ਗੁਰਬਾਣੀ ’ਚ ਸਾਹਿਤਕਾਰੀ ਅਨੁਸਾਰ ਬਿੰਦੀ ਦੀ ਵਰਤੋਂ ਤੇ ਉਚਾਰਨ
ਕਿਰਪਾਲ ਸਿੰਘ ਬਠਿੰਡਾ
ਹੁਣ ਤੱਕ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਨਾਂਵ ਸ਼ਬਦਾਂ ਦਾ ਲੋੜ ਅਨੁਸਾਰ ਨਾਸਕੀ ਉਚਾਰਨ ਭਾਵ ਬਿੰਦੀ, ਟਿੱਪੀ ਸਹਿਤ ਅਤੇ ਦੁੱਤ ਉਚਾਰਨ ਭਾਵ ਅੱਧਕ ਸਹਿਤ ਉਚਾਰਨ ਬਾਰੇ ਵੀਚਾਰ ਕੀਤੀ ਹੈ। ਇਸ ਭਾਗ ਵਿੱਚ ਅੱਖਰਾਂ ਦੇ ਪੈਰ ਬਿੰਦੀ ਦੀ ਵਰਤੋਂ ਵਿਚਾਰੀ ਜਾਣੀ ਹੈ। ਜਿਸ ਤਰ੍ਹਾਂ ਸਮੁੱਚੀ ਗੁਰਬਾਣੀ ਵਿੱਚ ਕਿਸੇ ਵੀ ਅੱਖਰ ਉੱਪਰ ਅੱਧਕ ਦੀ ਵਰਤੋਂ ਕੀਤੀ ਹੋਈ ਨਹੀਂ ਮਿਲਦੀ ਹੈ, ਇਸੇ ਤਰ੍ਹਾਂ ਕਿਸੇ ਵੀ ਅੱਖਰ ਨੂੰ ਪੈਰ ਬਿੰਦੀ ਸਹਿਤ ਵੀ ਨਹੀਂ ਲਿਖਿਆ ਗਿਆ ਕਿਉਂਕਿ ਜਿਸ ਸਮੇਂ ਗੁਰਬਾਣੀ ਦੀ ਸੰਪਾਦਨਾ ਕੀਤੀ ਗਈ, ਉਸ ਸਮੇਂ ਗੁਰਮੁਖੀ ਲਿਪੀ ਵਿੱਚ ਕੇਵਲ 35 ਅੱਖਰ ਸਨ ਤੇ ਪੈਰ ਬਿੰਦੀ ਲਾਉਣ ਦਾ ਰਿਵਾਜ ਪ੍ਰਚਲਿਤ ਨਹੀਂ ਸੀ ਅਤੇ ਨਾ ਹੀ ਅੱਧਕ ਦਾ ਚਿੰਨ੍ਹ ਹੁੰਦਾ ਸੀ ਪਰ ਕਿਉਂਕਿ ਗੁਰਬਾਣੀ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ ਇਸ ਲਈ ਉਨ੍ਹਾਂ ਭਾਸ਼ਾਵਾਂ ਖਾਸ ਕਰ ਕੇ ਫਾਰਸੀ ਭਾਸ਼ਾ ’ਚੋਂ ਤਤਸਮ (ਜਿਉਂ ਦਾ ਤਿਉਂ ਸ਼ਬਦ) ਸਰੂਪ ਵਿੱਚ ਆਏ ਸ਼ਬਦ ਲਿਖੇ ਤਾਂ ਬਿਨਾਂ ਪੈਰ ਬਿੰਦੀ ਤੋਂ ਹੀ ਗਏ ਹਨ ਪਰ ਉਨ੍ਹਾਂ ਦਾ ਉਚਾਰਨ ਮੂਲ (ਸੰਬੰਧਤ) ਭਾਸ਼ਾ ਦੀ ਸਾਹਿਤਕਾਰੀ ਅਨੁਸਾਰ ਹੀ ਕੀਤਾ ਜਾਣਾ ਯੋਗ ਹੈ। ਇਸ ਦਾ ਕਾਰਨ ਇਹ ਹੈ ਕਿ ਗੁਰਬਾਣੀ ਦੀ ਸੰਪਾਦਨਾ ਸਮੇਂ ਤਾਂ ਕੋਈ ਵੀ ਅੱਖਰ ਪੈਰ ਬਿੰਦੀ ਸਹਿਤ ਨਹੀਂ ਲਿਖਿਆ ਗਿਆ ਭਾਵੇਂ ਬੋਲੇ ਪੈਰ ਬਿੰਦੀ ਸਹਿਤ ਹੀ ਜਾਂਦੇ ਸਨ, ਪਰ ਕਾਫ਼ੀ ਸਮੇਂ ਬਾਅਦ (ਭਾਵ ਜਦ ਆਮ ਪੰਜਾਬੀ ਬੋਲੀ ਜਾਂ ਜ਼ਮੀਨੀ ਹਾਲਾਤ; ਅਜੋਕੀ ਪੰਜਾਬੀ ਭਾਸ਼ਾ ਲਿਖਤ ਵੱਲ ਮੁੜਨ ਲੱਗੇ ਤਾਂ) ਅਜੋਕੀ ਪੰਜਾਬੀ ਉਚਾਰਨ ਧੁਨੀ ਨੂੰ ਗੁਰਬਾਣੀ ਲਿਖਣਸ਼ੈਲੀ ਉਚਾਰਨ ਵਿਸ਼ੇ ਨਾਲ਼ ਮਿਲਾਏ ਰੱਖਣ ਲਈ ਆਧੁਨਿਕ ਪੰਜਾਬੀ ’ਚ ਪੰਜ ਅੱਖਰ ‘ਸ, ਖ, ਗ, ਜ, ਫ’ ਨੂੰ ਪੈਰ ਬਿੰਦੀ ਸਹਿਤ ‘ਸ਼, ਖ਼, ਗ਼, ਜ਼, ਫ਼’ ਲਿਖਿਆ ਜਾਣ ਲੱਗਾ ਅਤੇ ਇਸ ਤੋਂ ਵੀ ਅਗਾਂਹ (ਭਾਵ ਮਾਤਰ 30-35 ਕੁ ਸਾਲ ਪਹਿਲਾਂ ਹੀ) ਛੇਵੇਂ ਅੱਖਰ ‘ਲ’ ਨੂੰ ਵੀ ਪੈਰ ਬਿੰਦੀ ਸਹਿਤ ‘ਲ਼’ ਲਿਖਣਾ ਸ਼ੁਰੂ ਹੋ ਗਿਆ ਤੇ ਪੈਰ ਬਿੰਦੀ ਵਾਲੇ ਸ਼ਬਦ 5 ਤੋਂ ਵਧ ਕੇ 6 ਹੋ ਗਏ।
ਅਜਿਹੀ ਗੱਲ ਵੀ ਨਹੀਂ ਕਿ ਗੁਰਮੁਖੀ ਜਾਂ ਪੰਜਾਬੀ ਵਿੱਚ 30-35 ਸਾਲ ਪਹਿਲਾਂ ‘ਲ਼’ ਧੁਨੀ ਨਹੀਂ ਸੀ। 50 ਕੁ ਸਾਲ ਤੋਂ ਵਡੇਰੀ ਉਮਰ ਦੇ ਲੋਕ ਅੱਜ ਵੀ ਮੌਜੂਦ ਹਨ, ਜੋ ਜਾਣਦੇ ਹਨ ਕਿ ਪਹਿਲਾਂ ‘ਕਾਲ਼ਾ, ਪੀਲ਼ਾ, ਲਾਲ਼ਾ (ਗੁੜ ਬਣਨ ਤੋਂ ਪਹਿਲਾਂ ਰਹੁ ਦੀ ਦਸ਼ਾ), ਵੇਲ਼ਾ, ਭੋਲ਼ਾ (ਮਾਸੂਮ)’ ਆਦਿਕ ਧੁਨੀ ਪ੍ਰਚਲਿਤ ਸੀ, ਜੋ ਲਿਖਤ ਵਿੱਚ ਬਿਨਾਂ ਪੈਰ ਬਿੰਦੀ ਹੀ ਹੁੰਦੇ ਸਨ ਅਤੇ ਸ਼ੁੱਧ ਪੰਜਾਬੀ ਬੋਲਣ ਵਾਲ਼ਾ ਮਨੁੱਖ ਇਨ੍ਹਾਂ ਸ਼ਬਦਾਂ ਨੂੰ ਬਿਨਾਂ ਪੈਰ ਬਿੰਦੀ ‘ਕਾਲਾ, ਪੀਲਾ, ਲਾਲਾ’ ਆਦਿ ਉਚਾਰਨ ਨਹੀਂ ਕਰਦਾ ਸੀ ਭਾਵ ਹਮੇਸ਼ਾਂ ਪੈਰ ਬਿੰਦੀ ਵਾਲ਼ਾ ਉਚਾਰਨ ‘ਲ਼’ ਰਵਾਇਤੀ ਰਿਹਾ ਹੈ ਪਰ ਲਿਖਣ ਨਿਯਮ ’ਚ ਇਹ ਧੁਨੀ ਅੱਖਰ ਮੌਜੂਦ ਨਾ ਹੋਣ ਕਾਰਨ ਬਿਨਾਂ ਪੈਰ ਬਿੰਦੀ ਹੀ ਲਿਖੇ ਜਾਂਦੇ ਰਹੇ ਸਨ। ਇਸੇ ਯੁਕਤੀ ’ਚ ‘ਸ਼, ਖ਼, ਗ਼, ਜ਼, ਫ਼’ ਧੁਨੀ ਵੀ ਬਹੁਤ ਪਹਿਲਾਂ ਪ੍ਰਚਲਿਤ ਰਹੀ ਹੋਏਗੀ, ਇਸ ਲਈ ਹੀ ਅਜੋਕੀ ਪੰਜਾਬੀ ਲਿਪੀ ’ਚ 35 ਅੱਖਰ ਧੁਨੀ ਤੋਂ ਹੋਰ ਵਧੀਕ ਇਹ ਧੁਨੀਆਂ ਵੀ ਲਿਖਤੀ ਵਰਣਮਾਲਾ ’ਚ ਵਧਾਉਣਾ ਮਹਿਸੂਸ ਹੋਇਆ।
ਸੋ, ਹਰ ਭਾਸ਼ਾ (ਬੋਲੀ) ਦਾ ਭਾਵਾਰਥ ਸਮਝਣਾ ਮਹੱਤਵ ਪੂਰਨ ਹੁੰਦਾ ਹੈ, ਨਾ ਕਿ ਕਿਸੇ ਬੋਲੀ ਨੂੰ ਕੇਵਲ ਸ਼ਬਦਾਰਥਾਂ ਤੱਕ ਹੀ ਜਾਣ ਕੇ ਬੰਦਾ ਰੁਕ ਜਾਵੇ, ਇਸ ਲਈ ਗੁਰਬਾਣੀ ਦੇ ਭਾਵਾਰਥਾਂ ਦੀ ਸਪਸ਼ਟਤਾ ਲਈ ਚਲਦੇ ਪ੍ਰਸੰਗ ਅਨੁਸਾਰ ਕਿਸੇ ਪੰਜਾਬੀ ਅੱਖਰ ਧੁਨੀ ਦੇ ਪੈਰ ’ਚ ਬਿੰਦੀ ਲਗਾ ਕੇ ਗੁਰਬਾਣੀ ਦਾ ਵਿਸ਼ਾ (ਭਾਵਾਰਥ) ਸਮਝਣਾ ਬੁਧੀਮਾਨੀ ਹੈ ਤੇ ਇਸ ਜਾਣਕਾਰੀ ਵੱਲੋਂ ਅਵੇਸਲੇ ਰਹਿਣਾ ਸ਼ਬਦਾਰਥਾਂ ਦੇ ਭਾਵਾਰਥਾਂ ਨੂੰ ਵਧੇਰੇ ਮੁਸ਼ਕਲ ਕਰੇਗਾ; ਜਿਵੇਂ ਕਿ
ਸੇਰ
1. ਦੁਇ ‘ਸੇਰ’ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ॥ ਅਧ ‘ਸੇਰੁ’ ਮਾਂਗਉ ਦਾਲੇ ॥ ਮੋ ਕਉ, ਦੋਨਉ ਵਖਤ ਜਿਵਾਲੇ॥ (ਭਗਤ ਕਬੀਰ ਜੀ/656)
2. ਚੰਗਿਆੲਂੀ ਆਲਕੁ ਕਰੇ ; ਬੁਰਿਆੲਂੀ ਹੋਇ ‘ਸੇਰੁ’ (ਸ਼ੇਰ)॥ (ਮ: 5/518)
ਉਚਾਰਨ ਸੇਧ : ਉਕਤ ਤੁਕ ਨੰ: (1) ਵਿੱਚ ‘ਸੇਰ’ ਬਹੁ ਵਚਨ ਅਤੇ ‘ਸੇਰੁ’ ਇਕ ਵਚਨ ਭਾਰ ਤੋਲਣ ਵਾਲੇ ਸੇਰ ਵੱਟੇ ਦੇ ਲਖਾਇਕ ਹਨ ਤੇ ਇਨ੍ਹਾਂ ਦਾ ਉਚਾਰਨ ਬਿਨਾਂ ਪੈਰ ਬਿੰਦੀ ‘ਸੇਰ’ ਕਰਨਾ ਹੀ ਯੋਗ ਹੈ ਪਰ ਤੁਕ ਨੰ: (2) ਵਿੱਚ ‘ਸੇਰੁ’ ਇੱਕ ਵਚਨ ਜੰਗਲੀ ਜਾਨਵਰ ‘ਸ਼ੇਰ’ ਦਾ ਲਖਾਇਕ ਹੋਣ ਕਰ ਕੇ ਇੱਥੇ ਪੈਰ ਬਿੰਦੀ ਲਾ ਕੇ ‘ਸ਼ੇਰ’ ਕਰਨਾ ਠੀਕ ਰਹੇਗਾ ਅਤੇ ਬਿਨਾਂ ਪੈਰ ਬਿੰਦੀ ਉਚਾਰਨ ਨਾਲ ਭਾਵਾਰਥ ਗ਼ਲਤ ਲਿਆ ਜਾ ਸਕਦਾ ਹੈ।
ਨੋਟ : ਵੀਚਾਰ ਅਧੀਨ ਸ਼ਬਦਾਂ ਦਾ ਬ੍ਰੈਕਟ ਵਿੱਚ ਸ਼ੁੱਧ ਉਚਾਰਨ ਅਤੇ ਲੋੜ ਅਨੁਸਾਰ ਅਰਥ ਵੀ ਲਿਖੇ ਗਏ ਹਨ ਤਾਂ ਕਿ ਸਰਲਤਾ ਬਣੀ ਰਹੇ ।
ਸਿਖਾ
1. ਗੁਰਮੁਖਿ ਸਖੀਆ ‘ਸਿਖ’ (ਸਿੱਖ) ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ; ਇਕਿ, ਗੁਰਿ (ਨੇ) ਕਾਰੈ ਲਾਈਆ ॥ ਜਿਨਾ, ਗੁਰੁ ਪਿਆਰਾ ਮਨਿ ਚਿਤਿ ; ਤਿਨਾ, ਭਾਉ ਗੁਰੂ ਦੇਵਾਈਆ ॥ ਗੁਰ ‘ਸਿਖਾ’ (ਸਿੱਖਾਂ) ਇਕੋ ਪਿਆਰੁ ; ਗੁਰ ਮਿਤਾ ਪੁਤਾ ਭਾਈਆ॥ (ਮ: 4/648)
ਅਰਥ: ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਆਪੋ ਵਿੱਚ ਸੰਗਤ ਬਣਾ) ਮਿਲਾਈਆਂ ਹਨ; ਉਹਨਾਂ ਵਿੱਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ ਤੇ ਕਈਆਂ ਨੂੰ ਸਤਿਗੁਰੂ ਨੇ (ਹੋਰ) ਕੰਮ-ਕਾਰ ’ਚ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿੱਚ ਪਿਆਰਾ ਗੁਰੂ ਵਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ, ਮਿੱਤ੍ਰਾਂ, ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ।
2. ਖਲੜੀ, ਖਪਰੀ, ਲਕੜੀ, ਚਮੜੀ, ‘ਸਿਖਾ’ (ਸ਼ਿਖਾ = ਬੋਦੀ), ਸੂਤੁ, ਧੋਤੀ, ਕੀਨ੍ੀ ॥ ਤੂੰ ਸਾਹਿਬੁ ; ਹਉ, ਸਾਂਗੀ ਤੇਰਾ, ਪ੍ਰਣਵੈ ਨਾਨਕੁ, ਜਾਤਿ ਕੈਸੀ ?॥ (ਮ: 1/358)
ਅਰਥ : ਕਿਸੇ ਨੇ (ਭੰਗ ਆਦਿ ਪਾਉਣ ਲਈ) ਚਮੜੇ ਦੀ ਝੋਲੀ ਬਣਾ ਲਈ, ਕਿਸੇ ਨੇ ਮੰਗਣ ਲਈ (ਹੱਥ ’ਚ) ਖੱਪਰ ਫੜ ਲਿਆ, ਕੋਈ ਡੰਡਾਧਾਰੀ ਬਣ ਗਿਆ, ਕਿਸੇ ਨੇ ਮ੍ਰਿਗ ਛਾਲਾ ਪਹਿਣ ਲਈ, ਕੋਈ ਬੋਦੀ, ਜਨੇਊ, ਧੋਤੀ ਆਦਿ ਦਾ ਧਾਰਨੀ ਬਣ ਗਿਆ, ਪਰ ਹੇ ਪ੍ਰਭੂ ! ਤੂੰ ਇਨ੍ਹਾਂ ਨਾਲ ਪ੍ਰਸੰਨ ਨਹੀਂ ਹੁੰਦਾ, ਇਸ ਲਈ ਨਾਨਕ ਆਖਦਾ ਹੈ ਕਿ ਤੂੰ ਮੇਰਾ ਮਾਲਕ ਹੈਂ ਤੇ ਮੈਂ ਤੇਰਾ ਬਹੁ ਰੂਪੀਆ (ਸ੍ਵਾਂਗੀ) ਅਖਵਾਉਂਦਾ ਹਾਂ (ਤਾਂ ਤੇ ਉੱਚੀ-ਨੀਵੀਂ) ਜਾਤ ਦਾ ਮਾਣ ਕਾਹਦਾ ?
3. ਦਇਆ ਕਪਾਹ, ਸੰਤੋਖੁ ਸੂਤੁ, ਜਤੁ ਗੰਢੀ, ਸਤੁ ਵਟੁ ॥ ਏਹੁ ਜਨੇਊ ਜੀਅ ਕਾ ; ਹਈ, ਤ ਪਾਡੇ ! ਘਤੁ ॥ ਨਾ ਏਹੁ ਤੁਟੈ, ਨ ਮਲੁ ਲਗੈ ; ਨਾ ਏਹੁ ਜਲੈ, ਨ ਜਾਇ ॥ ਧੰਨੁ ਸੁ ਮਾਣਸ, ਨਾਨਕਾ ! ਜੋ, ਗਲਿ ਚਲੇ ਪਾਇ ॥ ਚਉਕੜਿ ਮੁਲਿ ਅਣਾਇਆ ; ਬਹਿ ਚਉਕੈ, ਪਾਇਆ ॥ ‘ਸਿਖਾ’ (ਸਿੱਖਾ= ਸਿੱਖਿਆ ਦੇ ਕੇ), ਕੰਨਿ ਚੜਾਈਆ ; ਗੁਰੁ, ਬ੍ਰਾਹਮਣੁ ਥਿਆ ॥ ਓਹੁ ਮੁਆ, ਓਹੁ ਝੜਿ ਪਇਆ ; ਵੇਤਗਾ ਗਇਆ ॥ (ਆਸਾ ਕੀ ਵਾਰ/ਮ: 1/471) ਭਾਵ ਹੇ ਪੰਡਤ ! ਜੇ (ਤੇਰੇ ਪਾਸ) ਇਸ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ (ਮੇਰੇ ਗਲ਼) ਪਾ ਦੇਹ-ਇਹ ਜਨੇਊ, ਜਿਸ ਦੀ ਕਪਾਹ ਦਇਆ ਹੋਵੇ, ਜਿਸ ਦਾ ਸੂਤ ਸੰਤੋਖ ਹੋਵੇ, ਜਿਸ ਦੀਆਂ ਗੰਢਾਂ ਜਤ ਹੋਣ ਅਤੇ ਵੱਟ, ਉੱਚਾ ਆਚਰਨ ਹੋਵੇ। (ਹੇ ਪੰਡਿਤ) ! ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਹੀ ਇਸ ਨੂੰ ਮੈਲ ਲੱਗਦੀ ਹੈ, ਨਾ ਇਹ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ। ਹੇ ਨਾਨਕ ! ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲ਼ੇ ਵਿੱਚ ਪਾ ਲਿਆ। (ਪਰ ਹੇ ਪੰਡਤ ! ਤੇਰੇ ਦੁਆਰਾ ਪਾਇਆ ਜਾਂਦਾ ਜਨੇਊ ਤਾਂ ਤੂੰ) ਚਾਰ ਕੌਡੀਆਂ ਮੁੱਲ ਦੇ ਕੇ ਮੰਗਵਾ ਲਿਆ (ਆਪਣੇ ਜਜਮਾਨ ਦੇ) ਚੌਕੇ ਵਿੱਚ ਬੈਠ ਕੇ (ਉਸ ਦੇ ਗਲ਼) ਪਾ ਦਿੱਤਾ (ਫੇਰ ਤੈਂ ਉਸ ਦੇ) ਕੰਨ ਵਿੱਚ ਮੰਤਰ ਦਿੱਤਾ (ਕਿ ਅੱਜ ਤੋਂ ਤੇਰਾ) ਗੁਰੂ ਬ੍ਰਾਹਮਣ (ਭਾਵ ਮੈਂ) ਬਣ ਗਿਆ। (ਸਮਾਂ ਪੁੱਗਣ ’ਤੇ ਜਦੋਂ) ਉਹ (ਜਜਮਾਨ, ਤੇਰਾ ਚੇਲਾ) ਮਰ ਗਿਆ (ਤਾਂ) ਉਹ (ਜਨੇਊ ਉਸ ਦੇ ਸਰੀਰ ਤੋਂ) ਉਤਰ ਗਿਆ (ਭਾਵ ਸੜ ਗਿਆ, ਜੋ ਆਤਮਾ ਦੇ ਨਾਲ ਅੰਤ ਤੱਕ ਨਾ ਨਿਭਿਆ, ਇਸ ਲਈ ਉਹ ਜਜਮਾਨ ਵਿਚਾਰਾ ਤੇਰੇ ਅਨੁਸਾਰ ਅਗਾਂਹ) ਜਨੇਊ ਤੋਂ ਬਿਨਾਂ ਹੀ ਗਿਆ ।
4. ਸਤਸੰਗਤਿ, ਸਤਿਗੁਰ ਚਟਸਾਲ ਹੈ ; ਜਿਤੁ, ਹਰਿ ਗੁਣ ‘ਸਿਖਾ’ (ਸਿੱਖਾ= ਸਿੱਖੇ ਜਾ ਸਕਦੇ ਹਨ)॥ (ਮ: 4/1316)
ਭਾਵ ਸਾਧ ਸੰਗਤ ਸਤਿਗੁਰੂ ਦੀ ਪਾਠਸ਼ਾਲਾ ਹੈ ਜਿਸ ਵਿੱਚ ਪਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ।
(ਨੋਟ : ਉਕਤ ਪੰਕਤੀਆਂ ’ਚੋਂ ਨੰਬਰ ਇੱਕ ’ਚ ‘ਸਿਖਾ’ ਦਾ ਅਰਥ ‘ਬਹੁਤੇ ਸਿੱਖ, ਨੰਬਰ 2 ਤੁਕ ’ਚ ‘ਸਿਖਾ’ ਦਾ ਅਰਥ ‘ਪੰਡਿਤ ਦੇ ਸਿਰ ਦੀ ਬੋਦੀ, ਚੋਟੀ, ਸ਼ਿਖਾ), ਨੰਬਰ 3 ਤੁਕ ’ਚ ‘ਸਿਖਾ’ ਦਾ ਅਰਥ ‘ਸਿੱਖਿਆ’ ਅਤੇ ਨੰਬਰ 4 ਤੁਕ ’ਚ ‘ਸਿਖਾ’ ਦਾ ਅਰਥ ‘ਸਿੱਖੇ ਜਾ ਸਕਦੇ ਹਨ (ਬਹੁ ਵਚਨ ਕਿਰਿਆ), ਇਸ ਲਈ ਪਹਿਲੀ ਤੁਕ ’ਚ ‘ਸਿਖਾ’ ਦਾ ਉਚਾਰਨ ‘ਸਿੱਖਾਂ (ਦਾ)’ ਨੰਬਰ 2 ’ਚ ਉਚਾਰਨ ‘ਸ਼ਿਖਾ’, ਨੰਬਰ 3 ਤੇ 4 ’ਚ ਉਚਾਰਨ ‘ਸਿੱਖਾ’ ਹੋਏਗਾ। )
ਸੇਖ
1. ਜਾ ਕਉ, ਖੋਜਹਿ ਸੁਰਿ ਨਰ ਦੇਵ ॥ ਮੁਨਿ ਜਨ ‘ਸੇਖ’ (ਸ਼ੇਖ਼= ਸ਼ੇਸ਼ਨਾਗ), ਨ ਲਹਹਿ ਭੇਵ ॥ ਜਾ ਕੀ, ਗਤਿ ਮਿਤਿ ਕਹੀ ਨ ਜਾਇ॥ ਘਟਿ ਘਟਿ, ਘਟਿ ਘਟਿ ਰਹਿਆ ਸਮਾਇ ॥ (ਮ: 5/1181) – ਹੇ ਮਾਂ ! ਜਿਸ ਪਰਮਾਤਮਾ ਨੂੰ ਦੈਵੀ ਗੁਣਾਂ ਵਾਲੇ ਮਨੁੱਖ ਅਤੇ ਦੇਵਤੇ ਭਾਲਦੇ ਰਹਿੰਦੇ ਹਨ, ਜਿਸ ਦਾ ਭੇਤ ਮੁਨੀ ਲੋਕ ਅਤੇ ਹਜ਼ਾਰਾਂ ਸਿਰਾਂ ਤੇ ਹਜ਼ਾਰਾਂ ਜੀਭਾਂ ਵਾਲ਼ੇ ਸ਼ੇਸ਼ਨਾਗ ਭੀ ਨਹੀਂ ਪਾ ਸਕਦੇ, ਜਿਸ ਦੀ ਨਿਰਲੇਪ ਅਵਸਥਾ ਅਤੇ ਵਡੱਪਣ ਬਿਆਨ ਨਹੀਂ ਹੋ ਸਕਦੇ, ਹੇ ਮਾਂ ! ਉਹ ਪਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ ।
2. ਆਦਿ ਪੁਰਖ ਕਉ ਅਲਹੁ ਕਹੀਐ ; ‘ਸੇਖਾਂ’ (ਸ਼ੇਖ਼ਾਂ) ਆਈ ਵਾਰੀ ॥ ਦੇਵਲ ਦੇਵਤਿਆ, ਕਰੁ ਲਾਗਾ ; ਐਸੀ ਕੀਰਤਿ ਚਾਲੀ॥ (ਮ: 1/1191) ਭਾਵ ਹੁਣ ਮੁਸਲਮਾਨੀ ਰਾਜ ਦਾ ਸਮਾਂ ਹੈ। (ਜਿਸ ਨੂੰ ਪਹਿਲਾਂ ਹੇਂਦਕੀ ਬੋਲੀ ਵਿੱਚ) ‘ਆਦਿ ਪੁਰਖ’ ਆਖਿਆ ਜਾਂਦਾ ਸੀ ਹੁਣ ਉਸ ਨੂੰ ਅੱਲ੍ਹਾ ਆਖਿਆ ਜਾ ਰਿਹਾ ਹੈ। ਅਜਿਹੀ ਰੀਤ ਚੱਲੀ ਕਿ (ਜਿਨ੍ਹਾਂ ਮੰਦਰਾਂ ’ਚ ਦੇਵਤਿਆਂ ਦੀ ਪੂਜਾ ਹੁੰਦੀ ਸੀ, ਹੁਣ ਉਹਨਾਂ) ਦੇਵ-ਮੰਦਰਾਂ ਉੱਤੇ ਟੈਕਸ ਲਾਇਆ ਜਾ ਰਿਹਾ ਹੈ।
3. ਕਹਤ ਸੁਨਤ, ਕਿਛੁ ਸਾਂਤਿ ਨ ਉਪਜਤ ; ਬਿਨੁ ਬਿਸਾਸ, ਕਿਆ ‘ਸੇਖਾਂ’ (ਸੇਖਾਂ= ਵਿਸ਼ੇਸ਼ਤਾ, ਲਾਭ ਜਾਂ ਗੁਣ) ?॥ ਪ੍ਰਭੂ ਤਿਆਗਿ, ਆਨ ਜੋ ਚਾਹਤ ; ਤਾ ਕੈ ਮੁਖਿ ਲਾਗੈ ਕਾਲੇਖਾ ॥ (ਮ: 5/1221) – ਹੇ ਭਾਈ ! ਨਿਰੇ ਆਖਣ ਸੁਣਨ ਨਾਲ (ਮਨੁੱਖ ਦੇ ਮਨ ਵਿੱਚ) ਕੋਈ ਸ਼ਾਂਤੀ ਪੈਦਾ ਨਹੀਂ ਹੋ ਸਕਦੀ। ਸਰਧਾ ਤੋਂ ਬਿਨਾਂ (ਜ਼ਬਾਨੀ ਆਖਣ ਸੁਣਨ ਦਾ) ਕੋਈ ਲਾਭ ਨਹੀਂ ਹੁੰਦਾ। ਜਿਹੜਾ ਮਨੁੱਖ (ਜ਼ਬਾਨੀ ਤਾਂ ਗਿਆਨ ਦੀਆਂ ਬਹੁਤੀਆਂ ਗੱਲਾਂ ਕਰਦਾ ਹੈ, ਪਰ) ਪ੍ਰਭੂ ਨੂੰ ਭੁਲਾ ਕੇ ਹੋਰ ਹੋਰ (ਪਦਾਰਥ) ਲੋਚਦਾ ਰਹਿੰਦਾ ਹੈ, ਉਸ ਦੇ ਮੱਥੇ ਉੱਤੇ (ਮਾਇਆ ਮੋਹ ਦੀ) ਕਾਲਖ ਲੱਗੀ ਰਹਿੰਦੀ ਹੈ ।
ਗੈਬੁ
ਅਲਹੁ ਗੈਬੁ (ਗ਼ੈਬ= ਲੁਕਿਆ ਹੋਇਆ), ਸਗਲ ਘਟ ਭੀਤਰਿ; ਹਿਰਦੈ ਲੇਹੁ ਬਿਚਾਰੀ ॥ ਹਿੰਦੂ ਤੁਰਕ ਦੁਹੂੰ ਮਹਿ ਏਕੈ ; ਕਹੈ ਕਬੀਰ, ਪੁਕਾਰੀ ॥ (ਕਬੀਰ ਜੀਉ /483) ਭਾਵ ਕਬੀਰ ਪੁਕਾਰ-ਪੁਕਾਰ ਆਖਦਾ ਹੈ ਕਿ ਹੇ ਕਾਜ਼ੀ ! ਹਿੰਦੂ ਤੇ ਤੁਰਕਾਂ ਵਿੱਚ ਇੱਕੋ ਹੀ ਰੱਬ ਹੈ। ਸਾਰੇ ਸਰੀਰਾਂ ਵਿੱਚ ਹੁੰਦਿਆਂ ਹੋਇਆਂ ਵੀ ਉਹ ਲੁਕਿਆ ਬੈਠਾ ਹੈ, ਇਸ ਲਈ ਤੂੰ ਆਪਣੇ ਹਿਰਦੇ ਵਿੱਚ ਵੀਚਾਰ ਕਰ ਕੇ ਵੇਖ ਲੈ।
ਜਨ
ਗੁਰੂ ਗ੍ਰੰਥ ਸਾਹਿਬ ਜੀ ’ਚ ਸ਼ਬਦ ‘ਜਨ’ ਕੁਲ 1408 ਵਾਰੀ ਦਰਜ ਹੈ, ਜਿਨ੍ਹਾਂ ’ਚੋਂ ਬਹੁਤਾਤ ਸ਼ਬਦਾਂ ਦਾ ਅਰਥ ਹੈ ‘ਲੋਕ, ਸੇਵਕ, ਦਾਸ’ ਪਰ ਸਿਰਫ਼ 2 ਵਾਰ ‘ਜਨ’ ਇਸਤਰੀ ਦੇ ਅਰਥਾਂ ਵਿੱਚ ਆਇਆ ਹੈ, ਇਸ ਲਈ ਉੱਥੇ ਇਸ ਦਾ ਉਚਾਰਨ ਪੈਰ ਬਿੰਦੀ ਸਹਿਤ ‘ਜ਼ਨ’ ਕੀਤੇ ਜਾਣਾ ਠੀਕ ਹੈ; ਜਿਵੇਂ ਕਿ
ਬਲਵੰਡ ! ਖੀਵੀ ਨੇਕ ‘ਜਨ’ (ਜ਼ਨ) ; ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ, ਰਸੁ ਅੰਮ੍ਰਿਤੁ ਖੀਰਿ ਘਿਆਲੀ ॥ ਗੁਰਸਿਖਾ ਕੇ ਮੁਖ ਉਜਲੇ, ਮਨਮੁਖ ਥੀਏ ਪਰਾਲੀ ॥ (967) ਭਾਵ ਹੇ ਬਲਵੰਡ ! ਆਖ ਕਿ (ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ) ਖੀਵੀ ਜੀ (ਆਪਣੇ ਪਤੀ ਵਾਂਗ) ਬੜੇ ਭਲੇ (ਪਰਉਪਕਾਰੀ) ਹਨ, ਜਿਸ ਕਾਰਨ ਉਨ੍ਹਾਂ ਦੀ ਛਾਂ ਬਹੁਤ ਪੱਤ੍ਰਾਂ ਵਾਲੀ (ਸੰਘਣੀ ਭਾਵ ਹਿਰਦੇ ਸ਼ਾਂਤੀ-ਠੰਢਕ ਪੈਦਾ ਕਰਨ ਵਾਲੀ ਹੈ ਕਿਉਂਕਿ ਇੱਕ ਤਰਫ਼ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿੱਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ- ਰਸ ਵੰਡਿਆ ਜਾ ਰਿਹਾ ਹੈ (ਦੂਜੀ ਤਰਫ਼ ਮਾਤਾ ਖੀਵੀ ਜੀ ਲੰਗਰ ਹਾਲ ’ਚ ਸਭ ਨੂੰ) ਘਿਉ ਵਾਲੀ ਖੀਰ ਵੰਡ ਰਹੇ ਹਨ। (ਗੁਰੂ ਦਰ ਆ ਕੇ) ਗੁਰਸਿੱਖਾਂ ਦੇ ਮੱਥੇ ਖਿੜ ਰਹੇ ਹਨ ਤੇ ਗੁਰੂ ਉਪਮਾ ਹੁੰਦੀ ਵੇਖ ਬੇਮੁਖਾਂ (ਮਨਮੁਖਾਂ) ਦੇ ਮੂੰਹ (ਈਰਖਾ ਕਾਰਨ) ਪੀਲੇ ਪੈ ਗਏ ਹਨ।
ਗਾਫਲ ਫਨਾ
ਬੰਦੇ ! ਚਸਮ (ਚਸ਼ਮ) ਦੀਦੰ, ਫਨਾਇ (ਫ਼ਨਾਇ) ॥ ਦੁਨਂੀਆ ਮੁਰਦਾਰ ਖੁਰਦਨੀ (ਖ਼ੁਰਦਨੀ), ਗਾਫਲ (ਗ਼ਾਫ਼ਲ) ਹਵਾਇ ॥ ਰਹਾਉ॥ (ਮ: 5/723)
ਪਦ ਅਰਥ : ਚਸਮ-ਅੱਖਾਂ ਨਾਲ, ਦੀਦੰ-ਦਿੱਸਦਾ ਹੈ, ਫਨਾਇ-ਨਾਸਵਾਨ, ਦੁਨਂੀਆ ਮੁਰਦਾਰ ਖੁਰਦਨੀ- ਜਨਤਾ ਹਰਾਮ ਖਾਣ ਵਾਲੀ, ਗਾਫਲ-ਨਾ ਸਮਝੀ, ਹਵਾਇ- ਹਿਰਸ, ਲਾਲਚ॥
ਭਾਵ ਹੇ ਮਨੁੱਖ ! ਜੋ ਕੁਝ ਤੂੰ ਅੱਖੀਂ ਵੇਖਦਾ ਹੈਂ, ਸਭ ਨਾਸਵੰਤ ਹੈ, ਦੁਨੀਆ (ਮਾਇਆ ਦੇ) ਲਾਲਚ ’ਚ (ਰੱਬ ਵੱਲੋਂ) ਭੁੱਲੀ ਹੋਈ ਹੱਕ ਪਰਾਇਆ ਖਾਂਦੀ ਰਹਿੰਦੀ ਹੈ (ਲੁੱਟਾਂ-ਖੋਹਾਂ ਕਰਦੀ ਪਈ ਹੈ)।
ਫਰੀਦ
ਆਜੁ ਮਿਲਾਵਾ, ਸੇਖ ਫਰੀਦ (ਸ਼ੇਖ਼ ਫ਼ਰੀਦ) ! ਟਾਕਿਮ ਕੂੰਜੜੀਆ, ਮਨਹੁ ਮਚਿੰਦੜੀਆ ॥ (ਫਰੀਦ ਜੀਉ/488)- ਹੇ ਸ਼ੇਖ ਫ਼ਰੀਦ ! ਇਸ ਮਨੁੱਖਾ ਜਨਮ ਵਿੱਚ ਹੀ (ਰੱਬ ਨਾਲ) ਮੇਲ ਹੋ ਸਕਦਾ ਹੈ (ਤਾਂ ਤੇ) ਮਨ ਨੂੰ ਮਚਾਉਣ ਵਾਲੀਆਂ ਇੰਦ੍ਰੀਆਂ ਨੂੰ ਕਾਬੂ ਵਿੱਚ ਰੱਖ।
ਗਲ, ਗਲਿਆ
1. ਜਿਨਾ ਗੁਰਸਿਖਾ ਕਉ, ਹਰਿ ਸੰਤੁਸਟੁ (ਸੰਤੁਸ਼ਟ) ਹੈ ; ਤਿਨੀ, ਸਤਿਗੁਰ ਕੀ ‘ਗਲ’ (ਗੱਲ= ਸਿੱਖਿਆ) ਮੰਨੀ ॥ (ਮ: 4/591)
2. ਇਹੁ ਸਰੀਰੁ, ਕੂੜਿ ਕੁਸਤਿ ਭਰਿਆ ‘ਗਲ’ (ਗਲ਼) ਤਾਈ; ਪਾਪ ਕਮਾਏ ॥ ਗੁਰਮੁਖਿ ਭਗਤਿ, ਜਿਤੁ, ਸਹਜ ਧੁਨਿ ਉਪਜੈ ; ਬਿਨੁ ਭਗਤੀ, ਮੈਲੁ ਨ ਜਾਏ ॥ (ਮ: 3/245)
ਭਾਵ (ਮਾਇਆ ਮੋਹ ਕਾਰਨ ਮਨੁੱਖ ਦਾ) ਇਹ ਸਰੀਰ ਝੂਠ ਠੱਗੀ-ਫ਼ਰੇਬ ਨਾਲ ਗਲ਼ ਤੱਕ ਭਾਵ ਨੱਕਾ-ਨੱਕ ਭਰਿਆ ਰਹਿੰਦਾ ਹੈ ਕਿਉਂਕਿ ਉਹ ਪਾਪ ਕਮਾਂਦਾ ਰਹਿੰਦਾ ਹੈ ਜਦ ਕਿ ਗੁਰੂ ਦੀ ਸ਼ਰਨ ਪਿਆਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਜਿਸ ਦੀ ਬਰਕਤਿ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਤੇ ਪਿਛਲੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ)
3. ਨਾਨਕ ! ਬਖਸਿ ਮਿਲਾਇਅਨੁ, ਫਿਰਿ, ਗਰਭਿ, ਨ ‘ਗਲਿਆ’ (ਗਲ਼ਿਆ)॥ (ਮ: 4/1245) ਭਾਵ ਹੇ ਨਾਨਕ ! ਜਿਨ੍ਹਾਂ ਬੰਦਿਆਂ ਨੂੰ ਉਸ (ਪ੍ਰਭੂ) ਨੇ ਬਖ਼ਸ਼ਸ਼ ਕਰ ਕੇ ਆਪਣੇ ਨਾਲ ਮਿਲਾ ਲਿਆ, ਉਹ ਮੁੜ ਜੂਨਾਂ ਵਿੱਚ ਨਹੀਂ ਗਲ਼ਦੇ (ਦੁਖੀ ਹੁੰਦੇ, ਸੜਦੇ)।
ਗੁਰੂ ਨਾਨਕ ਸਾਹਿਬ ਜੀ ਵੱਲੋਂ ਤਿਲੰਗ ਰਾਗੁ ਵਿੱਚ ਉਚਾਰਿਆ ਹੋਇਆ ਹੇਠ ਲਿਖਿਆ ਸ਼ਬਦ ਉਚਾਰਨ ਸੇਧ ਲੈਣ ਲਈ ਉਦਾਹਰਨ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਫ਼ਾਰਸੀ ਦੇ ਸ਼ਬਦਾਂ ਦੀ ਵਧੇਰੇ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਸ਼ਬਦ ਉਚਾਰਨ ਸਬੰਧਿਤ ਭਾਸ਼ਾ ਮੁਤਾਬਕ ਹੀ ਫਬੇਗਾ:-
ਯਕ ਅਰਜ (ਅਰਜ਼) ਗੁਫਤਮ (ਗੁਫ਼ਤਮ= ਮੈਂ ਆਖੀ) ਪੇਸਿ (ਪੇਸ਼= ਸਾਹਮਣੇ) ਤੋ ; ਦਰ ਗੋਸ (ਗੋਸ਼= ਕੰਨ) ਕੁਨ ਕਰਤਾਰ ॥ ਹਕਾ (ਹੱਕਾ) ਕਬੀਰ ਕਰੀਮ ਤੂ ; ਬੇਐਬ ਪਰਵਦਗਾਰ ॥1॥ ਦੁਨੀਆ ਮੁਕਾਮੇ ਫਾਨੀ (ਫ਼ਾਨੀ) ਤਹਕੀਕ (= ਸੱਚ) ਦਿਲ ਦਾਨੀ (= ਤੂੰ ਦਿਲਾਂ ਦੀ ਜਾਣਦਾ ਹੈਂ) ॥ ਮਮ (=ਮੇਰੇ) ਸਰ (= ਸਿਰ) ਮੂਇ (ਵਾਲ) ਅਜਰਾਈਲ (ਅਜ਼ਰਾਈਲ= ਮੌਤ ਦਾ ਫ਼ਰਿਸ਼ਤਾ) ਗਿਰਫਤਹ (ਗਿਰਫ਼ਤਹ, ਗ੍ਰਿਫ਼ਤਹ= ਗ੍ਰਿਫ਼ਤਾਰ) ਦਿਲ ! ਹੇਚਿ (ਕੁਝ ਭੀ) ਨ ਦਾਨੀ (= ਤੂ ਜਾਣਦਾ)॥1॥ ਰਹਾਉ ॥ ਜਨ (ਜ਼ਨ= ਇਸਤਰੀ) ਪਿਸਰ (= ਪੁੱਤਰ) ਪਦਰ (= ਪਿਤਾ) ਬਿਰਾਦਰਾਂ (= ਭਰਾਵਾਂ ਵਿੱਚੋਂ) ਕਸ (= ਕੋਈ ਵੀ) ਨੇਸ (= ਨਹੀਂ ਹੈ) ਦਸਤੰਗੀਰ (= ਹੱਥ ਫੜ੍ਹਨ ਵਾਲਾ) ॥ ਆਖਿਰ (ਆਖ਼ਿਰ= ਅੰਤ ਨੂੰ) ਬਿਅਫਤਮ (ਬਿਅਫ਼ਤਮ= ਮੈਂ ਡਿੱਗਾ) ਕਸ (= ਕੋਈ ਵੀ) ਨ ਦਾਰਦ (= ਰੱਖ ਸਕਦਾ) ਚੂੰ (ਜਦੋਂ) ਸਵਦ (ਸ਼ਵਦ= ਹੋਵੇਗੀ) ਤਕਬੀਰ (= ਉਹ ਨਮਾਜ਼, ਜੋ ਮੁਰਦੇ ਨੂੰ ਦਫਣਾਉਣ ਵੇਲੇ ਪੜ੍ਹੀਦੀ ਹੈ, ਜਨਾਜ਼ਾ)॥2॥ ਸਬ (ਸ਼ਬ= ਰਾਤ) ਰੋਜ (ਰੋਜ਼= ਦਿਨ) ਗਸਤਮ (ਗਸ਼ਤਮ= ਮੈਂ ਫਿਰਦਾ ਰਿਹਾ) ਦਰ (= ਵਿੱਚ) ਹਵਾ (= ਹਿਰਸ, ਲਾਲਚ) ; ਕਰਦੇਮ (ਮੈਂ ਕਰਦਾ ਰਿਹਾ) ਬਦੀ (= ਬੁਰਿਆਈਆਂ) ਖਿਆਲ (ਖ਼ਿਆਲ) ॥ ਗਾਹੇ (= ਕਦੇ) ਨ ਨੇਕੀ ਕਾਰ ਕਰਦਮ ; ਮਮ (= ਮੇਰਾ) ੲਂੀ (=ਇਹ) ਚਿਨੀ (= ਜਿਹਾ) ਅਹਵਾਲ (= ਹਾਲ) ॥3॥ ਬਦਬਖਤ (ਬਦਬਖ਼ਤ= ਭੈੜੇ ਨਸੀਬੇ ਵਾਲਾ) ਹਮ ਚੁ (= ਸਾਡੇ ਵਰਗਾ, ਮੇਰੇ ਵਰਗਾ) ਬਖੀਲ (ਬਖ਼ੀਲ= ਚੁਗ਼ਲਖ਼ੋਰ) ਗਾਫਿਲ (ਗ਼ਾਫ਼ਿਲ= ਗ਼ਫਲਤ ਕਰਨ ਵਾਲਾ, ਸੁਸਤ, ਢਿੱਲੜ, ਲਾ-ਪਰਵਾਹ) ਬੇਨਜਰ = (ਬੇਨਜ਼ਰ = ਢੀਠ, ਨਿਲੱਜ) ਬੇਬਾਕ (ਬੇ ਬਾਕ = ਬਿਨਾਂ ਡਰ) ॥ ਨਾਨਕ ਬੁਗੋਯਦ (ਬੁਗੋਇਅਦ= ਆਖਦਾ ਹੈ) ਜਨੁ ਤੁਰਾ (= ਤੈਨੂੰ) ਤੇਰੇ ਚਾਕਰਾਂ ਪਾ ਖਾਕ (ਪਾ ਖ਼ਾਕ= ਪੈਰਾਂ ਦੀ ਖ਼ਾਕ, ਚਰਨਾਂ ਦੀ ਧੂੜ, ਬਖ਼ਸ਼)॥4॥1॥ (721)
— ਚਲਦਾ –