ਸਾਹਿਤਕਾਰੀ ਅਨੁਸਾਰ ਗੁਰਬਾਣੀ ਵਿੱਚ ਪੈਰ ਅੱਖਰਾਂ ਵਾਲੇ ਸ਼ਬਦਾਂ ਦਾ ਉਚਾਰਨ (ਭਾਗ 10)

0
1186

ਸਾਹਿਤਕਾਰੀ ਅਨੁਸਾਰ ਗੁਰਬਾਣੀ ਵਿੱਚ ਪੈਰ ਅੱਖਰਾਂ ਵਾਲੇ ਸ਼ਬਦਾਂ ਦਾ ਉਚਾਰਨ  (ਭਾਗ 10)

ਕਿਰਪਾਲ ਸਿੰਘ ਬਠਿੰਡਾ। ਸੰਪਰਕ 98554-80797

ਪਿਛਲੇ ਭਾਗ ਵਿੱਚ ਅਸੀਂ ਗੁਰਬਾਣੀ ਵਿੱਚ ਵਰਤੇ ਗਏ ਨਾਂਵ ਸ਼ਬਦਾਂ ਦੇ ਅੱਖਰਾਂ ਦੇ ਉੱਪਰ ਅੱਧਕ ਅਤੇ ਪੈਰ ਬਿੰਦੀ ਦੀ ਵਰਤੋਂ ਦੀ ਵੀਚਾਰ ਕੀਤੀ ਸੀ। ਸਮੁੱਚੀ ਗੁਰਬਾਣੀ ਵਿੱਚ ਕਿਸੇ ਵੀ ਅੱਖਰ ਉੱਪਰ ਲਿਖਤ ਰੂਪ ਵਿੱਚ ਅੱਧਕ ਅਤੇ ਪੈਰ ਬਿੰਦੀ ਦੀ ਵਰਤੋਂ ਹੋਈ ਤਾਂ ਬਿਲਕੁਲ ਨਹੀਂ ਮਿਲਦੀ ਭਾਵੇਂ ਕਿ ਪਿਛਲੇ ਭਾਗ ਵਿੱਚ ਅਸੀਂ ਵੇਖ ਆਏ ਹਾਂ ਕਿ ਅਰਥਾਂ ਨੂੰ ਧਿਆਨ ਵਿੱਚ ਰੱਖਦਿਆਂ ਲੋੜ ਅਨੁਸਾਰ ਅੱਧਕ ਅਤੇ ਪੈਰ ਬਿੰਦੀ ਸਹਿਤ ਉਚਾਰਨ ਕੀਤੇ ਜਾਣਾ ਜ਼ਰੂਰੀ ਹੋ ਜਾਂਦਾ ਹੈ। ਦੂਸਰੇ ਪਾਸੇ ਗੁਰਬਾਣੀ ਵਿੱਚ ਬਹੁਤ ਸਾਰੇ ਸ਼ਬਦ ਖਾਸ ਕਰ ਕੇ ਜਿਹੜੇ ਸੰਸਕ੍ਰਿਤ ਪਰਿਵਾਰ ਦੀਆਂ ਭਾਸ਼ਾਵਾਂ ਵਿੱਚੋਂ ਆਏ ਹਨ; ਐਸੇ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦੇ ਪੈਰ ਵਿੱਚ ਅੱਧਾ ਹ  ੍ਹ , ਪੈਰ ਵਿੱਚ ਹਲੰਤ ਚਿੰਨ੍ਹ  ੍ , ਅੱਧਾ ਚ     , ਅੱਧਾ ਟ    , ਅੱਧਾ ਤ   , ਅੱਧਾ ਨ   ,  ਅੱਧਾ ਯ   ੵ  ,  ਅੱਧਾ ਰ  ੍ਰ , ਅੱਧਾ ਵ   ੍ਵ   ਦੀ ਵਰਤੋਂ ਕੀਤੀ ਹੋਈ ਮਿਲਦੀ ਹੈ।  ਅੱਜ ਕਲ੍ਹ ਦੀ ਪੰਜਾਬੀ ਵਿੱਚ ਅੱਧਾ ਹ  ੍ਹ ਅਤੇ ਅੱਧਾ ਰ  ੍ਰ  ਦੀ ਵਰਤੋਂ ਤਾਂ ਆਮ ਹੈ ਪਰ ਬਾਕੀ ਅੱਧੇ ਅੱਖਰਾਂ ਦੀ ਵਰਤੋਂ ਨਾ ਮਾਤਰ ਹੀ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਸਮੇਂ ਸਮੇਂ ’ਤੇ ਲਿਖਣਸ਼ੈਲੀ ਅਤੇ ਉਚਾਰਨ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਚਿੰਨ੍ਹਾਂ ਵਿੱਚ ਫੇਰ ਬਦਲ ਹੁੰਦਾ ਰਹਿੰਦਾ ਹੈ; ਜਿਵੇਂ ਕਿ ਅੱਖਰਾਂ ਉੱਪਰ ਅੱਧਕ ਅਤੇ ਪੈਰ ਬਿੰਦੀ ਗੁਰਬਾਣੀ ਲਿਖਣ ਦੇ ਸਮੇਂ ਲਿਖਤ ਵਿੱਚ ਪ੍ਰਚਲਿਤ ਨਹੀਂ ਸਨ ਇਸ ਕਾਰਨ ਨਹੀਂ ਲਿਖੀਆਂ ਗਈਆਂ ਪਰ ਲੋੜ ਅਨੁਸਾਰ ਉਚਾਰਨ ਕਰਨਾ ਜ਼ਰੂਰੀ ਹੈ ਅਤੇ ਅੱਜ ਕਲ੍ਹ ਦੀ ਪੰਜਾਬੀ ਲਿਖਤ ਵਿੱਚ ਪ੍ਰਚਲਿਤ ਵੀ ਹਨ। ਇਸੇ ਤਰ੍ਹਾਂ ਗੁਰਬਾਣੀ ਲਿਖੇ ਜਾਣ ਸਮੇਂ ਪੈਰੀਂ ਅੱਧੇ ਅੱਖਰਾਂ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ ਪਰ ਅੱਜ ਕਲ੍ਹ ਪੈਰ ਵਿੱਚ ਅੱਧੇ ਅੱਖਰ ਲਿਖੇ ਜਾਣ ਦਾ ਰਿਵਾਜ ਘੱਟਦਾ ਜਾ ਰਿਹਾ ਹੈ। ਪੈਰ ਵਿੱਚ ਲਿਖੇ ਗਏ ਇਨ੍ਹਾਂ ਅੱਧੇ ਅੱਖਰਾਂ ਵਿੱਚੋਂ ਪੈਰ ਅੱਧੇ ਹ   ੍ਹ  ਅਤੇ ਹਲੰਤ ਚਿੰਨ੍ਹ  ੍ ਦੀ ਵਰਤੋਂ ਤਾਂ ਐਸੀ ਹੈ, ਜਿਨ੍ਹਾਂ ਦਾ ਉਚਾਰਨ ਲਗਭਗ ਇੱਕ ਜੈਸਾ ਹੈ ਅਤੇ ਇਨ੍ਹਾਂ ਦੀ ਵਰਤੋਂ ਕੁਝ ਸ਼ਬਦਾਂ ਦੇ ਅਰਥ ਸਪਸ਼ਟ ਕਰਨ ਲਈ ਪੈਰ ਵਿੱਚ ਅੱਧੇ  ਹ  ੍ਹ ਜਾਂ ਹਲੰਤ ਚਿੰਨ੍ਹ  ੍ ਸਹਿਤ ਲਿਖੇ ਗਏ ਹਨ ਪਰ ਜਦੋਂ ਕਿ ਉਹੀ ਸ਼ਬਦ ਦੁਬਾਰਾ ਉਨ੍ਹਾਂ ਹੀ ਅਰਥਾਂ ਵਿੱਚ ਲਿਖੇ ਮਿਲਦੇ ਹਨ ਤਾਂ ਬਿਨਾਂ ਪੈਰ ਹ  ੍ਹ ਤੇ ਬਿਨਾਂ ਹਲੰਤ ਚਿੰਨ੍ਹ  ੍ ਦੇ ਲਿਖੇ ਹੋਏ ਹਨ।  ਇਨ੍ਹਾਂ ਸ਼ਬਦਾਂ ਦਾ ਉਚਾਰਨ ਗੁਰਬਾਣੀ ਵਿੱਚ ਹੋਰ ਥਾਂ ਲਿਖੇ ਸ਼ਬਦਾਂ ਤੋਂ ਸੇਧ ਲੈ ਕੇ ਪੈਰ ਅੱਧੇ ਹ  ੍ਹ ਸਹਿਤ ਕਰਨਾ ਵੀ ਬਿਲਕੁਲ ਉਸੇ ਤਰ੍ਹਾਂ ਉਚਿਤ ਹੈ; ਜਿਵੇਂ ਕਿ ਕਈ ਥਾਂ ਉਹੀ ਸ਼ਬਦ ਗੁਰਬਾਣੀ ਵਿੱਚ ਕੰਨਾ, ਲਾਂ, ਦੁਲਾਵਾਂ, ਹੋੜਾ, ਕਨੌੜਾ ਅਤੇ ਬਿਹਾਰੀ ਨਾਲ ਲੱਗਣ ਵਾਲੀ ਬਿੰਦੀ ਨਾਲ ਲਿਖੇ ਮਿਲਦੇ ਹਨ ਅਤੇ ਦੁਬਾਰਾ ਉਨ੍ਹਾਂ ਹੀ ਅਰਥਾਂ ਵਿੱਚ ਵਰਤੇ ਉਹੀ ਸ਼ਬਦ ਬਿਨਾਂ ਬਿੰਦੀ ਤੋਂ ਲਿਖੇ ਮਿਲਦੇ ਹਨ ਪਰ ਅਰਥਾਂ ਨੂੰ ਧਿਆਨ ਵਿੱਚ ਰੱਖਦਿਆਂ ਭਾਵਾਰਥਾਂ ਨੂੰ ਸਪਸ਼ਟ ਕਰਨ ਲਈ ਲੋੜ ਅਨੁਸਾਰ ਇਨ੍ਹਾਂ ਦਾ ਬਿੰਦੀ ਸਹਿਤ ਉਚਾਰਨ ਕੀਤੇ ਜਾਣਾ ਅਤਿ ਜ਼ਰੂਰੀ ਹੈ, ਨਹੀਂ ਤਾਂ ਅਰਥਾਂ ਦੇ ਅਨਰਥ ਹੋ ਸਕਦੇ ਹਨ। ਪੈਰ ਅੱਧੇ ਹ   ੍ਹ  ਅਤੇ ਹਲੰਤ ਚਿੰਨ੍ਹ  ੍  ਤੋਂ ਬਿਨਾਂ ਬਾਕੀ ਦੇ ਅੱਖਰ ਜਿੱਥੇ ਵੀ ਵਰਤੇ ਗਏ ਹਨ, ਉਥੇ ਪੂਰੇ ਅੱਖਰ ਦੇ ਰੂਪ ਵਿੱਚ ਲਿਖੇ ਅੱਖਰਾਂ ਦਾ ਵਜਨ ਘਟਾ ਕੇ ਅੱਧਾ ਉਚਾਰਨ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਪੈਰ ਵਿੱਚ ਲੱਗਾ ਅੱਧਾ ਹ  ੍ਹ ਅਤੇ ਹਲੰਤ ਚਿੰਨ੍ਹ   ੍  ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਬਿੰਦੀ ਵਾਙ ਉਨ੍ਹਾਂ ਸ਼ਬਦਾਂ ਨਾਲ ਵੀ ਉਚਾਰ ਲਏ ਜਾਂਦੇ ਹਨ, ਜਿੱਥੇ ਇਨ੍ਹਾਂ ਦੇ ਪੈਰ ਵਿੱਚ ਇਹ ਚਿੰਨ੍ਹ ਲੱਗੇ ਹੋਏ ਨਹੀਂ ਹੁੰਦੇ ਪਰ ਬਾਕੀ ਦੇ ਅੱਧੇ ਅੱਖਰਾਂ ਦਾ ਉਚਾਰਨ ਸਿਰਫ ਉੱਥੇ ਹੀ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੋਵੇ, ਜਿੱਥੇ ਨਹੀਂ ਲੱਗੇ ਉੱਥੇ ਆਪਣੇ ਕੋਲੋਂ ਅੱਧੇ ‘ਹ’ ਵਾਙ ਵਾਧੂ ਨਹੀਂ ਲਗਾਏ ਜਾ ਸਕਦੇ ਕਿਉਂਕਿ ਅੱਧਾ ‘ਹ’ ਪੰਜਾਬੀ ਦੀ ਸਵਰ ਧੁਨੀ ਵੀ ਪ੍ਰਗਟ ਕਰਦਾ ਹੈ ਜਦ ਕਿ ਬਾਕੀ ਅੱਧੇ ਅੱਖਰ; ਜਿਵੇਂ ਕਿ ਅੱਧਾ ਚ, ਤ, ਨ, ਆਦਿ ਵਿਅੰਜਨ ਧੁਨੀ ਵਾਲੇ ਅੱਖਰ ਹੋਣ ਕਾਰਨ ਇੱਕ ਥਾਂ ਤੋਂ ਸੇਧ ਲੈ ਕੇ ਦੂਜੇ ਥਾਂ ਉਚਾਰਨ ਨਹੀਂ ਕੀਤੇ ਜਾ ਸਕਦੇ।  ਸੋ ਆਓ ਪਹਿਲਾਂ ਪੈਰ ਅੱਧੇ ਹ   ੍ਹ  ਅਤੇ ਹਲੰਤ ਚਿੰਨ੍ਹ  ੍  ਦੀ ਵਰਤੋਂ ਦੀ ਵੀਚਾਰ ਕਰ ਲਈਏ :

ਪੜ੍ਹੁ , ਪੜਿ੍ , ਪੜਿ , ਪੜੇ

ਜਿੱਥੇ ਇਨ੍ਹਾਂ ਸ਼ਬਦਾਂ ਦਾ ਅਰਥ ‘ਪੜ੍ਹਨ, ਪੜ੍ਹਨ ਨਾਲ, ਪੜ੍ਹ ਕੇ’ ਨਿਕਲਦਾ ਹੋਵੇ, ਉੱਥੇ ਪੈਰ ਵਿੱਚ ਭਾਵੇਂ ਅੱਧਾ ਹ  ੍ਹ ਜਾਂ ਹਲੰਤ ਚਿੰਨ੍ਹ  ੍ ਲੱਗਾ ਹੋਵੇ ਜਾਂ ਨਹੀਂ, ਸਭ ਥਾਂਈਂ ਇਨ੍ਹਾਂ ਦਾ ਉਚਾਰਨ ਕਰਨਾ ਹੀ ਯੋਗ ਹੈ ਪਰ ਜਿੱਥੇ ਅਰਥ ‘ਪੈਣਾ, ਪਾ ਕੇ’ ਆਦਿਕ ਨਿਕਲਦਾ ਹੋਵੇ, ਉਥੇ ਆਪਣੇ ਕੋਲੋਂ ਲਗਾ ਕੇ ਉਚਾਰਨ ਕਰਨਾ ਗ਼ਲਤ ਹੋਵੇਗਾ; ਜਿਵੇਂ ਕਿ ਹੇਠ ਲਿਖੀ ਤੁਕ ਨੰ: 1 ਤੇ 2 ਵਿੱਚ ਤਾਂ ਪੈਰ ਅੱਧਾ ਹ  ੍ਹ ਜਾਂ ਹਲੰਤ ਚਿੰਨ੍ਹ ੍ ਲੱਗੇ ਹੋਏ ਹਨ ਜਦੋਂ ਕਿ ਤੁਕ ਨੰ : 3 ਤੇ 4 ਵਿੱਚ ਨਹੀਂ ਲੱਗੇ ਪਰ ਅਰਥ ਇਨ੍ਹਾਂ ਤੁਕਾਂ ਵਿੱਚ ਵੀ ‘ਪੜ੍ਹਨ’ ਹਨ, ਇਸ ਲਈ ਉਚਾਰਨ ਇੱਥੇ ਵੀ ਪੈਰ ਅੱਧੇ ਹ  ੍ਹ ਸਹਿਤ ਕਰਨਾ ਠੀਕ ਹੈ ਪਰ ਤੁਕ ਨੰ: 5 ਤੇ 6 ਵਿੱਚ ਅਰਥ ‘ਪੜ੍ਹਨ’ ਨਹੀਂ ਬਲਕਿ ਤੁਕ 5 ਵਿੱਚ ‘ਪੜਿ’ ਦਾ ਅਰਥ ਹੈ ‘ਪੈ ਕੇ’ (ਕਿਰਿਆ ਵਿਸ਼ੇਸ਼ਣ) ਅਤੇ ਤੁਕ ਨੰ; 6 ‘ਪੜੇ’ ਦਾ ਅਰਥ ਹੈ = ਪਏ ਹਨ (ਬਹੁ ਵਚਨ ਕਿਰਿਆ), ਇਸ ਲਈ ਇਨ੍ਹਾਂ ਨੂੰ ‘ਪੜ੍ਹ ਜਾਂ ਪੜ੍ਹੇ’ ਨਾ ਉਚਾਰ ਕੇ ਕੇਵਲ ‘ਪੜ’ ਉਚਾਰਨ ਦਰੁਸਤ ਹੈ।

1. ਜਪਿ, ਮਨ (ਹੇ ਮਨ) ! ਰਾਮ ਨਾਮੁ, ਪੜ੍ਹੁ (ਰਾਮ ਦਾ ਨਾਮ ਪੜ੍ਹਿਆ ਕਰ), ਸਾਰੁ (ਇਹੀ ਸ੍ਰੇਸ਼ਟ ਕੰਮ ਹੈ)।॥ ਰਾਮ ਨਾਮ ਬਿਨੁ,  ਥਿਰੁ ਨਹੀ ਕੋਈ (ਹੋਰ ਕੋਈ ਇੱਥੇ ਸਦਾ ਕਾਇਮ ਰਹਿਣ ਵਾਲਾ ਨਹੀਂ); ਹੋਰੁ, ਨਿਹਫਲ ਸਭੁ ਬਿਸਥਾਰੁ (ਹੋਰ ਸਾਰਾ ਖਿਲਾਰਾ (ਆਤਮਕ ਜੀਵਨ ਵਾਸਤੇ) ਕੋਈ ਫਲਦਾਇਕ ਨਹੀਂ)॥ (ਮ 4/ 1200)

2. ਪੰਡਿਤ, ਪੜਿ੍ ਪੜਿ੍ ; ਮੋਨੀ ਸਭਿ ਥਾਕੇ ; ਭ੍ਰਮਿ ਭੇਖ, ਥਕੇ ਭੇਖਧਾਰੀ ॥ ਗੁਰ ਪਰਸਾਦਿ, ਨਿਰੰਜਨੁ ਪਾਇਆ ; ਸਾਚੈ+ਸਬਦਿ ਵੀਚਾਰੀ ॥ (ਮ 3/ 1234)

ਅਰਥ:  ਹੇ ਭਾਈ ! ਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਅਤੇ ਸਮਾਧੀਆਂ ਲਾਣ ਵਾਲੇ (ਸਮਾਧੀਆਂ ਲਾ ਲਾ ਕੇ) ਥੱਕ ਜਾਂਦੇ ਹਨ, ਭੇਖਧਾਰੀ ਮਨੁੱਖ ਧਾਰਮਿਕ ਭੇਖਾਂ ਵਿੱਚ ਹੀ ਭਟਕ-ਭਟਕ ਕੇ ਥੱਕ ਜਾਂਦੇ ਹਨ (ਉਹਨਾਂ ਨੂੰ ਹਰਿ-ਨਾਮ ਦੀ ਦਾਤਿ ਪ੍ਰਾਪਤੀ ਨਹੀਂ ਹੁੰਦੀ)। ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਦਾ-ਥਿਰ ਪ੍ਰਭੂ ਦੇ ਸ਼ਬਦ ਵਿੱਚ ਸੁਰਤ ਜੋੜਦਾ ਹੈ, ਕੇਵਲ ਉਹੀ ਮਨੁੱਖ ਨਿਰਲੇਪ ਪ੍ਰਭੂ ਦਾ ਮਿਲਾਪ ਹਾਸਲ ਕਰਦਾ ਹੈ।

3. ਸਨਕ ਸਨੰਦ ਅੰਤੁ ਨਹੀ ਪਾਇਆ ॥ ਬੇਦ ਪੜੇ ਪੜਿ (ਪੜ੍ਹ ਪੜ੍ਹ ਕੇ), ਬ੍ਰਹਮੇ ; ਜਨਮੁ ਗਵਾਇਆ ॥ (ਕਬੀਰ ਜੀਉ/ 478)

ਅਰਥ: ਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਾ ਲੱਭਾ, ਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ ।

4. ਪੰਡਿਤ ! ਹਰਿ ਪੜੁ ; ਤਜਹੁ ਵਿਕਾਰਾ ॥ ਗੁਰਮੁਖਿ, ਭਉਜਲੁ ਉਤਰਹੁ ਪਾਰਾ ॥  (ਮ 3/ 229)

ਅਰਥ: ਹੇ ਪੰਡਿਤ ! ਪਰਮਾਤਮਾ ਦੀ ਸਿਫ਼ਤ-ਸਾਲਾਹ ਪੜ੍ਹ (ਤੇ ਇਸ ਬਰਕਤਿ ਨਾਲ ਆਪਣੇ ਅੰਦਰੋਂ) ਵਿਕਾਰ ਛੱਡ। (ਹੇ ਪੰਡਿਤ !) ਗੁਰੂ ਦੀ ਸਰਨ ਪੈ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ।

5. ਕੂੜਿ ਮੁਠੀ, ਚਾਲੈ ਬਹੁ ਰਾਹੀ ॥ ਮਨਮੁਖੁ ਦਾਝੈ (ਸੜਦਾ ਹੈ) ਪੜਿ ਪੜਿ (ਪੈ ਪੈ ਕੇ) ਭਾਹੀ (ਭਾਹੀ = ਅੱਗ ’ਚ)॥ (ਮ 1/ 1029)

ਅਰਥ: ਜੇਹੜੀ ਜੀਵ-ਇਸਤ੍ਰੀ ਮਾਇਆ ਦੇ ਮੋਹ ਵਿੱਚ (ਪੈ ਕੇ ਆਤਮਕ ਜੀਵਨ ਦੀ ਪੂੰਜੀ) ਲੁਟਾ ਬੈਠਦੀ ਹੈ, ਉਹ (ਸਹੀ ਜੀਵਨ-ਰਾਹ ਤੋਂ ਖੁੰਝ ਕੇ) ਕਈ ਰਾਹਾਂ ਵਿੱਚ ਭਟਕਦੀ ਫਿਰਦੀ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਤ੍ਰਿਸ਼ਨਾ ਦੀ ਅੱਗ ਵਿੱਚ ਪੈ ਪੈ ਕੇ ਸੜਦਾ ਹੈ (ਦੁਖੀ ਹੁੰਦਾ ਹੈ)।

6. ਕਾਇਆ ਆਰਣੁ (ਭੱਠੀ); ਮਨੁ, ਵਿਚਿ ਲੋਹਾ ; ਪੰਚ ਅਗਨਿ (ਪੰਜ ਕਾਮਾਦਿਕ ਅਗਨੀਆਂ), ਤਿਤੁ, ਲਾਗਿ ਰਹੀ ॥ ਕੋਇਲੇ, ਪਾਪ ਪੜੇ ਤਿਸੁ ਊਪਰਿ ; ਮਨੁ ਜਲਿਆ, ਸੰਨ੍ੀ ਚਿੰਤ ਭਈ ॥ (ਮ 1/ 990)

(ਨੋਟ : ‘ਵਿਚਿ’ ਦਾ ਸਬੰਧ ‘ਕਾਇਆ’ ਨਾਲ ਹੈ, ‘ਮਨੁ’ ਨਾਲ ਨਹੀਂ; ਜੇ ਹੁੰਦਾ ਤਾਂ ‘ਮਨ’ ਅੰਤ ਮੁਕਤ ਹੁੰਦਾ। ‘ਤਿਤੁ’ = ਉਸ ਕਾਇਆਂ-ਭੱਠੀ ਵਿੱਚ)

ਅਰਥ: ਸਰੀਰ ਇੱਕ ਭੱਠੀ ਹੈ ਤੇ ਮਨ ਉਸ (ਭੱਠੀ) ਅੰਦਰ ਲੋਹਾ। ਵਿਕਾਰਾਂ ਦੀਆਂ ਪੰਜ ਅੱਗਾਂ ਇਸ (ਭੱਠੀ) ਵਿੱਚ (ਮਨ-ਲੋਹੇ ਨੂੰ) ਤੱਤਾ ਕਰ ਰਹੀਆਂ ਹਨ।  ਉਸ ਉੱਤੇ ਪਾਪਾਂ ਦੇ (ਭਖਦੇ) ਕੋਲੇ ਪਾਏ ਜਾ ਰਹੇ ਹਨ, ਮਨ (ਇਸ ਅੱਗ ਵਿੱਚ) ਸੜ ਰਿਹਾ ਹੈ, ਚਿੰਤਾ ਦੀ ਸੰਨ੍ਹੀ ਹੈ (ਜੋ ਇਸ ਨੂੰ ਚੋਭਾਂ ਦੇ ਦੇ ਕੇ ਹਰ ਪਾਸੇ ਵੱਲੋਂ ਹਿਲਾ-ਹਿਲਾ ਸਾੜ ਰਹੀ ਹੈ)।

ਗੜ੍ , ਗੜਿ੍ , ਗੜ, ਗੜਿ

ਹੇਠਾਂ ਤੁਕ ਨੰ: 1 ਅਤੇ 2 ਵਿੱਚ ‘ਗੜ੍ , ਗੜਿ੍’ ਦਾ ਅਰਥ ‘ਕਿਲ੍ਹਾ’ ਹੈ ਅਤੇ ਤੁਕ ਨੰ: 3 ਅਤੇ 4 ਵਿੱਚ ਵੀ ‘ਗੜ ਅਤੇ ਗੜਿ’ ਦੇ ਅਰਥ ਤੁਕ ਨੰ: 1 ਅਤੇ 2 ਵਾਙ ‘ਕਿਲ੍ਹਾ’ ਹੀ ਹਨ, ਇਸ ਲਈ ਤੁਕਾਂ ਨੰਬਰ 1, 2 ਤੋਂ ਸੇਧ ਲੈ ਕੇ ਤੁਕ ਨੰਬਰ 3, 4 ਵਿੱਚ ਵੀ ਉਚਾਰਨ ‘ੜ’ ਅੱਖਰ ਦੇ ਪੈਰ ਵਿੱਚ ਅੱਧੇ ‘ਹ’ ਨਾਲ  ‘ਗੜ੍ਹ’ ਕਰਨਾ ਹੀ ਠੀਕ ਹੈ।

1. ਭਗਵਤ ਭੀਰਿ, ਸਕਤਿ ਸਿਮਰਨ ਕੀ ਕਟੀ ਕਾਲ ਭੈ ਫਾਸੀ ॥ ਦਾਸੁ ਕਮੀਰੁ ਚੜਿ੍ਓ ਗੜ੍ (ਕਿਲ੍ਹੇ ਦੇ) ਊਪਰਿ, ਰਾਜੁ ਲੀਓ ਅਬਿਨਾਸੀ ॥ (ਕਬੀਰ ਜੀਉ/ 1162) ਅਰਥ : ਸਤਸੰਗ ਅਤੇ ਸਿਮਰਨ ਦੇ ਬਲ ਨਾਲ ਮੈਂ ਕਾਲ ਦੀ ਫਾਹੀ, ਦੁਨੀਆ ਦੇ ਡਰਾਂ ਦੀ ਫਾਹੀ ਵੱਢ ਲਈ ਹੈ। ਪ੍ਰਭੂ ਦਾ ਦਾਸ ਕਬੀਰ ਹੁਣ ਕਿਲ੍ਹੇ ਦੇ ਉੱਪਰ (ਸੱਚਖੰਡ ’ਚ) ਚੜ੍ਹ ਬੈਠਾ ਹੈ (ਸਰੀਰ ਨੂੰ ਵੱਸ ਕਰ ਚੁਕਿਆ ਹੈ) ਅਤੇ ਕਦੇ ਵੀ ਨਾਸ ਨਾ ਹੋਣ ਵਾਲੀ ਆਤਮਕ ਬਾਦਸ਼ਾਹੀ ਲੈ ਲਈ ਹੈ।

2. ਗੜਿ੍ ਕਾਇਆ ਸੀਗਾਰ ; ਬਹੁ ਭਾਂਤਿ ਬਣਾਈ ॥ ਰੰਗ ਪਰੰਗ ਕਤੀਫਿਆ; ਪਹਿਰਹਿ ਧਰ ਮਾਈ ॥ ਲਾਲ ਸੁਪੇਦ ਦੁਲੀਚਿਆ ; ਬਹੁ ਸਭਾ ਬਣਾਈ ॥ ਦੁਖੁ ਖਾਣਾ, ਦੁਖੁ ਭੋਗਣਾ ; ਗਰਬੈ ਗਰਬਾਈ ॥ ਨਾਨਕ !  ਨਾਮੁ ਨ ਚੇਤਿਓ ; ਅੰਤਿ ਲਏ ਛਡਾਈ ॥ (ਮ 4/1247) ਅਰਥ : ਅਨੇਕਾਂ ਤਰੀਕਿਆਂ ਨਾਲ ਪ੍ਰਭੂ ਨੇ ਦੇਹ (ਸਰੀਰ) ਰੂਪ ਕਿਲ੍ਹੇ ਦਾ ਹਾਰ-ਸ਼ਿੰਗਾਰ ਰਚਿਆ ਹੈ। ਮਾਇਆਧਾਰੀ ਮਨੁੱਖ ਸਰੀਰ (-ਰੂਪ) ਕਿਲ੍ਹੇ ਉੱਤੇ ਕਈ ਕਿਸਮ ਦੇ ਸ਼ਿੰਗਾਰ ਬਣਾਉਂਦੇ ਹਨ, ਰੰਗ-ਬਰੰਗੇ ਰੇਸ਼ਮੀ ਕੱਪੜੇ ਪਹਿਨਦੇ ਹਨ, ਲਾਲ ਤੇ ਚਿੱਟੇ ਦੁਲੀਚਿਆਂ ਉੱਤੇ ਬੈਠ ਕੇ ਬੜੀਆਂ ਮਜਲਸਾਂ ਲਾਉਂਦੇ ਹਨ, ਅਹੰਕਾਰ-ਆਕੜ ਵਿੱਚ ਹੀ (ਸਦਾ) ਰਹਿੰਦੇ ਹਨ, (ਇਸ ਵਾਸਤੇ ਉਹਨਾਂ ਨੂੰ) ਖਾਣ ਤੇ ਭੋਗਣ ਨੂੰ ਦੁੱਖ ਹੀ ਮਿਲਦਾ ਹੈ (ਭਾਵ ਮਨ ’ਚ ਸ਼ਾਂਤੀ ਨਹੀਂ ਹੁੰਦੀ ਕਿਉਂਕਿ) ਹੇ ਨਾਨਕ ! ਉਹ ਪਰਮਾਤਮਾ ਦਾ ਨਾਮ ਨਹੀਂ ਸਿਮਰਦੇ, ਜੋ (ਦੁੱਖ ਤੋਂ) ਆਖ਼ਰ ਛਡਾਉਂਦਾ ਹੈ ।

3. ਇਸੁ ਗੜ ਮਹਿ, ਹਰਿ ਰਾਮ ਰਾਇ ਹੈ ; ਕਿਛੁ ਸਾਦੁ ਨ ਪਾਵੈ ਧੀਠਾ (ਢੀਠ) ॥ ਹਰਿ ਦੀਨ ਦਇਆਲਿ, ਅਨੁਗ੍ਰਹੁ ਕੀਆ; ਹਰਿ ਗੁਰ ਸਬਦੀ, ਚਖਿ ਡੀਠਾ ॥ (ਮ 4/ 171) ਅਰਥ : ਇਸ (ਸਰੀਰ ਰੂਪੀ) ਕਿਲ੍ਹੇ ਵਿੱਚ (ਜਗਤ ਦਾ) ਰਾਜਾ ਹਰੀ-ਪਰਮਾਤਮਾ ਵੱਸਦਾ ਹੈ (ਪਰ ਵਿਕਾਰਾਂ ਦੇ ਸੁਆਦਾਂ ਵਿੱਚ) ਢੀਠ ਹੋਏ ਮਨੁੱਖ ਨੂੰ (ਅੰਦਰ-ਵੱਸਦੇ ਹਰੀ ਮਿਲਾਪ ਦਾ ਕੋਈ) ਆਨੰਦ ਨਹੀਂ ਆਉਂਦਾ। ਜਿਸ ਮਨੁੱਖ ਉੱਤੇ, ਦੀਨਾਂ ਉੱਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਕਿਰਪਾ ਕੀਤੀ, ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਹਰਿ ਨਾਮ-ਰਸ) ਚੱਖ ਕੇ ਵੇਖ ਲਿਆ ਹੈ (ਕਿ ਇਹ ਸੱਚ ਮੁਚ ਹੀ ਮਿੱਠਾ ਹੈ) ।

4. ਪ੍ਰਭੁ ਹਰਿਮੰਦਰੁ ਸੋਹਣਾ ; ਤਿਸੁ ਮਹਿ ਮਾਣਕ ਲਾਲ ॥ ਮੋਤੀ ਹੀਰਾ ਨਿਰਮਲਾ; ਕੰਚਨ ਕੋਟ ਰੀਸਾਲ ॥ ਬਿਨੁ ਪਉੜੀ, ਗੜਿ (ਕਿਲ੍ਹੇ ’ਤੇ) ਕਿਉ ਚੜਉ ? ਗੁਰ ਹਰਿ ਧਿਆਨ ਨਿਹਾਲ ॥ (ਮ 1/ 17) ਅਰਥ : ਹਰੀ-ਪਰਮਾਤਮਾ (ਮਾਨੋ) ਇਕ ਸੋਹਣਾ ਮੰਦਰ ਹੈ, ਜਿਸ ਵਿੱਚ ਮਾਣਕ ਲਾਲ ਮੋਤੀ ਤੇ ਚਮਕਦੇ ਹੀਰੇ ਹਨ (ਜਿਸ ਦੇ ਦੁਆਲੇ) ਸੋਨੇ ਦੇ ਸੁੰਦਰ ਕਿਲ੍ਹੇ ਹਨ, ਪਰ ਉਸ (ਮੰਦਰ-) ਕਿਲ੍ਹੇ ਉੱਤੇ ਪਉੜੀ ਤੋਂ ਬਿਨਾਂ ਚੜ੍ਹਿਆ ਨਹੀਂ ਜਾ ਸਕਦਾ। (ਹਾਂ,) ਜੇ ਗੁਰੂ-ਚਰਨਾਂ ਦਾ ਧਿਆਨ ਧਰਿਆ ਜਾਏ, ਜੇ ਪ੍ਰਭੂ-ਚਰਨਾਂ ਦਾ ਧਿਆਨ ਧਰਿਆ ਜਾਏ ਤਾਂ ਦਰਸਨ ਹੋ ਜਾਂਦਾ ਹੈ ।

 ਨਾਨ੍ , ਨਾਨ੍ਾ , ਨਾਨ੍ੀ , ਨਾਨ੍ੇ , ਨੰਨਾ, ਨਨਾ, ਤੁਮ੍ , ਤੁਮ੍ੇ 

ਹੇਠ ਲਿਖੀਆਂ ਤੁਕ ਨੰ: 1 ਤੋਂ 4 ਵਿੱਚ ‘ਨਾਨ੍ , ਨਾਨ੍ਾ , ਨਾਨ੍ੀ , ਨਾਨ੍ੇ’ ਦਾ ਅਰਥ ‘ਬਹੁਤ ਹੀ ਛੋਟੇ ਜਾਂ ਛੋਟੀ’ ਹਨ ਅਤੇ ਇਹ ਸਾਰੇ ਪੈਰ ਅੱਧੇ  ਹ  ੍ਹ ਸਹਿਤ ਪੜ੍ਹਨੇ ਹਨ ਜਦੋਂ ਕਿ ਤੁਕ ਨੰ: 5 ਵਿੱਚ ‘ਨੰਨਾ’ ਦਾ ਅਰਥ ‘ਨੰਨ੍ਹਾ, ਛੋਟਾ’ ਨਹੀਂ ਬਲਕਿ ਗੁਰਮੁਖੀ ਦੀ ਪੈਂਤੀ ਅੱਖਰੀ ਦਾ ਇੱਕ ਅੱਖਰ ਹੈ, ਜਿਸ ਦੀ ਵਰਤੋਂ ਇੱਥੇ ਉਸੇ ਤਰ੍ਹਾਂ ਹੀ ਕੀਤੀ ਗਈ ਹੈ, ਜਿਸ ਤਰ੍ਹਾਂ ਬਾਵਨ ਅੱਖਰੀ ਬਾਣੀ ਵਿੱਚ ਬਾਕੀ ਦੇ ਅੱਖਰਾਂ ਦੀ ਵਰਤੋਂ ਕੀਤੀ ਹੋਈ ਹੈ, ਇਸ ਲਈ ਇੱਥੇ ਇਸ ਦਾ ਉਚਾਰਨ ਬਿਨਾਂ ਪੈਰ ਅੱਧੇ ਹ  ੍ਹ ਦੇ ਕਰਨਾ ਯੋਗ ਹੈ। ਇਸੇ ਤਰ੍ਹਾਂ ਤੁਕ ਨੰ: 6 ਵਿੱਚ ‘ਨਨਾ’ ਦਾ ਅਰਥ ‘ਨੰਨਾ’ ਅੱਖਰ ਹੀ ਹੈ ਅਤੇ ਉਸੇ ਤਰ੍ਹਾਂ ਵਰਤਿਆ ਗਿਆ ਹੈ, ਜਿਵੇਂ ‘ਨੰਨਾ’  ਅੱਖਰ ਆਮ ਤੌਰ ’ਤੇ ਨਾਂਹ ਵਾਚਕ ਅਰਥ ਦੇਣ ਲਈ ਵਰਤਿਆ ਜਾਂਦਾ ਹੈ। ਇਸ ਕਾਰਨ ਇੱਥੇ ਵੀ ਇਸ ਦਾ ਉਚਾਰਨ ਬਿਨਾਂ ਪੈਰ ਅੱਧੇ ਹ  ੍ਹ ਦੇ ਕਰਨਾ ਹੀ ਯੋਗ ਹੈ ।

1. ਕਿਆ ਹਮ ਕਿਰਮ ? ਨਾਨ੍ (ਨਾਨ੍ਹ੍ਹ = ਨੰਨ੍ਹੇ) ਨਿਕ ਕੀਰੇ ; ਤੁਮ੍ ਵਡ ਪੁਰਖ ਵਡਾਗੀ ॥ ਤੁਮ੍ਰੀ ਗਤਿ ਮਿਤਿ, ਕਹਿ ਨ ਸਕਹ, ਪ੍ਰਭ  ! ਹਮ, ਕਿਉ ਕਰਿ ਮਿਲਹ ਅਭਾਗੀ  ?॥ (ਮ: 4/ 667) ਅਰਥ :  ਹੇ ਪ੍ਰਭੂ ! ਸਾਡੀ ਕੀਹ ਪਾਇਆਂ ਹੈ ? ਅਸੀਂ ਬਹੁਤ ਛੋਟੇ ਕਿਰਮ ਹਾਂ, ਨਿੱਕੇ ਨਿੱਕੇ ਕੀੜੇ ਹਾਂ, ਤੂੰ ਵੱਡਾ ਪੁਰਖ ਹੈਂ। ਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈਂ ਤੇ ਕਿੰਨਾ ਵੱਡਾ ਹੈਂ। ਅਸੀਂ ਭਾਗਹੀਣ ਜੀਵ (ਆਪਣੇ ਉੱਦਮ ਨਾਲ) ਤੈਨੂੰ ਕਿਵੇਂ ਮਿਲ ਸਕਦੇ ਹਾਂ ?

2. ਨਾਨਕ ਮੁਕਤਿ ਦੁਆਰਾ ਅਤਿ ਨੀਕਾ, ਨਾਨ੍ਾ (ਨਾਨ੍ਹ੍ਹਾ = ਨੰਨ੍ਹਾ) ਹੋਇ ਸੁ ਜਾਇ ॥ ਹਉਮੈ ਮਨੁ ਅਸਥੂਲੁ ਹੈ, ਕਿਉ ਕਰਿ ਵਿਚੁ ਦੇ ਜਾਇ ? ॥ (ਮ: 3/ 510) ਅਰਥ : ਹੇ ਨਾਨਕ ! ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬਹੁਤ ਨਿੱਕਾ ਜਿਹਾ ਹੈ, ਕੇਵਲ ਉਹੀ ਇਸ ਵਿੱਚੋਂ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ, ਪਰ ਜੇ ਮਨ ਹਉਮੈ ਨਾਲ ਮੋਟਾ ਹੋ ਗਿਆ ਤਾਂ ਇਸ (ਨਿੱਕੇ ਜਿਹੇ ਦਰਵਾਜ਼ੇ) ਵਿੱਚੋਂ ਕਿਵੇਂ ਲੰਘਿਆ ਜਾ ਸਕੇ ?

3. ਕਾਗਦ ਕੋਟੁ ਇਹੁ ਜਗੁ ਹੈ ਬਪੁਰੋ; ਰੰਗਨਿ ਚਿਹਨ ਚਤੁਰਾਈ ॥ ‘ਨਾਨ੍ੀ’ ਸੀ (ਨਾਨ੍ਹ੍ਹੀ ਸੀ = ਨਿੱਕੀ ਜਿਹੀ) ਬੂੰਦ, ਪਵਨੁ ਪਤਿ ਖੋਵੈ ; ਜਨਮਿ ਮਰੈ ਖਿਨੁ ਤਾੲਂੀ ॥ (ਮ: 1/ 1274) ਅਰਥ : ਇਹ ਜਗਤ ਵਿਚਾਰਾ (ਮਾਨੋ) ਕਾਗ਼ਜ਼ਾਂ ਦਾ ਕਿਲ੍ਹਾ ਹੈ ਜਿਸ ਨੂੰ (ਪ੍ਰਭੂ ਨੇ ਆਪਣੀ) ਸਿਆਣਪ ਨਾਲ ਸਜਾਵਟ ਤੇ ਰੂਪ-ਰੇਖਾ ਦਿੱਤੀ ਹੋਈ ਹੈ, ਪਰ ਜਿਵੇਂ ਇੱਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੋਲਾ (ਕਾਗ਼ਜ਼ ਦੇ ਕਿਲ੍ਹੇ ਦੀ) ਸ਼ੋਭਾ ਗਵਾ ਦੇਂਦਾ ਹੈ ਤਿਵੇਂ ਇਹ ਜਗਤ, ਪਲ ਵਿੱਚ ਜੰਮਦਾ ਤੇ ਪਲ ਵਿੱਚ ਮਰਦਾ ਹੈ।

4. ਹਮ ‘ਨਾਨ੍ੇ’ (ਬਹੁਤ ਹੀ ਨਿੱਕੇ) ਨੀਚ, ਤੁਮ੍ੇ ਬਡ ਸਾਹਿਬ ! ਕੁਦਰਤਿ ਕਉਣ ਬੀਚਾਰਾ   ? ॥ ਮਨੁ ਤਨੁ ਸੀਤਲੁ, ਗੁਰ ਦਰਸ ਦੇਖੇ ; ਨਾਨਕ  ! ਨਾਮੁ ਅਧਾਰਾ ॥ (ਮ: 5/ 1235) ਅਰਥ : ਹੇ ਮਾਲਕ-ਪ੍ਰਭੂ ! ਤੂੰ ਬਹੁਤ ਵੱਡਾ ਹੈਂ, ਅਸੀਂ ਜੀਵ (ਤੇਰੇ ਸਾਹਮਣੇ) ਬਹੁਤ ਹੀ ਨਿੱਕੇ ਤੇ ਨੀਵੇਂ (ਕੀੜੇ ਜਿਹੇ) ਹਾਂ। ਮੇਰੀ ਕੀ ਤਾਕਤ ਹੈ ਕਿ ਤੇਰੇ ਪਰਤਾਪ ਦਾ ਅੰਦਾਜ਼ਾ ਲਾ ਸਕਾਂ ? ਨਾਨਕ ਆਖਦਾ ਹੈ- ਗੁਰੂ ਦਾ ਦਰਸ਼ਨ ਕਰ ਕੇ ਮਨੁੱਖ ਦਾ ਮਨ ਤਨ ਠੰਢਾ-ਠਾਰ ਹੋ ਜਾਂਦਾ ਹੈ ਤੇ ਮਨੁੱਖ ਨੂੰ ਪ੍ਰਭੂ ਦਾ ਨਾਮ-ਆਸਰਾ ਮਿਲ ਜਾਂਦਾ ਹੈ ।

5. ‘ਨੰਨਾ’, ਨਰਕਿ ਪਰਹਿ ; ਤੇ, ਨਾਹੀ ॥ ਜਾ ਕੈ ਮਨਿ ਤਨਿ, ਨਾਮੁ ਬਸਾਹੀ ॥ (ਮ: 5/ 258) ਅਰਥ : ਜਿਨ੍ਹਾਂ ਦੇ ਮਨ ਵਿੱਚ ਤਨ ਵਿੱਚ ਪ੍ਰਭੂ ਦਾ ਨਾਮ ਵੱਸਿਆ ਰਹਿੰਦਾ ਹੈ, ਉਹ ਘੋਰ ਦੁੱਖਾਂ ਦੇ ਟੋਏ ਵਿੱਚ ਨਹੀਂ ਪੈਂਦੇ।

(ਨੋਟ : ਉਕਤ ਤੁਕ ’ਚ ਦਰਜ ‘ਨ’ ਅੱਖਰ ਨੂੰ ‘ਨੰਨਾ’ ਕਿਹਾ ਗਿਆ ਹੈ, ਇਸ ਦੀ ਵਰਤੋਂ ਦਾ ਤੁਕ ਵਿਸ਼ੇ ਨਾਲ਼ ਇਹ ਸਬੰਧ ਬਣ ਜਾਂਦਾ ਹੈ ਕਿ ਵਿਸ਼ੇ ਨੂੰ ਸਪਸ਼ਟ ਕਰਨ ਵਾਲੇ ਜ਼ਿਆਦਾਤਰ ਸ਼ਬਦਾਂ ਦਾ ਅਗੇਤਰ ‘ਨ’ ਹੁੰਦਾ ਹੈ; ਜਿਵੇਂ ਕਿ ‘ਨਰਕਿ, ਨਾਹੀ, ਨਾਮੁ, ਆਦਿ ਸ਼ਬਦਾਂ ’ਚ ਅਗੇਤਰ ‘ਨ’ ਹੈ।)

6. ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ ; ਸਹਸ ਮੂਰਤਿ, ‘ਨਨਾ’ ਏਕ ਤੁੋਹੀ ॥ ਸਹਸ ਪਦ ਬਿਮਲ, ਨਨ ਏਕ ਪਦ, ਗੰਧ ਬਿਨੁ, ਸਹਸ ਤਵ ਗੰਧ, ਇਵ ਚਲਤ ਮੋਹੀ ॥ (ਮ: 1/ 13)

(ਹੇ ਪ੍ਰਭੂ ! ਸਭ ਜੀਵਾਂ ’ਚ ਵਿਆਪਕ ਹੋਣ ਕਰ ਕੇ) ਹਜ਼ਾਰਾਂ ਤੇਰੀਆਂ ਅੱਖਾਂ ਹਨ (ਪਰ ਨਿਰਾਕਾਰ ਹੋਣ ਕਰ ਕੇ) ਤੇਰੀਆਂ ਕੋਈ ਅੱਖਾਂ ਨਹੀਂ।  ਸਰਗੁਣ ’ਚ ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਨਿਰਗੁਣ ’ਚ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਸਰਗੁਣ ’ਚ ਹਜ਼ਾਰਾਂ ਤੇਰੇ ਸੋਹਣੇ ਪੈਰ ਹਨ (ਪਰ ਨਿਰਾਕਾਰ ਹੋਣ ਕਰ ਕੇ) ਤੇਰਾ ਇੱਕ ਭੀ ਪੈਰ ਨਹੀਂ। ਸਰਬ ਵਿਆਪਕ ਹੋਣ ਕਾਰਨ ਹਜ਼ਾਰਾਂ ਤੇਰੇ ਨੱਕ ਹਨ ਪਰ ਨਿਰਗੁਣ ’ਚ ਤੂੰ ਨੱਕ ਤੋਂ ਬਿਨਾ ਹੀ ਹੈਂ। ਤੇਰੇ ਅਜੇਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ !

ਨ੍ਾਈ , ਨ੍ਾਏ , ਨ੍ਾਵੈ , ਨਾਉ , ਨਾਇ , ਨਾਈ , ਨਾਵੈ

ਅਜੇਹੇ ਸ਼ਬਦਾਂ ਦਾ ਜਿੱਥੇ ਅਰਥ ਇਸ਼ਨਾਨ ਹੋਵੇ ਉੱਥੇ ‘ਨ’ ਦੇ ਪੈਰ ’ਚ ਹਲੰਤ ਚਿੰਨ੍ਹ ਭਾਵੇਂ ਲੱਗਾ ਹੋਵੇ ਜਾਂ ਨਾ ਉਚਾਰਨ ਪੈਰ ਅੱਧੇ ਹ  ੍ਹ ਸਮੇਤ ਹੀ ਕਰਨਾ ਯੋਗ ਹੈ, ਪਰ ਜਿੱਥੇ ਅਰਥ ਇਸ਼ਨਾਨ ਨਹੀਂ ਬਲਕਿ ‘ਨਾਮ, ਵਡਿਆਈ ਜਾਂ ਜਾਤੀ ਦਾ ਨਾਮ ਨਾਈ’ ਹੋਣ ਉੱਥੇ ਉਚਾਰਨ ਬਿਨਾਂ ਹਲੰਤ ਚਿੰਨ੍ਹ ਜਾਂ ਅੱਧੇ ਹ  ੍ਹ ਦੇ ਕਰਨਾ ਠੀਕ ਰਹੇਗਾ; ਜਿਵੇਂ ਕਿ

1. ਲਉਕੀ (ਕੌੜੀ ਤੂੰਬੀ), ਅਠਸਠਿ ਤੀਰਥ ‘ਨ੍ਾਈ’ ॥ ਕਉਰਾਪਨੁ ਤਊ ਨ ਜਾਈ ॥ (ਕਬੀਰ ਜੀਉ/ 656) ਅਰਥ : ਜੇ ਤੂੰਬੀ ਅਠਾਹਠ ਤੀਰਥਾਂ ਉੱਤੇ ਭੀ ਇਸ਼ਨਾਨ ਕਰ ਲਏ ਤਾਂ ਭੀ ਉਸ ਦੀ (ਅੰਦਰਲੀ) ਕੁੜੱਤਣ ਦੂਰ ਨਹੀਂ ਹੁੰਦੀ।

2. ਨਿਰਮਲ ਜਲਿ ‘ਨ੍ਾਏ’ ; ਜਾ ਪ੍ਰਭ ਭਾਏ ; ਪੰਚ ਮਿਲੇ ਵੀਚਾਰੇ ॥ (ਮ: 1/ 437) ਅਰਥ : ਜੀਵ (ਗੁਰ-ਸ਼ਬਦ ਰੂਪ) ਪਵਿਤ੍ਰ ਜਲ ਵਿੱਚ ਤਦੋਂ ਹੀ ਇਸ਼ਨਾਨ ਕਰ ਸਕਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ (ਗੁਰ ਸ਼ਬਦ ਦੀ) ਵਿਚਾਰ ਦੀ ਬਰਕਤਿ ਨਾਲ ਪੰਜੇ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਹੀ ਪ੍ਰਾਪਤ ਹੋ ਜਾਂਦੇ ਹਨ।

3. ਜੇ, ਓਹੁ ਅਠਸਠਿ ਤੀਰਥ ‘ਨ੍ਾਵੈ’ ॥ ਜੇ, ਓਹੁ ਦੁਆਦਸ ਸਿਲਾ ਪੂਜਾਵੈ ॥ ਜੇ, ਓਹੁ ਕੂਪ ਤਟਾ ਦੇਵਾਵੈ ॥ ਕਰੈ ਨਿੰਦ; ਸਭ ਬਿਰਥਾ ਜਾਵੈ ॥ (ਰਵਿਦਾਸ ਜੀਉ/ 875) ਅਰਥ : ਜੇ ਕੋਈ ਮਨੁੱਖ ਅਠਾਹਠ ਤੀਰਥਾਂ ਦਾ ਇਸ਼ਨਾਨ (ਭੀ) ਕਰੇ, ਜੇ ਬਾਰ੍ਹਾਂ ਸ਼ਿਵਲਿੰਗਾਂ ਦੀ ਪੂਜਾ ਭੀ ਕਰੇ, ਜੇ (ਲੋਕਾਂ ਦੇ ਭਲੇ ਲਈ) ਖੂਹ ਤਲਾਬ (ਆਦਿਕ) ਲਵਾਏ, ਪਰ ਜੇ ਉਹ (ਗੁਰਮੁਖਾਂ ਦੀ) ਨਿੰਦਿਆ ਕਰਦਾ ਹੈ ਤਾਂ ਉਸ ਦੀ ਇਹ ਸਾਰੀ ਮਿਹਨਤ ਵਿਅਰਥ ਜਾਂਦੀ ਹੈ। 

4. ਸੁਣਿਆ, ਮੰਨਿਆ ; ਮਨਿ, ਕੀਤਾ ਭਾਉ ॥ ਅੰਤਰਗਤਿ ਤੀਰਥਿ, ਮਲਿ ‘ਨਾਉ’ ॥ (ਜਪੁ) ਅਰਥ : (ਜਿਸ ਨੇ ਰੱਬੀ ਨਾਮ ’ਚ) ਸੁਰਤ ਜੋੜੀ, (ਜਿਸ ਦਾ ਮਨ ਨਾਮ ’ਚ) ਪਤੀਜ ਗਿਆ (ਅਤੇ ਜਿਸ ਨੇ ਆਪਣੇ) ਮਨ ਵਿੱਚ (ਰੱਬੀ ਗੁਣ) ਪੈਦਾ ਕੀਤਾ, ਉਹ (ਮਾਨੋ) ਆਪਣੇ ਅੰਦਰਲੇ ਤੀਰਥ ’ਤੇ ਮਲ਼-ਮਲ਼ ਇਸ਼ਨਾਨ ਕਰਦਾ ਹੈ (ਭਾਵ ਰੱਬੀ ਮਿਲਾਪ ਕਰ ਆਪਣੇ ਮਨ ਦੀ ਮੈਲ਼ ਲਾਹ ਲਈ ਹੈ)।

ਉਚਾਰਨ ਸੇਧ : ਤੁਕ ਨੰ: 1, 2, 3 ਵਿੱਚ ਨ੍ਾਈ , ਨ੍ਾਏ , ਨ੍ਾਵੈ ਦਾ ਅਰਥ ਇਸ਼ਨਾਨ ਕਰਨਾ ਹੈ, ਇਸ ਲਈ ‘ਨ’ ਦੇ ਪੈਰ ’ਚ ਹਲੰਤ ਚਿੰਨ੍ਹ ਵੀ ਲੱਗਿਆ ਹੈ, ਇੱਥੇ ਪੈਰ ਅੱਧੇ ਹ  ੍ਹ ਸਹਿਤ ਉਚਾਰਨ ਉਚਿਤ ਹੈ। ਅਰਥ ਤੁਕ ਨੰ: 4 ਵਿੱਚ ‘ਨਾਉ’ ਦੇ ਅਰਥ ਵੀ ਇਸ਼ਨਾਨ ਕਰਨਾ ਹੈ ਇਸ ਲਈ ਇੱਥੇ ਵੀ ਪਹਿਲੀਆਂ ਤਿੰਨੇ ਤੁਕਾਂ ਤੋਂ ਸੇਧ ਲੈ ਕੇ ਸਹੀ ਉਚਾਰਨ ‘ਨ੍ਹਾਉ’ ਕਰਨਾ ਹੀ ਯੋਗ ਹੈ, ਪਰ

5. ‘ਨਾਵੈ’ ਅੰਦਰਿ ਹਉ ਵਸਾਂ ; ‘ਨਾਉ’ ਵਸੈ ਮਨਿ ਆਇ ॥ (ਮ: 1/ 55) ਅਰਥ : (ਗੁਰੂ ਕਿਰਪਾ ਨਾਲ਼ ਜੇ ਸੱਜਣ-ਪ੍ਰਭੂ ਮਿਲ ਪਏ ਤਾਂ) ਮੈਂ ਉਸ ਦੇ ਨਾਮ ਵਿੱਚ ਸਦਾ ਟਿਕਿਆ ਰਹਿ ਸਕਦਾ ਹਾਂ ਉਸ ਦਾ ਨਾਮ (ਸਦਾ ਲਈ) ਮੇਰੇ ਮਨ ਵਿੱਚ ਆ ਵੱਸਦਾ ਹੈ।

ਉਚਾਰਨ ਸੇਧ : ਇਸ ਤੁਕ ’ਚ ‘ਨਾਵੈ’ ਤੇ ‘ਨਾਉ’ ਦਾ ਅਰਥ ਇਸ਼ਨਾਨ ਕਰਨਾ ਨਹੀਂ ਬਲਕਿ (ਰੱਬੀ-) ‘ਨਾਮ’ ਹੈ, ਇਸ ਲਈ ਦੋਵਾਂ ਦਾ ਉਚਾਰਨ ਬਿਨਾਂ ਪੈਰ ਹ  ੍ਹ ਦੇ ਕਰਨਾ ਠੀਕ ਹੈ ।

6. ਵਡਾ ਸਾਹਿਬੁ, ਵਡੀ ‘ਨਾਈ’ (ਵਡਿਆਈ) ; ਕੀਤਾ ਜਾ ਕਾ ਹੋਵੈ ॥ ਨਾਨਕ ! ਜੇ ਕੋ ਆਪੌ ਜਾਣੈ ; ਅਗੈ ਗਇਆ, ਨ ਸੋਹੈ ॥ (ਜਪੁ (ਮ: 1/ 5) ਅਰਥ :  ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁਝ ਜਗਤ ਵਿੱਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਹੇ ਨਾਨਕ ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ) ਯਤਨ ਕਰੇ ਤਾਂ ਉਹ ਰੱਬੀ ਦਰ ’ਤੇ ਜਾ ਕੇ ਆਦਰ ਨਹੀਂ ਪਾਉਂਦਾ ।

ਉਚਾਰਨ ਸੇਧ : ਇਸ ਤੁਕ ਵਿੱਚ ‘ਨਾਈ’ ਦਾ ਅਰਥ ਵਡਿਆਈ (ਇਸਤ੍ਰੀ ਲਿੰਗ) ਹੈ (ਪਰ)

7. ਸੈਨੁ ‘ਨਾਈ’ ਬੁਤਕਾਰੀਆ ; ਓਹੁ, ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ; ਭਗਤਾ ਮਹਿ ਗਨਿਆ ॥ (ਮ: 5/ 487) ਅਰਥ : ਸੈਣ (ਜਾਤ ਦਾ) ਨਾਈ ਲੋਕਾਂ ਦੀਆਂ ਬੁੱਤੀਆਂ ਕੱਢਣ ਵਾਲਾ ਸੀ, ਉਸ ਦੀ ਘਰ ਘਰ ਸ਼ੋਭਾ ਹੋ ਤੁਰੀ ਕਿਉਂਕਿ ਉਸ ਦੇ ਹਿਰਦੇ ’ਚ ਰੱਬ ਵੱਸ ਪਿਆ ਤੇ ਉਹ ਭਗਤਾਂ ਵਿੱਚ ਗਿਣਿਆ ਜਾਣ ਲੱਗ ਪਿਆ।

ਉਚਾਰਨ ਸੇਧ : ਉਕਤ ਨੰ. 6 ’ਚ ‘ਨਾਈ’ (ਇਸਤ੍ਰੀ ਲਿੰਗ) ਅਤੇ ਤੁਕ ਨੰ. 7 ’ਚ ‘ਨਾਈ’ ਇੱਕ ਜਾਤ ਹੈ, ਜਿਸ ਕਾਰਨ ਦੋਵੇਂ ਥਾਂ ਉਚਾਰਨ ‘ਨਾਈ’ ਹੋਏਗਾ।

8. ਕਬੀਰ ! ਗਰਬੁ ਨ ਕੀਜੀਐ ; ਰੰਕੁ ਨ ਹਸੀਐ ਕੋਇ ॥ ਅਜਹੁ ਸੁ ‘ਨਾਉ’ ਸਮੁੰਦ੍ਰ ਮਹਿ ; ਕਿਆ ਜਾਨਉ  ? ਕਿਆ ਹੋਇ  ?॥ (ਕਬੀਰ/ 1366)  ਕਬੀਰ ! (ਜੇ ਤੂੰ ਧਨਵਾਨ ਹੈਂ ਤਾਂ ਵੀ ਧਨ-ਪਦਾਰਥ ਦਾ) ਮਾਣ ਨਾ ਕਰੀਂ, ਨਾ ਕਿਸੇ ਕੰਗਾਲ ਨੂੰ (ਵੇਖ ਕੇ) ਬਹੁਤਾ ਖ਼ੁਸ਼ ਹੋਵੀਂ (ਕਿਉਂਕਿ ਤੇਰੀ ਆਪਣੀ ਜੀਵਨ-) ਬੇੜੀ ਵੀ ਅਜੇ ਸਮੁੰਦਰ ਵਿੱਚ ਹੈ ਪਤਾ ਨਹੀਂ ਕੱਲ੍ਹ ਕੀ ਹੋ ਜਾਏ (ਭਾਵ ਗ਼ਰੀਬੀ ਵੀ ਆ ਸਕਦੀ ਹੈ)।

ਉਚਾਰਨ ਸੇਧ : ਇਸ ਤੁਕ ਵਿੱਚ ‘ਨਾਉ’ ਦਾ ਅਰਥ ਇਸ਼ਨਾਨ ਕਰਨਾ ਜਾਂ ‘ਰੱਬੀ ਨਾਮ’ ਨਹੀਂ ਬਲਕਿ ‘ਬੇੜੀ’ (ਕਿਸਤੀ) ਹੈ ਇਸ ਲਈ ਇੱਥੇ ਉਚਾਰਨ ਬਿਨਾਂ ਪੈਰ ਹ  ੍ਹ ਦੇ ‘ਨਾਉ’ ਕਰਨਾ ਹੀ ਠੀਕ ਹੈ ।

– ਚਲਦਾ –