ਭਗਤ ਅਤੇ ਗੁਰੂ ’ਚ ਅੰਤਰ (ਭਾਗ ਦੂਜਾ)
ਗਿਆਨੀ ਅਵਤਾਰ ਸਿੰਘ
ਭਗਤ ਅਤੇ ਗੁਰੂ ’ਚ ਅੰਤਰ (ਭਾਗ ਪਹਿਲਾ)
ਕਵਿਤਾ ਰਚਨ ਵਾਲ਼ੀ ਕੋਮਲਤਾ; ਕਵੀ ਅੰਦਰ ਜਨਮ ਤੋਂ ਪਨਪਦੀ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਵਿਚਾਰਾਂ ਨੂੰ ਕਾਵਿ (19 ਰਾਗਾਂ ’ਚ 977 ਸ਼ਬਦਾਂ) ’ਚ ਲਿਖਿਆ ਯਾਨੀ ਆਪ ਜੀ ਦਾ ਹਿਰਦਾ ਜਨਮ ਤੋਂ ਕੋਮਲ ਸੀ ਜਦਕਿ ਬਾਕੀ 5 ਗੁਰੂ ਸਾਹਿਬਾਨ ਅੰਦਰ ਇਹ ਕਲਾ ‘ਨਾਨਕ ਜੋਤਿ’ ਆਉਣ ’ਤੇ ਪਨਪੀ ਹੈ। ਗੁਰੂ ਅੰਗਦ ਸਾਹਿਬ ਨੇ 35 ਸਾਲ (ਸੰਨ 1504-1539) ਕੋਈ ਕਵਿਤਾ ਨਾ ਲਿਖੀ, ਫਿਰ 13 ਸਾਲਾਂ (ਸੰਨ 1539-1552) ’ਚ 63 ਸਲੋਕ ਲਿਖੇ। ਗੁਰੂ ਅਮਰਦਾਸ ਜੀ ਨੇ 73 ਸਾਲ (ਸੰਨ 1479-1552) ਦੀ ਉਮਰ ਤੱਕ ਕਵਿਤਾ ਨਾ ਲਿਖੀ, ਅਗਲੇ 22 ਸਾਲ (ਸੰਨ 1552-1774) ਵੇਲ਼ੇ 17 ਰਾਗਾਂ ’ਚ 869 ਸ਼ਬਦ ਲਿਖੇ। ਕਈ ਲੰਬੀਆਂ ਰਚਨਾਵਾਂ ਭੀ ਹਨ; ਜਿਵੇਂ 4 ਵਾਰਾਂ, ਅਨੰਦ ਸਾਹਿਬ, ਪੱਟੀ, ਆਦਿ। ਗੁਰੂ ਰਾਮਦਾਸ ਜੀ ਨੇ 40 ਸਾਲ (ਸੰਨ 1534-1574) ਦੀ ਉਮਰ ਤੱਕ ਕਵਿਤਾ ਨਾ ਲਿਖੀ, ਫਿਰ 7 ਸਾਲਾਂ (1574-1581) ਦੌਰਾਨ 30 ਰਾਗਾਂ ’ਚ 8 ਵਾਰਾਂ ਸਣੇ 638 ਸ਼ਬਦ ਲਿਖੇ। ਗੁਰੂ ਅਰਜਨ ਸਾਹਿਬ ਨੇ 18 ਸਾਲ (ਸੰਨ 1563-1581) ਕਵਿਤਾ ਨਹੀਂ ਲਿਖੀ, ਫਿਰ 25 ਸਾਲਾਂ (ਸੰਨ 1581-1606) ਸਮੇਂ 30 ਰਾਗਾਂ ’ਚ 6 ਵਾਰਾਂ ਸਣੇ 2312 ਸ਼ਬਦ ਰਚ ਦਿੱਤੇ। ਆਪ ਨੇ ਕੋਮਲ ਰਚਨਾ ਬਾਰੇ ਭੀ ਕਿਹਾ ਕਿ ਇਹ ਜੀਵਨ ’ਚ ਸੰਤੋਖ ਲੈ ਆਉਂਦੀ ਹੈ, ‘‘ਕੋਮਲ ਬਾਣੀ ਸਭ ਕਉ ਸੰਤੋਖੈ ॥’’ (ਮਹਲਾ ੫/੨੯੯) ਗੁਰੂ ਤੇਗ ਬਹਾਦਰ ਸਾਹਿਬ ਨੇ 43 ਸਾਲ (ਸੰਨ 1621-1664) ਕਵਿਤਾ ਨਾ ਲਿਖੀ, ਫਿਰ 11 ਸਾਲਾਂ (1664-1675) ਵੇਲ਼ੇ 15 ਰਾਗਾਂ ’ਚ 116 ਸ਼ਬਦ ਲਿਖੇ। ਸੋ ਸਪਸ਼ਟ ਹੈ ਕਿ ‘‘ਜੋਤਿ ਰੂਪਿ (’ਚ) ਹਰਿ ਆਪਿ… ॥’’ ਹੀ ਗੁਰੂ ਨਾਨਕ ਬਣ ਕੇ ਹਰ ਜਾਮੇ ’ਚ ਕਾਵਿਮਈ ਰਚਨਾ ਉਚਾਰਦਾ ਰਿਹਾ। ਐਸਾ ਹੀ ਸੰਕੇਤ; ਸਤਾ-ਬਲਵੰਡ ਜੀ ਨੇ ਕੀਤਾ ਹੈ, ‘‘ਚਾਰੇ ਜਾਗੇ ਚਹੁ ਜੁਗੀ; ਪੰਚਾਇਣੁ ਆਪੇ ਹੋਆ ॥… ਆਪੇ ਪਟੀ, ਕਲਮ ਆਪਿ; ਆਪਿ ਲਿਖਣਹਾਰਾ ਹੋਆ ॥’’ (ਬਲਵੰਡ ਸਤਾ/੯੬੮) ਨਾਸਤਿਕ ਬੰਦੇ ਕਵਿਤਾ ਉਚਾਰਦੇ ਨਹੀਂ ਵੇਖੇ ਕਿਉਂਕਿ ਉਨ੍ਹਾਂ ਅੰਦਰ ਕੋਮਲਤਾ ਨਹੀਂ ਪਨਪੀ ਹੁੰਦੀ। ਨਾਸਤਿਕ ਤੇ ਰੂੜ੍ਹੀਵਾਦੀ ਲੋਕਾਂ ਦੀ ਜ਼ਬਾਨ ’ਚੋਂ ਖ਼ਾਲੀ ਟੀਨ ਵਰਗੀ ਬੇਰਸੀ ਆਵਾਜ਼ ਸੁਣ ਕੇ ਜਾਪਦਾ ਹੈ ਕਿ ਅੰਦਰ ਕੋਮਲਤਾ ਨਹੀਂ, ਕਠੋਰਤਾ ਹੈ।
‘ਨਾਨਕ ਜੋਤਿ’ ਦੀ ਇਸ ਵਾਰਸ਼ ਪਰੰਪਰਾ ਨੂੰ ਹੀ ਭਾਈ ਗੁਰਦਾਸ ਜੀ ਨੇ ‘ਨਿਰਮਲ ਪੰਥ’ (ਵਿਲੱਖਣਤਾ) ਮੰਨਿਆ, ‘‘ਮਾਰਿਆ ਸਿਕਾ ਜਗਤ੍ਰ ਵਿਚਿ; ਨਾਨਕ ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ (’ਤੇ) ਛਤ੍ਰ ਫਿਰਾਇਆ। ਜੋਤੀ ਜੋਤਿ ਮਿਲਾਇ ਕੈ; ਸਤਿਗੁਰਿ+ਨਾਨਕਿ (ਨੇ) ਰੂਪ ਵਟਾਇਆ। ਲਖਿ (ਕਹਿ) ਨ ਕੋਈ ਸਕਈ; ਆਚਰਜੇ ਆਚਰਜ ਦਿਖਾਇਆ। ਕਾਇਆ ਪਲਟਿ ਸਰੂਪ ਬਣਾਇਆ ॥੪੫॥’’ (ਵਾਰ ੧, ਪਉੜੀ ੪੫) ਹੋਰ ਭੀ ਕਿਹਾ, ‘‘ਸਤਿਗੁਰੁ ਨਾਨਕੁ ਦੇਉ ਹੈ; ਪਰਮੇਸੁਰ ਸੋਈ। ਗੁਰੁ ਅੰਗਦੁ ਗੁਰ ਅੰਗ ਤੇ; ਜੋਤੀ ਜੋਤਿ ਸਮੋਈ।’’ (ਵਾਰ ੩੮, ਪਉੜੀ ੨੦) ਭਾਈ ਸਾਹਿਬ ਨੇ ਗੁਰੂ ਨਾਨਕ ਜੀ ਨੂੰ ‘ਸਤਿਗੁਰੂ’ ਮੰਨਿਆ, ਬਾਕੀ ਸਭ ਨੂੰ ਗੁਰਸਿੱਖ, ‘‘ਸਤਿਗੁਰ ਨਾਨਕ ਦੇਉ; ਆਪੁ ਉਪਾਇਆ। ਗੁਰ ਅੰਗਦੁ ਗੁਰਸਿਖੁ; ਬਬਾਣੇ ਆਇਆ। ਗੁਰਸਿਖੁ ਹੈ ਗੁਰੁ ਅਮਰੁ; ਸਤਿਗੁਰ ਭਾਇਆ। ਰਾਮਦਾਸੁ ਗੁਰਸਿਖੁ; ਗੁਰ ਸਦਵਾਇਆ। ਗੁਰੁ ਅਰਜਨੁ ਗੁਰਸਿਖੁ; ਪਰਗਟੀ ਆਇਆ। ਗੁਰਸਿਖੁ ਹਰਿਗੋਵਿੰਦੁ; ਨ ਲੁਕੈ ਲੁਕਾਇਆ ॥੧॥’’ (ਵਾਰ ੨੦, ਪਉੜੀ ੧) ਅਰਥ : ਹਰੀ ਜੋਤਿ; ਸਤਿਗੁਰੂ ਨਾਨਕ ਹੀ ਸਰੀਰ ਬਦਲ-ਬਦਲ ‘ਗੁਰੂ’ ਬਣਦਾ ਰਿਹਾ; ਜਿਵੇਂ ਗੁਰੂ ਅੰਗਦ; ਗੁਰਸਿੱਖ ਬਣ ਬਾਬੇ (ਨਾਨਕ) ਦੀ ਸ਼ਰਨ ਆਇਆ। ਗੁਰੂ ਅਮਰਦਾਸ ਪਹਿਲਾਂ ਗੁਰਸਿੱਖ ਸੀ, ਫਿਰ ਸਤਿਗੁਰੂ ਨੂੰ ਪਸੰਦ ਆ ਗਿਆ। ਰਾਮਦਾਸ ਗੁਰਸਿੱਖ ਸੀ, (ਬਾਅਦ ’ਚ) ਗੁਰੂ ਅਖਵਾਇਆ। ਗੁਰੂ ਅਰਜਨ ਗੁਰਸਿੱਖ ਸੀ, (ਬਾਅਦ ’ਚ ਗੁਰੂ ਵਜੋਂ) ਪ੍ਰਗਟ ਹੋਇਆ। (ਗੁਰੂ) ਹਰਿਗੋਬਿੰਦ ਗੁਰਸਿੱਖ ਸੀ (ਫਿਰ ‘ਗੁਰੂ’ ਬਣ ਕੇ ਐਨਾ ਪ੍ਰਗਟ ਹੋਇਆ ਕਿ) ਛੁਪਾਇਆ ਭੀ ਨਾ ਛੁਪਿਆ। ਇਹੀ ਬਚਨ ਸੁਖਮਨੀ ਸਾਹਿਬ ’ਚ ਹਨ, ‘‘ਹਰਿ ਕਾ ਭਗਤੁ ਪ੍ਰਗਟ; ਨਹੀ ਛਪੈ ॥’’ (ਮਹਲਾ ੫/੨੬੫) ਗੁਰੂ ਅਰਜਨ ਸਾਹਿਬ; ਖ਼ੁਦ ਭੀ ਗੁਰੂ ਨਾਨਕ ਜੀ ਨੂੰ ਵੱਡਾ ਸਤਿਗੁਰੂ ਕਹਿੰਦੇ ਹਨ, ‘‘ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ॥’’ (ਮਹਲਾ ੫/੭੫੦) ਸੋ ਸਪਸ਼ਟ ਹੈ ਕਿ 9 ਗੁਰੂ ਸਾਹਿਬਾਨ ਪਹਿਲਾਂ ‘ਗੁਰਸਿਖ’ ਸਨ, ‘ਭਗਤ’ ਸਨ।
ਹੁਣ ਸਵਾਲ ਉੱਠੇਗਾ ਕਿ ਜੇ ਇਹ 9 ਭਗਤ (ਗੁਰਸਿੱਖ); ਬਾਅਦ ’ਚ ‘ਗੁਰੂ’ ਬਣ ਗਏ ਤਾਂ ਬਾਕੀ 15 ਭਗਤ; ਕਿਉਂ ਨਹੀਂ ‘ਗੁਰੂ’ ਅਖਵਾ ਸਕਦੇ ? ਜਵਾਬ : ਇਹ ਸਭ ‘ਨਾਨਕ ਜੋਤਿ’ ਕਾਰਨ ‘ਗੁਰੂ’ ਅਖਵਾਏ ਕਿਉਂਕਿ ‘ਨਾਨਕ’ ਨੂੰ ਸਦੀਵੀ ‘ਗੁਰੂ’ ਪਦ; ਅਕਾਲ ਪੁਰਖ ਨੇ ਖ਼ੁਦ ਬਖ਼ਸ਼ਿਆ ਹੈ, ‘‘ਸ੍ਰੀ ਗੁਰੂ (ਨਾਨਕ ਦਾ) ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ॥੭॥’’ ਚੌਥੇ ਪਾਤਿਸ਼ਾਹ ਭੀ ਮੰਨਦੇ ਹਨ, ‘‘ਹਰਿ ਜੁਗਹ ਜੁਗੋ, ਜੁਗ ਜੁਗਹ ਜੁਗੋ; ਸਦ ਪੀੜੀ ਗੁਰੂ ਚਲੰਦੀ ॥’’ (ਮਹਲਾ ੪/੭੯) ਪੰਜ ਜਾਮਿਆ ’ਚ ਵਿਚਰਦੇ ਰਹੇ ‘ਨਾਨਕ ਜੀ’ ਲਈ ਸਤਾ-ਬਲਵੰਡ ਜੀ ਨੇ ਇੱਕ ਵਾਰ ਲਿਖੀ ਤੇ 11 ਭੱਟ ਸਾਹਿਬਾਨ ਨੇ 123 ਸਵੱਈਏ ਰਚੇ ਹਨ। ਜੇਕਰ ਭਗਤ ਸਾਹਿਬਾਨ ਭੀ ‘ਗੁਰੂ’ ਹੁੰਦੇ ਤਾਂ ਉਨ੍ਹਾਂ ਦੇ ਸਬੰਧ ’ਚ ਭੀ ਸਵੱਈਏ ਜ਼ਰੂਰ ਲਿਖੇ ਹੁੰਦੇ।
ਭੱਟਾਂ ਦੇ ਸਵੱਈਏ ‘ਗੁਰੂ ਸਰੀਰ’ ਬਾਰੇ ਹਨ ਯਾਨੀ ‘ਗੁਰੂ ਸਰੀਰ’ ਦੀ ਉਪਮਾ ਹੈ ਜਦਕਿ ਬਾਕੀ ਬਾਣੀ; ‘ੴ ਦੀ ਹੋਂਦ, ਉਸ ਦੇ ਸੁਭਾਅ (ਨਾਮ, ਹੁਕਮ ਤੇ ਦਾਤ), ਗੁਰ ਦੀ ‘ਜੋਤਿ’ ’ਚੋਂ ਹੁੰਦੀ ਬਖ਼ਸ਼ਸ਼, ਮਨੁੱਖਤਾ ਨੂੰ ਗੁਰੂ ਦੀ ਲੋੜ ਤੇ ਧਰਮ ਦੀ ਗ਼ਲਤ ਪਰਿਭਾਸ਼ਾ ਦੇ ਖੰਡਨ’ ਬਾਰੇ ਹੈ। ਇਨ੍ਹਾਂ ਦੋਵੇਂ ਪੱਖਾਂ (ਸੂਖਮ ਤੇ ਸਥੂਲ/ਸਰੀਰ) ਦੀ ਕੜੀ ਜੋੜਨ ਲਈ ‘ਆਦਿ ਗ੍ਰੰਥ’ ਦੀ ਸੰਪੂਰਨਤਾ ਵੇਲ਼ੇ (ਸੰਨ 1603-4 ’ਚ) 5ਵੇਂ ਪਾਤਿਸ਼ਾਹ ਨੇ 20 (9+11) ਸਵੱਈਏ ਰਚੇ, ਜੋ ਭੱਟ ਬਾਣੀ ਤੋਂ ਪਹਿਲਾਂ ਦਰਜ ਹਨ। ਇਨ੍ਹਾਂ ਰਾਹੀਂ ਦੋ ਭਰਮ ਦੂਰ ਕੀਤੇ ਗਏ (1). ‘ਗੁਰੂ ਸਰੀਰ’ ਨਾਸਵਾਨ ਹੈ (ਭਾਵੇਂ ਕਿ ਭੱਟਾਂ ਨੇ ਮਹਿਮਾ ਕੀਤੀ) ਤੇ ‘ਨਾਨਕ ਜੋਤਿ’ ਸਦੀਵੀ ਸਥਿਰ ਹੈ। (2). ‘ਗੁਰੂ ਸਰੀਰ’ ਵਾਙ ‘ਦੇਹਧਾਰੀ’ (ਗੁਰੂ) ਪੈਦਾ ਹੋਣਗੇ, ਉਨ੍ਹਾਂ ਦੀ ਸ਼ਰਨ ਪਿਆਂ ਜੀਵਨ ਸਫਲ ਨਹੀਂ ਹੋਣਾ। ਯਾਦ ਰਹੇ ਕਿ ਭੱਟਾਂ ਅਤੇ 5ਵੇਂ ਪਾਤਿਸ਼ਾਹ ਤੋਂ ਬਿਨਾ ਕਿਸੇ ਹੋਰ ਬਾਣੀਕਾਰ ਨੇ ਸਵੱਈਏ ਨਹੀਂ ਰਚੇ।
‘ਧਰਮ’ ਦਾ ਸਬੰਧ ਮਨ (ਮੈਲ਼) ਨਾਲ਼ ਹੈ, ਨਾ ਕਿ ਸਰੀਰ ਨਾਲ਼। ਸਰੀਰ ਪੱਖੋਂ ‘ਭਗਤ’ ਤੇ ‘ਗੁਰੂ’ ਸਮਾਨ ਹਨ। ਫ਼ਰਕ ਕੇਵਲ ‘ਸੁਰਤਿ ਵਿਕਸਿਤ’ (ਜਨਮ ਤੋਂ ਜਾਂ ਬਾਅਦ ’ਚ) ਬਾਰੇ ਹੈ ਤਾਹੀਓਂ ਆਪ ਨੇ ਪਹਿਲੇ 4 ਸਵੱਈਆਂ ’ਚ ‘ਭਗਤ’ ਤੇ ‘ਗੁਰੂ’ ਨੂੰ ਬਰਾਬਰ ਰੱਖਿਆ, ‘‘ਜਨੁ ਨਾਨਕੁ ਭਗਤੁ, ਦਰਿ ਤੁਲਿ, ਬ੍ਰਹਮ ਸਮਸਰਿ; ਏਕ ਜੀਹ ਕਿਆ ਬਖਾਨੈ ?॥’’ (ਮਹਲਾ ੫/੧੩੮੫) ਭਾਵ ਹਰੀ ਦਾ ਭਗਤ ਦਾਸ ਨਾਨਕ (ਹਰੀ ਦੇ) ਦਰ ’ਤੇ ਪਰਵਾਣ ਹੈ, ਹਰੀ ਜੈਸਾ ਹੈ। (ਸ਼ਰਧਾਵਾਨ ਕਹੇ ਕਿ) ਮੇਰੀ ਇੱਕ ਜੀਭ; ‘ਗੁਰੂ ਜੋਤਿ’ ਬਾਰੇ ਇਸ ਤੋਂ ਵਧੀਕ ਹੋਰ ਕੀ ਕਹਿ ਸਕਦੀ ਹੈ ? ਇੱਥੇ ‘ਗੁਰੂ ਜੋਤਿ’ ਹੀ ‘ਬ੍ਰਹਮ ਸਮਸਰਿ’ (ਹਰੀ ਸਮਾਨ) ਹੈ, ਨਾ ਕਿ ਸਰੀਰ। 7ਵੇਂ ਸਵੱਈਏ ’ਚ ਫਿਰ ਕਿਹਾ, ‘‘ਸਚੁ ਸਭਾ, ਦੀਬਾਣੁ ਸਚੁ; ਸਚੇ ਪਹਿ ਧਰਿਓ ॥’’ ਭਾਵ ‘ੴ’ ਪ੍ਰਤੀ ਸ਼ਰਧਾ ਰੱਖਣ ਵਾਲ਼ੇ ਭਗਤ ਪੈਦਾ ਹੁੰਦੇ ਰਹਿਣਗੇ। ਉਨ੍ਹਾਂ ਲਈ ਇਨਸਾਫ਼-ਦਰ ਭੀ ਰਹੇਗਾ ਕਿਉਂਕਿ ਕਰਤਾਰ ਨੇ ਆਪਣਾ ਸਦਾ ਥਿਰ ਰੂਪ ‘ਨਾਨਕ ਜੋਤਿ’ ’ਚ ਰੱਖਿਆ ਹੈ (ਸਚੇ ਪਹਿ ਧਰਿਓ)। ਇਸ ਦੇ ਅੰਤ ’ਚ ‘ਗੁਰੂ ਸਰੀਰ’ ਦਾ ਜ਼ਿਕਰ ਹੈ, ‘‘ਹਰਿ ਗੁਰੁ ਨਾਨਕੁ ਜਿਨ੍ ਪਰਸਿਓ; ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥’’ (ਸਵਈਏ/ਮਹਲਾ ੫/੧੩੮੬) ਤਾਂ ਕਿ ਅਗਾਂਹ ਭੱਟ ਬਾਣੀ ਨਾਲ਼ ਕੜੀ ਜੁੜ ਸਕੇ।
ਸੋ ਜਿਸ ਤਰ੍ਹਾਂ ਭੱਟ ਬਾਣੀ (ਜੋ ‘ਗੁਰੂ ਸਰੀਰ’ ਬਾਰੇ ਹੈ) ਰਾਹੀਂ ‘ਗੁਰੂ ਜੋਤਿ’ ਨੂੰ ਮਹਾਨ ਸਿੱਧ ਕੀਤਾ; ਉਸੇ ਤਰ੍ਹਾਂ ਹੁਣ ਧਰਮ ਪ੍ਰਚਾਰ ਵੇਲ਼ੇ ਇਤਿਹਾਸ (ਗੁਰੂ ਜਾਂ ਸਿੱਖ) ਦੀ ਉਦਾਹਰਨ ਦੇਣੀ ਹੀ ਬਣਦੀ ਹੈ, ਨਾ ਕਿ ਵਿਸ਼ੇ ਦਾ ਆਧਾਰ। ਜਦ ਤੱਕ ਇਤਿਹਾਸ ਮੂਲ ਵਿਸ਼ਾ ਬਣੇਗਾ; ‘ਭਗਤ ਵੱਡਾ ਜਾਂ ਗੁਰੂ ਵੱਡਾ’ ਵਿਵਾਦ, ਕਿਉਂਕਿ ਇਹ ਸਰੀਰ ਨਾਲ਼ ਜੁੜਿਆ ਵਿਸ਼ਾ ਹੈ, ਕਦੇ ਖ਼ਤਮ ਨਹੀਂ ਹੋਣਾ। ‘ਗੁਰੂ ਜੋਤਿ’ ਜਾਂ ‘ਗੁਰੂ ਸੋਚ’ (ਸਿਧਾਂਤ) ਦੀ ਬਜਾਇ ‘ਗੁਰੂ ਸਰੀਰ’ ਨੂੰ ਮਹਾਨ ਸਿੱਧ ਕਰਨਾ ਡੇਰੇਦਾਰ ਸੋਚ ਰਹੀ ਹੈ। ਐਸੀ ਹੀ ਬ੍ਰਾਹਮਣ ਦੀ ਦੇਹ (ਮੂਰਤੀ) ਪੂਜਕ ਰੂੜ੍ਹੀਵਾਦੀ ਸੋਚ ਹੈ। ਗੁਰੂ ਨਾਨਕ ਜੀ ਨੇ ਸ਼ੁਰੂ ਤੋਂ ਹੀ ‘ਸਰੀਰ’ ਨੂੰ ਨਾ ‘ਗੁਰੂ’ ਮੰਨਿਆ, ਨਾ ‘ਚੇਲਾ’।
ਭਗਤ ਕਬੀਰ ਜੀ ਨੇ 120 ਸਾਲ (ਸੰਨ 1398-1518) ਉਮਰ ਭੋਗੀ। ਭਗਤ ਰਵਿਦਾਸ ਜੀ ਬਾਰੇ ਕੁੱਝ ਵਿਵਾਦ ਹਨ। ਬਹੁਤਾਤ ਦਾ ਮੰਨਣਾ ਹੈ ਕਿ ਆਪ ਜੀ ਦੀ ਉਮਰ 115 ਸਾਲ (1376-1491) ਸੀ। ਭਗਤ ਨਾਮਦੇਵ ਜੀ ਦੀ 80 ਸਾਲ (1270-1350)। ਭਗਤ ਰਾਮਾਨੰਦ ਜੀ ਦੀ 101 ਸਾਲ (1366 ਤੋਂ 1467)। ਇਸ ਤੋਂ ਸਾਫ਼ ਹੈ ਕਿ ਸਾਰੇ ਹੀ ਭਗਤ ਸਮਕਾਲੀ ਸਨ। ਇਹ ਭੀ ਨਹੀਂ ਕਹਿ ਸਕਦੇ ਕਿ ਇੱਕ ਦਾ ਰੂਹਾਨੀਅਤ ਬਲ; (ਗੁਰੂ ਸਾਹਿਬ ਵਾਙ) ਦੂਜੇ ਭਗਤ ਅੰਦਰ ਆ ਗਿਆ ਹੋਵ। ਉਞ ਭਾਵੇਂ ਕਿ ਇਨ੍ਹਾਂ ਨੇ ਨਿਰੰਤਰ ਭਗਤੀ ਕੀਤੀ ਹੈ।
ਦੂਜੇ ਪਾਸੇ ਭਾਈ ਲਹਿਣਾ ਜੀ ਤੇ ਗੁਰੂ ਅਮਰਦਾਸ ਜੀ; 7-8 ਕੁ ਸਾਲ ਭਗਤੀ ਕਰਕੇ ‘ਗੁਰੂ’ ਬਣ ਗਏ। ਜਦ ਪੂਰਨ ਗੁਰੂ ਬਾਂਹ ਫੜੇ ਤਾਂ ਮੰਜ਼ਲ ਪਾਉਣੀ ਅਸਾਨ ਹੈ। ਗੁਰੂ ਅੰਗਦ ਸਾਹਿਬ ਨੇ ਭੀ ਮੰਨਿਆ ਕਿ ਗੁਰੂ ਤੋਂ ਬਿਨਾਂ ‘ਅਦ੍ਰਿਸ਼’ ਨਾਲ਼ ਰਿਸ਼ਤਾ ਕਾਇਮ ਕਰਨਾ ਅਤਿ ਕਠਿਨ ਹੈ, ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ॥’’ (ਮਹਲਾ ੨/੪੬੩) ਮਨੁੱਖ ਕੋਲ਼ ਪੰਜ ਗਿਆਨ ਇੰਦ੍ਰੇ ਹੀ ਚੇਤਨਾ ਵਜੋਂ ਹਨ। ‘ਅਦ੍ਰਿਸ਼ ਦੀ ਹੋਂਦ’ ਸਮਝਣ ਲਈ ਬੰਦਾ ਅੰਨ੍ਹਾ ਹੈ। ਇਹ ਸਚਾਈ ਗੁਰੂ ਅਮਰਦਾਸ ਜੀ ਨੇ ਵਾਰ-ਵਾਰ ਬਿਆਨ ਕੀਤੀ, ‘‘ਸਹ ਦੇਖੇ ਬਿਨੁ, ਪ੍ਰੀਤਿ ਨ ਊਪਜੈ; ਅੰਧਾ ਕਿਆ ਕਰੇਇ ?॥ (ਮਹਲਾ ੩/੮੩), ਵਿਣੁ ਡਿਠਾ ਕਿਆ ਸਾਲਾਹੀਐ ? ਅੰਧਾ ਅੰਧੁ ਕਮਾਇ ?॥’’ (ਮਹਲਾ ੩/੬੪੬) ਭਗਤਾਂ ਦੇ ਇਤਿਹਾਸ ਤੋਂ ਸਪਸ਼ਟ ਨਹੀਂ ਹੁੰਦਾ ਕਿ ਕਿਸ ਭਗਤ ਨੇ ਕਿਹੜਾ ਗੁਰੂ ਧਾਰਨ ਕੀਤਾ ਸੀ।
ਗੁਰੂ ਗ੍ਰੰਥ ਸਾਹਿਬ ਜੀ ਅੰਦਰ 15 ਭਗਤ ਸਾਹਿਬਾਨ (ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਰਾਮਾਨੰਦ ਜੀ, ਜੈ ਦੇਵ ਜੀ, ਤ੍ਰਿਲੋਚਨ ਜੀ, ਧੰਨਾ ਜੀ, ਸੈਣ ਜੀ, ਪੀਪਾ ਜੀ, ਭੀਖਨ ਜੀ, ਸਧਨਾ ਜੀ, ਪਰਮਾਨੰਦ ਜੀ, ਸੂਰਦਾਸ ਜੀ, ਬੇਣੀ ਜੀ ਤੇ ਬਾਬਾ ਸੇਖ਼ ਫ਼ਰੀਦ ਜੀ), 6 ਗੁਰੂ ਸਾਹਿਬਾਨ (ਗੁਰ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ), 15 ਭੱਟ ਸਾਹਿਬਾਨ (ਕਲਸਹਾਰ ਜੀ, ਜਾਲਪ ਜੀ, ਕੀਰਤ ਜੀ, ਭਿਖਾ ਜੀ, ਸਲ੍ਹ ਜੀ, ਭਲ੍ਹ ਜੀ, ਨਲ੍ਹ ਜੀ, ਗਯੰਦ ਜੀ, ਮਥੁਰਾ ਜੀ, ਬਲ੍ਹ ਜੀ ਤੇ ਹਰਬੰਸ ਜੀ) ਅਤੇ 3 ਗੁਰਸਿੱਖ (ਬਾਬਾ ਸੁੰਦਰ ਜੀ, ਭਾਈ ਸਤਾ ਜੀ ਤੇ ਬਲਵੰਡ ਰਾਇ ਜੀ) ਯਾਨੀ 35 ਮਹਾਂ ਪੁਰਖਾਂ ਦੀ ਬਾਣੀ ਦਰਜ ਹੈ। ਭਗਤ ਬਾਣੀ ਨੂੰ ਇਕੱਤਰ ਕਰਦਿਆਂ ਗੁਰੂ ਨਾਨਕ ਸਾਹਿਬ ਨੇ ਕਿਸੇ ਅਖੌਤੀ ਜਾਤ, ਗ਼ੈਰ ਧਰਮ/ਮਜ਼੍ਹਬ ਜਾਂ ਗ਼ੈਰ ਭਾਸ਼ਾ ਨੂੰ ਤਰਜੀਹ ਨਾ ਦਿੱਤੀ ਕਿਉਂਕਿ ਟੀਚਾ; ਮਨੁੱਖਤਾ ਦੇ ਕਲਿਆਣ ਲਈ ਸਾਰਿਆਂ ਦੇ ਸਰਬ ਸਾਂਝੇ ਉਪਦੇਸ਼ ਸਨ। ਇਨ੍ਹਾਂ ਨੂੰ ਹੀ ‘ਸ਼ਬਦ ਗੁਰੂ’ (ਗੁਰੂ ਸੋਚ) ਕਿਹਾ ਗਿਆ।
ਇਸ ਸ਼ਬਦ ਸੰਗ੍ਰਹਿ ’ਚ ਬਾਬਾ ਫ਼ਰੀਦ ਜੀ ਤੇ ਭਗਤ ਭੀਖਨ ਜੀ; ਪਿਛੋਕੜ ਇਸਲਾਮ ਦੇ ਸੂਫ਼ੀ ਮੱਤ ਨਾਲ਼ ਸਬੰਧਿਤ ਸਨ। ਭਗਤ ਰਾਮਾਨੰਦ ਜੀ, ਭਗਤ ਸੂਰਦਾਸ ਜੀ, ਭਗਤ ਜੈਦੇਵ ਜੀ ਤੇ ਭਗਤ ਪਰਮਾਨੰਦ ਜੀ; ਪਿਛੋਕੜ ਬ੍ਰਾਹਮਣ ਜਾਤੀ ’ਚੋਂ ਸਨ। ਭਗਤ ਕਬੀਰ ਜੀ; ਜੁਲਾਹਾ-ਜਾਤੀ ਨਾਲ਼ ਸਬੰਧਿਤ ਸਨ। ਭਗਤ ਰਵਿਦਾਸ ਜੀ; ਚਮੜੀ ਦਾ ਕੰਮ ਕਰਨ ਵਾਲ਼ੇ ਚਮਾਰ ਜਾਤੀ ਨਾਲ਼ ਸਬੰਧਿਤ ਸਨ। ਭਗਤ ਧੰਨਾ ਜੀ; ਖੇਤੀ ਕਰਨ ਵਾਲ਼ੇ ਜੱਟ ਸਨ। ਭਗਤ ਨਾਮਦੇਵ ਜੀ; ਦਰਜ਼ੀ ਦਾ ਕੰਮ ਕਰਨ ਵਾਲ਼ੇ ਛੀਂਬਾ ਸਨ। ਭਗਤ ਸਧਨਾ ਜੀ ਦਾ ਪਿਤਾ-ਪੁਰਖੀ ਕੰਮ ਮਾਸ ਕੱਟਣਾ (ਕਸਾਈਪੁਣਾ) ਸੀ। ਭਗਤ ਸੈਣ ਜੀ ਦੇ ਪੂਰਵਜ ਨਾਈ-ਜਾਤ ’ਚ ਲੋਕਾਂ ਦੇ ਵਾਲ਼ ਕੱਟਦੇ ਰਹੇ। ਭਗਤ ਤ੍ਰਿਲੋਚਨ ਜੀ; ਪਿਛੋਕੜ ਵੈਸ਼-ਜਾਤੀ ਨਾਲ਼ ਸਬੰਧਿਤ ਸਨ। ਭਗਤ ਪੀਪਾ ਜੀ; ਖੱਤਰੀ-ਰਾਜਪੂਤ ਸਨ। ਇਸੇ ਤਰ੍ਹਾਂ 11 ਭੱਟ ਸਾਹਿਬਾਨ; ਬ੍ਰਾਹਮਣ ਜਾਤ ’ਚੋਂ ਸਨ। ਗੁਰੂ ਨਾਨਕ ਸਾਹਿਬ ਜੀ ਦਾ ਪਿਛੋਕੜ ਬੇਦੀ-ਵੰਸ਼ ਨਾਲ਼ ਸੀ। ਗੁਰੂ ਅੰਗਦ ਸਾਹਿਬ ਜੀ; ਤ੍ਰੇਹਣ-ਵੰਸ਼ ’ਚੋਂ, ਗੁਰੂ ਅਮਰਦਾਸ ਜੀ; ਭੱਲੇ ਵੰਸ਼ ’ਚੋਂ ਅਤੇ ਗੁਰੂ ਰਾਮਦਾਸ ਜੀ; ਸੋਢੀ ਵੰਸ਼ ਵਿੱਚੋਂ ਹਨ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਦੇ ਅਨੇਕਾਂ ਵੰਸ਼ਜ; ਆਪਣੇ ਤੰਦ/ਸਬੰਧ ਇਨ੍ਹਾਂ ਨਾਲ਼ ਜੋੜ ਕੇ ਆਪਣੀ-ਆਪਣੀ ਜਾਤੀ ਨੂੰ ਮਹਾਨ ਬਣਾਉਣ ਦੀ ਤਾਕ ’ਚ ਰਹਿੰਦੇ ਹਨ।
ਗੁਰਮਤਿ-ਸਿਧਾਂਤ; ਕਿਸੇ ਖ਼ਾਸ ਜਾਤ, ਖ਼ਾਸ ਧਰਮ, ਖ਼ਾਸ ਭਾਸ਼ਾ ਜਾਂ ਖ਼ਾਸ ਕਿੱਤੇ ਦੀ ਕੈਦ ’ਚ ਨਹੀਂ। ਇਹ ਨਿਰੋਲ ਬ੍ਰਹਮ ਗਿਆਨ ਹੈ। ਬਾਣੀਕਾਰ ਭੀ ਆਮ ਗ੍ਰਿਹਸਤੀ ਤੇ ਕਿਰਤੀ ਸਨ। ਸਾਰਿਆਂ ਨੇ ਆਪਣੇ ਵਿਚਾਰ ਖ਼ੁਦ ਲਿਖੇ ਤਾਹੀਓਂ ਗੁਰਬਾਣੀ ਸਮੁੱਚੀ ਮਨੁੱਖਤਾ ਦਾ ਧਰਮ ਅਖਵਾਈ, ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ॥੪॥ (ਮਹਲਾ ੫/੭੪੮), ਖਤ੍ਰੀ ਬ੍ਰਾਹਮਣ ਸੂਦ ਵੈਸ; ਸਭ ਏਕੈ ਨਾਮਿ ਤਰਾਨਥ ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ; ਜੋ ਸੁਨੈ, ਸੋ ਪਾਰਿ ਪਰਾਨਥ ॥੪॥’’ (ਮਹਲਾ ੫/੧੦੦੧) ਭਾਵ ਇਸ ਕਲਿਯੁਗ ’ਚ ਕੋਈ ਖੱਤਰੀ ਹੈ ਜਾਂ ਬ੍ਰਾਹਮਣ, ਸ਼ੂਦਰ ਹੈ ਜਾਂ ਵੈਸ਼; ਉਹੀ ਤਰੇਗਾ, ਜੋ ਗੁਰਬਾਣੀ ’ਤੇ ਅਮਲ ਕਰਕੇ ‘ਨਿਰਾਕਾਰ ਰਾਮ, ਅੱਲ੍ਹਾ, ਗੋਡ, ਕਰਤਾਰ’ ਨੂੰ ਦਿਲ ’ਚ ਵਸਾਏਗਾ।
ਜੋ ਕਣ-ਕਣ ’ਚ ਹੈ, ਉਹ ਕੇਵਲ ਖੱਤਰੀ ਜਾਂ ਕੇਵਲ ਬ੍ਰਾਹਮਣ ਜਾਂ ਕੇਵਲ ਸ਼ੂਦਰ ਜਾਂ ਕੇਵਲ ਵੈਸ਼ ਦਾ ਨਹੀਂ ਹੋ ਸਕਦਾ। ਮਨ ਦੀ ਮੈਲ਼ ਧੋਣੀ ਹੈ ਤਾਂ ਜੋ ਉਸ ਦੀ ਹੋਂਦ (ਜੋਤਿ) ਦਾ ਅੰਦਰੋਂ ਅਹਿਸਾਸ ਹੋਵੇ; ਜਿਵੇਂ ਕੁੜੱਤਣ ਜਾਂ ਸੁਗੰਧੀ ਨੂੰ ਗਿਆਨ ਇੰਦ੍ਰੇ (ਨੱਕ, ਕੰਨ, ਜੀਭ, ਅੱਖ ਤੇ ਚਮੜੀ) ਜਾਣ ਲੈਂਦੇ ਹਨ; ਉਸੇ ਤਰ੍ਹਾਂ ‘ਆਤਮ-ਪ੍ਰਕਾਸ਼’ ਨੂੰ ਭੀ ਜਾਣਿਆ ਜਾ ਸਕਦਾ ਹੈ, ਇਸ ਲਈ ਕਿਹਾ ਹੈ, ‘‘ਬੰਦੇ ! ਖੋਜੁ ਦਿਲ ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ॥ ਇਹ ਜੁ ਦੁਨੀਆ ਸਿਹਰੁ ਮੇਲਾ; ਦਸਤਗੀਰੀ ਨਾਹਿ ॥੧॥ ਰਹਾਉ ॥’’ (ਭਗਤ ਕਬੀਰ/੭੨੭) ਯਾਨੀ ਇਹ ਦੁਨੀਆਂ ਹੱਥ ’ਚ ਫੜ ਕੇ ਸਦਾ ਲਈ ਰੱਖੀ ਜਾਣ ਵਾਲ਼ੀ ਵਸਤੂ ਨਹੀਂ। ਇਹ ਧੂੰਏਂ ਦਾ ਗ਼ੁਬਾਰ ਹੈ। ਇਸ ਦੁਨੀਆ (ਆਕਾਰ/ਸਰੀਰ) ਨੂੰ ਮਹਾਨ ਬਣਾ ਭੇਦ-ਭਾਵ ਖੜ੍ਹੇ ਨਾ ਕਰ।
ਜੇ ‘ਸਰਬ ਸਾਂਝੀ ਗੁਰਬਾਣੀ’ ’ਚੋਂ ਕਿਸੇ ਇੱਕ ਭਗਤ ਦੀ ਰਚਨਾ ਨੂੰ ਵੱਖ ਕਰਕੇ ਉਸ ਨੂੰ ਨਵਾਂ ‘ਆਦਿ ਗ੍ਰੰਥ’ ਸਿੱਧ ਕਰੀਏ ਤਾਂ ਇਹ ਜਾਤ ਆਧਾਰਿਤ ਫ਼ੈਸਲਾ ਹੈ, ਨਾ ਕਿ ਸਿਧਾਂਤਿਕ। ਜਿਹੜਾ ਭਗਤੀ ਕਰ-ਕਰ ਨਿਰਾਕਾਰ ਦਾ ਰੂਪ ਹੋ ਗਿਆ, ਉਸ ਨੂੰ ਮੁੜ ਮੂਰਤੀ ’ਚ ਸਥਾਪਿਤ ਕਰਨਾ; ਇਨ੍ਹਾਂ ਬਚਨਾਂ ਵਿਰੁਧ ਹੈ, ‘‘ਥਾਪਿਆ ਨ ਜਾਇ; ਕੀਤਾ ਨ ਹੋਇ ॥’’ (ਜਪੁ)
ਗੁਰੂ ਜਾਂ ਸਿੱਖਾਂ ਨੂੰ ਸ਼ਹੀਦ ਕਰਨ ਸਮੇਂ ਮੁਗ਼ਲ ਤਿੰਨ ਸ਼ਰਤਾਂ ਰੱਖਦੇ ਸਨ (1). ਕਰਾਮਾਤ ਵਿਖਾਓ (2). ਮੁਗ਼ਲ ਬਣ ਜਾਓ (3). ਮੌਤ ਕਬੂਲ ਲਓ। ਇਸ ਦੇ ਹਵਾਲੇ ਨਾਲ਼ ਅਕਸਰ ਕਿਹਾ ਜਾਂਦਾ ਹੈ ਕਿ ਕਰਾਮਾਤ ਵਿਖਾਉਣੀ ਧਰਮ ਵਿਰੁਧ ਹੈ, ਪਰ ਸਚਾਈ ਇਹ ਹੈ ਕਿ ਜੇ ਕਿਸੇ ਦਬਾਅ ’ਚ ਭਗਤਾਂ ਤੋਂ ਕੁੱਝ ਕਰਵਾਇਆ ਜਾਂ ਬੁਲਵਾਇਆ ਜਾਵੇ ਤਾਂ ਇਹ ਭਗਤ ਦੀ ਸੋਚ ਵਿਰੁੱਧ ਯਾਨੀ ਡਰ ਜਾਣਾ (ਕਾਇਰਤਾ, ਬੁਜ਼ਦਿਲੀ) ਹੈ ਕਿਉਂਕਿ ਨਿਰਭਉ ਪ੍ਰਭੂ ਨਾਲ਼ ਨੇੜਤਾ ਬਣਾ-ਬਣਾ ਭਗਤ ਭੀ ਨਿਰਭਉ (ਨਿਡਰ) ਹੁੰਦੇ ਹਨ; ਜਿਵੇਂ ਕਿ ‘‘ਜਿਨ ਨਿਰਭਉ, ਜਿਨ ਹਰਿ ਨਿਰਭਉ ਧਿਆਇਆ ਜੀ; ਤਿਨ ਕਾ ਭਉ ਸਭੁ ਗਵਾਸੀ ॥ (ਸੋ ਪੁਰਖੁ/ਮਹਲਾ ੪/੧੧), ਨਿਰਭਉ ਜਪੈ; ਸਗਲ ਭਉ ਮਿਟੈ ॥’’ (ਸੁਖਮਨੀ/ਮਹਲਾ ੫/੨੯੩) ਗੁਰੂ ਤੇਗ ਬਹਾਦਰ ਸਾਹਿਬ ਦੇ ਭੀ ਬੋਲ ਹਨ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ (ਹੋਰ ਦਾ)॥’’ (ਮਹਲਾ ੯/੧੪੨੭) ਕਬੀਰ ਜੀ ਨੇ ਭੀ ਕਿਹਾ ਹੈ, ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫)
ਇਤਿਹਾਸ ਗਵਾਹ ਹੈ ਕਿ ਭਗਤ ਨਾਮਦੇਵ ਜੀ ਨੂੰ ਤੁਗਲਕ ਬਾਦਿਸ਼ਾਹ ਕੈਦ ਕਰਕੇ ਬੋਲਦਾ ਹੈ ਕਿ ਖ਼ੁਦਾ ਕਹਿ, ਰਾਮ ਨਹੀਂ। ਨਾਮਦੇਵ ਜੀ ਦੀ ਮਾਂ ਭੀ ਉਸ ਨੂੰ ਖ਼ੁਦਾ ਬੋਲਣ ਲਈ ਆਪਣੀ ਮਮਤਾ ਯਾਦ ਕਰਾਉਂਦੀ ਹੈ ਤਾਂ ਜੋ ਜਾਨ ਬਚ ਜਾਏ, ‘‘ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ; ਕੀ (ਕਿਉਂ) ਨ ਭਜਹਿ ਖੁਦਾਇ ?॥੬॥’’ (ਭਗਤ ਨਾਮਦੇਵ/੧੧੬੬) ਨਾਮਦੇਵ ਜੀ ਨੇ ਉਲ਼ਟਾ ਮਾਂ ਨੂੰ ਹੀ ਕਿਹਾ ਕਿ ਤੂੰ ਮੇਰੀ ਮਾਂ ਨਹੀਂ, ‘‘ਨ ਹਉ ਤੇਰਾ ਪੂੰਗੜਾ (ਬੱਚਾ); ਨ ਤੂ ਮੇਰੀ ਮਾਇ ॥ ਪਿੰਡੁ ਪੜੈ; ਤਉ ਹਰਿ ਗੁਨ ਗਾਇ ॥੭॥’’ ਭਾਵ ਮਰਨਾ ਮਨਜ਼ੂਰ, ਪਰ ਗਾਵਾਂਗਾ ਹਰੀ/ਰਾਮ ਦੇ ਗੁਣ। ਦੂਜੇ ਪਾਸੇ ਇਹ ਖ਼ੁਦ ਹੀ ਹਰੀ ਨੂੰ ਫ਼ਾਰਸੀ ਸ਼ਬਦਾਂ ਨਾਲ਼ ਯਾਦ ਕਰਦੇ ਹਨ, ‘‘ਕਰੀਮਾਂ ਰਹੀਮਾਂ ਅਲਾਹ ਤੂ ਗਨਂੀ ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ॥੧॥ ਦਰੀਆਉ ਤੂ, ਦਿਹੰਦ ਤੂ; ਬਿਸੀਆਰ ਤੂ ਧਨੀ ॥ ਦੇਹਿ ਲੇਹਿ ਏਕੁ ਤੂੰ; ਦਿਗਰ (ਹੋਰ) ਕੋ ਨਹੀ ॥੨॥ ਤੂੰ ਦਾਨਾਂ, ਤੂੰ ਬੀਨਾਂ; ਮੈ ਬੀਚਾਰੁ ਕਿਆ ਕਰੀ ? ॥ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥’’ (ਭਗਤ ਨਾਮਦੇਵ/੭੨੭) ਭਾਵ ਹੇ ਹਰੀ/ਰਾਮ ! ਤੂੰ ਹੀ ਬਖ਼ਸ਼ਸ਼ ਕਰਨ ਵਾਲ਼ਾ, ਦਇਆ ਕਰਨ ਵਾਲ਼ਾ ਬਾਦਿਸ਼ਾਹ, ਦਾਤਾਂ ਦੇਣ ਵਾਲ਼ਾ, ਅੰਤਰਜਾਮੀ ਤੇ ਸਦਾ ਸਥਿਰ ਹੈਂ। ਮੈ ਤੇਰੇ ਬਾਰੇ ਹੋਰ ਕਿੰਨਾ ਕੁ ਕਹਿ ਸਕਦਾ ਹਾਂ ?
ਸੋ ਭਗਤ ਓਹੀ ਹੈ, ਜੋ ਕਿਸੇ ਦੇ ਦਬਾਅ ਹੇਠ ਨਾ ਹੋਵੇ, ਨਾ ਕਿ ਕਰਾਮਾਤ ਵਿਖਾ ਕੇ ਸਿਧਾਂਤ ਖੰਡਨ ਹੋਣ ਤੋਂ ਡਰਨਾ ਹੈ। ਆਪਣੇ ਆਤਮਿਕ ਬਲ ਤੇ ਵਿਕਸਿਤ ਸੁਰਤਿ ਦਾ ਹੋਰਾਂ ਨੂੰ ਅਹਿਸਾਸ ਕਰਾਉਣ ਨਾਲ਼ ਹੀ ਦੂਜਾ ਆਪਣੇ ਪਿਤਾ-ਪੁਰਖੀ ਫ਼ਰਜ਼ ਨੂੰ ਤਿਆਗ ਨਵਾਂ ਸਿਧਾਂਤ ਅਪਣਾਉਣ ਲਈ ਤਿਆਰ ਹੁੰਦਾ ਹੈ। ਕਰਾਮਾਤ ਕੀ ਹੈ, ਇਸ ਬਾਰੇ ਕਿਹਾ ਹੈ, ‘‘ਨਾਨਕ ! ਸਾ ਕਰਮਾਤਿ; ਸਾਹਿਬਿ+ਤੁਠੈ (ਨਾਲ਼) ਜੋ ਮਿਲੈ ॥’’ (ਮਹਲਾ ੨/੪੭੫) ਭਾਵ ਪ੍ਰਭੂ ਦੀ ਮਿਹਰ ਨਾਲ਼ ਜੋ ਅਚਨਚੇਤ ਬਲ ਮਿਲੇ, ਅਦਭੁਤ ਅਚੰਭਾ ਹੋਵੇ, ਓਹੀ ਕਰਾਮਾਤ ਹੈ। ਪ੍ਰੇਮਾ ਕੋੜ੍ਹੀ ਇੱਕੋ ਦਿਨ ’ਚ ਰੋਗ ਮੁਕਤ ਹੋਇਆ। ਸ਼ਾਦੀ ਕਰਾ ਕੇ ਧਰਮ ਦਾ ਪ੍ਰਚਾਰਕ ਬਣ ਗਿਆ। ਭਗਤ ਕਬੀਰ ਜੀ ਤੇ ਭਗਤ ਨਾਮਦੇਵ ਜੀ ਉੱਤੇ ਹਾਥੀ ਨਾ ਚੜ੍ਹਿਆ। ਇਹੀ ਹੈ ‘ਕਰਾਮਾਤ’, ਜੋ ਭਗਤ ਦੀ ਕਮਾਈ ਕਾਰਨ ਪ੍ਰਗਟ ਹੁੰਦੀ ਹੈ। ‘ਭਗਤ’ ਤੇ ‘ਹਰੀ’ ਦਾ ਇਹੀ ਪਰਸਪਰ ਸਬੰਧ (ਰਿਸ਼ਤਾ) ਹੈ; ਜਿਵੇਂ ਕਿ ਕਿਹਾ ਹੈ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ॥ (ਭਗਤ ਰਵਿਦਾਸ/੯੩), ਬਦਹੁ ਕੀ ਨ ਹੋਡ ਮਾਧਉ ! ਮੋ ਸਿਉ ॥ ਠਾਕੁਰ ਤੇ ਜਨੁ, ਜਨ ਤੇ ਠਾਕੁਰੁ; ਖੇਲੁ ਪਰਿਓ ਹੈ ਤੋ ਸਿਉ ॥੧॥ ਰਹਾਉ ॥’’ (ਭਗਤ ਨਾਮਦੇਵ/੧੨੫੨) ਭਾਵ ਹੇ ਪ੍ਰਭੂ ! ਮੇਰੇ ਨਾਲ਼ ਸ਼ਰਤ ਲਗਾ ਲਓ, ਇਹੀ ਸੱਚ ਹੈ ਕਿ ਭਗਤ ਰਾਹੀਂ ਹੀ ਤੇਰੀ ਹੋਂਦ ਜਗਤ ’ਚ ਪ੍ਰਗਟ ਹੈ ਤੇ ਤੇਰੇ ਦੁਆਰਾ ਬਖ਼ਸ਼ੀ ਕਰਾਮਾਤ (ਸ਼ਕਤੀ) ਨਾਲ਼ ਹੀ ਭਗਤ ਪ੍ਰਗਟ ਹੁੰਦਾ ਹੈ। ਇਹ ਖੇਲ (ਰਿਸ਼ਤਾ) ਹਰ ਥਾਂ ਵਾਪਰ ਰਿਹਾ ਹੈ ਵਰਨਾ ਪ੍ਰਭੂ ਔਂਤ (ਛੜਾ) ਰਹਿ ਜਾਣਾ ਸੀ, ‘‘ਸਫਲੁ ਜਨਮੁ ਹਰਿ ਜਨ ਕਾ ਉਪਜਿਆ; ਜਿਨਿ ਕੀਨੋ ਸਉਤੁ ਬਿਧਾਤਾ ॥’’ (ਮਹਲਾ ੫/੫੩੨) ਭਾਵ ਹਰੀ ਦੇ ਭਗਤ ਦਾ ਜੀਵਨ ਸਫਲ ਹੋਣ ਕਾਰਨ ਹੀ ਕਰਤਾਰ; ਔਲਾਦ ਵਾਲ਼ਾ ਬਣ ਸਕਿਆ ਯਾਨੀ ਜਗਤ ’ਚ ਉਸ ਦੀ ਹੋਂਦ ਪ੍ਰਗਟ ਹੋਈ। ਇਨ੍ਹਾਂ ਗੁਹਜ ਗੱਲਾਂ ’ਤੇ ਭਰੋਸਾ ਕਰਨਾ ਤੇ ਅਮਲ ’ਚ ਲਿਆ ਕੇ ਹੋਰਾਂ ਨਾਲ਼ ਸਾਂਝਾ ਕਰਨਾ; ਐਰੇ-ਗ਼ੈਰੇ ਦਾ ਕੰਮ ਨਹੀਂ। ਇਸੇ ਲਈ ‘ਆਦਿ ਗ੍ਰੰਥ’ ਦੀ ਸੰਪੂਰਨਤਾ ਕਰਦਿਆਂ ਖ਼ਾਸ ਤਾੜਨਾ ਭੀ ਕੀਤੀ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ॥’’ (ਮਹਲਾ ੫/੩੮੧) ਭਾਵ ਦਿਲ ਤੋਂ ਰਾਮ ਦਾ ਨਾਮ ਜਪ-ਜਪ ਕੇ ਪਹਿਲਾਂ ਆਪ ਮਨ ਨੂੰ ਧੋਣਾ ਹੈ; ਬਾਅਦ ’ਚ ਹੀ ਹੋਰਾਂ ਕੋਲ਼ ਧਰਮ ਦੀ ਗੱਲ ਕਰਨੀ ਹੈ।
ਜੇਕਰ ਬਾਣੀਕਾਰਾਂ ਨੇ ਆਪਣੇ ‘ਰੂਹਾਨੀਅਤ ਬਲ’ ਤੇ ‘ਵਿਕਸਿਤ ਸੋਚ’ ਰਾਹੀਂ ਲੁਕਾਈ ਦਾ ਭਲਾ ਨਾ ਕੀਤਾ ਹੁੰਦਾ ਤਾਂ ਗੁਰੂ ਨਾਨਕ ਸਾਹਿਬ ਵੇਲ਼ੇ ਹੀ 3 ਕਰੋੜ ਸਿੱਖ ਨਾ ਬਣਦੇ। ਦੂਜੇ ਪਾਸੇ ਹੁਣ ਭੀ ਓਨੇ ਕੁ ਹਾਂ, ਜ਼ਿਆਦਾਤਰ ਪ੍ਰਚਾਰਕ ਭੀ ਹਨ, ਇਸ ਦੇ ਬਾਵਜੂਦ ਭਾਰਤ ’ਚ ਈਸਾਈ 2% ਭੀ ਨਹੀਂ, ਪਰ ਸਿੱਖੀ ਦੇ ਕੇਂਦਰ (ਜ਼ਿਲ੍ਹਾ ਅੰਮ੍ਰਿਤਸਰ ਸਾਹਿਬ) ’ਚ ਸੰਨ 2011 ਦੀ ਰਿਪੋਰਟ ਮੁਤਾਬਕ 16% ਤੋਂ ਵੱਧ ਹਨ। ਇਸ ਦੇ ਦੋ ਹੀ ਕਾਰਨ ਹਨ (1). ਗੁਰਮਤਿ ਦੇ ਸਰਬ ਸਾਂਝੇ ਤੇ ਵਿਲੱਖਣ ਸਿਧਾਂਤਾਂ ਨੂੰ ਪੰਡਿਤ ਦੇ ਭਗਵੇ ਰੰਗ ’ਚ ਰੰਗ ਕੇ ਪ੍ਰਚਾਰ ਕਰਨਾ। (2). ਗੁਰਮਤਿ ਦੀਆਂ ਗੁਹਜ/ਸੂਖਮ ਗੱਲਾਂ ’ਤੇ ਕੇਸਾ ਧਾਰੀ ਨਾਸਤਿਕਾਂ ਦੁਆਰਾ ਕੁਤਰਕ ਕਰਨਾ। ਇਸ ਨਾਲ਼ ਧਰਮ ਦੇ ਗਹਿਰੇ ਰਾਜ਼ ਜਾਣਨ ਲਈ ਸਿੱਖ ਅੰਦਰ ਤਾਂਘ ਨਹੀਂ ਉਪਜਦੀ ਭਾਵੇਂ ਕਿ ਇਸੇ ਲਈ ਨਿਤਨੇਮ ਬਣਾਇਆ ਗਿਆ ਤੇ ਅਰਦਾਸਾਂ ਰਾਹੀਂ ‘ਭਰੋਸਾ ਦਾਨ’ ਮੰਗਣ ਦਾ ਵਿਧਾਨ ਹੈ।
ਅੰਤ ’ਚ ਧਰਮ ਦੇ ਗਹਿਰੇ ਰਾਜ਼ ਕਿਵੇਂ ਹਲਕੇ ’ਚ ਲਏ ਜਾਂਦੇ ਹਨ, ਦੋ ਕੁ ਮਿਸਾਲ ਹਨ :
(1). ਡੇਰੇਦਾਰਾਂ ਅਨੁਸਾਰ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ ਸਾਰੇ ॥’’ (ਮਹਲਾ ੪/੯੮੨) ਵਾਕ ’ਚ ‘ਬਾਣੀ ਗੁਰੂ..॥’ ਤੋਂ ਭਾਵ ਹੈ ‘10 ਸਰੀਰ ਗੁਰੂ’ ਮੰਨਣਾ। ਇਹ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ’ਚ ਤਾਂ ਕੇਵਲ 6 ਗੁਰੂ ਹਨ। ਬਾਕੀ 4 ਕਿੱਥੋਂ ਲਿਆਵਾਂਗੇ (ਯਾਨੀ ਜੇ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਾ ਮੰਨੀਏ) ? ਜਦਕਿ ਇਹ ਵਾਕ ‘ਸਰੀਰ ਗੁਰੂ’ ਨੂੰ ਨਹੀਂ; ‘ਸਬਦੁ ਗੁਰੂ’ ਨੂੰ ਮਹਾਨਤਾ ਦਿੰਦੇ ਹਨ ਕਿਉਂਕਿ ਸਰੀਰ; ਕਦੇ ਭੀ ਪ੍ਰਭੂ ਵਾਙ ਅਮਰ ਨਹੀਂ ਹੋ ਸਕਦਾ।
ਸਰੀਰ ਨੂੰ ਪੂਜਣਾ; ਰੂੜ੍ਹੀਵਾਦੀ ਸੋਚ ਹੈ ਤਾਹੀਓਂ ਉਹ ਨਿੱਤ ਇਤਿਹਾਸ (ਗੀਤਾ, ਰਾਮਾਇਣ) ਪੜ੍ਹਦੇ ਹਨ। ਡੇਰੇਦਾਰ ਤੇ ਬ੍ਰਾਹਮਣ ਦੀ ਧਰਮ ਪ੍ਰਤੀ ਸੋਚ ਇੱਕ ਸਮਾਨ ਹੈ। ਬ੍ਰਾਹਮਣ; ‘ਗੁਰੂ ਗ੍ਰੰਥ ਸਾਹਿਬ’ ਦੇ ਬਰਾਬਰ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਕਰਨ ਲਈ ਦਲੀਲ ਦਿੰਦਾ ਹੈ, ਡੇਰੇਦਾਰ ਭੀ ਇਹੀ ਚਾਹੁੰਦਾ ਹੈ ਭਾਵੇਂ ਕਿ ਉਸ ਅੰਦਰ ਅਨੇਕਾਂ ਗ਼ੈਰ ਸਿਧਾਂਤਿਕ ਗੱਲਾਂ ਹਨ। ਸਿੱਖ-ਕੌਮ ਦੀ ਵੱਖਰੀ ਪਹਿਚਾਣ ‘ਨਾਨਕਸ਼ਾਹੀ ਕੈਲੰਡਰ’ ਨੂੰ ਬ੍ਰਾਹਮਣ ਲਾਗੂ ਨਹੀਂ ਹੋਣ ਦੇਣਾ ਚਾਹੁੰਦਾ, ਡੇਰੇਦਾਰ ਭੀ ਨਹੀਂ ਚਾਹੁੰਦੇ। ਆਕਾਰ ਪੂਜਕ ਹੋਣ ਕਾਰਨ ਭੇਦ-ਭਾਵ ਪੈਦਾ ਕਰਨ ਲਈ ਦੋਵੇਂ ਸਰੀਰਕ ਪਵਿੱਤਰਤਾ (ਜਿਵੇਂ ਤੀਰਥ ਇਸਨਾਨ) ਨੂੰ ਮਹਾਨ ਸਮਝਦੇ ਹਨ ਜਦਕਿ ਗੁਰਬਾਣੀ ਅਨੁਸਾਰ ਇਹ ਫ਼ਜ਼ੂਲ ਭਟਕਣਾ ਹੈ, ‘‘ਨਾਵਣ ਚਲੇ ਤੀਰਥੀ; ਮਨਿ+ਖੋਟੈ ਤਨਿ (’ਚ) ਚੋਰ ॥… ਬਾਹਰਿ ਧੋਤੀ ਤੂਮੜੀ; ਅੰਦਰਿ ਵਿਸੁ (ਜ਼ਹਰ) ਨਿਕੋਰ ॥ ਸਾਧ ਭਲੇ ਅਣਨਾਤਿਆ; ਚੋਰ ਸਿ ਚੋਰਾ ਚੋਰ ॥ (ਮਹਲਾ ੧/੭੮੯), ਜਲ ਕੈ ਮਜਨਿ (ਨਾਲ਼) ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ (ਡੱਡੂ) ਨਾਵਹਿ ॥ ਜੈਸੇ ਮੇਂਡੁਕ ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ॥’’ (ਭਗਤ ਕਬੀਰ/੪੮੪) ਅਸਲ ਤੀਰਥ; ਮਨ (ਦੀ ਮੈਲ਼) ਧੋਣਾ ਹੈ, ‘‘ਮਮਾ, ਮਨ ਸਿਉ ਕਾਜੁ ਹੈ; ਮਨ ਸਾਧੇ, ਸਿਧਿ ਹੋਇ ॥ (ਭਗਤ ਕਬੀਰ/੩੪੨), ਮਨਿ+ਜੀਤੈ ਜਗੁ ਜੀਤੁ ॥’’ (ਜਪੁ)

(2). ਫ਼ਰਵਰੀ 2026 ’ਚ ਭਗਤ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇੱਕ ਜਗ੍ਹਾ ਸੰਤ ਬਲਵੀਰ ਸਿੰਘ ਜੀ ਕਥਾ ਕਰਦੇ ‘ਭਗਤ ਰਵਿਦਾਸ ਜੀ’ ਕਹਿ ਬੈਠੇ। ਸਮਾਪਤੀ ’ਤੇ ਸਟੇਜ ’ਤੇ ਬੈਠੇ ਸੰਤ ਜਸਵਿੰਦਰ ਸਿੰਘ ਨੇ ਖੜ੍ਹੇ ਹੋ ਕੇ ਮਾਇਕ ’ਚ ਬੋਲਣਾ ਸ਼ੁਰੂ ਕਰ ਦਿੱਤਾ, ‘ਤੁਸੀਂ ਭੀ ਸੰਤ ਹੋ, ਮੈ ਭੀ ਸੰਤ ( ? ?) ਹਾਂ। ਮੈ ਗੁਰਬਾਣੀ ’ਚੋਂ ਸਿੱਧ ਕਰਾਂਗਾ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ, ਭਗਤ ਰਵਿਦਾਸ ਨਹੀਂ’। ਉਸ ਨੇ ਇਹ ਤਿੰਨ ਮਿਸਾਲ ਦਿੱਤੇ :
(ੳ). ਸੁਖਮਨੀ ਸਾਹਿਬ ’ਚ ਪੜ੍ਹਦੇ ਹਾਂ, ‘‘ਆਠ ਪਹਰ ਜਨੁ ਹਰਿ ਹਰਿ ਜਪੈ ॥ ਹਰਿ ਕਾ ਭਗਤੁ ਪ੍ਰਗਟ; ਨਹੀ ਛਪੈ ॥ (ਮਹਲਾ ੫/੨੬੫)
(ਅ). ਗੁਰਬਾਣੀ ਦੇ ਹੀ ਬੋਲ ਹਨ, ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥’’ (ਮਹਲਾ ੪/੯੮੨)
(ੲ). ਅਰਦਾਸ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਦੋਹਰਾ ਰੋਜ਼ਾਨਾ ਪੜ੍ਹਦੇ ਹਾਂ, ‘ਆਗਿਆ ਭਈ ਅਕਾਲ ਕੀ, ਤਬੀ ਚਲਾਯੋ ਪੰਥ। ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਯੋ ਗ੍ਰੰਥ। ਗੁਰੂ ਗ੍ਰੰਥ ਜੀ ਮਾਨਯੋ, ਪ੍ਰਗਟ ਗੁਰਾਂ ਕੀ ਦੇਹ।’

ਦਰਅਸਲ ਜਸਵਿੰਦਰ ਸਿੰਘ ਜੀ; ਸਿੱਧ ਕਰਨਾ ਚਾਹ ਰਹੇ ਹਨ ਕਿ (ੳ). ਹਰੀ ਦਾ ਭਗਤ ਪ੍ਰਗਟ ਹੈ ‘‘ਹਰਿ ਕਾ ਭਗਤੁ ਪ੍ਰਗਟ.. ॥’’ (ਅ). ਸਤਿਗੁਰੂ ਭੀ ਪ੍ਰਗਟ ਹੈ ‘‘ਪਰਤਖਿ ਗੁਰੂ ਨਿਸਤਾਰੇ ॥’’ (ੲ). ਸਤਿਗੁਰਾਂ ਦੀ ਦੇਹ ਭੀ ਪ੍ਰਗਟ ਹੈ ‘ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ।’
ਵਿਚਾਰ : (ੳ). ‘‘ਹਰਿ ਕਾ ਭਗਤੁ ਪ੍ਰਗਟ..॥’’ ਵਾਕ ਦੀ ਮਿਸਾਲ ਦੇਣ ਦਾ ਕਾਰਨ ਇਨ੍ਹਾਂ ਨੇ ਨਿਸ਼ਾਨ ਸਾਹਿਬ ਦਾ ਚਿੰਨ੍ਹ ‘ਹਰਿ’ ਚੁਣਿਆ ਹੈ। ਇਸ ਤੋਂ ਜਾਪਦਾ ਹੈ ਕਿ ਰਵਿਦਾਸ ਜੀ; ਹਰੀ ਦੇ ਹੀ ਭਗਤ ਹਨ, ਨਾ ਕਿ ‘ਰਾਮ, ਅੱਲ੍ਹਾ, ੴ’ ਦੇ ਭੀ। ਇੱਥੇ ‘ਭਗਤ’ ਸ਼ਬਦ ਹੈ; ਫਿਰ ‘ਭਗਤ ਰਵਿਦਾਸ’ ਬੋਲਣ ’ਤੇ ਇਤਰਾਜ਼ ਕਿਉਂ ?
(ਅ). ਇਨ੍ਹਾਂ ਨੇ ਭੀ ਡੇਰੇਦਾਰ ਸਿੱਖਾਂ ਵਾਙ ‘ਬਾਣੀ ਗੁਰੂ’ ਦੀ ਮਿਸਾਲ ਦਿੱਤੀ ਤਾਂ ਜੋ ਰਵਿਦਾਸ ਜੀ ਦਾ ‘ਸਰੀਰ’ ਮਹਾਨ ਸਿੱਧ ਹੋਵੇ। ਡੇਰੇਦਾਰ ਭੀ ਇਸ ਵਾਕ ਨੂੰ 4 ‘ਗੁਰੂ ਸਰੀਰ’ ਨਾਲ਼ ਜੋੜਦੇ ਹਨ ਜਦਕਿ ਇਹ ਵਾਕ ‘ਸ਼ਬਦ’ ਨੂੰ ‘ਗੁਰੂ’ ਸਿੱਧ ਕਰਨ ਲਈ ਹੈ, ਨਾ ਕਿ ‘ਸਰੀਰ’ ਨੂੰ।
ਡੇਰੇਦਾਰ ਸਿੱਖ; ਗੁਰੂ ਗੋਬਿੰਦ ਸਿੰਘ ਜੀ ਦੇ ‘ਰੂਹਾਨੀਅਤ-ਬਲ’ ਅਤੇ ‘ਵਿਕਸਿਤ ਸੁਰਤਿ’ ਦਾ ਸਰੋਤ ਪਿਛਲੇ ਜਨਮ ’ਚ ਹੇਮਕੁੰਡ ਪਰਬਤ ’ਤੇ ਕੀਤੀ ਤਪੱਸਿਆ ਨੂੰ ਮੰਨਦੇ ਹਨ, ਨਾ ਕਿ ‘ਨਾਨਕ ਜੋਤਿ’ ਨੂੰ ਜਦਕਿ ਸਮੁੱਚੀ ਗੁਰਬਾਣੀ ਦਾ ਸਰੋਤ ‘ਨਾਨਕ ਸੋਚ’ ਹੈ ਕਿਉਂਕਿ ਇਹ, ਜਨਮ ਤੋਂ ਹਰੀ ਰੂਪ ਹੈ, ‘‘ਜੋਤਿ ਰੂਪਿ (’ਚ) ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ ਅਤੇ ‘ਸਤਿਜੁਗ ਤੋਂ ਕਿਆਮਤ ਤੱਕ’ ਸਦਾ ਕਾਇਮ ਰਹਿਣੀ ਹੈ, ‘‘ਸ੍ਰੀ ਗੁਰੂ (ਨਾਨਕ ਦਾ) ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ॥੭॥’’
‘ਸ਼ਬਦ ਗੁਰੂ’ ਨਾਲ਼ ਸਿੱਖ ਸਵੈ ਪੜਚੋਲ ਕਰਨ ਲੱਗਦਾ ਹੈ ਜਦਕਿ ਇਤਿਹਾਸ (ਯਾਨੀ ‘ਸਰੀਰ ਗੁਰੂ’); ਸਿੱਖ ਅੰਦਰ ਜਜ਼ਬਾਤ ਭਰਦਾ ਹੈ। ਉਛਲੇ ਜਜ਼ਬਾਤਾਂ ਨੂੰ ਜੇ ਕੋਈ ਸਿਧਾਂਤ (ਮਾਰਗ) ਨਾ ਮਿਲੇ ਤਾਂ ਜਲਦੀ ਮਰ ਜਾਂਦੇ ਹਨ ਜਾਂ ਹਿੰਸਕ ਹੋ ਜਾਂਦੇ ਹਨ। ਡੇਰੇਦਾਰ; ਕੇਵਲ ਇਤਿਹਾਸ ਸੁਣਾ-ਸੁਣਾ ਸਿੱਖਾਂ ਦੇ ਜਜ਼ਬਾਤ ਉਛਾਲਦੇ ਰਹਿੰਦੇ ਹਨ ਤਾਂ ਜੋ ਵਿਰੋਧੀ ਧਿਰ ਪ੍ਰਤੀ ਉਤੇਜਨਾ ਬਣੀ ਰਹੇ, ਨਾ ਕਿ ਸਿੱਖਾਂ ਨੂੰ ਸਵੈ ਪੜਚੋਲ ਕਰਨ ਵੱਲ ਮੋੜਦੇ ਹਨ। ਇਤਿਹਾਸ ਕਿੰਨਾ ਭੀ ਸੁਨਹਿਰਾ, ਕੁਰਬਾਨੀਆਂ ਭਰਿਆ ਤੇ ਵਿਲੱਖਣ ਹੋਵੇ, ਸਿੱਖ ਨੂੰ ਮਨ ਧੋਣ ਦਾ ਤਰੀਕਾ ਨਹੀਂ ਸਮਝਾ ਸਕਦਾ। ਜੇਕਰ ਅੰਦਰਲੀ ਮੈਲ਼ ਨਾ ਵੇਖੀਏ ਤਾਂ ਧਰਮ ਦੀ ਆੜ ’ਚ ਹੋਰਾਂ ਪ੍ਰਤੀ ਤਲਖੀ ਹੀ ਵਧਦੀ ਹੈ ਤਾਹੀਓਂ ਰੂੜ੍ਹੀਵਾਦੀ ਸੋਚ; ਅਕਸਰ ਹਿੰਸਕ ਹੁੰਦੀ ਹੈ। ਉਹ ਮੰਨ ਹੀ ਨਹੀਂ ਸਕਦੇ ਕਿ ਹਰ ਕੋਈ ਪ੍ਰਭੂ ਦੇ ਹੁਕਮ ’ਚ ਹੈ; ਜਿਵੇਂ ਕਿ ਵਾਕ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ ਜੇਕਰ ਤਲਖੀ ਮਰੇ ਤਾਂ ਵਿਆਪਕ ਵਾਪਰਦਾ ਹੁਕਮ ਸਮਝ ਆਉਂਦਾ ਹੈ, ‘‘ਨਾਨਕ ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ ॥੨॥’’ (ਜਪੁ) ਇਸੇ ਤਲਖੀ ਕਾਰਨ ਸਮਾਜ ’ਚ ਭੇਦ-ਭਾਵ ਤੇ ਧੜੇ ਜਨਮ ਲੈਂਦੇ ਹਨ।
(ੲ). ‘ਗੁਰੂ ਗ੍ਰੰਥ ਜੀ ਮਾਨਯੋ ਪ੍ਰਗਟ ਗੁਰਾਂ ਕੀ ਦੇਹ।’ ਦੀ ਮਿਸਾਲ ਨਾਲ਼ ਭਗਤ ਰਵਿਦਾਸ ਜੀ ਦੀ ਮੂਰਤੀ (ਦੇਹ) ਨੂੰ ਜੀਵਤ ਸਿੱਧ ਠਹਿਰਾਉਣਾ ਹੈ ਜਦਕਿ ਇਹ ਦੋਹਰਾ ਗਿਆਨੀ ਗਿਆਨ ਸਿੰਘ ਜੀ ਦੇ ਪੰਥ ਪ੍ਰਕਾਸ਼ ਦਾ ਹੈ, ਜੋ ਸੰਨ 1867 ’ਚ ਲਿਖਿਆ ਗਿਆ ਯਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ 159 ਸਾਲ ਬਾਅਦ; ਫਿਰ ਇਹ ਬੋਲ ਗੁਰੂ ਸਾਹਿਬ ਦੇ ਕਿਵੇਂ ਹੋਏ ?
ਗੁਰੂ ਜੀ ਦੇ ਸਮਕਾਲੀ ਕਵੀ ਭਾਈ ਪ੍ਰਹਿਲਾਦ ਸਿੰਘ ਜੀ ਸਨ, ਜਿਨ੍ਹਾਂ ਦੇ ਰਹਿਤਨਾਮੇ ਦੇ ਹਵਾਲੇ ਨਾਲ਼ ਸ. ਪਿਆਰਾ ਸਿੰਘ ਜੀ ਪਦਮ ਨੇ ਇਸ ਨੂੰ ਇਉਂ ਲਿਖਿਆ ਹੈ, ‘ਗੁਰੂ ਖ਼ਾਲਸਾ ਮਾਨੀਅਹਿ, ਪ੍ਰਗਟ ਗੁਰੂ ਕੀ ਦੇਹ। ਜੋ ਸਿੱਖ, ਮੋ ਮਿਲਬੋ ਚਹੈ, ਖੋਜ ਇਨਹੁ ਮਹਿ ਲੇਹੁ।੨੪। ਅਕਾਲ ਪੁਰਖ ਕੇ ਬਚਨ ਸਿਉ, ਪ੍ਰਗਟ ਚਲਾਯੋ ਪੰਥ। ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ।੩੦। ਇਸ ਵਿੱਚ ‘ਪ੍ਰਗਟ ਗੁਰੂ ਕੀ ਦੇਹ’ ਤੋਂ ਭਾਵ ‘ਅੰਮ੍ਰਿਤਧਾਰੀ ਸਿੱਖ’, ਨਾ ਕਿ ਗੁਰੂ ਦੀ ਦੇਹ (ਗੁਰੂ ਗ੍ਰੰਥ ਸਾਹਿਬ)।
ਹੁਣ ਵੇਖੀਏ ਕਿ ਪ੍ਰਗਟ ਗੁਰੂ, ਪ੍ਰਗਟ ਭਗਤ ਤੇ ਪ੍ਰਗਟ ਦੇਹ ਤੋਂ ਕੀ ਭਾਵ ਹੈ ? ਜਵਾਬ : ਸੂਖਮ ‘ਜੋਤਿ’ ਤੇ ‘ਨਿਰਾਕਾਰ ਦੇ ਗੁਣ’, ਜੋ ਕਿ ਗੁਰਬਾਣੀ ਦੇ ਮੂਲ ਸਿਧਾਂਤ ਹਨ, ਉਨ੍ਹਾਂ ਤੋਂ ਦੂਰ ਜਾਣਾ ਜਦਕਿ ਸਿੱਖ ਲਈ ਇਸੇ ਨੂੰ ਨਿਤਨੇਮ ਬਣਾਇਆ ਤਾਂ ਕਿ ਸਿੱਖ ਖ਼ੁਦ ਨੂੰ ਤੁਲਨਾਤਮਿਕ ਵਿਚਾਰਦਾ-ਵਿਚਾਰਦਾ ਨਵਾਂ ਨਿਡਰ ਜੀਵਨ ਸਿਰਜ ਸਕੇ। ਜੇਕਰ ਮੂਰਤੀ ਨੂੰ ‘ਭਗਤ’ ਜਾਂ ‘ਸਤਿਗੁਰੂ’ ਬਣਾ ਲਈਏ ਤਾਂ ਉਸ ਨਿਰਜਿੰਦ ਨਾਲ਼ ਬੰਦਾ ਖ਼ੁਦ ਨੂੰ ਤੁਲਨਾਤਮਿਕ ਨਹੀਂ ਵਾਚ ਸਕਦਾ। ਇਹੀ ਕਾਰਨ ਹਨ ਕਿ ਮੂਰਤੀ ਪੂਜਕ; ਸਦੀਆਂ ਤੋਂ ਆਪਣੀ ਮਾਨਵਤਾ ਵਿਰੋਧੀ ਸੋਚ ਨਾ ਘੜ ਸਕੇ, ਬਦਲ ਸਕੇ।
ਧਰਮ ਨੂੰ ਸਮਝਣਾ ਅਸਾਨ ਹੈ, ਇਸ ’ਤੇ ਅਮਲ ਕਰਨਾ ਕਠਿਨ, ਪਰ ਅਸੀਂ ਨੀਵੀਂ ਸੋਚ ਨਾਲ਼ ਧਰਮ ਨੂੰ ਸਮਝਣਾ ਹੀ ਕਠਿਨ ਬਣਾ ਲਿਆ ਤਾਹੀਓਂ ਵਿਵਾਦ ਜਨਮ ਲੈਂਦੇ ਗਏ। ਸ਼ਰਧਾਵਾਨ-ਮਨ ਦੀ ਦੁਬਿਧਾ ਮਾਰਨੀ ਸੀ, ਪਰ ਵਧਾ ਲਈ। ਬੇਚੈਨ ਹੋਇਆ ਮਨ ਸ਼ਾਂਤੀ ਲਈ ਇੱਧਰ-ਓਧਰ ਪਾਖੰਡੀਆਂ ਕੋਲ਼ ਭਟਕ ਰਿਹਾ ਹੈ ਜਾਂ ਨਸ਼ਿਆਂ ’ਚ ਖਚਿਤ ਹੋ ਬੈਠਾ। ਸਮਾਜ ਨੂੰ ਵੰਡਣ ਦੀ ਥਾਂ ਆਪਣੇ ਮਨ ਨੂੰ ਧੋਣਾ ਹੈ। ਇਹੀ ਹੈ ‘ਮਹਾ ਪੁਰਸ਼ਾਂ ਦੁਆਰਾ ਹੰਢਾਏ ਸਰੀਰਕ ਕਸ਼ਟਾਂ ਦਾ ਮੁੱਲ ਪਾਉਣਾ’, ਨਾ ਕਿ ਇੱਕ ਸਰੀਰ ਨੂੰ ਦੂਜੇ ਤੋਂ ਵੱਡਾ ਸਿੱਧ ਕਰਨ ਲਈ ਬੇਲੋੜੇ ‘ਭਗਤ ਛੋਟਾ ਤੇ ਸਤਿਗੁਰੂ ਵੱਡਾ’ ਵਿਵਾਦ ’ਚ ਪੈਣਾ ਹੈ। ਕੁਦਰਤ ਦੇ ਰਚੇਤਾ ਤੇ ਦਾਤਾਂ ਦੇਣ ਵਾਲ਼ੀ ਅਦ੍ਰਿਸ਼ ਸ਼ਕਤੀ ਵੱਲ ਪਿੱਠ ਕਰਨਾ; ਖ਼ੁਦ ਨੂੰ ਅਕ੍ਰਿਤਘਣਾਂ ’ਚ ਸ਼ਾਮਲ ਕਰਨਾ ਹੈ।
—-ਸਮਾਪਤੀ—-










