ਦੁਲਾਵਾਂ
ਦੁਲਾਵਾਂ, ‘ੳ’ ਅਤੇ ‘ੲ’ ਅੱਖਰ ਤੋਂ ਬਿਨਾ ਹੋਰ ਸਾਰੇ ਹੀ ਅੱਖਰਾਂ ਉੱਤੇ ਲਗਦੀਆਂ ਹਨ। ਦੁਲਾਵਾਂ ਜਿੱਥੇ ਦੀਰਘ ਮਾਤ੍ਰਾ ਦੀ ਲਖਾਇਕ ਹੈ ਉੱਥੇ ਇਹ ਅਰਥਾਂ ਨੂੰ ਭੀ ਪ੍ਰਭਾਵਿਤ ਕਰਦੀਆਂ ਹਨ। ਜਿਸ ਨਿਯਮ ਅਧੀਨ ਗੁਰਬਾਣੀ ਵਿਚ ‘ਦੁਲਾਵਾਂ’ ਦੀ ਵਰਤੋਂ ਹੋਈ ਹੈ। ਆਉ, ਉਸ ਨਿਯਮ ਨੂੰ ਸਮਝਣ ਦਾ ਯਤਨ ਕਰੀਏ -:
- ਨਾਂਵ ਅਤੇ ਸਧਾਰਨ ਵਿਸ਼ੇਸ਼ਣ ਲਫਜ਼ਾਂ ਨੂੰ ਅੰਤ ਲਗੀਆਂ ‘ਦੁਲਾਵਾਂ’ ਵਿੱਚੋਂ ਸੰਬੰਧਕ ਪ੍ਰਭਾਵੀ ਅਰਥ ਨਿਕਲਦੇ ਹਨ, ਜਿਵੇਂ ਕਿ:
‘‘ਧੰਨੈ ਧਨੁ ਪਾਇਆ ਧਰਣੀਧਰੁ, ਮਿਲਿ ਜਨ ਸੰਤ ਸਮਾਨਿਆ॥ ’’ (ਪੰਨਾ ੪੮੭)
ਧੰਨੈ-ਨਾਂਵ ਕਰਤਾ ਕਾਰਕ ਇਕ ਵਚਨ ਅਰਥ ਹੈ ‘ਧੰਨੇ ਨੇ’।
‘‘ਬਾਲਮੀਕੈ ਹੋਆ ਸਾਧਸੰਗੁ॥’’ (ਪੰਨਾ ੧੧੯੨)
ਬਾਲਮੀਕੈ-ਨਾਂਵ ਸੰਪਰਦਾਨ ਕਾਰਕ ਇਕਵਚਨ, ਅਰਥ ਹੈ ‘ਬਾਲਮੀਕ ਨੂੰ’।
‘‘ਅੰਦਰਿ ਸਚਾ ਨੇਹੁ, ਲਾਇਆ ਪ੍ਰੀਤਮ ਆਪਣੈ॥’’ ( ਪੰਨਾ ੭੫੮)
ਪ੍ਰੀਤਮ ਆਪਣੈ-ਵਿਸ਼ੇਸ਼ਣ ਸੰਬੰਧ ਕਾਰਕ, ਅਰਥ ਹੈ ‘ਆਪਣੇ ਪ੍ਰੀਤਮ ਦਾ’।
‘‘ਜਿਨੀ ਨਾਮੁ ਵਿਸਾਰਿਆ, ਦੂਜੀ ਕਾਰੈ ਲਗਿ॥’’ ( ਪੰਨਾ ੧੯)
ਕਾਰੈ-ਨਾਂਵ ਅਧਿਕਰਨ ਕਾਰਕ, ਅਰਥ ਹੈ ‘ਕਾਰ ਵਿਚ’।
‘‘ਦੁਬਿਧਾ ਲੋਭਿ ਲਗੇ ਹੈ ਪ੍ਰਾਣੀ, ਮਨਿ ਕੋਰੈ ਰੰਗੁ ਨ ਆਵੈਗੋ॥’’ ( ਪੰਨਾ ੧੩੧੦)
ਕੋਰੈ-ਨਾਂਵ ਅਪਾਦਾਨ ਕਾਰਕ, ਅਰਥ ਹੈ ‘ਕੋਰੇ ਮਨ ਉਤੇ’।
‘‘ਸਭੋ ਸੂਤਕੁ ਭਰਮੁ ਹੈ, ਦੂਜੈ ਲਗੈ ਜਾਇ॥’’ ( ਪੰਨਾ ੪੭੨)
ਦੂਜੈ-ਵਿਸ਼ੇਸ਼ਣ, ਕਰਮ ਕਾਰਕ, ਅਰਥ ਹੈ ‘ਦੂਜੇ ਨਾਲ ਜਾਂ ਦੂਜੇ ਵਿਚ’।
- ਅਨ-ਪੁਰਖ ਕਿਰਿਆਵੀ ਲਫਜ਼ਾਂ ਦੇ ਅੰਤਲੇ ਅੱਖਰਾਂ ਨੂੰ ਦੁਲਾਵਾਂ ਆਉਂਦੀਆਂ ਹਨ ਅਤੇ ਵਰਤਮਾਨ ਕਾਲ ਦੀਆਂ ਸੂਚਕ ਹੁੰਦੀਆਂ ਹਨ ਜਿਵੇਂ ਕਿ:
‘‘ਧਨਿ ਧੰਨਿ ਓ ਰਾਮ ਬੇਨੁ ਬਾਜੈ॥’’ ( ਪੰਨਾ ੯੮੮)
ਬਾਜੈ-ਕਿਰਿਆ ਵਰਤਮਾਨ ਕਾਲ ਅਨਪੁਰਖ ਇਕਵਚਨ, ਅਰਥ ਹੈ ‘ਵੱਜ ਰਹੀ ਹੈ’।
‘‘ਹਮਰਾ ਜੀਵਨੁ ਨਿੰਦਕੁ ਲੋਰੈ॥’’ ( ਪੰਨਾ ੩੩੯)
ਲੋਰੈ-ਕਿਰਿਆ ਵਰਤਮਾਨ ਕਾਲ ਅਨ ਪੁਰਖ ਇਕਵਚਨ, ਅਰਥ ਹੈ ‘ਚਾਹੁੰਦਾ ਹੈ’।
‘‘ਅੰਮਿ੍ਰਤ ਗੁਣ ਉਚਰੈ ਪ੍ਰਭ ਬਾਣੀ॥’’ ( ਪੰਨਾ ੧੮੪)
ਉਚਰੈ-ਕਿਰਿਆ ਵਰਤਮਾਨ ਕਾਲ ਅਨਪੁਰਖ ਇਕਵਚਨ, ਅਰਥ ਹੈ ‘ਉਚਾਰਦਾ ਹੈ’।
- ਦੁਲਾਵਾਂ ਹੁਕਮੀ ਭਵਿਖਤ ਕਾਲ ਦੀਆਂ ਭੀ ਸੂਚਕ ਹੁੰਦੀਆਂ ਹਨ ਜਿਵੇਂ ਕਿ:
‘‘ਨਾਨਕੁ ਵਖਾਣੈ ਗੁਰ ਬਚਨਿ ਜਾਣੈ, ਆਉ ਸਖੀ ਸੰਤ ਪਾਸਿ ਸੇਵਾ ਲਾਗੀਐ॥’’ ( ਪੰਨਾ ੪੫੭)
ਲਾਗੀਐ-ਕਿਰਿਆ ਹੁਕਮੀ ਭਵਿਖਤ ਉਤਮ ਪੁਰਖ ਬਹੁਵਚਨ, ਅਰਥ ਹੈ ‘ਅਸੀਂ ਲਗੀਏ’।
‘‘ਛੋਡਿ ਮਾਨੁ ਹਰਿ ਚਰਨ ਗਹੀਜੈ॥’’ ( ਪੰਨਾ ੧੮੬)
ਗਹੀਜੈ-ਕਿਰਿਆ ਹੁਕਮੀ ਭਵਿਖਤ ਉਤਮ ਪੁਰਖ ਬਹੁਵਚਨ, ਅਰਥ ਹੈ ‘ਅਸੀਂ ਫੜੀਏ’।
‘‘ਪੜਿਆ ਮੂਰਖੁ ਆਖੀਐ, ਜਿਸੁ ਲਬੁ ਲੋਭੁ ਅਹੰਕਾਰਾ॥’’ ( ਪੰਨਾ ੧੪੦)
ਆਖੀਐ-ਕਿਰਿਆ ਹੁਕਮੀ ਭਵਿਖਤ ਅਨਪੁਰਖ ਇਕਵਚਨ, ਅਰਥ ਹੈ ‘ਆਖਣਾ ਚਾਹੀਦਾ ਹੈ’।
‘‘ਨਾਨਕ! ਗਾਵੀਐ ਗੁਣੀ ਨਿਧਾਨੁ॥’’ ( ਪੰਨਾ ੨)
ਗਾਵੀਐ-ਕਿਰਿਆ ਹੁਕਮੀ ਭਵਿਖਤ ਉਤਮ ਪੁਰਖ ਬਹੁਵਚਨ, ਅਰਥ ਹੈ ‘ਅਸੀਂ ਸਿਫਤਿ-ਸਾਲਾਹ ਕਰੀਏ’।
- ਗੁਰਬਾਣੀ ਵਿਚ ਜਦੋਂ ਕਿਸੇ ‘ਨਾਂਵ’ ਸਬਦ ਨੂੰ ਕਾਰਕੀ ਦੁਲਾਈਆਂ ਆ ਜਾਣ ਤਾ ਉਸ ਲਫਜ਼ ਨਾਲ ‘ਪੜਨਾਂਵ’ ਵਾਚੀ ਲਫਜ਼ ਜ਼ਰੂਰ ਆਉਂਦਾ ਹੈ। ਜਿਵੇਂ ਕਿ :
‘‘ਮੇਰੈ ਹੀਅਰੈ ਪ੍ਰੀਤਿ ਰਾਮ ਰਾਇ ਕੀ, ਗੁਰਿ ਮਾਰਗੁ ਪੰਥੁ ਬਤਾਇਆ॥’’ ( ਪੰਨਾ ੧੭੨)
ਹੀਅਰੈ-ਨਾਂਵ ਅਧਿਕਰਨ ਕਾਰਕ ਇਕਵਚਨ, ਅਰਥ ਹੈ ‘ਹਿਰਦੇ ਵਿਚ’।
ਮੇਰੈ-ਪੜਨਾਂਵ ਸ਼ਬਦ ਸਮੇਤ ਦਾ ਅਰਥ ਹੈ, ‘ਮੇਰੇ ਹਿਰਦੇ ਵਿਚ’।
‘‘ਮੇਰੈ ਮਨਿ ਤਨਿ ਭੁਖ ਅਤਿ ਅਗਲੀ, ਕੋਈ ਆਣਿ ਮਿਲਾਵੈ ਮਾਇ॥’’ ( ਪੰਨਾ ੪੯)
ਮੇਰੈ ਮਨਿ-ਪੜਨਾਂਵ, ਨਾਂਵ ਅਧਿਕਰਨ ਕਾਰਕ, ਅਰਥ ਹੈ ‘ਮੇਰੇ ਮਨ ਵਿਚ’।
‘‘ਮਾਇਆ ਮੋਹੁ ਮੇਰੈ ਪ੍ਰਭਿ ਕੀਨਾ, ਆਪੇ ਭਰਮਿ ਭੁਲਾਏ॥’’ ( ਪੰਨਾ ੬੭)
ਮੇਰੈ ਪ੍ਰਭਿ-ਪੜਨਾਂਵ, ਨਾਂਵ ਕਰਤਾ ਕਾਰਕ ਸੰਬੰਧਕੀ ਰੂਪ, ਅਰਥ ਹੈ ‘ਮੇਰੇ ਪ੍ਰਭੂ ਨੇ’।
‘‘ਮੈ ਧਰ ਤੇਰੀ ਪਾਰਬ੍ਰਹਮ! ਤੇਰੈ ਤਾਣਿ ਰਹਾਉ॥’’ ( ਪੰਨਾ ੪੬)
ਤੇਰੈ ਤਾਣਿ-ਪੜਨਾਂਵ, ਨਾਂਵ ਅਧਿਕਰਨ ਕਾਰਕ, ਅਰਥ ਹੈ ‘ਤੇਰੇ ਆਸਰੇ’।
- ਜਦੋਂ ਕੋਈ ਲਫਜ਼ ਪੁਲਿੰਗ ਨਾਂਵ ਇਕਵਚਨ, ਅਧਿਕਰਨ ਕਾਰਕ ਵਿਚ ਹੋਵੇ; ਅਧਿਕਰਨ ਕਾਰਕ ਦਾ ਚਿੰਨ੍ਹ ਵੱਖਰਾ ਨਾ ਹੋ ਕੇ ਨਾਂਵ ਲਫਜ਼ ਨਾਲ ਹੀ ਸੰਮਿਲਤ ਹੋਵੇ ਤਾਂ ਇਸ ਨਾਂਵ ਲਫਜ਼ ਤੋਂ ਆਇਆ ਪਹਿਲਾ ਲਫਜ਼ ‘ਕਾ’ ਅਤੇ ‘ਦਾ’ ‘ਕੈ’,‘ਦੈ’ ਵਿਚ ਬਦਲ ਜਾਂਦੇ ਹਨ, ਜਿਵੇਂ ਕਿ:
‘‘ਨਾਨਕ ਕੈ ਘਰਿ ਕੇਵਲ ਨਾਮੁ॥’’ ( ਪੰਨਾ ੧੧੩੬)
ਘਰਿ-ਨਾਂਵ ਅਧਿਕਰਨ ਕਾਰਕ, ਅਰਥ ਹੈ ‘ਘਰ ਵਿਚ’।
ਕੈ-ਸੰਬੰਧ ਕਾਰਕ, ਅਰਥ ਹੈ ‘ਦੇ’।
‘‘ਜਾ ਕੈ ਗਿ੍ਰਹਿ ਨਵ ਨਿਧਿ ਹਰਿ ਭਾਈ॥’’ ( ਪੰਨਾ ੧੦੮)
ਗਿ੍ਰਹਿ-ਅਧਿਕਰਨ ਕਾਰਕ, ਅਰਥ ਹੈ ‘ਘਰ ਵਿਚ’।
ਕੈ-ਸੰਬੰਧ ਕਾਰਕ, ਅਰਥ ਹੈ ‘ਦੇ’।
‘‘ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ, ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ॥ ( ਪੰਨਾ ੫੫੦)
ਚਿਤਿ-ਅਧਿਕਰਨ ਕਾਰਕ, ਅਰਥ ਹੈ ‘ਚਿਤ ਵਿਚ’।
ਦੈ- ਸੰਬੰਧ ਕਾਰਕ, ਅਰਥ ਹੈ ‘ਦੇ’।
ਭੁੱਲ-ਚੁਕ ਦੀ ਖਿਮਾ