ਸਿੱਖ ਕੌਮ ਨੂੰ ਪੰਜਾਬ ਵਿਚ ਨਵੇਂ ਸਾਲ ਦਰਮਿਆਨ 10 ਪ੍ਰਮੁੱਖ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ

0
283

ਸਿੱਖ ਕੌਮ ਨੂੰ ਪੰਜਾਬ ਵਿਚ ਨਵੇਂ ਸਾਲ ਦਰਮਿਆਨ 10 ਪ੍ਰਮੁੱਖ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣੇ ਵਾਲੇ।

Giani Amritpal Singh

ਹੋ ਸਕਦਾ ਹੈ ਕਿ ਕਈ ਗੁਰਸਿੱਖ ਨਿਜੀ ਤੌਰ ’ਤੇ ਬਹੁਤ ਸੁਖੀ ਹੋਣ ਪਰ ਪੰਥਕ ਤੌਰ ’ਤੇ ਸਿੱਖ ਕੌਮ ਦੇ ਸਾਹਮਣੇ ਬਹੁਤ ਚੁਣੌਤੀਆਂ ਹਨ। ਆਪਣੇ ਆਪ ਨੂੰ ਪੰਥਕ ਪਰਿਵਾਰ ਦਾ ਮੈਂਬਰ ਮੰਨਣ ਵਾਲੇ ਗੁਰਸਿੱਖ ਨੂੰ ਪੰਥ ਦੀ ਤਰੱਕੀ ਵਿਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ।

ਪਿਛਲੇ ਸਾਲਾਂ ਦੀ ਤਰ੍ਹਾਂ ਨਵਾਂ ਸਾਲ ਵੀ ਸਾਡੇ ਲਈ 10 ਦੇ ਕਰੀਬ ਪ੍ਰਮੁੱਖ ਚੁਣੌਤੀਆਂ ਲੈ ਕੇ ਆ ਰਿਹਾ ਹੈ। ਕੌਮੀ ਭਵਿੱਖ ਸੁੱਖ ਦੇ ਨਵੇਂ ਸੁਨੇਹੇ ਲੈ ਕੇ ਆਵੇ, ਇਸ ਲਈ ਸਾਨੂੰ ਜਲਦੀ ਹੀ ਕੁੱਝ ਹੱਲ ਸੋਚ ਕੇ ਉਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਪਵੇਗਾ।

(1). ਜਾਤੀਵਾਦ : ਅੱਜ ਸਿੱਖ ਕੌਮ ਜਾਤੀਵਾਦ ਵਿਚ ਬੁਰੀ ਤਰ੍ਹਾਂ ਵੰਡੀ ਜਾ ਚੁੱਕੀ ਹੈ। ਇਕ-ਇਕ ਪਿੰਡ ਵਿਚ ਜਾਤਾਂ ਦੇ ਨਾਮ ’ਤੇ ਕਈ ਗੁਰਦੁਆਰਾ ਸਾਹਿਬ ਬਣ ਚੁੱਕੇ ਹਨ, ਜਿਸ ਨਾਲ ਸੰਗਤ ਕਈ ਹਿੱਸਿਆਂ ਵਿਚ ਵੰਡੀ ਗਈ ਹੈ। ਗੁਰਬਾਣੀ ਤਾਂ ‘‘ਜਾਤਿ ਜਨਮੁ ਨਹ ਪੂਛੀਐ; ਸਚ ਘਰੁ ਲੇਹੁ ਬਤਾਇ   ਸਾ ਜਾਤਿ ਸਾ ਪਤਿ ਹੈ; ਜੇਹੇ ਕਰਮ ਕਮਾਇ (ਮਹਲਾ /੧੩੩੦) ਭਾਵ ਜਾਤ ਪੁੱਛਣ ਤੋਂ ਵਰਜਦੀ ਹੈ। ਆਪਣੇ ਬੱਚਿਆਂ ਦੇ ਰਿਸ਼ਤੇ ਕਰਦਿਆਂ ਜਾਂ ਆਮ ਤੌਰ ’ਤੇ ਕਹਿੰਦੇ-ਕਹਾਉਂਦੇ ਗੁਰਸਿੱਖ ਦੂਜੇ ਗੁਰਸਿੱਖਾਂ ਨੂੰ ਪੁੱਛੀ ਜਾਣਗੇ ਕਿ ਖ਼ਾਲਸਾ ਜੀ! ਤੁਸੀਂ ਕੌਣ ਹੁੰਦੇ ਹੋ ? ਸਿੰਘ ਜੀ! ਤੁਹਾਡੀ ਜਾਤ ਕੀ ਹੈ ? ਜਾਤ-ਪਾਤ ਤੋਂ ਖਹਿੜਾ ਛੁਡਾਉਣ ਲਈ ਸਿੱਖ ਪੰਥ ਵਿੱਚ ਸ਼ਾਮਲ ਹੋਣ ਵਾਲਾ ਵੀ ਸੋਚਦਾ ਹੈ ਕਿ ਸਿੱਖ ਬਣ ਕੇ ਵੀ ਜਾਤ-ਪਾਤ ਨੇ ਮੇਰਾ ਖਹਿੜਾ ਨਹੀਂ ਛੱਡਿਆ। ਗਿਆਨੀ ਦਿੱਤ ਸਿੰਘ ਜੀ ਮੁਤਾਬਕ ਕੌਣ ਸਿੱਖ ਹੁੰਦੇ ਹੋ ਭਾਈ ਜੀ  ? ਮੈਂ ਅਰੋੜਾ, ਇਹ ਹੈ ਨਾਈ ਤੇਰਾ ਜਨਮ ਕਿਹਨਾਂ ਦੇ ਘਰ ਦਾ ? ਮੈਂ ਜੀ ਮਹਿਰਾ ਪਾਣੀ ਭਰਦਾ ਤੇਰੀ ਸਿੰਘਾ ਕੀ ਜਾਤ ? ਨਾਮੀ ਵੰਸ਼ ਮੈਂ ਹਾਂ ਭਰਾਤਇਹਨਾਂ ਵੰਡੀਆਂ ਕਾਰਨ ਸਿੱਖਾਂ ਵਿੱਚ ਆਪਸੀ ਝਗੜੇ-ਫ਼ਸਾਦ ਪੈਦਾ ਹੋ ਗਏ ਹਨ। ਬਾਹਰਲਾ ਦੁਸ਼ਮਣ ਉਦੋਂ ਜ਼ਰੂਰ ਹਮਲਾ ਕਰਦਾ ਹੈ ਜਦੋਂ ਕੋਈ ਕੌਮ ਵੰਡੀ ਹੋਈ ਹੋਵੇ। ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਬਲਕਿ ਅਖੌਤੀ ਜਾਤ-ਪਾਤ ਨੂੰ ਬਣਾਉਣ ਵਾਲਾ ਮੰਨੂੰ ਰਿਖੀ ਹੈ। ਅਸਲ ਵਿੱਚ ਸਾਡੀ ਤਾਂ ਜਾਤ-ਪਾਤ ਹੀ ਸਾਡੇ ਗੁਰੂ ਦਾ ਸਿਧਾਂਤ ਹੈ। ਸਾਡਾ ਸਭ ਦਾ ਸਾਂਝਾ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਵਾਸੀ ਸ੍ਰੀ ਅਨੰਦਪੁਰ ਸਾਹਿਬ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਭੈਣ-ਭਰਾ ਸਾਰਾ ਸਿੱਖ ਪੰਥ ਹੈ। ਜਾਤ-ਪਾਤ ਛੱਡ ਕੇ ਆਪਸੀ ਏਕਤਾ ਲਈ ਸਾਂਝੇ ਪਰਿਵਾਰ ਦਾ ਸਿਧਾਂਤ ਹੀ ਯੋਗ ਹੱਲ ਹੈ ‘‘ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ’’ (ਮਹਲਾ /੬੪੮)

(2). ਆਰਥਿਕਤਾ : ਅੱਜ ਆਰਥਿਕ ਤੌਰ ’ਤੇ ਪੰਜਾਬ ਕੰਗਾਲ ਹੋ ਰਿਹਾ ਹੈ। ਅਨਾਜ ਦੀ ਜਾਇਜ਼ ਕੀਮਤ ਨਾ ਮਿਲਣ ਕਰਕੇ ਜ਼ਿੰਮੀਦਾਰ ਵੀਰ ਖੁਦਕੁਸ਼ੀਆਂ ਕਰ ਰਹੇ ਹਨ। ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕਰਕੇ ਵੀ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਹਨ। ਕਈ ਨੌਜਵਾਨ ਬੇਰੁਜ਼ਗਾਰੀ ਤੋਂ ਬਚਣ ਲਈ ਕਰਜ਼ਾ ਚੁੱਕ ਕੇ ਆਪਣੀ ਪ੍ਰਾਣਾਂ ਤੋਂ ਪਿਆਰੀ ਜਨਮ ਭੂਮੀ ਛੱਡ ਕੇ ਵਿਦੇਸ਼ਾਂ ਵਿਚ ਧੱਕੇ ਖਾ ਰਹੇ ਹਨ। ਗੁਰਬਾਣੀ ਇਸ ਦਾ ਵੀ ਹੱਲ ਸੁਝਾਉਂਦੀ ਹੈ ‘‘ਘਾਲਿ ਖਾਇ, ਕਿਛੁ ਹਥਹੁ ਦੇਇ   ਨਾਨਕ ! ਰਾਹੁ ਪਛਾਣਹਿ ਸੇਇ ’’ (ਮਹਲਾ /੧੨੪੫) ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ; ਸੌੜੀ ਰਾਜਨੀਤੀ ਤੋਂ ਮੁਕਤ ਹੋਵੇ। ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਦਸਵੰਧ ਕਮੇਟੀਆਂ ਬਣਨ। ਇਹਨਾਂ ਦਾ ਸਾਰਾ ਹਿਸਾਬ ਪਾਰਦਰਸ਼ੀ (Transparent) ਹੋਵੇ। ਜੇ ਸਾਰੀ ਦੁਨੀਆਂ ਵਿਚ ਵੱਸਦਾ ਹਰ ਇਕ ਗੁਰਸਿੱਖ ਆਪਣੀ ਪੂਰੀ ਇਮਾਨਦਾਰੀ ਨਾਲ ਹਰ ਮਹੀਨੇ ਦਸਵੰਧ ਦੀ ਮਾਇਆ ਜਮ੍ਹਾਂ ਕਰਾਏ ਤਾਂ 6 ਮਹੀਨਿਆਂ ਵਿਚ ਹੀ ਅਰਬਾਂ ਰੁਪਇਆ ਇਕੱਠਾ ਹੋ ਸਕਦਾ ਹੈ। ਇਸ ਨਾਲ ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਫ਼ੈਕਟਰੀਆਂ, ਮਿੱਲਾਂ ਤੇ ਕਾਰਖ਼ਾਨੇ ਲਗਾਏ ਜਾ ਸਕਦੇ ਹਨ। ਸਕੂਲ, ਕਾਲਜ, ਯੂਨੀਵਰਸਿਟੀਆਂ, ਨਰਸਿੰਗ-ਇੰਜੀਨੀਅਰਿੰਗ-ਟੈਕਨੀਕਲ ਕਾਲਜ ਅਤੇ ਹੋਰ ਕਿੱਤਾ ਮੁਖੀ ਸੰਸਥਾਵਾਂ ਖੋਲ੍ਹੀਆਂ ਜਾ ਸਕਦੀਆਂ ਹਨ। ਡਿਸਪੈਂਸਰੀਆਂ, ਹਸਪਤਾਲ ਤੇ ਹੋਰ ਲੋੜੀਂਦੀਆਂ ਸੰਸਥਾਵਾਂ ਖੋਲ੍ਹਣ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਉੱਥੇ ਪੰਜਾਬ ਵਿਚ ਸਹੂਲਤਾਂ ਵੀ ਵੱਧ ਜਾਣਗੀਆ। ਸਿੱਖੀ ਦੇ ਦਸਵੰਧ ਕੱਢਣ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਲਾਗੂ ਕੀਤਿਆਂ ਪੰਜਾਬ ਵਿੱਚੋਂ ਗਰੀਬੀ, ਸਦਾ ਲਈ ਖਤਮ ਹੋ ਜਾਵੇਗੀ ਤੇ ਨਵੀਂ ਮਨੁੱਖਤਾ ਦਾ ਉੱਥਾਨ ਹੋ ਜਾਵੇਗਾ।

(3). ਰਾਜਨੀਤਿਕ : ਰਾਜਨੀਤਿਕ ਤੌਰ ’ਤੇ ਗੁਰੂਆਂ ਦੀ ਪਾਵਨ ਧਰਤੀ ਸਿੱਖਾਂ ਤੋਂ ਖੁੱਸਦੀ ਜਾ ਰਹੀ ਹੈ। ਬਾਹਰਲੇ ਸੂਬਿਆਂ ਦੇ ਲੋਕ ਪੰਜਾਬ ਵਿੱਚ ਧੜਾਧੜ ਵੋਟਾਂ ਬਣਾ ਰਹੇ ਨੇ। ਉਹ ਲੋਕ ਅੱਜ M.L.A. ਬਣ ਰਹੇ ਹਨ ਤੇ ਕੱਲ੍ਹ ਨੂੰ M.P. ਵੀ ਬਣ ਜਾਣਗੇ। ਇਕ ਸਮਾਂ ਐਸਾ ਵੀ ਆ ਸਕਦਾ ਹੈ ਕਿ ਸਿੱਖ ਚਾਹ ਕੇ ਗੱਠਜੋੜ ਵਾਲੀ ਸਰਕਾਰ ਵਿਚ ਵੀ ਸ਼ਾਮਲ ਨਹੀਂ ਹੋ ਸਕਦੇ। ਅਸੀਂ ਸ਼ਰਾਬ ਦੀ ਬੋਤਲ ਜਾਂ ਇਕ ਵੱਡਾ ਨੋਟ ਲੈ ਕੇ ਆਪਣੀ ਵੋਟ ਹੀ ਨਹੀਂ ਵੇਚਦੇ ਸਗੋਂ ਆਪਣੀ ਕੌਮ ਦਾ ਭਵਿੱਖ ਵੀ ਵੇਚ ਦਿੰਦੇ ਹਾਂ। ਇਸ ਨਾਲ ਯੋਗ ਆਗੂਆਂ ਦੀ ਜਗ੍ਹਾ ਭ੍ਰਸ਼ਟ ਲੋਕ ਪੰਜਾਬ ’ਤੇ ਕਾਬਜ਼ ਹੋ ਜਾਂਦੇ ਹਨ। ਇਕ-ਦੂਜੇ ਦੀਆਂ ਦਸਤਾਰਾਂ ਲਾਹੁਣ, ਤਲਵਾਰਾਂ ਚਲਾਉਣ ਅਤੇ ਲੱਤਾਂ ਖਿੱਚਣ ਵਾਲੀ ਆਪਸੀ ਖਹਿਬਾਜ਼ੀ ਨੇ ਵੀ ਸਿੱਖਾਂ ਨੂੰ ਕਮਜ਼ੋਰ ਕੀਤਾ ਹੋਇਆ ਹੈ। ਜੇ ਸਿੱਖਾਂ ਦੇ ਸਾਰੇ ਰਾਜਨੀਤਿਕ ਧੜੇ ਪੰਥਕ ਏਕਤਾ ਵਿਚ ਪਰੋਏ ਜਾਣ ਤਾਂ ਸਿੱਖ ਵੀ ਆਪਣੇ ਪੰਜਾਬ ਦੇ ਹੱਕਾਂ ਬਾਰੇ ਸੋਚ ਸਕਦੇ ਹਨ। ਅੱਜ ਸਾਨੂੰ ਇਕ ਯੋਗ, ਇਮਾਨਦਾਰ, ਦੂਰ-ਅੰਦੇਸ਼ ਤੇ ਪੰਥਕ ਜਜ਼ਬਾ ਰੱਖਣ ਵਾਲੇ ਗੁਰਸਿੱਖ ਆਗੂ ਦੀ ਬੇਹੱਦ ਸਖ਼ਤ ਲੋੜ ਹੈ, ਜਿਸ ਨਾਲ ਸਾਡਾ ਪੰਜਾਬ ਰਾਜ ਬੇਗਮਪੁਰਾ ਬਣ ਸਕੇ ‘‘ਬੇਗਮ ਪੁਰਾ ਸਹਰ ਕੋ ਨਾਉ   ਦੂਖੁ ਅੰਦੋਹੁ ਨਹੀ; ਤਿਹਿ ਠਾਉ ’’ (ਭਗਤ ਰਵਿਦਾਸ/੩੪੫)

(4). ਧੀ ਭਰੂਣ ਹੱਤਿਆ : ਕਿਸੇ ਸਮੇਂ ਧੀ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ, ਪਰ ਅੱਜ ਮੈਡੀਕਲ ਸਾਇੰਸ ਨੇ ਇੰਨੀ ਸਹੂਲਤ ਦੇ ਦਿੱਤੀ ਕਿ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਪੇਟ ਵਿਚ ਮਾਰ ਦਿੱਤਾ ਜਾਂਦਾ ਹੈ। ਪੰਜਾਬ ਵਿਚ ਪੁੱਤਰਾਂ ਦੇ ਮੁਕਾਬਲੇ ਧੀਆਂ ਦੀ ਜਨਮ ਦਰ ਘਟੀ ਹੋਈ ਹੈ। ਪੁੱਤਰ ਦੀ ਚਾਹਤ ਲਈ ਮਾਰੀ ਜਾਣ ਵਾਲੀ ਧੀ ਦੀ ਮੌਤ ਦੇ ਪਾਪ ਵਿਚ ਕੇਵਲ ਮਾਂ-ਪਿਉ ਤੇ ਡਾਕਟਰ ਹੀ ਭਾਗੀਦਾਰ ਨਹੀਂ, ਸਗੋਂ ਉਸ ਤੋਂ ਬਾਅਦ ਹੋਣ ਵਾਲਾ ਪੁੱਤਰ ਵੀ ਓਨਾ ਹੀ ਪਾਪਾਂ ਦਾ ਭਾਗੀ ਹੁੰਦਾ ਹੈ ਕਿਉਂਕਿ ਉਸ ਦੀ ਖਾਤਰ ਹੀ ਧੀ ਦੀ ਹੱਤਿਆ ਕੀਤੀ ਹੁੰਦੀ ਹੈ।

ਇਸ ਤੋਂ ਇਲਾਵਾ ਪਿਤਾ ਲਈ ਦਾਜ ਦੇਣ ਦਾ ਬੋਝ, ਦਾਜ ਦੇਣ ਤੋਂ ਬਾਅਦ ਵੀ ਕਈ ਵਾਰੀ ਧੀ ਦਾ ਸੁਖੀ ਨਾ ਵੱਸਣਾ ਵੀ ਹੱਤਿਆ ਦਾ ਕਾਰਨ ਬਣਦੇ ਹਨ। ਸਮਾਜ ਵਿਚ ਨੌਜਵਾਨਾਂ ਵੱਲੋਂ ਛੇੜਖਾਨੀਆਂ ਜਾਂ ਹੋਰਨਾਂ ਧੀਆਂ ਵੱਲੋਂ ਪਿਤਾ ਦੀ ਪੱਗ ਨੂੰ ਦਾਗ਼ ਲਾ ਦੇਣਾ ਦੇਖ ਕੇ ਵੀ ਇਕ ਅਣਖ ਵਾਲਾ ਬਾਪ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਉਸ ਨੂੰ ਵੀ ਇਹ ਦਿਨ ਦੇਖਣਾ ਪਵੇ। ਇਸ ਦੇ ਅਸਿੱਧੇ ਰੂਪ ਵਿਚ ਦੋਸ਼ੀ ਤਾਂ ਸਮਾਜ ਹੀ ਹੈ, ਜਿਸ ਵਿਚ ਅਸੀਂ ਸਾਰੇ ਸ਼ਾਮਲ ਹਾਂ। ਗੁਰਬਾਣੀ ਨੇ ਔਰਤ ਨੂੰ ‘‘ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩) ਕਹਿ ਕੇ ਸਨਮਾਨ ਦਿੱਤਾ ਹੈ। ਸਿੱਖ ਪੰਥ ਵਿਚ ਇਸਤਰੀ ਤੇ ਪੁਰਖ ਦੋਨੋਂ ਹੀ ਰੱਬ ਦੇ ਰੂਪ ਮੰਨੇ ਗਏ ਹਨ। ਇਸ ਲਈ ਧੀਆਂ ਨੂੰ ਵੀ ਪੁੱਤਰਾਂ ਦੇ ਬਰਾਬਰ ਹੱਕ ਅਤੇ ਪਿਆਰ ਦੇਣਾ ਚਾਹੀਦਾ ਹੈ ‘‘ਏਤੇ ਅਉਰਤ ਮਰਦਾ ਸਾਜੇ; ਸਭ ਰੂਪ ਤੁਮ੍ਾਰੇ ’’ (ਭਗਤ ਕਬੀਰ/੧੩੪੯)

(5). ਦਾਜ : ਅੱਜ ਸਾਡੇ ਸਾਹਮਣੇ ਦਾਜ ਅਤੇ ਫ਼ਜ਼ੂਲ-ਖਰਚੀਆਂ ਵਾਲੇ ਮਹਿੰਗੇ ਵਿਆਹ ਵੀ ਇਕ ਸਮੱਸਿਆ ਬਣ ਗਏ ਹਨ। ਪੁਰਾਣੇ ਜ਼ਮਾਨੇ ਵਿਚ ਜਦੋਂ ਕੋਈ ਕਬੀਲਾ ਦੂਜੇ ਕਬੀਲੇ ’ਤੇ ਹਮਲਾ ਕਰਦਾ ਸੀ ਤਾਂ ਦੂਜਾ ਕਬੀਲਾ ਮੂੰਹ ਭੰਨ ਦਿੰਦਾ ਸੀ। ਜੇ ਦੂਜਾ ਕਬੀਲਾ ਕਮਜ਼ੋਰ ਹੁੰਦਾ ਤਾਂ ਉਹ ਹਾਰ ਮੰਨ ਕੇ ਹਮਲਾਵਰ ਕਬੀਲੇ ਦਾ ਸਵਾਗਤ ਕਰਦਾ ਸੀ। ਉਸ ਨੂੰ ਟੈਕਸ ਦੇ ਰੂਪ ਵਿਚ ਧਨ-ਦੌਲਤ, ਕੀਮਤੀ ਚੀਜ਼ਾਂ ਤੇ ਆਪਣੀਆਂ ਧੀਆਂ ਦੇ ਕੇ ਵਾਪਸ ਮੋੜ ਦਿੰਦਾ ਸੀ। ਹਮਲਾਵਰ ਕਬੀਲਾ ਜਿੱਤ ਦੇ ਵਾਜੇ ਵਜਾ ਕੇ ਵਾਪਸ ਮੁੜ ਜਾਂਦਾ ਸੀ। ਸਾਡੀਆਂ ਬਰਾਤਾਂ ਵੀ ਧੀ ਦੇ ਪਰਿਵਾਰ ’ਤੇ ਹਮਲਾ ਕਰਨ ਵਾਙ ਲੱਗਦੀਆਂ ਹਨ। ਜਿਸ ਨੇ ਕਦੀ ਕੁੱਤੇ ਨੂੰ ਸੋਟੀ ਨਹੀਂ ਮਾਰੀ ਹੁੰਦੀ, ਉਹ ਤਲਵਾਰ ਫੜ੍ਹ ਲੈਂਦਾ ਹੈ। ਉਸ ਨੂੰ ਫੜ੍ਹ ਕੇ ਘੋੜੀ ’ਤੇ ਬਿਠਾਇਆ ਜਾਂਦਾ ਹੈ। ਬਰਾਤ ਰੂਪੀ ਫ਼ੌਜ ਨਾਲ ਤੁਰਦੀ ਹੈ। ਧੀ ਦਾ ਬਾਪ ਹਾਰੇ ਹੋਏ ਕਬੀਲੇ ਦੇ ਸਰਦਾਰ ਵਾਙੂੰ ਬਾਹਰ ਆ ਕੇ ਸਵਾਗਤ ਕਰਦਾ ਹੈ। ਬਹੁਤ ਸਾਰੇ ਤੋਹਫ਼ੇ ਦੇ ਕੇ, ਦਾਜ ਦੇ ਕੇ, ਧੀ ਨੂੰ ਵੀ ਨਾਲ ਤੋਰਦਾ ਹੈ। ਪੁੱਤਰ ਵਾਲੇ ਜੇਤੂ ਧਿਰ ਵਾਙ ਬੈਂਡ-ਵਾਜੇ ਵਜਾਉਂਦੇ ਧੀ ਅਤੇ ਬਹੁਤ ਸਾਰਾ ਦਾਜ ਲੈ ਕੇ ਵਾਪਸ ਮੁੜ ਜਾਂਦੇ ਹਨ।

ਅੱਜ ਸਾਡੇ ਸਮਾਜ ਵਿਚ ਵੀ ਪੁੱਤਰਾਂ ਦੀ ਬੋਲੀ ਲਗਾਈ ਜਾਂਦੀ ਹੈ। ਅਮੀਰ ਤਾਂ ਦਾਜ ਵਿਚ ਬਹੁਤ ਕੁੱਝ ਦੇ ਸਕਦੇ ਹਨ, ਪਰ ਗਰੀਬ ਆਦਮੀ ਪੀਸਿਆ ਜਾਂਦਾ ਹੈ। ਤਿੰਨ ਧੀਆਂ ਦਾ ਬਾਪ ਕਰਜ਼ਾ ਚੁੱਕ ਕੇ ਇਕ ਧੀ ਨੂੰ ਵਿਆਹੁੰਦਾ ਹੈ ਤੇ ਘਰ ਬੈਠੀਆਂ ਦੋ ਧੀਆਂ ਨੂੰ ਦੇਖ ਕੇ ਝੁਰਦਾ ਹੈ। ਕੁੜਮਾਂ ਵੱਲੋਂ ਹੋਰ ਦਾਜ ਮੰਗਣ ’ਤੇ ਜਾਂ ਕਈ ਵਾਰੀ ਕਰਜ਼ਾ ਨਾ ਉਤਰਨ ’ਤੇ ਬਾਪ ਖੁਦਕਸ਼ੀ ਕਰ ਲੈਂਦਾ ਹੈ। ਕਈਆਂ ਨੇ ਤਾਂ ਗਰੀਬ ਧੀਆਂ ਦੇ ਵਿਆਹ ਦੇ ਨਾਮ ’ਤੇ ਵਪਾਰ ਵੀ ਸ਼ੁਰੂ ਕਰ ਲਏ ਹਨ। ਉਹਨਾਂ ਦੇ ਵਿਆਹ ਦੀਆਂ ਵੀਡੀਉ ਬਣਾ ਕੇ, ਸਾਰੀ ਦੁਨੀਆਂ ਵਿਚ ਦਿਖਾ ਕੇ ਕਰੋੜਾਂ ਰੁਪਇਆ ਇਕੱਠਾ ਕਰ ਰਹੇ ਹਨ।

ਦਾਜ ਦੀ ਲਾਹਨਤ ਤਾਂ ਹੀ ਬੰਦ ਹੋ ਸਕਦੀ ਹੈ ਜੇ ਪਿਤਾ ਦਾਜ ਦੇ ਮੰਗਤਿਆਂ ਨਾਲ ਆਪਣੀ ਧੀ ਦਾ ਰਿਸ਼ਤਾ ਹੀ ਨਾ ਜੋੜੇ। ਇਸ ਤੋਂ ਇਲਾਵਾ ਸਾਡੇ ਨੌਜਵਾਨ ਪ੍ਰਣ ਕਰਨ ਕਿ ਉਹ ਦਾਜ ਨਹੀਂ ਲੈਣਗੇ ਬਲਕਿ ਲੜਕੀ ਦੇ ਗੁਣ ਦੇਖੇ ਜਾਣਗੇ। ਜਿਸ ਨੇ ਆਪਣੇ ਦਿਲ ਦਾ ਟੁੱਕੜਾ ਧੀ ਹੀ ਦੇ ਦਿੱਤੀ, ਉਸ ਨੇ ਹੋਰ ਆਪਣੇ ਕੋਲ ਕੀ ਰੱਖ ਲਿਆ ? ਗੁਰਮਤਿ ਵਿਚ ਤਾਂ ਗੁਣਾਂ ਦੇ ਦਾਜ ਨੂੰ ਹੀ ਵਡਿਆਇਆ ਗਿਆ ਹੈ। ਦਾਜ ਲੈਣ ਤੇ ਦੇਣ ਦਾ ਵਿਖਾਲਾ ਪਾਉਣ ਵਾਲਾ ਗੁਰਮੁਖ ਹੀ ਨਹੀਂ ਹੈ। ਉਸ ਨੂੰ ਮਨਮੁਖ, ਝੂਠੇ, ਹੰਕਾਰੀ, ਕੱਚੇ ਜੀਵਨ ਵਾਲੇ ਤੇ ਪਖੰਡੀ ਕਹਿ ਕੇ ਦੁਰਕਾਰਿਆ ਗਿਆ ਹੈ ‘‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ ’’ (ਮਹਲਾ /੭੯)

(6). ਨਸ਼ੇ : ਪੰਜਾਬ ਵਿਚ ਨਸ਼ੇ ਇੰਨੇ ਵੱਧ ਗਏ ਹਨ ਕਿ ਇਹ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨਾਲ-ਨਾਲ ਸਕੂਲਾਂ ਵਿਚ ਵੀ ਪਹੁੰਚ ਚੁੱਕੇ ਹਨ। ਅੱਜ ਪੰਜਾਬ ਵਿਚ ਇੰਨੀ ਜ਼ਿਆਦਾ ਸ਼ਰਾਬ ਵਿਕਦੀ ਹੈ ਕਿ ਜੰਮਦੇ ਬੱਚੇ ਤੋਂ ਲੈ ਕੇ ਮਰਨ ਕਿਨਾਰੇ ਪਏ ਬਜ਼ੁਰਗ ਤੱਕ ਦੇ ਹਿੱਸੇ ਵੀ ਸੱਤ-ਸੱਤ ਬੋਤਲਾਂ ਸ਼ਰਾਬ ਦੀਆਂ ਆਉਂਦੀਆਂ ਹਨ। ਪੰਜ ਦਰਿਆਵਾਂ ਦੀ ਧਰਤੀ ਵਿਚ ਦੇਸ਼ ਦੀ ਵੰਡ ਪਿੱਛੋਂ ਢਾਈ ਦਰਿਆ ਰਹਿ ਗਏ ਹਨ। ਪੰਜ ਦਰਿਆ ਤਾਂ ਸੁੱਕਦੇ ਜਾ ਰਹੇ ਹਨ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਛੇਵਾਂ ਸ਼ਰਾਬ ਦਾ ਦਰਿਆ ਲਬਾ-ਲੱਬ ਭਰਿਆ ਵਗ ਰਿਹਾ ਹੋਵੇ। ਨਸ਼ਿਆਂ ਲਈ ਲੀਡਰਾਂ ਨੂੰ ਕੋਸਣ ਦੀ ਲੋੜ ਨਹੀਂ, ਇਸ ਲਈ ਅਸੀਂ ਆਪਣੇ ਦੁਸ਼ਮਣ ਆਪ ਹੀ ਹਾਂ। ਅਸੀਂ ਆਪਣੇ 7 ਨੁਕਸਾਨ ਆਪ ਹੀ ਕਰਦੇ ਹਾਂ। ਨਸ਼ੇ ਨੇ ਪੈਸਾ, ਸਿਹਤ, ਸਮਾਂ, ਪਰਿਵਾਰਕ ਸੰਬੰਧ, ਸਮਾਜਿਕ ਰਿਸ਼ਤੇ-ਨਾਤਿਆਂ ਦਾ ਨੁਕਸਾਨ ਤਾਂ ਕੀਤਾ ਹੀ ਹੈ, ਨਾਲ ਹੀ ਨੈਤਿਕ ਗੁਣ ਵੀ ਗਵਾਚ ਗਏ ਅਤੇ ਸੱਤਵਾਂ ਗੁਰੂ ਤੇ ਰੱਬ ਵੱਲੋਂ ਵੀ ਬੇਮੁਖ ਹੋ ਗਏ। ਮਨੁੱਖ ਨੂੰ ਓਨਾ ਦਰਿਆਵਾਂ, ਸਮੁੰਦਰਾਂ ਨੇ ਨਹੀਂ ਡੋਬਿਆ, ਜਿੰਨਾ ਇਕ ਸ਼ਰਾਬ ਦੇ ਪਿਆਲੇ ਨੇ ਡੋਬ ਕੇ ਰੱਖ ਦਿੱਤਾ ਹੈ। ਸ਼ਰਾਬੀ ਮਨੁੱਖ ਬੋਤਲ ਵਰਗਾ ਹੁੰਦਾ ਹੈ, ਜਿਸ ਦਾ ਧੜ ਤੇ ਗਰਦਨ ਤਾਂ ਹੁੰਦੀ ਹੈ, ਪਰ ਸਿਰ ਨਹੀਂ ਹੁੰਦਾ। ਸ਼ਰਾਬੀ ਦੇ ਘਰ ਆਉਣ ’ਤੇ ਬੱਚੇ ਸਹਿਮ ਜਾਂਦੇ ਹਨ ਤੇ ਪਤਨੀ ਦੇ ਅਰਮਾਨ ਮੁੱਕ ਜਾਂਦੇ ਹਨ।

ਨਸ਼ਾ ਸਰੀਰ ਵਿਚ ਸੁਸਤੀ, ਕਮਜ਼ੋਰੀ, ਕੈਂਸਰ, ਚੱਕਰ, ਲਕਵਾ, ਖਾਂਸੀ ਵਰਗੀਆਂ ਅਲਾਮਤਾਂ ਪੈਦਾ ਕਰਦਾ ਹੈ। ਇਸ ਨਾਲ ਦਿਮਾਗ ਦੀਆਂ ਨਾੜੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਚੇਤੰਨਤਾ ਖਤਮ ਹੋ ਜਾਂਦੀ ਹੈ। ਸੀ.ਬੀ.ਸੀ. ਕੈਨੇਡਾ ਦਾ ਇਕ ਪਬਲਿਕ ਅਦਾਰਾ ਹੈ, ਜਿਸ ਨੇ 2 ਦਸੰਬਰ, ਸੰਨ 2004 ਨੂੰ ਸਵੇਰੇ 9:05 ’ਤੇ ਅਤੇ 5 ਦਸੰਬਰ, ਸੰਨ 2004 ਨੂੰ ਸ਼ਾਮ 7 ਵਜੇ ਦੱਸਿਆ ਹੈ ਕਿ ਜੋ ਸ਼ਰਾਬ ਦੇ ਹੱਕ ਵਿਚ ਝੂਠੀ ਖੋਜ ਕਰਦੇ ਹਨ, ਅਸਲ ਵਿਚ ਇਹਨਾਂ ਪਿੱਛੇ ਸਾਰਾ ਹੱਥ ਸ਼ਰਾਬ ਕੰਪਨੀਆਂ ਦਾ ਹੁੰਦਾ ਹੈ। ਇਕ ਸਰਵੇ ਦੇ ਮੁਤਾਬਕ ਸ਼ਰਾਬ ਦੇ ਲਾਭ ਦੱਸਣ ਲਈ 3 ਸਾਲਾਂ ਵਿਚ 53 ਕਰੋੜ ਰੁਪਏ ਖਰਚੇ ਗਏ ਅਤੇ ਹਾਨੀਆਂ ਦੱਸਣ ਲਈ ਸਿਰਫ਼ 75 ਹਜ਼ਾਰ ਰੁਪਏ ਖਰਚੇ ਗਏ। ਹੁਣ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਵਿਚ ਹੁੱਕਾ ਬਾਰ ਖੁੱਲ੍ਹ ਗਏ ਹਨ, ਜਿਹਨਾਂ ਵਿਚ ‘ਸਿੰਘ’ ਅਤੇ ‘ਕੌਰ’ ਨਾਮ ਦੇ ਗੁਰਸਿੱਖਾਂ ਦੇ ਬੱਚੇ ਜਾ ਕੇ ਸ਼ਰੇਆਮ ਜਾਨਲੇਵਾ ਨਸ਼ੇ ਕਰ ਰਹੇ ਹਨ।

ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਕਿਸੇ ਦਾ ਸਸਤੀ ਤੋਂ ਸਸਤੀ ਚੀਜ਼ ਲੂਣ ਖਾ ਕੇ ਬੁਰਾ ਨਹੀਂ ਮੰਗੀਦਾ, ਇਵੇਂ ਹੀ ਸਿੱਖੀ ਵਿਚ ਸਸਤੇ ਤੋਂ ਸਸਤੇ ਨਸ਼ੇ ਤੰਮਾਕੂ ਤੋਂ ਵੀ ਦੂਰ ਰਹਿਣ ਦੀ ਹਦਾਇਤ ਹੈ। ਸਿੱਖ ਲਈ ਘਰ ਨੂੰ ਧਰਮਸ਼ਾਲਾ ਬਣਾਉਣ ਦੀ ਹਦਾਇਤ ਸੀ, ਪਰ ਕਈਆਂ ਨੇ ਘਰ ਵਿਚ ਹੀ ਬਾਰ ਬਣਾ ਲਈ ਜਾਂ ਅਹਾਤਾ ਬਣਾ ਲਿਆ ਗਿਆ। ਜੇ ਗੁਰਬਾਣੀ ਦਾ ਗਿਆਨ ਸਾਡੇ ਘਰਾਂ ਵਿਚ ਹੋਵੇ ਤਾਂ ਨਸ਼ੇ ਸਾਡੇ ਘਰਾਂ ਵਿਚ ਆ ਹੀ ਨਹੀਂ ਸਕਦੇ ‘‘ਜਿਤੁ ਪੀਤੈ ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ਆਪਣਾ ਪਰਾਇਆ ਪਛਾਣਈ; ਖਸਮਹੁ ਧਕੇ ਖਾਇ   ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ   ਝੂਠਾ ਮਦੁ ਮੂਲਿ ਪੀਚਈ; ਜੇ ਕਾ ਪਾਰਿ ਵਸਾਇ ’’ (ਮਹਲਾ /੫੫੪)

(7). ਪਤਿਤਪੁਣਾ :  ਜੇ ਕਿਸੇ ਇਮਾਨਦਾਰ ਬਜ਼ੁਰਗ ਦੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਉਸ ਨੂੰ ਪੰਜਾਬ ਦੇ ਕਿਸੇ ਵੱਡੇ ਸ਼ਹਿਰ ਵਿਚ ਖੜ੍ਹਾ ਕਰ ਦਿੱਤਾ ਜਾਏ। ਫਿਰ ਉਸ ਦੀਆਂ ਅੱਖਾਂ ਤੋਂ ਪੱਟੀ ਖੋਲ੍ਹ ਕੇ ਪੁੱਛਿਆ ਜਾਵੇ ਕਿ ਉਹ ਕਿੱਥੇ ਖੜ੍ਹਾ ਹੈ ਤਾਂ ਉਹ ਜਵਾਬ ਦੇਵੇਗਾ ਕਿ ਮੈਂ ਯੂ.ਪੀ. ਜਾਂ ਬਿਹਾਰ ਦੇ ਕਿਸੇ ਸ਼ਹਿਰ ਵਿਚ ਖੜ੍ਹਾ ਹਾਂ। ਕਾਰਨ ਇਹ ਹੈ ਕਿ ਉਸ ਨੂੰ ਕੇਸਾਂ ਵਾਲਾ ਕੋਈ ਵਿਰਲਾ ਹੀ ਨਜ਼ਰ ਆਵੇਗਾ। ਅੱਜ 80% ਸਿੱਖਾਂ ਦੇ ਬੱਚਿਆਂ ਦੇ ਸਿਰ ’ਤੇ ਕੇਸ ਨਜ਼ਰ ਨਹੀਂ ਆਉਂਦੇ। ‘ਕੇਸ ਗੁਰੂ ਕੀ ਮੋਹਰ’ ਕਤਲ ਕਰਾਉਣ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿਚ ਉਸ ਦੀ ਮੌਤ ਹੋਈ ਮੰਨ ਲਈ ਗਈ ਹੈ। ਅੱਜ ਯੋਰਪੀਨ ਦੇਸ਼ਾਂ ਵਿਚ ਸਾਨੂੰ ਦਸਤਾਰ ਦੇ ਹੱਕ ਮੰਗਣੇ ਪੈ ਰਹੇ ਹਨ। ਜੇਕਰ ਯੋਰਪੀਨ ਦੇਸ਼ਾਂ ਦੀਆਂ ਸਰਕਾਰਾਂ ਸਾਡੇ ਨੌਜਵਾਨਾਂ ਦਾ ਸਰਵੇ ਕਰਨ ਲੱਗ ਜਾਣ ਤਾਂ ਉਹ ਕਹਿਣਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਦਸਤਾਰ ਤਾਂ ਦਿੱਤੀ ਹੀ ਨਹੀਂ, ਫਿਰ ਸਾਡੇ ਤੋਂ ਕਿਹੜੇ ਮੂੰਹ ਨਾਲ ਦਸਤਾਰ ਦਾ ਹੱਕ ਮੰਗ ਰਹੇ ਹੋ ? ਸਾਡੇ ਕੋਲ ਨਮੋਸ਼ੀ ਤੋਂ ਬਿਨਾਂ ਕੋਈ ਜਵਾਬ ਨਹੀਂ ਹੋਵੇਗਾ। ਮੇਰੀ ਹਮਦਰਦੀ ਹੈ ਉਹਨਾਂ ਨੌਜਵਾਨਾਂ ਨਾਲ ਕਿਉਂਕਿ ਉਹ ਜ਼ਿਆਦਾ ਕਸੂਰਵਾਰ ਨਹੀਂ ਹਨ। ਉਹਨਾਂ ਨੂੰ ਕੇਸਾਂ ਤੇ ਦਸਤਾਰ ਦੀ ਅਹਿਮੀਅਤ ਹੀ ਨਹੀਂ ਦੱਸੀ ਗਈ। ਕਸੂਰਵਾਰ ਤਾਂ ਮਾਪੇ, ਪ੍ਰਬੰਧਕ, ਪ੍ਰਚਾਰਕ ਤੇ ਸਾਡੀਆਂ ਧਾਰਮਿਕ ਸੰਸਥਾਵਾਂ ਹਨ, ਜਿਹੜੇ ਆਪਣੇ ਬੱਚਿਆਂ ਨੂੰ ਸਿੱਖੀ ਚਿੰਨ੍ਹਾ ਦੀ ਮਹਤੱਤਾ ਹੀ ਨਹੀਂ ਦਰਸਾ ਸਕੇ। ਅੱਜ ਇਸ ਪਾਸੇ ਵੀ ਸਾਨੂੰ ਸੁਚੇਤ ਹੋਣ ਦੀ ਸਖ਼ਤ ਲੋੜ ਹੈ ‘‘ਨਾਪਾਕ ਪਾਕੁ ਕਰਿ ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ’’ (ਮਹਲਾ /੧੦੮੪)

(8). ਡੇਰਾਵਾਦ : 2011 ਦੀ ਗਣਨਾ ਮੁਤਾਬਕ ਪੰਜਾਬ ਵਿਚ 12581 ਪਿੰਡ ਹਨ। ਤਕਰੀਬਨ ਦੁੱਗਣੇ ਡੇਰੇ ਪੰਜਾਬ ਵਿਚ ਸਥਾਪਤ ਹਨ। ਕਈ ਆਲੀਸ਼ਾਨ ਡੇਰਿਆਂ ਦੇ ਨਾਮ ਹਜ਼ਾਰਾਂ ਏਕੜਾਂ ਜ਼ਮੀਨ ਲੱਗੀ ਹੋਈ ਹੈ। ਲੋਕਾਂ ਦੀ ਕਮਾਈ ’ਤੇ ਜਿਊਣ ਵਾਲੇ ਇਹਨਾਂ ਪਰਜੀਵੀਆਂ ਨੇ ਆਪਣੇ ਡੇਰਿਆਂ ਵਿਚ ਕਈ ਤਰ੍ਹਾਂ ਦਾ ਪਖੰਡ ਚਲਾਇਆ ਹੁੰਦਾ ਹੈ। ਲੋਕਾਂ ਨੂੰ ਜੰਤਰ, ਮੰਤਰ, ਤੰਤਰ, ਧਾਗੇ, ਤਵੀਤ, ਜਲ, ਸਵਾਹ ਆਦਿ ਦੀਆਂ ਪੁੜੀਆਂ ਦੇ ਕੇ ਲੁੱਟਿਆ ਤੇ ਗੁੰਮਰਾਹ ਕੀਤਾ ਜਾਂਦਾ ਹੈ। ਅੱਜ ਸਾਧ ਅਮੀਰ ਹੈ ਤੇ ਪੰਜਾਬ ਗਰੀਬ ਹੈ। ਪੰਜਾਬ ਦੇ ਪਿੰਡਾਂ ਵਿਚ ਨਸ਼ਾ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਦੋ-ਦੋ ਪਖੰਡੀ ਸਾਧਾਂ ਦੇ ਹਿੱਸੇ ਇਕ-ਇਕ ਪਿੰਡ ਆਉਂਦਾ ਹੈ। ਜੇ ਇਹ ਪਿੰਡਾਂ ਵਿਚੋਂ ਨਸ਼ਾ ਵੀ ਖਤਮ ਨਹੀਂ ਕਰ ਸਕਦੇ ਤਾਂ ਐਸੇ ਸਾਧਾਂ ਨੂੰ ਰਗੜ ਕੇ ਫੋੜੇ ’ਤੇ ਬੰਨ੍ਹਣਾ ਹੈ ?

ਕਈ ਸਿੱਖਾਂ ਨੇ ਆਪਣੇ ਫੈਮਲੀ ਬਾਬੇ ਬਣਾਏ ਹੋਏ ਹਨ। ਇਹ ਗੱਦੀਦਾਰ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੂੰ ਆਪਣੇ ਪੈਰਾਂ ਵਿਚ ਬਿਠਾਉਂਦੇ ਹਨ। ਕਈ ਤਾਂ ਆਪਣੀ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਲਗਾ ਕੇ ਮੱਥੇ ਟਿਕਾਉਂਦੇ ਹਨ। ਜਦੋਂ ਪੰਜਾਬ ਜ਼ੁਲਮ ਦੀ ਅੱਗ ਵਿਚ ਬਲ ਰਿਹਾ ਸੀ ਉਦੋਂ ਆਪਣੇ ਆਪ ਨੂੰ ਸਿੱਖਾਂ ਦੇ ਆਗੂ ਅਖਵਾਉਣ ਵਾਲੇ ਸੰਨ 1985 ਤੋਂ 1995 ਤੱਕ ਕਿਤੇ ਨਜ਼ਰ ਨਹੀਂ ਆਏ। ਸਵਾ ਦੋ ਲੱਖ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਸ਼ਹੀਦ ਕੀਤਾ ਗਿਆ, ਪਰ ਕਿਸੇ ਪਖੰਡੀ ਸਾਧ ਨੇ ਜ਼ੁਲਮ ਦੇ ਖਿਲਾਫ਼ ‘ਹਾਅ’ ਦਾ ਨਾਅਰਾ ਵੀ ਨਹੀਂ ਮਾਰਿਆ। ਹਜ਼ਾਰਾਂ ਹੀ 15 ਤੋਂ 35 ਸਾਲ ਦੇ ਨੌਜਵਾਨ ਲਾਵਾਰਸ ਕਹਿ ਕੇ ਸਾੜ ਦਿੱਤੇ ਗਏ, ਪਰ ਇਹਨਾਂ ਪਖੰਡੀਆਂ ਨੇ ਅਖ਼ਬਾਰ ਵਿਚ ਕੋਈ ਫ਼ੋਕਾ ਬਿਆਨ ਵੀ ਨਾ ਦਿੱਤਾ। ਜਦੋਂ ਪੰਜਾਬ ਦੀ ਧਰਤੀ ’ਤੇ ਸ਼ਾਂਤੀ ਹੋਈ ਤਾਂ ਕਈ ਪਖੰਡੀ ਸਾਧ ਖੁੰਬਾਂ ਵਾਙੂੰ ਉੱਗ ਪਏ। ਇਹਨਾਂ ਨੇ ਗੁਰੂ ਸਾਹਿਬਾਨਾਂ ਦੇ ਗੁਰ ਪੁਰਬ ਤੇ ਖ਼ਾਲਸੇ ਦੇ ਇਤਿਹਾਸਕ ਦਿਹਾੜੇ ਬੰਦ ਕਰਾ ਕੇ ਆਪਣੇ ਸਾਧਾਂ ਦੇ ਜਨਮ ਦਿਨ, ਬਰਸੀਆਂ, ਮੱਸਿਆ, ਪੁੰਨਿਆਂ, ਪੰਚਮੀਆਂ ਤੇ ਦਸਮੀਆਂ ਆਦਿ ਪ੍ਰਚਲਿਤ ਕਰ ਦਿਤੀਆਂ। ਗੁਰਬਾਣੀ ਨਾਲੋਂ ਤੋੜ ਕੇ ਕੱਚੀਆਂ-ਪਿੱਲੀਆਂ ਕਵਿਤਾਵਾਂ ਨਾਲ ਜੋੜ ਦਿੱਤਾ। ‘‘ਗੁਰ ਮੂਰਤਿ ਗੁਰੁ ਸਬਦੁ ਹੈ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੧੧) ਨਾਲੋਂ ਹਟਾ ਕੇ ਕਾਲਪਨਿਕ ਤਸਵੀਰਾਂ ਦੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਸਾਡੀਆਂ ਵੱਡੀਆਂ ਧਾਰਮਿਕ ਸੰਸਥਾਵਾਂ ਨੇ ਸਿੱਖੀ ਦੇ ਸੂਝਵਾਨ ਪ੍ਰਚਾਰਕਾਂ ਨੂੰ ਨਹੀਂ ਸਾਂਭਿਆ, ਪਰ ਪਖੰਡੀਆਂ ਨੇ ਕਈ ਲਾਲਚੀ ਪ੍ਰਚਾਰਕਾਂ ਨੂੰ ਖ਼ਰੀਦ ਕੇ ਆਪਣੇ ਡੇਰਿਆਂ ਦਾ ਪ੍ਰਚਾਰ ਕਰਾਉਣਾ ਸ਼ੁਰੂ ਕਰ ਦਿੱਤਾ। ਜਦੋਂ ਇਹਨਾਂ ਦੇ ਪਖੰਡਾਂ ਨੂੰ ਨਸ਼ਰ ਕੀਤਾ ਜਾਂਦਾ ਹੈ ਤਾਂ ਲੋਕ ਖੁਸ਼ ਹੁੰਦੇ ਹਨ, ਪਰ ਇਨ੍ਹਾਂ ਦੇ ਚੇਲੇ ਅੰਦਰੋਂ-ਅੰਦਰੀ ਕਹਿੰਦੇ ਹਨ ਕਿ ਸਾਡਾ ਬਾਬਾ ਤਾਂ ਬਿਲਕੁਲ ਠੀਕ ਹੈ। ਯਾਦ ਰੱਖੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਖ਼ਸੀ ਗੁਰਿਆਈ ਖ਼ਤਮ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਮੱਥਾ ਟੇਕਿਆ ਸੀ। ਹਰ ਇਕ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਨੂੰ ਹੁਕਮ ਕਰ ਦਿੱਤਾ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਕਾਸ਼! ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਕੇ ਪੜ੍ਹਿਆ ਹੁੰਦਾ ਤਾਂ ਕੋਈ ਪਖੰਡੀ ਸਾਧ ਸਾਨੂੰ ਕਦੇ ਵੀ ਲੱੁਟ ਨਹੀਂ ਸੀ ਸਕਦਾ। ਜੇ ਅਸੀਂ ਹੁਣ ਵੀ ਇੰਨੀ ਗੱਲ ਸਮਝ ਲਈਏ ਤਾਂ ਹੁਣ ਵੀ ਪਖੰਡੀਆਂ ਦੀਆਂ ਦੁਕਾਨਾਂ ਬੰਦ ਹੋ ਸਕਦੀਆਂ ਹਨ ‘‘ਆਗਿਆ ਭਈ ਅਕਾਲ ਕੀ; ਤਬੈ ਚਲਾਇਓ ਪੰਥ। ਸਭ ਸਿੱਖਨ ਕਉ ਹੁਕਮ ਹੈ; ਗੁਰੂ ਮਾਨਿਓ ਗ੍ਰੰਥ।’’ (ਰਹਿਤਨਾਮਾ)

(9). ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ : ਪਿਛਲੇ ਸਮਿਆਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਲੀਆਂ, ਨਾਲੀਆਂ ਵਿਚ ਪੱਤਰੇ ਪਾੜ ਕੇ, ਸੁੱਟ ਕੇ ਜਾਂ ਸਾੜ ਕੇ ਘੋਰ ਬੇਅਦਬੀ ਕੀਤੀ ਗਈ। ਬੇਅਦਬੀ ਕਰਨ ਵਾਲੇ ਸ਼ਰੇਆਮ ਧਮਕੀਆਂ ਦਿੰਦੇ ਰਹੇ, ਪਰ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਦੋਸ਼ੀ ਨੂੰ ਫੜਿਆ ਨਹੀਂ ਗਿਆ। ਪੰਜਾਬ ਵਿਚ ਮਾਰੂ ਦੰਗੇ-ਫ਼ਸਾਦਾਂ ਤੋਂ ਬਚਣ ਲਈ ਹੁਣ ਪੰਥ ਨੂੰ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦਾ ਧਿਆਨ ਰੱਖਣਾ ਪਵੇਗਾ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ, ਇਸ ਲਈ ਗੁਰਦੁਆਰਿਆਂ ਵਿਚ ਸੁਰੱਖਿਆ ਦਾ ਪੁਖ਼ਤਾ ਇੰਤਜ਼ਾਮ ਕਰਨਾ ਚਾਹੀਦਾ ਹੈ। ਨਵੀਂ ਟੈਕਨੋਲਜੀ ਦਾ ਲਾਭ ਉੱਠਾ ਕੇ ਸੀ.ਸੀ.ਟੀ.ਵੀ. ਕੈਮਰੇ ਲਗਾ ਲੈਣੇ ਚਾਹੀਦੇ ਹਨ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੁਕਾਨਾਂ ਤੋਂ ਵਿਕਣੇ ਬੰਦ ਹੋਣੇ ਚਾਹੀਦੇ ਹਨ ਤਾਂ ਕਿ ਕੋਈ ਗਲਤ ਅਨਸਰ ਖਰੀਦ ਕੇ ਬੇਅਦਬੀ ਨਾ ਕਰ ਸਕੇ। ਕਿਸੇ ਪ੍ਰਮਾਣਿਤ ਸੰਸਥਾ ਵੱਲੋਂ ਮੁਫ਼ਤ ਸਰੂਪ ਮੁਹੱਈਆ ਹੋਣੇ ਚਾਹੀਦੇ ਹਨ। ਇਕ ਜਾਂਚ ਕਮੇਟੀ ਸਰੂਪ ਪ੍ਰਕਾਸ਼ ਹੋਣ ਵਾਲੇ ਸਥਾਨ ਅਤੇ ਸੇਵਾਦਾਰਾਂ ਦਾ ਨਿਰੀਖਣ ਕਰੇ। ਹਰ ਸਰੂਪ ਦਾ ਇਕ ਖਾਸ ਰਜਿਸਟ੍ਰੇਸ਼ਨ ਨੰਬਰ ਹੋਵੇ; ਹਰ ਪੱਤਰਾ ਲੁਪਤ ਰੂਪ ਵਿਚ ਬਾਇਓਮੈਟ੍ਰਿਕ (Biometric) ਹੋਵੇ, ਜਿਸ ਵਿਚ ਸਰੂਪ ਲਿਜਾਣ ਵਾਲਿਆਂ ਦਾ ਪੂਰਾ ਵੇਰਵਾ ਦਰਜ ਹੋਵੇ ਅਤੇ ਉਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਰੱਖਿਆ ਲਈ ਜਵਾਬਦੇਹ ਹੋਣ। ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਹੀ ਅਸੀਂ ਗਲਤ ਅਨਸਰਾਂ ਹੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਰੋਕ ਸਕਦੇ ਹਾਂ।

(10). ਗੁਰਬਾਣੀ ਨਾਲੋਂ ਬੇਮੁਖਤਾਈ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਪੰਥਕ ਰੁਝੇਵਿਆਂ ਭਰਿਆ ਹੈ। ਉਹਨਾਂ ਕੋਲ ਇੰਨਾ ਵੀ ਸਮਾਂ ਨਹੀਂ ਸੀ ਕਿ ਚਮਕੌਰ ਦੀ ਗੜ੍ਹੀ ਛੱਡਦਿਆਂ ਆਪਣੇ ਲਾਡਲੇ ਸਾਹਿਬਜ਼ਾਦੇ ਅਤੇ ਆਪਣੇ ਪਿਆਰੇ ਸਿੰਘਾਂ ਦਾ ਸਸਕਾਰ ਹੀ ਕਰ ਜਾਂਦੇ। ਫਿਰ ਵੀ ਸਾਰਿਆਂ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਤੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਤਾਂ ਕਿ ਕਿਤੇ ਮੇਰਾ ਖ਼ਾਲਸਾ ਕਰਮਕਾਡਾਂ ਤੇ ਪਖੰਡਾਂ ਵਿਚ ਭਟਕ ਨਾ ਜਾਏ। ਅੱਜ ਸਾਡੇ ਕੋਲ ਇੰਨਾ ਸਮਾਂ ਵੀ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਵੀ ਕਰ ਸਕੀਏ। ਜਿਸ ਨੂੰ ‘ਗੁਰੂ-ਗੁਰੂ’ ਕੂਕਦਿਆਂ ਥੱਕਦੇ ਨਹੀਂ, ਕਈਆਂ ਨੇ ਸਾਰੀ ਜ਼ਿੰਦਗੀ ਵਿਚ ਉਸ ਗੁਰੂ ਦੇ ਸੰਪੂਰਨ ਦਰਸ਼ਨ ਵੀ ਨਹੀਂ ਕੀਤੇ ਹੁੰਦੇ। ਸਿੱਖ ਨੂੰ ਦੁਨੀਆਂ ਤੋਂ ਮੁਕਾਉਣ ਲਈ ਜ਼ਾਲਮਾਂ ਨੇ ਤਲਵਾਰਾਂ, ਨੇਜ਼ਿਆਂ, ਤੀਰਾਂ, ਬੰਦੂਕਾਂ, ਤੋਪਾਂ ਨਾਲ ਸਿੱਖਾਂ ਨੂੰ ਉਡਾਇਆ ਪਰ ਸਿੱਖ ਮੁੱਕਿਆ ਨਹੀਂ। ਸਿੱਖ ਵੀ ਮਰ ਸਕਦਾ ਹੈ; ਜਿਵੇਂ ਕਿਸੇ ਪਿਆਸੇ ਨੂੰ ਪਾਣੀ ਨਾ ਮਿਲੇ ਤਾਂ ਉਸ ਦੀ ਮੌਤ ਹੋ ਜਾਂਦੀ ਹੈ, ਇਸੇ ਤਰ੍ਹਾਂ ਜੇ ਸਿੱਖ ਨੂੰ ਬਾਣੀ ਨਾ ਮਿਲੇ ਤਾਂ ਸਿੱਖ ਦੀ ਵੀ ਮੌਤ ਹੋ ਜਾਂਦੀ ਹੈ ‘‘ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ, ਗੁਰ ਬਿਨੁ ਮਰਿ ਜਾਈ ’’ (ਮਹਲਾ /੭੫੭)

ਸੋ ਜੇ ਅਸੀਂ ਜਿਊਣਾ ਚਾਹੁੰਦੇ ਹਾਂ ਤਾਂ ਇਕੋ ਹੀ ਤਰੀਕਾ ਹੈ, ਗੁਰਬਾਣੀ ਨਾਲ ਜੁੜਨਾ। ਗੁਰਬਾਣੀ ਨੂੰ ਪੜ੍ਹ ਕੇ ਵਿਚਾਰੋ ਅਤੇ ਵਿਚਾਰ ਕੇ ਅਮਲ ਕਰੋ। ਵਿਚਾਰ ਕਰਨ ਵਾਲਾ ਗਿਆਨਵਾਨ ਹੋ ਜਾਂਦਾ ਹੈ ਅਤੇ ਅਮਲ ਕਰਨ ਵਾਲਾ ਅਨੰਦਿਤ ਜੀਵਨ ਜਿਉਂਦਾ ਹੈ। ਸਿੱਖ ਦੇ ਜੀਵਨ ਦਾ ਆਧਾਰ ਗੁਰਬਾਣੀ ਹੈ ‘‘ਜੀਵਤ ਜੀਵਤ ਜੀਵਤ ਰਹਹੁ   ਰਾਮ ਰਸਾਇਣੁ ਨਿਤ ਉਠਿ ਪੀਵਹੁ ’’ (ਮਹਲਾ /੧੧੩੮)