ਰੱਬ ਦੀ ਹੋਂਦ
ਪਿ੍ਰੰ. ਸਤਿਨਾਮ ਸਿੰਘ, ਹਮਰਾਜ਼-ਬਿਨ-ਹਮਰਾਜ਼-੯੮੮੮੦੪੭੯੭੯
ਸੰਸਾਰ ਵਿੱਚ ਵਿਚਰ ਰਹੇ ਸਮੂੰਹ ਮਨੁੱਖਾਂ ਨੂੰ, ਇਨਸਾਨਾਂ ਨੂੰ ਮੋਟੇ ਤੌਰ ਉੱਤੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਉਹ ਹਨ ਜੋ ਆਸਤਕ ਹਨ ਤੇ ਦੂਜੇ ਉਹ ਹਨ ਜੋ ਨਾਸਤਕ ਹਨ। ਗੁਰਮਤਿ ਅਨੁਸਾਰ ਆਸਤਕ ਉਹ ਹਨ ਜੋ ਪ੍ਰਮਾਤਮਾ (ਨਿਰਾਕਾਰ) ਵਿੱਚ ਵਿਸ਼ਵਾਸ਼ ਰੱਖਦੇ ਹਨ ਤਥਾ ਆਤਮਾ ਵਿੱਚ ਵਿਸ਼ਵਾਸ਼ ਹੈ, ਬਈ ਰੂਹ ਹੈ ਕੋਈ ਅਤੇ ਲੋਕ ਪ੍ਰਲੋਕ ਅਥਵਾ ਆਵਾਗਵਨ ਵਿੱਚ ਵਿਸ਼ਵਾਸ਼ ਰੱਖਦੇ ਹਨ। ਮਸਲਾ-ਏ-ਤਨਾਸਕ ਯਾਂ (Transmigration of Soul) ਵਿੱਚ ਉਹਨਾਂ ਦਾ ਪੱਕਾ ਯਕੀਨ ਹੈ। ਨਾਸਤਕ ਉਹ ਹਨ ਜਿਨ੍ਹਾਂ ਦਾ ਇਹਨਾਂ ਗੱਲਾਂ ’ਤੇ ਕੋਈ ਯਕੀਨ ਨਹੀਂ। ਉਹ ਕੇਵਲ ਤਰਕ, ਤਜਰਬੇ ਤੇ ਦਲੀਲ ਦੀ ਗੱਲ ਮੰਨਦੇ ਹਨ ਅਤੇ ਦਿਸਦੀ ਅਥਵਾ ਅਣਦਿਸਦੀ ਰਚਨਾ ਪਿੱਛੇ ਕਿਸੇ ਕਾਦਰ ਜਾਂ ਕਰਤੇ ਦੇ ਹੱਥਾਂ ਨੂੰ ਨਹੀਂ ਸਵੀਕਾਰਦੇ। ਉਹ ਸਮਝਦੇ ਹਨ ਕਿ ਇਹ ਜੀਵਨ ਇਸ ਤਰ੍ਹਾਂ ਹੀ ਬਣ ਗਿਆ ਹੈ। ਇਹਦਾ ਅਵਲ ਕੋਈ ਨਹੀਂ ਇਹਦਾ ਆਖ਼ਰ ਕੋਈ ਨਹੀਂ। ਉਹਨਾਂ ਦੇ ਵਿਚਾਰ ਵਿੱਚ, ਜੀਵਨ ਕੱੁਝ ਇੱਕ ਖਾਸ ਵਿਗਿਆਨਕ ਨੇਮਾਂ ਅਧੀਨ ਤੱਤਾਂ ਦੇ ਮੇਲ ਨਾਲ ਆਪੇ ਬਣਦਾ ਹੈ ਅਤੇ ਉਹਨਾਂ ਦੇ ਵੱਖ ਵੱਖ ਹੋਣ ਨਾਲ ਬਿਨਸ ਜਾਂਦਾ ਹੈ। ਉਹ ਦਾਅਵੇ ਨਾਲ ਆਖਦੇ ਹਨ ਕਿ:-ਜ਼ਿੰਦਗੀ ਕਿਆ ਹੈ? ਅਨਾਸਰ ਕਾ ਜ਼ਹੂਰਿ ਤਰਤੀਬ, ਮੌਤ ਕਿਆ ਹੈ? ਇਨਹੀਂ ਅਜਜ਼ਾਂ ਕਾ ਪ੍ਰੇਸ਼ਾਂ ਹੋਨਾ।
ਨਾਸਤਕ ਦੀ ਪੁਸ਼ਟੀ ਵਿੱਚ ਵਿਗਿਆਨ ਆਖਦਾ ਹੈ ਕਿ ਜੇ ਪਦਾਰਥਾਂ ਦੀ ਸਰਬ-ਹੋਂਦ ਅਥਵਾ ਅਸਿਤਤਵ ਨੂੰ ਤੋੜਦੇ ਜਾਈਏ, ਤਾਂ ਅਖੀਰ ਇਲੈਕਟਰੋਨ ਦੀ ਸੂਰਤ ਵਿੱਚ ਬਿਜਲਈ-ਕਣ ਰਹਿ ਜਾਵੇਗਾ। ਵਿਗਿਆਨ ਅਨੁਸਾਰ, ਇਸ ਤੋੜਣ ਦੀ ਕਿਰਿਆ ਦੇ ਸਿੱਟੇ ਪਿੱਛੇ ਰੱਬ ਨਾਂ ਦੀ ਲੱਭਤ ਅਥਵਾ ਸ਼ਕਤੀ ਦਾ ਕੋਈ ਮੁਕਾਮ ਨਹੀਂ। ਹੁਣ ਤੱਕ ਹੋਈ ਵਿਗਿਆਨਕ ਖੋਜ ਦੇ ਆਧਾਰ ਉੱਤੇ ਇਲੈਕਟਰਾਨ ਜਾਂ ਬਿਜਲੀ ਦੀ ਊਰਜਾ ਹੀ ਉਸ ਦੀ ਆਖ਼ਰੀ ਖੋਜ ਹੈ। ਉਹ ਠੋਸ ’ਤੋਂ ਤਰਲ, ਗੈਸ ਤੇ ਫਿਰ ਸ਼ਕਤੀ ਤੱਕ ਤੇ ਫੇਰ ਇਸ ਸ਼ਕਤੀ ’ਤੋਂ ਠੋਸ ਤੱਕ ਤਾਂ ਆ ਜਾਂਦਾ ਹੈ ਅਤੇ ਆਖਦਾ ਹੈ ਕਿ ਖਾਸ ਹਾਲਤਾਂ ਵਿੱਚ ਇਨ੍ਹਾਂ ਤੱਤਾਂ ਦੇ ਮੇਲ ਵਿੱਚ ਜਾਨ ਪੈ ਜਾਂਦੀ ਹੈ ਪਰ ਉਹ ਖਾਸ ਹਾਲਾਤ ਸਾਇੰਸਦਾਨ ਲੱਭ ਨਹੀਂ ਸਕਿਆ, ਭਈ ਜਾਨ ਕਿਸ ਤਰਾਂ ਤੇ ਕਦੋਂ ਪੈਂਦੀ ਹੈ। ਫਿਰ ਵੀ ਸਇੰਸਦਾਨਾਂ ਨੇ ਬਹੁਤ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹ ਵੀ ਤਾਂ ਉਸ ਪ੍ਰਭੂ ਦੇ ਬਣਾਏ ਨੇ, ਤੇ ਵਾਹਿਗੁਰੂ ਨੇ ਮਨੁੱਖ ਨੂੰ ਅਪਾਰ ਸ਼ਕਤੀਆਂ ਦਾ ਮਾਲਿਕ ਬਣਾ ਕੇ ਇਸ ਧਰਤੀ ਦੀ ਸਰਦਾਰੀ ਬਖਸ਼ੀ ਹੈ ਤੇ ਇਹ ਮਾਟੀ ਕਾ ਪੁਤਲਾ, ਆਪਣੇ ਹੀ ਅਸਲੇ ’ਤੋਂ ਨਾਬਰ (ਸ਼ਕਤੀਸਾਲੀ) ਹੋ, ਕੁਝ ਤੱਤਾਂ ਨੂੰ ਤੋੜ-ਜੋੜ ਬੜੇ ਫਖ਼ਰ ਨਾਲ ਇਹ ਨਾਅਰਾ ਮਾਰਦਾ ਹੈ:-ਰਾਜ਼ ਕੁਦਰਤ ਨੇ ਇਨਸਾਂ ਸੇ ਛੁਪਾਏ ਤੋ ਬਹੁਤ, ਮਗਰ ਅਹਿਲੇ ਬਸੀਰਤ ਸੇ ਛੁਪਾਏ ਨਾ ਗਏ।
ਪਦਾਰਥ ਦਾ ਪੁਜਾਰੀ ਇਲੈਕਟਾਰਨ ਨੂੰ ਨਾ ਵੇਖ ਸਕਣ ਦੇ ਬਾਵਜੂਦ ਉਸ ਦੇ ਪਰਿਮਾਣ ’ਤੋਂ ਉਸ ਦੀ ਹੋਂਦ ਨੂੰ ਤਾਂ ਮੰਨਦਾ ਹੈ, ਪਰ ਸਿ੍ਰਸ਼ਟੀ ਦੀ ਐਸੀ ਅਦਭੱੁਤ ਰਚਨਾ ਨੂੰ ਵੇਖ ਕੇ ਉਹ ਕਿਸੇ ਵਾਹਿਗੁਰੂ ਦੀ ਹੋਂਦ ਨੂੰ ਮੰਨਣ ਲਈ ਤਿਆਰ ਨਹੀਂ।
ਆਸਤਕ ਰੱਬ ਅਥਵਾ ਪਰਮ ਸੱਤ ਨੂੰ ਤੋੜ ਤੋੜ ਕੇ ਨਹੀਂ, ਜੋੜ ਜੋੜ ਕੇ, ਜੋਗ ਅਥਵਾ ਸੰਜੋਗ ਦੁਆਰਾ ਪ੍ਰਾਪਤ ਹੋਇ ਅਨੁਭਵ ਰਾਹੀਂ ਜਾਣਦਾ ਹੈ। ਉਸ ਲਈ ਪ੍ਰਮਾਤਮਾ ਦਿਸਦੇ ਅਤੇ ਅਣ-ਦਿਸਦੇ ਸੰਸਾਰ ਦਾ ਕਰਤਾ ਹੈ, ਰਚੇਤਾ ਹੈ। ਉਹ ‘ਸਭ ਮਹਿ ਜੋਤਿ ਜੋਤਿ ਹੈ ਸੋਇ॥’ ਦੇ ਗੁਰ ਵਾਕ ਅਨੁਸਾਰ ਪ੍ਰਮਾਤਮਾ ਨੂੰ ਸਭ ਕੁਝ, ਕੁਲ ਅਥਵਾ ਸਮਸ਼ਟਿ ਜਾਂ ਪੂਰਨਤਾ (Totality) ਪ੍ਰਵਾਨਦਾ ਹੈ। ਪ੍ਰਭੂ ਆਪ ਹੀ ਸਾਰੇ ਘਟਾਂ ਅਥਵਾ ਸਰੀਰਾਂ ਵਿੱਚ ਵਿਆਪਕ ਹੋ ਕੇ ਬੋਲ ਰਿਹਾ ਹੈ। ਪ੍ਰੰਤੂ ਉਸ ਨੂੰ ਨਾ ਹੀ ਵਿਗਿਆਨ ਜਾਂ ਤਰਕ ਦੁਆਰਾ ਸਿੱਧ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਅਸਿੱਧ। ਹਾਂ ਉਸ ਰੱਬ ਨੂੰ ਜਾਣਿਆ ਜਾ ਸਕਦਾ ਹੈ, ਜੀਵਿਆ ਜਾ ਸਕਦਾ ਹੈ ਅਤੇ ਆਪਣੇ ਆਪ ਨੂੰ ਰੱਬ ਵਿੱਚ ਮਿਟਾ ਕੇ ਰੱਬੀ ਰੂਪ ਹੋਇਆ ਜਾ ਸਕਦਾ ਹੈ। ਉਸ ਪੂਰੇ ਨੂੰ ਕੁਲ ਅਥਵਾ ਕਿਰਤ ਨੂੰ ਉਸ ਦਾ ਪੈਦਾ ਕੀਤਾ ਇਹ ਅਧੂਰਾ ਮਨੁੱਖ ਕਿਵੇਂ ਸਿੱਧ ਕਰੇਗਾ? ਉਸ ਦੇ ਸੰਬੰਧ ਵਿੱਚ ਜੋ ਵੀ ਕਿਹਾ ਜਾਏਗਾ, ਥੋੜਾ ਹੈ, ਅਸੰਗਤ ਹੈ, ਨਕਾਰਾਤਮਕ ਹੈ। ਇਸੇ ਲਈ ਵਿਚਾਰਵਾਨ ਸਤਪੁਰਖਾਂ ਨੇ, ਉਸ ਨੂੰ ਨੇਤ ਨੇਤ ਭਾਵ ਪ੍ਰਮਾਤਮਾ ਇਹ ਨਹੀਂ, ਇਹ ਨਹੀਂ ਕਹਿਣਾ ਯੋਗ ਸਮਝਿਆ ਹੈ। ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪਰਮਾਤਮਾ ਇਹ ਹੈ ਜਾਂ ਉਹ ਹੈ। ਕਿਵੇਂ ਉਸ ਨੂੰ ਕਰ ਸਕਦੇ ਹਾਂ? ਇਸ ਨਾਲ ਤਾਂ ਉਹ ਬੇਅੰਤ ਤੇ ਅਸੀਮ ਪ੍ਰਭੂ ਸੀਮਤ ਹੋ ਜਾਵੇਗਾ ਅਤੇ ਸਭ ਦਾ ਕਰਤਾ ਤੇ ਵਿਆਪਕ ਪ੍ਰਮਾਤਮਾ ਹੀ ਨਹੀਂ ਰਹੇਗਾ। ਉਸ ਦੀ ਏਕਤਵਤਾ ਹੀ ਖ਼ਤਮ ਹੋ ਜਾਵੇਗੀ।
ਪ੍ਰਮਾਤਮਾ ਇੱਕ ਅਨੁਭਵ ਹੈ, ਇੱਕ ਵਿਸਮਾਦ ਹੈ, ਇੱਕ ਪਰਮ ਦਸ਼ਾ ਹੈ, ਜੋ ਮਾਣੀ ਤੇ ਜਾ ਸਕਦੀ ਹੈ ਪਰ ਬਿਆਨੀ ਨਹੀਂ ਜਾ ਸਕਦੀ। ਜਿਸ ਦਸ਼ਾ ਵਿੱਚ ਅਸੀਂ ਉਸ ਵਿੱਚ ਮਿਟ ਵੀ ਜਾਂਦੇ ਹਾਂ ਪਰ ਫਿਰ ਵੀ ਨਹੀਂ ਮਿਟਦੇ, ਇੱਕ ਪਾਸਿਉਂ ਅਸੀਂ ਖਾਲੀ ਹੋ ਜਾਂਦੇ ਹਾਂ ਪ੍ਰੰਤੂ ਦੂਜੇ ਪਾਸਿਉਂ ਅਸੀਂ ਪੂਰਨ ਤੌਰ ’ਤੇ ਭਰ ਵੀ ਜਾਂਦੇ ਹਾਂ। ਇਹ ਡਾਢੀ ਵਚਿੱਤਰ ਪਰਮ ਦਸ਼ਾ ਹੈ, ਇੱਕ ਤਰ੍ਹਾਂ ਨਾਲ ਵਿਰੋਧਾਭਾਸ ਹੈ। ਪਰ ਜਦ ਅਸੀਂ ਐਸੀ ਵਿਸਮਾਦਤ, ਵਾਹ ਜਾਂ ਹੈਰਤ ਦੀ ਦਸ਼ਾ ’ਤੋਂ ਪਰਤਦੇ ਹਾਂ ਤਾਂ ਸਾਡੇ ਪਾਸ ਕਹਿਣ ਨੂੰ ਕੁੱਝ ਵੀ ਨਹੀਂ ਹੁੰਦਾ। ਸਾਡਾ ਅਨੁਭਵ ਜਾਂ ਤਜਰਬਾ ਇੱਕ ਗੂੰਗੇ ਦੇ ਗੁੜ ਖਾਣ ਸਮਾਨ ਹੈ, ਜੋ ਉਸ ਨੂੰ ਮਾਣਦਾ ਤਾਂ ਹੈ ਪਰ ਸੁਆਦ ਨੂੰ ਸ਼ਬਦਾਂ ਰਾਹੀਂ ਬਿਆਨਣ ’ਤੋਂ ਅਸਮਰੱਥ ਹੈ। ਅਜਿਹਾ ਇਸ ਲਈ ਹੈ ਕਿ ਨਾਸਤਕ ਉਸ ਦਿਸਦੇ ਸੰਸਾਰ ਦੀ ਗੱਲ ਕਰਦਾ ਹੈ ਜਿੱਥੇ ਤਰਕ, ਵਿਤਰਕ, ਪ੍ਰਮਾਣ, ਉਕਤੀ ਜੁਕਤੀ ਤੇ ਬੁੱਧੀ ਮੰਡਲ ਦੀ ਗੱਲ ਹੈ ਪ੍ਰੰਤੂ ਆਸਤਕ ਦਾ ਮੰਡਲ ਅਨੁਭਵ, ਪ੍ਰੇਮ-ਪਿਆਰ, ਸੱਤ-ਸੰਤੋਖ ਤੇ ਦਯਾ ਦਾ ਮੰਡਲ ਹੈ। ਆਸਤਕ ਦੇ ਪਾਸ ਪ੍ਰਮਾਣ ਨਹੀਂ, ਉਹ ਆਪ ਹੀ ਪ੍ਰਮਾਣ ਹੈ।
ਆਪਣੇ ਸਮੇਂ ਦੇ ਮਹਾਨ ਬੰਗਾਲੀ ਵਿਦਵਾਨ ਕੇਸ਼ਪਚੰਦਰ, ਸੀ੍ਰ ਰਾਮ ਕਿ੍ਰਸ਼ਨ ਪਰਮ ਹੰਸ ਪਾਸ ਗਏ ਅਤੇ ਤਰਕ ਵਿਤਰਕ ਨਾਲ ਇਹ ਸਿੱਧ ਕਰਨ ਦਾ ਵੱਡਾ ਯਤਨ ਕੀਤਾ ਕਿ ਰੱਬ ਵਰਗੀ ਕੋਈ ਵਸਤੂ ਨਹੀਂ, ਇਹ ਇੱਕ ਵਹਿਮ ਹੈ। ਰਾਮ ਕਿ੍ਰਸ਼ਨ ਜੀ ਚੁੱਪ ਚਾਪ ਉਸ ਦੀਆਂ ਸਾਰੀਆਂ ਦਲੀਲਾਂ ਸੁਣੀ ਗਏ ਅਤੇ ਅਗੋਂ ਕੁੱਝ ਨਾ ਬੋਲੇ। ਜਦ ਕੇਸ਼ਪ ਚੰਦਰ ਨੇ ਉੱਤਰ ਵਿੱਚ ਕੁੱਛ ਕਹਿਣ ਲਈ ਕਿਹਾ ਤਾਂ ਉਹ ਉਸ ਨੂੰ ਪਿਆਰ ਗਲਵਕੜੀ ਵਿੱਚ ਲੈ ਕੇ ਬੋਲੇ ‘ਐ ਮਿੱਤਰ! ਇਸ ’ਤੋਂ ਵੱਧ ਰੱਬ ਦੀ ਹੋਂਦ ਦਾ ਕੀ ਸਬੂਤ ਹੈ ਕਿ ਉਸ ਨੇ ਤੇਰੇ ਵਰਗਾ ਬੁੱਧੀਮਾਨ ਤੇ ਚਤੁਰ ਇਨਸਾਨ ਪੈਦਾ ਕੀਤਾ ਹੈ, ਤੂੰ ਹੀ ਰੱਬ ਦੇ ਹੋਣ ਦਾ ਵੱਡਾ ਪ੍ਰਮਾਣ ਹੈ।’ ਕੇਸ਼ਪ ਚੰਦਰ ਨੇ ਉਸ ਰਾਤ ਘਰ ਜਾ ਕੇ ਆਪਣੀ ਡਾਇਰੀ ਵਿੱਚ ਨੋਟ ਕੀਤਾ ਕਿ ਉਸ ਦਿਨ ਉਹ ਪਹਿਲੀ ਵਾਰ ਇੱਕ ਸਰਲ, ਸਾਦੇ ਜੀਵਨ ਵਾਲੇ ਸਾਧਾਰਨ ਜਿਹੇ ਵਿਅਕਤੀ ’ਤੋਂ ਹਾਰਿਆ ਹੈ।
ਓਅੰਕਾਰ, ਪ੍ਰਮਾਤਮਾ, ਵਾਹਿਗੁਰੂ ਇੱਕ ਹੈ, ਸਤਿ ਹੈ, ਕਰਤਾ ਹੈ, ਨਿਰਭਉ ਹੈ, ਨਿਰਵੈਰ ਹੈ, ਪਰਮ ਸ਼ਕਤੀ ਹੈ, ਵਿਅਕਤੀ ਨਹੀਂ। ਉਸ ਦਾ ਵੱਡਾ ਗੁਣ ਇਹ ਹੈ ਕਿ ਉਹ ਕਰਤਾ ਹੁੰਦਾ ਹੋਇਆ ਵੀ ਕਿ੍ਰਤ ’ਤੋਂ ਵਖਰਾ ਨਹੀਂ ਹੈ ਬਲਕਿ ਆਪਣੀ ਰਚਨਾ ਵਿੱਚ ਓਤਪੋਤ ਹੈ, ਬੋਲ ਰਿਹਾ ਹੈ, ਵਿਆਪ ਰਿਹਾ ਹੈ। ਸੰਸਾਰ ਨੂੰ ਰਚ ਕੇ ਆਪ ਇਸ ਨਾਲੋਂ ਅੱਡ ਹੋ ਕੇ ਕਿਸੇ ਸਤਵੇਂ ਅਕਾਸ਼ ਜਾਂ ਖਾਰੇ ਸਮੁੰਦਰ ਵਿੱਚ ਬਿਰਾਜਮਾਨ ਨਹੀਂ। ਅਸਲ ਵਿੱਚ ਇਹ ਸਾਰਾ ਪਸਾਰਾ ਇੱਕੋ ਚੇਤਨਾ ਦਾ ਹੀ ਹੈ। ਇੱਕ ਹੀ ਅਨੇਕ ਹੈ ਅਤੇ ਫਿਰ ਅਨੇਕ ਹੀ ਇੱਕ ਹੈ। ‘ਅਨੇਕ ਹੈਂ, ਫਿਰ ਏਕੁ ਹੈਂ।’ ਜਾਪੁ॥
ਹਕੀਕਤ ਇਹ ਹੈ ਕਿ ਜਿਸ ਦਿਨ ਪਰ+ਆਤਮਾ (ਜੀਵਾਤਮਾ); ਸਾਰੇ ਵਿਆਪਕ ਹੋ ਕੇ ਬੋਲ ਰਹੇ ਪ੍ਰਮ+ਆਤਮਾ (ਪਰਮਾਤਮਾ) ਨੂੰ ਪਹਿਚਾਨ ਲਵੇਗਾ, ਉਸ ਵਕਤ ਹੀ ਉਹ ‘‘ਪ੍ਰਣਵੈ ਨਾਮਾ ਭਏ ਨਿਹਕਾਮਾ, ਕੋ ਠਾਕੁਰੁ ਕੋ ਦਾਸਾ ਰੇ॥’’(ਭਗਤ ਨਾਮਦੇਵ, ੯੮੮) ਦੀ ਪਰਮ ਦਸ਼ਾ ਵਿੱਚ ਪ੍ਰਵੇਸ਼ ਕਰ ਲਵੇਗਾ। ‘‘ਤੋਹੀ ਮੋਹੀ, ਮੋਹੀ ਤੋਹੀ, ਅੰਤਰੁ ਕੈਸਾ॥? (ਭਗਤ ਰਵਿਦਾਸ, ੯੩) ਵਾਲੀ ਅਭੇਦ ਤੇ ਇੱਕਸੁਰ ਦਸ਼ਾ ਛਾ ਜਾਵੇਗੀ। ਵੇਖਣ ਵਾਲੀ ਅੱਖ ਤੇ ਸੁਨਣ ਵਾਲੇ ਕੰਨਾਂ ਦੀ ਲੋੜ ਹੈ, ਉਸ ਸਰਬ ਵਿਆਪਕ ਨਾਲ ਓਤਪੋਤ ਹੋਣ ਲਈ।