ਗੁਰਬਾਣੀ ਦਾ ਸ਼ੁੱਧ ਉਚਾਰਨ

0
1019

ਗੁਰਬਾਣੀ ਦਾ ਸ਼ੁੱਧ ਉਚਾਰਨ

(ਅੰਤਲੇ ਅੱਖਰ ਨੂੰ ਲੱਗੀ ਸਿਹਾਰੀ ਦਾ ਨਾਸਕੀ ਉਚਾਰਨ)

ਸ. ਕਿਰਪਾਲ ਸਿੰਘ (ਬਠਿੰਡਾ)-98554-80797

-ਕਿਸ਼ਤ ਨੰ: 5-

ਪਿੱਛਲੇ ਭਾਗ ਵਿੱਚ ਨਾਂਵ ਸ਼ਬਦਾਂ ਦੇ ਅੰਤਲੇ ਅੱਖਰ ਨੂੰ ਲੱਗੀ ਬਿਹਾਰੀ ਨੂੰ ਬਿੰਦੀ ਸਹਿਤ ਜਾਂ ਬਿੰਦੀ ਰਹਿਤ ਉਚਾਰਨ ਦੇ ਸਬੰਧੀ ਵਿਚਾਰ ਕੀਤੀ ਗਈ ਸੀ, ਉਨ੍ਹਾਂ ਨਿਯਮਾਂ ਨੂੰ ਸਾਹਮਣੇ ਰੱਖਦਿਆਂ ਇਸ ਦਾ ਬਾਕੀ ਭਾਗ ਇਸ ਅੰਕ ਵਿੱਚ ਦਿੱਤਾ ਜਾ ਰਿਹਾ ਹੈ। ਪਿਛਲੇ ਅੰਕ ’ਚ ਦਿੱਤੀਆਂ ਉਦਾਹਰਨਾਂ ਤੋਂ ਮੁੱਖ ਤੌਰ ’ਤੇ ਹੇਠ ਲਿਖੇ ਤਿੰਨ ਨਿਯਮ ਸਾਹਮਣੇ ਆਏ ਸਨ :

(1). ਅੰਤ ਬਿਹਾਰੀ ਵਾਲੇ ਬਹੁ ਬਚਨੀ ਸ਼ਬਦ, ਜਿਨ੍ਹਾਂ ਦੇ ਪਿਛੇਤਰ ਸਬੰਧਕੀ ਚਿੰਨ੍ਹ (ਨੇ, ਨੂੰ, ਨਾਲ, ਰਾਹੀਂ, ਵਿਚ, ਉੱਪਰ, ਆਦਿਕ) ਲੱਗੇ ਹੋਣ ਜਾਂ ਲੁਪਤ ਕਾਰਕੀ ਅਰਥ ਮਿਲਦੇ ਹੋਣ ਤਦ ਅੰਤ ਬਿਹਾਰੀ ਬਿੰਦੀ ਸਹਿਤ ਉਚਾਰਨ ਕਰਨੀ ਚਾਹੀਦੀ ਹੈ ਭਾਵੇਂ ਉਹ ਸ਼ਬਦ ਪੁਲਿੰਗ ਹੋਣ ਜਾਂ ਇਸਤਰੀ ਲਿੰਗ।

(2). ਜਦ ਅੰਤ ਬਿਹਾਰੀ ਵਾਲੇ ਸ਼ਬਦ, ਬਹੁ ਬਚਨ ਇਸਤਰੀ ਲਿੰਗ ਹੋਣ ਬੇਸ਼ੱਕ ਉਨ੍ਹਾਂ ਦੇ ਪਿਛੇਤਰ ਕੋਈ ਸਬੰਧਕੀ ਚਿੰਨ੍ਹ ਨਾ ਵੀ ਹੋਣ, ਉਨ੍ਹਾਂ ਦੀ ਅੰਤ ਬਿਹਾਰੀ ਬਿੰਦੀ ਸਹਿਤ ਉਚਾਰਨ ਕਰਨੀ ਚਾਹੀਦੀ ਹੈ।

(3) ਜਦ ਅੰਤ ਬਿਹਾਰੀ ਵਾਲੇ , ਇੱਕ ਵਚਨ ਇਸਤਰੀ ਲਿੰਗ ਹੋਣ ਤੇ ਉਨ੍ਹਾਂ ਦੇ ਪਿਛੇਤਰ ਕੋਈ ਸਬੰਧਕੀ ਚਿੰਨ੍ਹ (ਲੁਪਤ ਜਾਂ ਪ੍ਰਗਟ) ਨਾ ਮਿਲਦੇ ਹੋਣ, ਉਨ੍ਹਾਂ ਦੀ ਅੰਤ ਬਿਹਾਰੀ, ਬਿੰਦੀ ਤੋਂ ਬਿਨਾਂ ਉਚਾਰਨ ਕਰਨੀ ਚਾਹੀਦੀ ਹੈ।

ਉਕਤ ਵਿਚਾਰ ਉਪਰੰਤ ਹੇਠਲੀਆਂ ਤੁਕਾਂ ’ਚ ਇੱਕੋ ਜਿਹੇ ਸ਼ਬਦ-ਜੋੜਾਂ ਵਾਲੇ, ਪਰ ਵੱਖ ਵੱਖ ਅਰਥਾਂ ਵਿੱਚ ਵਰਤੇ ਗਏ ਕੁਝ ਸ਼ਬਦਾਂ ਇਸ ਤਰ੍ਹਾਂ ਹਨ :

ਗਲਂੀ, ਗਲੀ

(ੳ). ਗਲਂੀ ਅਸੀ ਚੰਗੀਆ ; ਆਚਾਰੀ ਬੁਰੀਆਹ ॥ (ਮ 4/85) ਭਾਵ ਅਸੀਂ ਜ਼ਬਾਨੀ ਗੱਲਾਂ ਵਿੱਚ ਸੁਚੱਜੀਆਂ ਬਣਦੀਆਂ (ਹਾਂ, ਭਾਵੇਂ ਅੰਦਰੋਂ) ਆਚਰਨ ਦੀਆਂ ਮਾੜੀਆਂ ਹੀ ਹਾਂ।

(ਨੋਟ : ਉਕਤ ਤੁਕ ਵਿੱਚ ‘ਗਲਂੀ’ ਸ਼ਬਦ ਦੇ ਅੰਤ ਬਿਹਾਰੀ ਤੋਂ ਪਹਿਲਾਂ ਬਿੰਦੀ ਹੈ, ਜਿਸ ਦਾ ਉਚਾਰਨ ਹੈ= ਗੱਲੀਂ, ਪਰ)

(ਅ). ਗਲੀ ਭਿਸਤਿ ਨ ਜਾਈਐ ; ਛੁਟੈ ਸਚੁ ਕਮਾਇ ॥ (ਮ 1/141) ਭਾਵ ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ (ਸਵਰਗ, ਜੰਨਤ) ਵਿੱਚ ਨਹੀਂ ਪਹੁੰਚਿਆਂ ਜਾ ਸਕਦਾ। ਸੱਚ ਨੂੰ (ਭਾਵ ਅਸਲ ਮਾਲਕ ਦੇ ਨਾਮ ਨੂੰ) ਅਮਲੀ ਜੀਵਨ ਵਿਚ ਕਮਾ ਕੇ ਹੀ ਨਜਾਤ (ਮੁਕਤੀ) ਮਿਲਦੀ ਹੈ।

(ਨੋਟ : ਉਕਤ ਤੁਕ ਵਿੱਚ ‘ਗਲੀ’ ਸ਼ਬਦ ਬਿਨਾਂ ਬਿੰਦੀ ਤੋਂ ਦਰਜ ਹੈ, ਜਿਸ ਦੇ ਅਰਥ ਉਕਤ ‘ੳ’ ਤੁਕ ਵਾਙ ਹੀ ਮਿਲਦੇ ਹਨ = ਗੱਲਾਂ ਨਾਲ। ਇਸ ਲਈ ਉਚਾਰਨ ਵੀ ‘ੳ’ ਨਿਯਮ ਵਾਙ ‘ਬਿੰਦੀ ਸਹਿਤ ਹੀ ਹੋਵੇਗਾ= ਗੱਲੀਂ।)

(ੲ). ਇਕਨਾ ਗਲੀਂ ਜੰਜੀਰ ; ਬੰਦਿ ਰਬਾਣੀਐ ॥ (ਮ 1/1287) ਭਾਵ (ਜੋ ‘ਬਿਖਿਆ’ ਵਿਚ ਲੱਗੇ ਰਹੇ) ਉਹਨਾਂ ਦੇ ਗਲਾਂ ਵਿਚ (ਮਾਇਆ ਦੇ ਮੋਹ ਦੇ ਬੰਧਨ-ਰੂਪ) ਜ਼ੰਜੀਰ ਪਏ ਹੋਏ ਹਨ, ਉਹ, (ਮਾਨੋ,) ਰੱਬ ਦੇ ਬੰਦੀਖ਼ਾਨੇ ਵਿਚ (ਕੈਦ) ਹਨ।

(ਨੋਟ : ਉਕਤ ਤੁਕ ਵਿੱਚ ‘ਗਲੀਂ’ ਬਿੰਦੀ ਸਹਿਤ ਲਿਖਿਆ ਹੋਇਆ ਹੈ ਤੇ ਅਰਥ ਹਨ = ਗਲ਼ਾਂ ਵਿੱਚ। ਉਚਾਰਨ ‘ਲ’ ਦੇ ਪੈਰ ਵਿੱਚ ਬਿੰਦੀ ਲਾ ਕੇ ਚਾਹੀਦਾ ਹੈ= ਗਲ਼ੀਂ, ਪਰ)

(ਸ). ਇਕਨ੍ਾ ਗਲੀ ਜੰਜੀਰੀਆ ; ਇਕਿ ਤੁਰੀ ਚੜਹਿ ਬਿਸੀਆਰ ॥ (ਮ 1/475) ਭਾਵ ਕਈ ਜੀਵਾਂ ਦੇ ਗਲ਼ਾਂ ਵਿੱਚ ਜ਼ੰਜੀਰੀਆਂ ਪਈਆਂ ਹੋਈਆਂ ਹਨ (ਭਾਵ ਕਈ ਗ਼ੁਲਾਮੀ, ਆਰਥਿਕ ਤੰਗੀ ਆਦਿਕ ਕਸ਼ਟ ਸਹਿ ਰਹੇ ਹਨ) ਅਤੇ ਅਨੇਕਾਂ ਮਨੁੱਖ ਘੋੜਿਆਂ ’ਤੇ ਚੜ੍ਹ ਰਹੇ ਹਨ (ਭਾਵ ਮਾਇਆ ਤੇ ਅਜ਼ਾਦੀ ਦੀਆਂ ਮੌਜਾਂ ਲੈ ਰਹੇ ਹਨ)।

(ਨੋਟ : ਉਕਤ ਤੁਕ ’ਚ ‘ਗਲੀ’ ਸ਼ਬਦ ਬਿਨਾਂ ਬਿੰਦੀ ਤੋਂ ਹੈ ਪਰ ਅਰਥ ਉਕਤ ‘ੲ’ ਨਿਯਮ ਵਾਲੇ ਹੀ ਹਨ= ਗਲ਼ਾਂ ਵਿੱਚ। ਇਸ ਲਈ ਦਰੁਸਤ ਉਚਾਰਨ ਵੀ ਹੋਏਗਾ= ਗਲ਼ੀਂ। ‘ਤੁਰੀ’ ਭਾਵ ਘੋੜਿਆਂ ’ਤੇ, ਇਸ ਲਈ ਉਚਾਰਨ ਬਿੰਦੀ ਸਹਿਤ ਹੋਵੇਗਾ= ਤੁਰੀਂ, ਪਰ)

(ਹ). ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ (ਮ 1/1412) ਭਾਵ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆਓ (ਭਾਵ ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆਓ)।

(ਨੋਟ : ਉਕਤ ਤੁਕ ਵਿੱਚ ‘ਗਲੀ’ ਦਾ ਅਰਥ ਹੈ=ਗਲ਼ੀ (ਭੀੜਾ ਰਸਤਾ), ਇਸ ਲਈ ਇਸ ਦਾ ਉਚਾਰਨ ‘ਗੱਲੀ, ਗੱਲੀਂ ਜਾਂ ਗਲੀਂ’ ਨਹੀਂ ਬਲਕਿ ਦਰੁਸਤ ਉਚਾਰਨ ਹੈ= ਗਲ਼ੀ), ਆਦਿ।

ਸਿਫਤਂੀ, ਸਿਫਤੀ

(1). ਆਖਹਿ, ਥਕਹਿ ਆਖਿ ਆਖਿ ; ਕਰਿ ‘ਸਿਫਤਂੀ’ ਵੀਚਾਰ ॥ ਤ੍ਰਿਣੁ ਨ ਪਾਇਓ ਬਪੁੜੀ; ਨਾਨਕੁ ਕਹੈ ਗਵਾਰ ॥’’ (ਮ: ੧/੧੨੪੧) ਭਾਵ ਪਰਮਾਤਮਾ ਦੀਆਂ ਸਿਫ਼ਤਾਂ ਨੂੰ ਭਗਤ ਉਚਾਰਦੇ-ਉਚਾਰਦੇ, ਉਸ ਦੀਆਂ ਵਡਿਆਈਆਂ ਦੀ ਮੁੜ ਮੁੜ ਵਿਚਾਰ (ਕਰ-ਕਰ ਕੇ) ਥੱਕ ਜਾਂਦੇ ਹਨ ਫਿਰ ਵੀ ਵਿਚਾਰਿਆਂ ਨੇ ਉਸ ਦਾ ਅੰਤ ਨਹੀਂ ਪਾ ਸਕਦੇ, ਇਹ ਵਿਚਾਰ ਨਿਮਾਣਾ ਨਾਨਕ ਬਿਆਨ ਕਰਦਾ ਹੈ।

(ਨੋਟ : ਉਕਤ ਤੁਕ ਵਿੱਚ ‘ਸਿਫਤਂੀ’ ਸ਼ਬਦ, ਇਸਤਰੀ ਲਿੰਗ ਬਹੁ ਬਚਨ ਤੇ ਅੰਤ ਬਿੰਦੀ ਹੈ, ਜਿਸ ਦਾ ਅਰਥ ਹੈ= ਪਰਮਾਤਮਾ ਦੀਆਂ ਸਿਫ਼ਤਾਂ, ਭਾਵੇਂ ਇਸ ਸ਼ਬਦ ਨੂੰ ਅੰਤ ਬਿਹਾਰੀ ਤੋਂ ਪਹਿਲਾਂ ਬਿੰਦੀ (ਸਿਫਤਂੀ) ਲੱਗੀ ਹੋਈ ਹੈ ਫਿਰ ਵੀ ਉਚਾਰਨ ਹੈ= ਸਿਫਤੀਂ।)

(2). ਅੰਤੁ ਨ ਸਿਫਤੀ, ਕਹਣਿ ਨ ਅੰਤੁ ॥ (ਜਪੁ ਮ 1/5) ਭਾਵ (ਅਕਾਲ ਪੁਰਖ ਦੇ) ਗੁਣਾਂ ਦਾ ਕੋਈ ਹੱਦ-ਬੰਨਾ ਨਹੀਂ ਹੈ, ਗਿਣਨ ਨਾਲ ਭੀ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਭਾਵ ਗਿਣੇ ਨਹੀਂ ਜਾ ਸਕਦੇ।

(ਨੋਟ : ਇਸ ਤੁਕ ਵਿੱਚ ‘ਸਿਫਤੀ’ ਸ਼ਬਦ ਲੁਪਤ ਸਬੰਧਕੀ ਚਿੰਨ੍ਹ ਸਮੇਤ ਬਹੁ ਬਚਨ ਹੈ, ਜਿਸ ਦੇ ਅਰਥ ਹਨ (ਅਕਾਲ ਪੁਰਖ ਦੇ) ਗੁਣਾਂ ਦਾ; ਇਸ ਲਈ ਦਰੁਸਤ ਉਚਾਰਨ ਹੈ= ਸਿਫਤੀਂ, ਪਰ)

(3). ਧਾਤੁ ਮਿਲੈ ਫੁਨਿ ਧਾਤੁ ਕਉ ; ਸਿਫਤੀ ਸਿਫਤਿ ਸਮਾਇ ॥ (ਮ 1/18) ਭਾਵ ਜਿਵੇਂ (ਸੋਨਾ, ਚਾਂਦੀ ਆਦਿਕ ਧਾਤੂ ਦਾ ਬਣਿਆ ਕੋਈ ਗਹਿਣਾ, ਜ਼ੇਵਰ ਅੱਗ ਦੇ ਸੇਕ ਨਾਲ ਢਲ਼ ਕੇ) ਮੁੜ (ਉਸੇ) ਧਾਤ (ਡਲ਼ੀ) ਨਾਲ ਇੱਕ-ਰੂਪ ਹੋ ਜਾਂਦਾ ਹੈ, ਉਸੇ ਤਰ੍ਹਾਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਭਗਤ ਵੀ ਗੁਣਾਂ ਦੇ ਮਾਲਕ ਪ੍ਰਭੂ ਵਿੱਚ ਲੀਨ ਹੋ ਜਾਂਦਾ ਹੈ।

(ਨੋਟ: ਇਸ ਤੁਕ ਵਿੱਚ ‘ਸਿਫਤੀ’ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ= ਸਿਫਤਾਂ ਦਾ ਮਾਲਕ ਪ੍ਰਭੂ। ਇਸ ਲਈ ਉਚਾਰਨ ਹੋਏਗਾ ‘ਸਿਫਤੀ’ ਭਾਵ ਬਿੰਦੀ ਤੋਂ ਬਿਨਾਂ, ਅਤੇ)

(4). ਇਕਿ, ਆਪਣੀ ਸਿਫਤੀ ਲਾਇਅਨੁ ; ਦੇ ਸਤਿਗੁਰ ਮਤੀ ॥ (ਮ 3/948) ਭਾਵ ਕਈ ਮਨੁੱਖਾਂ ਨੂੰ ਸਤਿਗੁਰੂ ਦੀ ਮੱਤ ਦੇ ਕੇ ਉਸ (ਮਾਲਕ ਨੇ) ਆਪਣੀ ਸਿਫ਼ਤ-ਸਾਲਾਹ ਕਰਨ ਵਿਚ ਲਾਇਆ ਹੋਇਆ ਹੈ।

(ਨੋਟ : ਇਸ ਤੁਕ ਵਿੱਚ ‘ਸਿਫਤੀ’ ਅਤੇ ‘ਮਤੀ’ ਦੋਵੇਂ ਹੀ ਇੱਕ ਵਚਨ ਇਸਤਰੀ ਲਿੰਗ ਸ਼ਬਦ ਹਨ ਅਤੇ ਇਨ੍ਹਾਂ ਦੇ ਪਿਛੇਤਰ ਕੋਈ ਵੀ ਸਬੰਧਕੀ ਚਿੰਨ੍ਹ (ਦਾ, ਕੇ, ਦੀ, ਵਿਚਿ, ਅੰਦਰਿ, ਆਦਿ) ਨਹੀਂ ਹੈ ਅਤੇ ਨਾ ਹੀ ਇਨ੍ਹਾਂ ਦੇ ਕੋਈ ਸਬੰਧਕੀ ਲੁਪਤ ਕਾਰਕੀ ਅਰਥ ਨਿਕਲਦੇ ਹਨ ਇਸ ਲਈ ਉਚਾਰਨ ਬਿਨਾਂ ਬਿੰਦੀ ਤੋਂ ਹੋਵੇਗਾ ‘ਸਿਫਤੀ, ਮਤੀ’)

ਦਾਤਂੀ, ਦਾਤੀ

  1. ਨ ਭੀਜੈ, ਦਾਤਂੀ ਕੀਤੈ ਪੁੰਨਿ ॥ (ਮ 4/1237) ਭਾਵ ਦਾਨ-ਪੁੰਨ ਕੀਤਿਆਂ ਭੀ ਰੱਬ ਨਹੀਂ ਰੀਝਦਾ (ਦਾਤਂੀ = ਦਾਨ ਦਿੱਤਿਆਂ। ਇੱਥੇ ‘ਦਾਤਂੀ’ ਸ਼ਬਦ ਦੀ ਸਿਹਾਰੀ ਤੋਂ ਪਹਿਲਾਂ ਬਿੰਦੀ ਹੈ, ਜਿਸ ਕਾਰਨ ਉਚਾਰਨ ਹੋਏਗਾ = ਦਾਤੀਂ )
  2. ਤਾ ਮੁਖੁ ਹੋਵੈ ਉਜਲਾ; ਲਖ ਦਾਤੀ ਇਕ ਦਾਤਿ ॥ (ਮ 1/16) ਭਾਵ ਰੱਬੀ ਦਰ ਤੋਂ ਪ੍ਰਾਪਤ ਹੋਣ ਵਾਲੀਆਂ ਸਭ ਪਦਾਰਥਕ ਦਾਤਾਂ ਦੇ ਮੁਕਾਬਲੇ ਪਰਮਾਤਮਾ ਦਾ ਨਾਮ (ਸਿਫ਼ਤ-ਸਾਲਾਹ) ਜਪਣ ਵਾਲੀ ਦਾਤ, ਸਰਬੋਤਮ ਦਾਤ ਹੁੰਦੀ ਹੈ ਕਿਉਂਕਿ ਇਸ ਦਾਤ ਉਪਰੰਤ (ਭਾਵ ਤਦ ਹੀ) ਮਨੁੱਖ ਦਾ ਜੀਵਨ ਸਮਾਜ ਲਈ ਆਦਰਸ਼ ਬਣਦਾ ਹੈ। (ਦਾਤੀ = ਬਹੁ ਵਚਨ ਇਸਤਰੀ ਲਿੰਗ ਹੋਣ ਕਾਰਨ, ਅਰਥ ਹੈ= ਦਾਤਾਂ (ਬਿਨਾਂ ਕਿਸੇ ਸਬੰਧਕੀ ਚਿੰਨ੍ਹ (ਦਾ, ਦੇ, ਦੀ, ਵਿਚ, ਅੰਦਰ) ਤੋਂ) ਭਾਵੇਂ ਇਸ ਤੁਕ ’ਚ ਵੀ ਸ਼ਬਦ ਬਿਨਾਂ ਬਿੰਦੀ ਤੋਂ ਦਰਜ ਹੈ, ਫਿਰ ਵੀ ਉਚਾਰਨ ਬਿੰਦੀ ਸਹਿਤ ਹੀ ਹੋਵੇਗਾ= ਦਾਤੀਂ)
  3. ਹਰਿ ਕੀ ਭਗਤਿ, ਫਲ ਦਾਤੀ ॥ (ਮ 5/628) ਭਾਵ ਹੇ ਭਾਈ ! ਪਰਮਾਤਮਾ ਦੀ ਭਗਤੀ ਸਾਰੇ ਫਲ਼ ਦੇਣ ਵਾਲੀ ਹੈ। (ਫਲ ਦਾਤੀ= ਸਾਰੇ ਫਲ਼ ਦੇਣ ਵਾਲੀ; ਇਸਤਰੀ ਲਿੰਗ ਇੱਕ ਵਚਨ। ਉਚਾਰਨ ਬਿਨਾਂ ਬਿੰਦੀ ਤੋਂ ‘ਦਾਤੀ’ ਹੋਵੇਗਾ)

ਥਿਤਂੀ, ਥਿਤੀ

  1. ਪੰਦ੍ਰਹ ਥਿਤਂੀ ਤੈ ਸਤ ਵਾਰ ॥ ਦਿਨਸੁ ਰੈਣਿ; ਤਿਵੈ ਸੰਸਾਰੁ ॥ (ਮ: ੩/੮੪੨) ਭਾਵ ਹੇ ਭਾਈ ! (ਜਿਵੇਂ) ਪੰਦ੍ਰਾਂ ਥਿੱਤਾਂ, ਸੱਤ ਵਾਰ, ਦਿਨ ਤੇ ਰਾਤ (ਚਲਾਇਮਾਨ ਹਨ ਇਉਂ ਹੀ) ਜਗਤ ਰਚਨਾ ਨਾਸਵਾਨ ਹੈ, (ਥਿਤਂੀ = ਥਿੱਤਾਂ, ਬਹੁ ਵਚਨ। ਉਦਾਹਰਨ ਵਜੋਂ ਇੱਥੇ ਬਿਹਾਰੀ ਤੋਂ ਪਹਿਲਾਂ ਬਿੰਦੀ ਲਗਾਈ ਗਈ ਹੈ, ਪਰ)
  2. ਪੰਦ੍ਰਹ ਥਿਤੰੀ, ਸਾਤ ਵਾਰ ॥ ਕਹਿ ਕਬੀਰ, ਉਰਵਾਰ ਨ ਪਾਰ ॥ (ਕਬੀਰ ਜੀ/343) ਭਾਵ (ਭਰਮੀ ਲੋਕ ਤਾਂ ਵਰਤ, ਸ਼ੁਭ-ਅਸ਼ੁੱਭ ਦਿਨ ਆਦਿਕ ਮਿੱਥ ਕੇ) ਪੰਦ੍ਰਹ ਥਿੱਤਾਂ ਤੇ ਸੱਤ ਵਾਰ (ਨੂੰ ਸ਼ੁੱਭ-ਅਸ਼ੁੱਭ ਕਰ ਮਨਾਉਂਦੇ ਹਨ, ਪਰ ਕਬੀਰ ਦੇ ਸੁਆਮੀ ਦੀ ਕੋਈ ਸੀਮਾ ਨਹੀਂ, (ਥਿਤੰੀ= ਥਿਤਾਂ, ਬਹੁ ਵਚਨ।

ਗੁਰਬਾਣੀ ਵਿੱਚ ਕਈ ਥਾਵਾਂ ’ਤੇ ਬਿੰਦੀ ਦੀ ਥਾਂ ਟਿੱਪੀ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ। ਇੱਥੇ ਵੀ ਬਿਹਾਰੀ ਤੋਂ ਪਹਿਲਾਂ (ਬਿੰਦੀ ਦੀ ਬਜਾਇ) ਟਿੱਪੀ ਦਰਜ ਹੈ, ਜਿਸ ਦਾ ਉਚਾਰਨ ਵੀ ਬਿੰਦੀ ਵਾਙ ਹੀ ਦਰੁਸਤ ਹੋਵੇਗਾ = ਥਿਤੀਂ, ਪਰ)

  1. ਥਿਤੀ ਵਾਰ, ਸਭਿ ਆਵਹਿ ਜਾਹਿ ॥ (ਮ 3/842) ਭਾਵ ਸਾਰੀਆਂ ਥਿੱਤਾਂ ਤੇ ਸਾਰੇ ਦਿਨ ਮੁੜ ਮੁੜ ਆਉਂਦੇ ਰਹਿੰਦੇ ਹਨ ਅਤੇ ਲੰਘਦੇ ਰਹਿੰਦੇ ਹਨ। (ਥਿਤੀ =ਥਿਤਾਂ, ਬਹੁ ਵਚਨ। ਤੁਕ ਨੰਬਰ (1) ਤੇ (2) ਤੋਂ ਸੇਧ ਲੈ ਕੇ ਇੱਥੇ ‘ਥਿਤੀ’ ਦਾ ਉਚਾਰਨ ਵੀ ਬਿੰਦੀ ਸਮੇਤ ਹੋਵੇਗਾ= ਥਿਤੀਂ)

ਮਤਂੀ, ਮਤੀ

  1. ਰਾਜਾ ਜਨਮੇਜਾ ਦੇ ਮਤਂੀ; ਬਰਜਿ, ਬਿਆਸਿ, ਪੜ੍ਹ੍ਹਾਇਆ ॥ (ਮ 1/1344) ਭਾਵ ਬਿਆਸ ਰਿਸ਼ੀ ਨੇ ਮੱਤਾਂ ਦੇ ਕੇ ਰਾਜਾ ਜਨਮੇਜੇ ਨੂੰ ਸਮਝਾਇਆ ਤੇ (ਗ਼ਲਤ ਕੰਮ ਕਰਨ ਤੋਂ) ਵਰਜਿਆ। (ਇੱਥੇ ਬਿੰਦੀ ਸਹਿਤ ‘ਮਤਂੀ’ ਦਰਜ ਹੈ, ਜਿਸ ਦਾ ਅਰਥ ਹੈ= ਮੱਤਾਂ, ਬਹੁ ਵਚਨ; ਉਚਾਰਨ ਅੱਧਕ ਸਹਿਤ ਹੋਵੇਗਾ= ਮੱਤੀਂ, ਪਰ)
  2. ਅਨ ਕਉ ਮਤੀ ਦੇ ਚਲਹਿ ; ਮਾਇਆ ਕਾ ਵਾਪਾਰੁ ॥ (ਮ 1/56) ਭਾਵ (ਮਨਮੁਖ ਲੋਕ) ਹੋਰਨਾਂ ਨੂੰ ਹੀ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ ਹਨ (ਉਹਨਾਂ ਦਾ ਇਹ ਸਾਰਾ ਉੱਦਮ) ਮਾਇਆ ਕਮਾਉਣ ਲਈ ਵਪਾਰ ਹੀ ਬਣ ਕੇ ਰਹਿ ਜਾਂਦਾ ਹੈ। (ਇੱਥੇ ‘ਮਤੀ’ ਬਿਨਾਂ ਬਿੰਦੀ ਤੋਂ ਦਰਜ ਹੈ ਪਰ ਅਰਥ ਇੱਥੇ ਵੀ ਹਨ= ਮੱਤਾਂ, ਬਹੁ ਵਚਨ, ਇਸ ਲਈ ਬਿੰਦੀ ਸਹਿਤ ਹੀ ਉਚਾਰਨ ਹੋਵੇਗਾ= ਮੱਤੀਂ)
  3. ਜੋਗੀ ! ਹਰਿ ਦੇਹੁ ਮਤੀ ਉਪਦੇਸੁ ॥ (ਮ 4/368) ਭਾਵ ਹੇ ਜੋਗੀ ! ਤੁਸੀ (ਆਪਣੇ ਮਨ ਨੂੰ) ਹਰਿ-ਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ। (ਮਤੀ= ਮੱਤ, ਅਕਲ, ਇਕ ਵਚਨ ਇਸਤਰੀ ਲਿੰਗ; ਉਚਾਰਨ= ਮੱਤੀ, ਬਿੰਦੀ ਰਹਿਤ)
  4. ਮਤੀ ਮਰਣੁ ਵਿਸਾਰਿਆ ; ਖੁਸੀ ਕੀਤੀ ਦਿਨ ਚਾਰਿ ॥ (ਮ 1/15) ਭਾਵ ਮਸਤ ਹੋਈ (ਜਿੰਦ) ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿੱਚ ਰੰਗ-ਰਲੀਆਂ ਮਾਣ ਰਹੀ ਹੈ। (ਮਤੀ= ਮਸਤ ਹੋਈ ਨੇ। ਉਚਾਰਨ ਬਿਨਾਂ ਬਿੰਦੀ ਤੋਂ ਪਰ ਅੱਧਕ ਸਹਿਤ= ਮੱਤੀ)

ਵਡਭਾਗਂੀ, ਬਡਭਾਗਂੀ, ਵਡਭਾਗੀ, ਬਡਭਾਗੀ

(1) ਕਹੁ ਨਾਨਕ  ! ਪਾਈਐ ਵਡਭਾਗਂੀ; ਮਨ ਤਨ ਹੋਇ ਬਿਗਾਸਾ ॥ (ਮ 5/1208) ਭਾਵ ਹੇ ਨਾਨਕ  ! ਆਖ- (ਇਹ ਸਿਫ਼ਤ-ਸਾਲਾਹ) ਵੱਡੇ ਭਾਗਾਂ ਨਾਲ ਮਿਲਦੀ ਹੈ (ਜਿਨ੍ਹਾਂ ਨੂੰ ਮਿਲਦੀ ਹੈ, ਉਹਨਾਂ ਦੇ) ਮਨਾਂ ਵਿਚ, ਸਰੀਰ ਅੰਦਰ ਖਿੜਾਅ ਪੈਦਾ ਹੋ ਜਾਂਦਾ ਹੈ। (ਇੱਥੇ ‘ਵਡਭਾਗਂੀ’ ਬਿੰਦੀ ਸਹਿਤ ਲਿਖਿਆ ਹੋਇਆ ਹੈ, ਅਰਥ ਹਨ= ਵੱਡੇ ਭਾਗਾਂ ਨਾਲ, ਉਚਾਰਨ ਹੋਏਗਾ ‘ਵਡਭਾਗੀਂ)

(2) ਉਦਮੁ ਕਰਿ ਹਰਿ ਜਾਪਣਾ ; ਵਡਭਾਗੀ ਧਨੁ ਖਾਟਿ ॥ (ਮ 5/48) ਭਾਵ ਉੱਦਮ ਕਰ ਕੇ ਪਰਮਾਤਮਾ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ। (ਵਡਭਾਗੀ= ਵੱਡੇ ਭਾਗਾਂ ਨਾਲ, ਉਚਾਰਨ ਹੋਏਗਾ ਬਿੰਦੀ ਸਹਿਤ= ਵਡਭਾਗੀਂ)

(3) ਬ੍ਰਹਮ ਗਿਆਨੀ ਕਾ ਦਰਸੁ, ਬਡਭਾਗੀ ਪਾਈਐ ॥ (ਮ 5/273) ਭਾਵ ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ। (ਬਡਭਾਗੀ= ਵੱਡੇ ਭਾਗਾਂ ਨਾਲ; ਉਚਾਰਨ ਬਡਭਾਗੀਂ)

(4) ਧੰਨੁ ਧੰਨੁ ਵਡਭਾਗੀ ਨਾਨਕਾ  ! ਜਿਨਾ ਸਤਿਗੁਰੁ ਲਏ ਮਿਲਾਇ ॥ (ਮ 4/40) ਭਾਵ ਹੇ ਨਾਨਕ  ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ, ਧੰਨ ਹਨ, ਧੰਨਤਾਯੋਗ ਹਨ, ਜਿਨ੍ਹਾਂ ਨੂੰ ਸਤਿਗੁਰੂ (ਪ੍ਰਭੂ-ਚਰਨਾਂ ’ਚ) ਮਿਲਾ ਲੈਂਦਾ ਹੈ। (ਵਡਭਾਗੀ= ਬਹੁ ਵਚਨ- ਵੱਡੇ ਭਾਗਾਂ ਵਾਲੇ; ਉਚਾਰਨ ਬਿਨਾਂ ਬਿੰਦੀ ਤੋਂ ‘ਵਡਭਾਗੀ’ ਕਿਉਂਕਿ ਕੋਈ ਸਬੰਧਕੀ ਚਿੰਨ੍ਹ ‘ਦਾ, ਕਾ, ਵਿਚ, ਨਾਲ’ ਆਦਿ ਨਹੀਂ ਮਿਲਦਾ)

(5) ਜਨ ਪਗ ਰੇਣੁ, ਵਡਭਾਗੀ ਪਾਵੈ ॥ (ਮ 4/164) (ਪਰਮਾਤਮਾ ਦੇ) ਭਗਤ-ਜਨਾਂ ਦੇ ਪੈਰਾਂ ਦੀ ਖ਼ਾਕ ਕੋਈ ਵੱਡੇ ਭਾਗਾਂ ਵਾਲਾ ਮਨੁੱਖ (ਹੀ) ਹਾਸਲ ਕਰਦਾ ਹੈ। (ਵਡਭਾਗੀ= ਇੱਕ ਵਚਨ- ਵੱਡੇ ਭਾਗਾਂ ਵਾਲਾ; ਉਚਾਰਨ ਬਿਨਾਂ ਬਿੰਦੀ ਤੋਂ ‘ਵਡਭਾਗੀ’)

(6) ਇਹੁ ਮਨੁ ਦੇਇ, ਕੀਏ ਸੰਤ ਮੀਤਾ ; ਕ੍ਰਿਪਾਲ ਭਏ ਬਡਭਾਗਂੀ ॥ (ਮ 5/1267) ਭਾਵ (ਆਪਣਾ) ਇਹ ਮਨ (ਭਗਤ-ਜਨਾਂ ਦੇ) ਹਵਾਲੇ ਕਰ ਕੇ ਸੰਤ ਜਨਾਂ ਨੂੰ ਮਿੱਤਰ ਬਣਾ ਲਈਦਾ ਹੈ, (ਸੰਤ ਜਨ) ਵੱਡੇ ਭਾਗਾਂ ਵਾਲਿਆਂ ਉੱਤੇ ਦਇਆਵਾਨ ਹੋ ਜਾਂਦੇ ਹਨ। (ਬਡਭਾਗਂੀ= ਵੱਡੇ ਭਾਗਾਂ ਵਾਲਿਆਂ ਉੱਤੇ= ਅਧਿਕਰਣ ਕਾਰਕ ਚਿੰਨ੍ਹ ਮਿਲਣ ਕਾਰਨ, ਇੱਥੇ ਬਿੰਦੀ ਸਹਿਤ ਲਿਖਿਆ ਹੋਇਆ ਹੈ ਇਸ ਲਈ ਉਚਾਰਨ ਬਿੰਦੀ ਸਮੇਤ ‘ ਬਡਭਾਗੀਂ’ ਹੋਏਗਾ)

ਨੋਟ:- ਉਕਤ ਉਦਾਹਰਨਾਂ ਤੋਂ ਇਹ ਨਿਯਮ ਸਪਸ਼ਟ ਹੁੰਦਾ ਹੈ ਕਿ ਜਦੋਂ ‘ਵਡਭਾਗੀ’ ਦੇ ਕਾਰਕੀ ਅਰਥ ਨਿਕਲਦੇ ਹੋਣ= ‘ਵੱਡੇ ਭਾਗਾਂ ਨਾਲ’, ਤਾਂ ਇਸ ਦਾ ਉਚਾਰਨ ਬਿੰਦੀ ਸਹਿਤ ਹੋਵੇਗਾ। ‘ਜਦੋਂ ਵਡਭਾਗੀ’ ਦੇ ਅਰਥ ਸਧਾਰਨ ਰੂਪ ਵਿੱਚ ਨਿਕਲਦੇ ਹੋਣ= ‘ਵੱਡੇ ਭਾਗਾਂ ਵਾਲਾ ਜਾਂ ਵਾਲੇ (ਭਾਵ ਭਾਵੇਂ ਇਕ ਵਚਨ ਹੋਵੇ ਜਾਂ ਬਹੁ ਵਚਨ)’, ਤਾਂ ਇਸ ਦਾ ਉਚਾਰਨ ਬਿੰਦੀ ਤੋਂ ਬਿਨਾਂ ਹੋਵੇਗਾ ਪਰ ਜਦੋਂ ਇਸੇ ਤਰ੍ਹਾਂ ਦੇ ਅਰਥਾਂ ਵਾਲਾ ਬਹੁ ਵਚਨ ਸ਼ਬਦ ਕਾਰਕੀ (ਲੁਪਤ ਸਬੰਧਕੀ) ਅਰਥ ਵੀ ਦਿੰਦਾ ਹੋਵੇ ਜਿਵੇਂ ਕਿ ਤੁਕ ਨੰ: (6) ਵਿੱਚ ਹੈ ਤਾਂ ਇਹ ਬਿੰਦੀ ਸਹਿਤ ਉਚਾਰਿਆ ਜਾਵੇਗਾ।

ਭਾਂਤੀਂ, ਭਾਤੀ

(1) ਆਪੇ ਰੂਪ ਕਰੇ ਬਹੁ ਭਾਂਤੀਂ ; ਨਾਨਕੁ ਬਪੁੜਾ, ਏਵ ਕਹੈ ॥ (ਮ 1/350) ਭਾਵ ਇਹ ਭਾਂਤ ਭਾਂਤ ਦੇ ਰੂਪ ਭੀ ਪ੍ਰਭੂ ਆਪ ਹੀ ਬਣਾ ਰਿਹਾ ਹੈ (ਭਾਵੇਂ ਇਹ ਗੱਲ ਅਲੌਕਿਕ ਜਾਪਦੀ ਹੈ; ਪਰ ਉਸ ਪ੍ਰਭੂ ਨੂੰ ਹਰ ਚੰਗੇ ਮੰਦੇ ਵਿਚ ਵਿਆਪਕ ਵੇਖ ਕੇ) ਵਿਚਾਰਾ ਨਾਨਕ ਇਹੀ ਆਖ ਸਕਦਾ ਹੈ। (ਭਾਂਤੀਂ= ਕਈ ਭਾਂਤਾਂ ਦੇ, ਭਾਵ ਲੁਪਤ ਸਬੰਧਕੀ ‘ਦੇ’ ਕਾਰਕੀ ਹੋਣ ਕਾਰਨ ਬਿੰਦੀ ਸਹਿਤ ਦਰਜ ਹੈ।)

(2) ਵਰਤ ਨੇਮ ਕਰੈ ਬਹੁ ਭਾਤੀ ॥ (ਮ 5/265) ਭਾਵ ਕਈ ਕਿਸਮਾਂ ਦੇ ਵਰਤਾਂ ਦੇ ਬੰਧੇਜ ਕਰਦਾ ਹੈ; (ਭਾਂਤੀ= ਕਈ ਤਰੀਕਿਆਂ ਨਾਲ, ਬਹੁ ਵਚਨ ਕਾਰਕੀ ਅਰਥ, ਉਚਾਰਨ ਬਿੰਦੀ ਸਹਿਤ ਹੋਵੇਗਾ= ਭਾਂਤੀਂ)

(3) ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ; ਜਨਮ ਮਰਨ ਫਿਰਿ ਤਾਨਿਆ ॥ (ਧੰਨਾ ਜੀ/487) ਭਾਵ ਰੱਬੀ ਗੁਣ ਗਾਉਣ ਵੱਲੋਂ ਹਟ ਕੇ ਹੋਰ ਹੋਰ ਕਿਸਮ ਦੀ ਪ੍ਰੀਤ ਤੇਰੇ ਅੰਦਰ ਵਧ ਰਹੀ ਹੈ, ਜਿਸ ਕਾਰਨ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ। (ਭਾਂਤੀ= ਕਿਸਮ, ਇੱਕ ਵਚਨ, ਉਚਾਰਨ ਬਿੰਦੀ ਰਹਿਤ ਹੋਵੇਗਾ= ਭਾਂਤੀ)

(4) ਜਿਸ ਕਾ ਸਾ, ਤਿਨ ਹੀ ਰਖਿ ਲੀਆ ; ਪੂਰਨ ਪ੍ਰਭ ਕੀ ਭਾਤੀ॥ (ਮ 5/681) ਭਾਵ ਪ੍ਰਭੂ ਦਾ (ਜੀਵਾਂ ਨੂੰ ਦੁੱਖਾਂ ਰੋਗਾਂ ਤੋਂ) ਬਚਾਉਣ ਦਾ ਤਰੀਕਾ ਪੂਰਨ ਤੌਰ ’ਤੇ ਉੱਤਮ ਹੈ; (ਮੈਂ) ਜਿਸ ਦਾ ਸੇਵਕ ਹਾਂ ਉਸ (ਪ੍ਰਭੂ) ਨੇ ਹੀ ਮੈਨੂੰ ਵਿਕਾਰਾਂ ਤੋਂ ਬਚਾ ਕੇ ਰੱਖ ਲਿਆ ਹੈ। (ਭਾਂਤੀ= ਤਰੀਕਾ, ਇੱਕ ਵਚਨ, ਉਚਾਰਨ ਕੰਨਾ ਬਿੰਦੀ ਸਮੇਤ ਅਤੇ ਬਿਹਾਰੀ ਬਿਨਾਂ ਬਿੰਦੀ ਤੋਂ= ਭਾਂਤੀ।)

ਪਾੲਂੀ, ਪਾਈਂ, ਪਾਂਈ, ਪਾਈ

  1. ਸੂਰੁ ਚਰ੍ਹੈ, ਪ੍ਰਿਉ ਦੇਖੈ ਨੈਨੀ; ਨਿਵਿ ਨਿਵਿ ਲਾਗੈ ਪਾਂਈ ॥ (ਮ 1/1273) ਭਾਵ ਜਦੋਂ ਸੂਰਜ ਚੜ੍ਹਦਾ ਹੈ, ਚਕਵੀ ਆਪਣੇ ਪਿਆਰੇ (ਚਕਵੇ) ਨੂੰ ਅੱਖੀਂ ਵੇਖਦੀ ਹੈ, ਲਿਫ ਲਿਫ ਕੇ ਉਸ ਦੇ ਪੈਰੀਂ ਲੱਗਦੀ ਹੈ। (ਪਾਂਈ = ਪੈਰੀਂ, ਉਚਾਰਨ ਬਿੰਦੀ ਸਹਿਤ= ਪਾਂਈਂ, ਨੈਨੀ= ਅੱਖਾਂ ਨਾਲ; ਉਚਾਰਨ ਬਿੰਦੀ ਸਹਿਤ= ਨੈਨੀਂ)
  2. ਗਤਿ ਹੋਵੈ, ਸੰਤਹ ਲਗਿ ਪਾੲਂੀ ॥ (ਮ 5/386) ਭਾਵ ਸੰਤ ਜਨਾਂ ਦੀ ਚਰਨੀਂ ਲੱਗ ਕੇ ਉੱਚੀ ਆਤਮਕ ਅਵਸਥਾ ਹੋ ਜਾਂਦੀ ਹੈ। (ਸੰਤਹ ਪਾੲਂੀ = ਸੰਤ ਜਨਾਂ ਦੀ ਚਰਨੀਂ; ਉਚਾਰਨ= ਪਾਂਈਂ)
  3. ਨਿਵਿ ਨਿਵਿ ਲਾਗਾ, ਤੇਰੀ ਪਾਈ ॥ (ਮ 5/106) ਭਾਵ ਮੈਂ ਸਦਾ ਨਿਊਂ ਨਿਊਂ ਕੇ ਤੇਰੀ ਪੈਰੀਂ ਲੱਗਦਾ ਹਾਂ। (ਪਾਈ=ਪੈਰੀਂ; ਉਚਾਰਨ= ਪਾਂਈਂ)
  4. ਜੇ ਬਹੁਤੇਰਾ ਪੜਿਆ ਹੋਵਹਿ ; ਕੋ ਰਹੈ ਨ ਭਰੀਐ ਪਾਈ ॥ (ਮ 1/24) ਭਾਵ ਭਾਵੇਂ ਤੂੰ ਕਿਤਨਾ ਹੀ (ਮਜ਼ਹਬੀ ਕਿਤਾਬਾਂ) ਪੜ੍ਹ ਜਾਏਂ (ਮੌਤ ਫਿਰ ਭੀ ਨਹੀਂ ਟਲੇਗੀ), ਜਿਵੇਂ ਪਨ ਘੜੀ ਵਾਲੀ ਪਾਈ ਜਦੋਂ ਪਾਣੀ ਨਾਲ ਭਰ ਜਾਂਦੀ ਹੈ ਤਾਂ ਪਾਣੀ ਵਿੱਚ ਤੈਰਦੀ ਨਹੀਂ ਰਹਿ ਸਕਦੀ ਭਾਵ ਡੁੱਬ ਜਾਂਦੀ ਹੈ, ਇਸੇ ਤਰ੍ਹਾਂ ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇੱਥੇ ਰਹਿ ਨਹੀਂ ਸਕਦਾ। (ਪਾਈ= ਇੱਕ ਵਚਨ ਹੈ ਅਤੇ ਕੋਈ ਵੀ ਕਾਰਕੀ (ਲੁਪਤ ਸਬੰਧਕੀ) ਅਰਥ ਨਹੀਂ ਨਿਕਲਦੇ, ਇਸ ਲਈ ਉਚਾਰਨ ਬਿਨਾਂ ਬਿੰਦੀ ਤੋਂ ਹੋਵੇਗਾ ‘ਪਾਈ’)

ਠਾੲਂੀ, ਠਾਂਈ, ਠਾਈ

(1) ਸੰਗਿ ਸਹਾਈ, ਛੋਡਿ ਨ ਜਾਈ ; ਪ੍ਰਭੁ ਦੀਸੈ ਸਭਨੀ ਠਾੲਂੀ ॥ (ਮ 5/1269) ਭਾਵ ਹੇ ਭਾਈ  ! ਉਹ ਪ੍ਰਭੂ ਹਰੇਕ ਦੇ ਨਾਲ ਸਾਥੀ ਹੈ, ਜੋ ਛੱਡ ਕੇ ਨਹੀਂ ਜਾਂਦਾ ਭਾਵ ਧੋਖਾ ਨਹੀਂ ਦਿੰਦਾ ਕਿਉਂਕਿ ਸਭ ਥਾਂਈਂ ਵੱਸਦਾ ਦਿੱਸਦਾ ਹੈ । (ਠਾੲਂੀ = ਥਾਂਈਂ, ਬਿੰਦੀ ਸਹਿਤ ਉਚਾਰਨ= ਠਾਂਈਂ। ਜਾਈ= ਜਾਂਦਾ, ਇੱਕ ਵਚਨ, ਅਨ ਪੁਰਖ ਦੀ ਕਿਰਿਆ; ਉਚਾਰਨ ਬਿਨਾਂ ਬਿੰਦੀ ਤੋਂ= ਜਾਈ)

(2) ਗੁਰ ਦ੍ਰਿਸਟਾਇਆ, ਸਭਨੀ ਠਾਂਈ ॥ (ਮ 5/1075) ਭਾਵ ਗੁਰੂ ਨੇ (ਹੀ ਸੇਵਕ ਨੂੰ ਪਰਮਾਤਮਾ) ਸਭਨੀਂ ਥਾਂਈਂ ਵਸਦਾ ਵਿਖਾਇਆ ਹੈ। (ਠਾਂਈ= ਥਾਂਈਂ, ਬਿੰਦੀ ਸਹਿਤ ਉਚਾਰਨ ਹੈ= ਠਾਂਈਂ)

(3) ਸਾਂਤਿ ਭਈ, ਬੁਝੀ ਸਭ ਤ੍ਰਿਸਨਾ ; ਅਨਦੁ ਭਇਆ ਸਭ ਠਾਈ ਜੀਉ ॥ (ਮ 5/106) ਭਾਵ (ਜੀਵਾਂ ਦੇ ਅੰਦਰ) ਠੰਢ ਪੈ ਗਈ, ਸਾਰੀ ਤ੍ਰੇਹ ਮਿਟ ਗਈ ਤੇ ਸਭ ਥਾਂਈਂ ਖ਼ੁਸ਼ੀ ਹੀ ਖ਼ੁਸ਼ੀ ਹੋ ਗਈ, ਸਭ ਦੇ ਹਿਰਦਿਆਂ ਵਿਚ ਆਨੰਦ ਪੈਦਾ ਹੋ ਗਿਆ)। (ਠਾਈ= ਥਾਂਈਂ, ਕੰਨਾ ਤੇ ਬਿਹਾਰੀ ਦੋਵਾਂ ’ਤੇ ਬਿੰਦੀ; ਉਚਾਰਨ ਹੈ= ਠਾਂਈਂ)

ਨੋਟ:- ਇਸੇ ਤਰ੍ਹਾਂ ਇਨ੍ਹਾਂ ਹੀ ਅਰਥਾਂ ਵਿੱਚ ਵਰਤੇ ਗਏ ਸ਼ਬਦ ‘ਥਾਈ’ ਅਤੇ ‘ਜਾਈ’ ਵੀ ਕੰਨਾ ਤੇ ਬਿਹਾਰੀ ਦੋਵਾਂ ’ਤੇ ਬਿੰਦੀ ਲਗਾ ਕੇ ਉਚਾਰਨ ਹੋਏਗਾ ‘ਥਾਂਈਂ, ਜਾਂਈਂ’।

ਨਾਂਈਂ, ਨਾਂਈ, ਨਾਈ

  1. ਨਾਨਕ ! ਸਚਾ, ਸਚੀ ਨਾਂਈ ; ਸਚੁ ਪਵੈ ਧੁਰਿ ਲੇਖੈ ॥ (ਮ 4/1242) ਭਾਵ ਹੇ ਨਾਨਕ ! ਸਦਾ-ਥਿਰ ਮਾਲਕ ਹੈ ਤੇ ਉਸ ਦੀ ਵਡਿਆਈ (ਨਾਮ, ਮਹਿਮਾ) ਵੀ ਸਦਾ ਕਾਇਮ ਰਹਿਣ ਵਾਲੀ ਹੈ, ਪਰ ਇਹ ਸਚ ਨਾਮ-ਵਡਿਆਈ ਉਸ ਦੇ ਹਿਰਦੇ ’ਚ ਹੀ ਵਸਦੀ ਹੈ, ਜਿਸ ਦੇ ਭਾਗ ’ਚ ਧੁਰ ਤੋਂ ਲਿਖਿਆ ਹੋਇਆ ਹੁੰਦਾ ਹੈ। (ਨਾਂਈ = ਵਡਿਆਈ। ਕੰਨੇ ’ਤੇ ਲੱਗੀ ਬਿੰਦੀ ਦਾ ਉਚਾਰਨ ਹੋਵੇਗਾ ‘ਨਾਂਈ’, ਨਾ ਕਿ ਨਾਈਂ’।)
  2. ਸਚਾ ਸਾਹਿਬੁ, ਸਚੀ ਨਾਈ ॥ (ਮ 3/1048) ਭਾਵ ਸਦਾ-ਥਿਰ ਮਾਲਕ ਹੈ ਤੇ ਉਸ ਦੀ ਵਡਿਆਈ ਵੀ ਸਦਾ-ਥਿਰ ਰਹਿਣ ਵਾਲੀ ਹੈ। (ਇੱਥੇ ਵੀ ‘ਨਾਈ’ ਦਾ ਅਰਥ ਹੈ ‘ਵਡਿਆਈ’, ਇਸ ਲਈ ਉਚਾਰਨ ਵੀ ਨੰਬਰ 1. ਤੁਕ ਵਾਙ ਹੀ ਹੋਵੇਗਾ= ਨਾਂਈ)
  3. ਸਭਿ ਦੁਖ ਮੇਟੇ, ਸਾਚੈ ਨਾਈ ॥ (ਮ 1/412) ਭਾਵ ਸਾਰੇ ਦੁਖ ਸਚੇ ਨਾਮ ਦੁਆਰਾ ਮਿਟ ਜਾਂਦੇ ਹਨ। (ਨਾਈ = ਨਾਮ ਦੀ ਰਾਹੀਂ= ਵਡਿਆਈ ਦੀ ਰਾਹੀਂ; ਉਚਾਰਨ ਹੈ= ਨਾਂਈਂ)
  4. ਸੈਨੁ ਨਾਈ ਬੁਤਕਾਰੀਆ ; ਓਹੁ ਘਰਿ ਘਰਿ ਸੁਨਿਆ ॥ (ਮ 5/487) ਭਾਵ ਸੈਣ (ਜਾਤਿ ਦਾ) ਨਾਈ, ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਜਿਸ ਦੀ ਪ੍ਰਸਿੱਧੀ ਘਰ ਘਰ ’ਚ ਹੋਣ ਲੱਗੀ। (ਉਚਾਰਨ ਬਿਨਾਂ ਬਿੰਦੀ ਤੋਂ ਹੋਵੇਗਾ= ਨਾਈ)

ਆਖੀਂ, ਆਖੀ

  1. ਆਖੀਂ ਸੇਖਾ ! ਬੰਦਗੀ ; ਚਲਣੁ ਅਜੁ ਕਿ ਕਲਿ ॥ (ਸਲੋਕ ਫਰੀਦ ਜੀ/1383) ਭਾਵ ਹੇ ਸ਼ੇਖ਼ (ਫਰੀਦ) ! (ਰੱਬ ਦੀ) ਬੰਦਗੀ ਕਰ (ਇਹਨਾਂ ਮਹਲ-ਮਾੜੀਆਂ ਤੋਂ) ਅੱਜ ਭਲਕੇ ਕੂਚ ਕਰਨਾ ਹੋਵੇਗਾ। (ਆਖੀਂ= ਤੂੰ ਆਖ; ਮੱਧਮ ਪੁਰਖ ਇੱਕ ਵਚਨ ਦੀ ਕਿਰਿਆ ਹੋਣ ਕਰ ਕੇ ਬਿੰਦੀ ਸਹਿਤ ਦਰਜ ਹੈ, ਜੋ ਉਚਾਰਨ ਦਾ ਭਾਗ ਹੈ, ਪਰ।
  2. ਜਿਨਿ ਆਖੀ, ਸੋਈ ਕਰੇ ; ਜਿਨਿ ਕੀਤੀ ਤਿਨੈ ਥਟੀਐ ॥ (ਵਾਰ ਬਲਵੰਡ ਸਤਾ/967) ਭਾਵ ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ (ਹੁਕਮ-ਖੇਡ) ਰਚੀ, ਉਸ ਨੇ ਆਪ ਹੀ ਬਾਬਾ ਲਹਿਣਾ ਜੀ ਨੂੰ ਹੁਕਮ ਮੰਨਣ ਦੇ) ਸਮਰੱਥ ਬਣਾਇਆ। (ਆਖੀ = (ਹੁਕਮ ਮੰਨਣ ਦੀ ਸਿੱਖਿਆ) ਦੱਸੀ। ਅਨ ਪੁਰਖ ਇੱਕ ਵਚਨ ਦੀ ਕਿਰਿਆ ਹੋਣ ਕਰ ਕੇ ਇੱਥੇ ਉਚਾਰਨ ਬਿਨਾਂ ਬਿੰਦੀ ਤੋਂ ਹੋਵੇਗਾ= ਆਖੀ)
  3. ਮੂਰਖੁ ਹੋਇ, ਨ ਆਖੀ ਸੂਝੈ ॥ (ਮ 1/414) ਭਾਵ ਉਹ ਮਨੁੱਖ ਮੂਰਖ ਹੈ ਜਿਹੜਾ (ਅੰਦਰੂਨੀ) ਅੱਖਾਂ ਨਾਲ (ਪ੍ਰਭੂ ਸਬੰਧੀ ਕੋਈ) ਸੂਝ ਨਹੀਂ ਰੱਖਦਾ/(ਪ੍ਰਭੂ) ਨਹੀਂ ਦਿਸਦਾ । (ਆਖੀ = ਅੱਖਾਂ ਨਾਲ; ਉਚਾਰਨ= ਆੱਖੀਂ। ਨ ਸੂਝੈ =ਨ ਸੁੱਝਦਾ, ਨਾ ਦਿੱਸਦਾ।
  4. ਕਬੀਰ ! ਆਖੀ ਕੇਰੇ ਮਾਟੁਕੇ ; ਪਲੁ ਪਲੁ ਗਈ ਬਿਹਾਇ ॥ (ਸਲੋਕ ਕਬੀਰ ਜੀ/1376) ਭਾਵ ਹੇ ਕਬੀਰ ! ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ (ਉਮਰ) ਬੀਤ ਰਹੀ ਹੈ। (ਆਖੀ ਕੇਰੇ ਮਾਟੁਕੇ = ਅੱਖਾਂ ਦੇ ਝਮਕਣ ਜਿਤਨਾ ਸਮਾ; ਉਚਾਰਨ= ਆੱਖੀਂ। ਗਈ ਬਿਹਾਇ = (ਉਮਰ) ਬੀਤ ਰਹੀ ਹੈ। ‘ਗਈ’ ਅਨ ਪੁਰਖ ਇੱਕ ਵਚਨ ਦੀ ਕਿਰਿਆ ਹੋਣ ਕਰ ਕੇ ਬਿਨਾਂ ਬਿੰਦੀ ਤੋਂ ਉਚਾਰੀ ਜਾਵੇਗੀ= ਗਈ)

ਹਾਥੀ, ਹਥੀ

  1. ਕਹਾ ਭਇਓ ਦਰਿ ਬਾਂਧੇ ਹਾਥੀ ? ਖਿਨ ਮਹਿ ਭਈ ਪਰਾਈ ॥ (ਭਗਤ ਨਾਮਦੇਵ ਜੀ/693) ਭਾਵ ਕੀ ਹੋਇਆ ਜੇ (ਉਸ ਦੇ ਮਹਿਲਾਂ ਦੇ) ਦਰਵਾਜ਼ੇ (ਬੂਹੇ) ਉੱਤੇ ਹਾਥੀ ਬੱਝੇ ਹੋਏ ਹਨ ? ਇਕ ਪਲ ਵਿਚ ਸਭ ਕੁਝ ਪਰਾਇਆ ਹੋ ਗਿਆ। (ਹਾਥੀ= ਬਹੁ ਵਚਨ ਪੁਲਿੰਗ ਸ਼ਬਦ ਹੈ, ਜੋ ਬਿਨਾਂ ਬਿੰਦੀ ਤੋਂ ਉਚਾਰਿਆ ਜਾਵੇਗਾ= ਹਾਥੀ, ਕਿਉਂਕਿ ਕੋਈ ਸਬੰਧਕੀ ਚਿੰਨ੍ਹ ਜਾਂ ਲੁਪਤ ਕਾਰਕ ਨਹੀਂ ਮਿਲਦਾ; ਜਿਵੇਂ ਕਿ ਹਾਥੀ ਦਾ, ਹਾਥੀ ਵਿੱਚ, ਆਦਿ।)
  2. ਹਰਿ ਹੈ ਖਾਂਡੁ, ਰੇਤੁ ਮਹਿ ਬਿਖਰੀ ; ਹਾਥੀ ਚੁਨੀ ਨ ਜਾਇ ॥ (ਸਲੋਕ ਕਬੀਰ ਜੀ/1377 ਭਾਵ ਪਰਮਾਤਮਾ ਦਾ ਨਾਮ, ਮਾਨੋ, ਖੰਡ ਵਾਙ ਬਾਰੀਕ ਹੈ ਜੋ ਰੇਤ (ਸਮਾਜਿਕ ਵਿਸ਼ਾਲਤਾ) ਵਿਚ ਖਿੱਲਰੀ ਹੋਈ ਹੈ, ਹਾਥੀ (ਅਹੰਕਾਰ) ਪਾਸੋਂ ਇਹ ਖੰਡ, ਰੇਤ ਵਿੱਚੋਂ ਚੁਣੀ ਨਹੀਂ ਜਾ ਸਕਦੀ। (ਹਾਥੀ = ਹਾਥੀ ਪਾਸੋਂ। ਇੱਕ ਵਚਨ ਪੁਲਿੰਗ ਸ਼ਬਦ ਹੋਣ ਕਰ ਕੇ ਉਚਾਰਨ ਬਿਨਾਂ ਬਿੰਦੀ ਤੋਂ= ਹਾਥੀ)
  3. ਤ੍ਰਾਹਿ ਤ੍ਰਾਹਿ, ਸਰਨਿ ਜਨ ਆਏ ; ਗੁਰੁ ਹਾਥੀ ਦੇ ਨਿਕਲਾਵੈਗੋ ॥ (ਮ 4/1311) ਭਾਵ ਜਦ ਆਦਮੀ ‘ਮੇਰੀ ਰੱਖਿਆ ਕਰੋ, ਮੇਰੀ ਰੱਖਿਆ ਕਰੋ’ ਕਹਿੰਦਾ ਹੋਇਆ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਗੁਰੂ ਜੀ ਆਪਣਾ ਹੱਥ ਦੇ ਕੇ ਉਸ ਨੂੰ ਬਾਹਰ ਕੱਢ ਲੈਂਦੇ ਹਨ। (ਹਾਥੀ = ਹੱਥ।, ਦੇ = ਦੇ ਕੇ। ਉਚਾਰਨ ਬਿਨਾਂ ਬਿੰਦੀ ਤੋਂ= ਹਾਥੀ, ਇੱਕ ਵਚਨ)
  4. ਹਥੀ ਦਿਤੀ, ਪ੍ਰਭਿ ਦੇਵਣਹਾਰੈ ॥ (ਮ 5/106) ਭਾਵ ਹਥੀ = ਤਲੀ, ਫੱਕੀ (ਘਰ ਵਿਚ ਨਿਆਣਿਆਂ ਲਈ ਮਾਵਾਂ ਜਵੈਣ ਸੌਂਫ ਆਦਿਕ ਦੀ ਫੱਕੀ ਬਣਾ ਕੇ ਰੱਖਦੀਆਂ ਹਨ, ਜੋ ਵੇਲੇ ਕੁਵੇਲੇ ਬਾਲਾਂ ਨੂੰ ਤਲੀ ਦੇ ਦੇਂਦੀਆਂ ਹਨ) ਉਚਾਰਨ= ਹੱਥੀ। ਪੂਰੀ ਤੁਕ ਦੇ ਅਰਥ : (ਪ੍ਰਭੂ ਦੀ ਸਿਫ਼ਤ-ਸਾਲਾਹ, ਮਾਨੋ, ਇਕ ਫੱਕੀ ਹੈ) ਦੇਵਣਹਾਰ ਪ੍ਰਭੂ ਨੇ ਇਸ ਜੀਵ-ਬਾਲ ਨੂੰ (ਇਸ ਫੱਕੀ ਦੀ) ਤਲੀ ਦਿੱਤੀ।
  5. ਹਥੀ ਪਉਦੀ, ਕਾਹੇ ਰੋਵੈ ? ॥ (ਮ 1/989) ਭਾਵ ਹਥੀ ਪਉਦੀ = ਜਦੋਂ (ਜਮਾਂ ਦੇ) ਹੱਥ ਪੈਂਦੇ ਹਨ। ਕਾਹੇ ਰੋਵੈ = ਕਿਉਂ ਰੋਂਦਾ ਹੈ ? ਰੋਣ ਦਾ ਕੋਈ ਲਾਭ ਨਹੀਂ ਹੁੰਦਾ। ਉਚਾਰਨ= ਹੱਥੀ (ਕਿਉਂਕਿ ਕੋਈ ਸਬੰਧਕੀ ਚਿੰਨ੍ਹ ਨਹੀਂ)।
  6. ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ ॥ (ਮ 1/474) ਭਾਵ ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ)। (‘ਹਥੀ’ ਬਹੁ ਵਚਨ ਅਤੇ ਕਾਰਕੀ ਅਰਥ (ਨਾਲ) ਦੇਣ ਕਰ ਕੇ ਇੱਥੇ ਉਚਾਰਨ ਹੈ ਬਿੰਦੀ ਸਹਿਤ= ਹੱਥੀਂ ਭਾਵ ਹੱਥਾਂ ਨਾਲ)

ਕਾਜੀ

  1. ਕਾਜੀ ਸੋ, ਜੋ ਉਲਟੀ ਕਰੈ ॥ (ਮ 1/662) ਭਾਵ ਕਾਜ਼ੀ ਉਹ ਹੈ, ਜੋ ਸੁਰਤਿ ਨੂੰ ਹਰਾਮ ਦੇ ਮਾਲ ਵੱਲੋਂ ਮੋੜਦਾ ਹੈ।
  2. ਕਾਜੀ ! ਤੈ ਕਵਨ ਕਤੇਬ ਬਖਾਨੀ ? ॥ ਪੜ੍ਹਤ ਗੁਨਤ ਐਸੇ ਸਭ ਮਾਰੇ; ਕਿਨਹੂੰ ਖਬਰਿ ਨ ਜਾਨੀ ॥ (ਭਗਤ ਕਬੀਰ/477) ਭਾਵ ਹੇ ਕਾਜ਼ੀ ! ਤੂੰ ਕਿਹੜੀ ਕਿਤਾਬ ਵਿੱਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ) ? ਤੇਰੇ ਵਰਗੇ ਜੋ ਮਨੁੱਖ ਤਅੱਸਬ ਦੀ ਪੱਟੀ ਅੱਖਾਂ ’ਤੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ। (ਉਕਤ ਦੋਵਾਂ ਤੁਕਾਂ ਵਿੱਚ ਉਚਾਰਨ ਹੈ= ਕਾਜ਼ੀ)
  3. ਕਹੁ ਨਾਨਕ ! ਅਪਰੰਪਰ ਸੁਆਮੀ ; ਕੀਮਤਿ ਅਪੁਨੇ ਕਾਜੀ ॥ (ਮ 5/206) ਭਾਵ ਹੇ ਨਾਨਕ ਆਖ ਕਿ ਉਹ ਪਰਮਾਤਮਾ ਪਰੇ ਤੋਂ ਪਰੇ ਹੈ, (ਸਾਰੀ ਰਚਨਾ ਦਾ) ਮਾਲਕ ਹੈ ਤੇ ਉਹ ਆਪਣੇ ਕੰਮਾਂ ਦੀ ਕਦਰ ਆਪ ਹੀ ਜਾਣਦਾ ਹੈ। (ਕੀਮਤ ਅਪੁਨੈ ਕਾਜੀ = ਆਪਣੇ ਕਾਜਾਂ (ਕੰਮਾਂ) ਦੀ ਕੀਮਤ। ਉਚਾਰਨ ਬਿੰਦੀ ਸਹਿਤ= ਕਾਜੀਂ)

ਮੋਰੀ

  1. ਗੁਰਿ ਦਿਖਲਾਈ ਮੋਰੀ ॥ ਜਿਤੁ, ਮਿਰਗ ਪੜਤ ਹੈ ਚੋਰੀ ॥ (ਭਗਤ ਕਬੀਰ ਜੀ/656) ਭਾਵ ਗੁਰੂ ਸਾਹਿਬਾਂ ਨੇ ਮੈਨੂੰ ਉਹ ਮੋਰੀ ਵਿਖਾਲ ਦਿੱਤੀ ਹੈ, ਜਿਸ ਦੇ ਰਾਹੀਂ (ਵਿਕਾਰ ਰੂਪੀ) ਹਰਨ ਚੋਰੀਓਂ ਅੰਦਰ ਵੜਦੇ ਹਨ। (ਮੋਰੀ= ਗਲ਼ੀ/ਸੁਰਾਖ। ਉਚਾਰਨ= ਬਿਨਾਂ ਬਿੰਦੀ ਤੋਂ= ਮੋਰੀ)
  2. ਕਹੁ ਨਾਨਕ ! ਮੋਰੀ ਪੂਰਨ ਆਸਾ ॥ (ਮ 5/394) ਭਾਵ ਹੇ ਨਾਨਕ ! ਆਖ ਕਿ ਹੁਣ ਮੇਰੀ ਖਾਹਿਸ਼ ਪੂਰੀ ਹੋ ਗਈ ਹੈ। (ਮੋਰੀ= ਮੇਰੀ, ਪੜਨਾਂਵ। ਉਚਾਰਨ ਬਿਨਾਂ ਬਿੰਦੀ ਤੋਂ= ਮੋਰੀ)
  3. ਮੋਰੀ ਰੁਣ ਝੁਣ ਲਾਇਆ; ਭੈਣੇ ! ਸਾਵਣੁ ਆਇਆ ॥ (ਮ 1/557) ਭਾਵ ਹੇ ਭੈਣੇ ! ਬਰਸਾਤ ਦਾ ਮਹੀਨਾ ‘ਸਾਉਣ’ ਆ ਗਿਆ ਹੈ। ਮੋਰਾਂ ਨੇ ਪੈਲਾਂ (ਮਿੱਠੇ ਗੀਤ) ਪਾਉਣੀਆਂ ਸ਼ੁਰੂ ਕਰ ਦਿੱਤੀਆਂ । (ਮੋਰੀ= ਕਰਤਾ ਕਾਰਕ, ਬਹੁ ਵਚਨ= ਮੋਰਾਂ ਨੇ। ਉਚਾਰਨ= ਮੋਰੀਂ)

ਗੋਰੀ

  1. ਛੈਲ ਲੰਘੰਦੇ ਪਾਰਿ, ਗੋਰੀ ਮਨੁ ਧੀਰਿਆ ॥ (ਭਗਤ ਫਰੀਦ ਜੀ/488) ਭਾਵ (ਕਿਸੇ ਦਰਿਆ ਤੋਂ) ਤੈਰਾਕ ਜੁਆਨਾਂ ਨੂੰ (ਨਦੀ, ਸੰਸਾਰ ਸਮੁੰਦਰ)) ਪਾਰ ਲੰਘਦਿਆਂ ਵੇਖ ਕੇ ਸੁੰਦਰ ਮੁਟਿਆਰ (ਗੁਰਮੁਖ) ਦਾ ਦਿਲ ਹੌਸਲਾ ਫੜ ਲੈਂਦਾ ਹੈ (ਤੇ ਲੰਘਣ ਦਾ ਹੀਆ ਕਰਦੀ ਹੈ) । (ਗੋਰੀ= ਇੱਕ ਵਚਨ ਇਸਤਰੀ ਲਿੰਗ ਨਾਂਵ= ਸੁੰਦਰ ਮੁਟਿਆਰ। ਉਚਾਰਨ ਬਿਨਾਂ ਬਿੰਦੀ ਤੋਂ= ਗੋਰੀ)
  2. ਪਾਨੀ ਮੈਲਾ, ਮਾਟੀ ਗੋਰੀ ॥ (ਭਗਤ ਕਬੀਰ ਜੀ/336) ਭਾਵ ਮਾਟੀ ਗੋਰੀ= ਲਾਲ ਮਿੱਟੀ, ਮਾਂ ਦੀ ਰਕਤ-ਰੂਪ ਧਰਤੀ ਜਿਸ ਵਿਚ ਪਿਤਾ ਦਾ ਬੀਰਜ-ਰੂਪ (ਮੈਲਾ ਪਾਨੀ) ਬੀਜ ਉੱਗਦਾ ਹੈ। (ਗੋਰੀ= ਵਿਸ਼ੇਸ਼ਣ, ਲਾਲ ਸੁਰਖ ਰੰਗ। ਉਚਾਰਨ= ਬਿਨਾਂ ਬਿੰਦੀ= ਗੋਰੀ)
  3. ਕੂੜਾ ਸਉਦਾ ਕਰਿ ਗਏ ; ਗੋਰੀ ਆਇ ਪਏ ॥ (ਸਲੋਕ ਫਰੀਦ ਜੀ/1380) ਭਾਵ (ਮਨਮੁਖਾਂ ਨੇ) ਝੂਠਾ ਵਣਜ ਵਿਹਾਝਿਆ ਅਤੇ ਅੰਤ ਕਬਰਾਂ ਵਿੱਚ ਆ ਡਿੱਗੇ। (ਗੋਰੀ = ਫਾਰਸੀ ਦੇ ਸ਼ਬਦ ‘ਗੋਰ’/ਕਬਰ ਦਾ ਬਹੁ ਵਚਨ ਹੈ ਅਤੇ ਕਾਰਕੀ ਅਰਥ ਦਿੰਦਾ ਹੈ। ਉਚਾਰਨ= ਗੋਰੀਂ= ਕਬਰਾਂ ਵਿਚ), ਆਦਿ।

ਸੰਖੇਪ ’ਚ ਦਿੱਤੀਆਂ ਗਈਆਂ ਉਕਤ ਸਾਰੀਆਂ ਉਦਾਹਰਨਾਂ ਤੋਂ ਅਸੀਂ ਵੇਖ ਚੁੱਕੇ ਹਾਂ ਕਿ ਗੁਰਬਾਣੀ ਵਿੱਚ ਅੰਤ ਬਿਹਾਰੀ ਸਹਿਤ ਕੁਝ ਕੁ ਥਾਂਵਾਂ ’ਤੇ ਬਹੁ ਵਚਨ ਇਸਤਰੀ ਲਿੰਗ/ਪੁਲਿੰਗ ਨਾਂਵ ਸ਼ਬਦਾਂ, ਜਿਨ੍ਹਾਂ ਦੇ ਪਿੱਛੇ ਸਬੰਧਕੀ ਜਾਂ ਕਾਰਕੀ ਸ਼ਬਦ ਲੱਗੇ ਹੋਣ ਜਾਂ ਲੁਪਤ ਤੌਰ ’ਤੇ ਕਾਰਕੀ ਚਿੰਨ੍ਹ ਮਿਲਦੇ ਹੋਣ ਤਾਂ ਉਸ ਬਿਹਾਰੀ ਤੋਂ ਪਹਿਲਾਂ ਜਾਂ ਬਾਅਦ ’ਚ ਬਿੰਦੀ ਲੱਗੀ ਹੋਈ ਹੈ; (ਕਈ ਥਾਂਈ ਬਿੰਦੀ ਦੇ ਥਾਂ ਟਿੱਪੀ ਵੀ ਲੱਗੀ ਹੋਈ ਹੈ, ਜੋ ਤਤਕਾਲੀ ਲਿਖਤ ਮੁਤਾਬਕ ਹੈ; ਜਿਸ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਇਨ੍ਹਾਂ ਹੀ ਵਰਗੇ ਅਰਥਾਂ ਵਿੱਚ ਜਦੋਂ ਅੰਤ ਬਿਹਾਰੀ (ਬਿੰਨਾਂ ਬਿੰਦੀ) ਵਾਲੀ ਧੁਨੀ ਹੋਵੇ ਤਾਂ ਉਨ੍ਹਾਂ ਦਾ ਬਿੰਦੀ ਸਹਿਤ ਉਚਾਰਨ ਕਰਨਾ ਵਾਜਬ ਹੁੰਦਾ ਹੈ, ਪਰ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਗੁਰ ਪ੍ਰਸਾਦੀ, ਗੁਰਮਤੀ, ਗੁਰ ਸਬਦੀ, ਆਦਿਕ ਸ਼ਬਦ ਕਦੀ ਵੀ ਬਿੰਦੀ ਸਹਿਤ ਉਚਾਰਨ ਨਹੀਂ ਹੁੰਦੇ, ਇਨ੍ਹਾਂ ਸ਼ਬਦਾਂ ਦੇ ਬਿੰਦੀ ਰਹਿਤ ਉਚਾਰੇ ਜਾਣ ਦੇ ਦੋ ਕਾਰਨ ਹਨ :

(1). ਇਹ ਕਿ ਇਹ ਸ਼ਬਦ ਗੁਰਮਤਿ ਫ਼ਲਸਫ਼ੇ ਵਿੱਚ ਹਮੇਸ਼ਾਂ ਹੀ ਇੱਕ ਵਚਨ ਦੇ ਅਰਥਾਂ ’ਚ ਵਰਤੇ ਜਾਂਦੇ ਹਨ, ਜਿਵੇਂ: ਗੁਰ ਪ੍ਰਸਾਦੀ= ਗੁਰੂ ਦੀ ਕਿਰਪਾ ਦੁਆਰਾ। ਗੁਰਮਤੀ= ਗੁਰੂ ਦੀ ਮੱਤ ਦੁਆਰਾ। ਗੁਰ ਸਬਦੀ= ਗੁਰੂ ਦੇ ਸ਼ਬਦ ਦੁਆਰਾ।

(2). ਗੁਰਬਾਣੀ ਲਿਖਤ ਵਿੱਚ ਇਹ ਜ਼ਿਆਦਾਤਰ ਸਿਹਾਰੀ ਅੰਤ ਲਿਖੇ ਹੋਏ ਹਨ; ਜਿਵੇਂ ਕਿ ‘ਗੁਰ ਪ੍ਰਸਾਦਿ= ਗੁਰੂ ਦੀ ਕਿਰਪਾ ਦੁਆਰਾ।, ਗੁਰਮਤਿ= ਗੁਰੂ ਦੀ ਮੱਤ ਦੁਆਰਾ।, ਗੁਰ ਸਬਦਿ= ਗੁਰੂ ਦੇ ਸ਼ਬਦ ਦੁਆਰਾ।, ਆਦਿ। ਕਾਵਿ ਰਚਨਾ ਨੂੰ ਧਿਆਨ ਵਿੱਚ ਰੱਖਦਿਆਂ ਕਈ ਥਾਂਈਂ ਜਿੱਥੇ ਸ਼ਬਦ ਦੀ ਮਾਤਰਾ ਵਧਾਉਣ ਦੀ ਲੋੜ ਹੋਵੇ ਉੱਥੇ ਸਿਹਾਰੀ ਨੂੰ ਬਿਹਾਰੀ ’ਚ ਬਦਲ ਦਿੱਤਾ ਹੁੰਦਾ ਹੈ (ਕਿਉਂਕਿ ਸਿਹਾਰੀ ਲਘੂ ਮਾਤਰਾ ਹੈ ਤੇ ਬਿਹਾਰੀ ਦੀਰਘ ਮਾਤਰਾ, ਜਿਸ ਦਾ ਵਜ਼ਨ ਲਘੂ ਮਾਤਰਾ ਨਾਲੋਂ ਦੁੱਗਣਾ ਹੁੰਦਾ ਹੈ) ਜਦ ਕਿ ਸਿਹਾਰੀ ਅੰਤ ਜਾਂ ਬਿਹਾਰੀ ਅੰਤ ਨਾਲ ਅਰਥਾਂ ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਆਉਂਦੀ।

ਸੋ, ਜਦ ਇਹੀ ਸ਼ਬਦ ਸਮਾਨ ਅਰਥਾਂ ਵਿੱਚ ਸਿਹਾਰੀ ਅੰਤ ਬਿਨਾਂ ਬਿੰਦੀ ਪੜ੍ਹੇ ਅਤੇ ਲਿਖੇ ਜਾਂਦੇ ਹਨ ਤਾਂ ਸਿਹਾਰੀ (ਲਘੂ ਮਾਤਰਾ) ਨੂੰ ਬਿਹਾਰੀ (ਦੀਰਘ ਮਾਤਰਾ) ਵਿੱਚ ਬਦਲਣ ’ਤੇ ਬਿੰਦੀ ਲਗਾਉਣ ਦੀ ਵੀ ਕੋਈ ਲੋੜ ਨਹੀਂ ਰਹਿ ਜਾਂਦੀ।

—————ਚਲਦਾ—————–