ਕੀ 1857 ਦੇ ਗਦਰ ਮੌਕੇ ਸਿੱਖਾਂ ਨੇ ਹਿੰਦੋਸਤਾਨ ਨਾਲ ਗਦਾਰੀ ਕੀਤੀ ?

0
926

ਕੀ 1857 ਦੇ ਗਦਰ ਮੌਕੇ ਸਿੱਖਾਂ ਨੇ ਹਿੰਦੋਸਤਾਨ ਨਾਲ ਗਦਾਰੀ ਕੀਤੀ  ?

 1957 ’ਚ ਇਸ ਝੂਠੇ ਗਦਰ ਦੇ 100 ਸਾਲ ਪੂਰੇ ਹੋਣ ’ਤੇ ਨਹਿਰੂ ਸਰਕਾਰ ਨੇ ਇੱਕ ਸੰਮੇਲਨ ਕਰਾਇਆ ਜਿਸ ਦਾ ਵਿਸ਼ਾ ਸੀ 1857 ਦਾ ਗਦਰ ਫੇਲ ਕਿਉਂ ਹੋਇਆ  ? ਇਸ ਦੀ ਪ੍ਰਧਾਨਗੀ ਉੱਘੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੂੰ ਦਿੱਤੀ ਗਈ ਤੇ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਉੱਘੇ ਵਿਦਵਾਨਾਂ ਨੇ ਹਿੱਸਾ ਲਿਆ । ਜਿੰਨੇ ਵੀ ਅਖੌਤੀ ਵਿਦਵਾਨ ਬੋਲੇ, ਓਨਾ ਸਰਿਆਂ ਦਾ ਲਹਿਜਾ ਇੱਕੋ ਸੀ, ਜਿਵੇਂ ਕਿ ਸਾਰੇ ਹੀ ਮਿੱਥ ਕੇ ਆਏ ਸਨ ਕਿ ਸਿੱਖਾਂ ਨੂੰ ਨਿਸ਼ਾਨੇ ’ਤੇ ਰੱਖ ਕੇ ਜਲੀਲ ਕਰਨਾ ਅਤੇ ਅਪਣੇ ਝੂਠੇ ਰਜਵਾੜਿਆਂ ਦੇ ਗੁਨਾਹਾਂ ’ਤੇ ਪਰਦਾ ਪਾ ਕੇ ਇਸ ਗਦਰ ਦੇ ਹੀਰੋ ਬਣਾਉਣਾ, ਦੇਸ਼-ਭਗਤੀ ਦੀ ਪਾਲਿਸ਼ ਮਾਰ ਕੇ ਉਹਨਾਂ ਨੂੰ ਲੋਕ ਨਾਇਕ ਬਣਾਉਣਾ !, ਆਦਿ।  ਕੁੱਲ ਮਿਲਾ ਕੇ ਰੱਸੀਆਂ ਦੇ ਸੱਪ ਬਣਾਉਣੇ ਤੇ  ਸਿੰਘਾਂ-ਸ਼ੇਰਾਂ ਦੀਆਂ ਕੁਰਬਾਨੀਆਂ ਨੂੰ ਘੱਟੇ ਰੋਲਣਾ ਸੀ, ਪਰ ਪ੍ਰਧਾਨਗੀ ਕਰ ਰਹੇ ਗੁਰੂ ਦੇ ਸਿੰਘ ਤੋਂ ਜ਼ਲਾਲਤ ਤੇ ਕੁਫ਼ਰ ਬਰਦਾਸ਼ਤ ਨਾ ਹੋਇਆ ਅਤੇ ਡਾ. ਸਾਹਿਬ ਜਾਣ ਗਏ ਕਿ ਪ੍ਰਧਾਨਗੀ ਦੀ ਮਿਠਾਸ ਵਿੱਚ ਜ਼ਹਿਰ ਦੇਣ ਦੀ ਕੋਸ਼ਸ਼ ਕੀਤੀ ਜਾ ਰਹੀ ਹੈ ।

ਡਾ. ਗੰਡਾ ਸਿੰਘ ਚੇਤੰਨ ਤੇ ਗੁਰੂ ਨੂੰ ਸਮਰਪਿਤ ਜਾਗਦੀ ਜ਼ਮੀਰ ਵਾਲੇ ਤਖ਼ਤਾਂ, ਤਾਜ਼ਾਂ ਨੂੰ ਠੋਕਰ ਮਾਰਨ ਵਾਲਿਆਂ ਦੇ ਵਾਰਸ ਸਨ ਤਾਂ ਪ੍ਰਧਾਨਗੀ ਕੀ ਸ਼ੈਅ ਸੀ  ? ਡਾ. ਸਾਹਿਬ ਨੇ ਜ਼ਹਿਰ ਨਿਗਲਣ ਤੋਂ ਇਨਕਾਰ ਕਰ ਦਿੱਤਾ ਅਰਥਾਤ ਪ੍ਰਧਾਨਗੀ ਤੋਂ ਅਸਤੀਫ਼ਾ ਲਿਖ ਕੇ ਉਸੇ ਟਾਇਮ ਵਿਪਰਵਾਦ ਦੇ ਮੂੰਹ ’ਤੇ ਮਾਰਿਆ ਅਤੇ ਸਟੇਜ ਤੋਂ ਬੋਲਣ ਦਾ ਸਮਾਂ ਮੰਗ ਲਿਆ । ਉਸ ਵੇਲੇ ਮਿੱਟੀ ਤਾਂ ਸਾਰਿਆਂ ਦੇ ਪੈਰਾਂ ਹੇਠੋਂ ਨਿਕਲ ਗਈ ਪਰ ਅਜੇ ਭੁਚਾਲ ਆਉਣਾ ਬਾਕੀ ਸੀ ।  ਡਾ. ਗੰਡਾ ਸਿੰਘ ਜਦੋਂ ਸਟੇਜ ’ਤੇ ਜ਼ਖ਼ਮੀ ਸ਼ੇਰ ਵਾਂਗੂ ਦਹਾੜੇ ਤਾਂ ਅਖੌਤੀ ਵਿਦਵਾਨ ਗਾਂਧੀ ਦੀ ਬੱਕਰੀ ਵਾਂਗ ਕੰਬਣ ਲੱਗੇ।

‘ਫ਼ਤਿਹ’ ਬੁਲਾ ਕੇ ਉਹਨਾ ਕਹਿਣਾ ਸ਼ੁਰੂ ਕੀਤਾ ਕਿ ‘ਅਜਿਹੇ ਅਕ੍ਰਿਤਘਣ ਲੋਕ ਇਤਿਹਾਸ ਵਿੱਚ ਅੱਜ ਤੱਕ ਪੜ੍ਹੇ, ਸੁਣੇ ਨਹੀਂ ਜਿੰਨੇ ਮੇਰੇ ਮੁਹਰੇ ਬੈਠੇ ਨੇ ਇਹ ਅਹਿਸਾਨ ਫ਼ਰਾਮੋਸ਼ ਲੋਕ, ਅੱਜ ਭੁੱਲ ਗਏ ਹਨ ਕਿ 700 ਸਾਲ ਤੋਂ ਮੁਗਲਾਂ ਦੀ ਗੁਲਾਮੀ ਦੇ ਤੁਹਾਡੇ ਗਲ ਪਏ ਸੰਗਲ ਅਸੀਂ ਕੱਟੇ, ਅਜ਼ਾਦੀ ਦੀ ਪਹਿਲੀ ਆਵਾਜ਼ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਹਿ ਕੇ ਬੁਲੰਦ ਕੀਤੀ (ਇਸ ਤੋਂ ਬਾਅਦ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਜਿਸ ਨਾਲ ਸਿੱਖਾਂ ਨੇ ਭਾਰਤ ਨੂੰ ਵਿਦੇਸ਼ੀ ਹਮਲਿਆਂ ਤੋਂ ਬਚਾਇਆ ਬਾਰੇ ਦੱਸਿਆ ਕਿ) ਕਿਵੇਂ ਸਿੱਖ ਯੋਧਿਆਂ ਨੇ ਤੁਹਾਡੀਆਂ ਤੀਹ-ਤੀਹ ਹਜ਼ਾਰ ਬਹੂ ਬੇਟੀਆਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਵਾਪਸ ਲਿਆਦੀਆਂ।

ਅਹਿਸਾਨ ਫ਼ਰਾਮੋਸ਼ੋ ! ਭੁੱਲ ਗਏ ਬਾਬਾ ਗੁਰਬਖਸ਼ ਸਿੰਘ ਨੂੰ, ਭੁੱਲ ਗਏ ਬਾਬਾ ਦੀਪ ਸਿੰਘ, ਜੱਸਾ ਸਿੰਘ ਆਹਲੂਵਾਲੀਆ,  ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਜੀ ਨੂੰ..

ਤੁਸੀਂ ਤਾਂ ਜਿਹਾਦੀਆਂ ਦੇ ਹਮਲਿਆਂ ਤੋਂ ਡਰਦੇ ਅਫ਼ਗਾਨਿਸਤਾਨ ਨੂੰ ਹਾਰ ਆਏ ਸੀ, ਉੱਥੇ ਫ਼ਤਿਹ ਦੇ ਝੰਡੇ ਕਿਸ ਨੇ ਝੁਲਾਏ  ? ਅਸੀਂ ।, ਦਰਾ-ਏ-ਖਹਿਬਰ ਨੂੰ ਹੁਣ ਤੱਕ ਦੇ ਇਤਿਹਾਸ ਵਿੱਚ ਕਿਸ ਨੇ ਡੱਕਿਆ  ? ਅਸੀਂ।, ਅੰਗਰੇਜ਼ਾਂ ਨੂੰ ਕਿਸ ਨੇ ਦਵੱਲਿਆ  ? ਅਸੀਂ।  ਲਾਹਣਤੀਉ ਡੇਢ ਪ੍ਰਸੈਂਟ ਸਾਡੀ ਗਿਣਤੀ, ਜੰਗ-ਏ-ਅਜ਼ਾਦੀ ਵਿੱਚ ਸਾਡੀਆਂ ਕੁਰਬਾਨੀਆਂ 87%, ਅੱਧੀ ਤੋਂ ਵੱਧ ਕੌਮ ਇਸ ਦੇਸ਼ ਨੂੰ ਬਚਾਉਂਦੀ ਖ਼ਤਮ ਹੋ ਗਈ ਅਤੇ ਦੇਸ਼ ਭਗਤ ਤੁਸੀਂ ਅਤੇ ਦੇਸ਼ ਗਦਾਰ ਅਸੀਂ ।

ਗੱਲ ਕਰੀਏ 1857 ਦੇ ਗਦਰ ਦੀ, ਜਿਸ ਨੂੰ ਤੁਸੀਂ ਦੇਸ਼ ਦੀ ਆਜ਼ਾਦੀ ਦੀ ਲੜੀ ਗਈ ਪਹਿਲੀ ਜੰਗ ਐਲਾਨਦੇ ਹੋ.. ? ਅਜ਼ਾਦੀ ਨਾਲ ਤਾਂ ਉਸ ਦਾ ਕੋਈ ਵਾਹ-ਵਾਸਤਾ ਵੀ ਨਹੀਂ, ਇਹ ਤਾਂ ਮੇਰਠ ਛਾਉਣੀ ਤੋਂ ਧਰਮ ਦੇ ਨਾਮ ’ਤੇ ਭੜਕੀ ਇੱਕ ਚਿੰਗਾਰੀ ਸੀ, ਹਿੰਦੂ ਭੜਕੇ ਕਿ ਬੰਦੂਕ ਦੀ ਗੋਲ਼ੀ (ਰੌਂਦ) ਨੂੰ ਗਊ ਦੀ ਚਰਬੀ ਲੱਗੀ ਹੁੰਦੀ, ਮੁਸਲਮਾਨ ਭੜਕੇ ਕਿ ਸੂਰ ਦਾ ਮਾਸ ਲੱਗਿਆ ਹੁੰਦਾ; ਇਹ ਸਭ ਧਰਮ ਦੇ ਨਾਮ ’ਤੇ ਹੋਇਆ ਹੂੜ੍ਹਦੰਗਾ ਅਜ਼ਾਦੀ ਦੀ ਲੜਾਈ ਕਿਵੇਂ ਬਣਿਆ  ?

ਝਾਂਸੀ ਦੀ ਰਾਣੀ, ਜਿਸ ਨੂੰ ਤੁਸੀਂ ਅਜ਼ਾਦੀ ਦੀ ਰਾਣੀ ਦੇ ਰੂਪ ਵਿੱਚ ਸਿੱਖਰਾਂ ’ਤੇ ਚਾਹੜਿਆ, ਉਸ ਨੇ ਕਿਹੜੀ ਅਜ਼ਾਦੀ ਦੀ ਲੜਾਈ ਲੜੀ ਸੀ  ? ਉਸ ਦਾ ਪਤੀ ਸਿਰੇ ਦਾ ਸ਼ਰਾਬੀ ਤੇ ਜ਼ੁਲਮੀ ਰਾਜਾ ਸੀ ਜਿਸ ਦੇ ਮਰਨ ਉਪਰੰਤ ਝਾਂਸੀ ’ਤੇ ਲਕਸ਼ਮੀ ਬਾਈ ਰਾਜ ਕਰਨ ਲੱਗੀ ਇਸ ਨੇ ਝਾਂਸੀ ਦੀ ਗ਼ਰੀਬ ਪਰਜਾ ’ਤੇ ਜ਼ੁਲਮ ਕੀਤੇ ।  ਜਨਤਾ ਅੰਗਰੇਜ਼ ਕੋਲ ਜਾ ਫਰਿਆਦੀ ਹੋਈ ਅਤੇ ਅੰਗਰੇਜ਼ਾਂ ਨੇ ਝਾਂਸੀ ’ਤੇ ਕਬਜ਼ਾ ਕਰ ਲਿਆ । ਇਸ ਤੋਂ ਬਾਅਦ ਇਸ ਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿਖੀਆਂ।  ਪਹਿਲੀ ਵਿੱਚ ਇਸ ਨੇ ਲਿਖਿਆ ਕੇ ਮੈਨੂੰ ਦੋ ਲੱਖ ਰੁਪਈਏ ਮਹੀਨਾ ਪੈਨਸ਼ਨ ਲਾਈ ਜਾਵੇ । ਅੰਗਰੇਜ਼ਾਂ ਨੇ ਇਹ ਕਹਿ ਕੇ ਨਾਹ ਕਰ ਦਿੱਤੀ ਕਿ ਬੀਬੀ ! ਜੇ ਤੇਰੇ ਔਲਾਦ ਹੁੰਦੀ ਤਾਂ ਪੈਨਸ਼ਨ ਲੱਗ ਸਕਦੀ ਸੀ, ਤੇਰੇ ਕੋਈ ਬੱਚਾ ਨਹੀਂ ਇਸ ਕਰ ਕੇ ਤੈਨੂੰ ਪੈਨਸ਼ਨ ਨਹੀਂ ਲਾ ਸਕਦੇ । ਇਸ ਨੇ ਆਪਣੇ ਵਫ਼ਾਦਾਰਾਂ ਦੀ ਸਲਾਹ ’ਤੇ ਇੱਕ ਬੱਚਾ ਗੋਦ ਲੈ ਲਿਆ ਅਤੇ ਦੂਜੀ ਚਿੱਠੀ ਲਿੱਖੀ ਕਿ ਹੁਣ ਮੈਂ ਬੱਚਾ ਗੋਦ ਲੈ ਲਿਆ ਹੈ ਇਸ ਕਰ ਕੇ ਦਸ ਲੱਖ ਸਾਲਾਨਾ ਪੈਨਸ਼ਨ ਲਾਈ ਜਾਵੇ । ਅੰਗਰੇਜਾਂ ਨੇ ਜਵਾਬ ਦਿੱਤਾ ਕਿ ਜੇ ਰਾਜੇ ਦੇ ਜਿਉਂਦੇ ਗੋਦ ਲਿਆ ਹੁੰਦਾ, ਪੈਨਸ਼ਨ ਲੱਗ ਸਕਦੀ ਸੀ, ਪਰ ਹੁਣ ਨਹੀਂ । ਫੇਰ ਝਾਂਸੀ ਦੀ ਰਾਣੀ ਨੇ ਤੀਜੀ ਚਿੱਠੀ ਅੰਗਰੇਜ਼ਾਂ ਨੂੰ ਲਿਖੀ ਕਿ ਦੋ ਲੱਖ ਰੁਪਈਆ ਦੇ ਦਿਉ, ਝਾਂਸੀ ਤੁਹਾਡੀ ਹੋਈ ਅਤੇ ਮੇਰੇ ਸਿਪਾਹੀ ਤੁਹਾਡੇ ਵਿਦਰੋਹੀਆਂ ਦੇ ਵਿੱਰੁਧ ਲੜਨ ਵਿੱਚ ਮਦਦ ਕਰਨਗੇ (ਯਾਨੀ ਕਿ ਦੋ ਲੱਖ ਰੁਪਈਏ ਲਈ ਉਹ ਅੰਗਰੇਜ਼ਾਂ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਮਾਰਨ ਲਈ ਆਪਣੇ ਸਿਪਾਹੀ ਭੇਜਣ ਲਈ ਤਿਆਰ ਸੀ।)

ਇਹ ਤਿੰਨੋ ਚਿੱਠੀਆਂ ਲੰਡਨ ਵਿੱਚ ਪਈਆਂ ਹਨ। ਬਾਕੀ ਨਾਇਕ ਤਾਂਤੀਆ ਤੋਪੇ ਅਤੇ ਨਾਨਾ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ, ਇਹ ਸਾਰੇ ਬਦਕਾਰ ਜਾਲਮ ਬੰਦੇ ਸੀ, ਜਿਨ੍ਹਾਂ ਦੇ ਰਾਜ ਨਾਲੋਂ ਲੋਕ ਅੰਗਰੇਜ਼ਾਂ ਦੇ ਰਾਜ ਵਿੱਚ ਕਈ ਗੁਣਾ ਜ਼ਿਆਦਾ ਸੁਖੀ ਸੀ। ਉਹ ਗ਼ਰੀਬ ਲੋਕਾਂ ਕੋਲੋਂ ਲਗਾਨ ਗਲੀ ਦੇ ਗੁੰਡਿਆਂ ਵਾਂਗੂ ਵਸੂਲਦੇ ਰਹੇ। ਉਹਨਾਂ ਕਿਹੜੀ ਆਜ਼ਾਦੀ ਦੀ ਲੜਾਈ ਲੜੀ ਸੀ  ? ਇਹ ਕਿਹੜੀ ਅਜ਼ਾਦੀ ਲਈ ਲੜ ਰਹੇ ਸਨ  ?

 (ਵਰਣਨਯੋਗ ਹੈ ਜੇਤੂ ਜਰਨੈਲ ਸਰਦਾਰ ਸ਼ੇਰ ਸਿੰਘ ਸਪੁੱਤਰ ਮਹਾਨ ਸੂਰਮੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ, ਜਿਸ ਨੇ ਰਾਮ ਨਗਰ ਅਤੇ ਚੇਲਿਆਂਵਾਲੀ ਦੇ ਮੈਦਾਨ ਅੰਦਰ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ, ਜਿਸ ਕਾਰਨ ਗਵਰਨਰ ਜਨਰਲ ਹਿਊ ਗਫ਼ ਨੂੰ ਅਸਤੀਫ਼ਾ ਦੇਣਾ ਪਿਆ ਸੀ, ਉਸ ਜਰਨੈਲ ਸਰਦਾਰ ਸ਼ੇਰ ਸਿੰਘ ਅਟਾਰੀ ਨੂੰ ਬੰਦੀ ਬਣਾ ਕੇ ਇਲਾਹਾਬਾਦ ਦੇ ਕਿਲ੍ਹੇ ਵਿੱਚ ਰੱਖਿਆ ਗਿਆ ਸੀ, ਜਿੱਥੇ ਨਾਨਾ ਸਾਹਿਬ ਦਾ ਕਬਜ਼ਾ ਸੀ )

ਦੂਜੇ ਪਾਸੇ ਜੋ ਸੈਨਿਕ ਬਗਾਵਤ ਕਰ ਗਏ ਉਹਨਾਂ ਨੇ ਆਪਣਾ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨੂੰ ਐਲਾਨਿਆ, ਜਿਸ ਮੁਗਲ ਹਕੂਮਤ ਨਾਲ ਸਾਡੇ ਸਦੀਆਂ ਤੋਂ ਕ੍ਰਿਪਾਨਾਂ ਖੰਡੇ ਖੜਕਦੇ ਰਹੇ, ਜਿਨ੍ਹਾਂ ਦੀ ਜੜ੍ਹ ਪੁੱਟਣ ਲਈ ਅਸੀਂ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਪਾਈਆਂ ਉਸ ਹਕੂਮਤ ਦੀ ਜੜ੍ਹ ਆਪਣੇ ਹੱਥੀਂ ਲਾਉਣ ਵਿੱਚ ਮਦਦ ਕਰਦੇ, ਇਹ ਕਿਹੜੀ ਅਜ਼ਾਦੀ ਸੀ ? ਅਸੀਂ ਤਾਂ ਅਜ਼ਾਦ ਸੀ ਖੁਸ਼ਹਾਲ ਸੀ, ਸਾਡਾ ਆਪਣਾ ਵਿਸ਼ਾਲ ਰਾਜ ਸੀ।  ਸ਼ੇਰੇ -ਪੰਜਾਬ ਨੇ ਅੱਖਾਂ ਕੀ ਮੀਟੀਆਂ ਅੰਗਰੇਜਾਂ ਨਾਲ ਮਿਲ ਕੇ ਤੁਸੀਂ ਪੱਬਾਂ ਭਾਰ ਹੋ ਗਏ ਸਾਨੂੰ ਗੁਲਾਮ ਕਰਾਉਣ ਲਈ।

1849 ਵਿੱਚ ਤੁਸੀਂ ਅੰਗਰੇਜ਼ਾਂ ਨਾਲ ਮਿਲ ਕੇ ਸਾਡੇ ’ਤੇ ਹਮਲਾ ਕੀਤਾ ਅਸੀਂ ਸੀਸ ਤਲੀ ’ਤੇ ਰੱਖ ਕੇ ਸੂਰਵੀਰਾਂ ਦੀ ਤਰ੍ਹਾਂ ਲੜੇ, ਹਥਿਆਰਾਂ ਤੋਂ ਬਿਨਾਂ ਸ਼ੇਰਾਂ ਵਰਗੇ ਹੌਂਸਲਿਆਂ ਨਾਲ ਲੜੇ, ਤੁਹਾਨੂੰ ਅਤੇ ਅੰਗਰੇਜ਼ ਨੂੰ ਭੰਨਿਆਂ ਤੇ ਜੰਗ ਜਿੱਤੀ ਅਤੇ ਜਿੱਤੀ ਜੰਗ ਤੁਹਾਡੀ ਕੀਤੀ ਗਦਾਰੀ ਕਰ ਕੇ ਹਾਰੇ।  ਲਾਲ, ਗੁਲਾਬ, ਧਿਆਨ ਡੋਗਰੇ ਕੌਣ ਸੀ  ? ਕੌਣ ਨਮਕਹਰਾਮ ਸੀ ਖਾਲਸਾ ਰਾਜ ਅੰਦਰ  ? ਤੁਸੀਂ ਅੰਗਰੇਜ਼ਾਂ ਦੀ ਸ਼ੈਅ ’ਤੇ ਸਾਡੀਆਂ ਜਾਇਦਾਦਾਂ ਲੁੱਟੀਆਂ, ਘਰ ਘਾਟ ਸਾੜੇ, ਹੱਦ ਦਰਜੇ ਦੇ ਘਟੀਆ ਕੁਕਰਮ ਕੀਤੇ, ਇਸ ਦੇ ਗਵਾਹ ਮੁਸਲਮਾਨ ਇਤਿਹਾਸਕਾਰ ਅਤੇ ਅੰਗਰੇਜ਼ ਆਪ ਹਨ, ਕਿਵੇਂ ਤੁਸੀਂ ਧੀਆਂ ਭੈਣਾਂ ਦੀ ਬੇਪਤੀ ਕੀਤੀ, ਅਸੀਂ ਥੋਡੀਆਂ ਧੀਆਂ ਭੈਣਾਂ ਬਚਾਈਆਂ ਸੀ, ਉਸ ਦਾ ਤੁਸੀਂ ਸਾਨੂੰ ਇਨਾਮ ਇਹ ਦਿੱਤਾ ਸੀ ?

1849 ਤੋਂ 1857 ਤੱਕ ਕਿੰਨੇ ਸਾਲ ਨੇ  ? ਉਸ ਵੇਲੇ ਦਸ ਹਜ਼ਾਰ ਤੋਂ ਵੱਧ ਖਾਲਸਾ ਫ਼ੌਜ ਜੇਲ੍ਹਾਂ ਵਿੱਚ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਜਵਾਨ ਲਾਪਤਾ ਸਿੱਖ ਜਰਨੈਲ ਕੈਦੀ ਸਨ, ਸਿੰਘਾਂ ਦੇ ਘੋੜਿਆਂ ’ਤੇ ਚੜ੍ਹਨ ਤੱਕ ਦੀਆਂ ਪਾਬੰਦੀਆਂ ਸਨ,  ਸਾਡੇ ਫੱਟ ਅੱਲੇ ਸੀ ਅਤੇ ਤੁਸੀਂ ਤਾਂ ਉਸ ਵੇਲੇ ਸਾਡੀ ਵੈਸੇ ਹੀ ਅੱਖ ਵਿੱਚ ਕੰਡੇ ਵਾਂਗ ਚੁੱਭਦੇ ਸੀ ਤੇ ਉੱਪਰੋਂ ਤੁਸੀਂ ਉਸ ਬਿਨ ਸਿਰ ਪੈਰ ਦੀ ਲੜਾਈ ਵਿੱਚ ਸਾਡਾ ਸਾਥ ਭਾਲਦੇ ਸੀ ?

ਤੁਸੀਂ ਸ਼ੁੱਕਰ ਕਰੋ ਤੁਹਾਡੇ ਜੁੱਤੀਆਂ ਨੀ ਅਸੀਂ ਮਾਰੀਆਂ ।  ਤੁਹਾਡੇ ਇਸ ਝੂਠ ਦਾ ਜਵਾਬ ਦੇਣਾ ਜ਼ਰੂਰੀ ਹੈ ਤਾਂ ਕਿ ਦੁਨੀਆ ਜਾਣ ਸਕੇ 1857 ਦੇ ਝੂਠੇ ਗਦਰ ਦਾ ਸੱਚ ਕੀ ਹੈ। ਮੈਂ ਅੱਜ ਹੀ ਰਾਤੋ-ਰਾਤ ਕਿਤਾਬ ਲਿਖਾਂਗਾ ।  ਇਹ ਬੋਲ ਕੇ ਡਾਕਟਰ ਗੰਡਾ ਸਾਹਿਬ ਨੇ ਇਜ਼ਾਜਤ ਲਈ ।

ਕਈ ਅਖੌਤੀ ਬੁੱਧੀਜੀਵੀ ਖਿਸਕ ਗਏ, ਜਿਨ੍ਹਾਂ ਨੇ ਅਜੇ ਬੋਲਣਾ ਸੀ ਕਈ ਆਪਣਾ ਨਾਂ ਕਟਾ ਗਏ ਅਤੇ ਕਈ ਭਾਸ਼ਣ ਨੂੰ ਦੁਬਾਰਾ ਤੋਂ ਲਿਖਣ ਵਿੱਚ ਵਿਅਸਤ ਹੋ ਗਏ ।

ਸੱਚ ਮੁੱਚ ਹੀ ਡਾ. ਗੰਡਾ ਸਿੰਘ ਨੇ ਉਸੇ ਰਾਤ ਕਿਤਾਬ ਲਿਖੀ ‘THE INDIAN MUTINY OF 1857 AND THE SIKHS’

ਇਹ ਇੱਕ ਇਤਿਹਾਸਕ ਸਚਾਈ ਹੈ ਕਿ 1857 ਦੇ ਹਫੜਾ ਦਫੜੀ ਵਿੱਚ ਸਿੱਖ ਰਾਜ ਦੀਆਂ ਕੀਮਤੀ ਵਸਤਾਂ ਫਤਿਹਗੜ ਦੇ ਕਿਲ੍ਹੇ ਵਿੱਚੋਂ ਅਖੌਤੀ ਇੰਕਲਾਬੀਆਂ ਵੱਲੋਂ ਲੁੱਟੀਆਂ ਗਈਆਂ। ਇਸ ਲੁੱਟ-ਘਸੁੱਟ ਨੂੰ ਬੜੀ ਚਤਰਾਈ ਨਾਲ 1907 ਵਿੱਚ ਪਹਿਲੀ ਵਾਰ ਅਜ਼ਾਦੀ ਦੀ ਲੜਾਈ ਦਾ ਨਾਂ ਵੀ. ਡੀ ਸਾਵਰਕਰ ਨੇ ਇੱਕ ਲੇਖ ਦੇ ਜ਼ਰੀਏ ਦਿੱਤਾ ਅਤੇ ਫਿਰ ਕੀ ਸੀ, ਹੋਰ ਤਾਂ ਪੱਲੇ ਹੈ ਕੁੱਛ ਨਹੀਂ ਸੀ, ਝੂਠ ਕੁਫ਼ਰ ਦੀ ਪਾਲਿਸ਼ ਮਾਰ ਕੇ ਜ਼ੁਲਮੀਂ ਰਜਵਾੜਿਆਂ ਨੂੰ ਫਿਲਮੀਂ ਕਹਾਣੀ ਵਾਂਗ ਦੇਸ਼ ਭਗਤ, ਜਾਣੀ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ।

ਸਿੱਖਾਂ ਦੀ ਮਾਨਸਿਕਤਾ ਨੂੰ ਦਬਾਅ ਕੇ ਰੱਖਣ ਲਈ ਉਹਨਾਂ ਨੂੰ ਵਿਲੇਨ ਬਣਾ ਕੇ ਪੇਸ਼ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ । ਕਈ ਸਿੱਖ ਵੀਰ ਵੀ ਇਸ ਝੂੱਠ ਨੂੰ ਸੱਚ ਮੰਨੀ ਬੈਠੇ ਹਨ ਕਿਉਕਿ ਪੜ੍ਹਾਈ ਸਾਨੂੰ ਉਹੋ ਪੜ੍ਹਾਈ ਜਾਂਦੀ ਹੈ, ਜੋ ਉਹ ਚਾਹੁੰਦੇ ਹਨ, ਆਪਣੀ ਤਰਫ਼ੋਂ ਅਸੀਂ ਕਦੇ ਆਪਣਾ ਇਤਿਹਾਸ ਪੜ੍ਹਨਾ ਹੀ ਨਹੀਂ ਚਾਹੁੰਦੇ । ਸ਼ਾਇਦ ਇਹੀ ਕਾਰਨ ਹੈ ਕਿ ਸਾਨੂੰ ਲਕਸ਼ਮੀ ਬਾਈ ਬਾਰੇ ਤਾਂ ਬਚਪਨ ਤੋਂ ਪਤਾ ਹੁੰਦਾ ਹੈ, ਪਰ ਮਾਈ ਭਾਗ ਕੌਰ ਦਾ ਸਾਨੂੰ ਉਦੋਂ ਪਤਾ ਲੱਗਦਾ ਹੈ, ਜਦੋਂ ਦੁਨੀਆ ਸਾਨੂੰ ਦੱਸਦੀ ਹੈ ਕਿ ਦੁਨੀਆ ਦੀਆਂ ਤਿੰਨ ਦਲੇਰ ਬੀਬੀਆਂ ਵਿੱਚ ਤੁਹਾਡੀ ਮਾਤਾ ਭਾਗ ਕੌਰ ਵੀ ਹੈ ।

ਇਸ ਝੂਠ ਦੀ ਕਹਾਣੀ ਨੇ ਗਦਰੀ ਬਾਬਿਆਂ, ਉੱਧਮ, ਸਰਾਭਿਆਂ, ਬੱਬਰ ਅਕਾਲੀਆਂ ਦੀਆਂ ਸ਼ਹਾਦਤਾਂ ਨੂੰ ਰੋਲ਼ ਕੇ ਰੱਖ ਦਿੱਤਾ।  ਸ਼ਾਇਦ ਇਸੇ ਕਰ ਕੇ ਇਹ ਕਹਾਣੀ ਨੂੰ ਪ੍ਰੋਜ਼ੈਕਟ ਕੀਤਾ ਗਿਆ । ਦੇਸ਼ ਭਗਤੀ ਉਹ ਹੁੰਦੀ ਹੈ, ਜਿਸ ਪਿੱਛੇ ਕੋਈ ਨਿੱਜੀ ਸੁਆਰਥ ਨਾ ਹੋਵੇ। ਜਿਸ ਪਿੱਛੇ ਮੋਹ ਲਾਲਚ ਛੁਪਿਆ ਹੋਵੇ, ਉਹ ਦੇਸ਼ ਭਗਤੀ ਨਹੀਂ ਹੁੰਦੀ । ‘ਐਂ ਤਾਂ ਵੱਟ ਬੰਨੇ ਦੇ ਰੋਲੇ ਪਿੱਛੇ, ਲੱਖਾਂ ਕਤਲ ਹੋ ਗਏ ।’