ਗੁਰੁ ਨਾਨਕੁ ਜਿਨ ਸੁਣਿਆ ਪੇਖਿਆ

0
520

ਗੁਰੁ ਨਾਨਕੁ ਜਿਨ ਸੁਣਿਆ ਪੇਖਿਆ

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਸਿੱਖ ਧਰਮ ਬਾਕੀ ਧਰਮਾਂ ਨਾਲੋਂ ਛੋਟੀ ਉਮਰ ਦਾ ਹੋਣ ਕਰ ਕੇ ਆਧੁਨਿਕਤਾ ਦੇ ਵਧੀਕ ਨੇੜੇ ਹੈ। ਇਸ ਧਰਮ ਨੂੰ ਵਿਗਿਆਨਕ ਧਰਮ ਵੀ ਕਿਹਾ ਜਾਂਦਾ ਹੈ। ਇਸ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਵਿਗਿਆਨਕ ਵਿਚਾਰਧਾਰਾ ਪ੍ਰਦਾਨ ਕੀਤੀ ਹੈ। ਮਨੁੱਖਤਾ ਦੀ ਕਦਰਦਾਨ ਅਤੇ ਸਰਬੱਤ ਦੇ ਭਲੇ ਦੀ ਹਾਮੀ ਹੋਣ ਕਰ ਕੇ ਇਸ ਵਿਚਾਰਧਾਰਾ ਦਾ ਬੋਲਬਾਲਾ ਸਿਰਫ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਹੀ ਹੈ।

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ 15 ਅਪ੍ਰੈਲ 1469 ਈ: ਨੂੰ ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਸੇਖੂਪੁਰੇ ਦੇ ਪਿੰਡ ਤਲਵੰਡੀ ਵਿਖੇ ਬਾਬਾ ਕਲਿਆਣ ਦਾਸ ਉਰਫ ਮਹਿਤਾ ਕਾਲੂ (ਪਟਵਾਰੀ) ਅਤੇ ਮਾਤਾ ਤ੍ਰਿਪਤਾ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ। ਇਹ ਮਾਣਮੱਤਾ ਪਿੰਡ ਜਿਸ ਨੂੰ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ। ਲਾਹੌਰ ਦੀ ਦੱਖਣ ਪੱਛਮੀ ਬਾਹੀ ਵਿੱਚ ਲਗਪਗ 42 ਮੀਲ ਦੀ ਦੂਰੀ ’ਤੇ ਸਥਿਤ ਹੈ।

ਜਿਸ ਕਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਉਹ ਕਾਲ ਦੁਨੀਆਂ ਦੇ ਧਾਰਮਿਕ ਇਤਿਹਾਸ ਵਿੱਚ ਬਹੁਤ ਅਹਿਮਤਰੀਨ ਕਾਲ ਹੈ। ਇਹ ਸਮਾਂ ਜਿੱਥੇ ਕਲਾ, ਸਾਹਿਤ ਅਤੇ ਗਿਆਨ ਦੀ ਮੁੜ ਉਸਾਰੀ ਦਾ ਸਮਾਂ ਸੀ, ਉੱਥੇ ਖੋਜ ਅਤੇ ਲੱਭਤ ਦਾ ਸਮਾਂ ਵੀ ਸੀ।

ਦੁਨਿਆਵੀ ਸਿੱਖਿਆ ਹਾਸਲ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੂੰ 7 ਸਾਲ ਦੀ ਉਮਰ ਵਿੱਚ ਗੋਪਾਲ ਪੰਡਿਤ ਪਾਸੋਂ ਹਿੰਦੀ ਅਤੇ ਬਿਰਜ ਲਾਲ ਪਾਸੋਂ ਸੰਸਕ੍ਰਿਤ ਪੜ੍ਹਨ ਹਿੱਤ ਭੇਜਿਆ ਗਿਆ। ਇੱਥੇ ਹੀ ਬੱਸ ਨਹੀਂ 11 ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਫ਼ਾਰਸੀ ਤਾਲੀਮ ਸਿੱਖਣ ਦੇ ਮਨੋਰਥ ਹਿੱਤ ਮੌਲਵੀ ਕੁਤਬਦੀਨ ਪਾਸ ਵੀ ਭੇਜਿਆ ਗਿਆ। ਆਪ ਜੀ ਨੇ ਜਿੱਥੇ ਉਪਰੋਕਤ ਉਸਤਾਦਾਂ ਪਾਸੋਂ ਸੰਸਾਰੀ ਸਿੱਖਿਆ ਗ੍ਰਹਿਣ ਕੀਤੀ, ਉੱਥੇ ਉਹਨਾਂ (ਉਸਤਾਦਾਂ) ਨੂੰ ਸੱਚੀ ਸਿੱਖਿਆ (ਰੱਬੀ ਗਿਆਨ) ਦਾ ਪਾਠ ਵੀ ਪੜ੍ਹਾਇਆ। ਆਪਣੇ ਹਾਣੀਆਂ ਨੂੰ ਵੀ ਗੁਰੂ ਜੀ ਨੇ ਸੱਚ/ਪ੍ਰਮਾਤਮਾ ਦੀ ਸਿੱਖਿਆ ਨਾਲ ਜੋੜਿਆ। ਰਾਇ ਬੁਲਾਰ ਭੱਟੀ ਗੁਰੂ ਸਾਹਿਬ ਦੇ ਜੀਵਨ ਤੋਂ ਏਨਾ ਪ੍ਰਭਾਵਤ ਹੋਇਆ ਹੈ ਕਿ ਉਸ ਨੂੰ ਸਭ ਤੋਂ ਪਹਿਲਾ ਸਿੱਖ ਹੋਣ ਦਾ ਸ਼ਰਫ਼ (ਬਜ਼ੁਰਗੀ) ਹਾਸਿਲ ਹੈ।

ਜਦੋਂ ਗੁਰੂ ਨਾਨਕ ਸਾਹਿਬ ਜੀ 9 ਸਾਲ ਦੇ ਹੋਏ ਤਾਂ ਉਹਨਾਂ ਦਾ ਨਿਖੇੜਾ ਨੀਚ ਜਾਤ ਮੰਨੇ ਜਾਂਦੇ ਸ਼ੂਦਰਾਂ ਤੋਂ ਕਰਨ ਲਈ ਪੁਰੋਹਿਤ ਨੇ ਜਨੇਊ ਪਹਿਨਾਉਣ ਦੇ ਬਹੁਤ ਯਤਨ ਕੀਤੇ। ਇਹ ਰਸਮੀ ਯਤਨ ਬ੍ਰਾਹਮਣ ਨੂੰ ਗੁਰੂ ਧਾਰਨ ਵੱਲ ਸੇਧਤ ਸਨ, ਪਰ ਆਪ ਤਾਂ ਜਗਤ ਜਲੰਦੇ ਨੂੰ ਤਾਰਨ ਹਿੱਤ ਧੁਰੋਂ ਪਠਾਏ ਹੋਏ ਗੁਰੂ ਸਨ। ਇਸ ਲਈ ਉਹਨਾਂ ਨੇ ਬ੍ਰਾਹਮਣ ਨੂੰ ਗੁਰੂ (ਜਨੇਊ) ਧਾਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ’ਤੇ ਗੁਰੂ ਜੀ ਵੱਲੋਂ ਇਹ ਸ਼ਬਦ ਉਚਾਰਿਆ ਗਿਆ : ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ, ਸਤੁ ਵਟੁ॥ ਏਹੁ ਜਨੇਊ ਜੀਅ ਕਾ; ਹਈ, ਤ ਪਾਡੇ  ! ਘਤੁ॥ (ਪੰਨਾ-471)

ਪਿੰਡ ਤਲਵੰਡੀ ਦੇ ਵਸਨੀਕ ਭਾਈ ਮਰਦਾਨਾ ਜੀ, ਜੋ ਮੁਸਲਮਾਨ ਮਿਰਾਸੀ ਸਨ, ਗੁਰੂ ਸਾਹਿਬ ਦੇ ਬਹੁਤ ਪਿਆਰੇ ਮਿੱਤਰ ਸਨ। ਬਤੌਰ ਰਬਾਬੀ ਉਹ ਗੁਰੂ ਨਾਨਕ ਸਾਹਿਬ ਜੀ ਦੁਆਰਾ ਕੀਤੇ ਗਏ ਚਾਰੋਂ ਸੰਸਾਰਕ ਦੌਰਿਆਂ ਦੌਰਾਨ ਨਾਲ਼ ਰਹੇ ਹਨ।

18 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਬਟਾਲੇ ਸ਼ਹਿਰ ਦੇ ਵਾਸੀੇ ਸ੍ਰੀ ਮੂਲ ਚੰਦ ਜੀ ਦੀ ਧੀ ਸੁਲੱਖਣੀ ਨਾਲ ਹੋਇਆ। ਇਸ ਪਵਿੱਤਰ ਬੰਧਨ ਦੇ ਮੌਕੇ ਕੁਝ ਸ਼ਰਾਰਤੀ ਪੁਰੋਹਿਤਾਂ ਨੇ ਗੁਰੂ ਜੀ ਉੱਪਰ ਕੱਚੀ ਕੰਧ ਡੇਗਣ ਦੀ ਵਿਉਂਤਬੰਦੀ ਕੀਤੀ ਪਰ ਦਿਲਾਂ ਦੀਆਂ ਬੁੱਝਣ ਵਾਲੇ ਨਾਨਕ ਨੇ ਉਹਨਾਂ ਦੀ ਵਿਉਂਤ ਹਮੇਸ਼ਾਂ ਲਈ ਫੇਲ੍ਹ ਕਰ ਦਿੱਤੀ। ਇਹ ਕੰਧ ਅਜੇ ਵੀ ਬਟਾਲੇ ਵਿੱਚ ਯਾਦਗਾਰ ਦੇ ਤੌਰ ’ਤੇ ਕਾਇਮ ਹੈ। ਆਪ ਜੀ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਪੈਦਾ ਹੋਏ।

35 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਆਪਣੀ ਭੈਣ ਨਾਨਕੀ ਦੇ ਗ੍ਰਹਿ ਸੁਲਤਾਨਪੁਰ ਵਿਖੇ ਪਹੁੰਚ ਗਏ। ਇੱਥੇ ਆਪ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਬਣ ਗਏ। ਜਿੱਥੇ ਆਪ ਨੇ ਰਿਸ਼ਵਤ ਖੋਰੀ ਬੰਦ ਕਰਵਾਈ ਅਤੇ ਗਰੀਬਾਂ ਅਮੀਰਾਂ ਨੂੰ ਇਕੋ ਜਿਹਾ ਇਨਸਾਫ਼ ਦਿੱਤਾ। ਕਾਰੋਬਾਰ ਤੋਂ ਵਿਹਲੇ ਹੋ ਕੇ ਗੁਰੂ ਜੀ ਇਸ ਨਗਰ ਵਿੱਚ ਸਤਿਸੰਗ ਵੀ ਕਰਿਆ ਕਰਦੇ ਸਨ। ਇਸ ਸਤਿਸੰਗ ਦੀ ਬਦੌਲਤ ਸਿੱਖੀ ਧਾਰਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ। ਇੱਥੇ ਹੀ ਮਲਸੀਹਾਂ ਦੇ ਵਸਨੀਕ ਭਗੀਰਥ ਅਤੇ ਮਨਸੁੱਖ ਆਪ ਜੀ ਦੇ ਸਿੱਖ ਬਣੇ। 1507 ਈ: ਵਿੱਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਜਗਤ ਜਲੰਦੇ ਦੇ ਸੁਧਾਰ ਹਿੱਤ ਚੰਗੀ ਵਿਉਂਤਬੰਦੀ ਬਣਾਉਣ ਲਈ ਇਕਾਂਤਵਾਸ ਕੀਤਾ ਗਿਆ। ਇਸ ਇਕਾਂਤਵਾਸ ਤੋਂ ਬਾਦ ਉਹਨਾਂ ਨੇ ਭਟਕੀ ਹੋਈ ਲੁਕਾਈ ਨੂੰ ਇੱਕ ਨਿਵੇਕਲੀ ਮਰਿਆਦਾ ‘ਸਾਬਤ ਸੂਰਤ, ਕਰਮਕਾਂਡ ਰਹਿਤ ਨਿਰਾਕਾਰ ਦਾ ਨਾਮ ਜਪਣਾ, ਵੰਡ ਛਕਣਾ ਤੇ ਹੱਕ ਹਲਾਲ ਦੀ ਕਮਾਈ ਕਰ ਲੋੜਵੰਦਾਂ ਦੀ ਮਦਦ ਕਰਨੀ ਤੇ ਬੇਇਨਸਾਫ਼ੀ ਵਿਰੁਧ ਆਵਾਜ਼ ਉੱਠਾਉਣ ਨੂੰ ਜ਼ਰੂਰੀ ਦੱਸਿਆ। ਮਨੁੱਖਤਾ ਨੂੰ ਪਰਨਾਏ ਇਸ ਨਾਅਰੇ ਦੀ ਖ਼ੂਬ ਚਰਚਾ ਹੋਈ ਪਰ ਇਹ ਚਰਚਾ ਉਸ ਵਕਤ ਦੇ ਨਵਾਬ ਅਤੇ ਕਾਜ਼ੀ ਨੂੰ ਹਜ਼ਮ ਨਾ ਹੋ ਸਕੀ। ਉਹਨਾਂ ਨੇ ਗੁਰੂ ਸਾਹਿਬ ਦੀ ਇਨਕਲਾਬੀ ਸੋਚ ਦਾ ਵਿਰੋਧ ਕੀਤਾ ਪਰ ਜਿੱਤ ਆਖਰ ਸੱਚ ਦੀ ਹੀ ਹੋਈ। ਆਪਣੀ ਇਸ ਸੋਚ ਨੂੰ ਦੁਨੀਆਂ ਦੇ ਵੱਖ-ਵੱਖ ਖੇਤਰਾਂ ਤੱਕ ਪਹੁੰਚਾਉਣ ਹਿੱਤ ਗੁਰੂ ਜੀ ਵੱਲੋਂ ਕਈ ਪ੍ਰਚਾਰਕ ਦੌਰੇ ਵੀ ਕੀਤੇ, ਜਿਹਨਾਂ ਨੂੰ ਸਿੱਖ ਇਤਿਹਾਸ ਵਿੱਚ ਉਦਾਸੀਆਂ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੀਆਂ ਇਹਨਾਂ ਉਦਾਸੀਆਂ ਦਾ ਵਰਣਨ ਇਸ ਪ੍ਰਕਾਰ ਹੈ :

ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਭਾਰਤ ਵਿੱਚ ਵੈਦਿਕ ਧਰਮ ਦੀ ਚੜ੍ਹਤ ਸੀ, ਜਿਸ ਦੀ ਬੁਨਿਆਦ ਵਰਣ ਆਸ਼ਰਮ ਨਿਯਮ ’ਤੇ ਆਧਾਰਿਤ ਸੀ। ਜਦੋਂ ਗੁਰੂ ਜੀ ਨੇ ਅਵਤਾਰ ਧਾਰਿਆ ਤਾਂ ਉਸ ਸਮੇਂ ਭਾਰਤੀ ਸਮਾਜ ਬਹੁਤ ਹੀ ਗੁੰਝਲਦਾਰ ਜਾਤੀਆਂ ਅਤੇ ਧਾਰਮਿਕ ਫਿਰਕਿਆਂ ਵਿੱਚ ਵੰਡਿਆ ਹੋਇਆ ਸੀ। ਮਨੁੱਖ ਦੀ ਪਛਾਣ ਕਰਮ ਆਧਾਰਿਤ ਨਾ ਹੋ ਕੇ ਸਗੋਂ ਜਨਮ ਆਧਾਰਿਤ ਸੀ। ਲੋਕਾਂ ਵਿੱਚੋਂ ਆਪਸੀ ਭਾਈਚਾਰੇ ਅਤੇ ਇਕਸੁਰਤਾ ਦੀ ਭਾਵਨਾ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਸੀ।

ਅਜਿਹੀ ਤਰਸਯੋਗ ਸੁਰਤ-ਏ-ਹਾਲ ਵਿੱਚ ਸਿਫ਼ਤੀ ਅਤੇ ਇਨਕਲਾਬੀ ਤਬਦੀਲੀ ਲਿਆਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਤੰਬਰ 1507 ਈ: ਨੂੰ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਦੁਨੀਆਂ ਦੀਆਂ ਵੱਖ-ਵੱਖ ਦਿਸ਼ਾਵਾਂ ਵਿੱਚ ਪ੍ਰਚਾਰਕ ਦੌਰੇ ਆਰੰਭ ਕੀਤੇ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਉਹ ਭਾਰਤ ਦੀਆਂ ਸਾਰੀਆਂ ਕੁੰਟਾਂ ਵਿੱਚ ਜਾਣ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਗਏ। ਇਨ੍ਹਾਂ ਦੇਸ਼ ਰਟਨਾਂ ਵਿੱਚ ਗੁਰੂ ਸਾਹਿਬ ਦਾ ਲਗਪਗ 25 ਕੁ ਸਾਲ ਦਾ ਸਮਾਂ ਲੇਖੇ ਲੱਗਾ। ਇਨ੍ਹਾਂ ਉਦਾਸੀਆਂ ਸਮੇਂ ਉਹ ਬਹੁਤ ਸਾਰੇ ਵਿਅਕਤੀਆਂ ਨੂੰ ਮਿਲੇ। ਉਹਨਾਂ ਦਾ ਪੜਾਅ ਕਦੇ ਗਰੀਬ ਘਰਾਂ ਵਿੱਚ ਅਤੇ ਕਦੇ ਨੀਲੀ ਛੱਤ ਹੇਠ ਹੀ ਹੁੰਦਾ ਰਿਹਾ। ਇਹਨਾਂ ਉਦਾਸੀਆਂ ਵਿੱਚ ਉਹਨਾਂ ਦਾ ਮਿਲਾਪ ਛੋਟੇ ਅਤੇ ਅਣਗੌਲੇ ਲੋਕਾਂ ਦੇ ਨਾਲ-ਨਾਲ ਕਈ ਬਾਦਸ਼ਾਹਾਂ ਨਾਲ ਵੀ ਹੋਇਆ।

ਪਹਿਲੀ ਉਦਾਸੀ :- ਗੁਰੂ ਸਾਹਿਬ ਜੀ ਦੀ ਪਹਿਲੀ ਉਦਾਸੀ ਦਾ ਸਮਾਂ ਲਗਪਗ 8 ਸਾਲ ਰਿਹਾ ਹੈ। ਇਸ ਉਦਾਸੀ ਦੌਰਾਨ ਆਪ ਸਭ ਤੋਂ ਪਹਿਲਾਂ ਐਮਨਾਬਾਦ ਗਏ, ਜੋ ਤਲਵੰਡੀ ਤੋਂ ਲਗਪਗ 60 ਕਿ. ਮੀ. ’ਤੇ ਸਥਿਤ ਹੈ। ਇੱਥੇ ਆਪ ਧਰਮ ਦੀ ਕਿਰਤ ਕਰਨ ਵਾਲੇ ਇੱਕ ਅਤਿ ਗਰੀਬੜੇ ਮਨੁੱਖ ਭਾਈ ਲਾਲੋ ਦੇ ਘਰ ਠਹਿਰੇ। ਭਾਈ ਸਾਹਿਬ ਲੱਕੜੀ ਦਾ ਕੰਮ ਕਰਦੇ ਸਨ। ਬ੍ਰਾਹਮਣਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਗੁਰੂ ਜੀ ਨੀਵੀਂ ਜਾਤੀ ਦੇ ਵਿਅਕਤੀ ਦੇ ਘਰ ਕਿਉਂ ਠਹਿਰੇ ਹਨ, ਪਰ ਆਪ ਨੇ ਇਸ ਵਿਰੋਧ ਦਾ ਕੋਈ ਅਸਰ ਨਾ ਕਬੂਲਿਆ ਕਿਉਂਕਿ ਉਹਨਾਂ ਦਾ ਮਿਸ਼ਨ ਹੀ ਵਰਣਵਾਦੀ ਸਿਸਟਮ ਨੂੰ ਤੋੜਨਾ ਸੀ। ਇਸ ਮਿਸ਼ਨ ਦੀ ਹੀ ਪੁਸ਼ਟੀ ਕਰਦਾ ਹੈ, ਉਹਨਾਂ ਦਾ ਇਹ ਫੁਰਮਾਨ :

ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ ॥ (ਪੰਨਾ-15)

ਹਰਿਦੁਆਰ ਵਿਖੇ ਵਿਸਾਖੀ ਦਾ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਮੇਲਾ ਵੇਖਣ ਵਾਲੇ ਮੇਲ਼ੀ ਅਤੇ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਸਨ। ਸਿਰਫ਼ ਇਸ਼ਨਾਨ ਹੀ ਨਹੀਂ ਸਗੋਂ ਆਪਣੇ ਪਿੱਤਰਾਂ ਨੂੰ ਸੂਰਜ ਰਾਹੀਂ ਪਾਣੀ ਵੀ ਪਹੁੰਚਾਉਂਦੇ ਸਨ। ਗੁਰੂ ਜੀ ਨੇ ਜਿੱਥੇ ਬੜੇ ਨਾਟਕੀ ਢੰਗ ਨਾਲ ਅਜਿਹੇ ਵਿਚਾਰਾਂ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਦਿੱਤਾ, ਉੱਥੇ ਵੈਸ਼ਨਵ ਸਾਧੂਆਂ ਨੂੰ ਮਨੁੱਖੀ ਬਰਾਬਰਤਾ ਦਾ ਸਬਕ ਵੀ ਦਿੱਤਾ। ਗੁਰੂ ਜੀ ਨੇ ਉਹਨਾਂ ਨੂੰ ਬੜਾ ਸਮਝਾਇਆ ਕਿ ਰੱਬ ਦਾ ਕੋਈ ਵੀ ਬੰਦਾ ਮਾੜਾ ਜਾਂ ਨੀਚ ਨਹੀਂ ਹੁੰਦਾ ਹੈ।

ਗੋਰਖ ਮਤੇ, ਗੋਰਖ ਨਾਥ ਅਤੇ ਉਸ ਦੇ ਚੇਲਿਆਂ ਦਾ ਗੜ੍ਹ ਸੀ। ਇਹ ਸਥਾਨ ਪੀਲੀਭੀਤ ਤੋਂ ਲਗਪਗ 20 ਕੁ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇੱਥੇ ਗੁਰੂ ਜੀ ਨੇ ਜੋਗੀਆਂ ਨੂੰ ਸਮਝਾਇਆ ਕਿ ਪ੍ਰਮਾਤਮਾ ਬਾਹਰੀ ਭੇਖ ’ਤੇ ਨਹੀਂ ਰੀਝਦਾ ਸਗੋਂ ਉਸ ਦੀ ਪ੍ਰਾਪਤੀ ਦੀ ਜੁਗਤ ਵਿਕਾਰ ਰਹਿਤ ਜੀਵਨ ਬਸਰ ਕਰਦਿਆਂ ਉਸ ਦੀ ਸਿਫਤ ਸਲਾਹ ਕਰਨਾ ਹੈ। ਗੁਰੂ ਜੀ ਦੀ ਆਮਦ ਸਦਕਾ ਇਸ ਸਥਾਨ ਦਾ ਨਾਂ ਗੋਰਖ ਮਤੇ ਤੋਂ ਤਬਦੀਲ ਹੋ ਕੇ ਨਾਨਕ ਮਤਾ ਪੈ ਗਿਆ।

ਨਾਨਕ ਮਤੇ ਤੋਂ ਪ੍ਰਚਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੀਵਾਲੀ ਵਾਲੇ ਦਿਨ ਅਯੁੱਧਿਆ ਪਹੁੰਚੇ। ਇੱਥੇ ਆਪ ਜੀ ਦੀ ਭੇਟ ਭਾਈ ਰਾਮਾਨੰਦ ਜੀ ਦੇ ਚੇਲਿਆਂ ਨਾਲ ਹੋਈ। ਇਹਨਾਂ ਬੈਰਾਗੀਆਂ ਨੂੰ ਮੁਕਤੀ ਮਾਰਗ ਬਾਰੇ ਦੱਸਦਿਆ ਗੁਰੂ ਜੀ ਨੇ ਫੁਰਮਾਇਆ ਕਿ ਮੂਰਤੀ ਪੂਜਾ ਨੂੰ ਤਿਆਗ ਕੇ ਇੱਕ ਅਕਾਲ ਪੁਰਖ ਦੀ ਪੂਜਾ ਵਿੱਚ ਲੱਗ ਜਾਓ।

ਇਲਾਹਬਾਦ ਦਾ ਪੁਰਾਣਾ ਨਾਂ ਪ੍ਰਯਾਗ ਸੀ। ਗੰਗਾ ਜਮਨਾ ਦੇ ਸੰਗਮ ਵਾਲਾ ਇਹ ਹਿੰਦੂਆਂ ਦਾ ਤੀਰਥ ਸਥਾਨ ਹੈ। ਇਹਨਾਂ ਨਦੀਆਂ ਵਿੱਚ ਇਸ਼ਨਾਨ ਕਰਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਇਸ ਮਹੱਤਵ ਨੂੰ ਘਟਾਉਂਦਿਆਂ ਗੁਰੂ ਜੀ ਨੇ ਕਿਹਾ ਕਿ ਤੀਰਥ ਇਸ਼ਨਾਨ ਦਾ ਪ੍ਰਭੂ ਦੀ ਭਗਤੀ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਹੈ ਕਿਉਂਕਿ ਇਸ਼ਨਾਨ ਸਿਰਫ਼ ਤਨ ਦੀ ਮੈਲ਼ ਉਤਾਰਦਾ ਹੈ, ਮਨ ਦੀ ਨਹੀਂ। ਸੱਚਾ ਤੀਰਥ ਤਾਂ ਗੁਰੂ ਆਪ ਹੈ ਜਿਸ ਦੀ ਸਿੱਖਿਆ ਰੂਪੀ ਨਦੀ ਵਿੱਚ ਨਹਾ ਕੇ ਜੀਵ ਮੁਕਤੀ ਪ੍ਰਾਪਤ ਕਰ ਸਕਦਾ ਹੈ।

ਬਨਾਰਸ ਸੰਸਕ੍ਰਿਤ ਵਿਦਿਆ ਅਤੇ ਹਿੰਦੂ ਧਰਮ ਦਾ ਕੇਂਦਰ ਹੈ। ਇੱਥੋਂ ਦੇ ਪੰਡਿਤਾਂ ਨੇ ਇਹ ਗੱਲ ਪ੍ਰਚਾਰੀ ਹੋਈ ਸੀ ਕਿ ਜੇਕਰ ਕੋਈ ਮਨੁੱਖ ਪੰਡਿਤਾਂ ਨੂੰ ਦਾਨ-ਪੁੰਨ ਕਰਨ ਮਗਰੋਂ ਆਰੇ ਨਾਲ ਸਰੀਰ ਚਿਰਾਵੇਗਾ ਤਾਂ ਉਹ ਸਿੱਧਾ ਸ਼ਿਵਪੁਰੀ ਨੂੰ ਜਾਏਗਾ ਪਰ ਗੁਰੂ ਜੀ ਨੇ ਬਨਾਰਸ ਵਾਸੀਆਂ ਨੂੰ ਪੰਡਿਤਾਂ ਦੀਆਂ ਚਾਲਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਮੁਕਤੀ ਕਿਸੇ ਵਿਸ਼ੇਸ਼ ਥਾ ’ਤੇ ਮਰਨ ਨਾਲ ਨਹੀਂ ਸਗੋਂ ਚੰਗੇ ਕਰਮਾਂ ਨਾਲ ਮਿਲਦੀ ਹੈ।

ਇੱਥੇ ਆਪ ਨੇ ਪੰਡਿਤ ਚਤੁਰਦਾਸ ਨੂੰ ਸਮਝਾਇਆ ਕਿ ਤਿਲਕ, ਤੁਲਸੀ, ਮਾਲਾ ਸਾਲਗ੍ਰਾਮ ਅਤੇ ਧਾਰਮਿਕ ਪਹਿਰਾਵਾ ਬ੍ਰਾਹਮਣ ਹੋਣ ਦੀ ਬਾਹਰਮੁਖੀ ਨਿਸ਼ਾਨੀਆਂ ਹਨ ਪਰ ਅਸਲੀ ਬ੍ਰਾਹਮਣ ਫੋਕਟ ਕਰਮਕਾਂਡਾਂ ਵਿੱਚ ਸਮਾਂ ਨਸਟ ਕਰਨ ਦੀ ਬਜਾਏ ਉਸ ਪ੍ਰਭੂ ਦੀ ਸਿਫਤ ਸਲਾਹ ਵਿੱਚ ਸਮਾਂ ਬਤੀਤ ਕਰਦਾ ਹੈ। ਬਨਾਰਸ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ, ਭਗਤ ਰਵੀਦਾਸ ਅਤੇ ਰਾਮਾਨੰਦ ਜੀ ਦੀ ਬਾਣੀ ਪ੍ਰਾਪਤ ਕੀਤੀ।

ਗਯਾ ਬਿਹਾਰ ਪ੍ਰਾਂਤ ਵਿੱਚ ਫਲਗੂ ਨਦੀ ਦੇ ਕੰਢੇ ’ਤੇ ਸਥਿਤ ਹੈ। ਬ੍ਰਾਹਮਣਾਂ ਦੇ ਸਿਖਾਏ ਲੋਕ ਇੱਥੇ ਆਪਣੇ ਪਿਤਰਾਂ ਦੀ ਗਤੀ ਲਈ ਦਾਨ-ਪੁੰਨ ਕਰਨ ਵਾਸਤੇ ਆਉਂਦੇ ਸਨ। ਅਜਿਹੇ ਲੋਕਾਂ ਨੂੰ ਸਿਖਿਆ ਦਿੰਦਿਆਂ ਗੁਰੂ ਜੀ ਨੇ ਕਿਹਾ ਕਿ ਮੌਤ ਪਿੱਛੋਂ ਕੀਤੀਆਂ ਜਾਣ ਵਾਲੀਆਂ ਰਸਮਾਂ ਦਾ ਵਿਛੜੀ ਹੋਈ ਆਤਮਾ ਨੂੰ ਕੋਈ ਲਾਭ ਨਹੀਂ ਪਹੁੰਚਦਾ।

ਬਿਹਾਰ ਪ੍ਰਾਂਤ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਆਸਾਮ ਵਿੱਚ ਦਾਖਲ ਹੋਏ। ਉਸ ਵਕਤ ਇਸ ਪ੍ਰਾਂਤ ਨੂੰ ਕਾਮਰੂਪ ਕਿਹਾ ਜਾਂਦਾ ਸੀ, ਇਸ ਪ੍ਰਾਂਤ ਦੇ ਪ੍ਰਸਿੱਧ ਸ਼ਹਿਰ ਗੋਹਾਟੀ ਵਿੱਚ ਕਾਮਖਯਾ ਸਾਹਿਬੀ ਦਾ ਮੰਦਰ ਹੈ। ਇਹ ਮੰਦਰ ਵਾਮ ਮਾਰਗੀਆਂ ਦਾ ਹੈ। ਇਹ ਲੋਕ ਧਰਮ ਤੇ ਆਚਰਣ ਤੋਂ ਗਿਰੇ ਕੰਮਾਂ ਨੂੰ ਧਰਮ ਦਾ ਜ਼ਰੂਰੀ ਅੰਗ ਸਮਝਦੇ ਸਨ। ਗੁਰੂ ਜੀ ਨੇ ਇਹਨਾਂ ਲੋਕਾਂ ਨੂੰ ਨਸ਼ਿਆਂ ਤੇ ਆਚਰਣਹੀਣ ਕੰਮਾਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਅਤੇ ਸਮਝਾਇਆ ਕਿ ਕੁਕਰਮਾਂ ਨੂੰ ਧਰਮ ਦੀ ਆੜ ਵਿੱਚ ਸੁਕਰਮ ਨਹੀਂ ਬਣਾਇਆ ਜਾ ਸਕਦਾ। ਢਾਕੇ ਵਿੱਚੋਂ ਹੀ ਗੁਰੂ ਜੀ ਨੇ ਭਗਤ ਜੈਦੇਵ ਜੀ ਦੇ ਦੋ ਸ਼ਬਦ ਪ੍ਰਾਪਤ ਕੀਤੇ।

ਜਗਨ ਨਾਥ ਪੁਰੀ ਦੇ ਮੰਦਰ, ਜੋ ਕਿ ਉੜੀਸਾ ਵਿਖੇ ਸਥਿਤ ਹੈ, ਵਿੱਚ ਪਹੁੰਚ ਕੇ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ ਕੋਈ ਵੀ ਸਾਹਿਬੀ ਸਾਹਿਬਤਾ ਜਗਨਨਾਥ ਨਹੀਂ ਹੋ ਸਕਦਾ ਸਗੋਂ ਜਗਤ ਦਾ ਨਾਥ ਤਾਂ ਵਾਹਿਗੁਰੂ ਆਪ ਹੈ। ਜਦੋਂ ਗੁਰੂ ਜੀ ਨੂੰ ਜਗਨਨਾਥ ਦੀ ਮੂਰਤੀ ਦੀ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਉਹਨਾਂ ਨੂੰ ਇਹ ਕਹਿ ਕੇ ਆਰਤੀ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਜਗਨਨਾਥ ਦੀ ਆਰਤੀ ਤਾਂ ਉਸ ਦੀ ਬਣਾਈ ਕੁਦਰਤ ਆਪ ਹੀ ਉਤਾਰ ਰਹੀ ਹੈ। ਉਹਨਾਂ ਨੇ ਕਿਹਾ ਕਿ ਪ੍ਰਮਾਤਮਾ ਦਿਖਾਵੇ ਦੀ ਆਰਤੀ ਨਾਲ ਖੁਸ਼ ਨਹੀਂ ਹੁੰਦਾ, ਸਗੋਂ ਉਸ ਦੀ ਸੱਚੀ ਆਰਤੀ ਤਾਂ ਉਸ ਦੇ ਭਾਣੇ ਵਿੱਚ ਰਹਿ ਕੇ ਸਰਬੱਤ ਦਾ ਭਲਾ ਲੋਚਣਾ ਹੈ। ਇੱਥੇ ਹੀ ਆਪ ਨੇ ਕਲਯੁਗ ਨਾਂ ਦੇ ਪਾਂਧੇ ਦਾ ਪਰਦਾਫਾਸ਼ ਕੀਤਾ ਜੋ ਮਾਇਆ ਦੇ ਲਾਲਚ ਵਿੱਚ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਸੀ। ਪੁਰੀ ਤੋਂ ਬਾਦ ਗੁਰੂ ਜੀ ਭੀਲਾਂ ਦੇ ਇਲਾਕੇ ਵਿੱਚ ਆ ਗਏ ਜਿਸ ਨੂੰ ਦ੍ਰਾਵਿੜ ਵੀ ਕਿਹਾ ਜਾਂਦਾ ਹੈ। ਇੱਥੇ ਆਉਣ ਦਾ ਸਬੱਬ ਭਾਈ ਮਰਦਾਨਾ ਸੀ। ਕੌਡਾ ਰਾਖਸ਼ ਭਾਈ ਜੀ ਨੂੰ ਮਾਰਨ ਦੀਆਂ ਤਿਆਰੀਆਂ ਕਰ ਰਿਹਾ, ਦੱਸਿਆ ਜਾਂਦਾ ਹੈ ਤਾਂ ਗੁਰੂ ਜੀ ਵੀ ਉੱਥੇ ਪਹੁੰਚ ਗਏ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਅਤੇ ਦਰਸ਼ਨ-ਦੀਦਾਰੇ ਕਰ ਕੇ ਕੌਡਾ ਨਿਹਾਲ ਹੋ ਗਿਆ ਤਾਂ ਉਸ ਨੇ ਭਾਈ ਮਰਦਾਨੇ ਨੂੰ ਛੱਡ ਦਿੱਤਾ। ਇਸ ਦੇ ਨਾਲ ਹੀ ਉਸ ਨੇ ਗੁਰੂ ਜੀ ਨੂੰ ਅੱਗੇ ਤੋਂ ਹਮੇਸ਼ਾਂ ਲਈ ਸੱਚੇ ਮਾਰਗ ਉੱਤੇ ਚੱਲਣ ਦਾ ਵਿਸ਼ਵਾਸ ਵੀ ਦਿਵਾਇਆ।

ਇਸ ਉਦਾਸੀ ਦੇ ਸਫ਼ਰ ਦੌਰਾਨ ਗੁਰੂ ਜੀ ਸਿੰਗਲਾਦੀਪ (ਸ੍ਰੀ ਲੰਕਾ) ਪਹੁੰਚੇ। ਇੱਥੋਂ ਦਾ ਰਾਜਾ ਸ਼ਿਵਨਾਭ, ਜੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਅਨਿਨ ਸ਼ਰਧਾਲੂ ਸੀ, ਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਤੀਬਰ ਤਾਂਘ ਸੀ। ਗੁਰੂ ਜੀ ਨੇ ਉਸ ਨੂੰ ਦਰਸ਼ਨ ਦੇ ਕੇ ਉਸ ਦੀ ਤਮੰਨਾ ਪੂਰੀ ਕੀਤੀ। ਇਸ ਉਦਾਸੀ ਦੌਰਾਨ ਹੀ ਗੁਰੂ ਨਾਨਕ ਸਾਹਿਬ ਜੀ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਮਜਨੂੰ ਭਗਤ ਨੂੰ ਮਿਲੇ, ਉਹਨਾਂ ਦੇ ਮਿਲਾਪ ਦੀ ਸ਼ਾਹਦੀ ਭਰਦਾ ਹੈ, ਗੁਰਦੁਆਰਾ ਮਜਨੂੰ ਟਿੱਲਾ।

ਗੁਰੂ ਜੀ ਦੀ ਇਸ (ਪਹਿਲੀ) ਉਦਾਸੀ ਦਾ ਅੰਤਿਮ ਪੜਾਅ ਕੁਰੂਕਸ਼ੇਤਰ ਸੀ। ਇੱਥੇ ਆਪ ਜੀ ਨੇ ਸੂਰਜ ਗ੍ਰਹਿਣ ਸਮੇਂ ਅੱਗ ਜਲ਼ਾ ਕੇ ਭੋਜਨ ਤਿਆਰ ਕਰਨ ਦੇ ਵਹਿਮ ਦਾ ਖੰਡਣ ਕਰ ਆਪ ਅੱਗ ਮਚਾ ਕੇ ਖਾਣਾ ਤਿਆਰ ਕਰਵਾਇਆ, ਜੋ ਕਿ ਬ੍ਰਾਹਮਣਾਂ ਲਈ ਅਤਿ ਅਸ਼ੋਭਨੀਕ ਸੀ।

ਦੂਜੀ ਉਦਾਸੀ:- ਪਹਿਲੀ ਉਦਾਸੀ ਦੀ ਤਰਜ਼ ’ਤੇ ਇਸ ਉਦਾਸੀ ਦਾ ਮੁਹਾਣ ਵੀ ਹਿੰਦੂ ਤੀਰਥ ਅਸਥਾਨਾਂ ਅਤੇ ਸਿੱਧ ਜੋਗੀਆਂ ਦੇ ਟਿਕਾਣਿਆਂ ਵੱਲ ਸੀ। ਇਸ ਉਦਾਸੀ ਦੇ ਕੁਝ ਚੌਣਵੇਂ ਪੜਾਅ ਹਨ :-

ਸੁਮੇਰ ਪਰਬਤ ਦੀਆਂ ਗੁਫਾਵਾਂ ਵਿੱਚ ਸਿੱਧ, ਜੋਗੀ ਤੇ ਨਾਥ ਨਿਵਾਸ ਕਰਦੇ ਸਨ। ਇੱਥੇ ਗੁਰੂ ਸਾਹਿਬ ਦੀਆਂ ਸਿੱਧਾਂ ਨਾਲ ਧਾਰਮਿਕ ਗੋਸ਼ਟੀਆਂ ਹੋਈਆਂ। ਜਦੋਂ ਸਿੱਧ-ਜੋਗੀ ਗੁਰੂ ਜੀ ਦੇ ਤਰਕ ਦਾ ਸਾਹਮਣਾ ਨਾ ਕਰ ਸਕੇ ਤਾਂ ਉਹਨਾਂ ਨੇ ਕਰਾਮਾਤੀ ਚੱਕਰ ਚਲਾਉਣੇ ਸ਼ੁਰੂ ਕਰ ਦਿੱਤੇ ਪਰ ਇਹ ਚੱਕਰ ਵੀ ਗੁਰੂ ਸਾਹਿਬ ’ਤੇ ਕੋਈ ਪ੍ਰਭਾਵ ਨਾ ਪਾ ਸਕੇ। ਅਖੀਰ ਸਿੱਧਾਂ ਨੇ ਗੁਰੂ ਜੀ ਦੇ ਦਲੀਲਮਈ ਵਿਚਾਰਾਂ ਅੱਗੇ ਹਥਿਆਰ ਸੁੱਟ ਦਿੱਤੇ। ਸੁਮੇਰ ਪਰਬਤ ਤੋਂ ਬਾਅਦ ਗੁਰੂ ਜੀ ਨੇਪਾਲ ਪਹੁੰਚੇ ਅਤੇ ਉੱਥੋਂ ਦੇ ਰਾਜੇ ਰਘਬੀਰ ਨੂੰ ਆਪਣੇ ਦੁਆਰਾ ਬਿਆਨ ਕੀਤੀ ਜਾਂਦੀ ਸਚਾਈ ਰਾਹੀਂ ਪ੍ਰਭਾਵਤ ਕਰ ਸਿੱਖ ਬਣਾਇਆ।

ਕਸ਼ਮੀਰ ਦੇ ਇਲਾਕੇ ਵਿੱਚ ਗੁਰੂ ਜੀ ਨੇ ਸ੍ਰੀ ਨਗਰ, ਮਟਨ ਸਾਹਿਬ, ਅਮਰਨਾਥ ਅਤੇ ਵੈਸ਼ਨੋ ਸਾਹਿਬੀ ਦਾ ਰਟਨ ਕੀਤਾ ਅਤੇ ਲੋਕਾਂ ਨੂੰ ਸੱਚ ਦਾ ਰਾਹ ਵਿਖਾਇਆ।

ਜੰਮੂ ਵਿੱਚ ਆਪ ਨੇ ਰਘੂਨਾਥ ਮੰਦਿਰ ਵਿੱਚ ਟਿਕਾਣਾ ਕੀਤਾ ਅਤੇ ਇੱਥੇ ਜੁੜੀ ਲੁਕਾਈ ਨੂੰ ਪੱਥਰ ਪੂਜਣ ਤੋਂ ਵਰਜਿਆ। ਸਿਆਲਕੋਟ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਹਮਜ਼ਾ ਗੋਂਸ ਨੂੰ ਸਿੱਧੇ ਰਾਹੇ ਪਾਇਆ ਅਤੇ ਮੌਤ ਦੀ ਸੱਚਾਈ ਨੂੰ ਬਿਆਨ ਕੀਤਾ। ਇਸ ਉਦਾਸੀ ਦਾ ਛੇਕੜਲਾ ਪੜਾਅ ਪਸਰੂਰ ਸੀ। ਇੱਥੇ ਗੁਰੂ ਜੀ ਦੀ ਮੀਆਂ ਮਿੱਠਾ ਰਾਮ ਦੇ ਫਕੀਰ ਨਾਲ ਚਰਚਾ ਹੋਈ ਅਤੇ ਆਪ ਨੇ ਉਸ ਨੂੰ ਗੁਰਮਤਿ ਗਿਆਨ ਦੀ ਬਖ਼ਸ਼ਸ਼ ਕੀਤੀ।

ਤੀਜੀ ਉਦਾਸੀ:- ਗੁਰੂ ਨਾਨਕ ਸਾਹਿਬ ਜੀ ਦੀ ਤੀਜੀ ਉਦਾਸੀ ਮੁਸਲਮਾਨੀ ਮੱਤ ਦੇ ਧਾਰਮਿਕ ਸਥਾਨਾਂ ਵੱਲ ਸੀ। ਤਿੰਨ ਵਰ੍ਹਿਆਂ ਦੀ ਇਸ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ ਨੇ ਇਸਲਾਮ ਧਰਮ ਦੇ ਪੀਰਾਂ, ਫਕੀਰਾਂ, ਮੌਲਵੀਆਂ ਅਤੇ ਹੋਰ ਪੈਰੋਕਾਰਾਂ ਨੂੰ ਅੱਲ੍ਹਾ ਤੋਂ ਦੂਰ ਲਿਜਾਣ ਵਾਲੇ ਵਿਚਾਰ ਅਤੇ ਵਿਵਹਾਰ ਤੋਂ ਪ੍ਰਹੇਜ ਕਰਨ ਦਾ ਉਪਦੇਸ਼ ਦਿੱਤਾ। ਪਾਕਪਟਨ ਦਾ ਪਹਿਲਾ ਨਾਂ ਅਯੋਧਨ ਸੀ। ਗੁਰੂ ਸਾਹਿਬ ਉੱਥੇ ਬਾਬਾ ਸ਼ੇਖ ਫਰੀਦ ਦੇ 11ਵੇਂ ਗੱਦੀ-ਨਸ਼ੀਨ ਬਾਬਾ ਸ਼ੇਖ ਬ੍ਰਹਮ ਨੂੰ ਮਿਲੇ ਅਤੇ ਬਾਬਾ ਫਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ ਜੋ ਗੁਰਮਤਿ ਅਨੁਸਾਰੀ ਸੀ।

ਇਸ ਤੋਂ ਅਗਲੇਰਾ ਪੈਂਡਾ ਤਹਿ ਕਰਦੇ ਗੁਰੂ ਜੀ ਤੁਲੰਬੇ ਪਹੁੰਚੇ, ਜੋ ਲਾਹੌਰ ਤੋਂ ਮੁਲਤਾਨ ਵਾਲੀ ਸੜਕ ਉਤੇ ਸਥਿਤ ਹੈ। ਇੱਥੋਂ ਦਾ ਵਸਨੀਕ ਸੱਜਣ ਮੱਲ ਪਹਿਲਾਂ ਆਏ-ਗਏ ਨੂੰ ਆਪਣੇ ਮੁਸਾਫ਼ਰਖ਼ਾਨੇ ਵਿੱਚ ਠਹਿਰਾ ਦਿੰਦਾ ਸੀ, ਪਰ ਬਾਅਦ ਵਿੱਚ ਲਾਲਚ ਵੱਸ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਸਮੇਤ ਉਸ ਕੋਲ ਪਹੁੰਚੇ ਤਾਂ ਉਸ ਨੇ ਅਜਿਹੇ ਪਾਪਾਂ ਤੋਂ ਤੋਬਾ ਕੀਤੀ ਅਤੇ ਧਰਮੀ ਬੰਦਾ ਬਣਨ ਦਾ ਵਚਨ ਦਿੱਤਾ। ਮੱਕਾ ਅਰਬ ਦੇਸ਼ ਦਾ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਸ਼ਹਿਰ ਹੈ। ਇੱਥੇ ਇਸਲਾਮ ਦੇ ਪੈਰੋਕਾਰਾਂ ਦਾ ਤੀਰਥ ਸਥਾਨ ਕਾਅਬਾ ਮੌਜੂਦ ਹੈ। ਇੱਥੇ ਆਪ ਨੇ ਮੁਸਲਮਾਨ ਕਾਜ਼ੀਆਂ, ਪੀਰਾਂ ਅਤੇ ਫਕੀਰਾਂ ਨੂੰ ਖੁਦਾ ਦੀ ਸਰਵਵਿਆਪਕਤਾ ਦਾ ਉਪਦੇਸ਼ ਦੇ ਕੇ ਉਹਨਾਂ ਦੇ ਤੰਗਦਿਲੀ ਵਾਲੇ ਭਰਮ ਨੂੰ ਤੋੜਿਆ।

ਇਰਾਕ ਦੇ ਸ਼ਹਿਰ ਬਗਦਾਦ ਦੇ ਵਸਨੀਕ, ਸੰਗੀਤ ਵਿਦਿਆ ਨੂੰ ਨਫ਼ਰਤ ਕਰਦੇ ਸਨ ਪਰ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਜੇਕਰ ਸੰਗੀਤ ਦਾ ਉਦੇਸ਼ ਮਾੜਾ ਨਾ ਹੋਵੇ ਤਾਂ ਇਹ ਇੱਕ ਸਰਵੋਤਮ ਸਾਧਨ ਹੋ ਨਿਬੜਦਾ ਹੈ।

ਹਸਨ ਅਬਦਾਲ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਰਾਮਾਤੀ ਫ਼ਕੀਰ ਵਲੀ ਕੰਧਾਰੀ ਦਾ ਹੰਕਾਰ ਤੋੜਿਆ, ਜਿਸ ਨੇ ਆਪਣੇ ਆਪ ਨੂੰ ਕਰਾਮਾਤੀ ਸਮਝਦਿਆਂ ਗੁਰੂ ਸਾਹਿਬ ਅਤੇ ਭਾਈ ਮਰਦਾਨਾ ਜੀ ਨਾਲ ਬੁਰਾ ਵਿਵਹਾਰ ਕੀਤਾ ਸੀ। ਜਦੋਂ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰੂ ਜੀ ਦੇ ਚਰਨੀ ਢਹਿ ਕੇ ਭੁੱਲ ਬਖਸ਼ਾਈ। ਇੱਥੇ ਇਸ ਘਟਨਾ ਨੂੰ ਤਾਜ਼ਾ ਕਰਦਿਆਂ ਹੋਇਆ ਗੁਰਦੁਆਰਾ ‘ਪੰਜਾ ਸਾਹਿਬ’ ਮੌਜੂਦ ਹੈ।

ਸਿੱਖ ਇਤਿਹਾਸ ਵਿੱਚ ਸੈਦਪੁਰ ਦੀ ਘਟਨਾ ਵੀ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ ਮਿਲਦੀ ਹੈ। ਇੱਥੇ ਆਪ ਸਿੱਖ ਸ਼ਰਧਾਲੂ ਭਾਈ ਲਾਲੋ ਜੀ ਦੇ ਘਰ ਠਹਿਰੇ ਹਨ। ਇਸੇ ਠਹਿਰਨ ਸਮੇਂ ਬਾਬਰ ਦਾ ਹਮਲਾ ਹੋ ਗਿਆ। ਇਸ ਹਮਲੇ ਤਹਿਤ ਮਾਰਧਾੜ ਅਤੇ ਲੁੱਟ-ਮਾਰ ਕਾਰਨ ਚਾਰੇ ਪਾਸੇ ਹਾਹਾਕਾਰ ਮੱਚ ਗਈ। ਸ਼ਹਿਰ ਤਬਾਹ ਹੋ ਗਏ, ਜੋ ਪ੍ਰਾਣੀ ਬਚ ਗਏ ਸਨ, ਉਹਨਾਂ ਨੂੰ ਕੈਦ ਕਰ ਲਿਆ ਗਿਆ। ਗੁਰੂ ਜੀ ਵੀ ਭਾਈ ਮਰਦਾਨੇ ਜੀ ਸਮੇਤ ਕੈਦ ਹੋ ਗਏ। ਇਸ ਕੈਦ ਦੌਰਾਨ ਗੁਰੂ ਜੀ ਨੇ ਬਾਬਰ ਨੂੰ ਖਰੀਆਂ-ਖਰੀਆਂ ਸੁਣਾਈਆਂ। ਗੁਰੂ ਸਾਹਿਬ ਮੂੰਹੋਂ ਸੱਚ ਸੁਣ ਕੇ ਬਾਬਰ ਨੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।

ਉਪਰੋਕਤ ਤੱਥਾਂ ਦੀ ਰੋਸ਼ਨੀ ਵਿੱਚ ਕਿਹਾ ਜਾ ਸਕਦਾ ਹੈ ਕਿ ਰੱਬੀ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਉਸ ਵਕਤ ਦੁਨੀਆਂ ਭਰ ਦੀ ਲੁਕਾਈ ਦੇ ਨਾਲ ਹੁੰਦੇ ਧੱਕੇ ਅਤੇ ਬੇਇਨਸਾਫ਼ੀ ਦਾ ਇਲਮ ਸੀ। ਸਿਰਫ਼ ਇਲਮ ਹੀ ਨਹੀਂ ਸਗੋਂ ਗੁਰੂ ਜੀ ਦੇ ਮਨ ਮੰਦਿਰ ਵਿੱਚ ਲੋਕਾਂ ਦਾ ਦਰਦ ਵੀ ਸੀ। ਇਸ ਦਰਦ ਨੂੰ ਵੰਡਾਉਣ ਲਈ ਉਹਨਾਂ ਦੇਸ਼-ਵਿਦੇਸ਼ ਦਾ ਕੋਹਾਂ ਮੀਲ ਪੈਂਡਾ ਪੈਦਲ ਤਹਿ ਕੀਤਾ। ਇਹ ਇੱਕ ਅਜਿਹਾ ਬਿਖੜਿਆ ਪੈਂਡਾ ਸੀ ਜਿਸ ਉੱਪਰ ਚੱਲਣਾ ਗੁਰੂ ਨਾਨਕ ਮਹਾਰਾਜ ਜੀ ਵਰਗੇ ਦਲੇਰ, ਫ਼ਿਲਾਸਫ਼ਰ ਅਤੇ ਸੱਚ ਦੇ ਵਪਾਰੀ ਮਹਾਂਪੁਰਖ ਦੇ ਹੀ ਹਿੱਸੇ ਆ ਸਕਦਾ ਹੈ।