ਏਹਿ ਭਿ ਦਾਤਿ ਤੇਰੀ ਦਾਤਾਰ
ਗੁਰੂ ਨਾਨਕ
ਜਿਸ ਮਨੁੱਖ ਨੂੰ ਆਪਣੀ ਜ਼ਿੰਦਗੀ ਵਿਚ ਦੁੱਖ ਜਾਂ ਵਿਕਾਰ ਨਾਲ ਕਦੇ ਟਾਕਰਾ ਨਹੀਂ ਪਿਆ, ਉਸ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਇਹ ‘ਦੁੱਖ-ਵਿਕਾਰ’ ਕੀ ਹਨ ਤੇ ਇਹਨਾਂ ਤੋਂ ਬਚਾ ਕਿਵੇਂ ਹੋ ਸਕਦਾ ਹੈ। ਅਜਿਹਾ ਮਨੁੱਖ; ਮਨੁੱਖਾ-ਜੀਵਨ ਦੇ ਅਮਲੀ ਪਹਿਲੂ ਬਾਰੇ ਕੁਝ ਨਹੀਂ ਜਾਣਦਾ।
ਪਰ ਉਞ, ਛੋਟੇ ਬਾਲ ਨੂੰ ਹੀ ਅਜਿਹੀਆਂ ਘਟਨਾਂ ਵਾਪਰਦੀਆਂ ਹਨ, ਜਿਨ੍ਹਾਂ ਕਰਕੇ ਉਸ ਦੇ ਮਨ ਵਿਚ ਕੁਝ ਇਹੋ ਜਿਹੇ ਪ੍ਰਸ਼ਨ ਉੱਠਣ ਲੱਗ ਪੈਂਦੇ ਹਨ, ‘ਮੈਂ ਡਿੱਗਦਾ ਕਿਉਂ ਹਾਂ ? ਮੈਨੂੰ ਸੱਟਾਂ ਕਿਉਂ ਲੱਗਦੀਆਂ ਹਨ ?, ਮੈਂ ਕਈ ਵਾਰੀ ਆਪਣਾ ਹੱਥ ਅੱਗ ਵਿਚ ਕਿਉਂ ਸਾੜ ਲੈਂਦਾ ਹਾਂ ?’ ਆਦਿ। ਬੱਚੇ ਦੀ ਹੱਡ-ਬੀਤੀ ਵਿਚ ‘ਦੁੱਖ-ਵਿਕਾਰ’ ਦੀ ਹੋਂਦ ਦਾ ਸੁਆਲ ਇਸ ਉੱਪਰ-ਲਿਖੇ ਤਰੀਕੇ ਨਾਲ ਪੈਦਾ ਹੁੰਦਾ ਹੈ।
ਜਿਉਂ ਜਿਉਂ ਬਾਲ ਵੱਡਾ ਹੁੰਦਾ ਹੈ, ਇਹ ‘ਦੁੱਖ-ਵਿਕਾਰ’ ਹੋਰ ਸ਼ਕਲ ਵਟਾਂਦੇ ਹਨ, ‘ਮੈਂ ਸਕੂਲ ਕਿਉਂ ਜਾਵਾਂ ?, ਖੇਡਾਂ ਕਿਉਂ ਨਾ ?, ਮੇਰੇ ਕਈ ਮਿੱਤਰ-ਸਾਥੀ ਮੇਰਾ ਗੁਆਂਢ ਛੱਡ ਕੇ ਕਿਤੇ ਹੋਰਥੇ ਕਿਉਂ ਚਲੇ ਗਏ ਹਨ ?, ਮੇਰੇ ਕਈ ਮਿੱਤਰ ਮਰ ਕਿਉਂ ਗਏ ਹਨ ?, ਮੈਂ ਕਈ ਵਾਰੀ ਬੀਮਾਰ ਕਿਉਂ ਹੋ ਜਾਂਦਾ ਹਾਂ ?’
ਜਿਉਂ ਜਿਉਂ ਉਮਰ ਵਡੇਰੀ ਹੁੰਦੀ ਹੈ, ਇਹ ਹੱਡ-ਬੀਤੀ ਹੋਰ ਸ਼ਕਲ ਵਟਾ ਲੈਂਦੀ ਹੈ, ‘ਦੁਨੀਆ ਵਿਚ ਗ਼ਰੀਬੀ ਕਿਉਂ ਹੈ ?, ਬਦੀ ਕਿਉਂ ਹੈ ?, ਉਪੱਦ੍ਰਵ ਕਿਉਂ ਹਨ ?, ਝੱਖੜ, ਹੜ੍ਹ, ਭੁਚਾਲ ਕਿਉਂ ਹਨ ?, ਕੱਕਰ ਤੇ ਗੜੇ-ਮਾਰ ਕਿਉਂ ?, ਗੱਡੀਆਂ ਤੇ ਮੋਟਰਾਂ ਦੇ ਭੇੜ ਕਿਉਂ ?, ਜਹਾਜ਼ ਕਿਉਂ ਡੁਬਦੇ ਹਨ ?, ਜੰਗ ਤੇ ਕਤਲਾਮ ਕਿਉਂ ?, ਜ਼ਿੰਦਗੀ ਵਿਚ ਚਿੰਤਾ ਫ਼ਿਕਰ ਕਿਉਂ ?, ਬੁਢੇਪਾ ਕਿਉਂ ?, ਜੁਆਨਾਂ ਤੇ ਬੱਚਿਆਂ ਨੂੰ ਮੌਤ ਕਿਉਂ ?, ਜੀਵਨ ਵਿਚ ਸਦਾ ਮੌਜਾਂ ਕਿਉਂ ਨਹੀਂ ?’
ਇਹਨਾਂ ਸਹਸਿਆਂ ਵੱਲੋਂ ਅੱਖਾਂ ਮੀਟ ਰੱਖਣ ਵਿਚ ਸੁਖ ਨਹੀਂ। ਇਹਨਾਂ ਦਾ ਟਾਕਰਾ ਹੀ ਕਰਨਾ ਪਏਗਾ। ਇਹਨਾਂ ਦੀ ਤਹਿ ਤਕ ਅੱਪੜਨ ਦਾ ਜਤਨ ਕਰਨਾ ਪਏਗਾ। ਜੀਵਨ ਦੇ ਰਾਜ਼ ਨੂੰ ਸਮਝਣਾ ਪਏਗਾ। ਜਿਸ ਵਿਚ ਇਹ ਸਾਰੇ ਹੀ ਸੁਆਲ ਆ ਜਾਣ। ਇਹ ਸਾਰਾ ਜਗਤ-ਜੀਵਨ ਇਕ ਵੱਡੀ ਇਮਾਰਤ ਹੈ। ਇਸ ਵਿਚ ਸੁੱਖ-ਦੁੱਖ, ਕਲੇਸ਼ ਤੇ ਵਿਕਾਰ ਆਦਿਕ ਸਭ ਇਸ ਇਮਾਰਤ ਦੀਆਂ ਇੱਟਾਂ, ਚੂਨਾ, ਗਾਰਾ ਆਦਿਕ ਹਨ। ਇਸ ਸਾਰੀ ਇਮਾਰਤ ਦੀ ਸਮੁੱਚੀ ਹਸਤੀ ਨੂੰ ਸਮਝਣਾ ਹੀ ਪਏਗਾ।
ਜਗਤ ਵਿਚ ‘ਦੁੱਖ-ਕਲੇਸ਼’ ਦੀ ਹੋਂਦ ਦਾ ਭੇਤ ਸਮਝਣ ਲਈ ਸਾਨੂੰ ਆਪਣਾ ਦ੍ਰਿਸ਼ਟੀ-ਮੰਡਲ ਖੁਲ੍ਹਾ ਕਰਨਾ ਪਏਗਾ। ਇੱਕ ਦੋ ਮਨੁੱਖਾਂ ਦੀ ਜ਼ਿੰਦਗੀ ਵੱਲ ਹੀ ਨਾ ਤੱਕੀਏ, ਸਗੋਂ ਸਾਰੀ ਮਨੁੱਖ-ਜਾਤੀ ਦੇ ਜੀਵਨ ਨੂੰ ਆਪਣੀ ਨਜ਼ਰ ਦੇ ਘੇਰੇ ਵਿਚ ਲਿਆਈਏ।
ਇਹ ਖ਼ਿਆਲ ਗ਼ਲਤ ਹੈ ਕਿ ਉਸ ਬੰਦੇ ਦੀ ਜ਼ਿੰਦਗੀ ‘ਆਦਰਸ਼ਕ ਜ਼ਿੰਦਗੀ’ ਹੈ. ਜਿਸ ਨੂੰ ਸਭ ਤਰ੍ਹਾਂ ਦਾ ਸੁੱਖ ਪ੍ਰਾਪਤ ਹੈ, ਕਿਉਂਕਿ ਇਹ ਗੱਲ ਅਮਲੀ ਜੀਵਨ ਵਿੱਚ ਨਹੀਂ ਮਿਲਦੀ। ਇਖ਼ਲਾਕੀ ਉੱਚਤਾ ਤੇ ਪਵਿਤਰਤਾ; ਜ਼ਿੰਦਗੀ ਦੇ ਗਹਿਣੇ ਹਨ ਤੇ ਇਹ ਗਹਿਣੇ ਘੜੀਂਦੇ ਹਨ ‘ਦੁੱਖ-ਕਲੇਸ਼’ ਦੀ ਕੁਠਾਲੀ ਵਿੱਚ। ਸਿਰਜਣਹਾਰ ਨੇ ਕਿਸੇ ਮੰਦ ਭਾਵ ਨਾਲ ਇਨਸਾਨੀ ਜੀਵਨ ਦੇ ਰਾਹ ਵਿਚ ਦੁੱਖ-ਕਲੇਸ਼ ਦੇ ਕੰਡੇ ਨਹੀਂ ਖਿਲਾਰੇ ਹਨ। ਜੇ ਆਪਣੇ ਪੈਦਾ ਕੀਤੇ ਬੰਦਿਆਂ ਨੂੰ ਦੁੱਖੀ ਰੱਖਣਾ, ਉਸ ਦੀ ਰਜ਼ਾ ਹੁੰਦੀ ਤਾਂ ਪ੍ਰਭੂ ਉਹ ਦਾਰੂ, ਉਹ ਢੰਗ ਤੇ ਉਹ ਵਸੀਲੇ ਮਨੁੱਖ ਦੀ ਪਹੁੰਚ ਵਿਚ ਨਾ ਆਉਣ ਦੇਂਦਾ, ਜੋ ਇਹਨਾਂ ਦੁੱਖ-ਕਲੇਸ਼ਾਂ ਨੂੰ ਦੂਰ ਕਰ ਦੇਂਦੇ ਹਨ ਜਾਂ ਪਰਮਾਤਮਾ; ਮਨੁੱਖ ਨੂੰ ਇਹ ਮਿੱਠੀ ਦਾਤਿ ਨਾ ਬਖ਼ਸ਼ਦਾ, ਜਿਸ ਨਾਲ ਮਨੁੱਖ ਵੱਡੇ ਤੋਂ ਵੱਡੇ ਭੀ ਹੋ ਬੀਤੇ ਕਸ਼ਟ ਭੁੱਲ ਜਾਂਦਾ ਹੈ। ‘ਚੇਤਾ-ਸ਼ਕਤੀ’ ਤੋਂ ਦੁੱਖ-ਕਲੇਸ਼ ਮਿਟ ਜਾਣੇ-ਇਹ ਇੱਕ ਉੱਚੀ ਬਖ਼ਸ਼ਸ਼ ਹੈ। ਜਦੋਂ ਕੋਈ ਸਰੀਰਕ ਪੀੜ ਇੰਨੀ ਤੇਜ਼ ਹੋ ਜਾਏ ਕਿ ਸਹਾਰੀ ਨਾ ਜਾ ਸਕੇ, ਤਾਂ ਉਸ ਪੀੜ ਦੇ ਕਾਰਨ ਮਨੁੱਖ ਬੇਹੋਸ਼ ਹੋ ਜਾਂਦਾ ਹੈ; ਤੇ ਇਸ ਤਰ੍ਹਾਂ ਉਹ ਪੀੜ ਉਸ ਨੂੰ ਪੋਹ ਨਹੀਂ ਸਕਦੀ। ਸਰੀਰ ਦੀ ਇਹ ਬਣਤਰ ਵੀ ਉਸੇ ਨੇ ਬਣਾਈ ਹੈ, ਜਿਸ ਨੇ ਇਸ ਦੇ ਰਾਹ ਵਿਚ ਦੁੱਖਾਂ ਦੀਆਂ ਔਖੀਆਂ ਘਾਟੀਆਂ ਖੜੀਆਂ ਕੀਤੀਆਂ ਹਨ ।
ਇਹ ਸਾਰੀ ਜਗਤ-ਰਚਨਾ ਖ਼ਾਸ ਨੇਮਾਂ ਅਨੁਸਾਰ ਹੈ। ਉਹਨਾਂ ਨੇਮਾਂ ਦੇ ਅੰਦਰ ਰਹਿ ਕੇ ਸਾਰੇ ਤੱਤ ਆਪੋ ਆਪਣਾ ਕੰਮ ਕਰ ਰਹੇ ਹਨ, ਤੇ ਜਗਤ ਦੀ ਕਾਰ ਠੀਕ ਹੁੰਦੀ ਜਾ ਰਹੀ ਹੈ। ਜਦੋਂ ਕਦੇ ਸਾਨੂੰ ਇਹ ਭੁਲੇਖਾ ਪੈਂਦਾ ਹੈ ਕਿ ਫਲਾਣੇ ਥਾਂ ਕਿਸੇ ਕੁਦਰਤੀ ਨੇਮ ਦਾ ਉਲੰਘਣ ਹੋ ਰਿਹਾ ਹੈ ਤਦੋਂ ਭੀ ਗਹੁ ਨਾਲ ਵੇਖਿਆਂ ਇਹ ਸਮਝ ਆ ਜਾਂਦੀ ਹੈ ਕਿ ਇੱਥੇ ਭੀ ਕੁਦਰਤਿ ਦਾ ਇਕ ਹੋਰ ਨੇਮ ਕੰਮ ਕਰ ਰਿਹਾ ਹੈ। ਮਨੁੱਖ ਨੇ ਬਹੁਤ ਦੁੱਖ-ਕਲੇਸ਼ ਇਹਨਾਂ ਕੁਦਰਤੀ ਨੇਮਾਂ ਦਾ ਉਲੰਘਣ ਕਰਕੇ ਹੀ ਸਹੇੜੇ ਹਨ। ਜਿਨ੍ਹਾਂ ਕੁਦਰਤੀ ਨੇਮਾਂ ਦੀ ਮਨੁੱਖ ਨੂੰ ਸਮਝ ਆ ਗਈ ਹੈ ਤੇ ਪਤਾ ਲੱਗ ਚੁੱਕਿਆ ਹੈ ਕਿ ਜੇ ਇਹਨਾਂ ਦੇ ਵਿਰੁੱਧ ਤੁਰਿਆ ਤਾਂ ਫਲਾਣਾ ਕਸ਼ਟ ਆ ਪਏਗਾ; ਮਨੁੱਖ ਆਪਣੇ ਤੇ ਮਨੁੱਖ-ਜਾਤੀ ਦੇ ਭਲੇ ਵਾਸਤੇ ਉਹਨਾਂ ਨੇਮਾਂ ਦੀ ਵਿਰੋਧਤਾ ਨਹੀਂ ਕਰਦਾ। ਪਰ ਮਨੁੱਖ ਨੂੰ ਅਜੇ ਸਾਰੇ ਨੇਮਾਂ ਦੀ ਸਾਰ ਨਹੀਂ ਆਈ ਤੇ ਇਹ ਆਸ ਰੱਖਣੀ ਅਯੋਗ ਤੇ ਵਿਅਰਥ ਹੈ ਕਿ ਜਿਨ੍ਹਾਂ ਨੇਮਾਂ ਦੀ ਮਨੁੱਖ ਨੂੰ ਅਜੇ ਸਮਝ ਨਹੀਂ ਆਈ, ਉਹ ਨੇਮ ਜਗਤ-ਖੇਡ ਵਿਚ ਆਪਣਾ ਕੰਮ ਹਾਲਾਂ ਬੰਦ ਕਰ ਦੇਣ। ਇਕ ਜਹਾਜ਼ ਸਮੁੰਦਰ ਵਿਚ ਡੁੱਬ ਜਾਂਦਾ ਹੈ, ਲੋਕ ਇਸ ਨੂੰ ਰੱਬ ਦਾ ਕਹਿਰ ਆਖਣ ਲੱਗ ਪੈਂਦੇ ਹਨ। ਦੋ ਗੱਡੀਆਂ ਕਿਤੇ ਭਿੜ ਕੇ ਕਈ ਜਾਨਾਂ ਦਾ ਨੁਕਸਾਨ ਹੋ ਜਾਂਦਾ ਹੈ, ਇਹ ਭੀ ਰੱਬੀ ਕ੍ਰੋਪ ਗਿਣਿਆ ਜਾਂਦਾ ਹੈ। ਪਰ ਇਹ ਸਭ ਕੁਝ ਮਨੁੱਖ ਦੀਆਂ ਆਪਣੀਆਂ ਕਮਜ਼ੋਰੀਆਂ ਦਾ ਨਤੀਜਾ ਹੈ। ਜਹਾਜ਼ ਸਮੁੰਦਰ ਦੇ ਸਾਰੇ ਖ਼ਤਰਿਆਂ ਦਾ ਟਾਕਰਾ ਕਰਨ ਜੋਗਾ ਪੱਕਾ ਨਹੀਂ ਬਣਾਇਆ ਗਿਆ, ਸਮੁੰਦਰ ਵਿਚ ਵਰਤਦੇ ਕੁਦਰਤੀ ਨੇਮ ਆਪਣਾ ਕੰਮ ਕਿਵੇਂ ਛੱਡ ਦੇਣ ? ਕਾਂਟਾ ਬਦਲਾਣ ਵਾਲਾ ਮਨੁੱਖ ਬੇ-ਪਰਵਾਹੀ ਵਿਚ ਦੋ ਗੱਡੀਆਂ ਨੂੰ ਇਕ ਹੀ ਲਾਈਨ ’ਤੇ ਲੈ ਆਵੇ, ਗੱਡੀਆਂ ਟੱਕਰਨ ਤੋਂ ਕਿਵੇਂ ਹਟ ਜਾਣ, ਤੇ ਟੱਕਰ ਲੱਗਿਆਂ ਜਾਨਾਂ ਦਾ ਨੁਕਸਾਨ ਕਿਵੇਂ ਨ ਹੋਵੇ ? ਇਸ ਤਰ੍ਹਾਂ ਤਾਂ ਪਰਮਾਤਮਾ ਨੂੰ ਬੱਸ ਇਹੀ ਕੰਮ ਟਿਕਿਆ ਰਹੇ ਕਿ ਉਹ ਮਨੁੱਖ ਦੇ ਮੂਰਖਪੁਣੇ ਤੋਂ ਪੈਦਾ ਹੋਣ ਵਾਲੇ ਦੁੱਖ-ਕਲੇਸ਼ ਨੂੰ ਰੋਕਣ ਲਈ ਸਦਾ ਕਰਾਮਾਤਾਂ ਕਰਦਾ ਰਹੇ ਤੇ ਨੇਮਾਂ ਦਾ ਉਲੰਘਣ ਕਰਦਾ ਰਹੇ। ਕੁਦਰਤੀ ਨੇਮਾਂ ਦਾ ਉਲੰਘਣ ਕੀਤਿਆਂ ਜੋ ਦੁੱਖ-ਕਲੇਸ਼ ਉਪਜਦੇ ਹਨ, ਇਹ ਸਗੋਂ ਇਨਸਾਨੀ ਭਲਾਈ ਦਾ ਹੀ ਕਾਰਨ ਬਣਦੇ ਹਨ। ਇਨਸਾਨ ਉਹਨਾਂ ਅਸੂਲਾਂ ਤੇ ਨੇਮਾਂ ਨੂੰ ਸਮਝਣ ਦੀ ਵਧੀਕ ਕੋਸ਼ਸ਼ ਕਰਦਾ ਹੈ। ਡਿੱਗ ਡਿੱਗ ਕੇ ਹੀ ਸਵਾਰ ਹੋਈਦਾ ਹੈ; ਜਦੋਂ ਮਨੁੱਖ ਕੋਈ ਨੇਮ ਤੋੜ ਕੇ ਦੁੱਖ ਸਹੇੜਦਾ ਹੈ ਤਾਂ ਅਗਾਂਹ ਵਾਸਤੇ ਵਧੀਕ ਸੁਚੇਤ ਹੋ ਜਾਂਦਾ ਹੈ, ਤੇ ਜੀਵਨ ਕਿਸੇ ਮਰਯਾਦਾ ਵਿਚ ਗੁਜ਼ਾਰਨ ਦਾ ਉੱਦਮ ਕਰਦਾ ਹੈ।
ਜਦੋਂ ਕੋਈ ਰੋਗ ਆਵੇ ਜਾਂ ਕੋਈ ਹਾਦਸਾ ਅਸਾਡੇ ਨਾਲ ਹੋ ਜਾਏ ਤਾਂ ਅਸੀਂ ਝੁਰਦੇ ਹਾਂ ਕਿ ਪਰਮਾਤਮਾ ਨੇ ਕੋਈ ਕਰਾਮਾਤ ਕਰ ਕੇ ਅਸਾਨੂੰ ਕਿਉਂ ਨਾ ਬਚਾ ਲਿਆ। ਪਰ ਸੋਚੋ ਕਿ ਜੇ ਰੱਬ ਹਰੇਕ ਜੀਵ ਨੂੰ ਹਰੇਕ ਰੋਗ ਅਤੇ ਮੁਸੀਬਤ ਤੋਂ ਕੋਈ ਉਚੇਚੀ ਕਰਾਮਾਤ ਕਰ ਕੇ ਹੀ ਬਚਾ ਲਿਆ ਕਰੇ ਤਾਂ ਜਗਤ ਦੇ ਇਸ ਸਾਰੇ ‘ਪਰਬੰਧ’ ਦਾ ਕੀ ਹਾਲ ਹੋਵੇ ? ਕੀ ਜਗਤ ਵਿਚ ਕੋਈ ਮਰਯਾਦਾ ਰਹਿ ਜਾਏ ? ਬਾਲ ਕਈ ਵਾਰੀ ਅੰਞਾਣਪੁਣੇ ਵਿਚ ਆਪਣਾ ਹੱਥ ਅੱਗ ਵਿਚ ਪਾ ਦੇਂਦੇ ਹਨ। ਜੇ ਹਰੇਕ ਬਾਲ ਦਾ ਹਰ ਥਾਂ ਹੱਥ ਸੜਨੋਂ ਪਰਮਾਤਮਾ ਬਚਾ ਲਏ, ਤਾਂ ਅੱਗ ਦੀ ਮਰਯਾਦਾ ਦਾ ਕੀ ਇਤਬਾਰ ਰਹਿ ਜਾਏ ? ਫੇਰ ਜੇ ਹਰੇਕ ਬੰਦੇ ਨੂੰ ਇਹੀ ਯਕੀਨ ਬਣ ਜਾਏ ਕਿ ਹਰੇਕ ਖ਼ਤਰੇ ਤੇ ਮੁਸੀਬਤ ਤੋਂ ਰੱਬ ਆਪੇ ਪਿਆ ਬਚਾਵੇਗਾ ਤਾਂ ਇਨਸਾਨੀ ਤਰੱਕੀ ਦਾ ਕੀ ਹਾਲ ਹੋਵੇਗਾ ? ਸਾਡੀ ਸਿਆਣਪ, ਸਾਡੀ ਚੁਸਤੀ, ਸਾਡੇ ਉੱਦਮ ਸਭ ਖ਼ਤਮ ਹੋ ਜਾਣਗੇ। ਅਸਾਂ ਫਿਰ ਆਪਣੇ ਪੈਰਾਂ ’ਤੇ ਖਲ੍ਹੋਣ ਦਾ ਕਦੇ ਜਤਨ ਹੀ ਨਹੀਂ ਕਰਨਾ, ਬੇ-ਪਰਵਾਹੀ ਨਾਲ ਗ਼ਲਤੀਆਂ ਕਰਦੇ ਫਿਰਾਂਗੇ ਤੇ ਹਰ ਥਾਂ ਕਰਾਮਾਤ ਹੋਣ ਦੀ ਆਸ ਰੱਖੀ ਬੈਠਾਂਗੇ। ਕੋਈ ਮਰੀ-ਬੀਮਾਰੀ ’ਚ ਪੈ ਜਾਏ, ਤਾਂ ਰੱਬ ਦੇ ਕ੍ਰੋਪ ਦਾ ਨਤੀਜਾ ਸਮਝਦੇ ਹਾਂ; ਪਰ ਇਹ ਸਭ ਇਨਸਾਨੀ ਜਹਾਲਤ (ਮੂਰਖਤਾ) ਦਾ ਸਿੱਟਾ ਹੁੰਦੀਆਂ ਹਨ। ਗ਼ਰੀਬੀ ਤੇ ਭੁੱਖ; ਰੱਬ ਦੇ ਮੱਥੇ ਲਾਂਦੇ ਹਾਂ, ਪਰ ਅਸਲ ਵਿਚ ਮਨੁੱਖ ਦੀ ਆਪਣੀ ਖ਼ਾਮੀ ਦਾ ਸਿੱਟਾ ਹਨ। ਉਝ ਹੈ ਇਹ ਭੀ ਰਜ਼ਾ ਵਿਚ ਤੇ ਰੱਬੀ ਪਿਆਰ ਹੀ। ਇਹ ਗ਼ਰੀਬੀ, ਮਿਹਨਤ ਤੇ ਮੁਸ਼ੱਕਤ ਹੀ ਹਨ, ਜਿਨ੍ਹਾਂ ਨੇ ਕਈ ਬੰਦਿਆਂ ਤੇ ਕੌਮਾਂ ਦੇ ਚਲਣ; ਸੋਹਣੇ ਸਾਂਚੇ ਵਿਚ ਢਾਲੇ ਹਨ। ਜਿਨ੍ਹਾਂ ਨੂੰ ਮਿਹਨਤ ਦੀ ਲੋੜ ਨਹੀਂ ਪਈ, ਉਹ ਸੁਖ-ਰਹਿਣੇ ਤੇ ਆਲਸੀ ਬਣਦੇ ਗਏ। ਸਰਦੀ ਤੇ ਰੋਗ; ਵਿਕਾਰ ਗਿਣੇ ਗਏ; ਪਰ ਸਰਦੀ ਨੇ ਘਰ ਬਣਾਣ ਦੀ ਜਾਚ ਸਿਖਾਈ, ਜਿੱਥੇ ਟੱਬਰ ਰਲ ਕੇ ਪਿਆਰ ਨਾਲ ਬੈਠਦੇ ਹਨ। ਦੁੱਖ-ਕਲੇਸ਼ ਨੇ, ਰੋਗ ਨੇ ਇਨਸਾਨੀ ਦਿਲ ਵਿਚ ਦਇਆ, ਪਿਆਰ, ਹਮ-ਦਰਦੀ ਦਾ ਜਜ਼ਬਾ ਪੈਦਾ ਕੀਤਾ, ਜਿਸ ਨੇ ਘਰ ਨੂੰ ਪਵਿਤਰ ਮੰਦਰ ਬਣਾ ਦਿੱਤਾ। ਇਨਸਾਨੀ ਬੱਚਾ ਕਿਤਨਾ ਹੀ ਚਿਰ ਅਨਾਥ ਜਿਹੀ ਹਾਲਤ ਵਿਚ ਰਹਿੰਦਾ ਹੈ, ਪਰ ਇਸ ਅਨਾਥ-ਪੁਣੇ ਨੇ ਹੀ ਕੁਦਰਤਿ ਵਿਚ ਸਭ ਤੋਂ ਉੱਚੀ ਹਸਤੀ ‘ਮਾਂ’ ਪੈਦਾ ਕਰ ਦਿੱਤੀ। ਇਨਸਾਨ ਦੇ ਬੱਚੇ ਦੀ ‘ਮਾਂ’-ਕੁਦਰਤਿ ਦਾ ਇਹ ਸਭ ਤੋਂ ਉੱਚਾ ਕਮਾਲ ਹੈ। ਬੱਚਿਆਂ ਦੀ ਇਸ ਪਰ-ਅਧੀਨਤਾ ਨੇ ਹੀ ਮਨੁੱਖ ਨੂੰ ‘ਪਿਉ’ ਬਣਾਇਆ ਹੈ, ਤੇ ਬੱਚਿਆਂ ਦੇ ਦਿਲ ਵਿਚ ‘ਘਰ’ ਦਾ ਪਿਆਰ ਪੈਦਾ ਕੀਤਾ ਹੈ। ਇਹ ਘਰ ਉਹਨਾਂ ਲਈ ਇਕ ਨਿੱਕੇ ਜਿਹੇ, ਪਰ ਸੁਚੱਜੇ ਸਕੂਲ ਦਾ ਕੰਮ ਦੇਂਦਾ ਹੈ।
ਦਰਦ-ਪੀੜ; ਮਨੁੱਖਾ-ਸਰੀਰ ਦੇ ਕਿਲ੍ਹੇ ਦਾ ਸੰਤਰੀ ਹੈ; ਜਿਸ ਤੋਂ ਬਿਨਾ ਇਹ ਕਿਲ੍ਹਾ ਸਹਿਜੇ ਹੀ ਰੋਗਾਂ ਦੇ ਹੱਥੀਂ ਜਿੱਤਿਆ ਜਾਂਦਾ। ਹਕੀਮ ਜਾਂ ਡਾਕਟਰ ਨੂੰ ਇਸ ਦਰਦ-ਪੀੜ ਕਾਰਨ ਰੋਗੀ ਦਾ ਇਲਾਜ ਕਰਨ ਵਿਚ ਬੜੀ ਸਹੁਲਤ ਹੋ ਜਾਂਦੀ ਹੈ। ਨਹੀਂ ਤਾਂ ਸਲੋਤਰੀ (ਡੰਗਰ ਡਾਕਟਰ) ਇਸ ਗੱਲੋਂ ਘਾਟੇ ਵਿਚ ਰਹਿੰਦਾ ਹੈ। ਜਿਨ੍ਹਾਂ ਰੋਗਾਂ ਵਿਚ ਮਨੁੱਖਾ ਸਰੀਰ ਦੇ ਕਿਸੇ ਖ਼ਾਸ ਅੰਗ ਵਿਚ ਸਖ਼ਤ ਦਰਦ ਹੁੰਦੀ ਹੈ, ਜੇ ਉਹ ਦਰਦ ਅਚਨਚੇਤ ਹਟ ਜਾਏ, ਤਾਂ ਸਗੋਂ ਮੌਤ ਦਾ ਖ਼ਤਰਾ ਵਧ ਜਾਂਦਾ ਹੈ, ਕਿਉਂਕਿ ਦਰਦ ਦਾ ਮੂਲ-ਕਾਰਨ ਹੈ ‘ਬੀਮਾਰੀ ਦਾ ਟਾਕਰਾ’; ਦਰਦ ਦੇ ਹਟਣ ਦਾ ਭਾਵ ਹੈ ਕਿ ਉਸ ਅੰਗ ਨੂੰ ਰੋਗ ਨੇ ਜਿੱਤ ਲਿਆ ਹੈ, ਜਿਸ ਦੇ ਟਾਕਰੇ ਦੀ ਸਰੀਰ ਅੰਦਰ ਹਿੰਮਤ ਨਹੀਂ ਰਹੀ। ਸਰੀਰਕ ਰੋਗਾਂ ਨੇ ਮਨੁੱਖ ਨੂੰ ਹਿਕਮਤ ਦੀ ਵਿੱਦਿਆ ਤੇ ਜੁਰਾਹੀ ਵਿਚ ਇੰਨਾ ਸਿਆਣਾ ਬਣਾ ਦਿੱਤਾ ਹੈ। ਕਈ ਦਵਾਈਆਂ ਐਸੀਆਂ ਲੱਭ ਪਈਆਂ ਹਨ ਜੋ ਦਰਦ ਦੇ ਟਾਕਰੇ ਤੇ ਨਸਾਂ ਨੂੰ ਬੇ-ਹਿਸ (ਅਛੋਹ) ਕਰ ਦੇਂਦੀਆਂ ਹਨ। ਇਸ ਸਰੀਰਕ ਦਰਦ ਨੇ ਹੀ ਇਨਸਾਨ ਨੂੰ ਇਹ ਸਿਖਾ ਦਿੱਤਾ ਹੈ ਕਿ ਇਸ ਦੀ ਜਾਨ ਦੇ ਲਾਗੂ ਕਿਹੜੇ ਕਿਹੜੇ ਕਾਰਨ ਮੌਜੂਦ ਹਨ, ਤੇ ਉਹਨਾਂ ਤੋਂ ਬਚਣ ਦੇ ਕਿਹੜੇ ਉਪਰਾਲੇ ਹਨ। ਸੋ, ਦੁੱਖ-ਦਰਦ ਦੀ ਹਸਤੀ ਜਗਤ ਵਿਚ ਜੀਵਾਂ ਨੂੰ ਕਿਸੇ ਨਾ ਕਿਸੇ ਪਾਸੇ ਵਲੋਂ ਉੱਚਾ ਕਰਨ ਵਾਸਤੇ ਹੈ। ਦੁੱਖ ਦਾਰੂ ਹੈ। ਦੁੱਖ-ਵਿਕਾਰ ਦੀ ਹੋਂਦ ਇਹ ਸਾਬਤ ਨਹੀਂ ਕਰਦੀ ਕਿ ਪ੍ਰਭੂ ਮਨੁੱਖ ਦੇ ਭਲੇ ਦੀ ਪਰਵਾਹ ਨਹੀਂ ਕਰਦਾ। ਦੁੱਖ-ਵਿਕਾਰ ਤਾਂ ਕਿਤੇ ਰਹੇ, ਇਹ ਭੁਚਾਲ, ਝੱਖੜ, ਹੜ੍ਹ ਤੇ ਅੱਗਾਂ ਲੱਗਣੀਆਂ-ਇਹ ਭੀ ਸਾਬਤ ਨਹੀਂ ਕਰਦੇ ਕਿ ਰੱਬ ਨਿਰਦਈ ਹੈ। ਇਹ ਸਭ ਕੁਝ ਇਹੀ ਜ਼ਾਹਰ ਕਰਦੇ ਹਨ ਕਿ ਜਗਤ ਕਿਸੇ ਨਿਯਮਾਂ ਦੇ ਅਧੀਨ ਹੈ; ਨਿਯਮ ਤੇ ਕਾਨੂੰਨ ਸਦਾ ਜੀਵਨ ਦੇ ਸਹਾਇਕ ਹਨ, ਬੇਨਿਯਮੇ ਜਗਤ ਵਿਚ ਜੀਵਨ ਅਸੰਭਵ ਹੈ।
ਕੇਤਿਆ ਦੂਖ ਭੂਖ ਸਦ ਮਾਰ॥ ਏਹਿ ਭਿ ਦਾਤਿ ਤੇਰੀ ਦਾਤਾਰ ॥੨੫॥ (ਜਪੁ)
ਛੋਟੇ ਬਾਲਾਂ ਨੂੰ ਕਿਸੇ ਰੋਗ ਵਿਚ ਦੁਖ ਪਾਂਦਿਆਂ ਵੇਖ ਕੇ ਹੈਰਾਨ ਹੋਈਦਾ ਹੈ ਕਿ ਬਾਲ ਤਾਂ ਪਰ-ਅਧੀਨ ਹਨ, ਉਹਨਾਂ ਦੀ ਖ਼ੁਰਾਕ ਪੁਸ਼ਾਕ ਆਦਿਕ ਦੀ ਜ਼ਿਮੇਵਾਰੀ ਉਹਨਾਂ ਦੇ ਆਪਣੇ ਵੱਸ ਨਹੀਂ ਹੈ, ਉਹਨਾਂ ਨੂੰ ਕਿਉਂ ਕਸ਼ਟ ਮਿਲਦੇ ਹਨ ? ਇਹ ਤਾਂ ਠੀਕ ਹੈ ਕਿ ਛੋਟੇ ਬਾਲਾਂ ਦੇ ਦੁੱਖ-ਕਸ਼ਟ ਵੇਖ ਕੇ ਵੱਡਿਆਂ ਦੇ ਦਿਲ ਵਿਚ ਦਇਆ-ਤਰਸ ਦਾ ਜਜ਼ਬਾ ਪੈਦਾ ਹੁੰਦਾ ਹੈ, ਪਰ ਛੋਟੇ ਬਾਲਾਂ ਨੂੰ ਇਸ ਵਿਚੋਂ ਕੀ ਤਸਕੀਨ (ਤਸੱਲੀ) ਹੈ ?
ਕਾਦਰ ਦੀ ਕੁਦਰਤਿ ਬੇਅੰਤ ਹੈ, ਅਸਾਡੀ ਸਮਝ ਉਸ ਦੇ ਟਾਕਰੇ ’ਤੇ ਨਿੱਕੀ ਜਿਹੀ ਹੈ, ਅਸੀਂ ਹਰੇਕ ਕੁਦਰਤੀ ਰਾਜ਼ ਨੂੰ ਸਮਝਣ ਤੋਂ ਅਸਮਰਥ ਹਾਂ; ਪਰ ਅਸਾਨੂੰ ਇਹ ਨਿਸ਼ਚਾ ਰਹਿਣਾ ਚਾਹੀਦਾ ਹੈ ਕਿ ਬੱਚਿਆਂ ਦੇ ਦੁੱਖ-ਕਲੇਸ਼ ਕਾਦਰ ਦੀ ਕਿਸੇ ਭੈੜੀ, ਬਦਲੇ ਦੀ ਨੀਯਤ ਨਾਲ ਨਹੀਂ ਹਨ। ਜੇ ਅਮੀਰਾਂ ਦੇ ਬੱਚਿਆਂ ਨੂੰ ਕੋਈ ਰੋਗ ਨਾ ਹੁੰਦੇ, ਤਾਂ ਅੱਜ ਵਲੈਤ ਵਿਚ ਬੱਚਿਆਂ ਦੇ ਰੋਗਾਂ ਵਾਸਤੇ ਇੰਨੇ ਖ਼ਰੈਤੀ ਹਸਪਤਾਲ ਨਾ ਹੁੰਦੇ। ਜਿਸ ਮਾਂ ਪਿਉ ਨੇ ਆਪਣੇ ਛੋਟੇ ਬੱਚੇ ਤੜਫਦਿਆਂ ਆਪਣੇ ਅੱਖੀਂ ਵੇਖਿਆ ਹੈ ਉਹੀ ਜਗਤ ਦੇ ਬੱਚਿਆਂ ਦੇ ਦੁੱਖ ਅਨੁਭਵ ਕਰ ਸਕਦੇ ਹਨ। ਫਿਰ, ਬੱਚੇ ਦੇ ਰੋਗ ਦੀ ਹਾਲਤ ਵਿੱਚ ਭੀ ਕੋਈ ਕੁਦਰਤੀ ਨੇਮ ਹੀ ਟੁੱਟਾ ਹੈ, ਜਿਸ ਵਿਚ ਮਾਪਿਆਂ ਦੀ ਜ਼ਿੰਮੇਵਾਰੀ ਹੈ, ਤੇ ਇਸ ਦੇ ਇਵਜ਼ ਵਿਚ ਮਾਪਿਆਂ ਨੂੰ ਕਈ ਰਾਤਾਂ ਜਾਗਣਾ ਪੈਂਦਾ ਹੈ ਤੇ ਬੱਚੇ ਦੇ ਦੁੱਖ ਨਾਲ ਦੁਖੀ ਹੋਣਾ ਪੈਂਦਾ ਹੈ। ਇਸ ਵਿਚੋਂ ਭੀ ਭਲਾਈ ਨਿਕਲਦੀ ਹੈ, ਇੱਕ ਬਾਲ ਦੀ ਪਰਵਰਿਸ਼ ਵਿਚ ਅਣਗਹਿਲੀ ਕਰਕੇ ਜੋ ਸਿੱਖਿਆ ਮਿਲਦੀ ਹੈ, ਉਹ ਦੂਜੇ ਬਾਲਾਂ ਦੀ ਪਰਵਰਿਸ਼ ਵਿਚ ਸਹਾਇਤਾ ਕਰਦੀ ਹੈ।
ਇਨਸਾਨ ਦੇ ਸਧਾਰਨ ਨਰੋਏ ਜੀਵਨ ਵਿਚ ਕਿਸੇ ਸਰੀਰਕ ਅੰਗ ਉੱਤੇ ਕਿਸੇ ਦੁੱਖ-ਪੀੜ ਦੇ ਆਉਣ ਦੀ ਸੰਭਾਵਨਾ ਨਹੀਂ ਹੁੰਦੀ। ਇਕ ਬਿਲਕੁਲ ਨਰੋਏ ਬੰਦੇ ਨੂੰ ਕਦੇ ਇਹ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਉਸ ਦਾ ਮਿਹਦਾ ਕਿਵੇਂ ਹਾਜ਼ਮੇ ਦਾ ਕੰਮ ਕਰ ਰਿਹਾ ਹੈ, ਜਿਗਰ ਕੀ ਸਹਾਇਤਾ ਕਰਦਾ ਹੈ, ਫੇਫੜੇ ਕਿਵੇਂ ਸਾਰੇ ਸਰੀਰ ਨੂੰ ਹਵਾ ਅਪੜਾ ਰਹੇ ਹਨ। ਇਹ ਸਾਰੇ ਕੰਮ ਆਪਣੇ ਆਪ ਹੋ ਰਹੇ ਹਨ, ਤੇ ਮਨੁੱਖ ਨੂੰ ਇਸ ‘ਕੁਦਰਤੀ ਚਾਲ’ ਵਿਚ ਕੋਈ ਤਕਲੀਫ਼ ਨਹੀਂ ਹੁੰਦੀ। ਜੇ ਕਿਸੇ ਅੰਗ ਵਿਚ ਕੋਈ ਪੀੜ ਉੱਠੇ, ਤਾਂ ਕਹੀਦਾ ਹੈ ਕਿ ਇਨਸਾਨੀ ਮਸ਼ੀਨ ਦੇ ਚੱਲਣ ਵਿਚ ਕਿਤੇ ਕੋਈ ਵਿਘਨ ਪੈ ਗਿਆ ਹੈ। ਪਰ ਬੱਚੇ ਜੰਮਣਾ ਭੀ ਇਕ ਕੁਦਰਤੀ ਨੇਮ ਹੈ, ਇਸ ਵਿਚ ਇਸਤ੍ਰੀ ਨੂੰ ਕਿਉਂ ਇੰਨਾ ਦੁੱਧ ਸਹਾਰਨਾ ਪੈਂਦਾ ਹੈ ? ਕੁਦਰਤਿ ਦੇ ਨੇਮ ਵਿਚ ਇਹ ਉਲੰਘਣ ਕਿਉਂ ਹੈ ?
ਪੁਰਾਣੇ ਸਮੇਂ ਵਿਚ ਲੋਕਾਂ ਨੇ ਆਦਮ ਤੇ ਹਵਾ ਦੀ ਕਹਾਣੀ ਦੇ ਕੇ ਇਸ ਨੂੰ ਰੱਬ ਦਾ ਸਰਾਪ ਪਰਗਟ ਕੀਤਾ। ਪਰ ਇਹ ਸਾਰੀ ਕਹਾਣੀ ਅਲੌਕਿਕ ਹੈ। ਹੁਣ ਕਦੇ ਕੋਈ ਸੱਪ ਗੱਲਾਂ ਨਹੀਂ ਕਰ ਸਕਿਆ, ਉਸ ਨੇ ਕਿਵੇਂ ਮਨੁੱਖ ਨੂੰ ਭਰਮਾਇਆ ਸੀ ? ਹੁਣ ਸਾਰੇ ਸੱਪ ਢਿੱਡ-ਭਾਰ ਚੱਲਦੇ ਹਨ, ਉਹ ਸੱਪ ਕਿਵੇਂ ਮਨੁੱਖ ਵਾਂਗ ਤੁਰ ਸਕਦਾ ਸੀ ? ਕੁਦਰਤਿ ਵਿਚ ਨੇਮ ਸਦਾ ਇਕਰਸ ਵਰਤੀਦੇ ਹਨ। ਇਕ ਗੱਲ ਅਸੀਂ ਰੋਜ਼ ਵੇਖਦੇ ਹਾਂ ਕਿ ਅਸੀਂ ਉਸੇ ਚੀਜ਼ ਨੂੰ ਬਹੁਤਾ ਪਿਆਰ ਕਰਦੇ ਹਾਂ, ਉਸੇ ਦੀ ਵਧੀਕ ਕਦਰ ਕਰਦੇ ਹਾਂ ਜਿਸ ਦੇ ਹਾਸਲ ਕਰਨ ਵਿਚ ਬਹੁਤੀ ਖੇਚਲ ਸਹਾਰਨੀ ਪਵੇ। ਮਾਂ ਦਾ ਆਪਣੇ ਬੱਚੇ ਨਾਲ ਪਿਆਰ ਜਗਤ ਵਿਚ ਸਭ ਤੋਂ ਉੱਚਾ ਪਿਆਰ ਮੰਨਿਆ ਗਿਆ ਹੈ; ਮਾਂ ਦਾ ਪਿਆਰ ਰੱਬੀ ਪਿਆਰ ਦਾ ਪਰਤੱਖ ਰੂਪ ਸਮਝਿਆ ਜਾਂਦਾ ਹੈ; ਮਾਂ ਰੱਬ ਦਾ ਰੂਪ ਮੰਨੀ ਜਾ ਰਹੀ ਹੈ। ਪਰ, ਮਾਂ ਸੰਬੰਧੀ ਇਹ ਉੱਚਾ ਵਲਵਲਾ ਜਗਤ ਵਿਚ ਕਿਤੇ ਵੇਖਣ ਵਿਚ ਨਾ ਆਉਂਦਾ, ਜੇ ਬੱਚੇ ਜੰਮਣੇ ਇਕ ਅਜਿਹਾ ਸਾਦਾ ਕੰਮ ਹੁੰਦਾ ਜਿਵੇਂ ਕਿਸੇ ਬਾਗ਼ ਵਿਚ ਫੁੱਲ ਪੈਦਾ ਕਰ ਲੈਣੇ। ਮਾਂ ਦਾ ਦਿਲ ਆਪਣੇ ਬੱਚੇ ਨਾਲ ਪਿਆਰ ਕਰਨ ਕਰਕੇ ਜਗਤ-ਦਿਲ ਬਣ ਜਾਂਦਾ ਹੈ। ‘ਜੀਵਣ ਸਭ ਬੱਚੇ ਮਾਵਾਂ ਦੇ’-ਇਹ ਹਰ ਮਾਂ ਆਖਦੀ ਹੈ। ਪਰ ਕੁਦਰਤੀ ਤੌਰ ’ਤੇ ਜਣੇਪੇ ਦੀ ਤਕਲੀਫ਼ ਇੰਨੀ ਨਹੀਂ ਹੁੰਦੀ, ਜਿੰਨੀ ਅੱਜ ਕੱਲ੍ਹ ਵੇਖਣ ਵਿਚ ਆ ਰਹੀ ਹੈ। ਹੁਣ ਅਸੀਂ ਜੀਵਨ ਬਣਾਉਟੀ ਬਣਾਈ ਜਾ ਰਹੇ ਹਾਂ, ਸਰੀਰਾਂ ਨੂੰ ਖੇਚਲ ਨਹੀਂ ਦੇਂਦੇ, ਸਾਦਗੀ ਦੇ ਥਾਂ ਸ਼ੌਕੀਨੀ ਵਧ ਰਹੀ ਹੈ। ਜਿਉਂ ਜਿਉਂ ਅੱਜ ਕੱਲ੍ਹ ਦੀ ਸੱਭਿਅਤਾ, ਨਜ਼ਾਕਤ ਤੇ ਸ਼ੌਕੀਨੀ ਦੇ ਅਨੁਸਾਰ ਜੀਵਨ ਬਣ ਰਹੇ ਹਨ; ਤਿਉਂ ਤਿਉਂ ਸਿੱਟਾ ‘ਸਰੀਰਕ ਕਸ਼ਟ’ ਨਿਕਲ ਰਿਹਾ ਹੈ।
ਜਗਤ ਇਕ ਮੈਦਾਨਿ-ਜੰਗ ਹੈ। ਛੋਟੇ ਛੋਟੇ ਜੀਆਂ-ਜੰਤਾਂ ਨੂੰ ਵੱਡੇ ਪਸ਼ੂ-ਪੰਛੀ ਖਾ ਰਹੇ ਹਨ। ਧਮੱਕੜਾਂ ਨੂੰ ਚਿੜੀਆਂ ਖਾ ਜਾਂਦੀਆਂ ਹਨ, ਚਿੜੀਆਂ ਨੂੰ ਬਿੱਲੀ ਮਾਰ ਲੈਂਦੀ ਹੈ, ਬਿੱਲੀ ਨੂੰ ਕੁੱਤਾ ਪਾੜ ਜਾਂਦਾ ਹੈ, ਤੇ ਕੁੱਤੇ ਦਾ ਬਘਿਆੜ ਜਾਨੀ-ਵੈਰੀ ਹੈ। ਡੰਡੀਆਂ ਨੂੰ ਸੱਪ ਹੜੱਪ ਕਰ ਲੈਂਦਾ ਹੈ, ਸੱਪ ਨੂੰ ਨਿਓਲਾ ਮਾਰ ਮੁਕਾਂਦਾ ਹੈ। ਦੁਨੀਆ ਵਿਚ ਜਿਧਰ ਧਿਆਨ ਮਾਰੋ, ਇਹੀ ਦਿੱਸੇਗਾ। ਛੋਟੇ ਜੀਆਂ ਜੰਤਾਂ ਨੂੰ ਵੱਡੇ ਮਾਰ ਮੁਕਾਂਦੇ ਹਨ। ਕਿੰਨਾ ਭਿਆਨਕ ਦ੍ਰਿਸ਼ ਹੈ ! ਕੀ ਕਾਦਰ ਦੀ ਇਹ ਸਾਰੀ ਕੁਦਰਤਿ ਬੇ-ਤਰਸ ਹੈ ?
ਅਸਲ ਗੱਲ ਇਹ ਹੈ ਕਿ ਕੁਦਰਤਿ ਦੇ ਇਸ ਜੰਗ ਨੇ ਹੀ ਧਰਤੀ ਦੇ ਸਰਦਾਰ ਮਨੁੱਖ ਨੂੰ ਧਰਤੀ ’ਤੇ ਜੀਉਣ ਦਾ ਮੌਕਾ ਦਿੱਤਾ ਹੈ, ਨਹੀਂ ਤਾਂ ਸਿਰਫ਼ ਮੁੱਖੀ ਦੀ ਪੈਦਾਇਸ਼ ਹੀ ਇਤਨੀ ਕਾਫ਼ੀ ਸੀ ਕਿ ਮਨੁੱਖ ਦਾ ਜੀਉਣਾ ਅਸੰਭਵ ਕਰ ਦੇਂਦੀ। ਇਸ ਤਰ੍ਹਾਂ ਦੀ ਮੌਤ ਕੋਈ ਭਿਆਨਕ ਮੌਤ ਭੀ ਨਹੀਂ ਹੈ, ਇਹ ਅਚਨਚੇਤ ਦੀ ਮੌਤ ਰੋਗ ਆਦਿਕ ਵਾਲੀ ਮੌਤ ਨਾਲੋਂ ਚੰਗੀ ਹੈ। ਦਰਿੰਦਿਆਂ ਤੋਂ ਬੇ-ਹੋਸ਼ੀ ਦੀ ਹਾਲਤ ਵਿਚ ਬਚ ਕੇ ਆਏ ਬੰਦੇ ਦੱਸਦੇ ਹਨ ਕਿ ਗ਼ਸ਼ੀ ਤੋਂ ਪਿਛੋਂ ਸਭ ਕੁਝ ਬਿਨਾ ਕਿਸੇ ਦੁੱਖ ਦਰਦ ਦੇ ਹੁੰਦਾ ਹੈ। ਸ਼ਿਕਾਰੀ ਜਾਨਵਰ ਆਪਣੇ ਸ਼ਿਕਾਰ ਨੂੰ ਘੱਟ ਤੋਂ ਘੱਟ ਅਜ਼ਾਬ ਦੇ ਕੇ ਮਾਰਦੇ ਹਨ, ਸ਼ੇਰ ਤੇ ਬਾਜ਼ ਸਿਰਫ਼ ਇਕੋ ਝਪਟ ਮਾਰਦੇ ਹਨ। ਹਾਂ, ਬਿੱਲੀ; ਚੂਹੇ ਨੂੰ ਦੁੱਖ ਦੇਂਦੀ ਪ੍ਰਤੀਤ ਹੁੰਦੀ ਹੈ, ਪਰ ਇਹ ਸੁਭਾਉ ਬਣਿਆ ਹੈ ਘਰਾਂ ਵਿਚ ਰਹਿਣ ਕਰਕੇ। ਘਰ ਵਿਚ ਚੰਗੀ ਖ਼ੁਰਾਕ ਮਿਲ ਜਾਣ ਕਰਕੇ ਬਿੱਲੀ ਸ਼ਿਕਾਰ ਦੀ ਖ਼ਾਤਰ ਨਹੀਂ, ਸ਼ੂਗਲ ਦੀ ਖ਼ਾਤਰ ਚੂਹੇ ’ਤੇ ਪੈਂਦੀ ਹੈ। ਇਹ ਭੀ ਜ਼ਰੂਰੀ ਨਹੀਂ ਕਿ ਚੂਹਾ ਉਸ ਵੇਲੇ ਬੜੇ ਤਸੀਹੇ ਮਹਿਸੂਸ ਕਰਦਾ ਹੈ। ਜੋ ਲੋਕ ਕਦੇ ਕਿਸੇ ਸ਼ਿਕਾਰੀ ਦੇ ਪੰਜੇ ਤੋਂ ਬਚ ਕੇ ਆਏ ਹਨ ਉਹ ਦੱਸਦੇ ਹਨ ਕਿ ਉਸ ਟਾਕਰੇ ਦੇ ਜੋਸ਼ ਵਿਚ ਕੋਈ ਤਕਲੀਫ਼ ਜਾਂ ਦੁੱਖ-ਕਲੇਸ਼ ਯਾਦ ਭੀ ਨਹੀਂ ਹੁੰਦਾ। ਪਸ਼ੂਆਂ ਵੱਲ ਵੇਖੋ; ਬੜੇ ਘੱਟ ਐਸੇ ਪਸ਼ੂ ਹਨ ਜੋ ਕਿਸੇ ਮੁਸੀਬਤ ਨੂੰ ਬਹੁਤ ਚਿਰ ਚੇਤੇ ਰੱਖ ਸਕਦੇ ਹਨ। ਇਹ ਮਨੁੱਖ ਹੀ ਹੈ ਜੋ ਆਪਣੀ ਚੇਤਾ-ਸ਼ਕਤੀ ਨਾਲ ਆਪਣੇ ਦੁੱਖ ਨੂੰ ਵਧਾ ਲੈਂਦਾ ਹੈ। ਹਰਨ ਜਾਂ ਸਹੇ ਦੇ ਪਿਛੇ ਸ਼ਿਕਾਰੀ ਲੱਗਦੇ ਹਨ, ਜੀ-ਭਿਆਣਾ ਉਹ ਦੌੜਦਾ ਹੈ ਤੇ ਉਹਨਾਂ ਦੀ ਨਜ਼ਰੋਂ ਉਹਲੇ ਹੋ ਜਾਂਦਾ ਹੈ; ਪਰ ਖ਼ਤਰਾ ਉਸ ਨੂੰ ਤੁਰਤ ਵਿਸਰ ਜਾਂਦਾ ਹੈ, ਤੇ ਉਹ ਹਰਾ ਘਾਹ ਚੁਗਣ ਵਿਚ ਰੁਝ ਜਾਂਦਾ ਹੈ। ਇਸ ਸ੍ਵੈ-ਰੱਖਿਆ ਦੇ ਜੰਗ ਨੇ ਮਨੁੱਖ ਦੇ ਅੰਦਰ ਇਕ ਹੋਰ ਉੱਚਾ ਜਜ਼ਬਾ ਪੈਦਾ ਕਰ ਦਿੱਤਾ ਹੈ, ਉਹ ਹੈ ‘ਦੂਜਿਆਂ ਦੀ ਰੱਖਿਆ ਲਈ ਜਤਨ’। ਇਸ ਜਜ਼ਬੇ ਨੇ ਪਿਆਰ, ਕੁਰਬਾਨੀ, ਹਮਦਰਦੀ ਆਦਿਕ ਗੁਣ ਪੈਦਾ ਕਰ ਦਿੱਤੇ ਹਨ।
ਹੁਣ ਤਕ ਅਸੀਂ ਸਰੀਰਕ ਦੁੱਖ-ਕਲੇਸ਼ਾਂ ਦਾ ਹੀ ਫ਼ਿਕਰ ਕਰਦੇ ਆਏ ਹਾਂ; ਹੁਣ ਲਵੋ ਮਾਨਸਿਕ ਪੀੜਾਂ ਨੂੰ। ਅੱਜ ਕੱਲ੍ਹ ਦੀ ਖੋਜ ਨੇ ਸਾਬਤ ਕਰ ਦਿੱਤਾ ਹੈ ਕਿ ਮਾਨਸਿਕ ਕਸ਼ਟ ਭੀ ਮਨੁੱਖ ਦੇ ਦਿਮਾਗ਼ ਵਿਚ ਉਸੇ ਤਰ੍ਹਾਂ ਅਸਰ ਕਰਦੇ ਹਨ ਜਿਵੇਂ ਸਰੀਰਕ ਦੁੱਖ; ਸਗੋਂ ਮਾਨਸਿਕ ਦੁੱਖ ਵਧੀਕ ਖ਼ਤਰਨਾਕ ਹੁੰਦੇ ਹਨ। ਸਰੀਰਕ ਰੋਗ ਕੋਈ ਵਿਰਲਾ ਹੀ ਹੁੰਦਾ ਹੈ ਜੋ ਮਨੁੱਖ ਨੂੰ ਉੱਕਾ ਹੀ ਨਕਾਰਾ ਕਰ ਦੇਵੇ, ਪਰ ਮਾਨਸਿਕ ਦੁੱਖ ਦਿਮਾਗ਼ੀ ਹਾਲਤ ਖ਼ਰਾਬ ਕਰ ਦੇਂਦੇ ਹਨ। ਪਰ ਇਹ ਮਾਨਸਿਕ ਕਲੇਸ਼ ਭੀ ਭਲਾਈ ਤੋਂ ਖ਼ਾਲੀ ਨਹੀਂ ਹਨ। ‘ਸਰੀਰਕ ਦੁੱਖ’; ਦੁੱਖ ਸਹਾਰਨ ਵਾਲੇ ਬੰਦੇ ਨਾਲੋਂ ਉਸ ਦੀ ਕੌਮ ਤੇ ਦੇਸ ਵਾਸਤੇ ਵਧੀਕ ਲਾਭਦਾਇਕ ਹੁੰਦੇ ਹਨ। ਰੋਗਾਂ ਕਾਰਨ ਦਵਾਈਆਂ ਅਤੇ ਹਸਪਤਾਲ ਬਣੇ; ਸ਼ਹੀਦੀਆਂ ਨੇ ਕੌਮਾਂ ਤੇ ਦੇਸਾਂ ਨੂੰ ਜਗਾ ਦਿੱਤਾ। ‘ਮਾਨਸਿਕ ਦੁੱਖ’; ਦੁੱਖ ਸਹਾਰਨ ਵਾਲੇ ਨੂੰ ਭੀ ਲਾਭ ਦੇਂਦਾ ਹੈ, ਇਸ ਕੁਠਾਲੀ ਵਿਚੋਂ ਸੁੱਚਾ ਤੇ ਉੱਚਾ ਹੋ ਕੇ ਨਿਕਲਦਾ ਹੈ। ਮਾਨਸਿਕ ਪੀੜ ਜਾਂ ਇਖ਼ਲਾਕੀ ਰੋਗ ਦਾ ਮੂਲ ਕਾਰਨ ਖ਼ੁਦਗਰਜ਼ੀ ਹੈ। ਕਦੇ ਸਮਾਂ ਸੀ, ਜਦੋਂ ਖ਼ੁਦਗ਼ਰਜ਼ੀ ਕੋਈ ਭੈੜ ਨਹੀਂ ਸੀ ਸਮਝਿਆ ਜਾਂਦਾ। ਪਸ਼ੂ-ਪੰਛੀ, ਇਹ ਠੀਕ ਹੈ, ਆਪੋ ਆਪਣੀ ਹਸਤੀ ਕਾਇਮ ਰੱਖਣ ਵਾਸਤੇ ਖ਼ੁਦਗ਼ਰਜ਼ ਹਨ। ਪਰ ਮਨੁੱਖ ਇਸ ਹਾਲਤ ਤੋਂ ਉੱਚਾ ਹੋ ਗਿਆ ਹੈ; ਮਨੁੱਖ ਵਾਸਤੇ ਇਹ ਜ਼ਰੂਰੀ ਹੈ ਕਿ ਉਹ ਵਹੁਟੀ, ਬੱਚਿਆਂ, ਮਿੱਤਰਾਂ, ਗੁਆਂਢੀਆਂ, ਕੌਮ, ਦੇਸ ਤੇ ਸਾਰੀ ਧਰਤੀ ਵਾਸਤੇ ਜੀਵੇ। ‘ਇਨਸਾਨੀਅਤ’ ਦੀ ਸਭ ਤੋਂ ਵੱਡੀ ਨਿਸ਼ਾਨੀ ਹੀ ਇਹ ਹੈ ਕਿ ਉਹ ਦੂਜਿਆਂ ਵਾਸਤੇ ਜੀਵੇ, ਨਿਰਾ ਆਪਣੇ ਵਾਸਤੇ ਜੀਵਿਆਂ ਤਾਂ ਮੁੜ ਪਸ਼ੂਪੁਣੇ ਵਿਚ ਚਲੇ ਜਾਈਦਾ ਹੈ। ਪਰ ‘ਇਨਸਾਨੀ ਜੀਵਨ ਵਾਸਤੇ ਜੋ ਭੀ ਕੋਈ ਕੀਮਤੀ ਖ਼ਜ਼ਾਨਾ ਹੈ, ਬਿਨਾ ਕਸ਼ਟ ਸਹਾਰਨ ਤੋਂ ਨਹੀਂ ਮਿਲਿਆ, ਕਦਰ ਭੀ ਤਦੋਂ ਹੀ ਪੈਂਦੀ ਹੈ। ਆਜ਼ਾਦੀ, ਖ਼ਿਆਲ ਦੀ ਆਜ਼ਾਦੀ, ਸਾਹਿੱਤ, ਹੁਨਰ, ਰਾਗ ਹਰੇਕ ਨੇ ਇਨਸਾਨੀ ਕੁਰਬਾਨੀ ਮੰਗੀ ਹੈ; ਇਨਸਾਨੀ ਉੱਨਤੀ ਦਾ ਰਸਤਾ ਹੀ ਕੰਡਿਆਂ ਵਿਚੋਂ ਦੀ ਲੰਘਦਾ ਹੈ।