ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ
(ਭਾਗ-ੲ) ਨਿਯਮ ਨੰ. 1
(ੳ). ਹੇਠ ਲਿਖੇ ਸ਼ਬਦਾਂ ਵਿੱਚ ਅੰਤਰ ਵਿਚਾਰਨਯੋਗ ਹੈ :
ਚਾਰੁ – ਚਾਰਿ, ਕੋਟੁ – ਕੋਟਿ, ਸਠ – ਸਠਿ, ਆਦਿ ਦੀ ਬਣਤਰ ਤੋਂ ਜਾਪਦਾ ਹੈ ਕਿ ਸ਼ਾਇਦ ਇਹ ਸਾਰੇ ਸ਼ਬਦ ‘ਗਿਣਤੀ ਨਾਲ ਸੰਬੰਧਿਤ’ ਹਨ।
ਗੁਰਬਾਣੀ ਵਿੱਚ ਇਸ ਸ੍ਵਰੂਪ ਵਾਲੇ ਸ਼ਬਦ ਗਿਣਤੀ ਵਾਚਕ ਵੀ ਹਨ ਪਰ ਸਾਰੇ ਨਹੀਂ। ਫਿਰ ਕਿਵੇਂ ਪਤਾ ਲੱਗੇ ਕਿ ਗਿਣਤੀ ਵਾਲੇ ਕਿਹੜੇ ਅਤੇ ਦੂਸਰੇ ਕਿਹੜੇ ਸ਼ਬਦ ਹਨ ?
ਉੱਤਰ: ਇਨ੍ਹਾਂ (ਗਿਣਤੀ ਵਾਚਕ) ਸ਼ਬਦਾਂ ਦੇ ਅਸਲ ਅਰਥਾਂ ਦੀ ਪਹਿਚਾਣ ਇਨ੍ਹਾਂ ਦੇ ਅੰਤ ਵਿੱਚ ਲੱਗੀ ਸਿਹਾਰੀ ਤੋਂ ਹੀ ਹੁੰਦੀ ਹੈ; ਭਾਵ ਗਿਣਤੀ ਵਾਚਕ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਆਮ ਤੌਰ ਤੇ ਸਿਹਾਰੀ ਆਉਂਦੀ ਹੈ ਜਿਵੇਂ ਕਿ ਅੰਤ ਸਿਹਾਰੀ ਵਾਲੇ ‘ਚਾਰਿ’ ਸ਼ਬਦ ਦਾ ਅਰਥ ਹੋਵੇਗਾ ਗਿਣਤੀ ਦਾ ਅੰਕ ‘ਚਾਰ, ੪’ ਜਦ ਕਿ ‘ਚਾਰੁ’ ਅੰਤ ਔਂਕੜ ਵਾਲੇ ਸ਼ਬਦ ਦਾ ਅਰਥ ਹੈ: ‘ਸੁੰਦਰ’।
ਹੇਠਲੀਆਂ ਤੁਕਾਂ ’ਚ ਦਰਜ ਸੰਖਿਅਕ ਸ਼ਬਦਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ:
(1). ‘ਦੁਇ’ ਦਿਨ ‘ਚਾਰਿ’ ਸੁਹਾਵਣਾ; ਮਾਟੀ ਤਿਸੁ ਖਾਵੈ ॥ (ਮ: ੧/੧੦੧੨)
ਅਰਥ: 2-4 ਦਿਨਾਂ ਦਾ ਹੀ ਸਰੀਰਕ ਸੁਹੱਪਣ ਹੈ, ਫਿਰ ਤਾਂ ਮਿੱਟੀ ਹੀ ਇਸ ਨੂੰ ਖਾਂਦੀ ਹੈ।
(2). ਤੇਰੇ‘ਸਠਿ’ਸੰਬਤ ਸਭਿ ਤੀਰਥਾ ॥ (ਮ: ੧/੧੧੬੮)
‘ਸਠਿ’ ਦਾ ਅਰਥ ਹੈ, ਗਿਣਤੀ ਦਾ ਅੰਕ 60, ਜਦ ਕਿ ‘ਸਠ’ ਸ਼ਬਦ ਦਾ ਅਰਥ ਹੈ: ‘ਵਿਕਾਰੀ ਜਾਂ ਦੁਸ਼ਟ’
(3). ਕਈ ‘ਕੋਟਿ’ ਹੋਏ ਪੂਜਾਰੀ ॥ (ਮ: ੫/੨੭੫)
‘ਕੋਟਿ’ ਦਾ ਅਰਥ ਹੁੰਦਾ ਹੈ: ‘ਕ੍ਰੋੜ’ ਪਰ ‘ਕੋਟ’ ਦਾ ਅਰਥ ਹੈ: ਕਿਲ੍ਹੇ।
(ਅ). ਉਕਤ ਕੀਤੀ ਗਈ ‘ਅੰਤ ਸਿਹਾਰੀ’ ਦੀ ਵਿਚਾਰ ਵਾਲੇ ਸੰਖਿਅਕ ਸ਼ਬਦਾਂ ਨਾਲ ਮੇਲ਼ ਖਾਂਦੇ ਪਰ ਸਿਹਾਰੀ ਰਹਿਤ ਸ਼ਬਦਾਂ ਦੀ ਵਿਚਾਰ ਕਰਨੀ ਵੀ ਜ਼ਰੂਰੀ ਹੈ; ਜਿਵੇਂ ਕਿ
(1). ਗੁਰਮੁਖਿ ਜਾਣਿ ਸਿਞਾਣੀਐ; ਗੁਰਿ ਮੇਲੀ ਗੁਣ ‘ਚਾਰੁ’ ॥ (ਮ: ੧/੫੮) ਇਸ ਤੁਕ ’ਚ ਦਰਜ ‘ਚਾਰ’ ਦਾ ਅਰਥ ਸੰਖਿਅਕ 4 ਨਹੀਂ, ਬਲਕਿ ‘ਸੁੰਦਰ, ਖ਼ੂਬਸੂਰਤ’ ਹੈ, ਜੋ ਵਿਸ਼ੇਸ਼ਣ ਹੈ।
(2). ਕੰਚਨ ਕੇ ‘ਕੋਟ’ ਦਤੁ ਕਰੀ; ਬਹੁ ਹੈਵਰ ਗੈਵਰ ਦਾਨੁ ॥ (ਮ: ੧/੬੨)
ਇਸ ਤੁਕ ’ਚ ਦਰਜ ‘ਕੋਟ’ ਦਾ ਅਰਥ ‘ਕਰੋੜ’ ਨਹੀਂ ਬਲਕਿ ਕਿਲ੍ਹੇ (ਬਹੁ ਵਚਨ ਨਾਉਂ) ਹੈ।
(3). ਲੰਕਾ ਸਾ ‘ਕੋਟੁ’; ਸਮੁੰਦ ਸੀ ਖਾਈ ॥ (ਭਗਤ ਕਬੀਰ/੪੮੧)
ਇਸ ਤੁਕ ’ਚ ਦਰਜ ‘ਕੋਟੁ’ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ ‘ਕਿਲ੍ਹਾ’।
ਅਜਿਹੇ ਹੀ ਕੁਝ ਹੋਰ ਗਿਣਤੀ ਵਾਚਕ ਸ਼ਬਦ ਹਨ ਹਨ; ਜਿਵੇਂ ਕਿ ‘ਪੰਜਿ, ਅਠਸਠਿ, ਸਤਰਿ, ਕਰੋੜਿ’, ਆਦਿ।
(ਭਾਗ-ੲ) ਨਿਯਮ ਨੰ. 2
ਪਿਛਲੇ ਭਾਗਾਂ ਵਿਚ ‘ਨਾਉਂ’ (ਇੱਕ ਵਚਨ ਪੁਲਿੰਗ, ਬਹੁ ਵਚਨ ਪੁਲਿੰਗ, ਇਸਤਰੀ ਲਿੰਗ) ਸੰਬੰਧੀ ਗੁਰਬਾਣੀ ਵਿਆਕਰਨ ਦੇ ਕੁਝ ਸਰਲ ਨੇਮਾਂ ਦੀ ਵਿਚਾਰ ਕੀਤੀ ਗਈ ਹੈ। ਅਗਾਂਹ ‘ਪੜਨਾਉਂ’ ਸੰਬੰਧੀ ਕੁਝ ਸਰਲ ਨੇਮ ਵਿਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਪ੍ਰਸ਼ਨ: ‘ਪੜਨਾਉਂ’ ਸ਼ਬਦ ਕਿਸ ਨੂੰ ਆਖਦੇ ਹਨ ?
ਉੱਤਰ: ਜਿਹੜੇ ਸ਼ਬਦ, ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ) ਦੀ ਗ਼ੈਰ ਹਾਜ਼ਰੀ ਵਿੱਚ ਵਰਤੇ ਜਾਣ ਪਰ ਉਨ੍ਹਾਂ ਦੀ ਵਰਤੋਂ ਨਾਲ ਅਰਥਾਂ ਵਿਚ ਕੋਈ ਫ਼ਰਕ ਨਾ ਪਏ ਉਹ ‘ਪੜਨਾਉਂ’ ਅਖਵਾਉਂਦੇ ਹਨ; ਜਿਵੇਂ
ਮੈਂ, ਅਸੀਂ, ਤੂੰ, ਤੁਸੀਂ, ਉਹ, ਇਹ, ਜਿਸ, ਉਸ, ਇਸ, ਕਿਸ, ਸਾਡਾ, ਆਦਿ।
ਹੇਠ ਲਿਖੇ ਵਾਕ ਵਿਚ ਉਲਟੇ ਕੌਮਿਆਂ ’ਚ ਬੰਦ ਸ਼ਬਦ ‘ਪੜਨਾਉਂ’ ਹਨ।
ਰਾਮ ਸਿੰਘ ‘ਸਾਡਾ’ ਸਰਪੰਚ ਹੈ, ‘ਜਿਸ’ ਦਾ ‘ਅਸੀਂ’ ਸਤਿਕਾਰ ਕਰਦੇ ਹਾਂ ਕਿਉਂਕਿ ‘ਉਹ’ ਬੜਾ ਇਮਾਨਦਾਰ ਹੈ, ਜੋ ਮੂਰਖ ‘ਇਸ’ ਦਾ ਵਿਰੋਧ ਕਰਦਾ ਹੈ, ‘ਉਸ’ (ਤਿਸੁ) ਨੂੰ ਪਿੰਡ ਦੇ ਲੋਕ ਪਸੰਦ ਨਹੀਂ ਕਰਦੇ।
ਗੁਰਬਾਣੀ ਵਿਚ ‘ਜਿਸੁ, ਤਿਸੁ, ਕਿਸੁ, ਇਸੁ’ ਪੜਨਾਵਾਂ ਦੀ ਵਰਤੋਂ ਆਮ ਮਿਲਦੀ ਹੈ ਜਿਨ੍ਹਾਂ ਦੇ ਲਿਖਤੀ ਸਰੂਪ ‘ਜਿਸੁ-ਜਿਸ, ਤਿਸੁ-ਤਿਸ, ਕਿਸੁ-ਕਿਸ, ਇਸੁ-ਇਸ’ ਵਿਚਲੀ ਭਿੰਨਤਾ ਨੂੰ ਸਮਝਣ ਲਈ ਹੇਠ ਲਿਖਿਆ ਨਿਯਮ ਵਿਚਾਰਨਯੋਗ ਹੈ।
ਨਿਯਮ : ‘ਜਿਸੁ, ਤਿਸੁ, ਕਿਸੁ, ਇਸੁ’ ਪੜਨਾਂਵ ਭਾਵੇਂ ਇਸਤਰੀ ਲਿੰਗ ਨਾਉਂ ਵਾਸਤੇ ਵਰਤੇ ਜਾਣ ਭਾਵੇਂ ਪੁਲਿੰਗ ਨਾਉਂ ਵਾਸਤੇ ਆਉਣ, ਇਨ੍ਹਾਂ ਦੇ ਅਖੀਰਲੇ ਅੱਖਰ ਦੀ ਔਂਕੜ ਬਣੀ ਰਹਿੰਦੀ ਹੈ ਭਾਵ ਇਨ੍ਹਾਂ ਦੇ ਅੰਤ ਵਿਚ ਔਂਕੜ ਆਉਂਦੀ ਹੀ ਆਉਂਦੀ ਹੈ ਪਰ ਕੁਝ ਖ਼ਾਸ ਸੰਬੰਧਕ ਆਉਣ ਨਾਲ ਇਨ੍ਹਾਂ ਪੜਨਾਵਾਂ ਦੀ ਔਂਕੜ ਹਟ ਵੀ ਜਾਂਦੀ ਹੈ। ਉਹ ਖ਼ਾਸ ਸੰਬੰਧਕ ਹੇਠ ਲਿਖੇ ਹਨ :
ਕਾ, ਕੇ, ਕੀ, ਕੈ, ਦਾ, ਦੇ, ਦੀ, ਦੈ, ਤੇ, ਕਉ, ਨਉ, ਅਤੇ ਨੋ।
ਯਾਦ ਰਹੇ ਕਿ ਕੇਵਲ ਉਪਰੋਕਤ ਲਿਖੇ ਖ਼ਾਸ ਸੰਬੰਧਕਾਂ ਨਾਲ ਹੀ ‘ਜਿਸੁ, ਤਿਸੁ, ਕਿਸੁ, ਇਸੁ’ (ਪੜਨਾਵਾਂ) ਦੀ ਔਂਕੜ ਹਟੇਗੀ ਹੋਰ ਸੰਬੰਧਕਾਂ ਨਾਲ ਨਹੀਂ।
ਹੇਠ ਲਿਖੀਆਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਧਿਆਨ ਨਾਲ ਵਾਚੀਏ ਕਿ ਵਿਚਾਰ ਅਧੀਨ ਪੜਨਾਵਾਂ ਦੇ ਅਖੀਰਲੇ ਅੱਖਰ ਦੀ ਔਂਕੜ ਕਿਉਂ ਹੱਟ ਰਹੀ ਹੈ ਅਤੇ ਕਿਉਂ ਨਹੀਂ ਹਟ ਰਹੀ ?
- ‘ਜਿਸੁ’ਤੂ ਦੇਹਿ; ਤਿਸੈ ਕਿਆ ਚਾਰਾ ॥ (ਜਪੁ)
- ਮਿਹਰ ਕਰੇ‘ਜਿਸੁ’ਮਿਹਰਵਾਨ; ਤਾ ਕਾਰਜੁ ਆਵੈ ਰਾਸਿ ॥ (ਮ: ੫/੪੪)
- ਤੀਰਥਿ ਨਾਵਾ ਜੇ‘ਤਿਸੁ’ਭਾਵਾ; ਵਿਣੁ ਭਾਣੇ, ਕਿ ਨਾਇ ਕਰੀ ? ॥ (ਜਪੁ)
- ਜੇ‘ਤਿਸੁ’ਨਦਰਿ ਨ ਆਵਈ; ਤ ਵਾਤ ਨ ਪੁਛੈ ਕੇ ॥ (ਜਪੁ)
- ‘ਇਹੁ’ਮਨੁ ਅੰਧਾ ਬੋਲਾ ਹੈ; ‘ਕਿਸੁ’ ਆਖਿ ਸੁਣਾਏ ॥ (ਮ: ੩/੩੬੪)
- ‘ਕਿਸੁ’ਨੇੜੈ ? ‘ਕਿਸੁ’ ਆਖਾ ਦੂਰਿ ? ॥ (ਮ: ੧/੪੧੧)
- ਕਿਆ ਕਿਛੁ ਕਰੈ ? ਕਿ ਕਰਣੈਹਾਰਾ ? ਕਿਆ ‘ਇਸੁ’ ਹਾਥਿ ਬਿਚਾਰੇ ? ॥ (ਮ: ੫/੨੧੬)
- ਜੋ‘ਇਸੁ’ਮਾਰੇ, ‘ਤਿਸ ਕੀ’ ਨਿਰਮਲ ਜੁਗਤਾ ॥ (ਮ: ੫/੨੩੮)
(ਭਾਗ-ੲ) ਨਿਯਮ ਨੰ. 3
ਖ਼ਾਸ ਸੰਬੰਧਕੀ (ਸ਼ਬਦ) ਆਇਆਂ ਔਂਕੜ ਹਟ ਜਾਂਦੀ ਹੈ; ਜਿਵੇਂ ਕਿ
- ‘ਜਿਸ ਦਾ’ਰਾਜੁ, ਤਿਸੈ ਕਾ ਸੁਪਨਾ ॥ (ਮ: ੫/੧੭੯)
- ‘ਜਿਸ ਕੇ’ਜੀਅ ਪਰਾਣ ਹਹਿ; ਕਿਉ ਸਾਹਿਬੁ ਮਨਹੁ ਵਿਸਾਰੀਐ ? ॥ (ਮ: ੧/੪੭੪)
- ਪ੍ਰੇਮ ਭਗਤਿ;‘ਜਿਸ ਕੈ’ਮਨਿ ਲਾਗੀ ॥ (ਮ: ੫/੧੦੯)
- ‘ਤਿਸ ਕੀ’ਕਟੀਐ; ‘ਜਮ ਕੀ’ ਫਾਸਾ ॥ (ਮ: ੫/੨੩੯)
- ਜੀਉ ਪਿੰਡੁ ਸਭੁ‘ਤਿਸ ਦਾ’, ਦੇ ਖਾਜੈ ਆਖਿ ਗਵਾਈਐ ॥ (ਮ: ੧/੪੬੫)
- ਮੀਤ ਸਖਾ ਸੁਤ ਬੰਧਿਪੋ; ਸਭਿ‘ਤਿਸ ਦੇ’ਜਣਿਆ ॥ (ਮ: ੫/੩੧੯)
- ‘ਤਿਸ ਦੈ’ਚਾਨਣਿ; ਸਭ ਮਹਿ ਚਾਨਣੁ ਹੋਇ ॥ (ਮ: ੧/੧੩)
- ਸੋ ਕਿਉ ਮਨਹੁ ਵਿਸਾਰੀਐ ? ਭਾਈ ! ‘ਜਿਸ ਦੀ’ ਵਡੀ ਹੈ ਦਾਤਿ ॥ (ਮ: ੩/੬੩੯)
- ਲੂਕਿ ਕਮਾਵੈ‘ਕਿਸ ਤੇ’ ? ਜਾ ਵੇਖੈ ਸਦਾ ਹਦੂਰਿ ॥ (ਮ: ੫/੪੮)
- ਸੋ‘ਕਿਸ ਕਉ’ਨਦਰਿ ਲੈ ਆਵੈ ਤਲੈ ? ॥ (ਮ: ੫/੧੮੩)
- ਇਹੁ ਸਰੀਰੁ ਜਜਰੀ ਹੈ;‘ਇਸ ਨੋ’ਜਰ ਪਹੁਚੈ ਆਈ ॥ (ਮ: ੩/੫੮੪)
- ਮਨਮੁਖ ਮਨੁ ਤਨੁ ਅੰਧੁ ਹੈ;‘ਤਿਸ ਨਉ’ਠਉਰ ਨ ਠਾਉ ॥ (ਮ: ੩/੩੦)
ਉਕਤ ਕੀਤੀ ਜਾ ਰਹੀ ਵਿਚਾਰ ਵਿੱਚ ਸਾਰੇ ਸੰਬੰਧਕੀ ‘ਕਾ, ਕੇ, ਕੀ, ਕੈ, ਦਾ, ਦੇ, ਦੀ, ਦੈ, ਤੇ, ਕਉ, ਨਉ ਅਤੇ ਨੋ ਹਨ ਪਰ ਇਨ੍ਹਾਂ ਤੋਂ ਬਿਨਾਂ ਹੋਰ ਸੰਬੰਧਕੀ ਆਉਣ ਤਾਂ ਉਕਤ ਪੜਨਾਂਵ ਸ਼ਬਦਾਂ ਦੀ ਔਂਕੜ ਨਹੀਂ ਹਟ ਸਕਦੀ ਹੈ; ਜਿਵੇਂ
- ਸਚੁ ਸਰਾ ਗੁੜ ਬਾਹਰਾ;‘ਜਿਸੁ ਵਿਚਿ’ਸਚਾ ਨਾਉਂ ॥ (ਮ: ੧/੧੫)
- ਸਾਥਿ ਤੇਰੈ ਚਲੈ ਨਾਹੀ;‘ਤਿਸੁ ਨਾਲਿ’ਕਿਉ ਚਿਤੁ ਲਾਈਐ ? ॥ (ਮ: ੩/੯੧੮)
- ‘ਕਿਸੁ ਉਪਰਿ’ਓਹੁ ਟਿਕ ਟਿਕੈ ? ‘ਕਿਸ ਨੋ’ ਜੋਰੁ ਕਰੇਇ ? ॥ (ਮ: ੪/੧੨੪੧)
- ਤਨੁ ਸੂਚਾ ਸੋ ਆਖੀਐ;‘ਜਿਸੁ ਮਹਿ’ਸਾਚਾ ਨਾਉਂ ॥ (ਮ: ੧/੧੯)
- ਜਾਣਹਿ ਬਿਰਥਾ ਸਭਾ ਮਨ ਕੀ; ਹੋਰੁ‘ਕਿਸੁ ਪਹਿ’ਆਖਿ ਸੁਣਾਈਐ ? ॥ (ਮ: ੫/੩੮੨)
(ਨੋਟ: ਉਪਰੋਕਤ ਵਿਚਾਰੇ ਨਿਯਮਾਂ ਤੋਂ ਇਲਾਵਾ ‘ਹੀ’ ਸ਼ਬਦ (ਜੋ ਸੰਬੰਧਕ ਨਹੀਂ, ਕਿਰਿਆ ਵਿਸ਼ੇਸ਼ਣ ਹੈ) ਵੀ ‘ਜਿਸੁ, ਤਿਸੁ, ਕਿਸੁ, ਇਸੁ’, ਆਦਿ ਪੜਨਾਵਾਂ ਦੀ ਔਂਕੜ ਹਟਾ ਦੇਂਦਾ ਹੈ; ਜਿਵੇਂ
13. ‘ਜਿਸ ਹੀ’ ਕੀ ਸਿਰਕਾਰ ਹੈ; ‘ਤਿਸ ਹੀ’ ਕਾ ਸਭੁ ਕੋਇ ॥ ਮ: ੩/੨੭)