ਇਕ ਜੋਤ
ਸੰਸਾਰ ਦੇ ਹਰ ਸਵਾਲ ਨੂੰ ਸਮਝਣ ਲਈ ਕਿਸੇ ਗੁਰ ਦਾ ਜਾਣਨਾ ਜ਼ਰੂਰੀ ਹੁੰਦਾ ਹੈ। ਅੱਜ ਤਕ ਲਿਖਿਆ ਗਿਆ ਹਰ ਫ਼ਲਸਫ਼ਾ ਕੋਈ ਨਾ ਕੋਈ ਅਜਿਹਾ ਬੁਨਿਆਦੀ ਅਸੂਲ ਰਖਦਾ ਹੈ ਕਿ ਜਿਸ ਨੂੰ ਸਮਝਣ ਤੋਂ ਬਗੈਰ ਉਸ ਫ਼ਲਸਫ਼ੇ ਦੀ ਪੂਰੀ ਪੜਚੋਲ ਨਹੀਂ ਕੀਤੀ ਜਾ ਸਕਦੀ। ਇਹੋ ਹੀ ਗੱਲ ਮਜ਼ਹਬਾਂ ’ਤੇ ਵਰਤਦੀ ਹੈ। ਹਰ ਇਕ ਮਜ਼ਹਬ ਦਾ ਇਕ ਬਨਿਆਦੀ ਮਸਲਾ ਅਜਿਹੀ ਸੂਰਤ ਰਖਦਾ ਹੈ ਕਿ ਜਿਸ ਨੂੰ ਸਮਝਣ ਤੋਂ ਬਿਨਾਂ ਉਸ ਮਜ਼ਹਬ ਦੀ ਪੂਰੀ ਪੂਰੀ ਅਸਲੀਅਤ ਨਹੀਂ ਜਾਣੀ ਜਾ ਸਕਦੀ।
ਸਿੱਖ ਮਜ਼ਹਬ ਵੀ ਇਸੇ ਤਰ੍ਹਾਂ ਇਕ ਬੁਨਿਆਦੀ ਅਕੀਦਾ ਰੱਖਦਾ ਹੈ, ਜਿਸ ਨੂੰ ਸਮਝੇ ਤੇ ਅਪਣਾਏ ਬਿਨਾਂ ਸਿੱਖੀ ਦੀ ਸਮਝ ਨਹੀਂ ਆ ਸਕਦੀ। ਜੇ ਇਉਂ ਕਿਹਾ ਜਾਏ ਕਿ ਇਹ ਮਸਲਾ ਸਿੱਖੀ ਦਾ ਸਾਰ ਹੈ ਤਾਂ ਕੁਛ ਗ਼ਲਤ ਨਹੀਂ ਹੋਵੇਗਾ। ਉਹ ਇਹੀ ਈਮਾਨ ਹੈ ਕਿ ਸਿੱਖੀ ਵਿਚ ਗੁਰੂ ਇਕ ਮੰਨਿਆ ਹੈ, ਜਿਸ ਦੀ ਮੌਤ ਤੇ ਜੁਗਤ ਦਸਾਂ ਜਾਮਿਆਂ ਵਿਚ ਸਮੇਂ ਸਮੇਂ ਸਿਰ ਪ੍ਰਗਟ ਹੋ, ਮਨੁੱਖ ਨੂੰ ਜੀਵਨ-ਜੁਗਤ ਦੱਸਦੀ ਰਹੀ ਹੈ ਤੇ ਅੱਜ ਓਹੋ ਜੋਤ ਜੁਗਤ ਗੁਰੂ ਗ੍ਰੰਥ ਪੰਥ ਵਿਚ ਇਸਥਿਤ ਹੈ।
ਇਸ ਬੁਨਿਆਦੀ ਅਸੂਲ ਨੂੰ ਸਮਝਣਾ ਕਿਤਨਾ ਜ਼ਰੂਰੀ ਹੈ ਕਿ ਇਸ ਦਾ ਕਥਨ ਸ੍ਰੀ ਦਸਮ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖਵਾਕ ਤੋਂ ਬਚਿਤ੍ਰ ਨਾਟਕ ਵਿਚ ਇਸ ਤਰ੍ਹਾਂ ਕੀਤਾ ਹੈ :
ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥ ਅੰਗਦ ਅਮਰਦਾਸ ਪਹਿਚਾਨਾ ॥
ਅਮਰਦਾਸ ਰਾਮਦਾਸ ਕਹਾਯੋ ॥ ਸਾਧਨ ਲਖਾ; ਮੂੜ ਨਹਿ ਪਾਯੋ ॥੯॥
ਭਿੰਨ ਭਿੰਨ ਸਭਹੂੰ ਕਰਿ ਜਾਨਾ ॥ ਏਕ ਰੂਪ; ਕਿਨਹੂੰ ਪਹਿਚਾਨਾ ॥
ਜਿਨ ਜਾਨਾ; ਤਿਨ ਹੀ ਸਿਧਿ ਪਾਈ ॥ ਬਿਨੁ ਸਮਝੇ; ਸਿਧਿ ਹਾਥਿ ਨ ਆਈ ॥੧੦॥(ਬਚਿਤ੍ਰ ਨਾਟਕ)
ਹਜ਼ੂਰ ਫ਼ੁਰਮਾਂਦੇ ਹਨ-ਸਿੱਖ ਧਰਮ ਨੂੰ ਸਮਝ, ਸਿੱਧੀ ਦੀ ਪ੍ਰਾਪਤੀ ਕਰਨ ਲਈ ਬਹੁਤ ਲੋਕ ਯਤਨ ਕਰਦੇ ਹਨ, ਰਸਤੇ ਵਿਚ ਇਕ ਰੁਕਾਵਟ ਆ ਜਾਂਦੀ ਹੈ। ਗੁਰ ਸਾਹਿਬਾਨ ਦੇ ਭਿੰਨ ਭਿੰਨ ਸਰੂਪ ਦੇਖ ਕੇ ਜਗਿਆਸੂਆਂ ਦੀ ਬਹੁ-ਗਿਣਤੀ ਉਹਨਾਂ ਨੂੰ ਅੱਡ ਅੱਡ ਗੁਰੂ ਸਮਝ ਲੈਂਦੀ ਹੈ ! ਇਹ ਟਪਲਾ ਦੇਹ ਨੂੰ ਗੁਰੂ ਜਾਣਨ ਕਰਕੇ ਲਗਦਾ ਹੈ, ਪਰ ਜੋ ਗੁਰੂ ਨੂੰ ਜਾਣਦੇ ਹਨ ਉਨ੍ਹਾਂ ਨੂੰ ਇਹ ਭੁਲੇਖਾ ਨਹੀਂ ਲਗਦਾ, ਉਨ੍ਹਾਂ ਨੂੰ ਪ੍ਰਤੀਤ ਆ ਜਾਂਦੀ ਹੈ ਕਿ ਗੁਰੂ; ਜੋਤ-ਸਰੂਪ ਹੋਣ ਕਰਕੇ ਹਰ ਸਮੇਂ ਇਕ ਹੀ ਹੈ, ਦੋਹਾਂ ਦੇ ਵਟਾਂਦਰੇ ਕਰਕੇ ਇਕ ਤੋਂ ਦੋ ਨਹੀਂ ਹੁੰਦਾ। ਵਡਭਾਗੀਆਂ ਨੂੰ ਨਿਸ਼ਚਾ ਹੈ ਕਿ ਨਾਨਕ ਹੀ ਅੰਗਦ ਹੈ, ਅੰਗਦ ਹੀ ਅਮਰਦਾਸ ਤੇ ਅਮਰਦਾਸ ਹੀ ਰਾਮਦਾਸ ਹੈ। ਜਿਨ੍ਹਾਂ ਨੇ ਇਸ ਤੱਤ ਨੂੰ ਪਛਾਣਿਆ ਹੈ, ਉਹਨਾਂ ਨੂੰ ਹੀ ਸਿੱਧ ਹੱਥ ਆਈ ਹੈ। ਇਸ ਨਿਸ਼ਚੇ ਤੋਂ ਰਹਿਤ ਕੋਈ ਸਿੱਖ ਪੂਰਨ ਅਵਸਥਾ ਨੂੰ ਪ੍ਰਾਪਤ ਨਹੀਂ ਹੋ ਸਕਿਆ।
ਸ੍ਰੀ ਦਸਮ ਪਾਤਸ਼ਾਹ ਜੀ ਦਾ ਇਹ ਬਚਨ ਉਸ ਇਸ਼ਾਰੇ ਦੀ ਵਿਆਖਿਆ ਹੈ। ਜੋ ਬਾਣੀ ਨੇ ਇਹਨਾਂ ਅੱਖਰਾਂ ਵਿਚ ਦਰਸਾਇਆ ਹੈ : ‘‘ਜੋਤਿ ਓਹਾ ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ ॥’’ (ਵਾਰ ਰਾਮਕਲੀ, ਸਤਾ ਬਲਵੰਡ, ਪੰਨਾ ੯੬੬)
ਗੁਰਬਾਣੀ ਵਿਚ ਬੁਨਿਆਦੀ ਪਦਾਰਥਾਂ ਦਾ ਕਥਨ ਕਰਦਿਆਂ ਹੋਇਆਂ ੴ ਦੇ ਜੋ ਸਰੂਪ ਆਦਿ ਵਿਚ ਬਿਆਨ ਕੀਤੇ ਗਏ ਹਨ, ਉਹਨਾਂ ਵਿਚ ਇਕ ਪਦਾਰਥ ‘ਗੁਰ’ ਵੀ ਹੈ। ਮੰਨਿਆ ਇਹ ਗਿਆ ਹੈ ਕਿ ੴ (ਇਕ ਓਅੰਕਾਰ) ਜੋ ਇਕ ਤੇ ਸਤਿ ਸਰੂਪ ਹੈ, ਨਾਮ ਰੂਪ ਧਾਰ ਜਗਤ ਨੂੰ ਕਥਨ ਕਰਦਾ ਹੈ ਤੇ ਆਪਣੀ ਕਿਰਤਮ ਮਖ਼ਲੂਕ ਨੂੰ ਸਿੱਧੇ ਰਸਤੇ ’ਤੇ ਤੋਰਨ ਲਈ ਜਿਸ ਸੱਤਾ ਦੀ ਵਰਤੋਂ ਕਰਦਾ ਹੈ, ਉਸ ਦੇ ਲਈ ਸੰਕੇਤ ‘ਗੁਰ’ ਹੈ। ਜਿਸ ਤਰ੍ਹਾਂ ਪਰਮੇਸ਼ਰ ਦੀ ਹਰ ਅਦ੍ਰਿਸ਼ਟ ਕਲਾ ਜਗਤ ਵਿਚ ਆਪਣੀ ਵਰਤੋਂ ਲਈ ਦ੍ਰਿਸ਼ਟਮਾਨ ਰੂਪ ਲੈ ਲੈਂਦੀ ਹੈ, ਉਸੇ ਤਰ੍ਹਾਂ ਗੁਰ ਕਲਾ ਭੀ ਲੋੜ ਸਮੇਂ ਕਿਸੇ ਨਾ ਕਿਸੇ ਦੇਹ ਵਿਚੋਂ ਹੋ ਪ੍ਰਕਾਸ਼ਦੀ ਹੈ ਚੁਨਾਚਿ (ਭਾਵ ਇਸ ਲਈ) ਸਿੱਖੀ ਦਾ ਪੰਥ ਪ੍ਰਗਟਾਉਣ ਲਈ ਇਹ ਗੁਰ-ਜੋਤੀ ਪਹਿਲੇ ਜਿਸ ਮਨੁੱਖ-ਜਾਮੇ ਵਿਚ ਟਿਕ ਕੇ ਪ੍ਰਗਟੀ, ਉਸ ਦਾ ਮਨੁੱਖੀ ਨਾਮ ‘ਨਾਨਕ’ ਸੀ। ਉਸ ਦੇ ਰਾਹੀਂ ਗੁਰ-ਜੋਤੀ ਦਾ ਪ੍ਰਕਾਸ਼ ਹੁੰਦਾ ਤੱਕ, ਲੋਕਾਂ ਨੇ ਉਸ ਨੂੰ ‘ਗੁਰ ਨਾਨਕ’ ਕਿਹਾ, ਪਰ ਬਾਬੇ ਨੇ ਪ੍ਰਗਟ ਕਰ ਕੇ ਦੱਸ ਦਿੱਤਾ ਕਿ ਮੇਰੀ ਦੇਹ ਗੁਰੂ ਨਹੀਂ ਹੈ ਸਗੋਂ ਗੁਰੂ ਪਰਮੇਸ਼ਰ ਦੀ ਜੋਤ ਹੈ, ਜੋ ਮੈਨੂੰ ਰਾਹ ਦੱਸ ਰਹੀ ਹੈ ਤੇ ਮੈਂ ਤੁਹਾਨੂੰ ਦਰਸਾ ਰਿਹਾ ਹਾਂ : ‘‘ਤਤੁ ਨਿਰੰਜਨੁ ਜੋਤਿ ਸਬਾਈ; ਸੋ ਹੰ ਭੇਦੁ ਨ ਕੋਈ ਜੀਉ ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ਗੁਰੁ ਮਿਲਿਆ ਸੋਈ ਜੀਉ ॥’’ (ਸੋਰਠਿ, ਮਹਲਾ ੧, ਪੰਨਾ ੫੯੯)
ਗੁਰ-ਜੋਤੀ; ਮਨੁੱਖ-ਬੁੱਧੀ ਦੀ ਲੱਖਤਾ (ਪਹੁੰਚ) ਤੋਂ ਪਰੇ, ਮਾਇਆ ਰਹਿਤ ਪਰਮੇਸ਼ਰ ਦੀ ਵਿਆਪਕ ਜੋਤ ਨੂੰ ਗੁਰੂ ਹੋ ਮਿਲੀ ਹੈ। ਨਾਨਕ ਦੀ ਦੇਹ ਗੁਰੂ ਨਹੀਂ, ਗੁਰੂ ਇਕ-ਰਸ ਜੋਤ ਹੈ, ਉਸ ਦੇ ਪ੍ਰਕਾਸ਼ ਨੇ ਸੱਚੇ ਮਨੁੱਖੀ ਜੀਵਨ (ਅਸਲ ਜ਼ਿੰਦਗੀ) ਦਾ ਭੇਦ ਖੋਲ੍ਹਿਆ ਹੈ, ਜੋ ਭੁੱਲੀ ਹੋਈ ਮਨੁੱਖ ਸ਼੍ਰੇਣੀ ਨੂੰ ਸਮਝਾਣਾ ਹੈ।
ਸਮਝਾਣਾ ਨਿਰਾ ਜ਼ਬਾਨੀ ਨਹੀਂ, ਕਿਤੇ ਨਿਰਾ ਉਸ ਦੇ ਦਿਮਾਗ਼ ਵਿਚ ਹੀ ਨਾ ਰਹਿ ਜਾਵੇ, ਸਗੋਂ ਕਮਾ ਕੇ ਦਿਖਾਣਾ ਹੈ ਤਾ ਕਿ ਉਸ ਦੇ ਦਿਲ ਵਿਚ ਦ੍ਰਿੜ੍ਹ ਹੋ ਜਾਵੇ। ਹੁਣ ਇਹ ਗੱਲ ਤਾਂ ਸਪਸ਼ਟ ਹੈ ਕਿ ਮਨੁੱਖੀ ਜੀਵਨ ਦਾ ਸਾਰਾ ਭੇਦ, ਡਿੱਗੀ ਹੋਈ ਮਨੁੱਖਤਾ ਨੂੰ ਉਠਾਣ ਲਈ ਉਸ ਨੂੰ ਸਮਝਾਣਾ ਤੇ ਦ੍ਰਿੜ੍ਹ ਕਰਾਉਣ ਲਈ ਕਮਾ ਕੇ ਦਿਖਾਣਾ ਸੀ, ਜੋ ਇਕ ਮਨੁੱਖੀ ਉਮਰ ਵਿਚ ਸਿਰੇ ਚੜ੍ਹਨਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਸੀ। ਸਿੱਖ ਸਤਿਗੁਰੂ; ਯੋਗੀਆਂ ਵਾਂਗ ਲੰਬੀ ਉਮਰ ਵਧਾ ਕੇ ਆਮ ਜਨਤਾ ਨੂੰ ਹੈਰਾਨੀ ਵਿਚ ਨਹੀਂ ਸਨ ਪਾਉਣਾ ਚਾਹੁੰਦੇ ਕਿਉਂਕਿ ਕਿਸੇ ਨੂੰ ਹੈਰਾਨ ਕਰ ਕੇ ਆਪਣੇ ਪਿਛੇ ਲਾਉਣਾ ‘ਨਾਟਕ ਚੇਟਕ’ ਹੀ ਹੈ। ਉਹਨਾਂ ਦਾ ਖ਼ਿਆਲ ਸੀ ਕਿ ਅਜਿਹਾ ਕਰਨਾ ਪ੍ਰਭੂ-ਭਗਤਾਂ ਲਈ ਲੱਜਿਆ ਦਾ ਕਾਰਨ ਹੁੰਦਾ ਹੈ; ਜਿਵੇਂ ‘‘ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥’’ (ਬਚਿਤ੍ਰ ਨਾਟਕ)
ਉਹਨਾਂ ਨੇ ਕੰਮ ਨੂੰ ਅਰੰਭ ਕੀਤਾ ਤੇ ਸਿਰੇ ਚਾੜਿਆ। ਇਹ ਹਾਲਾਤਾਂ ਦਾ ਫਲ ਸੀ ਕਿ ਉਹ ਦਸ ਮਨੁੱਖੀ ਜਾਮਿਆਂ ਵਿਚ ਪੂਰਨ ਹੋ ਸਕਿਆ, ਜਿਸ ਲਈ ਜਾਮੇ ਤਾਂ ਦਸ ਹੋਏ ਪਰ ਗੁਰੂ ਆਦਿ ਅੰਤ ਇਕ ਹੀ ਰਿਹਾ : ‘‘ਆਦਿ ਅੰਤਿ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥’’ (ਚੌਪਈ)
ਮਨੁੱਖੀ ਜੀਵਨ ਦੇ ਅੱਡੋ-ਅੱਡਰੇ ਪਹਿਲੂਆਂ ਨੂੰ ਜੇ ਦੇਖਿਆ ਜਾਵੇ ਤਾਂ ਉਹਨਾਂ ਦੀ ਗਿਣਤੀ ਬਹੁਤ ਬਣਦੀ ਹੈ। ਸਿਆਣਿਆਂ ਨੇ ਮਰਯਾਦਾ ਚਲਾਉਣ ਲਈ ਜੀਵਨ ਦੇ ਤਿੰਨ ਵੱਡੇ ਭਾਗ ਕੀਤੇ ਹਨ। ਉਹ ਹਨ : ਧਾਰਮਕ, ਸਮਾਜਿਕ ਤੇ ਰਾਜਨੀਤਿਕ । ਮਨੁੱਖ, ਚੰਗੇ ਸਮਾਜ ਤੋਂ ਬਿਨਾਂ ਚੰਗਾ ਨਹੀਂ ਬਣ ਸਕਦਾ, ਉਹ ਇਕ ਭਾਈਚਾਰਕ ਵਿਅਕਤੀ ਹੈ। ਹਰ ਕੰਮ ਵਿਚ ਭਾਈਚਾਰੇ ਦੀ ਉਸ ਨੂੰ ਲੋੜ ਪੈਂਦੀ ਹੈ। ਉਸ ਦੀ ਮਦਦ ਲੈਂਦਾ ਤੇ ਕਦਮ ਕਦਮ ’ਤੇ ਉਸ ਦਾ ਮੁਥਾਜ ਹੁੰਦਾ ਹੈ। ਜੇ ਭਾਈਚਾਰੇ ਦੇ ਤਲਾਬ ਵਿਚ ਅੰਧ-ਵਿਸ਼ਵਾਸੀ ਵਹਿਮ, ਪਿਛਾਂਹ-ਖਿੱਚੂਪਣਾ, ਜਾਤ-ਪਾਤ, ਛੂਤ-ਛਾਤ ਤੇ ਰੰਗ ਦੀ ਈਰਖਾ ਦਾ ਜ਼ਹਿਰ ਘੁਲ਼ ਜਾਏ ਤਾਂ ਉਸ ਭਾਈਚਾਰੇ ਦੇ ਹਰ ਮੈਂਬਰ ਦਾ ਜੀਵਨ ਰੋਗੀ ਹੋ ਜਾਂਦਾ ਹੈ।
ਭਾਈਚਾਰੇ ਦੀ ਬੁਨਿਆਦ ਨੂੰ ਮਜ਼ਬੂਤ ਰੱਖਣ ਲਈ ਹੀ ਰਾਜਨੀਤਿਕ ਸੰਸਥਾ ਕਾਇਮ ਕੀਤੀ ਜਾਂਦੀ ਹੈ। ਜਿਸ ਦੀਆਂ ਸ਼ਕਤੀਆਂ (ਫ਼ੌਜ, ਪੁਲਿਸ ਤੇ ਕਾਨੂੰਨ) ਸਮਾਜ ਦੀ ਰਖਵਾਲੀ ਲਈ ਹੀ ਥਾਪੇ ਜਾਂਦੇ ਹਨ। ਸੋ ਜਿਸ ਨੇ ਮਨੁੱਖਤਾ ਨੂੰ ਸੰਵਾਰਨਾ ਹੈ ਉਸ ਦੇ ਲਈ ਜ਼ਰੂਰੀ ਹੈ ਕਿ ਉਹ ਇਕ ਸੁੱਚੇ ਭਾਈਚਾਰੇ ਦੀ ਬੁਨਿਆਦ ਰੱਖੇ ਤੇ ਉਸ ਦੀ ਰੱਖਿਆ ਲਈ ਪਵਿੱਤਰ ਰਾਜਨੀਤਿਕ ਨਿਜ਼ਾਮ ਕਾਇਮ ਕਰੇ, ਇਹ ਗੱਲ ਕੋਈ ਮਾਮੂਲੀ ਨਹੀਂ ਕਿ ਇਕ ਮਨੁੱਖ ਦੀ ਉਮਰ ਵਿਚ ਹੀ ਇਹ ਸਭ ਕੁਝ ਸਿਰੇ ਚੜ੍ਹ ਸਕੇ। ਇਸ ਦੇ ਲਈ ਢੇਰ ਸਮਾਂ ਦਰਕਾਰ (ਲੱਗਦਾ ਹੀ) ਹੈ। ਭਾਈਚਾਰੇ ਦੇ ਮੈਂਬਰ ਮਨੁੱਖ ਨੂੰ ਪਹਿਲਾਂ ਵਿਅਕਤੀਗਤ ਤੌਰ ’ਤੇ ਉੱਚਾ ਕਰਨਾ, ਫਿਰ ਉਹਨਾਂ ਵਿਅਕਤੀਆਂ ਦਾ ਭਾਈਚਾਰਾ ਕਾਇਮ ਕਰਨਾ ਤੇ ਉਸ ਉੱਚੇ ਭਾਈਚਾਰਕ ਨਿਜ਼ਾਮ ਨੂੰ ਕਾਇਮ ਰੱਖਣ ਲਈ ਪਵਿੱਤਰ ਰਾਜਨੀਤਿਕ ਸੰਸਥਾ ਅਸਥਾਪਨ ਕਰਨੀ।
ਜੇ ਮਨੁੱਖੀ ਜੀਵਨ ਨੂੰ ਸੰਵਾਰਨ ਦਾ ਅਜੇ (ਭਾਵ ਗੁਰੂ ਨਾਨਕ ਜੀ ਦੇ ਜਨਮ ਸਮੇਂ) ਅਰੰਭ ਹੀ ਹੋਇਆ ਹੁੰਦਾ, ਤਾਂ ਸ਼ਾਇਦ ਉਸ ਨੂੰ ਸਿੱਧੇ ਰਸਤੇ ਪਾਉਣ ਵਿਚ ਬਹੁਤ ਦੇਰ ਨਾ ਲਗਦੀ। ਕੋਰੀ ਪੱਟੀ ’ਤੇ ਸਹੀ ਅੱਖਰ ਛੇਤੀ ਲਿਖੇ ਜਾ ਸਕਦੇ ਹਨ ਪਰ ਜਿਸ ਪੱਟੀ ’ਤੇ ਕੀਚ ਮੀਚ ਦੀਆਂ ਲਕੀਰਾਂ ਵਾਹੀਆਂ ਹੋਣ, ਉਸ ਨੂੰ ਤਾਂ ਪਹਿਲਾਂ ਧੋ ਕੇ, ਸਾਫ਼ ਕਰ ਕੇ ਹੀ ਕੁਝ ਲਿਖਿਆ ਜਾ ਸਕਦਾ ਹੈ।
ਗੁਰੂ ਪ੍ਰਕਾਸ਼ ਤੋਂ ਪਹਿਲਾਂ ਮਨੁੱਖੀ ਸਮਾਜ ਹਰ ਪਹਿਲੂ ਤੋਂ ਬਹੁਤ ਥੱਲੇ ਡਿੱਗ ਚੁੱਕਾ ਸੀ। ਉਸ ਦੇ ਮਨ ਦੀ ਪੱਟੀ ਵਹਿਮਾਂ ਭਰਮਾਂ ਦੀਆਂ ਲੀਕਾਂ, ਈਰਖਾ, ਦਵੈਤ, ਸਾੜੇ ਦੇ ਦਾਗ਼ਾਂ ਤੇ ਜਬਰ, ਧੱਕਾ, ਅਨਿਆਇ ਦੀ ਸਿਆਹੀ ਨਾਲ ਕਾਲੀ ਹੋਈ ਪਈ ਸੀ। ਜਦ ਤਕ ਉਸ ਨੂੰ ਧੋਤਾ ਨਾ ਜਾਂਦਾ, ਉਸ ’ਤੇ ਕੋਈ ਨਵੀਂ ਲਿਖਤ ਨਹੀਂ ਸੀ ਲਿਖੀ ਜਾ ਸਕਦੀ। ਪਰਾਣੀ ਜਨਮ-ਜਨਮਾਤਰਾਂ ਦੀ ਸਿਆਹੀ ਨੂੰ ਧੋਣਾ ਸੌਖਾ ਨਹੀਂ ਸੀ। ਮਨੁੱਖੀ ਮਨ ਦੇ ਖੋਲੇ ਵਿਚੋਂ ਭਰਮ ਦਾ ਭੂਤ, ਦਵੈਸ਼ ਦਾ ਦਿਓ ਤੇ ਧੱਕੇ ਦਾ ਜਿੰਨ ਕੱਢਣਾ ਇਕ ਕਠਨ ਕੰਮ ਸੀ, ਜੋ ਮਿਹਨਤ ਦੇ ਨਾਲ ਨਾਲ ਵਕਤ ਵੀ ਮੰਗਦਾ ਸੀ।
ਮਨੁੱਖੀ ਜੀਵਨ ਦੇ ਤਿੰਨੇ ਪਹਿਲੂ (ਧਾਰਮਕ, ਸਮਾਜਿਕ ਤੇ ਰਾਜਨੀਤਿਕ); ਨਿਸ਼ਾਨੇ ਤੋਂ ਉਖੜ ਕੁਰਾਹੇ ਪਏ ਹੋਏ ਸਨ। ਧਰਮ ਨੂੰ ਪੁਜਾਰੀਆਂ, ਸਮਾਜ ਨੂੰ ਮਨੌਤਾਂ ਤੇ ਰਾਜਨੀਤੀ ਨੂੰ ਜਬਰ ਨੇ ਵਿਗਾੜ ਕੇ ਮਨੁੱਖੀ ਜੀਵਨ ਨੂੰ ਬੇਸੁਆਦਾ ਤੇ ਫਿੱਕਾ ਬਣਾ ਛਡਿਆ ਸੀ। ਇਹ ਰੋਗ ਏਥੋਂ ਤੱਕ ਵਧ ਗਿਆ ਸੀ ਕਿ ਕਈ ਸਿਆਣਿਆਂ ਨੇ ਸੰਸਾਰ ਨੂੰ ਹੀ ਤਿਆਗ ਦੇਣਾ ਸੁਖ ਦਾ ਸਾਧਨ ਸਮਝ ਲਿਆ ਸੀ।
ਪੁਰਾਣੇ ਸਮੇਂ ਦੇ ਫ਼ਲਸਫ਼ਿਆਂ ਦੇ ਮੁਖੀ ਵੇਦਾਂਤੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜਗਤ ਅਸਲ ਵਿਚ ਹੈ ਹੀ ਨਹੀਂ। ਮਾਰੂਥਲ ਦੀ ਚਮਕਦੀ ਹੋਈ ਰੇਤ ਦੇ ਪਾਣੀ ਅਤੇ ਹਨੇਰੇ ਵਿਚ ਪਈ ਹੋਈ ਰੱਸੀ ਦੇ ਸੱਪ ਜਾਪਣ ਵਾਂਗ ਭ੍ਰਾਂਤੀ ਕਰਕੇ ਹੀ ਭਾਸ ਰਿਹਾ ਹੈ, ਅਸਲ ਵਿਚ ਹੈ ਹੀ ਨਹੀਂ। ਉਹ ਵਿਚਾਰੇ ਕਰਦੇ ਵੀ ਕੀ ? ਸਾਰੇ ਵਰਤ ਰਹੇ ਦਸਤੂਰ ਦੇ ਉਲ਼ਟ ਖਲੋਣਾ ਕਿਹੜਾ ਸੌਖਾ ਕੰਮ ਸੀ। ਪੁਰਾਣੀਆਂ ਮਨੌਤਾਂ ਦੇ ਵਿਰੁੱਧ ਅਵਾਜ਼ ਉਠਾਉਣੀ, ਸਮਾਜਿਕ ਨਿਯਮਾਂ ਤੋਂ ਬੇਪਰਵਾਹ ਹੋ ਜਾਣਾ ਤੇ ਹਾਕਮਾਂ ਦੇ ਰਵੱਈਏ ਦਾ ਖੰਡਨ ਕਰਨਾ; ਕੋਈ ਅਸਾਨ ਗੱਲ ਨਹੀਂ ਸੀ। ਖ਼ਾਸ ਤੌਰ ’ਤੇ ਫ਼ਲਸਫ਼ੀ ਤਾਂ ਇਹ ਸਿਰ-ਦਰਦੀ ਖ਼ਰੀਦ ਹੀ ਨਹੀਂ ਸਨ ਸਕਦੇ, ਇਸ ਭਾਰੀ ਬੋਝ ਨੂੰ ਉਠਾਉਣ ਲਈ ਕੁਦਰਤ ਨੇ ਗੁਰੂ ਨਾਨਕ ਦਾ ਕੰਧਾ ਹੀ ਬਣਾਇਆ ਸੀ, ਪਰ ਇਕ ਮਨੁੱਖ-ਜਾਮੇ ਵਿਚ ਇਤਨਾ ਕੰਮ ਹੋ ਨਹੀਂ ਸੀ ਸਕਦਾ।
ਭਾਈ ਗੁਰਦਾਸ ਜੀ ਨੇ ਕਿਆ ਸੋਹਣਾ ਲਿਖਿਆ ਹੈ ਕਿ ਜਦ ਗੁਰੂ ਨਾਨਕ ਸਾਹਿਬ ਨੇ ਆਪਣਾ ਕੰਮ ਸ਼ੁਰੂ ਕਰਨ ਲਈ ਸ੍ਰਿਸ਼ਟੀ ਨੂੰ ਧਿਆਨ ਨਾਲ ਤੱਕਿਆ ਤਾਂ ਉਹ ਸੜਦੀ ਦਿਸੀ : ‘‘ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ।’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੪)
ਮਜ਼ਹਬ ਕਈ ਹਿੱਸਿਆਂ ਵਿਚ ਵੰਡਿਆ ਹੋਇਆ ਸੀ, ਜਿਨ੍ਹਾਂ ਵਿਚੋਂ ਹਿੰਦੂ ਤੇ ਮੁਸਲਮਾਨ ਦੋਹਾਂ ਦਾ ਸੰਗਰਾਮ ਇਸ ਦੇਸ਼ ਵਿਚ ਸਿਖ਼ਰ ’ਤੇ ਪੁੱਜ ਚੁੱਕਾ ਸੀ। ਉਹਨਾਂ ਦੇ ਪੁਜਾਰੀ, ਬ੍ਰਾਹਮਣ ਤੇ ਮੁੱਲਾਂ; ਆਪਣੇ ਅਭਿਆਸੀਆਂ ਨੂੰ ਖ਼ਦੀ, ਬਖੀਲੀ, ਤਕੱਬਰੀ (ਹਉਮੈ), ਖਿਚੋਤਾਣ ਤੇ ਧਿਙਾਣਾ (ਧੱਕੇਬਾਜ਼ੀ) ਸਿਖਾ ਰਹੇ ਸਨ। ਸੱਚ ਇਕ ਪਾਸੇ ਪਿਆ ਹੋਇਆ ਸੀ : ‘‘ਚਾਰਿ ਵਰਨ ਚਾਰਿ ਮਜਹਬਾ; ਜਗ ਵਿਚਿ ਹਿੰਦੂ ਮੁਸਲਮਾਣੇ। ਖੁਦੀ ਬਖੀਲਿ ਤਕਬਰੀ; ਖਿੰਚੋਤਾਣ ਕਰੇਨਿ ਧਿਙਾਣੇ।… ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ। ਸਿਰੋ ਨ ਮਿਟੇ; ਆਵਣ ਜਾਣੇ ॥੨੧॥’’ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੨੧) ਅਰ ਉਸ (ਰੱਬ) ਦੇ ਕਲਪਿਤ ਨਾਮ ‘ਰਾਮ’ ਤੇ ‘ਰਹੀਮ’ ਰੱਖ ਕੇ ਪ੍ਰਸਪਰ ਝਗੜਾ ਕੀਤਾ ਜਾ ਰਿਹਾ ਸੀ। ਦੁਨੀਆ ਦਿਆਂ ਸਾੜਿਆਂ ਤੋਂ ਤੰਗ ਆਏ ਹੋਏ ਮਨੁੱਖ ਨੇ ਜਿਨ੍ਹਾਂ ਸਰੋਵਰਾਂ ਵਿਚ ਸ਼ਾਂਤ ਹੋਣਾ ਸੀ ਉਹਨਾਂ ਵਿਚ ਹੀ ਅੱਗ ਲੱਗੀ ਹੋਈ ਸੀ। ਜਿਨ੍ਹਾਂ ਸੋਮਿਆਂ ਵਿਚ ਅੰਮ੍ਰਿਤ ਪੀ ਜੀਵਨ ਪ੍ਰਾਪਤ ਕਰਨਾ ਸੀ, ਉਹਨਾਂ ਵਿਚ ਹੀ ਜ਼ਹਿਰ ਘੁਲ਼ ਰਹੀ ਸੀ। ਇਸ ਬੁਰਾਈ ਨੂੰ ਤਾੜਿਆ ਤਾਂ ਕਈ ਸੰਤਾਂ ਨੇ ਸੀ, ਪਰ ਉਹ ਚੁੱਪ ਰਹੇ। ਪਰੋਹਤ ਜਮਾਤ ਦੇ ਗੁੱਸੇ ਤੋਂ ਹਰ ਕੋਈ ਉਹਨਾਂ ਨੂੰ ਰੋਕਣ ਦੀ ਦਲੇਰੀ ਨਹੀਂ ਸੀ ਕਰਦਾ, ਕਿਉਂਜੋ ਪਰੋਹਤਾਂ ਨੇ ਹਕੂਮਤ ਵੀ ਆਪਣੇ ਹੱਥ ਵਿਚ ਕੀਤੀ ਹੋਈ ਸੀ। ਜਿਨ੍ਹਾਂ ਅਯਾਸ਼, ਜ਼ਾਲਮ, ਅਨਿਆਈ, ਧੱਕੇ-ਖੋਰ ਬਾਦਸ਼ਾਹਾਂ ਤੇ ਮਹਾਰਾਜਿਆਂ ਨੂੰ, ਮੁਲਾਣੇ ਤੇ ਬ੍ਰਾਹਮਣ ਖ਼ੁਦਾ ਦਾ ਸਾਇਆ ਤੇ ਭਗਵਾਨ ਦਾ ਰੂਪ ਕਹਿੰਦੇ ਸਨ, ਉਹ ਇਹਨਾਂ ਦੇ ਮੰਗ ਕਰਨ ’ਤੇ ਹਰ ਉਸ ਆਦਮੀ ਨੂੰ ਡੰਡ ਦੇਣ ਤੇ ਰਾਜ-ਬਲ ਨਾਲ ਉਸ ਦੀ ਅਵਾਜ਼ ਨੂੰ ਚੁੱਪ ਕਰਾਣ ਲਈ ਤੱਤਪਰ ਰਹਿੰਦੇ ਸਨ, ਜਿਸ ਦੀ ਸਚਾਈ ਪੁਜਾਰੀਆਂ ਨੂੰ ਨਾ ਸੁਖਾਵੇ ਤੇ ਉਹਨਾਂ ਦਾ ਜਾਲ ਤੋੜਨ ਦਾ ਕਾਰਨ ਬਣੇ। ਪੰਜਾਬ ਦੇ ਮਸ਼ਹੂਰ ਸੂਫ਼ੀ ਸੰਤ ਬੁਲ੍ਹੇ ਸ਼ਾਹ ਨੇ ਇਸ ਹਕੀਕਤ ਨੂੰ ਬਿਆਨ ਕਰਦੇ ਹੋਇਆਂ ਕਿਹਾ ਹੈ ਕਿ ਜੇ ਮੈਂ ਇਹਨਾਂ ਦੇ ਭੇਦ ਨੂੰ ਪ੍ਰਗਟ ਕਰ ਦਿਆਂ ਤਾਂ ਇਹਨਾਂ ਦੀ ਬ੍ਰਾਹਮਣੀ ਈਰਖਾ ਬਖ਼ੀਲੀ ਤਾਂ ਮੁੱਕ ਜਾਵੇ, ਪਰ ਕਰਾਂ ਕੀ ? ਇਹ ਮੇਰੀ ਗੱਲ ਸੁਣ ਕੇ ਮੈਨੂੰ ਮਾਰਦੇ ਹਨ। ਇਸ ਕਰਕੇ ਗੱਲ ਗੁਪਤ ਹੀ ਰੱਖਣੀ ਚੰਗੀ ਹੈ ‘ਜੇ ਜ਼ਾਹਿਰ ਕਰਾਂ ਇਸਰਾਰ ਤਾਈਂ। ਸਾਰੇ ਭੁਲ ਜਾਵਣ ਤਕਰਾਰ ਤਾਈਂ। ਫਿਰ ਮਾਰਨ ਬੁਲ੍ਹੇ ਯਾਰ ਤਾਈਂ। ਇਥੇ ਗੁਪਤੀ ਬਾਤ ਸੋਹੰਦੀ ਏ।’ (ਬੁਲ੍ਹੇ ਸ਼ਾਹ)
ਇਹਨਾਂ ਮਜ਼ਹਬੀ ਮੁਜੌਰਾਂ (ਪੁਜਾਰੀਆਂ) ਨੇ ਚੰਨ ਨੂੰ ਕੁਨਾਲੀ (ਮਿੱਟੀ ਦੀ ਥਾਲੀ) ਹੇਠ ਛੁਪਾਣ ਵਾਂਗ ਸੱਚ ਨੂੰ ਪੱਖਾਂ ਵਿਚ ਵੰਡਣ ਦਾ ਪਰਬੰਧ ਕੀਤਾ ਹੋਇਆ ਸੀ, ਜੋ ਅਸਤ ਵਿਅਸਤ ਸੀ, ਉਹ ਸੱਚ ਦਾ ਕੁਛ ਨਾਮ ਰੱਖ ਲੈਂਦੇ ਤੇ ਕਿਸੇ ਦੂਸਰੇ ਨਾਮ ਨਾਲ ਪੁਕਾਰੇ ਜਾਣ ਕਰਕੇ ਸੱਚ ਨੂੰ ਝੂਠ ਕਰਾਰ ਦੇ ਦੇਂਦੇ। ਉਹ ਪ੍ਰਭੂ ਨੂੰ ਚੇਤਨ ਕਹਿੰਦੇ ਤੇ ਉਹਦਾ ਦਰਸ਼ਨ ਜੜ੍ਹ ਮੂਰਤੀਆਂ ਵਿਚੋਂ ਕਰਦੇ। ਉਹ ਅੱਲ੍ਹਾ ਨੂੰ ਲਾਮੁਕਾਮ (ਘਰ ਰਹਿਤ) ਕਹਿ ਕੇ ਫਿਰ ਆਪ ਹੀ ਕਿਸੇ ਮਕਾਨ (ਮਸਜਿਦ) ਨੂੰ ਉਸ ਦਾ ਘਰ ਕਰਾਰ ਦੇਂਦੇ। ਉਹ ਮਨੁੱਖ ਕੋਲੋਂ ਮੰਨਵਾਂਦੇ ਕਿ ਖ਼ਾਸ ਖ਼ਾਸ ਪਾਣੀਆਂ ਵਿਚ ਤਨ ਧੋਤਿਆਂ ਮਨ ਦੀ ਮੈਲ ਲਹਿ ਜਾਂਦੀ ਹੈ ਕਿਉਂਕਿ ਉਸ ਪਾਣੀ ’ਤੇ ਕਬਜ਼ਾ ਉਹਨਾਂ ਦਾ ਹੁੰਦਾ ਤੇ ਨਹਾਉਣ ਵਾਲੇ ਵੱਲੋਂ ਕੁਝ ਨਾ ਕੁਝ ਪੂਜਾ; ਪੁਜਾਰੀਆਂ ਨੂੰ ਦੇਣੀ ਹੀ ਪੈਂਦੀ। ਅੰਧ ਵਿਸ਼ਵਾਸ ਇਸ ਸਿਖਰ ’ਤੇ ਪੁੱਜ ਚੁੱਕਾ ਸੀ ਕਿ ਆਖਦੇ ਖ਼ਾਸ ਧਰਤੀਆਂ ਹੀ ਪਵਿੱਤਰ ਹੈਨ, ਹਾਲਾਂਕਿ ਪ੍ਰਭੂ; ਸਾਰੀਆਂ ਸ੍ਰਿਸ਼ਟੀਆਂ ਦਾ ਕਰਤਾ ਹੈ। ਮੁਕੱਰਰ ਕੀਤੀਆਂ ਖ਼ਾਸ ਹੱਦਾਂ ਦੇ ਅੰਦਰ ਮਰ ਜਾਣ ਨਾਲ ਜੀਵਨ-ਮਨੋਰਥ ਦੀ ਪ੍ਰਾਪਤੀ ਹੋ ਜਾਂਦੀ ਹੈ। ਖ਼ਾਸ ਨਦੀਆਂ, ਚਸ਼ਮਿਆਂ ਤੇ ਖੂਹਾਂ ਦਾ ਪਾਣੀ ਪੀਤਿਆਂ ਪੁੰਨ ਜਾਂ ਸਵਾਬ (ਨੇਕੀ) ਮਿਲਦਾ ਹੈ। ਸਰੀਰਕ ਅੰਗਾਂ ਦੀ ਖ਼ਾਸ ਸ਼ੂਰਤ ਬਣਾਣ ਨਾਲ ਜਾਂ ਵਿਸ਼ੇਸ਼ ਕਿਸਮ ਦੇ ਲਿਬਾਸ ਪਹਿਨਣ ਨਾਲ ਮਨੁੱਖ ਉੱਚਾ ਹੋ ਜਾਂਦਾ ਹੈ। ਖ਼ਾਸ ਪੋਥੀਆਂ ਵਿਚ ਇਹ ਗੱਲਾਂ ਲਿਖੀਆਂ ਜਾਣ ਕਰਕੇ ਸੱਚੀਆਂ ਹਨ। ਕਿਸੇ ਖ਼ਾਸ ਪੁਸਤਕ ਵਿਚ ਲਿਖੀ ਜਾਣ ਕਰਕੇ ਗੱਲ; ਬਿਨਾਂ ਕਿਸੇ ਦਲੀਲ ਦੇ ਸੱਚ ਮੰਨਣ ਦੇ ਯੋਗ ਹੁੰਦੀ ਹੈ।
ਗੁਰੂ ਨਾਨਕ ਜੀ ਨੇ ‘ਸਤਿਨਾਮ’ ਦਾ ਚੱਕਰ ਚਲਾਉਂਦਿਆਂ ਈਸ਼ਵਰ ਏਕਤਾ ਦਾ ਸੰਦੇਸ਼ ਦੇ ਕੇ ਸੱਚ ਨੂੰ ਪ੍ਰਤੱਖ ਕਰ, ਪੁਰਾਣੇ ਮਜ਼ਹਬਾਂ ਦੇ ਖ਼ਿਲਾਫ਼ ਇਕ ਜਹਾਦ ਖੜ੍ਹਾ ਕਰ ਦਿੱਤਾ। ਉਨ੍ਹਾਂ ਨੇ ਬਚਪਨ ਵਿਚ ਪਾਂਧੇ ਨੂੰ ਸਚਾਈ ਪੜ੍ਹਾ ਕੇ, ਮੁੱਲਾਂ ਨੂੰ ਹਕੀਕਤ ਦਾ ਦਰਸ਼ਨ ਕਰਾ ਕੇ, ਪਰੋਹਤ ਨੂੰ ਦਇਆ, ਸੰਤੋਖ, ਸਤਿ ਤੇ ਜਤ ਦਾ ਜਨੇਉ ਸਮਝਾ ਕੇ ਆਪਣੇ ਬਰਖ਼ਿਲਾਫ਼ ਮਜ਼ਹਬੀ ਦੁਨੀਆ ਨੂੰ ਚਹੁੰ ਪਾਸਿਆਂ ਤੋਂ ਉੱਠ ਪੈਣ ਲਈ ਪ੍ਰੇਰਿਆ। ਉਹਨਾਂ ਕੁਸ਼ਾ (ਖ਼ਾਸ ਦੱਭ/ਘਾਹ) ਦੇ ਆਸਣ ’ਤੇ ਸਮਾਧੀ ’ਚ ਇਸਥਿਤ ਬੈਠੇ ਬ੍ਰਾਹਮਣ ਨੂੰ ਬਗਲ ਸਮਾਧੀ ਕਿਹਾ ਤੇ ਮਨੋਂ ਗ਼ੈਰ-ਹਾਜ਼ਰ ਜਮਾਤ ਨੂੰ ਨਮਾਜ਼ ਪੜ੍ਹਾ ਰਹੇ ਈਮਾਮ ਦਾ ਪਾਜ ਖੋਲ੍ਹਿਆ। ਉਹਨਾਂ ਨੇ ਜਗਨਨਾਥ ਪੁਰੀ ਵਿਚ ਜਾ ਕੇ ਮਨੁੱਖ ਦੀ ਕ੍ਰਿਤ (ਮੂਰਤੀ) ਠਾਕਰਾਂ ਦੀ ਆਰਤੀ ਦੀ ਥਾਂ ਵਿਆਪਕ ਪ੍ਰਭੂ ਦੀ ਆਰਤੀ ਉਤਾਰੀ। ਹਰਿਦੁਆਰ ਪੁੱਜ ਕੇ ਕਰਤਾਰਪੁਰ ਵਿਚ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਦੱਸ, ਸੂਰਜ ਨੂੰ ਪਾਣੀ ਦੇ ਰਹੇ ਅੰਧ-ਵਿਸ਼ਵਾਸੀ ਦੇ ਦਿਲਾਂ ਵਿਚ ਸੱਚ ਦੀ ਕਿਰਨ ਪਾਈ। ਮੱਕੇ ਜਾ ਲਾਮੁਕਾਮ ’ਤੇ ਈਮਾਨ ਲਿਆਉਣ ਵਾਲਿਆਂ ਨੂੰ ਇਕ ਮਕਾਨ (ਮਸਜਿਦ) ’ਚ ਖ਼ੁਦਾ ਦਾ ਘਰ ਮੰਨਣ ਤੋਂ ਹੋੜਿਆ। ਬਗ਼ਦਾਦ ਵਿਚ ਕਿਸੇ ਉਮਤ ਦਾ ਮੈਂਬਰ ਹੋਣ ਨਾਲੋਂ ਉੱਚੀ ਕਰਤੂਤ ਦੇ ਆਸਰੇ ਮਨੁੱਖ ਦਾ ਉੱਚ ਹੋਣਾ ਦਰਸਾਇਆ। ਉਹਨਾਂ ਨੇ ਜੀਵਨਭਰ ਵੱਡੇ ਵੱਡੇ ਸਫ਼ਰ ਕੀਤੇ, ਅਰਥਹੀਣ ਮਨੌਤਾਂ ਦੇ ਮੁੱਢਲੇ ਅਸਥਾਨਾਂ ’ਤੇ ਗਏ, ਫਿਰ ਵੀ ਉਹਨਾਂ ਨੇ ਜਾਗ ਉੱਠੇ ਸੱਚੇ ਮਨੁੱਖਾਂ ਦੀ ਇਕ ਸੱਚੀ ਸੰਗਤ ਵਜੋਂ ਕਰਤਾਰਪੁਰ ਦੀ ਧਰਮਸ਼ਾਲਾ ਹੀ ਕਾਇਮ ਕੀਤੀ। ਇਸ ਪਾਵਨ ਮਰਯਾਦਾ ਨੂੰ ਵਧੇਰੇ ਪ੍ਰਚਲਿਤ ਕਰਨ ਲਈ ਅਗਲੇ ਜਾਮਿਆਂ ਦੀ ਲੋੜ ਸੀ।
ਧਰਮ ਵਿਚ ਗ਼ਲਤੀ ਆ ਜਾਣ ਕਰਕੇ ਸਮਾਜ ਵਿਚ ਵੀ ਭਾਰੀ ਗੜਬੜ ਮੱਚੀ ਹੋਈ ਸੀ। ਜਿਸ ਦੀ ਬੁਨਿਆਦ ਇਸ ਮਨੌਤ ’ਤੇ ਸੀ ਕਿ ਮਨੁੱਖ ਬਿਨਾਂ ਕਰਮ ਤੋਂ ਖ਼ਾਸ ਜਨਮ ਜਾਂ ਮਨੌਤ ਕਰਕੇ ਹੀ ਇਕ ਦੂਜੇ ਤੋਂ ਛੋਟਾ ਵੱਡਾ ਹੈ। ਪਹਿਲਾਂ ਤਾਂ ਇਹ ਕਲਪਨਾ ਕੀਤੀ ਗਈ ਕਿ ਮਰਦ; ਔਰਤ ਤੋਂ ਚੰਗਾ ਹੈ। ਔਰਤ ਉਸ ਹਵਾ ਦੀ ਬੇਟੀ ਹੈ, ਜਿਸ ਨੇ ਸ਼ੈਤਾਨ ਦੇ ਛਲ ਵਿਚ ਆ, ਆਪਣੇ ਮਰਦ (ਆਦਮ) ਨੂੰ ਪਰਮੇਸ਼੍ਵਰ ਵੱਲੋਂ ਮਨ੍ਹਾ ਕੀਤੇ ਗਏ ਬਿਰਖ ਦੇ ਫਲ ਨੂੰ ਪ੍ਰੇਰ ਕੇ ਖਵਾਇਆ, ਜਿਸ ਕਾਰਨ ਉਸ ਦੇ ਸਵਰਗ ਵਿਚੋਂ ਧਰਤੀ ’ਤੇ ਸੁੱਟੇ ਜਾਣ ਦਾ ਕਾਰਨ ਬਣੀ ਜਾਂ ਇਸਤਰੀ ਲੱਛਮੀ ਦਾ ਰੂਪ ਹੈ, ਜੋ ਭਗਵਾਨ ਦੀ ਮਾਇਆ ਹੈ ਤਾਹੀਓਂ ਮਰਦ ਲਈ ਬੰਧਨਾਂ ਦਾ ਕਾਰਨ ਬਣਦੀ ਹੈ। ਇਸ ਨਾਲ ਜੁੜ ਬਹਿਣ (ਭਾਵ ਗ੍ਰਹਿਸਤੀ ਬਣਨ) ’ਤੇ ਮਰਦ ਨੂੰ ਉਮਰ ਦਾ ਅੰਤਿਮ ਅੱਧਾ ਭਾਗ ਬਾਣਪ੍ਰਸਤ ਅਤੇ ਸੰਨਿਆਸ ਕਮਾ ਕੇ ਹੀ ਮੁਕਤੀ ਦਾ ਅਧਿਕਾਰੀ ਹੋਣਾ ਪੈਂਦਾ ਹੈ।
ਜਦ ਮਰਦ; ਤੀਵੀਂ ਦੀ ਇਹ ਬੇਪਤੀ ਕਰ ਚੁੱਕਾ, ਉਸ ਨੂੰ ਮਨੁੱਖ ਦੇ ਦਿਲ-ਪਰਚਾਵੇ ਦਾ ਸਾਮਾਨ ਸਮਝਣ ਅਤੇ ਮੋਏ ਮਰਦ ਦੇ ਨਾਲ ਫੂਕ ਦੇਣ ਦੇ ਯੋਗ ਕਰਾਰ ਦੇ ਚੁੱਕਾ ਤਾਂ ਫਿਰ ਆਪਸ ਵਿਚਦੀ ਵੀ ਵੰਡਾਂ ਪਾਉਣ ਲੱਗਾ। ਕਿਸੇ ਪਾਸੇ ਵਰਣ ਵੰਡ ਕਰ, ਜਨਮ ਤੋਂ ਹੀ ਕਿਸੇ ਨੂੰ ਉੱਚਾ ਜਾਂ ਨੀਵਾਂ ਥਾਪਿਆ ਗਿਆ। ਕਿਸੇ ਪਾਸੇ ਖ਼ਾਸ ਮਨੌਤਾਂ ਦੇ ਆਧਾਰ ’ਤੇ ਹੀ (ਭਾਵ ਬਿਨਾਂ ਸੋਚ ਵਿਚਾਰ ਕੀਤਿਆਂ) ਕਿਸੇ ਨੂੰ ਮੋਮਨ ਤੇ ਕਿਸੇ ਨੂੰ ਕਾਫ਼ਰ ਕਿਹਾ ਗਿਆ।
ਗੁਰੂ ਜੀ ਨੇ ਇਹਨਾਂ ਵਿਤਕਰਿਆਂ ਦੇ ਵਿਰੁੱਧ ਅਵਾਜ਼ ਉਠਾਈ। ਉਹਨਾਂ ਪਹਿਲਾਂ ਮਰਦ ਨੂੰ ਇਸਤਰੀ ਦੀ ਅਵਸਥਾ ਤੋਂ ਵਿਚਾਰ ਕਰਨ ਲਈ ਪ੍ਰੇਰਿਆ। ਉਹਨਾਂ ਨੇ ਕਿਹਾ ਕਿ ਤੂੰ ਇਸਤਰੀ ਜਾਤੀ ਨੂੰ ਔਰਤ ਦੀ ਥਾਂ ਜੇ ਮਾਂ ਕਰ ਤੱਕੇਂ ਤਾਂ ਦੇਖ ਉਹ ਕਿੰਨੀ ਇੱਜ਼ਤ ਦੀ ਪਾਤਰ ਬਣਦੀ ਹੈ। ਜਿਸ ਦੀ ਕੁਖ ਤੋਂ ਵਲੀ, ਗ਼ੌਸ (ਇਸਲਾਮ ਦਾ ਉੱਚ ਫ਼ਕੀਰ), ਕੁਤਬ (ਸਰਦਾਰ), ਪੀਰ, ਪੈਗ਼ੰਬਰ , ਚਤਰ , ਬੀਰ ਤੇ ਸੁਰਮੇਂ ਪੈਦਾ ਹੁੰਦੇ ਹਨ, ਉਸ ਨੂੰ ਮੰਦਾ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ : ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’ (ਆਸਾ ਕੀ ਵਾਰ/ਮਹਲਾ ੧/੪੭੩)
ਸਮਾਜ ਦੇ ਇਸ ਅਨਿਆਇ ਦਾ ਖੰਡਨ ਕਰਨ ਤੋਂ ਬਾਅਦ ਉਹਨਾਂ ਨੇ ਜਾਤ ਪਾਤ ਦੇ ਵਿਤਕਰੇ ਵਿਰੁੱਧ ਭੀ ਰੋਸ ਪ੍ਰਗਟ ਕੀਤਾ ਤੇ ਕਿਹਾ, ਨਾਨਕ ਤਾਂ ਉਹਨਾਂ ਦੇ ਨਾਲ ਹੈ ਜੋ ਨੀਚਾਂ ਵਿਚੋਂ ਭੀ ਨੀਚ ਭਾਵ ਅਤਿ ਨੀਚ ਹਨ। ਮੈਂ ਵਡੀਆਂ ਜਾਤੀਆਂ ਵਾਲਿਆਂ ਦੀ ਰੀਸ ਨਹੀਂ ਕਰਦਾ। ਪ੍ਰਭੂ ਦੀ ਨਜ਼ਰ ਅਤੇ ਬਖ਼ਸ਼ਸ਼ ਹਮੇਸ਼ਾਂ ਨੀਵਿਆਂ ’ਤੇ ਹੀ ਹੁੰਦੀ ਹੈ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥’’ (ਸਿਰੀਰਾਗੁ, ਮਹਲਾ ੧, ਪੰਨਾ ੧੫), ਪਰ ਇਕ ਜਾਮੇ ਦੇ ਇਹ ਯਤਨ ਸਮਾਜ ਦੇ ਬੰਧਨਾਂ ਨੂੰ ਤੋੜ, ਸੁਤੰਤਰ ਮਨੁੱਖਾਂ ਦੀ ਵੱਡੀ ਸੰਖਿਆ ਵੀ ਨਹੀਂ ਸੀ ਬਣਾ ਸਕਦੀ।
ਇਹ ਇਕ ਹਕੀਕਤ ਹੈ ਕਿ ਸਰ੍ਹੋਂ ਦੇ ਫੁੱਲ ਪੀੜਿਆਂ ਚੰਬੇਲੀ ਦਾ ਅਤਰ ਨਹੀਂ ਨਿਕਲ ਸਕਦਾ, ਉਸੇ ਤਰ੍ਹਾਂ ਹੀ ਅੰਧ-ਵਿਸ਼ਵਾਸੀ ਧਰਮ ਤੇ ਨੀਵੇਂ ਸਮਾਜ ’ਚੋਂ ਉੱਚੀ ਰਾਜਨੀਤਿਕ ਸੰਸਥਾ ਕਾਇਮ ਨਹੀਂ ਹੋ ਸਕਦੀ। ਭੁਲੇ ਹੋਏ ਮਨੁੱਖੀ ਸਮਾਜ ਨੇ ਰਾਜ ਨੂੰ ਸੱਚ ਦੀ ਸਥਾਪਨਾ ਕਰਨ ਵਾਲੀ ਸ਼੍ਰੇਣੀ ਦੀ ਥਾਂ ਭੈ ਦੇ ਕੇ, ਡਰਾ ਧਮਕਾ ਆਪਣੀ ਮਰਜ਼ੀ ਮਨਾਉਣ ਵਾਲੀ ਜਮਾਤ ਸਮਝ ਰੱਖਿਆ ਸੀ, ਜਿੱਥੇ ਪਸ਼ੂ-ਬਲ ਦੇ ਆਸਰੇ ਕਾਇਮ ਹੋਏ ਮੁਖੀ ਹੁਕਮਰਾਨ ਦੀ ਮਰਜ਼ੀ ਹੀ ਕਾਨੂੰਨ ਕਹੀ ਜਾਂਦੀ ਸੀ। ਸ਼ੀਰਾਜ਼ ਦੇ ਨੀਤੀਵਾਨ ਸਾਅਦੀ ਨੇ ਇਸ ਦਾ ਨਕਸ਼ਾ ਇਹਨਾਂ ਲਫ਼ਜ਼ਾਂ ਵਿਚ ਖਿਚਿਆ ਸੀ ਕਿ ‘ਬਾਦਸ਼ਾਹ ਦੀ ਮਰਜ਼ੀ ਦੇ ਖ਼ਿਲਾਫ਼ ਕੋਈ ਰਾਇ ਕਾਇਮ ਕਰਨੀ ਆਪਣੇ ਲਹੂ ਨਾਲ ਹੱਥ ਧੋਣੇ ਹਨ। ਜੇ ਬਾਦਸ਼ਾਹ ਦਿਨ ਦੇ ਵੇਲੇ ਕਹੇ ਕਿ ਹੁਣ ਰਾਤ ਹੈ ਤਾਂ ਇਹ ਨਾ ਆਖ ਕਿ ਸੂਰਜ ਚਮਕ ਰਿਹਾ ਹੈ, ਸਗੋਂ ਇਹ ਕਹੋ ਕਿ ਹਾਂ ਹਜ਼ੂਰ, ਔਹ ਦੇਖੋ ! ਚੰਦ ’ਤੇ ਖਿਤੀਆਂ’ :
ਖਿਲਾਫ ਰਾਇ ਸੁਲਤਾਨ ਰਾਇ ਜੁਸਤਨ। ਯਾ ਖੁਨੇ ਖੇਸ਼ ਬਾਸ਼ਦ ਦਸਤ ਸੁਸਤਨ।
ਅਗਰ ਸ਼ਾਹ ਰੋਜ਼ ਰਾ ਗੋਇਦ ਸਬਅਸਤੀ। ਬਬਾਇਦ ਗੁਫਤ ਈਨਕ ਮਾਹੋਂ ਪ੍ਰਵੀਂ। (ਸਾਅਦੀ)
ਇਸ ਕਿਸਮ ਦੇ ਹੁਕਮਰਾਨਾਂ ਨੂੰ ਹੀ ਮ੍ਰਿਗਾਵਲੀ ਦੇ ਵਰਤਾਰੇ ਅਨੁਸਾਰ ਮਨੁੱਖਾਂ ਦੇ ਵੈਸੇ ਹੀ ਸਿਰਤਾਜ ਕਿਹਾ ਜਾਂਦਾ ਸੀ, ਜਿਹਾ ਕਿ ਜੰਗਲੀ ਜਾਨਵਰਾਂ ਵਿਚ ਸ਼ੇਰ। ਜਿਸ ਤਰਾਂ ਸ਼ੇਰ ਦੇ ਪਾੜ ਕੇ ਖਾਧੇ ਹੋਏ ਜਾਨਵਰ ਦਾ ਬਕਾਇਆ ਮਾਸ; ਕੁੱਤੇ ਪਾੜ ਪਾੜ ਕੇ ਖਾਂਦੇ ਹਨ, ਓਦਾਂ ਹੀ ਜਨਤਾ ਲਈ ਅਜਿਹੇ ਹੁਕਮਰਾਨਾਂ ਦੇ ਮੁਸਾਹਿਬ (ਵਫ਼ਾਦਾਰ) ਵਰਤੋਂ ਕਰਦੇ ਹਨ। ਬਾਬੇ ਨਾਨਕ ਦੇ ਮੂੰਹੋਂ ਇਹ ਦਸ਼ਾ ਦੇਖ ਕੇ ਹੀ ਨਿਕਲਿਆ ਸੀ ‘‘ਰਾਜੇ ਸੀਹ ਮੁਕਦਮ ਕੁਤੇ ॥’’ (ਮਲਾਰ ਕੀ ਵਾਰ, ਮਹਲਾ ੧, ਪੰਨਾ ੧੨੮੮)
ਤਲਵਾਰੀਆਂ ਦਾ ਗਰੋਹ ਇਕੱਠਾ ਕਰ, ਉਹਨਾਂ ਦਾ ਭੈ ਦੇ ਕੇ, ਜਨਤਾ ਉੱਤੇ ਰਾਜ ਕਰਨ ਵਾਲਾ ਇਬਰਾਹੀਮ ਲੋਧੀ ਜਾ ਕੇ ਬਾਬਰ ਆ ਰਿਹਾ ਸੀ।
ਇਹ ਦੋ ਭੇਡੂਆਂ ਦਾ ਘੋਲ ਸੀ। ਦੋ ਸ਼ੇਰਾਂ ਦੀ ਲੜਾਈ ਸੀ, ਜਿਸ ਕਰਕੇ ‘ਜੋਗੀ ਲੜ ਮੁਏ, ਖੱਪਰ ਦਾ ਨੁਕਸਾਨ’ ਦੀ ਅਖ਼ੌਤ ਅਨੁਸਾਰ ਗ਼ਰੀਬ ਜਨਤਾ ਪਿਸ ਰਹੀ ਸੀ। ਜਦੋਂ ਬਾਬਰ ਆਪਣੇ ਸਿਪਾਹੀਆਂ ਦੀ ਫ਼ੌਜ ਲੈ, ਪੰਜਾਬ ਦੇਸ਼ ਨੂੰ ਲੁੱਟਦਾ-ਮਾਰਦਾ ਦਿੱਲੀ ਵੱਲ ਵਧ ਰਿਹਾ ਸੀ, ਓਦੋਂ ਜਨਤਾ ਦੀ ਹਾਲਤ ਦੇਖ ਗੁਰੂ ਨਾਨਕ ਜੀ ਨੇ ਆਪਣੇ ਮਿੱਤਰ ਭਾਈ ਲਾਲੋ ਨਾਲ ਵਿਚਾਰ ਕਰਦਿਆਂ ਹੋਇਆਂ ਕਿਹਾ, ਇਸ ਜੁਗ-ਗਰਦੀ ਵਿਚ ਤਬਾਹੀ ਲਿਆਉਣ ਵਾਲੀਆਂ ਸ਼ਕਤੀਆਂ ਹਿੰਦੂ ਮੁਸਲਮਾਨ ਦਾ ਕੋਈ ਵਿਤਕਰਾ ਨਹੀਂ ਕਰ ਰਹੀਆਂ। ਜਿੱਥੇ ਹਿੰਦੂਆਂ ਦੀਆਂ ਛੋਟੀਆਂ ਵਡੀਆਂ ਜਾਤਾਂ ਠਿਕਾਣੇ ਲਗਾਈਆਂ ਜਾ ਰਹੀਆਂ ਹਨ, ਉੱਥੇ ਮੁਸਲਮਾਨ ਭੀ ਕਸ਼ਟਾਂ ਤੋਂ ਡਰਦੇ ਖ਼ਦਾ ਖ਼ੁਦਾ ਕਰ ਰਹੇ ਹਨ ‘‘ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ, ਖੁਦਾਇ ਵੇ ਲਾਲੋ ! ॥ ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ, ਵੇ ਲਾਲੋ ! ॥’’ (ਤਿਲੰਗ, ਮਹਲਾ ੧, ਪੰਨਾ ੭੨੩)
ਬਾਬੇ ਨੇ ਕਿਹਾ ਕਿ ਜੇ ਸਕਤੇ ਸਕਤੇ ਲੜ ਮਰਦੇ ਤਾਂ ਮੈਨੂੰ ਕੋਈ ਰੋਸ ਨਾ ਹੁੰਦਾ, ਪਰ ਏਥੇ ਤਾਂ ਮਾੜਿਆਂ ਵੱਗਾਂ ਨੂੰ ਸ਼ੀਂਹ ਚੀਰ ਰਹੇ ਹਨ। ਖਸਮ ਦੀ ਪੁੱਛ ਹੋ ਸਕਦੀ ਹੈ। ਉਸ ਨੂੰ ਕੋਈ ਪਰਬੰਧ ਕਰਨਾ ਹੀ ਪਵੇਗਾ ‘‘ਜੇ ਸਕਤਾ ਸਕਤੇ ਕਉ ਮਾਰੇ; ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ ॥’’ (ਆਸਾ, ਮਹਲਾ ੧, ਪੰਨਾ ੩੬੦)
ਉਹਨਾਂ ਨੇ ਭਾਵੇਂ ਭਾਈ ਤਾਰੇ ਵਰਗੀਆਂ ਨਿਡਰ ਸ਼ਖ਼ਸੀਅਤਾਂ, ਬਾਬਰ ਦੇ ਹੁਕਮ ਨਾਲ ਲੱਗੀ ਅੱਗ ਨਾਲ ਜਲ਼ ਰਹੇ ਲਾਹੌਰ ਨੂੰ ਬੁਝਾਉਣ ਦੀ ਦਲੇਰੀ ਕਰਨ ਵਾਲੀਆਂ ਪੈਦਾ ਕੀਤੀਆਂ, ਪਰ ਵਿਅਕਤੀਆਂ ਦੀ ਹਿੰਮਤ ਨਾਲ ਇਹ ਰਾਜਨੀਤਿਕ ਨਿਜ਼ਾਮ ਬਦਲਿਆ ਨਹੀਂ ਸੀ ਜਾ ਸਕਦਾ। ਇਸ ਹੜ ਨੂੰ ਦਲ ਹੀ ਰੋਕ ਸਕਦੇ ਸਨ। ਦਲ ਬਣਾਉਣ ਲਈ ਢੇਰ ਦਿਨ ਚਾਹੀਦੇ ਸਨ, ਇਹਨਾਂ ਦਿਨਾਂ ਦੀ ਹੀ ਲੋੜ ਨੇ ਦਸ ਜਾਮੇ ਬਣਾਏ ।
ਸੱਚ, ਨੇਕੀ, ਸਮਾਨਤਾ ਦਾ ਪ੍ਰਚਾਰ ਜੋ ਸਤਿਗੁਰਾਂ ਨੇ ਸ਼ੁਰੂ ਕੀਤਾ, ਉਹ ਅੰਧੇਰੇ ਜਗਤ ਵਿਚ ਇਕ ਭਾਰਾ ਲੈਂਪ ਜਗਾਣ ਵਾਂਗਰ ਸੀ। ਜਿਸ ਤਰ੍ਹਾਂ ਲੈਂਪ ਵਿਚ ਬੱਤੀ, ਬੱਤੀ ਨੂੰ ਹਵਾ ਦੇ ਝੋਕਿਆਂ ਤੋਂ ਬਚਾਉਣ ਲਈ ਚਿਮਨੀ ਅਤੇ ਚਿਮਨੀ ਨੂੰ ਠੋਕਰ ਤੋਂ ਸੁਰੱਖਿਅਤ ਕਰਨ ਲਈ ਤਾਰ ਦਾ ਇਕ ਜੰਗਲਾ ਲਗਾਇਆ ਜਾਂਦਾ ਹੈ, ਓਦਾਂ ਹੀ ਸੱਚ ਦੇ ਪ੍ਰਚਾਰ ਲਈ ਗਿਆਨਵਾਨ ਸੰਗਤ, ਮਜ਼ਬੂਤ ਸਮਾਜ ਅਤੇ ਤੇਜੱਸਵੀ ਰਾਜ ਪਰਬੰਧ ਦੀ ਲੋੜ ਸੀ। ਧਰਮ ਸੱਚ ਦੇ, ਸਮਾਜ ਸਮਾਨਤਾ ਦੇ ਅਤੇ ਰਾਜ ਨਿਆਇ ਦੇ ਆਸਰੇ ਕਾਇਮ ਕਰਨਾ ਸੀ। ਇਸ ਲਈ ਸੰਗਤ ਨੂੰ ਇਹ ਸਮੁੱਚਾ ਸਬਕ ਸਿਖਾਉਂਦਿਆਂ ਹੋਇਆਂ ਖ਼ਾਸ ਖ਼ਾਸ ਜਾਮਿਆਂ ਵਿਚ ਖ਼ਾਸ ਗੱਲਾਂ ਵੱਲ ਧਿਆਨ ਦਿੱਤਾ ਗਿਆ। ਗੁਰੂ ਨਾਨਕ ਜੀ ਨੇ ਇਹ ਕਾਰਜ ਅਰੰਭ ਕਰ, ਆਪਮੇ ਮਨੁੱਖੀ ਜਾਮੇ ਦੀ ਉਮਰ ਦੇ ਅੰਤ ’ਤੇ ਬਾਕੀ ਕੰਮ ਗੁਰੂ ਅੰਗਦ ਜੀ ਨੂੰ ਸੌਂਪਿਆ, ਪਰ ਇਹ ਸੌਂਪਣਾ ਸਾਧਾਰਨ ਨਹੀਂ ਸੀ ਸਗੋਂ ਦੀਪਕ ਤੋਂ ਦੀਪਕ ਬਾਲਿਆ ‘‘ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ ॥’’ (ਰਾਮਕਲੀ, ਮਹਲਾ ੧, ਪੰਨਾ ੯੦੭)
ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੇਹ ਦੂਸਰੀ ਸੀ। ਉਨ੍ਹਾਂ ਦਾ ਨਾਮ ਭੀ ‘ਲਹਿਣਾ’ ਸੀ। ਅੰਗਦ; ਨਾਨਕ ਦੇ ਅੰਦਰਲੇ ਦਾ ਅੰਗ ਸੀ । ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਗੁਰੂਆਂ ਦਾ ਗੁਰੂ, ਗੁਰੂ ਨਾਨਕ ਦੇਵ ਸਹਿਜ ਰੂਪ ਹੋ ਸਮਾਇਆ ‘‘ਸਤਿਗੁਰ ਨਾਨਕ ਦੇਉ; ਗੁਰਾ ਗੁਰੁ ਹੋਇਆ। ਅੰਗਦੁ ਅਲਖੁ ਅਭੇਉ; ਸਹਜਿ ਸਮੋਇਆ।’’ (ਭਾਈ ਗੁਰਦਾਸ ਜੀ, ਵਾਰ ੩, ਪਉੜੀ ੧੨)
ਲਹਿਣ ਨੇ ਅੰਗਦ ਬਣ ਆਪਣਾ ਫ਼ਰਜ਼ ਸੰਭਾਲ਼ ਲਿਆ। ਬਾਬੇ ਨਾਨਕ ਜੀ ਵਾਲੀ ਸਾਰੀ ਮਰਯਾਦਾ ਕਾਇਮ ਰਖ ਅਗਾਂਹ ਤੋਰੀ, ਪਰ ਸੰਗਤ ਨੂੰ ਉਚੇਰਿਆਂ ਕਰਨ ਲਈ ਇਕ ਖ਼ਾਸ ਅੰਗ ਨੂੰ ਮੁੱਖ ਰੱਖ ਲਿਆ ਤੇ ਉਹ ਸੀ ‘ਮਨੁੱਖ ਨੂੰ ਆਪਣੀ ਬੋਲੀ ਵਿਚ ਉੱਚੇ ਤੋਂ ਉੱਚਾ ਗਿਆਨ ਲੈਣ ਦੇ ਯੋਗ ਬਣਾਣਾ’। ਇਹ ਇਕ ਜਗਤ ਪ੍ਰਸਿਧ ਸਚਾਈ ਹੈ ਕਿ ਮਨੁੱਖ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਉੱਚੇ ਤੋਂ ਉੱਚਾ ਗਿਆਨ ਆਪਣੀ ਮਾਤ-ਭਾਸ਼ਾ ਵਿਚ ਹੀ ਲੈ ਸਕਦਾ ਹੈ। ਸੋ ਸਤਿਗੁਰਾਂ ਨੇ ਦੂਸਰੇ ਜਾਮੇ ਵਿਚ ਸਿੱਖ ਸੰਗਤ ਦੀ ਇਸ ਉਸਾਰੀ ਵੱਲ ਉਚੇਚਾ ਧਿਆਨ ਦਿੱਤਾ। ਗੁਰਮੁਖੀ ਲਿੱਪੀ ਪ੍ਰਚਲਿਤ ਕਰ ਪੰਜਾਬੀ ਸਿੱਖਾਂ ਵਿਚ ਪੰਜਾਬੀ ਦੇ ਰਾਹੀਂ ਹੀ ਗਿਆਨ ਪ੍ਰਾਪਤੀ ਦਾ ਸਾਧਨ ਕਾਇਮ ਕਰ, ਜਗਤ ਨੂੰ ਦਰਸਾਇਆ ਕਿ ਮਨੁੱਖ ਨੂੰ ਆਪਣੀ ਹੀ ਮਾਤ-ਭਾਸ਼ਾ ਦੇ ਰਾਹੀਂ ਉੱਚੇ ਤੋਂ ਉੱਚਾ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਤੀਸਰਾ ਜਾਮਾ ਧਾਰ ਸ੍ਰੀ ਗੁਰੂ ਅਮਰਦਾਸ ਸਾਹਿਬ ਨੇ ਲੰਗਰ ’ਤੇ ਵਧੇਰਾ ਤਾਣ ਲਾਇਆ। ਸਭ ਨੂੰ ਇਕ ਪੰਗਤ ਵਿਚ ਇਕੱਠੇ ਖੁਆਣ ਨਾਲ ਬ੍ਰਾਹਮਣ ਦੀ ਕਾਇਮ ਕੀਤਾ ਹੋਇਆ ਜਾਤ-ਪਾਤ ਤੇ ਛੂਤ-ਛਾਤ ਦਾ ਵਿਤਕਰਾ ਉਡਾਇਆ। ਲੋਕ-ਪਿਆਰ ਦੀ ਇਸ ਪਾਵਨ ਮਰਯਾਦਾ ਨੂੰ ਪ੍ਰਚਲਿਤ ਹੁੰਦਾ ਦੇਖ ਬ੍ਰਾਹਮਣ ਇੰਨਾ ਘਬਰਾ ਉਠਿਆ ਕਿ ਉਸ ਨੇ ਅਕਬਰ ਦੇ ਦਰਬਾਰ ਵਿਚ ਜਾ ਸ਼ਿਕਾਇਤ ਕੀਤੀ। ਜਦ ਅਕਬਰ ਨੇ ਕੋਈ ਕਦਮ ਉਠਾਣ ਤੋਂ ਪਹਿਲਾਂ ਆਪਣੀ ਅੱਖੀਂ ਗੁਰੂ ਦੀ ਮਰਯਾਦਾ ਦੇਖਣ ਦਾ ਇਰਾਦਾ ਕੀਤਾ ਤੇ ਗੋਇੰਦਵਾਲ ਪੁੱਜਾ ਤਾਂ ਸਤਿਗੁਰੂ ਨੇ ਉਸ ਨੂੰ ਵੀ ਫਟੇ ਪੁਰਾਣੇ ਕੱਪੜਿਆਂ ਵਾਲੇ ਗ਼ਰੀਬ ਕੰਗਾਲ ਲੋਕਾਂ ਵਿਚ ਬੈਠ ਕੇ ਪ੍ਰਸ਼ਾਦ ਛਕਣ ਲਈ ਮਜਬੂਰ ਕੀਤਾ। ਇਸ ਤਰ੍ਹਾਂ ਉਸ ਨੂੰ ਰਾਜਾ ਪਰਜਾ ਦੀ ਵਿਤਕਰਾ ਭਰੀ ਵਰਤੋਂ ਤੋਂ ਉਤਾਂਹ ਚੁੱਕ, ਮਨੁੱਖੀ ਸਮਾਨਤਾ ਦੀ ਪਿਆਰ-ਭਰੀ ਝਲਕ ਦਿਖਾਈ। ਇਸ ਜਾਮੇ ਵਿਚ ਹੀ ਪ੍ਰਚਾਰ ਨੂੰ ਵੱਡੇ ਪੈਮਾਨੇ ’ਤੇ ਕਰਨ ਲਈ ਮਰਦ ਪ੍ਰਚਾਰਕਾਂ ਦੀਆਂ ਮੰਜੀਆਂ ਅਤੇ ਇਸਤਰੀ ਪ੍ਰਚਾਰਕਾਂ ਦੇ ਪੀੜੇ ਕਾਇਮ ਕੀਤੇ। ਚੌਥੇ ਜਾਮੇ ਵਿਚ ਸਿਖੀ ਨੂੰ ਧਾਰਨ ਕਰ ਚੁੱਕੇ ਸਮਾਜ ਦੀਆਂ ਪੁਰਾਤਨ ਜ਼ੰਜੀਰਾਂ ਨੂੰ ਤੋੜ ਆਏ ਲੋਕਾਂ ਦਾ ਕੇਂਦਰੀ ਇਕੱਠ ਕਾਇਮ ਕਰਨ ਲਈ ਬਸਤੀ ਵਸਾਈ, ਜੋ ਅੱਜ ਵੀ ਸ਼ਹਿਰ ਅੰਮ੍ਰਿਤਸਰ ਰੂਪ ਵਿਚ ਸਿੱਖ ਕੌਮ ਦੀਆਂ ਸਾਰੀਆਂ ਪੰਥਕ ਸਰਗਰਮੀਆਂ ਦਾ ਕੇਂਦਰੀ ਅਸਥਾਨ ਹੈ।
ਪੰਜਵੇਂ ਰੂਪ ਵਿਚ ਜਿੱਥੇ ਲੋਕ ਭਲਾਈ ਦੇ ਸਾਂਝੇ ਕੰਮ ਮੰਦਰ, ਲੰਗਰ, ਹਸਪਤਾਲ, ਤਾਲਾਬ, ਨਗਰ ਕਾਇਮ ਰੱਖੇ ਤੇ ਹੋਰ ਵਸਾਏ, ਉੱਥੇ ਬਾਦਸ਼ਾਹ ਨੂੰ ਪ੍ਰੇਰ ਮੁਸੀਬਤ ਸਮੇਂ ਗ਼ਰੀਬ ਕਿਸਾਨਾਂ ਦਾ ਮਾਮਲਾ ਮਾਫ਼ ਕਰਾ, ਗ਼ਰੀਬ ਕਿਸਾਨਾਂ ਦੀ ਸੇਵਾ ਦਾ ਰਿਵਾਜ ਚਲਾਇਆ। ਸਚਾਈ ਆਪਣੀਆਂ ਚਮਕਾਂ ਕਰਕੇ ਹੀ ਚਮਕਦੀ ਹੈ, ਕਿਸੇ ਦਾ ਵਿਰਸਾ ਹੋਣ ਕਰਕੇ ਨਹੀਂ, ਉਹ ਕਿਸੇ ਮੱਤ, ਸਮਾਜ ਜਾਂ ਸ਼੍ਰੇਣੀ ਦੀ ਮਲਕੀਅਤ ਨਹੀਂ, ਉਹ ਈਸ਼ਵਰ ਦੀ ਕਿਰਨ ’ਚੋਂ ਪ੍ਰਗਟਦੀ ਹੈ, ਜੋ ਮਹਾਂਪੁਰਸ਼ਾਂ ਦੇ ਸੁਵੱਛ ਮਨ ’ਤੇ ਪੈ ਕੇ ਚਮਕ ਦੇਂਦੀ ਹੈ। ਇਸ ਸਚਾਈ ਨੂੰ ਪੰਜਵੇਂ ਜਾਮੇਂ ਵਿਚ ਦ੍ਰਿੜ੍ਹ ਕਰਾਂਦਿਆ ਹੋਇਆਂ ਆਪਣੇ ਪਿਛਲਿਆਂ ਚੌਹਾਂ ਜਾਮਿਆਂ ਵਿਚ ਉਚਾਰੀ ਹੋਈ ਬਾਣੀ ਨੂੰ ਇਕੱਠਾ ਕਰ ਕੇ ਨਾਲ ਹੀ ਸ਼ੇਖ਼ ਫ਼ਰੀਦ, ਭਗਤ ਕਬੀਰ, ਭਗਤ ਨਾਮਦੇਵ, ਭਗਤ ਤ੍ਰਿਲੋਚਨ, ਭਗਤ ਪੀਪਾ, ਭਗਤ ਸਧਨਾ ਤੇ ਹੋਰ ਸੰਤਾਂ ਦੀ ਬਾਣੀ, ਜੋ ਪਹਿਲੇ ਜਾਮੇ ਤੋਂ ਇਕੱਠੀ ਕਰ ਰਹੇ ਸਨ, ਉਸ ਨੂੰ ਇਕ ਥਾਂ ਇਕੱਠਿਆਂ ਕਰ ਕੇ ‘ਆਦਿ ਬੀੜ’ (ਗੁਰੂ ਗ੍ਰੰਥ) ਸਾਹਿਬ ਤਿਆਰ ਕੀਤੀ। ਹਰੀ ਦੇ ਕੀਰਤਨ ਨੂੰ ਜਨਤਾ ਵਿਚ ਵਧੇਰੇ ਰਿਵਾਜ ਦੇਣ ਲਈ ਸਿੱਖਾਂ ਵਿਚ ਸੰਗੀਤ ਵਿੱਦਿਆ ਦਾ ਪ੍ਰਚਾਰ ਕੀਤਾ ਤੇ ਇਕ ਸਰੰਦਾ ਬਣਾ ਕੇ ਸਾਜ਼ਾਂ ਵਿਚ ਵਾਧਾ ਕੀਤਾ ਤੇ ਆਖ਼ਰ ਸਚਾਈ ਦੇ ਵਿਰੋਧੀਆਂ ਦੀ ਬਹਿਕਾਈ ਹੋਈ ਹਕੂਮਤ ਨੂੰ ਸੱਚ ਸੁਣਾਂਦਿਆਂ ਹੋਇਆਂ ਸੰਸਾਰ ਦੇ ਸਭ ਤੋਂ ਵੱਡੇ ਕਸ਼ਟ ਸਹੇ। ਅਖੀਰ ਸ਼ਹੀਦੀ ਪਾਉਂਦਿਆਂ ਹੋਇਆਂ ਮਨੁੱਖਾਂ ਨੂੰ ਮਰਦਾਂ ਦੀ ਤਰ੍ਹਾਂ ਮਰਨਾ ਸਿਖਾਇਆ।
ਛੇਵੇਂ ਜਾਮੇ ਵਿਚ ਹਕੂਮਤ ਦੀ ਧਰਮ ਵਿਚ ਨਾਜਾਇਜ਼ ਦਖ਼ਲ-ਅੰਦਾਜ਼ੀ ਨੂੰ ਸ਼ਸਤਰਾਂ ਨਾਲ ਰੋਕਣ ਦੀ ਰੀਤ ਚਲਾਈ, ਜਿਸ ਹਕੂਮਤ ਨੂੰ ਪੰਜਵੇਂ ਜਾਮੇ ਵਿਚ ਚੁੱਪ, ਸ਼ਾਂਤ, ਅਡੋਲ, ਤੱਤੀਆਂ ਤਵੀਆਂ ’ਤੇ ਬਹਿ ਆਪਣੀ ਸਚਾਈ ਦਾ ਸਬੂਤ ਦਿੱਤਾ, ਉਸ ਪਸ਼ੂ-ਬਲ ਦੇ ਮਦ ਵਿਚ ਪਾਗਲ ਹੋਈ ਹਕੂਮਤ ਨੂੰ ਪਾਗਲ ਪਸ਼ੂਆਂ ਵਾਂਗ ਸ਼ਸਤਰਾਂ ਨਾਲ ਰੋਕਿਆ ਗਿਆ। ਧਰਮਰਾਜ ਦੀ ਧੁਜਾ ਖੜੀ ਕਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਕਾਇਮ ਕਰ, ਧਰਮ ਬੀਰਾਂ ਦੀ ਜਮਾਤ ਆਤਮਵੇਤਾ ਮਨੁੱਖਾਂ ਵਿਚੋਂ ਖੜੀ ਕੀਤੀ।
ਇਸ ਖ਼ਿਆਲ ਨਾਲ ਕਿ ਧਰਮ ਬਲ ਸਹਿਤ ਸ਼ਸਤਰ ਚਲਾਣ ਕਰਕੇ, ਜੋ ਰੋਜ਼ ਦੀਆਂ ਜਿੱਤਾਂ ਕਿਤੇ ਸਿੱਖ ਸਿਪਾਹੀਆਂ ਵਿਚ ਬਦਮਸਤੀ ਨਾ ਪੈਦਾ ਕਰ ਦੇਣ ਤੇ ਉਹ ਮਰਯਾਦਾ ਤੋਂ ਥਿੜਕ ਨਾ ਜਾਣ, ਸੰਤ ਸਿਪਾਹੀਆਂ ਦੀ ਮਰਯਾਦਾ ਸਿਖਾਉਣ ਲਈ ਸੱਤਵਾਂ ਜਾਮਾ ਧਾਰਨ ਕੀਤਾ। ਸ਼ਸਤਰਧਾਰੀ ਹੁੰਦਿਆਂ ਹੋਇਆਂ ਵੀ ਇਹ ਮਿਲਣ ’ਤੇ ਕਿ ਸ਼ਸਤਰ ਨਹੀਂ ਕੱਢਣਾ, ਵੱਡੇ ਤੋਂ ਵੱਡਾ ਇਮਤਿਹਾਨ ਆਉਣ ’ਤੇ ਵੀ ਸ਼ਸਤਰ ਖਿੱਚ, ਮਰਯਾਦਾ ਤੋੜਨ ਦੀ ਭੁੱਲ ਤੋਂ ਬਚਣ ਵਾਲਾ ਸੁਭਾਅ ਦ੍ਰਿੜ ਕਰਾਇਆ। ਇਕ ਸਚਿਆਰ ਬਾਲਗ਼ ਅਵਸਥਾ ਦਾ ਹੋਣ ’ਤੇ ਵੀ ਕਿਸ ਤਰਾਂ ਇਕ ਜਾਬਰ ਸ਼ਹਿਨਸ਼ਾਹ ਦੇ ਮੱਥੇ ਲੱਗਣ ਤੋਂ ਇਨਕਾਰ ਕਰ ਸਕਦਾ ਹੈ, ਇਸ ਦਾ ਪ੍ਰਮਾਣ ਦਰਸਾਉਣ ਲਈ ਅੱਠਵਾਂ ਜਾਮਾ ਲਿਆ।
ਆਪਣੀ ਸੰਗਤ ਤੋਂ ਬਿਨਾਂ ਜਗਤ ਦੀ ਕਿਸੇ ਹੋਰ ਸ਼੍ਰੇਣੀ ਦੀ ਨਿਰਬਲਤਾ ਨੂੰ ਤੱਕ, ਜੇ ਕੋਈ ਜਾਬਰ ਹਾਕਮ ਉਹਨਾਂ ਤੋਂ ਆਪਣੀ ਈਨ ਮਨਵਾਣਾ ਚਾਹੇ, ਤਾਂ ਉਸ ਦੇ ਸਾਹਮਣੇ ਕਿਸ ਤਰ੍ਹਾਂ ਜਾ ਡਟੀਦਾ ਹੈ। ਕਿਸੇ ਦੀ ਬਾਂਹ ਫੜ ਕੇ ਉਸ ਨਾਲ ਕਿਸ ਤਰ੍ਹਾਂ ਤੋੜ ਨਿਭਾਈਦੀ ਹੈ। ਕਿਸੇ ਮਾੜੇ ਦੀ ਮਦਦ ਕਰਨ ਲੱਗਿਆਂ ਇਹ ਨਹੀਂ ਦੇਖੀਦਾ ਕਿ ਉਸ ਦਾ ਮਜ਼ਹਬ ਕੀ ਹੈ ਤੇ ਧਾਰਮਕ ਚਿੰਨ੍ਹ ਕੀ ਹਨ। ਮਹਾਂ ਬਲੀ ਸੈਨਾ ਦੇ ਮਾਲਕ ਬਾਦਸ਼ਾਹ ਦੇ ਸਾਹਮਣੇ ਮਜ਼ਲੂਮਾਂ ਦੇ ਹੱਕ ਵਿਚ ਅਵਾਜ਼ ਉੱਠਾ ਕੇ ਆਪਣੇ ਸੀਸ ਤਕ ਦੀ ਬਲੀ ਕਿਸ ਤਰ੍ਹਾਂ ਦੇ ਦੇਈਦੀ ਹੈ, ਇਹ ਸਬਕ ਸਿਖਾਉਣ ਲਈ ਨੌਵੇਂ ਤਨ ਵਿਚ ਪ੍ਰਵੇਸ਼ ਕੀਤਾ।
ਚੰਗਾ ਕਲਾਕਾਰ ਉਹੀ ਹੈ, ਜੋ ਧਰਤੀ ’ਤੇ ਖਿੰਡੀ ਪਈ ਸੁੰਦਰਤਾ ਨੂੰ ਚੁਣ ਚੁਣ ਤਰਤੀਬ ਵਿਚ ਲਗਾ ਸੁੰਦਰ ਚਿੱਤਰ ਪੈਦਾ ਕਰ ਦੇਂਦਾ ਹੈ। ਅਵਾਜ਼ ਦੀ ਮਧੁਰਤਾ ਵਿਚੋਂ ਸੁਰਾਂ ਨੂੰ ਤਰਤੀਬ ਤੇ ਨਗ਼ਮੇ-ਰੰਗਾਂ ਦੇ ਮਿਲਾਪ ਤੋਂ ਤਸਵੀਰ ਅਤੇ ਚਲਨ ਦੀਆਂ ਖ਼ੂਬਸੂਰਤੀਆਂ ਨੂੰ ਜੋੜ ਪੰਥ ਬਣਾਇਆ ਜਾਂਦਾ ਹੈ। ਪਿਛਲੇ ਨੌਵਾਂ ਜਾਮਿਆਂ ਵਿਚ ਮੁਨੱਖੀ ਮਨ ’ਤੇ ਜੋ ਸ਼ੁਭ ਗੁਣਾਂ ਦੀ ਵਰਖਾ ਕੀਤੀ ਸੀ, ਹੁਣ ਆਖ਼ਰੀ ਦਸਵੇਂ ਜਾਮੇ ਵਿਚ ਪਿਛਲੇ ਸਾਰੇ ਕੰਮ ’ਤੇ ਨਿਗਾਹ ਮਾਰ ਕੇ ਉਸ ਨੂੰ ਤਰਤੀਬ ਦੇ ਪੰਥ ਸਾਜਿਆ ਗਿਆ। ਬੱਸ ਐਨਾ ਹੀ ਕੰਮ ਸੀ। ਪੰਥ, ਜਾਗੀ ਹੋਈ ਮਨੁੱਖਤਾ ਦਾ ਜੀਵਨ-ਸ਼ਾਹ-ਰਾਹ ਸੀ। ਮਜ਼ਹਬਾਂ ਦੀਆਂ ਮਨੌਤਾਂ, ਸਮਾਜ ਦੀਆਂ ਜ਼ੰਜੀਰਾਂ, ਹਕੂਮਤ ਦੀਆਂ ਧਮਕੀਆਂ ਤੋਂ ਇਕੱਠ ਬੇਪਰਵਾਹ ਸੀ। ਜਦ ਜੀਵਨ ਜੁਗਤੀ ਨੂੰ ਸਮਝ ਚੁੱਕੇ ਸਿੱਖਾਂ ਦੀ ਸੰਗਤ ਕਾਇਮ ਹੋ ਗਈ, ਭਾਈਚਾਰਾ ਬਣ ਗਿਆ, ਧਰਮ ਰਾਜ ਦੀ ਸਥਾਪਨਾ ਸ਼ੁਰੂ ਹੋ ਗਈ ਤਾਂ ਹੋਰ ਜਾਮਾ ਧਾਰਨ ਦੀ ਕੋਈ ਲੋੜ ਨਾ ਰਹੀ।
ਪਿਛਲੀ ਵਿਚਾਰ ਤੋਂ ਇਹ ਸਾਫ਼ ਸਿੱਧ ਹੈ ਕਿ ਜਗਤ-ਕਰਤਾ ਪਰਮੇਸ਼ੁਰ ਨੇ ਸੰਸਾਰ ਦੀ ਚਾਲ ਸਹੀ ਰਾਹ ’ਤੇ ਪਾਉਣ ਲਈ ਆਪਣੀ ਜੋਤੀ ਦੀ ਗੁਰ-ਕਿਰਨ ਜਦ ਨਾਨਕ ਨਾਮ ਦੇ ਮਨੁੱਖ ਵਿਚ ਪਾਈ ਤਾਂ ਉਹ ਗੁਰੂ ਨਾਨਕ ਦੇਵ ਕਹਿਲਾਇਆ। ਇਹ ਦੋਹਾਂ ਦਾ ਇਕੱਠ ਸੀ, ਨਾਨਕ ਮਨੁੱਖ ਤੇ ਗੁਰ ਪਰਮੇਸ਼ੁਰ । ਜਗਤ ਉਧਾਰ ਦਾ ਕੰਮ ਵਡੇਰਾ ਹੋਣ ਕਰਕੇ ਕੰਮ ਕਰਨ ਦੀ ਢੇਰ ਚਿਰ ਲੋੜ ਸੀ, ਜਿਸ ਕਰਕੇ ਜੋਤ ਨੂੰ ਦਸ ਜਾਮ ਧਾਰਨ ਕਰਨੇ ਪਏ । ਇਹ ਦਸ ਗਿਣਤੀ ਸੀ ਸਰੀਰਾਂ ਦੀ, ਪਰ ਗੁਰੂ ਇਕੋ ਸੀ, ਉਹ ਸੀ ‘ਜੋਤ-ਸਰੂਪ’।