ਲਾਵੇ ਕਰਿ ਤਈਆਰੁ ॥ (ਮ: ੫/੪੩) ਆਦਿ। ਇਨ੍ਹਾਂ ਤਮਾਮ ਪੰਕਤੀਆਂ ਵਿੱਚ ‘ਕਿਰਿਆਵਾਚੀ’ ਸ਼ਬਦ ‘ਦੇਹ, ਜਾਇ, ਮੁਕਰੁ ਪਾਇ, ਪਹੁਤਿਆ (ਪਹੁੰਚਿਆ)’ ਹਨ ਇਸ ਲਈ ‘ਕਿਰਿਆ ਵਿਸ਼ੇਸ਼ਣ’ ਸ਼ਬਦ ‘ਲੈ’ ਬਣ ਜਾਂਦਾ ਹੈ, ਜਿਸ ਦਾ ਅਰਥ ਬਣੇਗਾ ‘ਲੈ ਕੇ’।

ਗੁਰਬਾਣੀ ਕਾਵਿ ਅਨੁਸਾਰ ਜਦ ਕਿਸੇ ਪੰਕਤੀ ਵਿੱਚ ‘ਲੈ’ ਅੱਖਰ ‘ਕਿਰਿਆ ਵਿਸ਼ੇਸ਼ਣ’ ਦੇ ਰੂਪ ਵਿੱਚ ਦਰਜ ਹੋਵੇ ਅਤੇ ਉਸ ‘ਲੈ’ ਵਿੱਚੋਂ ਨਿਕਲਣ ਵਾਲਾ ਗੁਪਤ ਸੰਬੰਧਕ ‘ਕੇ’ ਵੀ ਪਰਗਟ ਰੂਪ ਵਿੱਚ (ਕਾਵਿ ਦੇ ਤੋਲ ਨੂੰ ਬਣਾਏ ਰੱਖਣ ਲਈ) ਦਰਜ ਕਰਨ ਦੀ ਜ਼ਰੂਰਤ ਪਵੇ ਤਾਂ ‘ਕਿਰਿਆ ਵਿਸ਼ੇਸ਼ਣ’ ਸ਼ਬਦ ਦੀ ਬਣਤਰ ‘ਲੈ ਕੇ’ ਨਹੀਂ ਬਲਕਿ ‘ਲੈ ਕੈ’ ਬਣ ਜਾਂਦੀ ਹੈ; ਜਿਵੇਂ ਕਿ ਗੁਰਬਾਣੀ ’ਚ ਕੇਵਲ 4 ਵਾਰ ਇਉਂ ਦਰਜ ਹੈ:

‘‘ਲੈ ਕੈ’’ ਤਕੜੀ ਤੋਲਣਿ ਲਾਗਾ, ਘਟ ਹੀ ਮਹਿ ਵਣਜਾਰਾ ॥’’ (ਮ: ੧/੧੫੬)

‘‘ਵਢੀ ‘ਲੈ ਕੈ’, ਹਕੁ ਗਵਾਏ ॥’’ (ਮ: ੧/੯੫੧)

‘‘ਲੈ ਕੈ’’ ਵਢੀ ਦੇਨਿ ਉਗਾਹੀ, ਦੁਰਮਤਿ ਕਾ ਗਲਿ ਫਾਹਾ ਹੇ ॥’’ (ਮ: ੧/੧੦੩੨)

‘‘ਧਰਮ ਰਾਇ ਜਬ ਲੇਖਾ ਮਾਗੈ, ਕਿਆ ਮੁਖੁ ‘ਲੈ ਕੈ’ ਜਾਹਿਗਾ ॥’’ (ਭਗਤ ਕਬੀਰ/੧੧੦੬)

(ਨੋਟ: ਗੁਰਬਾਣੀ ਦੀ ਤਮਾਮ ਲਿਖਤ ਨੂੰ ਸਾਹਮਣੇ ਰੱਖਦਿਆਂ ਹੇਠਾਂ ਦਿੱਤੀ ਜਾ ਰਹੀ ਕੇਵਲ ਇੱਕ ਪੰਕਤੀ ਵਿੱਚ ‘ਲੇ ਕੈ’ ਸ਼ਬਦ ਨਹੀਂ ਬਲਕਿ ‘ਲੈ ਕੈ’ ਸ਼ਬਦ ਦਰਜ ਹੋਣਾ ਚਾਹੀਦਾ ਹੈ।)

‘‘ਕਬੀਰ !  ਹਰਿ ਹੀਰਾ ਜਨ ਜਉਹਰੀ; ‘ਲੇ ਕੈ’, ਮਾਂਡੈ ਹਾਟ ॥’’ (ਭਗਤ ਕਬੀਰ/੧੩੭੩)