ਹਿੰਗ ਦੇ ਫ਼ਾਇਦੇ

0
509

ਹਿੰਗ ਦੇ ਫ਼ਾਇਦੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਪੁਰਾਣੇ ਸਮਿਆਂ ਤੋਂ ਹੀ ਹਿੰਗ ਨੂੰ ਪੇਟ ਦੀ ਗੈਸ, ਚਮੜੀ ਤੇ ਵਾਲਾਂ ਲਈ ਲਾਹੇਵੰਦ ਮੰਨਿਆ ਗਿਆ ਹੈ। ਬੂਟੀ ਦੀ ਜੜ੍ਹ ਨੂੰ ਸੁਕਾ ਕੇ ਗੂੰਦ ਵਾਂਗ ਬਣੀ ਹਿੰਗ ਦੀ ਖ਼ੁਸ਼ਬੂ ਬੜੀ ਤਗੜੀ ਹੁੰਦੀ ਹੈ। ਇਹ ਬੂਟੀ ਇਰਾਨ ਤੇ ਅਫ਼ਗਾਨਿਸਤਾਨ ਦੀ ਉਪਜ ਸੀ। ਉੱਥੋਂ ਭਾਰਤ ਅਪੜੀ ਹਿੰਗ ਨੇ ਹਰ ਘਰ ਵਿੱਚ ਵਾਸ ਕਰ ਲਿਆ ਕਿਉਂਕਿ ਇਸ ਦਾ ਅਸਰ ਹੀ ਬਹੁਤ ਤਗੜਾ ਸੀ। ਇਸ ਦੇ ਫ਼ਾਇਦੇ ਵੇਖਦੇ ਹੋਏ ਹਿੰਗ ਨੂੰ ਰੱਬ ਲਈ ਬਣਾਏ ਜਾਂਦੇ ਖਾਣਿਆਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਸਮਿਆਂ ਵਿੱਚ ਇਸ ਦੀ ਵਰਤੋਂ ਨਾਲ ਚਮੜੀ ਉੱਤੇ ਝੁਰੜੀਆਂ ਨਹੀਂ ਪੈਂਦੀਆਂ ਸੀ। ਜਿਨ੍ਹਾਂ ਨੂੰ ਪੈ ਚੁੱਕੀਆਂ ਸਨ, ਹਿੰਗ ਦੀ ਵਰਤੋਂ ਨਾਲ ਉਨ੍ਹਾਂ ਦੇ ਚਿਹਰਿਆਂ ਉੱਤੇ ਪਈਆਂ ਝੁਰੜੀਆਂ ਘਟੀਆਂ ਹੋਈਆਂ ਦਿਸੀਆਂ।  ਇਹ ਮੰਨ ਲਿਆ ਗਿਆ ਕਿ ਹਿੰਗ ਖਾਣ ਨਾਲ ਉਮਰ ਲੰਮੀ ਹੁੰਦੀ ਹੈ, ਸੋ ਇਹ ਰੱਬ ਵੱਲੋਂ ਭੇਜੀ ਸੁਗਾਤ ਹੈ।

ਵਿਗਿਆਨਿਕ ਯੁੱਗ ਵਿੱਚ ਇਸ ਬਾਰੇ ਖੋਜ ਕਰਨ ਉੱਤੇ ਪਤਾ ਲੱਗਿਆ ਕਿ ਹਿੰਗ ਵਾਕਈ ਚਮੜੀ ਲਈ ਬਹੁਤ ਲਾਹੇਵੰਦ ਹੈ। ਝੁਰੜੀਆਂ ਘਟਾਉਣ ਤੇ ਦੇਰ ਤੱਕ ਚਮੜੀ ਨੂੰ ਝੁਰੜੀਆਂ ਰਹਿਤ ਰੱਖਣ ਲਈ ਮੁਲਤਾਨੀ ਮਿੱਟੀ ਵਿੱਚ ਗੁਲਾਬ ਜਲ ਰਲ਼ਾ ਕੇ, ਉਸ ਵਿੱਚ ਹਿੰਗ ਪਾ ਕੇ ਮੂੰਹ ਉੱਤੇ ਰੈਗੂਲਰ ਤੌਰ ਉੱਤੇ ਲਾਉਣ ਨਾਲ ਵਾਕਈ ਇਹ ਅਸਰ ਦਿਸਣਾ ਸ਼ੁਰੂ ਹੋ ਗਿਆ।

ਅੱਜ ਵੀ ਵੱਡੇ ਸ਼ਹਿਰਾਂ ਵਿੱਚ 5000 ਤੋਂ ਦਸ ਹਜ਼ਾਰ ਤੱਕ ਦੇ ਫੇਸ਼ੀਅਲ ਵਿੱਚ ਮੁਲਤਾਨੀ ਮਿੱਟੀ ਵਿੱਚ ਸ਼ਹਿਦ ਤੇ ਕੁੱਝ ਬੂੰਦਾਂ ਗੁਲਾਬ ਜਲ ਦੀਆਂ ਰਲ਼ਾ ਲਈਆਂ ਜਾਂਦੀਆਂ ਹਨ। ਇਸ ਵਿੱਚ ਇਕ ਚੂੰਢੀ ਹਿੰਗ ਦੀ ਰਲ਼ਾ ਕੇ ਵਧੀਆ ਪੇਸਟ ਬਣਾ ਦਿੱਤੀ ਜਾਂਦੀ ਹੈ। ਫੇਰ ਮੂੰਹ ਉੱਤੇ ਲਾ ਕੇ ਸੁੱਕਣ ਤੱਕ ਰਹਿਣ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ 15 ਮਿੰਟ ਦੀ ਮਾਲਸ਼ ਕੀਤੀ ਜਾਂਦੀ ਹੈ।

ਜੇ ਅਜਿਹਾ ਆਪੇ ਹੀ ਘਰ ਕਰ ਲਿਆ ਜਾਵੇ ਤਾਂ ਹਰ ਮਹੀਨੇ ਦਾ ਦਸ ਹਜ਼ਾਰ ਰੁਪਿਆ ਬਚਾਇਆ ਜਾ ਸਕਦਾ ਹੈ। ਇਸ ਨੂੰ ਅਜ਼ਮਾਉਣ ਵਾਲਾ ਜੇ ਹਰ ਮਹੀਨੇ ਘੱਟੋ-ਘੱਟ 16 ਮਹੀਨੇ ਤੱਕ ਵਰਤਦਾ ਰਹੇ ਤਾਂ ਮੂੰਹ ਉੱਤੇ ਪਏ ਕਾਲ਼ੇ ਧੱਬੇ ਤੇ ਝੁਰੜੀਆਂ ਤੋਂ ਮੁਕਤੀ ਪਾ ਕੇ ਆਪਣੀ ਉਮਰ ਤੋਂ 10 ਸਾਲ ਛੋਟਾ ਲੱਗਣ ਲੱਗ ਜਾਂਦਾ ਹੈ।

ਚਮੜੀ ਗੋਰੀ ਕਰਨ ਲਈ :-

ਭਾਰਤੀ ਲੋਕ ਗੋਰੀ ਚਮੜੀ ਪਿੱਛੇ ਪਾਗਲ ਹਨ। ਇਸ ਵਾਸਤੇ ਹਜ਼ਾਰਾਂ ਰੁਪੈ ਲੁਟਾਉਂਦੇ ਰਹਿੰਦੇ ਹਨ। ਝੁਰੜੀਆਂ ਲਈ ਵਰਤੇ ਜਾਣ ਦੌਰਾਨ ਇਹ ਪੱਖ ਸਾਹਮਣੇ ਆਇਆ ਕਿ ਜਿਹੜਾ ਜਣਾ ਇਸ ਨੂੰ ਵਰਤ ਰਿਹਾ ਸੀ, ਉਸ ਦੇ ਚਿਹਰੇ ਉੱਪਰਲੇ ਦਾਗ਼, ਕਿੱਲ-ਮੁਹਾਂਸੇ ਆਦਿ ਵੀ ਸਾਫ਼ ਹੋ ਗਏ ਤੇ ਰੰਗ ਵੀ ਸਾਫ਼ ਹੋ ਗਿਆ।  ਫੇਰ ਹਿੰਗ ਨੂੰ ਇਕੱਲੇ ਤੌਰ ਉੱਤੇ ਦਾਗ਼ਾਂ ਉੱਤੇ ਲਾ ਕੇ ਵੇਖਿਆ ਗਿਆ ਤਾਂ ਪੱਕਾ ਹੋ ਗਿਆ ਕਿ ਵਾਕਈ ਹਿੰਗ ਰੰਗ ਵੀ ਸਾਫ਼ ਕਰ ਦਿੰਦੀ ਹੈ ਤੇ ਦਾਗ਼ ਵੀ ਠੀਕ ਕਰ ਦਿੰਦੀ ਹੈ। ਚਮੜੀ ਵਿੱਚੋਂ ਟਾਇਰੋਸੀਨ ਨੂੰ ਘਟਾ ਕੇ ਹਿੰਗ ਆਪਣਾ ਅਸਰ ਵਿਖਾਉਂਦੀ ਹੈ। ਟਾਇਰੋਸੀਨ ਨੇ ਮੈਲਾਨਿਨ ਬਣਾਉਣਾ ਹੁੰਦਾ ਹੈ, ਜੋ ਰੰਗ ਕਾਲਾ ਕਰਦਾ ਹੈ, ਤਿਲ ਬਣਾਉਂਦਾ ਹੈ ਤੇ ਚਮੜੀ ਵਿੱਚ ਦਾਗ਼ ਵੀ ਪੈਦਾ ਕਰਦਾ ਹੈ।

ਜਿਸ ਦਾ ਚਿਹਰਾ ਦਾਗ਼ਾਂ ਨਾਲ ਭਰ ਚੁੱਕਿਆ ਹੋਵੇ, ਉਸ ਨੂੰ ਚਾਹੀਦਾ ਹੈ ਕਿ ਮਹਿੰਗੀਆਂ ਕਰੀਮਾਂ ਵਰਤਣ ਦੀ ਥਾਂ ਇਕ ਟਮਾਟਰ ਨੂੰ ਫੇਹ ਕੇ ਉਸ ਵਿੱਚ ਖੰਡ ਮਿਲਾ ਕੇ ਚੰਗੀ ਤਰ੍ਹਾਂ ਰਲ਼ਾ ਲਵੇ। ਫੇਰ ਰਤਾ ਕੁ ਹਿੰਗ ਮਿਲਾ ਕੇ ਪੇਸਟ ਬਣਾ ਲਵੇ।

ਇਸ ਨੂੰ ਮੂੰਹ ਉੱਤੇ 15 ਦਿਨਾਂ ਬਾਅਦ ਇਕ ਵਾਰ ਲਾਉਂਦੇ ਰਹਿਣ ਨਾਲ ਚਿਹਰੇ ਵਿੱਚ 8 ਕੁ ਮਹੀਨਿਆਂ ਵਿੱਚ ਨਿਖਾਰ ਵੇਖਿਆ ਜਾ ਸਕਦਾ ਹੈ।

ਕੀਟਾਣੂਆਂ ਨੂੰ ਚਮੜੀ ਵਿੱਚ ਪੈਰ ਜਮਾਉਣ ਤੋਂ ਰੋਕ ਕੇ ਹਿੰਗ; ਕਿੱਲ ਮੁਹਾਂਸੇ ਨਹੀਂ ਹੋਣ ਦਿੰਦੀ। ਇਸੇ ਲਈ ਮੁਲਤਾਨੀ ਮਿੱਟੀ ਤੇ ਗੁਲਾਬ ਜਲ ਵਾਲੇ ਪੇਸਟ ਵਿੱਚ ਹਿੰਗ ਦੇ ਨਾਲ ਜੇ ਨਿੰਬੂ ਦੀਆਂ ਕੁੱਝ ਬੂੰਦਾਂ ਪਾ ਲਈਆਂ ਜਾਣ ਤਾਂ ਕਿੱਲ ਮੁਹਾਂਸੇ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਜਿਨ੍ਹਾਂ ਦੇ ਅੱਖਾਂ ਥੱਲੇ ਕਾਲੇ ਘੇਰੇ ਹੋਣ ਅਤੇ ਚਿਹਰੇ ਉੱਤੇ ਚਮਕ ਨਾ ਹੋਵੇ, ਉਨ੍ਹਾਂ ਲਈ ਵੀ ਹਿੰਗ ਫ਼ਾਇਦੇਮੰਦ ਹੈ ਕਿਉਂਕਿ ਹਿੰਗ ਚਿਹਰੇ ਦੀ ਚਮੜੀ ਅਤੇ ਪੱਠਿਆਂ ਵਿੱਚ ਲਹੂ ਦੀ ਰਵਾਨੀ ਵਧਾ ਦਿੰਦੀ ਹੈ, ਜਿਸ ਨਾਲ ਆਕਸੀਜਨ ਵੱਧ ਮਾਤਰਾ ਵਿੱਚ ਪਹੁੰਚ ਜਾਂਦੀ ਹੈ। ਇੰਜ ਗੱਲਾਂ ਉੱਤੇ ਹਲਕੀ ਲਾਲੀ ਦਿਸਣ ਲੱਗ ਪੈਂਦੀ ਹੈ।

ਕਾਲੇ ਘੇਰਿਆਂ ਵਾਸਤੇ ਹਿੰਗ ਨੂੰ ਗੁਲਾਬ ਜਲ ਵਿੱਚ ਮਿਲਾ ਕੇ ਲਾਇਆ ਜਾ ਸਕਦਾ ਹੈ। ਪੁਰਾਣੇ ਸਮਿਆਂ ਦੀਆਂ ਰਾਣੀਆਂ ਇਸ ਵਿੱਚ ਚੰਦਨ ਦਾ ਬੂਰ ਪਾ ਕੇ ਲਾਇਆ ਕਰਦੀਆਂ ਸਨ ਤਾਂ ਜੋ ਚਮੜੀ ਵਿੱਚ ਲਿਸ਼ਕ ਵਧ ਜਾਏ।

ਜਿਨ੍ਹਾਂ ਦੀ ਚਮੜੀ ਖ਼ੁਸ਼ਕ ਹੋਵੇ, ਉਨ੍ਹਾਂ ਲਈ ਵੀ ਹਿੰਗ ਫ਼ਾਇਦੇਮੰਦ ਹੈ। ਖ਼ੁਸ਼ਕ ਚਮੜੀ ਵਾਲਿਆਂ ਨੂੰ ਚਾਹੀਦਾ ਹੈ ਕਿ ਮੁਲਤਾਨੀ ਮਿੱਟੀ ਦੀ ਵਰਤੋਂ ਨਾ ਕਰ ਕੇ, ਉਸ ਦੀ ਥਾਂ ਦੁੱਧ ਤੇ ਸ਼ਹਿਦ ਵਿੱਚ ਹਿੰਗ ਮਿਲਾ ਕੇ ਫੈਂਟ ਲੈਣ। ਇਸ ਮਿਸ਼ਰਨ ਨੂੰ ਫਰਿੱਜ ਵਿੱਚ ਰੱਖ ਕੇ ਰੋਜ਼ ਵਰਤਿਆ ਜਾ ਸਕਦਾ ਹੈ।

ਧੁੱਪ ਨਾਲ ਪਏ ਸਾੜ੍ਹ ਅਤੇ ਐਲਰਜੀ ਉੱਤੇ ਵੀ ਇਹੀ ਮਿਸ਼ਰਨ ਵਰਤਿਆ ਜਾ ਸਕਦਾ ਹੈ।

ਵਾਲਾਂ ਲਈ :-

ਮਹਿੰਗੇ ਕੰਡੀਸ਼ਨਰ ਲਾਉਣ ਦੀ ਥਾਂ ਦਹੀਂ, ਹਰੀ ਚਾਹ ਪੱਤੀ ਦਾ ਪਾਣੀ, ਬਦਾਮਾਂ ਦਾ ਤੇਲ ਤੇ ਹਿੰਗ ਚੰਗੀ ਤਰ੍ਹਾਂ ਰਲ਼ਾ ਕੇ ਵਾਲਾਂ ਵਿੱਚ ਇਕ ਘੰਟਾ ਲਾ ਕੇ ਰੱਖੋ। ਫਿਰ ਕੋਸੇ ਪਾਣੀ ਨਾਲ ਧੋ ਲਵੋ। ਵੇਖੋ ਫੇਰ ਲਿਸ਼ਕਦੇ ਤੇ ਨਰਮ ਵਾਲ !

ਹਿੰਗ ਨਾ ਸਿਰਫ਼ ਵਾਲਾਂ ਦਾ ਝੜਨਾ ਰੋਕਦੀ ਹੈ ਬਲਕਿ ਗੰਜ ਉੱਤੇ ਲਾਉਣ ਨਾਲ ਵੀ ਕੁੱਝ ਹੱਦ ਤੱਕ ਫ਼ਰਕ ਪਾ ਦਿੰਦੀ ਹੈ। ਸਿਕਰੀ ਨੂੰ ਵੀ ਠੀਕ ਕਰਦੀ ਹੈ। ਸਿਰ ਦੀ ਚਮੜੀ ਦਾ ਤੇਜ਼ਾਬੀ ਮਾਦਾ ਠੀਕ ਕਰਨ ਨਾਲ ਅਜਿਹਾ ਅਸਰ ਦਿਸਦਾ ਹੈ।

ਫਲੂ ਵਾਸਤੇ :-

ਇਸ ਵਾਸਤੇ ਹਾਲੇ ਖੋਜਾਂ ਚੱਲ ਰਹੀਆਂ ਹਨ। ਇਨਫਲੂਐਂਜ਼ਾ ਵਾਇਰਸ ਨੂੰ ਲੈਬਾਰਟਰੀਆਂ ਵਿੱਚ ਟੈਸਟ ਕਰਨ ਉੱਤੇ ਕੁੱਝ ਕੁ ਖੋਜੀਆਂ ਦਾ ਨਿਚੋੜ ਇਹ ਸੀ ਕਿ ਹਿੰਗ ਇਸ ਨੂੰ ਫੈਲਣ ਤੋਂ ਰੋਕਦੀ ਹੈ। ਸੋ, ਦਵਾਈਆਂ ਦੇ ਨਾਲ ਹਿੰਗ ਵੀ ਵਰਤ ਕੇ ਵੇਖ ਲੈਣੀ ਚਾਹੀਦੀ ਹੈ, ਪਰ ਆਮ ਖੰਘ ਜ਼ੁਕਾਮ ਵਿੱਚ ਤਾਂ ਦਾਦੀਆਂ ਨਾਨੀਆਂ ਦੇ ਨੁਸਖ਼ਿਆਂ ਵਿੱਚ ਇਹ ਪਹਿਲਾਂ ਤੋਂ ਹੀ ਸਾਬਤ ਹੋ ਚੁੱਕਿਆ ਹੈ ਕਿ ਹਿੰਗ ਲਾਉਣ ਨਾਲ ਗੱਲਾਂ ਤੇ ਨੱਕ ਸਾਫ਼ ਹੋ ਜਾਂਦੇ ਹਨ।  ਦਮਾ ਜਾਂ ਬਰੌਂਕਾਈਟਿਸ ਵਿੱਚ ਵੀ ਕੁੱਝ ਛੇਤੀ ਆਰਾਮ ਮਹਿਸੂਸ ਹੁੰਦਾ ਹੈ ਪਰ ਨਾਲੋ ਨਾਲ ਦਵਾਈ ਲੈਣੀ ਜ਼ਰੂਰੀ ਹੈ।

ਦੌਰਿਆਂ ਵਾਸਤੇ :-

ਪੁਰਾਣੇ ਸਮਿਆਂ ਦੇ ਹਕੀਮ ਦੌਰਿਆਂ ਦੇ ਮਰੀਜ਼ ਨੂੰ ਹਿੰਗ ਸੁੰਘਾ ਦਿਆ ਕਰਦੇ ਸਨ, ਪਰ ਖੋਜਾਂ ਇਸ ਪਾਸੇ ਹਾਲੇ ਤੱਕ ਕੁੱਝ ਸਾਬਤ ਨਹੀਂ ਕਰ ਸਕੀਆਂ। ਇਸੇ ਲਈ ਦੌਰੇ ਦੀਆਂ ਦਵਾਈਆਂ ਹੀ ਵਰਤਣੀਆਂ ਚਾਹੀਦੀਆਂ ਹਨ।

ਹਾਜ਼ਮੇ ਲਈ :-

ਹਿੰਗ; ਹਾਜ਼ਮਾ ਤੇ ਪੇਟ ਗੈਸ ਠੀਕ ਕਰਨ ਲਈ ਰਾਮ ਬਾਣ ਹੈ ਤੇ ਕਬਜ਼ ਵੀ ਠੀਕ ਕਰਦੀ ਹੈ।

ਸੜੀ ਹੋਈ ਚਮੜੀ :-

ਗਰਮ ਚੀਜ਼ ਲਗਦੇ ਸਾਰ ਖੁੱਲੇ ਪਾਣੀ ਹੇਠ ਚਮੜੀ ਧੋ ਕੇ ਹਿੰਗ ਲਾਉਣ ਨਾਲ ਪੀੜ ਘੱਟ ਜਾਂਦੀ ਹੈ ਤੇ ਬਾਅਦ ਵਿੱਚ ਜ਼ਖ਼ਮ ਦਾ ਨਿਸ਼ਾਨ ਵੀ ਬਹੁਤ ਫਿੱਕਾ ਰਹਿ ਜਾਂਦਾ ਹੈ।

ਅਫ਼ੀਮ ਦੇ ਅਸਰ ਰੋਕਣ ਲਈ :- ਪੁਰਾਣੇ ਸਮਿਆਂ ਵਿੱਚ ਬਜ਼ੁਰਗ ਅਫ਼ੀਮ ਖਾਣ ਬਾਅਦ ਉਸ ਦਾ ਅਸਰ ਘਟਾਉਣ ਲਈ ਹਿੰਗ ਖਾ ਲਿਆ ਕਰਦੇ ਸਨ।

ਗਰਭ ਡੇਗਣ ਲਈ :-

ਪੁਰਾਣੇ ਸਮਿਆਂ ਵਿੱਚ ਲਿਖਿਆ ਮਿਲਦਾ ਹੈ ਕਿ ਦਾਈਆਂ ਗਰਭ ਡੇਗਣ ਲਈ ਹਿੰਗ ਦੀ ਵਰਤੋਂ ਕਰਿਆ ਕਰਦੀਆਂ ਸਨ। ਹਾਲੇ ਤੱਕ ਕੋਈ ਮੌਜੂਦਾ ਖੋਜ ਇਸ ਪਾਸੇ ਕੀਤੀ ਨਹੀਂ ਗਈ ਪਰ ਡਾਕਟਰ ਗਰਭਵਤੀ ਔਰਤਾਂ ਨੂੰ ਹਿੰਗ ਵਰਤਣ ਤੋਂ ਰੋਕ ਜ਼ਰੂਰ ਦਿੰਦੇ ਹਨ।

ਢਹਿੰਦੀ ਕਲਾ ਠੀਕ ਕਰਨ ਲਈ :-

ਹਿੰਗ ਦੀ ਤੇਜ਼ ਖ਼ੁਸ਼ਬੂ ਡੋਪਾਮੀਨ ਹਾਰਮੋਨ ਨੂੰ ਵਧਾ ਦਿੰਦੀ ਹੈ, ਮੂਡ ਠੀਕ ਕਰ ਦਿੰਦੀ ਹੈ ਤੇ ਢਹਿੰਦੀ ਕਲਾ ਵੀ, ਪਰ ਧਿਆਨ ਰਹੇ ਕਿ ਇਹ ਵਕਤੀ ਅਸਰ ਹੈ ਤੇ ਨਿਰੀ ਹਿੰਗ ਹੀ ਨਹੀਂ ਵਰਤਣੀ ਚਾਹੀਦੀ। ਢਹਿੰਦੀ ਕਲਾ ਦੂਰ ਕਰਨ ਲਈ ਆਪਣੇ ਆਪ ਨੂੰ ਆਹਰੇ ਲਾਉਣ ਦੀ ਲੋੜ ਹੈ।

ਕੋਲੈਸਟਰੋਲ :-

ਕੁੱਝ ਹੱਦ ਤੱਕ ਹਿੰਗ ਕੋਲੈਸਟਰੋਲ ਘਟਾਉਣ ਵਿੱਚ ਮਦਦ ਕਰਦੀ ਹੈ ਪਰ ਜ਼ਿਆਦਾ ਅਸਰਦਾਰ ਨਹੀਂ। ਖੰਘ ਤੇ ਫੇਫੜਿਆਂ ਦੇ ਰੋਗਾਂ ਲਈ ਜ਼ਿਆਦਾ ਅਸਰਦਾਰ ਹੈ।

ਜਿਸਮਾਨੀ ਤਾਕਤ :-

ਲੱਗੇ ਭਾਵੇਂ ਅਜੀਬ ਪਰ ਹੈ ਸੱਚ।  ਮਰਦਾਨਾ ਤਾਕਤ ਲਈ ਸਦੀਆਂ ਤੋਂ ਹਿੰਗ ਵਰਤੀ ਜਾਂਦੀ ਰਹੀ ਹੈ। ਇਹ ਔਰਤਾਂ ਵਿੱਚ ਵੀ ਜਿਸਮਾਨੀ ਤਾਂਘਾਂ ਵੱਧ ਕਰ ਦਿੰਦੀ ਹੈ।

ਮਾਹਵਾਰੀ ਲਈ :-

ਅਜ਼ਮਾਈ ਹੋਈ ਗੱਲ ਹੈ। ਮਾਹਵਾਰੀ ਦੌਰਾਨ ਹੁੰਦੀ ਤਿੱਖੀ ਪੀੜ ਵਿੱਚ ਪੱਠਿਆਂ ਨੂੰ ਢਿੱਲੇ ਪਾ ਕੇ ਆਰਾਮ ਦੇਣ ਵਿੱਚ ਹਿੰਗ ਅਸਰਦਾਰ ਹੈ। ਇਹ ਪੀੜ ਦਾ ਇਹਸਾਸ ਕਰਵਾਉਣ ਵਾਲੀਆਂ ਨਸਾਂ ਵੀ ਸੁੰਨ ਕਰ ਦਿੰਦੀ ਹੈ।

ਢਿੱਡ ਦੇ ਕੀੜਿਆਂ ਲਈ :-

ਦਾਦੀਆਂ ਨਾਨੀਆਂ ਦੇ ਟੋਟਕਿਆਂ ਅਨੁਸਾਰ ਤਾਂ ਬੱਚਿਆਂ ਨੂੰ ਰਾਤ ਵੇਲੇ ਕੋਸੇ ਪਾਣੀ ਵਿੱਚ ਹਿੰਗ ਤੇ ਜਵੈਣ ਮਿਲਾ ਕੇ ਦੇਣ ਨਾਲ ਢਿੱਡ ਦੇ ਕੀੜੇ ਵੀ ਬਾਹਰ ਨਿਕਲ ਜਾਂਦੇ ਹਨ। ਇਸ ਬਾਰੇ ਹਾਲੇ ਤੱਕ ਕੋਈ ਨਿੱਠ ਕੇ ਖੋਜ ਨਹੀਂ ਹੋਈ ਤੇ ਨਾ ਹੀ ਉਸ ਦੀ ਮਾਤਰਾ ਬਾਰੇ। ਇਸੇ ਲਈ ਮੈਂ ਇਸ ਬਾਰੇ ਕੋਈ ਆਪਣੀ ਰਾਇ ਨਹੀਂ ਦੇ ਸਕਦੀ।

ਹਿੰਗ ਬਾਰੇ ਮੈਨੂੰ ਇਸ ਲਈ ਲਿਖਣਾ ਪਿਆ ਕਿਉਂਕਿ ਮੈਂ ਪਿੰਡਾਂ ਦੀਆਂ ਬੱਚੀਆਂ ਨੂੰ ਬਿਊਟੀ ਪਾਰਲਰਾਂ ਵਿੱਚ ਲਾਈਨਾਂ ਲਾ ਕੇ ਖੜ੍ਹੇ ਵੇਖਿਆ ਹੈ। ਉਹ ਸ਼ਾਇਦ ਧਿਆਨ ਹੀ ਨਹੀਂ ਦਿੰਦੀਆਂ ਕਿ ਜਿਹੜਾ ਮਹਿੰਗਾ ਲੇਪ, ਉਨ੍ਹਾਂ ਦੇ ਮੂੰਹ ਉੱਤੇ ਲਾਇਆ ਜਾ ਰਿਹਾ ਹੈ, ਉਸ ਵਿਚਲਾ ‘ਐਸਫੋਟੀਡਾ’, ਹਿੰਗ ਨੂੰ ਹੀ ਕਿਹਾ ਜਾਂਦਾ ਹੈ। ਬਿਲਕੁਲ ਇੰਜ ਹੀ ਮਰਦਾਨਾ ਕਮਜ਼ੋਰੀ ਲਈ ਵੀ ਲਗਭਗ 90 ਫੀਸਦੀ ਦਵਾਈਆਂ ਵਿੱਚ ਹਿੰਗ ਵਰਤੀ ਜਾਂਦੀ ਹੈ।

ਹਿੰਗ ਦੀ ਵਰਤੋਂ ਅੱਜ ਤੋਂ ਨਹੀਂ, ਰੋਮਨ ਸਾਮਰਾਜ ਵਿੱਚ ਸਦੀਆਂ ਪਹਿਲਾਂ ਵੀ ਹਿਸਟੀਰੀਆ, ਦਮਾ, ਪੇਟ ਗੈਸ, ਬਲੱਡ ਪ੍ਰੈਸ਼ਰ, ਕਬਜ਼, ਸ਼ੱਕਰ ਰੋਗੀ, ਬਰੌਂਕਾਈਟਿਸ, ਨਸਾਂ ਦੀ ਕਮਜ਼ੋਰੀ, ਤਣਾਓ ਘਟਾਉਣ, ਚਿਹਰੇ ਦੀਆਂ ਛਾਈਆਂ ਤੇ ਵਾਲ ਸੰਘਣੇ ਕਰਨ ਲਈ ਸਫਲਤਾ ਪੂਰਕ ਵਰਤੀ ਜਾਂਦੀ ਰਹੀ ਹੈ। ਅੱਜ ਵੀ ‘ਇਰੀਟੇਬਲ ਬਾਵਲ ਸਿੰਡਰੋਮ’ ਲਈ ਹਿੰਗ ਦੀ ਵਰਤੋਂ ਬੇਮਿਸਾਲ ਹੈ।

ਅੱਧ ਰਾਤ ਜਦੋਂ ਕੋਈ ਸਾਧਨ ਨਾ ਲੱਭੇ ਤਾਂ ਅੱਜ ਵੀ ਬਜ਼ੁਰਗ ਆਪਣੇ ਵਧੇ ਹੋਏ ਦਮੇ ਦੌਰਾਨ ਖੰਘ ਨੂੰ ਹਿੰਗ ਨਾਲ ਹੀ ਰੋਕਦੇ ਹਨ। ਕੜ੍ਹੀ ਤੇ ਆਲੂਆਂ ਦੀ ਸਬਜ਼ੀ ਵਿੱਚ ਹਿੰਗ ਪਾ ਕੇ ਇਸ ਦਾ ਸਵਾਦ ਕਈ ਗੁਣਾ ਵਧਾਇਆ ਜਾ ਸਕਦਾ ਹੈ।

ਨਵੀਆਂ ਖੋਜਾਂ :-

ਜਾਨਵਰਾਂ ਉੱਤੇ ਹੋਈਆਂ ਕੁੱਝ ਖੋਜਾਂ ਰਾਹੀਂ ਜੋ ਤੱਥ ਸਾਹਮਣੇ ਆਏ ਹਨ, ਉਹ ਹਨ :-

1. ਹਿੰਗ ਵਿਚਲਾ ‘ਵੋਲਾਟਾਈਲ ਤੇਲ’ ਫੇਫੜਿਆਂ ਵਿੱਚ ਜੰਮਿਆ ਰੇਸ਼ਾ ਪਤਲਾ ਕਰ ਕੇ ਖੰਘਾਰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਹੀ ਕਾਰਨ ਹੈ ਕਿ ਦਮੇ ਦੇ ਰੋਗੀ ਨੂੰ ਐਮਰਜੈਂਸੀ ਸੇਵਾਵਾਂ ਤੱਕ ਪਹੁੰਚਾਏ ਜਾਣ ਲਈ ਹਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ।

2. ਹਿੰਗ; ਲਹੂ ਨੂੰ ਪਤਲਾ ਕਰਦੀ ਹੈ ਤੇ ਬਲੱਡ ਪ੍ਰੈੱਸ਼ਰ ਵੀ ਘਟਾ ਦਿੰਦੀ ਹੈ। ਇਸ ਵਿਚਲੇ ‘ਕੁਮਾਰਿਨ’ ਸਦਕਾ ਇਹ ਅਸਰ ਦਿਸਦਾ ਹੈ, ਜੋ ਲਹੂ ਦੀਆਂ ਨਾੜੀਆਂ ਢਿੱਲੀਆਂ ਕਰ ਦਿੰਦਾ ਹੈ।

3. ਕਬਜ਼, ਟੱਟੀਆਂ ਲੱਗਣੀਆਂ ਅਤੇ ਪੇਟ ਗੈਸ ਲਈ ਜਾਨਵਰਾਂ ਵਿੱਚ ਵੀ ਕਾਫ਼ੀ ਅਸਰਦਾਰ ਸਾਬਤ ਹੋ ਚੁੱਕੀ ਹੈ।

4. ਸ਼ੱਕਰ ਰੋਗੀ ਜਾਨਵਰਾਂ ਨੂੰ 50 ਮਿਲੀਗ੍ਰਾਮ ਪ੍ਰਤੀ ਕਿਲੋ ਭਾਰ ਦੇ ਹਿਸਾਬ ਨਾਲ ਹਿੰਗ ਚਾਰ ਹਫ਼ਤਿਆਂ ਲਈ ਖੁਆਈ ਗਈ। ਹਿੰਗ ਵਿਚਲੇ ਫਿਨੋਲਿਕ ਏਸਿਡ, ਟੈਨਿਕ ਤੇ ਫਿਰੂਲਿਕ ਏਸਿਡ ਸਦਕਾ ਜਾਨਵਰਾਂ ਦੇ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਘਟੀ ਹੋਈ ਲੱਭੀ।

5. ਖ਼ੁਰਾਕ ਵਿਚਲੇ ਓਲੀਗੋ, ਡਾਈ ਤੇ ਮੋਨੋਸੈਕਰਾਈਡ ਛੇਤੀ ਹਜ਼ਮ ਨਹੀਂ ਹੁੰਦੇ ਤੇ ਢਿੱਡ ਅੰਦਰਲੇ ਬੈਕਟੀਰੀਆ ਕੀਟਾਣੂ ਇਨ੍ਹਾਂ ਨੂੰ ਖਾ ਕੇ ਗੈਸ ਬਣਾ ਦਿੰਦੇ ਹਨ। ਇਨ੍ਹਾਂ ਨੂੰ ਹਜ਼ਮ ਕਰਨ ਵਾਸਤੇ ਹਿੰਗ ਤੇ ਥੋਮ ਕਾਫੀ ਅਸਰਦਾਰ ਸਾਬਤ ਹੋ ਚੁੱਕੇ ਹਨ।

ਏਨੇ ਵਧੀਆ ਅਸਰ ਵੇਖਦੇ ਹੋਏ ਹਿੰਗ ਨੂੰ ‘ਰੱਬ ਦੀ ਖ਼ੁਰਾਕ’ ਮੰਨ ਲਿਆ ਹੋਇਆ ਹੈ। ਅੱਗੇ ਤੋਂ ਬੰਦ ਡੱਬਾ ਖ਼ੁਰਾਕ ਜਾਂ ਦਵਾਈਆਂ ਉੱਤੇ-ਫੈਰੂਲਾ, ਐਸਫੋਟੀਡਾ, ਐਸੰਤ, ਜੌਵਨ ਬਾਦੀਆਂ, ਸਟਿੰਕਿਗ ਗਮ, ਡੈਵਿਲ ਡੰਗ, ਹੈਂਗੂ, ਇੰਗੂ, ਕਾਇਮ, ਟਿੰਗ, ਆਦਿ ਲਿਖਿਆ ਵੇਖੋ ਤਾਂ ਸਮਝ ਲਇਓ ਹਿੰਗ ਦੇ ਹੀ ਵੱਖੋ-ਵੱਖਰੇ ਨਾਂ ਹਨ। ਇਸ ਵਿੱਚ 4 ਤੋਂ 20 ਫੀਸਦੀ ਵੋਲਾਟਾਈਲ ਤੇਲ, 40 ਤੋਂ 60 ਫੀਸਦੀ ਰਾਲ ਤੇ 25 ਫੀਸਦੀ ਗੂੰਦ ਹੁੰਦੀ ਹੈ।

ਇਤਿਹਾਸ ਵਿੱਚ ਸਭ ਤੋਂ ਪਹਿਲਾਂ ਐਲਗਜ਼ਾਂਡਰ ਦੀ ਆਮਦ ਨਾਲ ਹਿੰਗ ਦਾ ਜ਼ਿਕਰ ਮਿਲਦਾ ਹੈ।

ਵਰਤੀਏ ਕਿੰਜ :-

ਇਸ ਦੀ ਖ਼ੁਸ਼ਬੂ ਸਾਂਭਣ ਲਈ ਤੇਜ਼ ਧੁੱਪ, ਤਿੱਖੀ ਲਾਈਟ ਤੇ ਗਰਮ ਥਾਂ ਤੋਂ ਪਰ੍ਹਾਂ ਪਲਾਸਟਿਕ ਜਾਂ ਸ਼ੀਸ਼ੇ ਦੇ ਬੰਦ ਡੱਬੇ ਵਿੱਚ ਰੱਖਣਾ ਚਾਹੀਦਾ ਹੈ। ਹਿੰਗ ਦੇ ਢੇਲਿਆਂ ਨੂੰ ਫੇਹ ਕੇ ਦਾਲਾਂ, ਸਬਜ਼ੀਆਂ, ਸੂਪ, ਆਚਾਰ ਵਿੱਚ ਥੋੜ੍ਹੀ ਮਾਤਰਾ ਵਿੱਚ ਪਾਇਆ ਜਾ ਸਕਦਾ ਹੈ।

ਮਾੜੇ ਅਸਰ :-

ਫੱਕੇ ਮਾਰ ਕੇ ਖਾਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇ ਮਾੜੇ ਅਸਰ ਵੀ ਹਨ। ਰੋਜ਼ ਚਮਚੇ ਭਰ ਕੇ ਖਾਣ ਨਾਲ ਦਿਲ ਕੱਚਾ, ਉਲਟੀਆਂ, ਟੱਟੀਆਂ, ਪਿਸ਼ਾਬ ਕਰਨ ਵਿੱਚ ਦਿੱਕਤ ਆਉਣੀ, ਗਰਭ ਦਾ ਡਿੱਗਣਾ, ਛੋਟੇ ਬੱਚਿਆਂ ਦੇ ਨੱਕ ਵਿੱਚੋਂ ਲਹੂ ਵਗ ਪੈਣਾ, ਬੁੱਲਾਂ ਦਾ ਸੁੱਕਣਾ, ਸਿਰ ਪੀੜ, ਦੌਰਾ ਪੈਣਾ, ਮਾਹਵਾਰੀ ਠੀਕ ਨਾ ਆਉਣੀ ਵਗ਼ੈਰਾ ਵੇਖੇ ਜਾ ਚੁੱਕੇ ਹਨ।

ਹਿੰਗ ਸਿਰਫ਼ ਦੋ ਸੌ ਤੋਂ ਪੰਜ ਸੌ ਮਿਲੀਗ੍ਰਾਮ ਤੱਕ ਰੋਜ਼ ਡਾਕਟਰ ਦੀ ਸਲਾਹ ਨਾਲ ਹੀ ਖਾਧੀ ਜਾ ਸਕਦੀ ਹੈ। ਜੇ ਲਹੂ ਵਗਣ ਦਾ ਰੋਗ ਹੈ ਤਾਂ ਹਿੰਗ ਬਿਲਕੁਲ ਨਹੀਂ ਵਰਤਣੀ ਚਾਹੀਦੀ ਕਿਉਂਕਿ ਇਹ ਲਹੂ ਪਤਲਾ ਕਰਦੀ ਹੈ।

ਸੋ, ਕੁਦਰਤੀ ਚੀਜ਼ਾਂ ਵਰਤੋ, ਖ਼ੁਸ਼ ਰਹੋ, ਤੰਦਰੁਸਤ ਰਹੋ ਪਰ ਧਿਆਨ ਰਹੇ ਘਰੇਲੂ ਨੁਸਖੇ ਵੀ ਕਈ ਵਾਰ ਡਾਕਟਰੀ ਸਲਾਹ ਨਾਲ ਹੀ ਲੈਣੇ ਠੀਕ ਹੁੰਦੇ ਹਨ !