ਈਕੋ-ਸੋਸ਼ਿਲਿਸਟ ਵਿਕਾਸ ਮਾਡਲ ਲਈ ਵਾਤਾਵਰਨ ਪ੍ਰੇਮੀ ਸਿਰਜਣਗੇ ਲੋਕ ਲਹਿਰ : ਪੰਥਕ ਤਾਲਮੇਲ ਸੰਗਠਨ

0
241

ਈਕੋ-ਸੋਸ਼ਿਲਿਸਟ ਵਿਕਾਸ ਮਾਡਲ ਲਈ ਵਾਤਾਵਰਨ ਪ੍ਰੇਮੀ ਸਿਰਜਣਗੇ ਲੋਕ ਲਹਿਰ : ਪੰਥਕ ਤਾਲਮੇਲ ਸੰਗਠਨ

ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਥਕ ਤਾਲਮੇਲ ਸੰਗਠਨ ਨੇ ਵਾਤਾਵਰਨ ਪ੍ਰੇਮੀਆਂ ਦੀ ਉਹ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ ਹੈ, ਜਿਸ ਦਾ ਆਧਾਰ ਸਰਬੱਤ ਦਾ ਭਲ਼ਾ ਹੋਵੇ।  ਸੰਗਠਨ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਗੰਗਾ ਜਮੁਨਾ, ਸਤਲੁਜ, ਕਾਵੇਰੀ ਅਤੇ ਨਰਮਦਾ ਅੰਦਰ ਗੰਦਗੀ ਦਾ ਇਕ ਰਿਕਾਰਡ ਬਣ ਚੁੱਕਾ ਹੈ। ਨਦੀਆਂ ਦਰਿਆ ਗੰਦਗੀ ਢੋ ਢੋ ਕੇ ਥੱਕ ਚੁੱਕੇ ਹਨ। ਪਹਾੜਾਂ ਤੋਂ ਦਰਿਆਵਾਂ ਨਦੀਆਂ ਰਾਹੀਂ ਮਿਲਣ ਵਾਲਾ ਮਿਨਰਲ ਭਰਪੂਰ ਸ਼ੁੱਧ ਤੇ ਮੁਫ਼ਤ ਪਾਣੀ ਗੰਦਾ ਹੋ ਚੁੱਕਾ ਹੈ ਅਤੇ ਹੁਣ ਲੋਕ ਆਰ. ਓ. ਜਾਂ ਬੋਤਲ ਬੰਦ ਪਾਣੀ ਖਰੀਦਣ ਦੇ ਮੁਥਾਜ ਹੋ ਚੁੱਕੇ ਹਨ। ਤੌਖ਼ਲਾ ਹੈ ਕਿ ਜੇਕਰ ਅਗਲਾ ਵਿਸ਼ਵ ਯੁੱਧ ਹੁੰਦਾ ਹੈ ਤਾਂ ਉਸ ਦੀ ਵਜ੍ਹਾ ਪਾਣੀ ਹੀ ਹੋਵੇਗਾ।

ਸੰਗਠਨ ਦੀਆਂ ਵਾਤਾਵਰਨ ਅਤੇ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਸੰਸਥਾਵਾਂ ਦੇ ਮਾਹਰਾਂ ਨੇ ਕਿਹਾ ਕਿ ਮਾਲਵਾ ਖੇਤਰ ਕੈਂਸਰ, ਪੀਲ਼ੀਆ ਤੇ ਮਾਨਸਿਕ ਰੋਗਾਂ ਦਾ ਗੜ੍ਹ ਬਣ ਰਿਹਾ ਹੈ। ਦੋਆਬਾ ਅਤੇ ਮਾਝਾ ਖੇਤਰ ਵਿਚਲੇ ਪਾਣੀ ਵਿੱਚ ਵੀ ਵੱਡੀ ਮਾਤਰਾ ਵਿੱਚ ਯੂਰੇਨੀਅਮ ਤੱਤ ਦੀ ਪੁਸ਼ਟੀ ਹੋ ਚੁੱਕੀ ਹੈ। ਰਸਾਇਣਕ ਖੇਤੀ ਅਤੇ ਕੀਟਨਾਸ਼ਕਾਂ ਦੇ ਕਾਰਨ ਨਾਲ ਨਾਲ ਪਾਣੀ ਦਾ ਸੱਤਿਆਨਾਸ ਕਰਨ ਵਿੱਚ ਸਨਅਤਾਂ ਵੀ ਖ਼ਾਸ ਜ਼ਿੰਮੇਵਾਰ ਹਨ। ਸਤਲੁਜ ਦਾ ਪਾਣੀ ਪੰਜਾਬ ਵਿਚ ਪੁੱਜਦਿਆਂ ‘ਈ’ ਗਰੇਡ ਦਾ ਹੋ ਜਾਂਦਾ ਹੈ। ਬੁੱਢਾ ਨਾਲ਼ਾ ਉਦਯੋਗਾਂ ਦਾ ਜ਼ਹਿਰੀਲਾ ਕੂੜਾ ਸਤਲੁਜ ਵਿੱਚ ਸੁੱਟ ਰਿਹਾ ਹੈ। ਇਸ ਸਾਰੇ ਵਰਤਾਰੇ ਦਾ ਚਾਲਕ ਕਾਰਪੋਰੇਟ ਪੂੰਜੀਵਾਦ ਹੈ, ਜੋ ਸਮਾਜਿਕ ਪ੍ਰਬੰਧ, ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਨੂੰ ਪੈਸੇ ਨਾਲ ਮਾਪਦਾ ਹੈ, ਜਿਸ ਦਾ ਸਬੂਤ ਹੈ ਭਾਰਤ ਸਰਕਾਰ ਵੱਲੋਂ ਸੰਨ 2012 ਵਿੱਚ ਅਮਲ ਵਿੱਚ ਲਿਆਂਦੀ ਕੌਮੀ ਜਲ ਨੀਤੀ। ਜਿਸ ਨੀਤੀ ਦੀ ਸੱਤਵੀਂ ਮੱਦ ਪਾਣੀ ਦਾ ਪ੍ਰਬੰਧ ਮੁਲਕ ਦੀਆਂ ਅੰਦਰਲੀਆਂ ਜਾਂ ਬਾਹਰਲੀਆਂ ਏਜੰਸੀਆਂ ਨੂੰ ਸੌਂਪਣ ਦਾ ਸੰਕੇਤ ਦਿੰਦੀ ਹੈ। ਵਿਸ਼ਵ ਬੈਂਕ ਦੇ ਥਾਪੜੇ ਨਾਲ ਚੱਲ ਰਹੀ ਵਿਸ਼ਵ ਜਲ ਕੌਂਸਲ ਸੰਸਾਰ ਦੇ ਪਾਣੀਆਂ ਦੇ ਸੰਦਰਭ ਵਿੱਚ ਨੀਤੀ ਘਾੜਾ ਬਣਨ ਅਤੇ ਚੌਧਰ ਸੰਭਾਲਣ ਲਈ ਉਤਾਵਲੀ ਹੈ। ਪਾਣੀਆਂ ਦਾ ਮੰਡੀਕਰਨ ਵਾਲਿਆਂ ਨੂੰ ਪਾਣੀ ’ਚੋਂ ਪੈਸਾ ਨਜ਼ਰ ਆ ਰਿਹਾ ਹੈ। ਪੂੰਜੀ ਦੀ ਫ਼ਿਲਾਸਫ਼ੀ ਨੇ ਮਨੁੱਖਤਾ ਸਾਹਮਣੇ ਜੀਵਨ ਅਤੇ ਮੌਤ ਦੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।  ਯੂ. ਐਨ. ਓ. ਅਨੁਸਾਰ 2050 ਤੱਕ ਭਾਰਤ ਦੀ ਪ੍ਰਤੀ ਜੀਅ ਪਾਣੀ ਦੀ ਮੰਗ ਏਨੀ ਵਧ ਜਾਵੇਗੀ ਕਿ ਕਿਸੇ ਹਾਲਤ ਵਿੱਚ ਵੀ ਪੂਰਤੀ ਨਹੀਂ ਹੋ ਸਕੇਗੀ। ਧਰਤੀ ਦੀ ਹਿੱਕ ਡੂੰਘੀ ਪਾੜਨ ਨਾਲ ਨਿੱਤ ਵਾਤਾਵਰਨ ਲਈ ਮੁਸੀਬਤ ਖੜ੍ਹੀ ਹੋ ਰਹੀ ਹੈ। ਧਰਤੀ ਅਤੇ ਸਮੁੰਦਰ ਦੇ ਗਰਭ ਵਿੱਚ ਪ੍ਰਮਾਣੂ ਧਮਾਕੇ ਖ਼ਤਰਨਾਕ ਰੁਝਾਣ ਹਨ।

ਪੰਥਕ ਤਾਲਮੇਲ ਸੰਗਠਨ ਨੇ ਅਪੀਲ ਕੀਤੀ ਹੈ ਕਿ ਵਿਗੜਦੇ ਵਾਤਾਵਰਨ ਕਾਰਨ ਜੀਵਨ-ਮੌਤ ਦਾ ਇਹ ਮੁੱਦਾ ਸਾਡੇ ਉੱਤੇ ਇੱਕ ਅਜਿਹੀ ਲੋਕ ਲਹਿਰ ਖੜ੍ਹੀ ਕਰਨ ਦੀ ਜ਼ਿੰਮੇਵਾਰੀ ਪਾਉਂਦਾ ਹੈ ਜਿਸ ਦਾ ਏਜੰਡਾ ਕੁਦਰਤੀ ਸਰੋਤਾਂ ਦੀ ਰਾਖੀ ਹੋਵੇ। ਜਿਸ ਲਈ ਲੋਕਾਂ ਦੇ ਸ਼ਕਤੀਕਰਨ ਰਾਹੀਂ ਉਹੀ ਸਰਕਾਰਾਂ ਬਣਾਉਣੀਆਂ ਹੋਣਗੀਆਂ, ਜੋ ਸਾਡੇ ਜੀਵਨ ਨੂੰ ਜੀਊਂਦਾ ਰੱਖ ਲੈਣ ਦੇ ਯੋਗ ਹੋਣ। ਇਸ ਦੇ ਮੱਦੇ-ਨਜ਼ਰ ਇੱਕ ਲੋਕ ਲਹਿਰ ਪੰਜਾਬ ਦੇ ਦਰਿਆਵਾਂ ਦੇ ਕੰਢੇ ਵਸਦੇ ਲੋਕਾਂ ਦੇ ਸਹਿਯੋਗ ਨਾਲ ਵਕਤੀ ਤੇ ਸਿਆਸੀ ਧੜ੍ਹੇਬੰਦੀਆਂ ਨੂੰ ਲਾਂਭੇ ਕਰਦਿਆਂ ਆਰੰਭ ਕਰਨੀ ਸਮੇਂ ਦੀ ਮੁੱਖ ਮੰਗ ਹੈ, ਜਿਸ ਵਾਸਤੇ ਧਾਰਮਿਕ ਜਥੇਬੰਦੀਆਂ ਦਾ ਸਾਂਝਾ ਮੰਚ (ਪੰਥਕ ਤਾਲਮੇਲ ਸੰਗਠਨ) ਪਹਿਲਕਦਮੀ ਕਰਨ ਦਾ ਵਿਸ਼ੇਸ਼ ਯਤਨ ਕਰੇਗਾ।

ਪੰਥਕ ਤਾਲਮੇਲ ਸੰਗਠਨ

                                          ਅਕਾਲ ਹਾਊਸ , ਭਗਤਾਂ ਵਾਲਾ ਅੰਮ੍ਰਿਤਸਰ-143001

             9592093472, 9814898802, 9814921297, 9815193839, 9888353957

                                                                                05/6/2018