ਦਿਲਦਾਰ ਪੰਜਾਬੀ
– ਗੁਰਪ੍ਰੀਤ ਸਿੰਘ (USA)
ਮਾਂ ਦੀ ਨਿੱਘੀ ਗੋਦ ਵਰਗਾ, ਕਰਦੇ ਸਭ ਨੂੰ, ਪਿਆਰ ਪੰਜਾਬੀ ਨੇ।
ਪਰਾਈਆਂ ਵੇਖ ਜਾਣਨ ਧੀਆਂ, ਭੈਣਾਂ; ਕਰਦੇ ਸਭ ਦਾ, ਸਤਿਕਾਰ ਪੰਜਾਬੀ ਨੇ।
ਜ਼ੁਲਮ ਅੱਗੇ, ਛਾਤੀ ਤਾਣ ਆ ਖੜ੍ਹਦੇ, ਯੋਧੇ ਵੱਡੇ, ਸੱਚੇ ਵਫ਼ਾਦਾਰ ਪੰਜਾਬੀ ਨੇ।
ਯਾਰਾਂ ਤੋਂ ਤਾਂ ਝੱਟ ਹੀ ਜਾਨ ਵਾਰ ਦਿੰਦੇ, ਵੈਰੀ ਦੀ ਨਾ ਲਾਉਂਦੇ, ਦਸਤਾਰ ਪੰਜਾਬੀ ਨੇ।
ਸਾਰੇ ਦੇਸ਼ ਦਾ ਹਰਦਮ ਢਿੱਡ ਭਰਦੇ, ਮਿਹਨਤ ਕਰਦੇ ਰੋਜ਼, ਜ਼ਿਮੀਂਦਾਰ ਪੰਜਾਬੀ ਨੇ।
ਦੇਸ਼ ਦੀ ਰੱਖਿਆ ਲਈ ਸਭ ਤੋਂ ਅੱਗੇ, ਜਾਨਾਂ ਵਾਰਨ ਵਾਲੇ, ਪਹਿਰੇਦਾਰ ਪੰਜਾਬੀ ਨੇ।
ਕਦੀ ਨਾ ਮੰਗਣ ਭਿੱਖ, ਚਾਹੇ ਭੁੱਖਿਆਂ ਨਿਕਲ਼ੇ ਜਿੰਦ, ਅਜਿਹੇ ਬੇਬਾਕ, ਸਿਰੜੀ, ਖ਼ੁਦਦਾਰ ਪੰਜਾਬੀ ਨੇ।
ਲੰਗਰ ਛਕਾ ਕੇ, ਸਭ ਦਾ ਭਲਾ ਮਨਾਉਂਦੇ, ਖ਼ਲਕਤ ਦੀ ਸੇਵਾ ਕਰਦੇ, ਐਸੇ ਸੇਵਾਦਾਰ ਪੰਜਾਬੀ ਨੇ।
ਮਾਖਿਓ ਮਿੱਠੀ ਨਿਰਮਲ ਬੋਲੀ ਸਦਕਾ, ਨਿਮਰਤਾ ਦੇ ਹੱਕਦਾਰ ਪੰਜਾਬੀ ਨੇ।
ਭਾਜੀ ਲਾਹੁਣੀ ਵੀ ਚੰਗੀ ਤਰ੍ਹਾਂ ਜਾਣਦੇ, ਨਾ ਰੱਖਦੇ ਕਦੀ, ਉਧਾਰ ਪੰਜਾਬੀ ਨੇ।
ਕਰਦੇ ਨਿੱਤ ਹੀ ਦੀਦਾਰ ਗੁਰੂ ਦਾ, ਧਿਆਉਂਦੇ ਹਰ ਵੇਲੇ ਕਰਤਾਰ ਪੰਜਾਬੀ ਨੇ।
ਝੁਕ ਕੇ ਸੀਨੇ ਲਾਉਂਦੇ ਢੱਠਿਆਂ ਨੂੰ, ਤਾਂਹੀਓ ਕਹਾਉਂਦੇ ਸਿਰਦਾਰ ਪੰਜਾਬੀ ਨੇ।
ਬੰਦੇ ਨੂੰ ਬੰਦਾ ਕਰ ਕੇ ਜਾਣਨ ਵਾਲੇ, ਰੱਬੀ ਜੋਤ ਪਛਾਣਨ ਵਾਲੇ, ਕਿਰਦਾਰ ਪੰਜਾਬੀ ਨੇ।
ਪੰਜਾਬ ਤੇ ਪੰਜਾਬੀਅਤ ਦੀ ਸਦਾ ਖ਼ੈਰ ਮੰਗਦੇ, ਗੁਰੂ ਕੇ ਸਿੱਖ ਹੀ ਦਿਲਦਾਰ ਪੰਜਾਬੀ ਨੇ।