ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ (ਭਾਗ-ੳ) ਨਿਯਮ ਨੰ: 2

0
611

ਗੁਰਬਾਣੀ ਵਿਆਕਰਨ ਸਬੰਧੀ ਪ੍ਰਸ਼ਨ-ਉੱਤਰ

ਵਾ. ਪ੍ਰਿੰਸੀਪਲ ਮਨਿੰਦਰ ਪਾਲ ਸਿੰਘ 94175-86121

(ਭਾਗ-ੳ)    ਨਿਯਮ ਨੰ: 2

ਪ੍ਰਸ਼ਨ : ਇਸਤਰੀ ਲਿੰਗ ਨਾਉਂ ਕਿਸ ਨੂੰ ਕਹਿੰਦੇ ਹਨ ?

ਉੱਤਰ : ਜੋ ਨਾਉਂ (ਵਸਤੂ, ਵਿਅਕਤੀ, ਸਥਾਨ, ਆਦਿ ਨੂੰ ਪ੍ਰਗਟਾਉਣ ਵਾਲਾ ਸ਼ਬਦ) ਇਸਤਰੀ ਜਾਤੀ ਨਾਲ ਸੰਬੰਧਿਤ ਹੋਵੇ, ਉਸ ਨੂੰ ਇਸਤਰੀ ਲਿੰਗ ਨਾਉਂ ਕਹਿੰਦੇ ਹਨ; ਜਿਵੇਂ ‘ਬਰਫ਼ੀ ਖਾਧੀ, ਪੇੜਾ ਖਾਧਾ, ਰੋਟੀ ਖਾਧੀ, ਅੰਬ ਖਾਧਾ, ਇਤਿਆਦਿਕ ਜਿਨ੍ਹਾਂ ਸ਼ਬਦਾਂ ਦੇ ਪਿੱਛੇ ‘ਖਾਧੀ’ ਆਇਆ ਹੈ, ਉਹ ਇਸਤਰੀ ਲਿੰਗ ਨਾਉਂ ਹਨ ਅਤੇ ਜਿਨ੍ਹਾਂ ਦੇ ਪਿੱਛੇ ‘ਖਾਧਾ’ ਆਇਆ ਹੈ, ਉਹ ਪੁਲਿੰਗ (ਪੁਰਸ਼ ਲਿੰਗ) ਨਾਉਂ ਹਨ।

ਹੇਠਾਂ ਲਿਖੀਆਂ ਪੰਕਤੀਆਂ ਵਿਸ਼ੇ ਨੂੰ ਸਮਝਣ ਲਈ ਮਦਦਗਾਰ ਹੋ ਸਕਦੀਆਂ ਹਨ :

(1).         ਭਰੀਐ; ਹਥੁ ਪੈਰੁ ਤਨੁ ‘ਦੇਹ’॥  ਪਾਣੀ ਧੋਤੈ; ਉਤਰਸੁ ‘ਖੇਹ’॥ (ਜਪੁ)

(2).         ਤਨੁ ਮਨੁ ਸੀਤਲੁ; ਸਾਚੁ ‘ਪਰੀਖ’॥ (ਮ: ੧/੧੫੨)

(3).  ਕਾਮੁ, ਕ੍ਰੋਧੁ, ਲੋਭੁ, ਮੋਹੁ ਜੀਤਹੁ; ਐਸੀ ‘ਖੇਲ’ ਹਰਿ ਪਿਆਰੀ॥ (ਮ: ੫/੧੧੮੫)

(4).         ਦਇਆ ‘ਕਪਾਹ’, ਸੰਤੋਖੁ ਸੂਤੁ; ਜਤੁ ਗੰਢੀ ਸਤੁ ਵਟੁ॥ (ਮ: ੧/੪੭੧)

ਵਿਚਾਰ ਅਧੀਨ ਉਕਤ ਪੰਕਤੀ ਨੰ. 1 (ਭਰੀਐ; ਹਥੁ ਪੈਰੁ ਤਨੁ ‘ਦੇਹ’॥ ) ਵਿੱਚ ‘ਹਥੁ, ਪੈਰੁ ਤੇ ਤਨੁ’ ਸ਼ਬਦਾਂ ਦੇ ਅਖੀਰ ’ਚ ਔਂਕੜ ਲੱਗੀ ਹੋਈ ਹੈ ਜਦ ਕਿ ‘ਦੇਹ’ ਨੂੰ ਅੰਤ ਔਂਕੜ ਨਹੀਂ, ਆਖ਼ਿਰ ਕਿਉਂ ? 

ਇਨ੍ਹਾਂ ਵਾਕਾਂ ਵੱਲ ਧਿਆਨ ਦਿਓ ‘ਮੈਂ ਹੱਥ ਧੋਤਾ, ਪੈਰ ਧੋਤਾ, ਤਨ ਧੋਤਾ ਅਤੇ ਮੈਂ ਦੇਹ (ਦੇਹੀ) ਧੋਤੀ।  ਗੱਲ ਪਕੜ ’ਚ ਆਈ ਹੋਵੇਗੀ ਕਿ ਤਿੰਨ ‘ਔਂਕੜ ਅੰਤ’ ਸ਼ਬਦਾਂ ਨਾਲ ‘ਧੋਤਾ’ (ਕਿਰਿਆ) ਹੈ ਜਦ ਕਿ ਚੌਥੇ ਸ਼ਬਦ ‘ਦੇਹ’ ਨਾਲ ‘ਧੋਤੀ’ (ਕਿਰਿਆ) ਸ਼ਬਦ ਕਿਉਂ ਆਇਆ ਹੈ ?  ਭਾਵ ‘ਦੇਹ’ ਇਸਤਰੀ ਲਿੰਗ ਹੈ, ਇਸੇ ਤਰ੍ਹਾਂ ‘ਖੇਹ’ (ਮਿੱਟੀ) (ਪਾਣੀ ਧੋਤੈ; ਉਤਰਸੁ ‘ਖੇਹ’॥) ਵੀ ਇਸਤਰੀ ਲਿੰਗ ਨਾਉਂ ਹੋਣ ਕਾਰਨ ਮੁਕਤਾ ਅੰਤ ਹੈ, ਇਸ ਲਈ ‘ਖੇਹ (ਮਿੱਟੀ) ਧੋਤੀ, ਨਾ ਕਿ ‘ਖੇਹ ਧੋਤਾ’ ਵਾਕ ਬਣੇਗਾ।

ਉਕਤ ਪੰਕਤੀ ਨੰ. 2 (ਤਨੁ ਮਨੁ ਸੀਤਲੁ; ਸਾਚੁ ‘ਪਰੀਖ’॥) ਵਿੱਚ ਵਾਕ ਇਉਂ ਬਣ ਰਿਹਾ ਹੈ।

ਮੇਰਾ ਮਨ (ਪੁਲਿੰਗ), ਮੇਰਾ ਤਨ (ਪੁਲਿੰਗ) ਪਰ ‘ਮੇਰੀ ਪਰੀਖ’ (ਪਰਖ ਜਾਂ ਪਹਿਚਾਣ) ਇਸਤਰੀ ਲਿੰਗ ਸ਼ਬਦ ਹੈ।

ਇਸੇ ਤਰ੍ਹਾਂ ਉਕਤ ਪੰਕਤੀ ਨੰ. 3 (ਕਾਮੁ, ਕ੍ਰੋਧੁ, ਲੋਭੁ, ਮੋਹੁ ਜੀਤਹੁ; ਐਸੀ ‘ਖੇਲ’ ਹਰਿ ਪਿਆਰੀ॥) ਵਿੱਚ ‘ਕਾਮੁ, ਕ੍ਰੋਧੁ, ਲੋਭੁ, ਮੋਹੁ’ ਪੁਲਿੰਗ ਸ਼ਬਦ ਹਨ ਜਦ ਕਿ ‘ਖੇਲ’ ਇਸਤਰੀ ਲਿੰਗ ਹੈ ਕਿਉਂਕਿ ਇਸ ਨਾਲ ‘ਐਸੀ ਖੇਲ’ ਦਰਜ ਹੈ, ਨਾ ਕਿ ‘ਐਸਾ ਖੇਲ’।

 ਉਕਤ ਪੰਕਤੀ ਨੰ. 4 (ਦਇਆ ‘ਕਪਾਹ’, ਸੰਤੋਖੁ ਸੂਤੁ; ਜਤੁ ਗੰਢੀ ਸਤੁ ਵਟੁ॥) ਵਿੱਚ ‘ਸੰਤੋਖੁ, ਸੂਤੁ, ਜਤੁ ਤੇ ਵਟੁ’ ਸਭ ਪੁਲਿੰਗ ਨਾਉਂ ਹਨ ਜਦ ਕਿ ‘ਕਪਾਹ’ (ਫਸਲ ਦਾ ਨਾਂ) ਇਸਤਰੀ ਲਿੰਗ ਹੈ।  ਵਾਕ ਇਉਂ ਬਣੇਗਾ ‘ਇਹ ਕਪਾਹ ਚੰਗੀ ਹੈ’ ਅਤੇ ‘ਇਹ ਸੂਤੁ ਚੰਗਾ ਹੈ।’

 ਜਿਹੜੇ ਸ਼ਬਦ ਇਸਤਰੀ ਲਿੰਗ ਹਨ; ਜਿਵੇਂ ਕਿ ‘ਦੇਹ, ਕਪਾਹ, ਖੇਲ, ਪਰੀਖ’;  ਉਨ੍ਹਾਂ ਦਾ ਅਖੀਰਲਾ ਅੱਖਰ ਮੁਕਤਾ ਅੰਤ ਆ ਰਿਹਾ ਹੈ।  ਸੋ, ਇਕ ਹੋਰ ਨਿਯਮ ਸਾਹਮਣੇ ਆ ਗਿਆ ਕਿ ਇਸਤਰੀ ਲਿੰਗ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲੇ ਸ਼ਬਦ) ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਆਉਂਦੀ ਭਾਵੇਂ ਉਹ ਇਕ ਵਚਨ ਹੋਵੇ ਜਾਂ ਬਹੁ ਵਚਨ।

ਨੋਟ: ਪਿਛਲੀ ਸਾਰੀ ਵਿਚਾਰ ਨੂੰ ਇਕੱਠਾ ਕਰੀਏ ਤਾਂ ਹੇਠ ਲਿਖੇ ਨਿਯਮ ਪ੍ਰਗਟ ਹੋ ਜਾਂਦੇ ਹਨ :

(ੳ). ਇਕ ਵਚਨ ਪੁਲਿੰਗ ਨਾਉਂ (ਉਹ ਸ਼ਬਦ, ਜੋ ਇੱਕ ਵਸਤੂ, ਇੱਕ ਵਿਅਕਤੀ, ਇੱਕ ਸਥਾਨ ਬਾਬਤ ਹੋਣ ਅਤੇ ਪੁਰਸ਼ ਜਾਤੀ ਨਾਲ ਸੰਬੰਧਿਤ ਹੋਵਣ) ਦੇ ਅਖੀਰਲੇ ਅੱਖਰ ਨੂੰ ਔਂਕੜ ਆਵੇਗੀ।

(ਅ). ਹੇਠ ਲਿਖੇ ਨਿਯਮਾਂ ਮੁਤਾਬਕ ਨਾਉਂ ਸ਼ਬਦ ਦੇ ਅੰਤ ’ਚ ਔਂਕੜ ਨਹੀਂ ਆਉਂਦੀ।

(1).  ਜਦ ਨਾਉਂ ਬਹੁ ਵਚਨ ਹੋਵੇ (ਭਾਵ ਇਕ ਤੋਂ ਵਧੀਕ ਵਸਤੂਆਂ, ਕਈ ਵਿਅਕਤੀਆਂ, ਕਈ ਸਥਾਨਾਂ ਦਾ ਬੋਧ ਕਰਵਾਉਣ ਵਾਲੇ ਸ਼ਬਦ ਹੋਣ), ਤਾਂ ਉਨ੍ਹਾਂ ਸ਼ਬਦਾਂ ਦਾ ਅੰਤ ਮੁਕਤਾ ਹੋਵੇਗਾ।

(2).  ਜੇਕਰ ਨਾਉਂ (ਵਸਤੂ, ਵਿਅਕਤੀ, ਸਥਾਨ ਦਾ ਬੋਧ ਕਰਵਾਉਣ ਵਾਲਾ ਸ਼ਬਦ) ਇਸਤਰੀ ਲਿੰਗ ਹੋਵੇ, ਤਾਂ ਵੀ ਸ਼ਬਦ ਦਾ ਅੰਤ ਮੁਕਤਾ ਹੋਵੇਗਾ।