ਇੱਕ ਵੀ, ਲੱਖ ਪਿਆਰਿਆ।
– ਗੁਰਪ੍ਰੀਤ ਸਿੰਘ (USA)
ਮਿੱਤਰਾ, ਇਹ ਕੀ ਰਾਸ ਰਚਾਈ ਏ,
ਹਰ ਵੇਲੇ ਤੱਕਦਾ ਚੀਜ਼ ਪਰਾਈ ਏ,
ਕਿਉਂ ਨਾ ਵੇਖੇ ਹਰ ਪਾਸੇ ਉਸ ਨੂੰ ?
ਜਿਸ ਨੇ ਨੇਤਰਾਂ ’ਚ ਜੋਤ ਟਕਾਈ ਹੈ।
……………
ਰਾਤੀਂ ਲੈਂਦੇ ਸੇਜ ਹੁਲਾਰੇ ਹੋ,
ਦਿਨ ਨੂੰ ਲਗਦੇ ਕਾਰੇ ਹੋ,
ਲਗਦੇ ਹੋ ਤੁਸੀਂ ਥੱਕੇ-ਥੱਕੇ,
ਐਵੇਂ ਕਿਉਂ ਮਰਦੇ ਪਿਆਰੇ ਹੋ ?
……………
ਕਿਉਂ ਬੁਣਦਾ ਤਾਣਾ-ਬਾਣਾ ਏ ?
ਕੀ ਲੈ ਆਇਆ ਸੀ ਤੇ ਕੀ ਲੈ ਜਾਣਾ ਏ ?
ਮਰਨਾ ਸੱਚ, ਜਿਊਣਾ ਝੂਠ ਹੈ,
ਇਹ ਹੀ ਉਸ ਦਾ ਭਾਣਾ ਹੈ।
…………..
ਇੱਕੋ ਥਾਂ ਦੇ ਅਸੀਂ ਹਾਂ ਜਾਏ,
ਭਿੰਨ-ਭਿੰਨ ਸ਼ਕਲਾਂ ਵਿੱਚ ਹਾਂ ਆਏ,
ਵੱਖ ਨੇ ਸਾਡੀਆਂ ਕਰਮ-ਅਦਾਵਾਂ,
ਉਸ ਦੀ ਹੀ ਮਰਜ਼ੀ, ਜਿਵੇਂ ਨਚਾਏ।
……………
ਸੁੱਖ ਵਿੱਚ ਮਾਣੇ ਮੌਜਾਂ,
ਆਪਣਾ ਆਪ ਨਾ ਸਿੰਞਾਣੇ।
ਦੁੱਖ ਵਿੱਚ ਦਿੰਦਾ ਉਲਾਭੇ,
ਇਹ ਕੀ ਪਾਏ ਨੇ ਫਾਹੇ ?
ਸਿੱਕੇ ਦੇ ਹੁੰਦੇ ਨੇ ਦੋ ਪਾਸੇ,
ਕੋਣ ਸਮਝਾਵੇ ‘ਪ੍ਰੀਤ’ ਅੰਞਾਣੇ।
………………
ਪਰਾਇਆ ਕੁਝ ਨਾ ਤੱਕ ਪਿਆਰਿਆ,
ਕਿਉਂ ਖਾਂਦਾ ਕਿਸੇ ਦਾ ਹੱਕ ਪਿਆਰਿਆ ?
ਕੁਝ ਤਾਂ ਸਬਰ ਸੰਤੋਖ ਰੱਖ ‘ਪ੍ਰੀਤ’,
ਲੱਗੇਗਾ ਫਿਰ ਇੱਕ ਵੀ, ਲੱਖ ਪਿਆਰਿਆ।