ਗੁਰ ਕੀ ਸੇਵਾ; ਸਬਦੁ ਵੀਚਾਰੁ ॥ ਹਉਮੈ ਮਾਰੇ; ਕਰਣੀ ਸਾਰੁ ॥

0
703

ਗੁਰ ਕੀ ਸੇਵਾ; ਸਬਦੁ ਵੀਚਾਰੁ ॥  ਹਉਮੈ ਮਾਰੇ; ਕਰਣੀ ਸਾਰੁ ॥

ਅਮਨਪ੍ਰੀਤ ਸਿੰਘ-ਡਾਇਰੈਕਟਰ (ਗੁਰਸਿੱਖ ਫ਼ੈਮਲੀ ਕਲੱਬ, ਲੁਧਿਆਣਾ)

‘ਸੇਵਾ’ ਸਿੱਖ ਕੌਮ ਦਾ ਅਤੁੱਟ ਅੰਗ ਹੈ । ਸਾਨੂੰ ਭਾਈ ਮਰਦਾਨਾ ਜੀ ਤੋਂ ਭਾਈ ਘਨ੍ਹਈਆ ਜੀ ਤੱਕ ਅਤੇ ਭਾਈ ਘਨ੍ਹਈਆ ਜੀ ਤੋਂ ਵਰਤਮਾਨ ਸਮੇਂ ਤੱਕ ਸੇਵਾ ਦੀਆਂ ਅਨੇਕਾਂ ਉਦਾਹਰਨਾਂ ਮਿਲ ਜਾਣਗੀਆਂ ।

ਜਦੋਂ ਵੀ ਸਾਡੀ ਜ਼ਬਾਨ ਤੇ ‘ਸੇਵਾ’ ਲਫ਼ਜ਼ ਦਾ ਜ਼ਿਕਰ ਆਉਂਦਾ ਹੈ ਤਾਂ ਸਾਡੀਆਂ ਅੱਖਾਂ ਸਾਹਮਣੇ ਭਾਈ ਘਨ੍ਹਈਆ ਜੀ ਦੀ ਜੰਗ ਦੇ ਮੈਦਾਨ ਵਾਲੀ ਸੇਵਾ ਦਾ ਦ੍ਰਿਸ਼ ਤੇ ਭਗਤ ਪੂਰਨ ਸਿੰਘ ਜੀ ਦੀ ਸੇਵਾ ਦਾ ਦ੍ਰਿਸ਼ ਸਹਿਜ-ਸੁਭਾਏ ਹੀ ਨਜ਼ਰੀ ਆ ਜਾਂਦਾ ਹੈ ਜੋ ਕਿ ਸਾਡੇ ਪ੍ਰੇਰਨਾ ਸਰੋਤ ਹਨ, ਪਰ ਇੱਕ ਸੁਆਲ ਹੋਰ ਖੜ੍ਹਾ ਹੁੰਦਾ ਹੈ ਕਿ ਕੀ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਵਿਚਰਨ ਵਾਲੇ ਵਿਦਵਾਨਾਂ ਦੀਆਂ ਸੇਵਾਵਾਂ ਘੱਟ ਹਨ ਜਾਂ ਜ਼ਰੂਰੀ ਨਹੀਂ ਹਨ ? ਪਰ ਨਹੀਂ ਕਿੱਧਰੇ ਨਾ ਕਿੱਧਰੇ ਸਾਡੇ ਮਨ ਵਿੱਚ ਸੁਤੇ-ਸਿਧ ਇਹ ਧਾਰਨਾ ਬਣ ਚੁੱਕੀ ਹੈ ਕਿ ਬੀਮਾਰਾਂ ਨੂੰ ਦਵਾਈ ਦੇਣਾ, ਲੰਗਰ ਪਕਾਉਣਾ, ਜਲ ਦੀ ਸੇਵਾ ਕਰਨਾ, ਜੋੜੇ ਝਾੜਨਾ ਹੀ ਅਸਲ ਸੇਵਾ ਹੈ । ਇਹ ਸੇਵਾ ਵੀ ਮੁਬਾਰਕ ਹੈ । ਜ਼ਰੂਰੀ ਵੀ ਹੈ ਅਤੇ ਹਰ ਇੱਕ ਸਿੱਖ ਨੂੰ ਹਰ ਹੀਲੇ ਕਰਨੀ ਵੀ ਚਾਹੀਦੀ ਹੈ , ਪਰ ਇੱਕ ਹੋਰ ਸੇਵਾ, ਜਿਸ ਨੂੰ ਅਸੀਂ ਬਹੁਤਾ ਮਹੱਤਵ ਨਹੀਂ ਦੇਂਦੇ ਜਾਂ ਜਾਣ ਬੁੱਝ ਕੇ ਅਵੇਸਲੇ ਬਣੇ ਬੈਠੇ ਹਾਂ । ਉਸ ਸੇਵਾ ਦਾ ਨਾਂ ਹੈ ‘ਸ਼ਬਦ ਵੀਚਾਰ’ ਦੀ ਸੇਵਾ । ਜਿੱਥੇ ਬਾਕੀ ਸੇਵਾਵਾਂ ਜ਼ਰੂਰੀ ਹਨ ਉੱਥੇ ਇਸ ਸੇਵਾ ਦਾ ਵੀ ਸਿੱਖ ਕੌਮ ਵਿੱਚ ਅਹਿਮ ਸਥਾਨ ਹੈ । ਸਤਿਗੁਰੂ ਜੀ ਫ਼ੁਰਮਾਨ ਕਰਦੇ ਹਨ ‘‘ਗੁਰ ਕੀ ਸੇਵਾ, ਸਬਦੁ ਵੀਚਾਰੁ ॥’’ (ਮ: ੧/੨੨੩) ਭਾਵ ਗੁਰੂ ਦੀ ਸੇਵਾ ਹੈ ਗਿਆਨ ਲੈਣਾ ਅਤੇ ਇਸ ਨੂੰ ਵੰਡਣਾ । ਫਿਰ ਕੀ ਗੁਰੂ ਦੀ ਸੇਵਾ ਪਾਲਕੀ ਦੇ ਪੀੜ੍ਹੇ ਘੁੱਟਣਾ ਨਹੀਂ  ? ਸੁੰਦਰ ਰੁਮਾਲੇ ਅਤੇ ਚੰਦੋਏ ਚੜ੍ਹਾਉਣਾ ਵੀ ਨਹੀਂ  ? ਮਹਿੰਗੇ ਅਤਰ ਛਿੜਕਣਾ, ਲੰਗਰ ਲਗਾਉਣਾ, ਆਦਿ ਵੀ ਸੇਵਾ ਨਹੀਂ  ? ਜੇ ਇਮਾਰਤਾਂ ਨੂੰ ਸੋਨਾ ਤੇ ਪੱਥਰ ਲਗਾਉਣਾ ਵੀ ਸੇਵਾ ਨਹੀਂ ਤਾਂ ਫੇਰ ਕਿਹੜੀ ਸੇਵਾ ਕਰੀਏ  ? ਸਤਿਗੁਰ ਜੀ ਫ਼ੁਰਮਾਨ ਕਰਦੇ ਹਨ ਕਿ ‘‘ਸੇਵਕ ਕਉ ਸੇਵਾ ਬਨਿ ਆਈ ॥  ਹੁਕਮੁ ਬੂਝਿ, ਪਰਮ ਪਦੁ ਪਾਈ ॥’’ (ਮ: ੫/੨੯੩) ਭਾਵ ਕਿ ਗੁਰੂ ਦਾ ਹੁਕਮ ਬੁੱਝਣਾ ਜਾਂ ਸਮਝਣਾ/ਕਮਾਉਣਾ ਹੀ ਸੇਵਕ ਲਈ ਸੇਵਾ ਹੈ ।

ਅਸੀਂ ਬਾਕੀ ਸੇਵਾਵਾਂ ਨਾਲੋਂ ਇਸ ਸੇਵਾ ਨੂੰ ਪਿੱਛੇ ਛੱਡ ਦਿੱਤਾ ਹੈ । ਜੇਕਰ ਅਸੀਂ ਗੁਰਬਾਣੀ ਦੀ ਵੀਚਾਰ ਕਰਨ ਦੀ ਸੇਵਾ ਸ਼ੁਰੂ ਕਰ ਦੇਵਾਂਗੇ ਤਾਂ ਜਿੱਥੇ ਸਾਡੇ ਮਾਨਸਿਕ ਰੋਗ ਦੂਰ ਹੋ ਜਾਣਗੇ ਉੱਥੇ ਸਾਡੇ ਜੀਵਨ ਵਿੱਚ ਵੀ ਖੁਸ਼ਹਾਲੀ ਆਉਣੀ ਸ਼ੁਰੂ ਹੋ ਜਾਏਗੀ ਅਤੇ ਅਸੀਂ ਮਾਨਸਿਕ ਬਿਮਾਰੀਆਂ ਤੋਂ ਇਲਾਵਾ ਕੁਝ ਸਰੀਰਕ ਰੋਗਾਂ ਤੋਂ ਵੀ ਬਚ ਸਕਾਂਗੇ ਜੋ ਕਿ ਕਾਫ਼ੀ ਹੱਦ ਤੱਕ ਅਸੀਂ ਆਪ ਮੁਹਾਰੇ ਸਹੇੜ ਲਏ ਹਨ ।

ਮਨੁੱਖੀ ਸੁਭਾਅ ਹੈ ਕਿ ਸੇਵਾ ਵੀ ਕਰਨੀ ਤੇ ਓਹ ਵੀ ਮਨਮਰਜ਼ੀ ਦੀ ਭਾਵ ਕਿ ਸਾਨੂੰ ਆਪਣੇ ਆਲੇ ਦੁਆਲੇ ਅਖੰਡ ਪਾਠ ਕਰਵਾਉਣ ਵਾਲੇ, ਸੋਨਾ ਚੜ੍ਹਾਉਣ ਵਾਲੇ, ਏ. ਸੀ. ਲਗਵਾਉਣ ਦੀ ਸੇਵਾ ਕਰਨ ਵਾਲੇ, ਗਲੀਚੇ-ਦਰੀਆਂ ਆਦਿ ਦੇਣ ਵਾਲੇ ਤਾਂ ਅਨੇਕਾਂ ਸੱਜਣ ਮਿਲ ਜਾਣਗੇ ਪਰ ਗੁਰਬਾਣੀ ਸੁਣਨ ਜਾਂ ਕਮਾਉਣ ਵਾਲੇ ਵਿਰਲੇ ਹੀ ਮਿਲਣਗੇ । ਸਾਡੇ ਆਲ੍ਹੇ-ਦੁਆਲੇ ਗੁਰਦੁਆਰਿਆਂ ਵਿੱਚ ਏ. ਸੀ. ਹਾਲ ਤਾਂ ਬਣ ਗਏ, ਸੁੰਦਰ ਇਮਾਰਤਾਂ ਵੀ ਬਣ ਗਈਆਂ, ਰਾਗੀ ਅਤੇ ਪ੍ਰਚਾਰਕ ਵੀ ਆ ਗਏ ਪਰ ਰੋਜ਼ਾਨਾ ਸੰਗਤ ਵਿੱਚ ਮੇਰੇ ਵਰਗੇ ਘੱਟ ਹੀ ਬੈਠੇ ਮਿਲਣਗੇ । ਹਾਲ ਖ਼ਾਲੀ ਹਨ । ਗੁਰਦੁਆਰਾ ਕਮੇਟੀਆਂ ਨੂੰ ਸੰਗਤ ਦਾ ਇਕੱਠ ਕਰਨ ਲਈ ਸੁਆਦਿਸ਼ਟ ਲੰਗਰ ਅਤੇ ਮਹਿੰਗੇ ਰਾਗੀ ਬੁਲਾਉਣੇ ਪੈਂਦੇ ਹਨ ।

ਸ਼ਾਇਦ ਇਸ ਵਿਅੰਗਮਈ ਕਹਾਣੀ ਤੋਂ ਸਾਨੂੰ ਕੁਝ ਸੇਧ ਮਿਲੇ। ਇੱਕ ਵਾਰ ਕਲਾਸ ਵਿੱਚ ਟੀਚਰ ਸਾਰੇ ਬੱਚਿਆਂ ਨੂੰ ਸੇਵਾ ਕਰਨ ਦੀ ਪ੍ਰੇਰਨਾ ਕਰਦਾ ਹੈ ਤੇ ਕਹਿੰਦਾ ਹੈ ਸਾਨੂੰ ਹਰ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਿਸੇ ਵੀ ਸੇਵਾ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਇੱਕ ਬੱਚੇ ਨੇ ਉਦਾਹਰਨ ਪੁੱਛੀ । ਟੀਚਰ ਨੇ ਕਿਹਾ ਅੰਨ੍ਹੇ ਨੂੰ ਸੜਕ ਪਾਰ ਕਰਾਉਣਾ ਵੀ ਸੇਵਾ ਹੈ । ਅਗਲੇ ਦਿਨ ਜਦੋਂ ਟੀਚਰ ਨੇ ਵਿਦਿਆਰਥੀਆਂ ਤੋਂ ਸੇਵਾ ਬਾਰੇ ਪੁੱਛਿਆ ਤਾਂ ਹਰੇਕ ਬੱਚੇ ਨੇ ਕਿਹਾ ਕਿ ਮੈਂ ਅੰਨ੍ਹੇ ਨੂੰ ਸੜਕ ਪਾਰ ਕਰਵਾਈ ਹੈ । ਟੀਚਰ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਐਨੇ ਤਾਂ ਅੰਨ੍ਹੇ ਹੀ ਨਹੀਂ । ਤਾਂ ਬੱਚਿਆਂ ਨੇ ਕਿਹਾ ਕਿ ਅੰਨ੍ਹਾ ਤਾਂ ਇੱਕ ਹੀ ਸੀ, ਪਰ ਅਸੀਂ ਉਸ ਨੂੰ ਵਾਰੀ-ਵਾਰੀ ਸੜਕ ਦੇ ਇੱਧਰ-ਉੱਧਰ ਘੁੰਮਾਉਂਦੇ ਰਹੇ । ਸਾਡਾ ਹਾਲ ਵੀ ਕੁਝ ਅਜਿਹਾ ਹੀ ਹੈ । ਗੁਰੂ ਘਰਾਂ ਵਿੱਚ ਰੁਮਾਲੇ ਰੱਖਣ ਦੀ ਥਾਂ ਨਹੀਂ ਪਰ ਅਸੀਂ ਹਰੇਕ ਖੁਸ਼ੀ-ਗਮੀ ਦੇ ਮੌਕੇ ਰੁਮਾਲੇ ਚੜ੍ਹਾਉਣ ਤੋਂ ਬਿਨ੍ਹਾਂ ਆਪਣੀ ਸੇਵਾ ਦਾ ਕਾਰਜ ਅਧੂਰਾ ਸਮਝਦੇ ਹਾਂ।

ਸਤਿਗੁਰੂ ਜੀ ਦਾ ਫ਼ੁਰਮਾਨ ਹੈ ‘‘ਦੇਖੌ ਭਾਈ  ! ਗ੍ਹਾਨ ਕੀ ਆਈ ਆਂਧੀ ॥  ਸਭੈ ਉਡਾਨੀ ਭ੍ਰਮ ਕੀ ਟਾਟੀ; ਰਹੈ ਨ ਮਾਇਆ ਬਾਂਧੀ ॥’’ (ਭਗਤ ਕਬੀਰ ਜੀ/੩੩੧) ਭਾਵ ਜਿਸ ਦਿਨ ਸਾਡੇ ਜੀਵਨ ਵਿੱਚ ਗਿਆਨ ਦੀ ਅੰਧੇਰੀ ਆ ਗਈ, ਉਦੋਂ ਅਗਿਆਨਤਾ ਤੇ ਪਾਖੰਡਵਾਦ ਵਾਲੇ ਕਰਮ, ਖੰਭ ਲਾ ਕੇ ਉੱਡ ਜਾਣਗੇ । ਅਸੀਂ ਕੇਵਲ ਨਾਹਰੇ ਹੀ ਨਹੀਂ ਮਾਰਾਂਗੇ ਸਗੋਂ ਗੁਰੂ ਦੇ ਸ਼ਬਦ ਵੀਚਾਰ ਦੀ ਸੇਵਾ ਕਰ ਕੇ ਆਪਣਾ ਜੀਵਨ ਖੁਸ਼ਹਾਲ ਬਣਾਉਣ ਦਾ ਯਤਨ ਕਰਾਂਗੇ। ਗੁਰੂ ਜੀ ਦਾ ਫੁਰਮਾਨ ਹੈ, ‘‘ਸਾ ਸੇਵਾ ਕੀਤੀ ਸਫਲ ਹੈ; ਜਿਤੁ ਸਤਿਗੁਰ ਕਾ ਮਨੁ ਮੰਨੇ ॥  ਜਾ ਸਤਿਗੁਰ ਕਾ ਮਨੁ ਮੰਨਿਆ; ਤਾ ਪਾਪ ਕਸੰਮਲ ਭੰਨੇ ॥’’ (ਮ: ੪/੩੧੪)