ਦਾਨੀ ਲੋਕ

0
371

ਦਾਨੀ ਲੋਕ

ਗੁਰਦੇਵ ਸਿੰਘ ਸੱਧੇਵਾਲੀਆ

ਕਹਿੰਦੇ ਅਪਣੀ ਵਾਲੀ ਇੱਕ ਮਾਈ ਨੂੰ ਜਾਨਵਰਾਂ ਨੂੰ ਰੋਟੀਆਂ ਪਾਉਂਦੇ ਦੇਖ ਗੁਆਂਢੀ ਗੋਰਾ ਖਿੱਝਦਾ ਹੈ ਜਦ ਖਿੱਝਣ ਦਾ ਕਾਰਨ ਪਤਾ ਲੱਗਾ ਤਾਂ ਗੋਰੇ ਦਾ ਤਰਕ ਇਹ ਸੀ ਕਿ ਤੁਸੀਂ ਕੁਦਰਤ ਉੱਪਰ ਆਤਮ ਨਿਰਭਰ ਜੀਵਾਂ ਨੂੰ ਅਪਾਹਜ ਕਰ ਰਹੇ ਹੋਂ। ਕੱਲ ਨੂ ਜਦ ਤੁਹਾਡੀ ਇਹ ਮਾਈ ‘ਮੂਵ’ ਕਰ ਗਈ ਤਾਂ ਇਹ ਅਪਾਹਜ ਹੋਏ ਜੀਵ ਮਰ ਨਾ ਜਾਣਗੇ ?

ਤੁਸੀਂ ਸੋਚ ਕੇ ਦੇਖੋ ਜੇ ‘ਪੈੱਟ ਹਾਊਸਾਂ’ ਵਿੱਚ ਪਲਣ ਵਾਲੇ ਜੀਵ ਜੰਗਲ ਵਿੱਚ ਛੱਡ ਦਿੱਤੇ ਜਾਣ ! ਜਿਹੜਾ ਵੀ ਜੀਵ ਬੰਦੇ ਨੇ ਅਪਣੇ ਉੱਪਰ ਨਿਰਭਰ ਕਰ ਲਿਆ ਉਹ ਅਪਾਹਜ ਹੋ ਗਿਆ। ਇੱਥੇ ਤੱਕ ਕਿ ਪੌਦੇ ਨੂੰ ਵੀ ! ਤੁਹਾਡੀਆਂ ਨਰਸਰੀਆਂ ਵਿੱਚ ਪਲਣ ਵਾਲਾ ਪੌਦਾ ਜੰਗਲ ਦੀਆਂ ਹਨੇਰੀਆਂ ਨਹੀਂ ਝੱਲ ਸਕੇਗਾ ! ਸਰਕਸ ਦੇ ਛਾਟਿਆਂ ’ਤੇ ਨੱਚਣ ਵਾਲਾ ਸ਼ੇਰ ਜੰਗਲ ਵਿੱਚ ਸ਼ਿਕਾਰ ਜੋਗਾ ਕਿੱਥੇ ਰਹਿ ਜਾਂਦਾ ! ਰਹਿ ਜਾਂਦਾ ?

ਜਿਸ ਉੱਪਰ ਭਾਰ ਹੋਏਗਾ ਲੱਤਾਂ ਉਸ ਦੀਆਂ ਵਿੱਚ ਹੀ ਜਾਨ ਹੋਏਗੀ। ਸਾਡੇ ਵਾਲੇ ਲੋਗੜ ਜਿਹੇ ਨਿਆਣੇ ਭੱਠੇ ਦੀਆਂ ਚਾਰ ਇੱਟਾਂ ਨਹੀਂ ਚੁੱਕ ਸਕਣ ਵਾਲੇ ਪਰ ਕਾਮਿਆਂ ਦੇ ਜੰਮਦੇ ਹੀ ਮੌਰਾਂ ਕਾਇਮ ਕਰੀ ਬੈਠੇ ਹੁੰਦੇ ! ਤੁਸੀਂ ਅਪਣੇ ਨਿਆਣੇ ਨੂੰ ਜਿੰਨਾ ਪੋਲੜ ਕਰ ਦਿਓਂਗੇ ਉਹ ਉਨ੍ਹਾਂ ‘ਬਲੈਲਰ ਕੁੱਕੜ’ ਦੀ ਤਰ੍ਹਾਂ ਹੋ ਜਾਏਗਾ ਜਿਸ ਦੀ ਦੁਪਹਿਰ ਬਾਰ੍ਹਾਂ ਤੋਂ ਪਹਿਲਾਂ ਬਾਂਗ ਹੀ ਨਹੀਂ ਨਿਕਲਦੀ ! ਤੇ ਮਾਂ ਕਹਿ ਰਹੀ ਹੁੰਦੀ ਉੱਠ ਮੇਰਾ ਪੁੱਤ !  ਸਵੇਰਾ ਹੋ ਗਿਆ ?

ਇਉਂ ਈ ਮੁੱਲਖਾਂ ਤੇ ਕੌਮਾ ਦਾ ਹਾਲ ਹੈ। ਹਿੰਦੋਸਤਾਨ ਵਿੱਚ ਛੋਟੇ ਬੱਚਿਆਂ ਦੀ ਤਸਕਰੀ ਲੱਖਾਂ ਵਿੱਚ ਹੈ। ਨਿਆਣੇ ਚੁਰਾਏ ਜਾਂਦੇ, ਲੱਤਾਂ ਪੈਰ ਤੋੜ ਦਿੱਤੇ ਜਾਂਦੇ ਤੇ ਲਾਈਟਾਂ ਉੱਪਰ ਮੰਗਣ ਬਿਠਾ ਦਿੱਤੇ ਜਾਂਦੇ। ਇੱਥੇ ਤੱਕ ਕਿ ਕਈ ਨਿਆਣਿਆਂ ਦੀਆਂ ਅੱਖਾਂ ਕੱਢ ਕੇ ਅੰਨ੍ਹੇ ਕਰ ਦਿੱਤੇ ਜਾਂਦੇ ਕਿ ਲੋਕ ਤਰਸ ਕਰਕੇ ਭੀਖ ਜ਼ਿਆਦਾ ਦੇਣ ! ੨੦੧੫ ਦੀ ਰਿਪੋਟ ਮੁਤਾਬਕ ਤਿੰਨ ਲੱਖ ਨਿਆਣਾ ਇੱਕੇ ਸਮੇ ਹਿੰਦੋਸਤਾਨ ਵਿੱਚ ਭੀਖ ਮੰਗ ਰਿਹਾ ਹੈ ਤੇ ਕੋਈ ੪੪ ਹਜ਼ਾਰ ਨਿਆਣਾ ਹਰੇਕ ਸਾਲ ਇਸ ਭੀਖ ਮੰਗੇ ਗੈਂਗ ਵਿੱਚ ਸ਼ਾਮਲ ਕੀਤਾ ਜਾਂਦਾ ਹੈ ! ਪਰ ਇਸ ਜੁਲਮ ਦਾ ਜਿੰਮੇਵਾਰ ਕੌਣ ? ਤੁਸੀਂ ਅਸੀਂ ਯਾਣੀ ਲੋਕ, ਯਾਣੀ ਦਾਨੀ ਲੋਕ ?

ਕਦੇ ਕਦੇ ਤੁਹਾਨੂੰ ਇੱਥੇ ਕੈਨੇਡਾ ਵਿੱਚ ਵੀ ਕੋਈ ਗੋਰਾ ਹਾਈਵੇ ’ਤੇ ਨਿਕਲਣ ਵਾਲੀਆਂ ਬੱਤੀਆਂ ਨੇੜੇ ਖੜਾ ਦਿੱਸਦਾ ਹੋਵੇਗਾ ਤੇ ਮੇਰਾ ਇੱਕ ਮਿੱਤਰ ਇੱਕ ਅਜਿਹੇ ਹੀ ਬੰਦੇ ਨੂੰ ਜਦ ਦੋ ਡਾਲਰ ਦੇਣ ਲੱਗਾ ਤਾਂ ਮੈਂ ਕਿਹਾ ਕਿਉਂ ? ਉਹ ਕਹਿੰਦਾ ਵਿਚਾਰਾ ਠੰਡ ਵਿੱਚ ਖੜਾ ਭੁੱਖਾ ਹੋਊ ? ਪਰ ਮੈਂ ਕਿਹਾ ਕਿ ਆਪਾਂ ਕਿਸੇ ਦੇ ਹੱਥ ’ਤੇ ਪੈਸਾ ਰੱਖ ਕੇ ‘ਦਾਨੀ’ ਹੋਣ ਵਾਲਾ ਮਾਣ ਇੱਥੇ ਵੀ ਛੱਡਦੇ ਕਿਉਂ ਨਹੀਂ ? ਪਰ ਤੈਨੂੰ ਪਤੈ ਜਦ ਇਹ ਵਪਾਰ ਵਧ ਗਿਆ ਤਾਂ ਕੀ ਸਾਡੇ, ਤੁਹਾਡੇ ਜਾਂ ਬਾਕੀ ਦਿਆਂ ਦੇ ਨਿਆਣਿਆਂ ਦੀ ਤਸਕਰੀ ਇੱਥੇ ਨਹੀਂ ਹੋ ਸਕੇਗੀ ?

ਧਾਰਮਕ ਦੁਨੀਆ ਵਿੱਚ ਤੁਹਾਡੇ ਦਾਨ ਨੇ ਕਿੰਨੀ ਦੁਨੀਆ ਅਪਾਹਜ ਕਰ ਮਾਰੀ ਹੈ ਜਿਸ ਨੂੰ ਹੁਣ ਤੁਸੀਂ ਆਪੇ ਹੀ ਪੁਜਾਰੀ ਵਰਗ ਕਹਿ ਕੇ ਭੰਡ ਰਹੇ ਹੋਂ, ਪਰ ਕੀ ਇਹ ਵਰਗ ਅਸਮਾਨੋਂ ਉਤਰਿਆ ? ਤੁਹਾਡੇ ਦਾਨ ਨੇ ਪੈਦਾ ਨਹੀਂ ਕੀਤਾ ? ਦਰਬਾਰ ਸਾਹਿਬ ਵਿੱਚ ਤੁਰੀਆਂ ਫਿਰਦੀਆਂ ਲੋਥਾਂ ਕਿਸ ਨੇ ਪਾਲੀਆਂ ? ਡੇਰਿਆਂ ਦੀਆਂ ਨਸਲਾਂ ਕੀਨੇ ਪਾਲੀਆਂ ? ਕਾਰਸੇਵੀਆਂ ਦੇ ਗੁੰਡੇ ਕਿਸ ਨੇ ਪਾਲੇ ? ਵਿਹਲੜ ਭੰਗ ਪੀਣੀਆਂ ਧਾੜਾਂ ਕਿਸ ਪਾਲੀਆਂ ? ਹਰੇਕ ਕੰਮੋ ਫੇਲ ਹੋਇਆ ਵਾਜਾ ਚੁੱਕ ਤੁਰ ਪਿਆ, ਕਿਸ ਨੇ ਪਾਲਿਆ ? ਭਈਏ ਚਾਰ ਸੁਰਾਂ ਸਿਖ ਗੁਰਦੁਆਰਿਆਂ ਵਿੱਚ ਵੜ ਗਏ, ਕਿਸ ਨੇ ਪਾਲੇ ? ਮੇਰੇ ਦਿੱਤੇ ਦਾਨ ਨੇ ਪਾਲੇ ? ਪਾਲੇ ਯਾਨੀ ਅਪਾਹਜ ਕੀਤੇ ? ਦਾਨ ਦੇ ਨਾਂ ’ਤੇ ਕੀਤੇ ! ਮੇਰੇ ਖੁਦ ਦੇ ਦਾਨ ਨਾਲ ਮੈਂ ਖੁਦ ਵੀ ਅਪਾਹਜ ਹੋ ਕੇ ਰਹਿ ਗਿਆ ਜਿਹੜਾ ਦੋ ਲਫਜ ਅਰਦਾਸ ਦੇ ਕਹਿਣ ਲਈ ਵੀ ਭਾਈ ਨੂੰ ਲੱਭਦਾ ਫਿਰ ਰਿਹੈ ਜਦ ਕਿ ਭਾਈ ਦਾ ਤੁਹਾਡੀ ਚਲ ਰਹੀ ਮੁਸ਼ਕਲ ਨਾਲ ਕੋਈ ਲੈਣਾ ਦੇਣਾ ਹੀ ਨਹੀਂ ! ਡੁੱਬ ਤੁਸੀਂ ਰਹੇ ਓਂ ਤੇ ਬਾਹਾਂ ਤੁਸੀਂ ਭਾਈ ਨੂੰ ਮਾਰਨ ਲਈ ਕਹਿ ਰਹੇ ਓਂ ?

ਇਸ ਧੰਦੇ ਉੱਪਰ ਲੱਗੇ ਲੱਖਾਂ ਲੋਕਾਂ ਨੂੰ ਵੀ ਅਪਾਹਜ ਹੋਣ ਤੋਂ ਬਚਾਓ ਤੇ ਖੁਦ ਵੀ ਬਚੋ। ਕੌਮਾਂ ਉਹੀ ਜਿਉਂਦੀਆਂ, ਜਿਹੜੀਆਂ ਆਤਮ ਨਿਰਭਰ ਹਨ, ਨਹੀਂ ਤਾਂ ‘ਬਲੈਲਰ ਕੁਕੜਾਂ’ ਦੀਆਂ ਬਾਗਾਂ ਹੀ ਹਨ ਜਿੰਨਾ ਨੂੰ ਸੁਣਦਾ ਕੋਈ ਨਹੀਂ ਪਰ ਝਟਕਾਉਂਣ ਲਈ ਹਰੇਕ ਤਿਆਰ ਹੈ ? ? ?