‘ਦਮੜੀ’ ਯਾਤਰਾ ਬਨਾਮ ਗੁਰੂ ਰਵਿਦਾਸ ਦਾਸ

0
546

‘ਦਮੜੀ’ ਯਾਤਰਾ ਬਨਾਮ ਗੁਰੂ ਰਵਿਦਾਸ ਦਾਸ

ਮੇਜਰ ਸਿੰਘ ਬੁਢਲਾਡਾ-94176-42327

ਗੁਰੂ ਰਵਿਦਾਸ ਜੀ ਨਾਲ ਸੰਬੰਧਿਤ ਡੇਰਿਆਂ ਵਾਲੇ ਕਾਫ਼ੀ ਸਾਰੇ ਸਾਧੂਆਂ ਵੱਲੋਂ ਕਈ ਸਾਲਾਂ ਤੋਂ ‘ਦਮੜੀ’ ਯਾਤਰਾ ਕੱਢੀ ਜਾ ਰਹੀ ਹੈ। ਇਹ ਯਾਤਰਾਂ ਆਪਣੇ ਇਕ ਡੇਰੇ ਤੋਂ ਸ਼ੁਰੂ ਕਰਕੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚੋਂ ਹੁੰਦੀ ਹੋਈ ‘ਹਰਿ ਕੀ ਪੌੜੀ’ (ਹਰਿਦੁਵਾਰ) ਵਿਖੇ ਸਮਾਪਤ ਕੀਤੀ ਜਾਂਦੀ ਹੈ। ‘ਸੋਸ਼ਲ ਮੀਡੀਆ’ ’ਤੇ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਗੁਰਮਤਿ ਅਨੁਸਾਰ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਸਮਝਣ ਵਾਲਿਆਂ ਨੇ ਇਸ ‘ਦਮੜੀ’ ਯਾਤਰਾ ਦਾ ਵਿਰੋਧ ਕੀਤਾ ਹੈ। ਇਹ ਕੁਝ ਲੋਕਾਂ ਦੇ ਜਾਗਦੇ ਹੋਣਦਾ ਸਬੂਤ ਵੀ ਹੈ। ਇਹ ‘ਦਮੜੀ’ ਯਾਤਰਾ ਕੀ ਹੈ ? ਇਸ ਗੱਲ ਨੂੰ ਬਹੁਤ ਸਾਰੇ ਲੋਕ ਚੰਗੀ ਤਰਾਂ ਜਾਣਦੇ ਹਨ, ਕਿ ਇਸ ਦਾ ਸਿੱਧਾ ਸੰਬੰਧ ਗੁਰੂ ਰਵਿਦਾਸ ਜੀ ਨਾਲ ਜੁੜੀ ਇਕ ਕਾਲਪਨਿਕ ਕਹਾਣੀ ਨਾਲ ਹੈ, ਉਹ ਕਹਾਣੀ ਸਾਂਝੀ ਕਰਨ ਤੋਂ ਪਹਿਲਾਂ ਆਪਾਂ ‘ਗੰਗਾ’ ਬਾਰੇ ਕੁਝ ਕੁ ਜਾਣਕਾਰੀ ਹਾਸਲ ਕਰ ਲਈਏ, ਕਿ ‘ਗੰਗਾ’ ਕੌਣ ਸੀ ?

ਇਸ ਬਾਰੇ ਸੰਖੇਪ ਵਿਚ ਪ੍ਰਸਿੱਧ ਵਿਦਵਾਨ ਭਾਈ ਕਾਹਨ ਸਿੰਘ ‘ਨਾਭਾ’ ਜੀ ‘ਮਹਾਨ ਕੋਸ਼’ ਵਿਚ ਪੰਨਾ ਨੰ: 432 ’ਤੇ ਲਿਖਦੇ ਹਨ ਕਿ-‘ਗੰਗਾ’ ਭਾਰਤ ਦੀ ਪ੍ਰਸਿੱਧ ਨਦੀ, ਜੋ ਕਿ ਹਿੰਦੂਮਤ ਵਿਚ ਅਤਿ ਪਵਿਤ੍ਰ ਮੰਨੀ ਗਈ ਹੈ, (ਇਹ ਗੋਮੁੱਖ ਚਸ਼ਮੇ ਹਰਿਦਵਾਰ ਤੋਂ 180 ਮੀਲ ਉੱਪਰ ਹੈ ਅਤੇ ਇਸ ਦੀ ਲੰਬਾਈ 13,800 ਫੁੱਟ ਹੈ, ਜੋ ਕਿ 1550 ਮੀਲ ਦਾ ਸਫਰ ਤੈਅ ਕਰਕੇ ਸਮੁੰਦਰ ਵਿਚ ਸਮਾ ਜਾਂਦੀ ਹੈ ਅਤੇ ਬਾਲਮੀਕ ਰਮਾਇਣ ਵਿਚ ਲੇਖ ਹੈ, ਕਿ ‘ਹਿਮਾਲਯ ਪਰਬਤ’ ਦੇ ਘਰ ‘ਸੁਮੇਰ’ ਦੀ ਕੰਨਿਆਂ ‘ਮੇਨਕਾ’ ਦੇ ਉਦਰ ਤੋਂ ‘ਗੰਗਾ’ ਤੇ ‘ਉਮਾ’ ਦੋ ਭੈਣਾਂ ਪੈਦਾ ਹੋਈਆਂ ਹਨ। ਇਹਨਾਂ ਵਿਚੋਂ ‘ਹਿਮਾਲਯ ਪਰਬਤ’ (ਪਹਾੜ) ਦੀ ਧੀ ਹੈ ‘ਗੰਗਾ’।

ਸੋ ਆਓ, ਗੁਰੂ ਰਵਿਦਾਸ ਜੀ ਨਾਲ ਜੁੜੀ ਇਸ ਕਹਾਣੀ ਬਾਰੇ ਸੰਖੇਪ ਵਿਚ ਗੱਲ ਕਰੀਏ-ਕਹਾਣੀ ਇਸ ਤਰ੍ਹਾਂ ਹੈ ਕਿ-‘ਲੋਕ ‘ਗੰਗਾ’ ਨਦੀ ’ਤੇ ਇਸ਼ਨਾਨ ਕਰਨ ਜਾ ਰਹੇ ਸਨ। ਗੁਰੂ ਰਵਿਦਾਸ ਜੀ ਨੇ ਇਕ ਪੰਡਿਤ ਨੂੰ ਆਪਣੀ ਕਿਰਤ ਕਮਾਈ ਵਿਚੋਂ ਇਕ ਦਮੜੀ (ਇਕ ਪੈਸੇ ਦਾ ਚੌਥਾ ਹਿੱਸਾ) ਦਿੰਦਿਆ ਕਿਹਾ ਕਿ ਇਹ (ਦਮੜੀ) ਮੇਰੇ ਵਲੋਂ ‘ਗੰਗਾ’ ਜੀ ਨੂੰ ਭੇਟਾ, ਇਸ ਸ਼ਰਤ ’ਤੇ ਦੇਵੀਂ, ਜੇਕਰ ‘ਗੰਗਾ’ ਜੀ ਬਾਂਹ ਬਾਹਰ ਕੱਢ ਕੇ ਫੜੇ ਤਾਂ ਫੜਾਈਂ, ਨਹੀਂ ਵਾਪਸ ਲੈ ਆਵੀਂ। ਪੰਡਿਤ ਨੇ ਇਹ ਦਮੜੀ ਜਦ ‘ਗੰਗਾ’ ਮਈਆ ਨੂੰ ‘ਭੇਟ’ ਕੀਤੀ ਤੇ ‘ਰਵਿਦਾਸ’ ਜੀ ਦੀ ਆਖੀ ਹੋਈ ਗੱਲ ਸੁਣਾਈ ਤਾਂ ‘ਗੰਗਾ’ ਮਈਆ ਨੇ ਬਾਂਹ ਬਾਹਰ ਕੱਢ ਕੇ ਦਮੜੀ ਆਪਣੇ ਹੱਥ ਨਾਲ ਫੜ ਕੇ ਸਵਿਕਾਰ ਕੀਤੀ ਅਤੇ ਬਹੁਤ ਹੀ ਸੋਹਣਾ ਇਕ ਸੋਨੇ ਦਾ ਕੰਗਣ ਗੁਰੂ ਰਵਿਦਾਸ ਜੀ ਨੂੰ ਦੇਣ ਵਾਸਤੇ ਪੰਡਿਤ ਨੂੰ ਦੇ ਦਿਤਾ।’

ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਕੋਈ ਵਸਤੂ ਮਾਇਆ ਆਦਿ ‘ਭੇਟਾ’ ਕੀਤੀ ਕਿਸ ਨੂੰ ਜਾਂਦੀ ਹੈ ? ਇਸ ਸੰਬੰਧੀ ਪ੍ਰਸਿੱਧ ਵਿਦਵਾਨ ਭਾਈ ਕਾਨ ਸਿੰਘ ਨਾਭਾ ਜੀ, ਮਹਾਨ ਕੋਸ਼ ਪੰਨਾ 923 ’ਤੇ ਲਿਖਦੇ ਹਨ ਕਿ ‘ਭੇਟ’ ਕਰਨ ਦਾ ਅਰਥ ਹੈ, ‘ਦੇਵਤਾ ਅਥਵਾ ਪੂਜਯ ਪੁਰਖ ਅੱਗੇ ਕੋਈ ਵਸਤ ਅਰਪਣ ਕਰਨੀ।’ ਭਾਵ ਕਿਸੇ ਨੂੰ ਕੁਝ ‘ਭੇਟ’ ਕਰਨ ਦਾ ਮਤਲਬ ਹੈ, (ਭਾਵੇਂ ਉਹ ‘ਦਮੜੀ’ ਹੋਵੇ ਭਾਵੇਂ ਕੋਈ ਹੋਰ ਵਸਤੂ ਹੋਵੇ) ਜਿਸ ਨੂੰ ਵੀ (ਭੇਟ) ਕੀਤੀ ਜਾਂਦੀ ਹੈ, ਉਸ ਦੀ ਹੋਂਦ, ਸ਼ਕਤੀ ਨੂੰ ਸਵਿਕਾਰ ਕਰਨਾ ਹੁੰਦਾ ਹੈ, ਉਸ ਪੂਜਣ ਯੋਗ ਆਪਣੇ ਇਸ਼ਟ, ਦੇਵੀ-ਦੇਵਤੇ, ਗੁਰੂ ਆਦਿ ਵਿੱਚ ਸੇਵਕ ਵਲੋਂ ਸ਼ਰਧਾ ਰੱਖਣੀ, ਸੀਸ ਨਿਵਾਉਣਾ ਆਦਿ ਹੀ ਹੁੰਦਾ ਹੈ।

ਕੀ ਗੁਰੂ ਰਵਿਦਾਸ ਜੀ, ਜਿਸ ਨੂੰ ਅਸੀਂ ਪੂਰਨ ਗੁਰੂ ਮੰਨਦੇ ਹਾਂ, ਭਾਵ ਜੋ ਕਿਸੇ ਤੋਂ ਨਾ ਡਰਦਾ ਤੇ ਨਾ ਡਰਾਉਂਦਾ ਹੋਵੇ, ਗਿਆਨ ਵਾਨ ਗੁਣਾਂ ਦਾ ਖ਼ਜ਼ਾਨਾ, ਪਰਉਪਕਾਰੀ ਤੇ ਦੂਰ ਅੰਦੇਸ਼ੀ ਹੋਵੇ।, ਜਿਸ ਨੂੰ ਅਸੀਂ ਬ੍ਰ੍ਰਹਮ ਗਿਆਨੀ, ਦਿਲਾਂ ਦੀਆਂ ਜਾਨਣ ਵਾਲਾ ਮੰਨਦੇ ਹੋਏ ਸਤਿਕਾਰ ਤੇ ਕਈ ਤਰ੍ਹਾਂ ਦੀਆਂ ਉਪਾਧੀਆਂ ਦਿੰਦੇ ਹੋਏ ਯਾਦ ਕਰਦੇ ਤੇ ਮੰਨਦੇ ਹਾਂ, ਉਹ ਇਸ ‘ਗੰਗਾ’ ਨੂੰ, ਜਿਹੜੀ ਹਰ ਅਪਵਿੱਤਰ ਚੀਜ਼ ਨੂੰ ਤਾਂ ਪਵਿੱਤਰ ਕਰ ਸਕਦੀ ਹੋਵੇ, ਪਰ ਉਹ ‘ਗੰਗਾ’ ਸ਼ੂਦਰ ਬਣਾਏ ਗਏ ਲੋਕਾਂ ਦੇ ਸੈਂਕੜੇ ਵਾਰ ‘ਗੰਗਾ’ ਵਿਚ ਨਹਾਉਣ ਤੇ ਵੀ ਸ਼ੂਦਰਾਂ ਨੂੰ ਪਵਿੱਤਰ ਨਾ ਕਰ ਸਕੀ ਹੋਵੇ।, ਉਸ ਲਈ ਰਵਿਦਾਸ ਜੀ ਭੇਟਾ ਸਮਰਪਿਤ ਕਿਉਂ ਕਰਨਗੇ ?

ਜਿਹੜੀ ‘ਗੰਗਾ’, ਗੁਰੂ ਰਵਿਦਾਸ ਜੀ ਨੂੰ ‘ਦਮੜੀ’ ਬਦਲੇ ਸੋਨੇ ਦਾ ਕੰਗਣ ਦੇਣ ਵਾਲੀ ਗੱਲ ਅਸੀਂ ਮੰਨਦੇ ਹਾਂ, ਉਸੇ ‘ਗੰਗਾ’ ਵਿਚ ਹੱਦੋਂ ਵੱਧ ਉੱਚੀ ਕੁਲ ਦੇ ਲੋਕ ਵੀ ਸ਼ਰਧਾ ਰੱਖਦੇ ਹਨ ਤੇ ‘ਗੰਗਾ’ ਇਹਨਾਂ ਅਖੌਤੀ ਉੱਚੀ-ਨੀਵੀਂ ਕੁਲ ਦਾ ਫਰਕ ਨਾ ਮਿਟਾਅ ਸਕੀ ਹੋਵੇ।

ਜਿਸ ਬ੍ਰਾਹਮਣਵਾਦ ਨੇ ਬਹੁ ਗਿਣਤੀ ਸ਼ੂਦਰ ਅਤੀ ਸ਼ੂਦਰ ਬਣਾਏ ਗਏ ਲੋਕਾਂ ਨੂੰ ਕੁੱਤੇ-ਬਿੱਲਿਆਂ, ਪਸ਼ੂਆਂ ਤੋਂ ਵੀ ਭੈੜੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕੀਤਾ ਹੋਵੇ ਅਤੇ ਫਿਰ ਜਿਸ ‘ਬ੍ਰਾਹਮਣਵਾਦ’ ਦੇ ਖਿਲਾਫ ਲੋਕਾਂ ਨੂੰ ਵਹਿਮਾ-ਭਰਮਾਂ ਵਿਚੋਂ ਕੱਢਣ ਲਈ ਸਾਰੀ ਉਮਰ ਜ਼ੋਰਦਾਰ ਸੰਘਰਸ਼ ਲੜਿਆ ਹੋਵੇ, ਉਸ ‘ਬ੍ਰਾਹਮਣਵਾਦ’ ਦਾ ਹਿੱਸਾ, ‘ਗੰਗਾ’ ਨੂੰ ਗੁਰੂ ਰਵਿਦਾਸ ਜੀ; ਕੀ ਦਮੜੀ ‘ਭੇਟਾ’ ਕਰ ਸਕਦੇ ਹਨ ? ਕੀ ਇਹ ਹੋ ਸਕਦਾ ਹੈ ? ਸੂਝਵਾਨ ਲੋਕ ਇਹ ਕਦੇ ਵੀ ਨਹੀਂ ਮੰਨ ਸਕਦੇ ਕਿ ਗੁਰੂ ਰਵਿਦਾਸ ਜੀ ‘ਗੰਗਾ’ ਦੇ ਭਗਤ ਹੋਣਗੇ ।

ਸਭ ਤੋਂ ਵੱਡੀ ਹੈਰਾਨੀ ਇਸ ਗੱਲ ਦੀ ਹੈ ਕਿ ਇਹ ‘ਦਮੜੀ’ ਯਾਤਰਾ ਕੱਢੀ ਵੀ ਪੰਜਾਬ ਦੇ ਉਸ ਏਰੀਏ (ਦੁਆਬੇ) ਵਿਚੋਂ ਜਾ ਰਹੀ ਹੈ, ਜਿੱਥੇ ਰਵਿਦਾਸੀਏ ਭਾਈਚਾਰੇ ਦੇ ਲੋਕ ਹੋਰ ਏਰੀਏ ਵਿਚ ਰਹਿਣ ਵਾਲੇ ਆਪਣੇ ਭਾਈਚਾਰੇ ਦੇ ਲੋਕਾਂ ਦੇ ਮੁਕਾਬਲੇ ਵਿਚ ਵੱਧ ਜਾਗਰੂਕ ਤੇ ਵੱਧ ਆਰਥਿਕ ਪੱਖੋ ਖੁਸ਼ਹਾਲ, ਵੱਧ ਪੜੇ-ਲਿਖੇ ਤੇ ਵਿਦੇਸ਼ਾਂ ਵਿਚ ਵੀ ਵੱਡੀ ਗਿਣਤੀ ਵਿਚ ਰਹਿਣ ਵਾਲੇ ਹਨ ਅਤੇ ਇੱਥੋਂ ਦੇ ਇਹਨਾਂ ਲੋਕਾਂ ਵਿਚੋਂ ਆਪਣੇ ਲੋਕਾਂ ਨੂੰ ਸੇਧ ਦੇਣ ਲਈ ਕਈ ਸਾਰੇ ਲੇਖਕ, ਪੱਤਰਕਾਰ ਤੇ ਸੰਪਾਦਕ, ਆਦਿ ਪੈਦਾ ਹੋਏ ਹਨ, ਜਿਨ੍ਹਾਂ ਨੇ ਕਈ ਰਸਾਲੇ, ਕਿਤਾਬਾਂ, ਆਦਿ ਛਾਪੇ ਤੇ ਚਲਾਏ ਜਾਂ ਹੁਣ ਵੀ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਦਲਿਤਾਂ ਦੀ ਆਵਾਜ਼ ਰੋਜ਼ਾਨਾ ‘ਜਨਤਕ ਲਹਿਰ’ ਅਖ਼ਵਾਰ ਵੀ ਚਲਾਈ ਗਈ ਅਤੇ ਹੋਰ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਆਪਣੀਆਂ ਲਿਖਤਾਂ ਰਾਹੀਂ ਸਮਾਜ ਨੂੰ ਸੇਧ ਦੇਣ ਦੀ ਭਰਪੂਰ ਕੋਸ਼ਿਸ਼ ਕੀਤੀ ਤੇ ਹੁਣ ਵੀ ਕੀਤੀ ਜਾ ਰਹੀ ਹੈ। ਇਸ ਕਰਕੇ ਦਲਿਤਾਂ ਦੇ ਹੱਕ ਵਿਚ ਉਠੀਆਂ ਲਹਿਰਾਂ ਨੂੰ ਇੱਥੋਂ ਜ਼ਬਰਦਸਤ ਸਮਰਥਨ ਮਿਲਿਆ, ਗਦਰੀ ਬਾਬਾ ‘ਮੰਗੂਰਾਮ’ ਜੀ ਮੂੰਗੋਵਾਲੀਆ, ਜਿਸ ਨੇ ਡਾ. ਅੰਬੇਡਕਰ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੀ ਸੰਘਰਸ਼ ਕੀਤਾ ਤੇ ਆਪਣੇ ਰਹਿਬਰ ਗੁਰੂ ਰਵਿਦਾਸ ਜੀ, ਗੁਰੂ ਕਬੀਰ ਜੀ, ਗੁਰੂ ਨਾਮਦੇਵ ਜੀ ਆਦਿ ਅਛੂਤ ਸਮਝੇ ਜਾਂਦੇ ਮਹਾਂ ਪੁਰਸ਼ਾਂ ਦੀ ਵਿਚਾਰਧਾਰਾ ਨੂੰ ਵੀ ਲੋਕਾਂ ਵਿਚ ਪ੍ਰਚਾਰਨ ਲਈ ਸਿਰ ਤੋੜ ਯਤਨ ਕੀਤੇ ਅਤੇ ਅਛੂਤਾਂ ਦੇ ਹੱਕ ਪ੍ਰਾਪਤ ਕਰਨ ਲਈ ‘ਆਦਿ ਧਰਮ’ ਲਹਿਰ ਦੀ ਨੀਂਹ ਰੱਖੀ, ਜਿਸ ਦੀ ਬਦੌਲਤ ਵਿਧਾਨ ਸਭਾ (ਸੰਨ 1952) ਵਿਚ 7 ਐੱਮ. ਐੱਲ. ਏ. ਬਣ ਕੇ ਗਏ ਅਤੇ ਬਾਅਦ ਵਿਚ ਖੁਦ ਵੀ ਵਿਧਾਨ ਸਭਾ ਪਹੁੰਚਣ ਵਿਚ ਕਾਮਯਾਬ ਹੋਇਆ, ਜਿਸ ਕਰਕੇ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਸੰਘਰਸ਼ ਨੂੰ ਵੀ ਇੱਥੋਂ ਬਹੁਤ ਭਾਰੀ ਸਮਰਥਨ ਮਿਲਿਆ। ਉਨ੍ਹਾਂ ਦੁਆਰਾ ਤਿਆਰ ਕੀਤੀ ਗਈ ਜ਼ਮੀਨ ਦੀ ਹੀ ਅੱਜ ਅਸੀਂ ਅਗਵਾਈ ਕਰ ਰਹੇ ਹਾਂ।

ਇਸ (ਉਪਰੋਕਤ) ਕ੍ਰਾਂਤੀਕਾਰੀ ਲਹਿਰ ਦੇ ਹੁੰਦੇ ਹੋਏ ਵੀ ਬ੍ਰਾਹਮਣਵਾਦੀ ਲੋਕ ਅੰਦਰੋਂ-ਅੰਦਰੀ ਆਪਣੀ ਵਿਚਾਰਧਾਰਾ ਨੂੰ ਸਾਡੇ ਵਿੱਚ ਪੱਕੀ ਕਰਦੇ ਰਹੇ। ਜਿਸ ਦਾ ਨਤੀਜਾ ਅੱਜ ਇਹ ਹੈ ਕਿ ਜਾਤ-ਪਾਤ, ਛੂਆ-ਛਾਤ ਦੇ ਸਤਾਏ ਕਮਜੋਰ ਵਰਗਾਂ ਲਈ ਉਠੀਆਂ ਇਹਨਾਂ ਲਹਿਰਾਂ ਦੇ ਕਮਜੋਰ ਹੁੰਦਿਆਂ ਹੀ, ਬਿੱਪਰਵਾਦ ਆਪਣੇ ਜੌਹਰ ਵਿਖਾਉਣ ਲੱਗ ਪਿਆ ਹੈ।

ਗੁਰੂ ਰਵਿਦਾਸ ਜੀ ਨੇ ਮੂਰਤੀ ਪੂਜਾ ਅਤੇ ਹੋਰ ਕਰਮਕਾਂਡ, ਅੰਡਬਰਾਂ ਦਾ ਜ਼ਬਰਦਸਤ ਵਿਰੋਧ ਕੀਤਾ ਸੀ, ਅੱਜ ਇਸੇ ਰਹਿਬਰ ਦੇ ਨਾਮ ’ਤੇ ਬਣੇ ਅਨੇਕਾਂ ਡੇਰਿਆਂ, ਮੰਦਰਾਂ ਵਿਚ ਇਸ ਮਹਾਂ ਪੁਰਸ਼ ਦੀਆਂ ਹੀ ਮੂਰਤੀਆਂ ਸਜਾ ਕੇ ਉਨ੍ਹਾਂ ਦੀ ਪੂਜਾ ਤੋਂ ਲੈ ਕੇ ਹੋ ਰਹੇ ਹੋਰ ਸਾਰੇ ਕਰਮਕਾਂਡ ਨਾਲ ਸਾਡੇ ਮਹਾਨ ਰਹਿਬਰ ਨੂੰ ਅੰਗੂਠਾ ਦਿਖਾਇਆ ਜਾ ਰਿਹਾ ਹੈ; ਜਿਵੇਂ ‘ਮੰਨੂ ਬ੍ਰਾਹਮਣ’ ਰਵਿਦਾਸ ਜੀ ਨੂੰ ਕਹਿ ਰਿਹਾ ਹੋਵੇ-

ਬੁੱਤ ਪੂਜਾ ਦਾ ਤੂੰ ਵਿਰੋਧ ਕੀਤਾ, ਬੁੱਤ ਤੇਰਾ ਦਿੱਤਾ ਬਣਵਾ ਇੱਥੇ।

ਤੇਰੇ ਨਾਮ ’ਤੇ ਬਣੇ ਮੰਦਰਾਂ ਵਿਚ, ਬੁੱਤ ਦਿੱਤੇ ਨੇ ਵੇਖ ਸਜਾਅ ਇੱਥੇ।

ਸੇਵਕ ਵੇਖ ਆਪਣੇ ਕਰਮਕਾਂਡ ਕਰਦੇ, ਜਿਹੜੇ ਕਰ ਗਿਆ ਸੀ ਤੂੰ ਮਨ੍ਹਾ ਇੱਥੇ।

‘ਮੇਜਰ’ ਮਾਰ ਤਾੜੀਆਂ ਹੱਸੇ ਮੰਨੂ, ਰਿਹਾ ਰਵਿਦਾਸ ਨੂੰ ਅੰਗੂਠਾ ਦਿਖਾ ਇੱਥੇ।

ਬਹੁ ਗਿਣਤੀ ਪੜ੍ਹੇ-ਲਿਖੇ ਲੋਕ ਅਤੇ ਗੁਰੂ ਰਵਿਦਾਸ ਜੀ ਤੇ ਨਾਮ ’ਤੇ ਬਣੀਆਂ ਬਹੁਤੀਆਂ ਜੱਥੇ ਬੰਦੀਆਂ/ਸਭਾਵਾਂ ਆਦਿ ਵਲੋਂ ਗੁਰੂ ਰਵਿਦਾਸ ਜੀ ਦੀ ਅਸਲ ਵਿਚਾਰਧਾਰਾ ਨੂੰ ਸਮਝਣ ਅਤੇ ਸਮਝਾਉਣ ਦੀ ਬਜਾਇ ਆਪਣੇ ਰਹਿਬਰ ਦੀ ਸੋਚ ਦੇ ਉਲਟ ‘ਮੰਨੂ’ ਦੀ ਸੋਚ ਨੂੰ ਨਾਲ ਲੈ ਕੇ ਚੱਲ ਰਹੇ ਇਹਨਾਂ ਬਹੁਤਿਆਂ ਡੇਰਿਆਂ ਦਾ ਸਮਰਥਨ ਕੀਤਾ ਜਾਣਾ, ਇਸ ਬਰਾਦਰੀ ਲਈ ਬੜਾ ਨੁਕਸਾਨਦੇਹ ਹੈ, ਜਿਸ ਦੀ ਬਦੌਲਤ ਇਸ ਇਲਾਕੇ ਦੇ ਲੋਕ ਹਜ਼ਾਰਾਂ ਲੱਖਾਂ ਰੁਪਏ ਖਰਚ ਕੇ ਵਿਦੇਸ਼ਾਂ ਵਿਚੋਂ ਇੱਥੇ ਮੜੀਆਂ ’ਤੇ ਡੇਰਿਆਂ ’ਤੇ ਮੱਥਾਂ ਟੇਕਣ ਆਉਂਦੇ ਰਹਿੰਦੇ ਹਨ। ਇਹਨਾਂ ਦੀ ਖ਼ੁਸ਼ਹਾਲੀ ਅਤੇ ਮਾਨਸਿਕ ਕਮਜੋਰੀ ਦੇ ਕਾਰਨ ਹੀ ਇਸ ਏਰੀਏ ਵਿਚ ਤੇ ਇਸ ਦੇ ਆਲੇ ਦੁਆਲੇ ਕਰੀਬ 300 ਤੋਂ ਉੱਪਰ ਗੁਰੂ ਰਵਿਦਾਸ ਜੀ ਦੇ ਨਾਮ ’ਤੇ ਬਣੇ ਇਹ ਡੇਰੇ ਦਿਨੋਂ-ਦਿਨ ਵਧ ਫੁਲ ਰਹੇ ਹਨ ਅਤੇ ਸਿਤਮ ਦੀ ਗੱਲ ਇਹ ਹੈ ਕਿ ਇਹਨਾਂ ਕਈ ਡੇਰਿਆਂ ਨੇ ਆਪਣੇ-ਆਪਣੇ ਡੇਰਿਆਂ ਨਾਲ ‘ਸੱਚਖੰਡ’ ਦਾ ਰੁਤਬਾ ਵੀ ਲਾਇਆ ਹੋਇਆ ਹੈ। ਜਦੋਂ ਕਿ ਅਗਰ ‘ਸੱਚਖੰਡ’ ਸ਼ਬਦ ਦਾ ਪ੍ਰਯੋਗ ਜ਼ਮੀਨ ਵੱਲ ਕਰਨਾ ਹੀ ਹੈ ਤਾਂ ਸਿਰਫ਼ ਤੇ ਸਿਰਫ਼ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ‘ਕਾਂਸ਼ੀ’ ਨਾਲ ਜੁੜਨਾ ਚਾਹੀਦਾ ਹੈ।

ਇਹਨਾਂ ਡੇਰਿਆਂ ਵਿਚੋਂ ਮੈਨੂੰ ਫਗਵਾੜੇ ਨੇੜੇ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਜਾਣੇ ਜਾਂਦੇ ਇਕ ਡੇਰੇ ਵਿਚ ਜਾਣ ਦਾ ਮੌਕਾ ਮਿਲਿਆ, ਇਸ ਡੇਰੇ ਦੇ ਮੰਦਰ ਵਿਚ ਪ੍ਰਸਿੱਧ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਨਾਲ ਚਾਰ-ਚੁਫੇਰੇ ਕੰਧਾਂ ਭਰੀਆਂ ਪਈਆਂ ਸਨ ਅਤੇ ਜੋ ਇੱਥੇ ਅਰਦਾਸ ਹੁੰਦੀ ਹੈ, ਉਸ ਵਿੱਚ ਜਿੱਥੇ ਵਿਸ਼ੇਸ਼ ਤੌਰ ’ਤੇ ਦੇਵੀ-ਦੇਵਤਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਅਤੇ ‘ਧਿਆਨ ਧਰ ਕੇ ਬੋਲੋ ਜੀ, ਧੰਨ ਰਵਿਦਾਸ, ਧੰਨ ਰਵਿਦਾਸ; ਕਹਿਣ ਦੀ ਥਾਂ ’ਤੇ ਧਿਆਨ ਧਰਕੇ ਬੋਲੋ ਜੀ, ਸ਼੍ਰੀ ਰਾਮ, ਸ਼੍ਰੀ ਰਾਮ’ ਵੀ ਕਿਹਾ ਜਾਂਦਾ ਹੈ।

ਦੁੱਖ ਦੀ ਗੱਲ ਹੈ ਕਿ ਜਾਗਰੂਕ ਲੋਕਾਂ ਵਿਚ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੋਵੇ। ‘ਬ੍ਰਾਹਮਣਵਾਦ’ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਕੁਝ ਬੁੱਧੀਜੀਵੀ ਤਾਂ ਸਗੋਂ ਇਨ੍ਹਾਂ ਮਸ਼ਹੂਰ ਡੇਰਿਆਂ ਵਿਚ ਚੌਂਕੀਆਂ ਵੀ ਭਰਦੇ ਹਨ। ਇਥੋਂ ਤੱਕ ਕਿ ਬ੍ਰਾਹਮਣਵਾਦ ਦਾ ਵਿਰੋਧ ਕਰਨ ਵਾਲੇ ਇੱਕ ਪ੍ਰਸਿੱਧ ਬੁੱਧੀਜੀਵੀ ਵਿਦਵਾਨ ਨੇ ਤਾਂ ਆਪਣੇ ਮਰਨ ਤੋਂ ਬਾਅਦ ਗੁਰੂ ਰਵਿਦਾਸ ਜੀ ਦੀ ਬਾਣੀ ਵਿਚ ਮਿਲਾਵਟ ਕਰਨ ਦੇ ਦੋਸ਼ੀ ਇੱਕ ਡੇਰੇ ਤੋਂ ਪ੍ਰਭਾਵਤ ਹੋ ਕੇ ਆਪਣੀ ‘ਅਕਲ’ (ਲਿਖੀਆਂ ਗਈਆਂ ਤੇ ਲਿਖੀਆਂ ਜਾਣ ਵਾਲੀਆਂ ਕਿਤਾਬਾਂ) ਦੀ ਵੀ ‘ਡੇਰੇ ਦੇ ਨਾਮ ’ਤੇ’ ਵਸੀਅਤ ਕਰਵਾਈ ਹੋਈ ਹੈ।

ਜਿਸ ਸਮਾਜ ਦੇ ਇਹੋ-ਜਿਹੇ ਲੋਕ ਤੇ ਬੁੱਧੀਜੀਵੀ ਹੋਣ, ਉੱਥੇ ਜੇ ਧੜੱਲੇ ਨਾਲ ‘ਦਮੜੀ’ ਯਾਤਰਾ ਨਿੱਕਲ ਰਹੀ ਹੈ ਤਾਂ ਆਉਣ ਵਾਲੇ ਸਮੇਂ ਵਿਚ ‘ਪੱਥਰੀ ਯਾਤਰਾ’ ਜਾਂ ਇਸ ਤਰ੍ਹਾਂ ਦੀ ਕੋਈ ਨਾ ਕੋਈ ਹੋਰ ਯਾਤਰਾ ਵੀ ਨਿੱਕਲ ਸਕਦੀ ਹੈ। ਮੇਰੀ ਭਾਵਨਾ ਕਿਸੇ ਦੀ ਸ਼ਰਧਾ ਨੂੰ ਠੇਸ ਪਹੁੰਚਾਣਾ ਨਹੀਂ, ਪਰ ਗਿਆਨ ਦੀ ਰੋਸ਼ਨੀ ਦੇ ਰਹੇ ਸੂਰਜ ਨੂੰ, ਅਗਿਆਨ ਦੇ ਬੱਦਲ ਸਦਾ ਵਾਸਤੇ ਨਹੀਂ ਲੁਕਾ ਸਕਦੇ।

ਸੋ ਆਓ, ਇਤਿਹਾਸ ਵਿਚ ਮਿਥਿਹਾਸ ਦਾ ਵੱਡੀ ਪੱਧਰ ’ਤੇ ਰਲਾ ਹੋਣ ਕਰਕੇ ਸਾਡੇ ਰਹਿਬਰਾਂ ਨਾਲ ਜੁੜੀਆਂ/ਜੋੜੀਆਂ ਕਰਾਮਾਤੀ ਕਹਾਣੀਆਂ ਨੂੰ ਪੜ੍ਹਨ-ਸੁਣਨ ਤੋਂ ਬਾਅਦ ਸੋਚ ਸਮਝ ਕੇ, ਤਰਕ ਦੇ ਅਧਾਰ ’ਤੇ ਮੰਨਣ ਦੀ ਖੇਚਲ ਕਰੀਏ, ਤਾਂ ਕਿ ਬ੍ਰਾਹਮਣਵਾਦੀ ਲੋਕਾਂ ਦੀ ਚਾਲ ਨੂੰ ਅਸਫਲ ਕੀਤਾ ਜਾ ਸਕੇ।