ਬਟਾਲੇ ਦੀ ਕੰਧ ਤੋਂ ਸਰਹਿੰਦ ਦੀ ਦੀਵਾਰ ਤੱਕ
ਗੁਰੂ ਗ੍ਰੰਥ ਦੇ ਪੰਥੀਆਂ ਦਾ ਦਾਸਨਿ-ਦਾਸ : ਜਗਤਾਰ ਸਿੰਘ ਜਾਚਕ (ਨਿਊਯਾਰਕ)
‘ਕੰਧ’ ਤੇ ‘ਦੀਵਾਰ’ ਭਾਸ਼ਾਈ ਦ੍ਰਿਸ਼ਟੀਕੋਨ ਤਾਂ ਭਾਵੇਂ ਸਮਾਨਾਰਥਕ ਲਫ਼ਜ਼ ਜਾਪਦੇ ਹਨ; ਪਰ ਦਾਰਸ਼ਨਿਕ ਦ੍ਰਿਸ਼ਟੀਕੋਨ ਤੋਂ ਇਨ੍ਹਾਂ ਵਿੱਚ ਜ਼ਿਮੀਂ ਅਸਮਾਨ ਦਾ ਫ਼ਰਕ ਹੈ । ਪੰਜਾਬੀ ਦਾ ਲਫ਼ਜ਼ ‘ਕੰਧ’ ਸੰਸਕ੍ਰਿਤ ਦੇ ਲਫ਼ਜ਼ ‘ਕੰਧਰ’ ਤੋਂ ਬਣਿਆ ਹੈ ਅਤੇ ‘ਦੀਵਾਰ’ ਫ਼ਾਰਸੀ ਦੇ ਲਫ਼ਜ਼ ‘ਦੀਵਾਲ’ ਦਾ ਪ੍ਰਾਕ੍ਰਿਤ ਰੂਪ ਹੈ। ‘ਕੰਧ’ ਵਿੱਚੋਂ ਧੁਨੀ ਸੁਣਾਈ ਦੇ ਰਹੀ ਹੈ, ਅਨਮੱਤੀਆਂ ਨੂੰ ਮਲੇਛ ਕਹਿਣ ਵਾਲੇ ਤ੍ਰੈਗੁਣੀ ਵੇਦ ਦੀ ਅਤੇ ‘ਦੀਵਾਰ’ ਵਿੱਚੋਂ ਅਜਾਨ ਉੱਠ ਰਹੀ ਅਨਮੱਤੀਆਂ ਨੂੰ ਕਾਫ਼ਰ ਕਹਿਣ ਵਾਲੇ ਸ਼ਰ੍ਹੱਈ ਕਿਤੇਬ ਦੀ । ਬਟਾਲੇ ਦੀ ਕੱਚੀ ‘ਕੰਧ’ ਪਿੱਛੇ ਲੁਕਿਆ ਹੈ ਕੁਟਿਲ ਪੁਜਾਰੀ ਬ੍ਰਾਹਮਣ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਕੰਧ ਹੇਠ ਦਬਾ ਕੇ ਉਨ੍ਹਾਂ ਦੀ ਸਮਾਜ ਸੁਧਾਰਕ ਇਨਕਲਾਬੀ ਆਵਾਜ਼ ਨੂੰ ਸਦਾ ਲਈ ਬੰਦ ਕਰਨਾ ਚਾਹੁੰਦਾ ਹੈ । ਸਰਹਿੰਦ ਦੀ ਪੱਕੀ ਦੀਵਾਰ ਪਿੱਛੇ ਖੜ੍ਹਾ ਹੈ ਸੱਤਾਧਾਰੀ ਕਾਜ਼ੀ ਮੁੱਲਾਂ, ਜੋ ਨਾਨਕ-ਜੋਤ ਗੁਰੂ ਗੋਬਿੰਦ ਸਿੰਘ ਜੀ ਦੇ ਆਖ਼ਰੀ ਦੋ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਸਦਾ ਲਈ ਚੁੱਪ ਕਰਵਾਉਣਾ ਚਾਹੁੰਦਾ ਹੈ । ਸਪਸ਼ਟ ਹੈ ਕਿ ਉਸ ਵੇਲ਼ੇ ਦਾ ਪੁਜਾਰੀ ਵਰਗ; ਹਾਕਮ ਸ਼੍ਰੇਣੀ ਨਾਲ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੀ ਅੰਸ਼, ਵੰਸ਼ ਅਤੇ ਵਿਚਾਰਧਾਰਾ ਦਾ ਮੂਲ ਬੀਜ ਨਾਸ਼ ਕਰਨਾ ਚਾਹੁੰਦਾ ਹੈ ਕਿਉਂਕਿ ਗੁਰਬਾਣੀ ਉਸ ਨੂੰ ਪ੍ਰੋਹਿਤਵਾਦੀ ‘ਬਿਪਰਨ ਕੀ ਰੀਤ’ ਅਤੇ ਰਾਜਨੀਤਕ ਧਿੰਗੋਜ਼ੋਰੀ ਤੇ ਅਨਿਆਂ ਦੇ ਖ਼ਿਲਾਫ਼ ਇੱਕ ਬਗ਼ਾਵਤ ਜਾਪਦੀ ਹੈ ।
‘ਬਟਾਲਾ’ (ਜ਼ਿਲ੍ਹਾ ਗੁਰਦਾਸਪੁਰ) ਨਗਰ ਹੈ ਸਿੱਖੀ ਜੀਵਨ-ਜਾਚ (ਸਿੱਖ ਧਰਮ) ਦੇ ਮੋਢੀ ਜਗਤ-ਗੁਰ ਬਾਬੇ ਨਾਨਕ ਦੇ ਸਹੁਰਿਆਂ ਦਾ, ਜਿਸ ਨੂੰ ਆਮ ਬੋਲ-ਚਾਲ ਵਿੱਚ ‘ਵਟਾਲਾ’ ਵੀ ਆਖਿਆ ਜਾਂਦਾ ਹੈ। ਇੱਥੇ ਦੋ ਇਤਿਹਾਸਕ ਯਾਦਗਰੀ ਗੁਰ ਸਥਾਨ ਹਨ। ਇੱਕ ਹੈ ‘ਗੁਰਦੁਆਰਾ ਕੱਚੀ ਕੰਧ’ (ਕੰਧ ਸਾਹਿਬ) । ਇਹ ਉਹ ਅਸਥਾਨ ਹੈ, ਜਿੱਥੇ ਬਾਬੇ ਨਾਨਕ ਦੀ ਬਰਾਤ ਦਾ ਡੇਰਾ ਕਰਵਾਇਆ ਸੀ । ਉਸ ਸਮੇਂ ਦੀ ਕੱਚੀ ਕੰਧ ਵੀ ਮੌਜੂਦ ਹੈ, ਲਾਵਾਂ ਹੋਣ ਉਪਰੰਤ ਜਿਸ ਦੇ ਬਿਲਕੁਲ ਨੇੜੇ ਲਾੜੇ ਦੇ ਰੂਪ ਵਿੱਚ ਬਾਬਾ ਜੀ ਨੂੰ ਵਿਸ਼ੇਸ਼ ਤੌਰ ’ਤੇ ਪਲੰਘ ’ਤੇ ਬੈਠਾਇਆ ਗਿਆ ਸੀ। ਦੂਜਾ ਹੈ ‘ਗੁਰਦੁਆਰਾ ਡੇਹਰਾ ਸਾਹਿਬ’, ਜਿੱਥੇ ਗੁਰੂ ਬਾਬੇ ਦਾ ਵਿਆਹ (ਅਨੰਦ ਕਾਰਜ) ਹੋਇਆ ਸੀ । ਬ੍ਰਾਹਮਣ ਪੁਜਾਰੀ ਤਾਂ ਉਸ ਵੇਲ਼ੇ ਤੋਂ ਹੀ ਬਾਬੇ ਨਾਨਕ ਤੋਂ ਬੜੇ ਔਖੇ ਸਨ, ਜਦੋਂ ਤੋਂ ਰਾਇ ਭੋਏ ਦੀ ਤਲਵੰਡੀ (ਨਨਕਾਣਾ ਸਾਹਿਬ) ਵਿਖੇ ਭਰੀ ਸਭਾ ਵਿੱਚ ਉਨ੍ਹਾਂ ਨੇ ੯ ਸਾਲ ਦੀ ਉਮਰੇ ਇਹ ਕਹਿ ਕੇ ਜਨੇਊ ਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਇਹ ਸਮਾਜ ਵਿੱਚ ਊਚ-ਨੀਚ ਦੀ ਵੰਡੀਆਂ ਪਾਉਂਦਾ ਹੈ। ਪੁਰਸ਼ ਨੂੰ ਪ੍ਰਧਾਨਗੀ ਦਿੰਦਾ ਹੋਇਆ ਇਸਤ੍ਰੀ ਸ਼੍ਰੇਣੀ ਨੂੰ ਸ਼ੂਦਰ ਦਰਸਾਉਂਦਾ ਹੈ। ਇਹੀ ਕਾਰਨ ਹੈ ਕਿ ਮੇਰੇ ਬਾਲ ਸਖਾਈ ਮਿੱਤ੍ਰ ਮਰਦਾਨੇ ਅਤੇ ਮੇਰੀ ਪਿਆਰੀ ਤੇ ਵੱਡੀ ਭੈਣ ਨਾਨਕੀ ਨੂੰ ਛੱਡ ਕੇ ਕੇਵਲ ਮੈਨੂੰ ਹੀ ਪਹਿਨਾਇਆ ਜਾ ਰਿਹਾ ਹੈ।
ਚੌਧਰੀ ਰਾਇ ਬੁਲਾਰ ਦੇ ਵਜ਼ੀਰ (ਮਹਿਤਾ) ਬਾਬਾ ਕਾਲੂ ਜੀ ਵਰਗੇ ਧਨੀ ਤੇ ਵਿਦਵਾਨ ਖਤ੍ਰੀ ਯਜਮਾਨ ਦੇ ਘਰੋਂ ਬਿਪਰਵਾਦ ਦੇ ਖ਼ਿਲਾਫ਼ ਇੱਹ ਇੱਕ ਬਹੁਤ ਵੱਡੀ ਬਗ਼ਾਵਤ ਸੀ ਕਿ ਮੈਂ ਨਹੀਂ ਮੰਨਦਾ ਬ੍ਰਾਹਮਣ ਨੂੰ ਗੁਰੂ । ਭਗਤ ਕਬੀਰ ਜੀ ਦੇ ਸ਼ਬਦਾਂ ਵਿੱਚ ਇਹ ਵੀ ਆਖਿਆ ਜਾ ਸਕਦਾ ਹੈ ਕਿ ‘‘ਕਬੀਰ ! ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ ॥’’ ( ਪੰਨਾ ੧੩੭੭) ਪ੍ਰੋਹਿਤ ਬ੍ਰਾਹਮਣ ਲਈ ੬ ਸਾਲ ਬਾਅਦ ਬਟਾਲੇ ਫਿਰ ਮੌਕਾ ਆ ਬਣਿਆ । ਜਦੋਂ ਉਹ ਚਾਹੁੰਦਾ ਸੀ ਕਿ ਵਿਆਹ ਦੀ ਵੇਦੀ ਗੱਡ ਕੇ ਬਾਬੇ ਨਾਨਕ ਕੋਲੋਂ ਲਾਵਾਂ ਦੇ ਬਹਾਨੇ ਅਗਨੀ ਦੇਵਤੇ ਦੀ ਪੂਜਾ ਤੇ ਪ੍ਰਕਰਮਾ ਕਰਵਾ ਕੇ ਆਪਣਾ ਚੇਲਾ ਸਿੱਧ ਕੀਤਾ ਜਾ ਸਕੇ । ਇਤਿਹਾਸ ਗਵਾਹ ਹੈ ਕਿ ਇੱਥੇ ਵੀ ਪੁਰੋਹਿਤ ਬ੍ਰਾਹਮਣ ਨੂੰ ਮੂੰਹ ਦੀ ਖਾਣੀ ਪਈ ਸੀ। ਗੁਰੂ ਬਾਬੇ ਨੇ ਹਵਨ ਦੀ ਵੇਦੀ ਦੁਆਲੇ ਪ੍ਰਕਰਮਾ ਕਰ ਕੇ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ । ਮਿਹਰਬਾਨ ਦੀ ਜਨਮ ਸਾਖੀ ਵੀ ਇਸ ਹਕੀਕਤ ਦੀ ਗਵਾਹੀ ਭਰਦੀ ਹੈ ਕਿ ਵਿਆਹ ਵੇਲੇ ਵੈਦਿਕ ਰਸਮਾਂ ਨਹੀਂ ਹੋਈਆਂ, ਨਿਰੋਲ ਕੀਰਤਨ ਹੀ ਹੋਇਆ ਸੀ।
ਰਾਮਾਇਣ ਮੁਤਾਬਕ ਜਦੋਂ ‘ਮਰਯਾਦਾ ਪ੍ਰਸ਼ੋਤਮ’ ਸ਼੍ਰੀ ਰਾਮ ਚੰਦਰ ਦੀ ਸ਼ਾਦੀ ਹੋਈ ਤਾਂ ਹਰ ਜਾਤ ਵਾਲੇ ਨੂੰ ਅੱਡ-ਅੱਡ ਖਾਣਾ ਖੁਆਇਆ ਗਿਆ ਤੇ ਵੱਖ-ਵੱਖ ਅਸਥਾਨਾਂ ’ਤੇ ਟਿਕਾਇਆ ਗਿਆ ਸੀ । ਤੁਲਸੀ ਜੀ ਦੀ ਲਿਖਤ ਹੈ ‘ਉਤਮ ਨੀਚ ਲਘੂ ਨਿਜ ਨਿਜ ਥਲ ਅਨੁਹਾਰਿ’ ਪਰ ਸਾਰੀਆਂ ਜਨਮ ਸਾਖੀਆਂ ਨੇ ਇਹ ਗੱਲ ਬੜੀ ਉਚੇਚ ਨਾਲ ਲਿਖੀ ਹੈ ਕਿ ਬਾਬੇ ਦੀ ਬਰਾਤ ਵਿੱਚ ਹਰੇਕ ਜਾਤ ਦੇ ਲੋਕ ਸਨ ਅਤੇ ਲਾਵਾਂ ਪਿੱਛੋਂ ਬਾਬੇ ਨੇ ਆਪਣੇ ਸਹੁਰੇ ਚਉਣੇ ਖਤ੍ਰੀ ਭਾਈ ਮੂਲ ਚੰਦ ਜੀ ਨੂੰ ਸਪਸ਼ਟ ਕਹਿ ਦਿੱਤਾ ਸੀ ਕਿ ਸਾਰੇ ਇੱਕੋ ਹੀ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਗੇ । ਬਾਬੇ ਦੇ ਸ਼ਬਦ ਰੂਪ ਗਿਆਨ ਹਥੌੜੇ ਦੀ ਇਹ ਇੱਕ ਹੋਰ ਵੱਡੀ ਸੱਟ ਸੀ ਉਸ ਬਿਪਰਵਾਦੀ ਕੰਧ ਨੂੰ ਤੋੜਣ ਲਈ, ਜਿਹੜੀ ਸਮਾਜ ਨੂੰ ਚੌਂਹ ਵਰਣਾ ਵਿੱਚ ਵੰਡ ਕੇ ਊਚ-ਨੀਚ ਦੇ ਵਿਤਕਰੇ ਖੜ੍ਹੇ ਕਰਦੀ ਸੀ । ਜਪੁ-ਜੀ ਸਾਹਿਬ ਦੇ ਅਰੰਭਕ ਸੁਆਲ ‘‘ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ ?॥’’ ਤੋਂ ਵੀ ਨਿਸ਼ਚੇ ਹੁੰਦਾ ਹੈ ਕਿ ਮਾਨਵੀ-ਆਤਮਾ ਤੇ ਪਰਮਾਤਮਾ ਦੇ ਵਿਚਕਾਰਲੀ ਵਿੱਥ-ਪਾਊ ਹਰੇਕ ਕੂੜੀ ਕੰਧ ਨੂੰ ਤੋੜਣਾ ਮਾਨਵ-ਦਰਦੀ ਬਾਬੇ ਦਾ ਮੁਖ ਮਨੋਰਥ ਸੀ।
ਬਰੀਕ-ਬੀਂ ਵਿਦਵਾਨਾਂ ਦਾ ਕਥਨ ਹੈ ਕਿ ਉਸ ਵੇਲ਼ੇ ਦੇ ਸਾਰੇ ਮੁਖੀ ਬ੍ਰਾਹਮਣਾਂ ਦੀਆਂ ਨਿਗਾਵਾਂ ਟਿਕੀਆਂ ਹੋਈਆਂ ਸਨ ਬਾਬੇ ਦੀ ਸ਼ਾਦੀ ’ਤੇ, ਪਰ ਇੱਥੇ ਵੀ ਜਦੋਂ ਸਭ ਕੁਝ ਬ੍ਰਾਹਮਣੀ ਮਤ ਦੇ ਉਲਟ ਹੋਇਆ ਤਾਂ ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਹੋਰ ਕੋਈ ਚਾਰਾ ਨਹੀਂ। ਬੱਸ ਨਾਨਕ ਉੱਤੇ ਕੰਧ ਸੁੱਟੋ ਤੇ ਇਸ ਤਰ੍ਹਾਂ ਦੱਬ ਕੇ ਇਨਕਲਾਬੀ ਆਵਾਜ਼ ਨੂੰ ਸਦਾ ਲਈ ਬੰਦ ਕਰ ਦਿਓ । ਉਨ੍ਹਾਂ ਨੂੰ ਨਿਸ਼ਚੇ ਹੋ ਗਿਆ ਸੀ ਕਿ ਜੇ ਬਾਬਾ ਜ਼ਿੰਦਾ ਰਿਹਾ ਤਾਂ ਇਹ ਬ੍ਰਾਹਮਣੀ ਮੱਤ ਦੀਆਂ ਜੜ੍ਹਾਂ ਕੱਟ ਦੇਏਗਾ। ਅਸਲ ਵਿੱਚ ਇਹੀ ਕੁਟਿਲ ਕਾਰਨ ਸੀ ਬਾਬੇ ਨੂੰ ਕਲਰ ਖਾਧੀ ਕੱਚੀ ਕੰਧ ਨੇੜੇ ਪਲੰਘੇ ਬਠੌਣ ਦੀ ਸਮਾਜਕ ਰਸਮ ਅਦਾ ਕਰਨ ਦਾ। ਸਕੀਮ ਸੀ ਕਿ ਮੁੰਡੇ ਕੁੜੀਆਂ ਕੋਲੋਂ ਮਖ਼ੌਲ-ਬਾਜ਼ੀ ਵਿੱਚ ਧੱਕਾ ਮਰਵਾ ਕੇ ਕੰਧ ਸੁੱਟਵਾ ਦਿਆਂਗੇ ਤੇ ਬਾਬਾ ਉਸ ਦੇ ਥੱਲੇ ਦੱਬ ਕੇ ਮਰ ਜਾਏਗਾ । ਇਸ ਤਰ੍ਹਾਂ ਕਿਸੇ ਦਾ ਨਾਂ ਵੀ ਨਾ ਲੱਗੇਗਾ, ਪਰ ਬਾਬੇ ਨੂੰ ਭੇਜਣ ਵਾਲੇ ਮਾਲਕ ਅਕਾਲ ਪੁਰਖ ਨੂੰ ਅਜਿਹਾ ਨਹੀਂ ਸੀ ਭਾਉਂਦਾ ।
ਇਸ ਪ੍ਰਕਾਰ ‘‘ਜਿਸੁ ਤੂੰ ਰਖਹਿ ਹਥ ਦੇ, ਤਿਸੁ ਮਾਰਿ ਨ ਸਕੈ ਕੋਇ ॥’’ (ਪੰਨਾ ੪੩) ਦਾ ਇਲਾਹੀ ਨਗਮਾ ਗਾਉਣ ਵਾਲਾ ਬਾਬਾ ਉੱਥੋਂ ਵੀ ਬਚ ਨਿਕਲਿਆ ਤੇ ਹੋਰ ਵੀ ਬੁਲੰਦ ਆਵਾਜ਼ ਵਿੱਚ ਬੋਲਿਆ – ਸੱਚ ਦੀ ਅਵਾਜ਼ ਨੂੰ ਦਬਾਉਣਾ ਇੱਕ ਹੋਛਾਪਣ ਹੈ । ਇਹ ਕੱਚੇ ਵਿਅਕਤੀਆਂ ਦਾ ਇੱਕ ਕੱਚਾ ਯਤਨ ਹੈ । ਉਨ੍ਹਾਂ ਨੂੰ ਸੋਝੀ ਨਹੀਂ ਕਿ ਅਜਿਹਾ ਕੱਚਾਪਣ, ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਨੂੰ ਨਹੀਂ ਭਾਉਂਦਾ, ‘‘ਆਪੇ ਸਚੁ, ਭਾਵੈ ਤਿਸੁ ਸਚੁ ॥ ਅੰਧਾ ਕਚਾ, ਕਚੁ ਨਿਕਚੁ ॥’’ (ਪੰਨਾ ੨੫) ਪਰ ਇਨ੍ਹਾਂ ਦੇ ਵੀ ਕੀ ਵੱਸ, ਜੇ ਜੀਵਨ ਉਸਾਰੀ ਕਰਨ ਵਾਲਾ ਮਨ ਰੂਪ ਰਾਜ-ਮਿਸਤ੍ਰੀ ਕੱਚਾ ਹੋਵੇ ਤਾਂ ਉਸ ਮਨੁੱਖ ਦੀ ਜੀਵਨ ਉਸਾਰੀ ਵੀ ਕੱਚੀ ਹੀ ਰਹਿ ਜਾਂਦੀ ਹੈ । ਫਿਰ ਉਸ ਵਿੱਚ ਹਿੰਮਤ ਨਹੀਂ ਰਹਿਦੀ ਕਿ ਉਹ ਆਪਣੇ ਆਲੇ ਦੁਆਲੇ ਦੀਆਂ ਉਨ੍ਹਾਂ ਕੰਧਾਂ ਨੂੰ ਤੋੜਣ ਲਈ ਹੰਭਲਾ ਮਾਰੇ, ਜਿਹੜੀਆਂ ਸਮਾਜਕ-ਭਾਈਚਾਰੇ ਦੇ ਸਰਬਪੱਖੀ ਵਿਕਾਸ ਲਈ ਬੰਧਨ ਬਣ ਰਹੀਆਂ ਹਨ । ਸਗੋਂ ਉਹ ਤਾਂ ਬ੍ਰਾਹਮਣ ਪੁਜਾਰੀਆਂ ਵਾਂਗ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ, ‘‘ਕਚੀ ਕੰਧ, ਕਚਾ ਵਿਚਿ ਰਾਜੁ ॥ ਮਤਿ ਅਲੂਣੀ, ਫਿਕਾ ਸਾਦੁ ॥ ਨਾਨਕ ! ਆਣੇ ਆਵੈ ਰਾਸਿ ॥ ਵਿਣੁ ਨਾਵੈ, ਨਾਹੀ ਸਾਬਾਸਿ ॥’’ (ਪੰਨਾ ੨੫)
ਬਟਾਲੇ (ਵਟਾਲੇ) ਦੇ ਦੱਖਣ ਵੱਲ ੨ ਕੋਹ ਦੀ ਦੂਰੀ ’ਤੇ ‘ਅਚਲ’ ਪਿੰਡ ਵਿਖੇ ਜੋਗੀਆਂ ਦੇ ਇਸ਼ਟ ਮੰਨੇ ਜਾਂਦੇ ਮਹਾਂਦੇਵ (ਸ਼ਿਵ) ਦਾ ਮੰਦਰ ਹੈ । ਦੋਹਾਂ ਨਗਰਾਂ ਦੀ ਹੱਦਬੰਦੀ ਨੇੜਤਾ ਕਾਰਨ ਪਿੰਡ ‘ਅਚਲ’ ਨੂੰ ਵਟਾਲੇ ਨਾਲ ਜੋੜ ਕੇ ਅਚਲ-ਵਟਾਲਾ ਵੀ ਆਖਿਆ ਜਾਂਦਾ ਹੈ । ਇੱਥੇ ਪ੍ਰਾਚੀਨ ਕਾਲ ਤੋਂ ਹਰ ਸਾਲ ਸ਼ਿਵਰਾਤ੍ਰੀ ਦੇ ਮੇਲੇ ’ਤੇ ਸਿੱਧ ਜੋਗੀਆਂ ਦਾ ਭਾਰੀ ਇਕੱਠ ਹੁੰਦਾ ਆ ਰਿਹਾ ਹੈ । ਇਹ ਉਹ ਇਤਿਹਾਸਕ ਸਥਾਨ ਹੈ, ਜਿੱਥੇ ਗੁਰੂ ਬਾਬਾ ਨਾਨਕ ਤੇ ਬ੍ਰਾਹਮਣ ਦੇ ਬਦਲਵੇਂ ਰੂਪ ਗੋਰਖ ਮਤੀ-ਜੋਗੀਆਂ ਦੀ ਬੜੀ ਭਖਵੀਂ ਵਿਚਾਰ-ਗੋਸ਼ਟੀ ਹੋਈ ਸੀ। ਗੁਰੂ ਕੇ ਸਮਕਾਲੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚਲੀਆਂ ‘ਮੇਲਾ ਸੁਣਿ ਸਿਵਰਾਤਿ ਦਾ, ਬਾਬਾ ਅਚਲ ਵਟਾਲੇ ਆਈ।’ (੧-੩੯) ਅਤੇ ‘ਖਾਧੀ ਖੁਣਸਿ ਜੁਗੀਸਰਾਂ, ਗੋਸਟਿ ਕਰਨਿ ਸਭੇ ਉਠਿ ਆਈ।’ (੧-੪੦) ਵਰਗੀਆਂ ਤੁਕਾਂ ਉਪਰੋਕਤ ਇਤਿਹਾਸਕ ਸਚਾਈ ਦੀਆਂ ਗਵਾਹ ਹਨ ਕਿਉਂਕਿ ਤਿਲਕਧਾਰੀ ਬ੍ਰਾਹਮਣਾਂ ਵਾਂਗ ਉਹ ਵੀ ਪਾਖੰਡ ਨੂੰ ਜੜ੍ਹੋਂ ਨਾਸ਼ ਕਰਨ ਵਾਲ਼ੇ ਬਾਬੇ ਦੀਆਂ ਸੱਚੀਆਂ ਗੱਲਾਂ ਤੋਂ ਬੜੇ ਦੁਖੀ ਸਨ । ਹਿਮਾਲਾ (ਸੁਮੇਰ) ਪਰਬਤ ਤੋਂ ਗੋਰਖਮਤੇ ਤੱਕ ਸਭ ਥਾਈਂ ਉਨ੍ਹਾਂ ਨੂੰ ਵੀ ਗੁਰੂ ਬਾਬੇ ਅੱਗੇ ਗੋਡੇ ਟੇਕਣੇ ਪੈਂਦੇ ਆ ਰਹੇ ਸਨ । ਇਸ ਲਈ ਅਚਲ ਵਟਾਲੇ ਇਨ੍ਹਾਂ ਨੇ ਆਪਣੇ ਤੰਤਰ ਮੰਤਰਾਂ ਦੀ ਬਾਦਲੀ-ਕੰਧ ਖੜ੍ਹੀ ਕਰ ਕੇ ਸੂਰਜ-ਵੱਤ ਗੁਰੂ ਬਾਬੇ ਨੂੰ ਛੁਪਾਉਣ ਲਈ ਪੂਰਾ ਟਿੱਲ ਲਾਇਆ ਸੀ, ਪਰ ਗੁਰੂ ਸ਼ਬਦ ਦੇ ਬਾਣਾਂ ਸਾਹਮਣੇ ਜੋਗੀਆਂ ਦੀ ਤਾਂਤਰਿਕ-ਮਤੀ ਕੰਧ ਵੀ ਢਹਿ ਢੇਰੀ ਹੋ ਗਈ ਸੀ । ਅਖ਼ੀਰ ਜੋਗੀ ਸਮਝ ਗਏ ਕਿ ਚੰਦ ਨੂੰ ਕੁਨਾਲੀ (ਮਿਟੀ ਦੇ ਬਰਤਨ) ਵਿੱਚ ਨਹੀਂ ਛੁਪਾਇਆ ਜਾ ਸਕਦਾ । ਭਾਈ ਸਾਹਿਬ ਲਿਖਿਆ ਹੈ – ‘ਸਿਧ ਤੰਤ੍ਰ ਮੰਤ੍ਰਿ ਕਰਿ ਝੜਿ ਪਏ, ਸਬਦਿ ਗੁਰੂ ਕੇ ਕਲਾ ਛਪਾਈ। (੧-੪੨), ਸਿਧਿ ਬੋਲਨਿ ਸੁਭ ਬਚਨਿ: ਧਨੁ ਨਾਨਕ ਤੇਰੀ ਵਡੀ ਕਮਾਈ।’ (੧-੪੪)
ਗੁਰੂ ਬਾਬੇ ਨੇ ਸਾਰੇ ਮਤ-ਮਤਾਂਤਰਾਂ ਦੇ ਤੀਰਥ ਅਸਥਾਨਾਂ ਦਾ ਭ੍ਰਮਣ ਕਰ ਕੇ ਇਹ ਨਤੀਜਾ ਕੱਢਿਆ ਕਿ ਸਮਾਜਕ ਉਜਾੜੇ ਦਾ ਮੁਖ ਕਾਰਨ ਹੈ ਪੁਜਾਰੀ ਵਰਗ, ਜਿਨ੍ਹਾਂ ਵਿੱਚ ਸ਼ਾਮਲ ਹਨ ਬ੍ਰਾਹਮਣ, ਜੋਗੀ ਅਤੇ ਕਾਜ਼ੀ ਮੁਲਾਣਿਆਂ ਵਰਗੇ ਧਾਰਮਕ ਆਗੂ, ਪਰ ਮੇਰਾ ਖ਼ਿਆਲ ਹੈ ਕਿ ਜੇ ਬਾਬਾ ਨਾਨਕ ਉਪਰੋਕਤ ਭਾਵਾਂ ਵਾਲੇ ਆਪਣੇ ਹੇਠ ਲਿਖੇ ਗੁਰਬਾਣੀ ਰੂਪ ਬਚਨ ਮੁੜ ਲਿਖੇ ਤਾਂ ਉਹ ਸਾਡੇ ਵਰਗੇ ਸਿੱਖ ਪੁਜਾਰੀਆਂ ਨੂੰ ਵੀ ਸ਼ਾਮਲ ਕਰ ਦੇਣ ਕਿਉਂਕਿ ਸਿੱਖੀ ਵਿੱਚ ਆਏ ਨਿਘਾਰ ਲਈ ਸਭ ਤੋਂ ਵੱਧ ਜ਼ਿੰਮੇਵਾਰ ਇਹੀ ਸ਼੍ਰੇਣੀ ਹੈ। ਗੁਰੂ-ਬਾਬੇ ਦੀ ਲਿਖਤ ਹੈ, ‘‘ਕਾਦੀ ਕੂੜੁ ਬੋਲਿ, ਮਲੁ ਖਾਇ ॥ ਬ੍ਰਾਹਮਣੁ ਨਾਵੈ, ਜੀਆ ਘਾਇ ॥ ਜੋਗੀ, ਜੁਗਤਿ ਨ ਜਾਣੈ ਅੰਧੁ ॥ ਤੀਨੇ, ਓਜਾੜੇ ਕਾ ਬੰਧੁ ॥’’ (ਪੰਨਾ ੬੬੨)
ਬ੍ਰਾਹਮਣ ਪੁਜਾਰੀ ਤੇ ਜੋਗੀ ਜਦੋਂ ਵਿਚਾਰਧਾਰਕ ਚਰਚਾ ਵਿੱਚ ਹਰ ਥਾਂ ਹਾਰਦੇ ਗਏ ਤਾਂ ਇਨ੍ਹਾਂ ਨੇ ਨਕਸ਼ਬੰਦੀ ਫ਼ਿਰਕੇ ਦੇ ਸ਼ੇਖ ਅਹਿਮਦ ਸਰਹਿੰਦੀ ਵਰਗੇ ਮੂਲਵਾਦੀ ਕੱਟੜਪੰਥੀਆਂ ਨਾਲ ਮੁਲਾਕਾਤਾਂ ਕੀਤੀਆਂ । ਉਨ੍ਹਾਂ ਨੂੰ ਸਿਖਾਇਆ ਕਿ ਤੁਸੀਂ ਇਸ ਸਮੇਂ ਰਾਜ-ਸੱਤਾ ਦੇ ਮਾਲਕ ਹੋ। ਸਾਡੀ ਗੱਲ ਤਾਂ ਛੱਡੋ ਕਿ ਨਾਨਕ ਬ੍ਰਾਹਮਣਾਂ ਨੂੰ ਜੀਵ-ਘਾਤੀ ਪਾਖੰਡੀ ਤੇ ਜੋਗੀਆਂ ਨੂੰ ਜੀਵਨ-ਜੁਗਤਿ ਤੋਂ ਅੰਨ੍ਹੇ ਦੱਸ ਰਿਹਾ ਹੈ । ਉਸ ਦੀ ਦੀਦਾ ਦਲੇਰੀ (ਜੁਰਅਤ) ਦੇਖੋ ਕਿ ਉਹ ਸੱਤਾ-ਧਾਰੀ ਕਾਜ਼ੀਆਂ ਨੂੰ ਵੀ ਮੁਆਫ਼ ਨਹੀਂ ਕਰ ਰਿਹਾ। ਆਖਦਾ ਹੈ ਕਿ ਉਹ ਝੂਠ ਬੋਲ ਕੇ ਮੈਲਾ ਖਾ ਰਹੇ ਹਨ, ‘‘ਕਾਦੀ ਕੂੜੁ ਬੋਲਿ ਮਲੁ ਖਾਇ ॥’’ (ਮ: ੧/੬੬੨) ਇਸ ਤੋਂ ਵੱਧ ਹੋਰ ਕੀ ਨਿਰਾਦਰ ਹੋ ਸਕਦਾ ਹੈ ਅਜਿਹੇ ਸਤਿਕਾਰਤ ਸ਼ਾਹੀ ਰੁਤਬੇ ਦਾ। ਸਾਡਾ ਮੰਨਣਾ ਹੈ ਕਿ ਨਾਨਕੀ-ਵਿਚਾਰਧਾਰਾ ਕੇਵਲ ਸਾਡੇ ਲਈ ਹੀ ਨਹੀਂ, ਤੁਹਾਡੇ ਲਈ ਵੀ ਚੁਣੌਤੀ ਹੈ । ਸਿੱਟੇ ਵਜੋਂ ਕਾਜ਼ੀਆਂ ਨੇ ਗੁਰੂ ਸਾਹਿਬਾਨ ਤੇ ਸਿਦਕੀ ਸਿੱਖਾਂ ਲਈ ਤੱਤੀ ਤਵੀਆਂ ’ਤੇ ਲੂਹਣ, ਦੇਗਾਂ ਵਿੱਚ ਉਬਾਲਣ ਅਤੇ ਆਰਿਆਂ ਨਾਲ ਤਨ ਦੁਫਾੜ ਕਰਨ ਵਰਗੇ ਫ਼ਤਵੇ ਚਾੜ੍ਹੇ । ਲਾਹੌਰ ਤੋਂ ਹੁੰਦੇ ਮਾਰੂ ਹਮਲਿਆਂ ਕਾਰਨ ਛੇਵੇਂ ਪਾਤਸ਼ਾਹ ਨੂੰ ਜਿਵੇਂ ਸ੍ਰੀ ਅੰਮ੍ਰਿਤਸਰ ਛੱਡਣਾ ਪਿਆ, ਤਿਵੇਂ ਹੀ ਦਸਵੇਂ ਪਾਤਸ਼ਾਹ ਨੂੰ ਸਮੂਹ ਪਰਿਵਾਰ ਤੇ ਆਪਣੇ ਭੁਖਣ-ਭਾਣੇ ਜਾਂਨਸਾਰ ਸੈਂਕੜੇ ਗੁਰਸਿੱਖ ਸੈਨਿਕਾਂ ਸਮੇਤ ੬ ਪੋਹ ਸੰਮਤ ੧੭੬੨ (੫ ਦਸੰਬਰ ੧੭੦੫) ਦੀ ਠੰਡੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਆਖ਼ਰੀ ਅਲਵਿਦਾ ਕਹਿਣੀ ਪਈ, ਪਰ ਕਾਲੀ ਦੁਰਗਾ ਵਾਂਗ ਹਮਲਾਵਰਾਂ ਦੀ ਖ਼ੂਨੀ ਪਿਆਸ ਫਿਰ ਵੀ ਨਾ ਬੁਝੀ।
ਜਿੱਥੇ ਅਸੀਂ ਖੜ੍ਹੇ ਹੁੰਦੇ ਹਾਂ, ਉੱਥੇ ਤਾਂ ਜ਼ਿਮੀਂ (ਧਰਤੀ) ਤੇ ਅਸਮਾਨ (ਅਕਾਸ਼) ਵੱਡੀ ਵਿੱਥ ਨਾਲ ਵੱਖ-ਵੱਖ ਦਿੱਸਦੇ ਹਨ, ਪਰ ਦੂਰ ਦੇਖੋ ਤਾਂ ਕਿਸੇ ਥਾਂ ਆਪਸ ਵਿੱਚ ਮਿਲਦੇ ਤੇ ਜੁੜਦੇ ਜਾਪਦੇ ਹਨ; ਭਾਵੇਂ ਕਿ ਉਹ ਸੱਚ ਨਹੀਂ ਹੁੰਦਾ; ਤਿਵੇਂ ਹੀ ਗੁਰੂ ਨਾਨਕ ਵੇਲੇ ਤਾਂ ਸੁਲਤਾਨਪੁਰ ਵਿੱਚ ਬ੍ਰਾਹਮਣ ਤੇ ਮੁੱਲਾਂ ਦਰਮਿਆਨ ਬੜਾ ਭਾਰੀ ਫ਼ਰਕ ਜਾਪਦਾ ਸੀ । ਉਹ ਇੱਕ ਦੂਜੇ ਨੂੰ ਕਾਫ਼ਰ ਤੇ ਮਲੇਸ਼ ਕਹਿ-ਕਹਿ ਕੇ ਭੰਡਦੇ ਸਨ । ਭਾਈ ਗੁਰਦਾਸ ਜੀ ਲਿਖਿਆ ਹੈ- ‘ਖਹਿ ਮਰਦੇ ਬਾਹਮਣ ਮਉਲਾਣੇ ।’, ਪਰ ਜੇ ਫ਼ਲਸਫ਼ੇ ਨੂੰ ਛੱਡ ਕੇ ਇਤਿਹਾਸ ਦੀ ਅੱਖ ਨਾਲ ਵੇਖੀਏ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਸ੍ਰੀ ਅਨੰਦਪੁਰ ਦੀ ਧਰਤੀ ’ਤੇ ਇਹ ਦੋਵੇਂ ਬਾਹਰੋਂ ਆਪਸ ਵਿੱਚ ਘਿਉ ਖਿਚੜੀ ਹੋਏ ਜਾਪਦੇ ਹਨ । ਕਾਜ਼ੀ ਕੁਰਾਨ ਨੂੰ ਹੱਥ ਵਿੱਚ ਫੜ ਕੇ ਅਤੇ ਬ੍ਰਾਹਮਣ ਥਾਲੀ ਵਿੱਚ ਮੌਲੀ ਲਪੇਟੀ ਗੀਤਾ ਤੇ ਆਟੇ ਦੀ ਗਊ ਰੱਖ ਕੇ ਦੋਵੇਂ ਹੀ ਗੁਰੂ ਜੀ ਦੇ ਸਾਹਮਣੇ ਝੂਠੀਆਂ ਕਸਮ ਖਾਂਦੇ ਹਨ । ਆਖਦੇ ਹਨ ਕੇਸਗੜ੍ਹ ਖਾਲਸਈ ਤਖ਼ਤ ਛੱਡ ਦਿਓ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਸਾਡੇ ਸੈਨਿਕ ਤੁਹਾਡਾ ਪਿੱਛਾ ਨਹੀਂ ਕਰਨਗੇ, ਪਰ ਜਿਉਂ ਹੀ ਗੁਰੂ ਕਿਆਂ ਨੇ ਨਗਰੀ ਦੀ ਹੱਦ ਤੋਂ ਬਾਹਰ ਪੈਰ ਪਾਏ, ਤਿਉਂ ਹੀ ਧਰਮ ਦੀਆਂ ਕਸਮਾਂ ਖਾਣ ਵਾਲੇ ਨਾਮਰਦ ਵਾਅਦਾ-ਫ਼ਰਾਮੋਸ਼ੀ ਹੋ ਕੇ ਗੁਰੂ ਜੀ ’ਤੇ ਭੁੱਖੇ ਬਘਿਆੜਾਂ ਵਾਂਗੂੰ ਟੁੱਟ ਪਏ ।
ਤਾਹੀਓ ਤਾਂ ਬਾਬਾ ਫ਼ਰੀਦ ਦੇ ਸ਼ਰਧਾਲੂ ਕਵੀ ਅੱਲਾ ਯਾਰ ਖਾਂ ਨੇ ‘ਸ਼ਹੀਦਾਨਿ-ਵਫ਼ਾ’ ਵਿੱਚ ਲਿਖਿਆ ਸੀ ਕਿ ‘ਬਦਬਖ਼ਤੋਂ ਨੇ ਜੋ ਵਾਅਦਾ ਕੀਆ ਥਾ ਬਿਸਰ ਗਏ । ਨਾਮਰਦ ਕੌਲ ਕਰ ਕੇ ਜ਼ੁਬਾਂ ਸੇ ਮੁਕਰ ਗਏ । ਗੋਬਿੰਦ ਸਿੰਘ ਕੇ ਸ਼ੇਰ ਭੀ ਫੋਰਨ ਬਿਫਰ ਗਏ ।’ ਇਸ ਹਮਲੇ ਕਾਰਨ ਸਰਸਾ ਨਦੀ ਦੇ ਕੰਢੇ ਪਰਿਵਾਰ ਵਿਛੋੜਾ ਹੋਇਆ । ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ- ‘ਯੌਂ ਤਬ ਬਿਚਲ ਸਮਾਜ ਸਭ, ਗਇਓ ਗੁਰੂ ਕੋ ਐਨ। ਕਿਤ ਜਨਨੀ, ਸੁਤ ਆਪ ਕਿਤ, ਕਿਤ ਘਰਨੀ ਕਿਤ ਸੈਨ। ਪਰੀ ਬਿੱਪਤੀ ਐਸ ਤਬ, ਕੋ ਕਰ ਸਕੇ ਬਖਾਨ । ਚਿਤਵਨ ਤੈ ਛਤੀਆ ਫਟੇ, ਕਹਿ ਨਹਿਂ ਸਕਤ ਜ਼ੁਬਾਨ।’ ਚਮਕੌਰ ਦੀ ਕੱਚੀ ਗੜੀ ਵਿੱਚ ਹੋਏ ਭਿਆਨਕ ਜੁੱਧ ਵਿੱਚ ਪੰਜ ਵਿੱਚੋਂ ਤਿੰਨ ਪਿਆਰਿਆਂ ਸਮੇਤ ੪੦ ਕੁ ਭੁਖਣ ਭਾਣੇ ਸਿੰਘ ਅਤੇ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (੧੯ ਸਾਲ) ਤੇ ਬਾਬਾ ਜੁਝਾਰ ਸਿੰਘ (੧੭ ਸਾਲ) ਉਨ੍ਹਾਂ ਦੀਆਂ ਅੱਖਾਂ ਸਾਹਵੇਂ ਸ਼ਹੀਦ ਹੋ ਗਏ ।
ਪੂਜ ਮਾਤਾ ਗੁਜਰੀ ਤੇ ਛੋਟੇ ਸਾਹਿਜ਼ਾਦਿਆਂ ਦੇ ਨਾਲ ਰਹੇ ਭਾਈ ਦੁਨਾ ਸਿੰਘ ਹੰਡੂਰੀਏ ਦੀ ਲਿਖਤ ‘ਕਥਾ ਗੁਰੂ ਕੇ ਸੁਤਨ ਮੁਤਾਬਕ’ ਚਮਕੌਰ ਤੋਂ ਸਹੇੜੀ (ਖੇੜੀ) ਦੇ ਮਸੰਦ ‘ਧੁੰਮਾ’ ਤੇ ‘ਦਰਬਾਰੀ’ ਪੂਜ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਏ । ਪਿੰਡ ਜਾ ਕੇ ਉਨ੍ਹਾਂ ਨੇ ਆਪਣੇ ਬ੍ਰਾਹਮਣ ਰਸੋਈਏ ਗੰਗੂ ਦੇ ਘਰ ਠਹਿਰਾਇਆ, ਜਿਸ ਨੇ ਸਰਕਾਰੀ ਇਨਾਮ ਹਾਸਲ ਕਰਨ ਦੇ ਲਾਲਚ ਅਤੇ ਵਿਚਾਰਧਾਰਕ ਬਦਨੀਤੀ ਕਾਰਨ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਮੁਰਿੰਡੇ ਦੇ ਚੌਧਰੀਆਂ ਰਾਹੀਂ ੧੧ ਪੋਹ ਸੰਮਤ ੧੭੬੨ ਮੁਤਾਬਕ ੧੦ ਦਸੰਬਰ ੧੭੦੫ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ, ਕਿਉਂਕਿ ਕਾਜ਼ੀ ਤੇ ਬ੍ਰਾਹਮਣ ਦੋਵੇਂ ਹੀ ਚਾਹੁੰਦੇ ਸਨ ਕਿ ਗੁਰੂ-ਨਾਨਕੀ ਆਵਾਜ਼ ਨੂੰ ਬੁਲੰਦ ਕਰਨ ਵਾਲ਼ਾ ਕੋਈ ਰਹੇ ਹੀ ਨਾ। ਇਹੀ ਕਾਰਨ ਹੈ ਕਿ ੧੮ਵੀਂ ਸਦੀ ਵਿੱਚ ਵੀ ਬਿਪਰਵਾਦੀ ਸੋਚ ਨੇ ਹਾਕਮ ਸ਼੍ਰੇਣੀ ਦੁਆਰਾ ਭਾਈ ਮਨੀ ਸਿੰਘ ਵਰਗੇ ਗੁਰਬਾਣੀ ਦੇ ਵਿਆਖਿਆਕਾਰ ਸਿੱਖ ਵਿਦਵਾਨਾਂ ਨੂੰ ਚੁਣ-ਚੁਣ ਕੇ ਮਰਵਾਇਆ। ਇਹ ਸੱਚਾਈ ਹੁਣ ਵੀ ਵੇਖੀ ਜਾ ਸਕਦੀ ਹੈ, ਜਦੋਂ ਸਿੱਖੀ ਬਾਣੇ ਵਿੱਚ ਉਨ੍ਹਾਂ ਦੀ ਨੁੰਮਾਇੰਦਗੀ ਕਰਨ ਵਾਲੇ ਲੋਕ ਤੱਤ-ਗੁਰਮਤਿ ਦੇ ਪ੍ਰਚਾਰਕਾਂ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਆ ਰਹੇ ਹਨ ।
ਦੁੰਨਾ ਸਿੰਘ ਹੰਡੋਰੀਏ ਮੁਤਾਬਕ ਮੁਰਿੰਡੇ ਦੇ ਹਾਕਮ ਰੰਘੜਾਂ ਨੇ ਸਾਹਿਬਜ਼ਾਦਿਆਂ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਅਤੇ ਮਾਤਾ ਜੀ ਨੂੰ ਰੱਸੇ ਨਾਲ ਨਰੜ ਕੇ ਖੱਚਰਾਂ ਉੱਤੇ ਲੱਦਿਆ ਤੇ ਸੂਬਾ ਸਰਹਿੰਦ ਵਜ਼ੀਰ ਖਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ । ਲਾਲਚ ਦੇ ਸਬਜ਼-ਬਾਗ਼ (ਹਰੇ ਫੁੱਲ) ਵੀ ਬਹੁਤ ਦਿਖਾਏ । ਜੋਗੀ ਜੀ ਨੇ ਲਿਖਿਆ ਹੈ ਕਿ ਨਵਾਬ ਵਜ਼ੀਰ ਖ਼ਾਂ ਨੇ ਆਖਿਆ- ‘ਕਬੂਲ ਕਰੋ ਅਗਰ ਸ਼ਾਹ ਕੇ ਦੀਨ ਕੋ । ਫਿਰ ਆਸਮਾਂ ਬਨਾ ਦੂੰ ਤੁਮ੍ਹਾਰੀ ਜ਼ਮੀਨ ਕੋ ।’ ਜੇ ਇਸਲਾਮ ਨਹੀਂ ਕਬੂਲ ਕਰਨਾ ਤਾਂ ਸਿਰ ਕਟਵਾਉਣ ਲਈ ਤਿਆਰ ਹੋ ਜਾਓ। ਹੰਡੂਰੀਏ ਦੀ ਲਿਖੀ ‘ਕਥਾ ਗੁਰੂ ਕੇ ਸੁਤਨ ਕੀ’ ਅਨੁਸਾਰ ਸਾਹਿਬਜ਼ਾਦਿਆਂ ਦਾ ਇੱਕੋ ਹੀ ਜਵਾਬ ਸੀ- ‘ਸੀਸ ਜੋ ਦੇਨੇ ਹੈ ਸਹੀ, ਇਹ ਨਾ ਮਾਨੈਂ ਬਾਤ । ਧਰਮ ਜਾਇ ਤਬ ਕਉਨ ਗਤਿ, ਯਹ ਪਰਗਟ ਬਖਿਆਤ ।’
੧੨ ਪੋਹ (੧੧ ਦਸੰਬਰ) ਨੂੰ ਜਦੋਂ ਸੂਬੇਦਾਰ ਨੇ ਕਾਜ਼ੀ ਨੂੰ ਫ਼ਤਵਾ ਦੇਣ ਲਈ ਆਖਿਆ ਤਾਂ ਉਸ ਨੇ ਬਟਾਲੇ ਦੀ ਕੱਚੀ ਕੰਧ ਨੂੰ ਧਿਆਨ ਵਿੱਚ ਰੱਖ ਕੇ ਸਾਹਿਬਜ਼ਾਦਿਆਂ ਨੂੰ ਪੱਕੀ ਦੀਵਾਰ ਵਿੱਚ ਚਿਣ ਕੇ ਮਾਰਨ ਦਾ ਹੁਕਮ ਸੁਣਾਇਆ । ਸੱਤਾਧਾਰੀ ਹੋਣ ਦੇ ਨਾਂ ’ਤੇ ਉਹ ਬਟਾਲੇ ਦੇ ਬ੍ਰਾਹਮਣਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਤੁਹਾਥੋਂ ਤਾਂ ਨਾਨਕ ’ਤੇ ਕੱਚੀ ਕੰਧ ਵੀ ਨਹੀਂ ਸੀ ਡਿੱਗੀ । ਉਹ ਲਗਭਗ ੨੩੦ ਸਾਲ ਆਪਣੇ ਬਦਲਵੇਂ ੧੦ ਰੂਪਾਂ ਵਿੱਚ ਜ਼ਿੰਦਾ ਰਹਿ ਕੇ ਤੁਹਾਡੀ ਵਿਚਾਰ-ਧਾਰਕ ਕੂੜੀ ਕੰਧ ਨੂੰ ਤੋੜਣ ਦੀ ਦੁਹਾਈ ਦਿੰਦਾ ਰਿਹਾ । ਤੁਸੀਂ ਉਸ ਦੀ ਆਵਾਜ਼ ਬੰਦ ਨਾ ਕਰਵਾ ਸਕੇ, ਪਰ ਵੇਖੋ ਅਸੀਂ ਉਸ ਦੇ ਬੱਚਿਆਂ ਨੂੰ ਇੱਟਾਂ ਵਾਂਗ ਵਰਤ ਕੇ ਹੁਣ ਐਸੀ ਕੰਧ ਉਸਾਰਾਂਗੇ ਕਿ ਉਹ ਕਿਸੇ ਤਰ੍ਹਾਂ ਵੀ ਟੁੱਟ ਨਹੀਂ ਸਕੇਗੀ । ਕਾਰਨ ਇਹ ਹੈ ਕਿ ਹੁਣ ਕੋਈ ਬਚੇਗਾ ਹੀ ਨਹੀਂ, ਜਿਹੜਾ ਲੋਕਾਂ ਸਾਹਵੇਂ ਇਹ ਸੁਆਲ ਖੜ੍ਹਾ ਕਰੇ ਕਿ ‘‘ਕਿਵ ਕੂੜੈ ਤੁਟੈ ਪਾਲਿ ?, ਕਿਵ ਕੂੜੈ ਤੁਟੈ ਪਾਲਿ ?॥’’
ਰਵਾਇਤ ਮੁਤਾਬਕ ਰੱਬੀ ਭਾਣਾ ਵੇਖੋ ਕਿ ਮਲੇਰਕੋਟੀਏ ਨਵਾਬ ਸ਼ੇਰ ਖ਼ਾਂ ਨੇ ਉਸ ਵੇਲੇ ਹਾ ਦਾ ਨਾਹਰਾ ਮਾਰਦਿਆਂ ਸ਼ੇਰ ਵਾਂਗ ਗਰਜ ਕੇ ਆਖਿਆ ਕਿ ਤੁਹਾਡਾ ਇਹ ਫ਼ੈਸਲਾ ਸ਼ਰ੍ਹਾ ਦੇ ਉਲਟ ਹੈ । ਖ਼ੁਦਾ ਕਰੇ ਤੁਹਾਡੀ ਇਹ ਕੰਧ ਨਾ ਉਸਰੇ, ਪਰ ਹਕੂਮਤੀ ਨਸ਼ੇ ਵਿੱਚ ਉਸ ਦੀ ਰਾਏ ਨੂੰ ਅਣਸੁਣੀ ਕਰ ਕੇ ਜ਼ਾਲਮਾਂ ਨੇ ਬਾਬਾ ਜ਼ੋਰਵਾਰ ਸਿੰਘ (੯ ਸਾਲ) ਤੇ ਬਾਬਾ ਫ਼ਤਿਹ ਸਿੰਘ (੭ ਸਾਲ) ਨੂੰ ਦੀਵਾਰ ਵਿੱਚ ਚਿਣਨਾ ਸ਼ੁਰੂ ਕਰ ਦਿੱਤਾ । ਜੋਗੀ ਜੀ ਨੇ ਲਿਖਿਆ ਹੈ ਕਿ ਦੀਵਾਰ ਵਿੱਚ ਚੁਣੀਂਦੇ ਹੋਏ ਸਾਹਿਬਜ਼ਾਦੇ ਕਹਿ ਰਹੇ ਸਨ ਕਿ ਜ਼ਾਹਰਾ ਰੂਪ ਵਿੱਚ ਤਾਂ ਭਾਵੇਂ ਸਾਡੇ ’ਤੇ ਭਾਰੀ ਜ਼ੁਲਮ ਹੋਇਆ ਦਿਸਦਾ ਹੈ, ਪਰ ਅੰਦਰਲੀ ਅਸਲ ਹਕੀਕਤ ਇਹ ਹੈ ਕਿ ਪੰਥ ਉੱਪਰ ਖ਼ੁਦਾ ਦਾ ਕਰਮ (ਬਖ਼ਸ਼ਸ਼) ਹੋਇਆ ਹੈ ਕਿਉਂਕਿ ਸਾਨੂੰ ਇਸ ਖ਼ੂਨੀ ਤੇ ਕੂੜੀ ਦੀਵਾਰ ਨੂੰ ਢਾਹੁਣ ਵਾਲੀ ਸਿੱਖੀ ਦੀ ਨੀਂਹ ਆਪਣੇ ਸਿਰਾਂ ’ਤੇ ਉਸਾਰਨ ਦਾ ਮੌਕਾ ਮਿਲਿਆ ਹੈ । ਸ਼ਹੀਦਾਨਿ-ਵਫ਼ਾ ਦੇ ਲਫ਼ਜ਼ ਹਨ, ‘ਦੀਵਾਰ ਕੇ ਦਬਾਉ ਸੇ, ਜਬ ਹਬਸਿ ਦਮ ਹੂਆ । ਦੌਰਾਨਿ ਖ਼ੂਨ ਰੁਕਨੇ ਲੱਗਾ, ਸਾਂਸ ਕਮ ਹੂਆ । ਫ਼ੁਰਮਾਏ ਦੋਨੋ ਹਮ ਪੇ, ਬ-ਜ਼ਾਹਰ ਸਿਤਮ ਹੂਆ । ਬਾਤਨ ਮੇਂ ਪੰਥ ਪਰ, ਯਹ ਖ਼ੁਦਾ ਕਾ ਕਰਮ ਹੂਆ । ਸੌ ਸਾਲ ਔਰ ਜੀਅ ਕੇ, ਮਰਨਾ ਜ਼ਰੂਰ ਥਾ । ਸਰ ਕੌਮ ਸੇ ਬਚਾਨਾ, ਯਹ ਗੈਰਤ ਸੇ ਦੂਰ ਥਾ । ਗੱਦੀ ਸੇ ਤਾਜ਼ੋ ਤਖ਼ਤ, ਬਸ ਅਬ ਕੌਮ ਪਾਏਗੀ । ਦੁਨੀਆ ਮੇਂ ਜ਼ਾਲਮੋ ਕਾ, ਨਿਸ਼ਾ ਤਕ ਮਿਟਾਏਗੀ ।’
ਇਤਿਹਾਸ ਤਾਂ ਬੋਲਦਾ ਹੈ ਕਿ ਕਾਜ਼ੀਆਂ ਦੀ ਉਸਾਰੀ ਉਹ ਪੱਕੀ ਦੀਵਾਰ ਉਦੋਂ ਹੀ ਢਹਿ ਢੇਰੀ ਹੋਈ ਤੇ ਸਾਹਿਬਜ਼ਾਦੇ ਬੇਹੋਸ਼ ਹੋ ਕੇ ਡਿੱਗ ਪਏ। ਅਗਲੀ ਸਵੇਰ ੧੩ ਪੋਹ (੧੨ ਦਸੰਬਰ ੧੭੦੫) ਨੂੰ ਫਿਰ ਪੇਸ਼ੀ ਹੋਈ । ਗੁਰੂ ਕੇ ਲਾਲਾਂ ਦੇ ਅਡੋਲ ਰਹਿਣ ’ਤੇ ਜਲਾਦਾਂ ਨੇ ਉਨ੍ਹਾਂ ਨੂੰ ਆਪਣੇ ਗੋਡਿਆਂ ਹੇਠ ਦਬਾ ਕੇ ਛੁਰੇ ਨਾਲ ਬੱਕਰੇ ਵਾਂਗ ਕੋਹ-ਕੋਹ ਕੇ ਕਤਲ ਕੀਤਾ । ਪ੍ਰਚੀਨ ਪੰਥ ਪ੍ਰਕਾਸ਼ ਦਾ ਕਰਤਾ ਸ੍ਰ. ਰਤਨ ਸਿੰਘ ਭੰਗੂ ਲਿਖਦਾ ਹੈ, ‘ਸੁਨ ਨਵਾਬ ਯੋਂ ਸੁਖਨ ਉਚਾਰੇ । ਹੈਂ ਇਹ ਲਰਕੇ ਜ਼ਿਬ੍ਹਾ ਕਰਨੇ ਵਾਲੇ । ਹੁਤੋ ਉਹਾਂ ਤੋ, ਛੁਰਾ ਇੱਕ ਵਾਰੋ । ਦੈ ਗੋਡੇ ਹੇਠ, ਜ਼ਿਬ੍ਹਾ ਕਰ ਡਾਰੋ । ਤੜਫ ਤੜਫ ਗਈ ਜ਼ਿੰਦ ਉਡਾਏ । ਇਮ ਸ਼ੀਰਖੋਰ ਦੋਇ, ਗਏ ਕਤਲਾਇ ।’
ਇਸ ਲਈ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਟਾਲੇ ਦੀ ਕੰਧ ਤੇ ਸਰਹਿੰਦ ਦੀ ਦੀਵਾਰ ਸਾਡੇ ਲਈ ਪੂਜਣਯੋਗ ਨਹੀਂ ਬਲਕਿ ਇੱਕ ਯਾਦਗਰੀ ਚੈਲੰਜ ਹਨ । ਉਹ ਇਹ ਕਿ ਗੁਰਸਿੱਖ ਨੇ ਪਹਿਲਾਂ ਤਾਂ ‘ਕਿਵ ਕੂੜੈ ਤੁਟੈ ਪਾਲਿ ?’ ਦੇ ਸੁਆਲ ਨੂੰ ਆਪਣੇ ਅੰਦਰ ਖੜ੍ਹਾ ਕਰਦਿਆਂ ਹਉਮੈ ਦੀ ਕੰਧ ਤੋੜ ਕੇ ‘ਸਚਿਆਰ’ ਹੋਣਾ ਹੈ। ਫਿਰ ਜਿੱਥੇ ਵੀ ਮਨੁੱਖ-ਮਨੁੱਖ ਦੇ ਦਰਮਿਆਨ ਜਾਂ ਮਨੁੱਖ ਤੇ ਰੱਬ ਦੇ ਦਰਮਿਆਨ ਕੋਈ ਵਿੱਥ ਪਾਊ ਦੀਵਾਰ ਖੜ੍ਹੀ ਹੋਵੇ, ਉੱਥੇ ਹੀ ਉਸ ਨੂੰ ਤੋੜਨ ਲਈ ਸੰਘਰਸ਼ਸ਼ੀਲ ਹੋਣਾ ਹੈ । ਹਾਕਮ ਸ਼੍ਰੇਣੀ ਦੇ ਹੱਥ-ਠੋਕੇ ਬਣੇ ਪੁਜਾਰੀਆਂ ਦੇ ਤਾਲਿਬਾਨੀ ਫ਼ਤਵਿਆਂ ਤੋਂ ਨਹੀਂ ਡਰਨਾ ਤੇ ਜਿਹੜਾ ਵੀ ਸੱਜਣ ਬਿਪਰਵਾਦੀ ਕੂੜੀ ਦੀਵਾਰ ਨੂੰ ਤੋੜਨ ਦਾ ਹੰਭਲਾ ਮਾਰਦਾ ਹੈ, ਉਸ ਦਾ ਸਾਥ ਦੇਣਾ ਹੈ । ਸਮਾਜ ਨੂੰ ਫਸਾਦੀ ਝਗੜਿਆਂ ਤੋਂ ਬਚਾਉਣ ਲਈ ਸਾਹਿਬਜ਼ਾਦਿਆਂ ਦੀ ਤਰਜ਼ ’ਤੇ ਪ੍ਰਚਾਰਦੇ ਰਹਿਣਾ ਹੈ-‘ਬਾਜ਼ ਆਉ ਸ਼ਰ ਸੇ, ਹਿੰਦੂ ਮੁਸਲਿਮ ਹੋ, ਸਿੱਖ ਹੋ। ਪੰਡਿਤ ਹੋ, ਮੌਲਵੀ, ਗ੍ਰੰਥੀ ਜਾਂ ਕੋਈ ਹੋਰ ਹੋ।’ ਕਿਉਂਕਿ ਬਿਪਰਵਾਦੀ ਧਾਰਮਕ ਆਗੂਆਂ ਤੇ ਬਾਬਰੀ-ਸੋਚ ਦੇ ਵਾਰਸ ਰਾਜਨੀਤਕਾਂ ਵੱਲੋਂ ਸਿੱਖ-ਮਾਰੂ ਯਤਨ ਹੁੰਦੇ ਹੀ ਰਹਿਣੇ ਹਨ । ਉਹ ਨਹੀਂ ਚਾਹੁੰਦੇ ਕਿ ਸੰਸਾਰ ਵਿੱਚ ਗੁਰਬਾਣੀ ਦਾ ਚਾਨਣ ਫੈਲੇ । ਸਮਾਜਕ ਭਾਈਚਾਰਾ ਗੁਰਬਾਣੀ ਵਿਚਾਰ ਕੇ ਜਾਗਰੂਕ ਹੋਵੇ।
ਅਸਲ ਵਿੱਚ ਇਹੀ ਕਾਰਨ ਹੈ ਕਿ ਗੁਰਬਾਣੀ ਪ੍ਰੇਮੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਹੋਰ-ਹੋਰ ਕਈ ਗ੍ਰੰਥ ਸਿਖੀ ਦੇ ਵਿਹੜੇ ਵਿੱਚ ਸੁੱਟੇ ਜਾ ਰਹੇ ਹਨ । ਪ੍ਰਤੱਖ ਤੌਰ ’ਤੇ ਗੁਰੂ-ਬੇਅਦਬੀ ਮੰਦਭਾਗੇ ਕਾਂਡ ਵਾਪਰ ਰਹੇ ਹਨ । ਪੰਜਾਬ ਦੇ ਹੋਰ ਸਾਰੇ ਮਸਲੇ ਭੁੱਲ ਕੇ ਕੇਵਲ ਗੁਰੂ-ਬੇਅਦਬੀ ਦੀ ਰੋਕ-ਥਾਮ ਲਈ ਮੋਰਚੇ ਲਾਉਣੇ ਪੈ ਰਹੇ ਹਨ । ਸਿੱਖ ਸੰਗਤਾਂ ਨੂੰ ਚੜ੍ਹਦੀਕਲਾ ਟਾਈਮ ਟੀ. ਵੀ. ਰਾਹੀਂ ਘਰੀਂ ਬੈਠਿਆਂ ਮਿਲ ਰਹੀ ਗੁਰਬਾਣੀ ਦੀ ਸੰਥਿਆ ਨੂੰ ਵੀ ਬੰਦ ਕਰਾਉਣ ਲਈ ਨਾਕਾ-ਬੰਦੀ ਕੀਤੀ ਜਾ ਰਹੀ ਹੈ । ਗੁਰੂ ਨਾਨਕ ਸਾਹਿਬ ਦਾ ਸਮਕਾਲੀ ਚਲਾਕ ਬ੍ਰਾਹਮਣ ਗ਼ੁਲਾਮ ਸੀ । ਇਸ ਲਈ ਉਸ ਵੇਲੇ ਉਹ ਡਰਦਾ ਹੋਇਆ ‘ਬਟਾਲੇ’ ਦੀ ਕੰਧ ਸੁੱਟਣ ਵਰਗੀਆਂ ਲੁਕਵੀਂ ਚਾਲ ਚੱਲਦਾ ਸੀ, ਪਰ ਹੁਣ ਉਹ ਸੱਤਾਧਾਰੀ ਹੈ । ਇਹੀ ਕਾਰਨ ਹੈ ਕਿ ਜੂਨ ੧੯੮੪ ਤੋਂ ਗੁਰੂ-ਨਾਨਕ ਵਿਚਾਰਧਾਰਾ ’ਤੇ ਉਹ ਸਿੱਧੇ ਹਮਲੇ ਕਰ ਰਿਹਾ ਹੈ। ਇਸੇ ਤਰ੍ਹਾਂ ‘ਸਰਹਿੰਦ ਦੀ ਦੀਵਾਰ’ ਪਿੱਛੇ ਖੜ੍ਹਾ ਕਾਜ਼ੀ ਗੁਰੂ-ਕਾਲ ਵੇਲੇ ਸੱਤਾਧਾਰੀ ਸੀ । ਜਿਸ ਕਰ ਕੇ ਉਹ ਸੁਆਰਥੀ ਬ੍ਰਾਹਮਣਾਂ ਤੇ ਖਤ੍ਰੀਆਂ ਨੂੰ ਹੱਥ-ਠੋਕੇ ਬਣਾ ਕੇ ਨਾਨਕ-ਪੰਥੀਆਂ ’ਤੇ ਸਿੱਧੇ ਹਮਲੇ ਕਰਦਾ ਸੀ, ਪਰ ਹੁਣ ਉਹ ਭਾਰਤ ਵਿੱਚ ਬ੍ਰਾਹਮਣ ਦੀ ਗ਼ੁਲਾਮੀ ਅਧੀਨ ਛੁਪਵੀਂਆਂ ਚਾਲਾਂ ਚੱਲ ਰਿਹਾ ਹੈ।
ਪੂਰਬੀ ਬ੍ਰਾਹਮਣ ਤੇ ਪੱਛਮੀ ਕਾਜ਼ੀ (ਪਾਦਰੀ) ਦੀ ਮਿਲੀਭੁਗਤ ਨਾਲ ਕੀਤੀ ਹੱਦ-ਬੰਦੀ ਤੇ ਰਾਜਨੀਤਕ ਆਗੂਆਂ ਦੀ ਨਾਲਾਇਕੀ ਨਾਲ ਸਿੱਖ ਕੌਮ ਅਤੇ ਸਤਿਗੁਰਾਂ ਦੇ ਨਾਂ ’ਤੇ ਵੱਸਿਆ ਪੰਜਾਬ ਉਪਰੋਕਤ ਕਿਸਮ ਦੀਆਂ ਦੋਹਾਂ ਦੀਵਾਰਾਂ ਵਿੱਚ ਫਸਿਆ ਦਮ ਘੁਟ ਰਿਹਾ ਹੈ। ਹਮਲਾ ਭਾਰਤੀ ਹਿੰਦੋਸਤਾਨ ਕਰੇ ਜਾਂ ਪਾਕਿਸਤਾਨ, ਮਰਦੀ ਹੈ ਸਿੱਖ ਕੌਮ । ਸੰਨ ੨੦੧੬ ਵਿੱਚ ਅਸੀਂ ਸਾਰਿਆਂ ਵੇਖਿਆ ਕਿ ਕਸ਼ਮੀਰ ਤੇ ਗੁਜਰਾਤ ਤੋਂ ਰਾਜਸਥਾਨ ਤੱਕ ਹੱਦ ’ਤੇ ਕੋਈ ਜੰਗੀ ਹਲਚਲ ਨਾ ਹੋਈ, ਪਰ ਭਾਰਤ ਸਰਕਾਰ ਨੇ ਆਪਣੇ ਹੱਥ-ਠੋਕੇ ਮੁਖ ਮੰਤਰੀ ਰਾਹੀਂ ਪੰਜਾਬੀ ਕਿਸਾਨਾਂ ਦੇ ਦਰਜਨਾਂ ਪਿੰਡ ਉਜਾੜ ਦਿੱਤੇ ਤੇ ਉਨ੍ਹਾਂ ਦੀਆਂ ਫ਼ਸਲਾਂ ਵੀ ਤਬਾਹ ਕਰਵਾ ਦਿੱਤੀਆਂ। ਇਹੀ ਕਾਰਨ ਹੈ ਕਿ ਸਿੱਖੀ ਦੇ ਹਮਦਰਦ ਪੰਜਾਬੀ ਕਈ ਸਾਲਾਂ ਤੋਂ ਆਪਣੇ ਬਚਾਅ ਲਈ ਬਾਰਡਰ ’ਤੇ ਖੜ੍ਹੇ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੀਆਂ ਅਰਦਾਸਾਂ ਕਰਦੇ ਆ ਰਹੇ ਹਨ ਕਿਉਂਕਿ ਉਹ ਹੱਦ-ਬੰਦੀ ਦੀ ਦੀਵਾਰ ਨਹੀਂ ਚਾਹੁੰਦੇ । ਮੇਰਾ ਖ਼ਿਆਲ ਹੈ ਕਿ ਸਿੱਖਾਂ ਦੀ ਸੰਗਤੀ ਅਰਦਾਸ ਵਿਚਲੇ ‘ਸ੍ਰੀ ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ਼ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ’ ਲਫ਼ਜ਼ਾਂ ਵਿੱਚ ਵੀ ਉਪਰੋਕਤ-ਭਾਵ ਹੀ ਛੁਪਿਆ ਹੋਇਆ ਹੈ । ਇਸੇ ਲਈ ਸੰਸਾਰ-ਭਰ ਵਿੱਚ ਹਰੇਕ ਗੁਰਸਿੱਖ ਹਰੇਕ ਜਗ੍ਹਾ ਅਕਾਲ ਪੁਰਖ ਪਾਸੋਂ ਉਪਰੋਕਤ ਮੰਗ ਕਰਦਾ ਆ ਰਿਹਾ ਹੈ। ਭਾਵੇਂ ਕਿ ਹੁਣ ਪਾਕਿਸਤਾਨ ਸਰਕਾਰ ਨੇ ਉਥੋਂ ਦੇ ਗੁਰਦੁਆਰਿਆਂ ਦੀ ਸੇਵਾ-ਸੰਭਾਲ਼ ਦੀ ਜ਼ਿੰਮੇਵਾਰੀ ਲੰਡਨ ਦੇ ਸਿੰਘਾਂ ਨੂੰ ਸਉਂਪੀ ਹੋਈ ਹੈ ।
ਇਸ ਲਈ ਲੋੜ ਤਾਂ ਹੁਣ ਇਹ ਹੈ ਕਿ ਗੁਰਦੁਆਰਿਆਂ ਦੇ ਵਾਰਸ ਅਖਵਾਉਣ ਵਾਲ਼ੇ ਹੋਸ਼ ਵਿੱਚ ਆਉਣ ਤੇ ਸਮੇਂ ਦੀ ਨਜ਼ਾਕਤ ਨੂੰ ਪਛਾਨਣ । ਅੰਤ ਵਿੱਚ ਮੈਂ ਆਪਣੇ ਵਿਦਿਆ-ਦਾਤਾ ਪੰਥ-ਦਰਦੀ ਪ੍ਰਿੰਸੀਪਲ ਹਰਿਭਜਨ ਸਿੰਘ (ਭਾਈ ਸਾਹਿਬ) ਜੀ ਵੱਲੋਂ ਸਿੱਖ ਕੌਮ ਨੂੰ ਜਗਾਉਣ ਲਈ ‘ਹਲੂਣਾ’ ਸਿਰਲੇਖ ਹੇਠ ਲਿਖੀ ਇੱਕ ਕਵਿਤਾ ਦੇ ਚੰਦ ਬੋਲ ਸਾਂਝੇ ਕਰ ਕੇ ਲੇਖ ਦੀ ਸਮਾਪਤੀ ਕਰਦਾ ਹਾਂ ਕਿਉਂਕਿ ਇਹ ਕਾਵਿਕ ਤੁਕਾਂ ਉਹ ਹਰੇਕ ਸਟੇਜ ਤੋਂ ਉਹੀ ਜੋਸ਼ੀਲੇ ਢੰਗ ਨਾਲ ਸੁਣਾਇਆ ਕਰਦੇ ਹਨ । ਸ਼ੇਅਰ ਅਰਜ਼ ਹੈ, ‘ਐ ਪੰਥ ਖ਼ਾਲਸਾ ! ਹੋਸ਼ ਮੇਂ ਆ, ਔਰ ਨਬਜ਼ ਪਹਿਚਾਨ ਜ਼ਮਾਨੇ ਕੀ । ਯਾਂ ਹਰ ਕੋਈ ਅਪਨੇ ਦਾਉ ਪੇ ਹੈ, ਸਚ ਬਾਤ ਕਹੂੰ ਸਮਝਾਨੇ ਕੀ । ਅਬ ਜੋਸ਼ਿ ਪੰਥ ਖ਼ਾਮੋਸ਼ ਨਾ ਰਹਿ, ਗੈਰੋਂ ਨੇ ਤੇਰਾ ਘਰ ਲੂਟ ਲੀਆ। ਇਨ ਲੰਪਟ ਚੋਰ ਲੁਟੇਰੋਂ ਕੋ, ਤੁਝੇ ਗਰਜ਼ ਹੈ ਸਬਕ ਸਿਖਾਨੇ ਕੀ।’