ਪੰਜਾਬ ਵਿਚ ਵਿਗੜਦੇ ਸਿੱਖ-ਈਸਾਈ ਸੰਬੰਧ

0
1140

ਪੰਜਾਬ ਵਿਚ ਵਿਗੜਦੇ ਸਿੱਖ-ਈਸਾਈ ਸੰਬੰਧ

Dr. Harbhajan Singh (Dehradun)- 99971-39539, 84279-55727

(ਨੋਟ : ਇਹ ਲੇਖ ਵੱਡਾ ਜ਼ਰੂਰ ਹੈ ਪਰ ਬਡ਼ਾ ਮਹੱਤਵ ਪੂਰਨ ਹੈ ਇਸ ਲਈ ਇੱਕ ਭਾਗ ਵਿਚ ਹੀ ਦਿਤਾ ਜਾ ਰਿਹਾ ਹੈ।)

ਧਾਰਮਿਕ ਅਸਹਿਣਸ਼ੀਲਤਾ ਦੇ ਇਸ ਦੌਰ ਵਿਚ ਗੁਰੂ ਸਾਹਿਬਾਨ ਦੀ ਧਰਤੀ ਉੱਤੇ ਲੁਧਿਆਣਾ ਸ਼ਹਿਰ ਦੇ ਇਕ ਈਸਾਈ ਪਾਦਰੀ ਸੁਲਤਾਨ ਮਸੀਹ ਦੇ ਕਤਲ ਦੀ ਘਟਨਾ ਨਿਸ਼ਚਿਤ ਹੀ ਮੰਦਭਾਗੀ ਹੈ। ਇਸ ਤੋਂ ਪਹਿਲਾਂ ਵਾਪਰੀਆਂ ਕੁਝ ਘਟਨਾਵਾਂ ਕਾਰਨ ਸ਼ਕ ਦੀ ਸੂਈ ਸਿੱਖਾਂ ਅਤੇ ਈਸਾਈਆਂ ਵਿਚ ਵਧੇ ਤਣਾਅ ਉੱਤੇ ਵੀ ਕੇਂਦ੍ਰਿਤ ਹੋ ਸਕਦੀ ਹੈ। ਇਸ ਨੂੰ ਕਿਸੇ ਸਿਰ-ਫਿਰੇ ਦੀ ਕਰਤੂਤ ਕਹਿ ਕੇ ਵੀ ਟਾਲਿਆ ਜਾ ਸਕਦਾ ਹੈ, ਪਰ ਇਹ ਗੰਭੀਰ ਮੰਥਨ ਕਰਨਾ ਜ਼ਰੂਰੀ ਹੈ, ਕਿ ਆਮ ਤੌਰ ਤੇ ਕੋਈ ਸਿੱਖ, ਕਿਸੇ ਗ਼ੈਰ-ਧਰਮੀ ਉੱਤੇ ਉਦੋਂ ਹੀ ਹਮਲਾਵਰ ਹੁੰਦਾ ਹੈ, ਜਦੋਂ ਉਸ ਦੇ ਪੰਥ ਉੱਤੇ ਕੋਈ ਸਾਜ਼ਿਸ਼ੀ ਹਮਲਾ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੀ ਦਿੱਤੀ ਧਾਰਮਿਕ ਸਹਿਣਸ਼ੀਲਤਾ ਸਿੱਖ ਕੇਵਲ ਕਠਿਨ ਪ੍ਰਸਥਿਤੀਆਂ ਵਿਚ ਹੀ ਛੱਡਦਾ ਹੈ, ਆਮ ਤੌਰ ਤੇ ਸਿੱਖ ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ ਹਮ ਕਉ ਬਨਿ ਆਈ ॥’’ (ਮ: ੫/੧੨੯੯) ਦੇ ਸਿਧਾਂਤ ਤੇ ਪਰਿਪੱਕ ਰਹਿੰਦਿਆਂ ਹਰ ਧਾਰਮਿਕ ਸਮੁਦਾਇ ਦੇ ਵਿਸ਼ਵਾਸਾਂ ਦੀ ਕਦਰ ਕਰਦਾ ਹੈ ਅਤੇ ਹਰ ਵਿਅਕਤੀ ਨੂੰ ਆਪਣਾ ਭੈਣ-ਭਰਾ ਜਾਣਦਾ ਹੈ ਅਤੇ ਜਾਣਨਾ ਚਾਹੀਦਾ ਵੀ ਹੈ। ਧਾਰਮਿਕ ਕੱਟਰਤਾ ਸਿੱਖਾਂ ਦਾ ਸੁਭਾਅ ਨਹੀਂ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਪੰਥ ਜਿਨ੍ਹਾਂ ਗੱਲਾਂ ਦੇ ਵਿਰੋਧ ਵਿਚ ਉਤਪੰਨ ਹੋਇਆ ਹੈ, ਉਨ੍ਹਾਂ ਵਿਚੋਂ ਧਾਰਮਿਕ ਕੱਟਰਤਾ ਪ੍ਰਮੁੱਖ ਬਿੰਦੂ ਹੈ। ਇਹ ਗੱਲ ਵੀ ਨਿਰਸੰਦੇਹ ਹੈ, ਕਿ ਜੋ ਲੋਕ ਧਾਰਮਿਕ ਸਹਿਣਸ਼ੀਲਤਾ ਦੇ ਮਾਰਗ ਉੱਤੇ ਚੱਲਦੇ ਹਨ, ਉਹ ਆਪਣੇ ਧਰਮ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਦੇ, ਕਿਉਂਕਿ ਉਨ੍ਹਾਂ ਕੋਲ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ (ਮ: ੯/੧੪੨੭) ਦਾ ਧਰਮ-ਸੂਤ੍ਰ ਹੁੰਦਾ ਹੈ। ਇਸ ਲਈ ਸਭ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿ ਸਿੱਖ ਪੰਥ ਅਤੇ ਉਸ ਦੇ ਸਿਧਾਂਤਾਂ ਉੱਤੇ ਹੋਇਆ ਕੋਈ ਵੀ ਹਮਲਾ ਪੰਜਾਬ ਵਿਚ ਸਥਿਤੀਆਂ ਨੂੰ ਜ਼ਰੂਰ ਖ਼ਰਾਬ ਕਰ ਸਕਦਾ ਹੈ, ਜਿਵੇਂ ਪਹਿਲਾਂ ਸਿੱਖ-ਨਿਰੰਕਾਰੀ ਵਿਵਾਦ ਬਹੁਤ ਵਡੇ ਦੁਖਾਂਤ ਦਾ ਕਾਰਨ ਬਣ ਗਿਆ ਸੀ।

ਮੈਂ ਸੰਨ 2000 ਈ. ਵਿਚ ਈਸਾਈ ਮਿਸ਼ਨਰੀਆਂ ਦਾ ‘ਜੋਸ਼ੁਆ ਡਾਕੂਮੈਂਟ’ ਪੜ੍ਹਿਆ ਸੀ, ਜਿਸ ਵਿਚ ਭਾਰਤ ਦੀਆਂ ਸਾਰੀਆਂ ਜਾਤੀਆਂ ਦੀ ਗਿਣਤੀ, ਜਾਤੀ ਦਾ ਧਾਰਮਿਕ ਸੰਬੰਧ, ਸੰਬੰਧਿਤ ਲੋਕਾਂ ਦੀ ਵਸੋਂ ਦੇ ਖੇਤ੍ਰ, ਉਨ੍ਹਾਂ ਦਾ ਸਭਿਆਚਾਰ, ਉਨ੍ਹਾਂ ਦੀ ਭਾਸ਼ਾ, ਧਾਰਮਿਕ ਅਤੇ ਸਮਾਜਿਕ ਰਹੁ-ਰੀਤਾਂ ਦਾ ਸਿਲਸਿਲੇਵਾਰ ਸਮੁਚਿਤ ਡੈਟਾ ਦਿੱਤਾ ਗਿਆ ਸੀ। ਉਸ ਪ੍ਰਾਜੈਕਟ ਦਾ ਮੁਖ ਬਿੰਦੂ ਹੈ- ‘ਅਪਹੁੰਚ ਲੋਕਾਂ ਤੀਕ ਪੁੱਜਣਾ’ ਅਰਥਾਤ ਉਨ੍ਹਾਂ ਲੋਕਾਂ ਤੀਕ ਈਸਾਈਅਤ ਨੂੰ ਪਹੁੰਚਾਉਣਾ, ਜਿਨ੍ਹਾਂ ਤੀਕ ਅਜੇ ਈਸਾਈ ਮਿਸ਼ਨਰੀ ਪਹੁੰਚਣ ਵਿਚ ਕਾਮਯਾਬ ਨਹੀਂ ਹੋਏ। ‘ਜੋਸ਼ੁਆ’ ਕੌਣ ਸੀ ? ‘ਜੋਸ਼ੁਆ’ ਮੂਸਾ ਤੋਂ ਬਾਅਦ ਯਹੂਦੀਆਂ ਦਾ ਪੈਗ਼ੰਬਰ ਸੀ। ਜਦੋਂ ਮੂਸਾ ਯਹੂਦੀਆਂ ਨੂੰ ਮਿਸਰ ਵਿਚੋਂ ਕੱਢ ਕੇ ਜਾਰਡਨ ਨਦੀ ਦੇ ਕੰਢੇ ਲੈ ਆਇਆ ਸੀ, ਤਾਂ ਉਸ ਨੇ 12 ਕਬੀਲਾ-ਮੁਖੀਆਂ ਨੂੰ ਫ਼ਲਸਤੀਨ ਵੱਲ ਭੇਜਿਆ, ਕਿ ਜਾਓ ਵੇਖੋ ਯਹੂਦੀਆਂ ਦੀ ਤੁਲਨਾ ਵਿਚ ਫ਼ਲਸਤੀਨੀ ਕਿਤਨੇ ਕੁ ਤਾਕਤਵਰ ਹਨ। ਯਹੂਦੀ ਫ਼ਲਸਤੀਨ ਦੀ ਧਰਤੀ ’ਤੇ ਫ਼ਤਹਿ ਪ੍ਰਾਪਤ ਕਰ ਸਕਣਗੇ ਜਾਂ ਨਹੀਂ। ਸਾਰੇ ਹਾਲਾਤ ਅੱਖੀਂ ਵੇਖ ਕੇ 40 ਦਿਨ ਬਾਅਦ ਪਰਤੇ 12 ਵਿਚੋਂ ਦਸ ਵਿਅਕਤੀਆਂ ਨੇ ਮੂਸਾ ਨੂੰ ਕਿਹਾ ਕਿ ਫ਼ਲਸਤੀਨੀ, ਯਹੂਦੀਆਂ ਨਾਲੋਂ ਬਹੁਤ ਤਾਕਤਵਰ ਹਨ ਅਤੇ ਯਹੂਦੀਆਂ ਦਾ ਫ਼ਲਸਤੀਨ ਵਿਚ ਪ੍ਰਵੇਸ਼ ਅਸੰਭਵ ਹੈ। ‘ਜੋਸ਼ੁਆ’ ਅਤੇ ਸਾਲੇਬ ਨੇ ਕਿਹਾ ਕਿ ਅਜਿਹਾ ਨਹੀਂ, ਅਸੀਂ ਜੇ ਦ੍ਰਿੜ੍ਹਤਾ ਸਹਿਤ ਮੁਕਾਬਲਾ ਕਰੀਏ, ਤਾਂ ਜਿੱਤ ਪ੍ਰਾਪਤ ਕਰ ਸਕਦੇ ਹਾਂ। ਮੂਸਾ ਨੇ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ‘ਜੋਸ਼ੁਆ’ ਨੂੰ ਯਹੂਦੀਆਂ ਦਾ ਆਗੂ ਘੋਸ਼ਿਤ ਕਰ ਕੇ ਕੌਮ ਨੂੰ ਫ਼ਲਸਤੀਨ ਵਿਚ ਲੈ ਜਾਣ ਦਾ ਨਿਸ਼ਾਨਾ ਦੇ ਦਿੱਤਾ। ਮੂਸਾ ਤੋਂ ਬਾਅਦ ਉਸ ਨੇ ਇਹ ਦਾਇਤਵ ਸਫਲਤਾ ਸਹਿਤ ਨਿਭਾਇਆ ਸੀ। ਸੋ ‘ਜੋਸ਼ੁਆ’ ਅਜਿੱਤ ਕਿਲਿਆਂ ਨੂੰ ਜਿੱਤਣ ਦਾ ਪ੍ਰਤੀਕ ਹੈ।

ਅੰਗਰੇਜ਼ਾਂ ਦੇ ਪੰਜਾਬ ਉੱਤੇ ਕਬਜ਼ੇ ਦੇ ਨਾਲ ਹੀ ਈਸਾਈ ਮਿਸ਼ਨਰੀਆਂ ਨੇ ਹਾਰੇ ਹੋਏ ਸਿੱਖਾਂ ਨੂੰ ਈਸਾਈ ਬਣਾਉਣ ਦੇ ਪ੍ਰਯਤਨ ਆਰੰਭ ਕਰ ਦਿੱਤੇ ਸਨ ਅਤੇ ਉਹ ਕਪੂਰਥਲਾ ਦੇ ਮਹਾਰਾਜਾ ਹਰਨਾਮ ਸਿੰਘ ਨੂੰ ਵੀ ਈਸਾਈ ਬਣਾਉਣ ਵਿਚ ਸਫਲ ਹੋ ਗਏ ਸੀ। ਉਨ੍ਹਾਂ ਨੇ ਪੰਜਾਬ ਵਿਚ ਮਿਸ਼ਨ ਸਥਾਪਿਤ ਕਰ ਕੇ ਬਹੁਤ ਸਾਰੇ ਦਲਿਤ ਸਿੱਖਾਂ ਨੂੰ ਭਾਂਤ-ਭਾਂਤ ਦੇ ਲਾਲਚ ਦੇ ਕੇ ਈਸਾਈ ਬਣਾ ਲਿਆ। ਜਦੋਂ 5 ਚੰਗੇ ਘਰਾਂ ਦੇ ਬਚਿਆਂ ਨੇ ਈਸਾਈ ਬਣਨ ਦੀ ਘੋਸ਼ਣਾ ਕਰ ਦਿੱਤੀ, ਤਾਂ ਸਿੱਖ ਕੌਮ ਸੁਚੇਤ ਹੋ ਗਈ ਅਤੇ ਈਸਾਈਅਤ ਦੇ ਫੈਲਾਅ ਤੋਂ ਉਪਜੀ ਕੌਮੀ ਜਾਗ੍ਰਿਤੀ ‘ਸਿੰਘ ਸਭਾ ਲਹਿਰ’ ਦਾ ਮੁਖ ਕਾਰਨ ਬਣ ਗਈ। ਭਾਵੇਂ ਮਗਰੋਂ ‘ਸਿੰਘ ਸਭਾ’ ਦਾ ਮੁਖ ਨਿਸ਼ਾਨਾ ‘ਹਮ ਹਿੰਦੂ ਨਹੀਂ’ ਦੀ ਚੇਤਨਾ ਦਾ ਪ੍ਰਸਾਰ ਹੋ ਗਿਆ ਸੀ, ਪਰ ਇਸ ਦੀ ਸਥਾਪਨਾ ਸਮੇਂ ਮੁਖ ਮੁੱਦਾ ਈਸਾਈਅਤ ਦਾ ਚੈਲੇਂਜ ਹੀ ਸੀ। ਹਾਲਾਕਿ ਈਸਾਈ ਮਿਸ਼ਨਰੀ ਲੋਕਾਂ ਨੂੰ ਆਰਥਿਕ ਪ੍ਰਲੋਭਨ ਦੇ ਕੇ ਆਪਣੇ ਧਰਮ ਵੱਲ ਉਤਸਾਹਿਤ ਕਰਦੇ ਹਨ, ਪਰ ਇਸ ਵਿਚ ਵੀ ਸ਼ੱਕ ਨਹੀਂ, ਕਿ ਜਦੋਂ ਕੋਈ ਧਰਮ ਬਦਲ ਲੈਂਦਾ ਹੈ, ਫਿਰ ਉਸ ਦੇ ਉਥਾਨ ਦੇ ਕੋਈ ਵਿਸ਼ੇਸ਼ ਉਪਰਾਲੇ ਨਹੀਂ ਕੀਤੇ ਜਾਂਦੇ, ਬਲਕਿ ਫਿਰ ਹੋਰ ਨਵੇਂ ਲੋਕਾਂ ਨੂੰ ਪ੍ਰਲੋਭਨ ਦੇਣ ਵਿਚ ਰੁਝ ਜਾਂਦੇ ਹਨ। ਛੋਟੇ ਹੁੰਦਿਆਂ ਜਦੋਂ ਅਸੀਂ ਪਿੰਡ ਵਿਚ ਰਹਿੰਦੇ ਸੀ, ਤਾਂ ਵੇਖਦੇ ਸੀ ਕਿ ਪਿੰਡ ਵਿਚ ਸਭ ਤੋਂ ਗ਼ਰੀਬ ਈਸਾਈ ਪਰਿਵਾਰ ਹੁੰਦੇ ਸੀ। ਇਸਤ੍ਰੀਆਂ, ਲੋਕਾਂ ਦਾ ਗੋਹਾ-ਕੂੜਾ ਸੁੱਟਦੀਆਂ ਸਨ ਅਤੇ ਪੁਰਖ, ਖੇਤਾਂ ਦੇ ਕਾਮੇ ਹੁੰਦੇ ਸੀ। ਸਮਝੀਆਂ ਜਾਂਦੀਆਂ ਛੋਟੀਆਂ ਜਾਤਾਂ ਦੇ ਘਰ ਵੀ ਸਨ। ਉਹ ਗੁਰੂ-ਘਰ ਨੂੰ ਮੰਨਣ ਵਾਲੇ ਸਨ। ਈਸਾਈਆਂ ਨਾਲੋਂ ਕਿਤੇ ਸੌਖੇ ਸਨ। ਰਾਜਸਤਾ ਦੇ ਆਸਰੇ ਵੀ ਈਸਾਈਆਂ ਨੂੰ ਸਿੱਖਾਂ ਦਾ ਧਰਮ ਪਰਿਵਰਤਨ ਕਰਨ ਵਿਚ ਕੋਈ ਵਿਸ਼ੇਸ਼ ਕਾਮਯਾਬੀ ਨਹੀਂ ਸੀ ਮਿਲੀ। ਇਸ ਲਈ ‘ਜੋਸ਼ੁਆ ਪ੍ਰੋਗਰਾਮ’ ਮੁਤਾਬਿਕ ਸਿੱਖੀ ਅਜੇ ਤੀਕ ਅਜਿਤ ਕਿਲ੍ਹਾ ਹੈ। ਇਸ ਨੂੰ ਈਸਾਈਅਤ ਵਿਚ ਲਿਆ ਕੇ ਅਜਿੱਤ ਕਿਲ੍ਹਾ ਤੋੜਨਾ ਹੀ 21ਵੀਂ ਸਦੀ ਦਾ ਮੁਖ ਈਸਾਈ ਟੀਚਾ ਹੈ। ਇਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਇਕ ਈਸਾਈ ਮਿਸ਼ਨ ਪਟਿਆਲਾ ਵਿਚ ਕਾਇਮ ਕਰਨਾ ਸੀ, ਜੋ ਹੋ ਚੁੱਕਾ ਹੈ ਅਤੇ ਪਾਕਿਸਤਾਨ ਵਿਚ ਵਸਦੇ ਸਿੱਖਾਂ ਵਾਸਤੇ ਲਾਹੌਰ ਵਿਚ ਮਿਸ਼ਨ ਦੀ ਸਥਾਪਤੀ ਹੋਣੀ ਸੀ। ਉਸ ਦੀ ਸਥਿਤੀ ਮੈਨੂੰ ਨਹੀਂ ਪਤਾ। ਧਰਮ ਪਰਿਵਰਤਨ ਦੀਆਂ ਸਰਗਰਮੀਆਂ ਨੂੰ ਸਿੱਖਰ ਉੱਤੇ ਪਹੁੰਚਾਉਣ ਵਾਸਤੇ ਕੇਰਲਾ ਦੇ 8 ਮਿਸ਼ਨਰੀ ਕੁਝ ਸਮਾਂ ਪਹਿਲਾਂ ਹੀ ਦਿੱਲੀ ਦੇ ਗੁਰਮਤਿ ਕਾਲਿਜ ਤੋਂ ਪੰਜਾਬੀ ਸਿੱਖ ਕੇ ਆਏ ਹਨ। ਪਰ ਕਾਲਿਜ ਦੇ ਸੰਚਾਲਕਾਂ ਨੂੰ ਉਨ੍ਹਾਂ ਨੇ ਆਪਣੇ ਮਿਸ਼ਨ ਬਾਬਤ ਉਦੋਂ ਹੀ ਦੱਸਿਆ, ਜਦੋਂ ਉਨ੍ਹਾਂ ਪੰਜਾਬੀ ਦਾ ਕੋਰਸ ਪੂਰਾ ਕਰ ਲਿਆ ਸੀ। ਇੰਟਰਨੈਟ ਉੱਤੇ ‘ਜੋਸ਼ੁਆ ਪ੍ਰਾਜੈਕਟ’ ਸੰਬੰਧੀ ਆਈਆਂ ਟਿਪਣੀਆਂ ਤੋਂ ਸਪਸ਼ਟ ਹੈ, ਕਿ ਜਿੱਥੇ ਅੰਧ-ਵਿਸ਼ਵਾਸੀ ਸਮਝਿਆ ਜਾਣ ਵਾਲਾ ਹਿੰਦੂ ਸਮਾਜ, ਇਸ ਈਸਾਈ ਪ੍ਰਾਜੈਕਟ ਤੋਂ ਸੁਚੇਤ ਹੈ, ਉੱਥੇ ਅਚੇਤਨ ਸਿੱਖ ਆਗੂ ਮੂਕ ਦਰਸ਼ਕ ਬਣੇ ਬੈਠੇ ਹਨ, ਬਲਕਿ ਸਭ ਰਾਜਨੀਤਿਕ ਪਾਰਟੀਆਂ ਦੇ ਸਿੱਖ ਵੋਟਾਂ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਈਸਾਈ ਮਿਸ਼ਨ ਨੂੰ ਹੀ ਉਤਸਾਹ ਦੇ ਰਹੇ ਹਨ।

ਪੱਕਾ ਯਾਦ ਨਹੀਂ, ਸੰਨ 1985 ਤੋਂ 90 ਦੇ ਵਿਚਕਾਰ ਭੋਪਾਲ ਦੇ ਸਰਕਾਰੀ ਟੈਲੀਫੋਨ ਵਿਭਾਗ ਵਿਚ ਇਕ ਸਰਦਾਰ ਜੀ ਵੱਡੇ ਅਫ਼ਸਰ ਬਣ ਕੇ ਆ ਗਏ। ਉਹ ਅੰਮ੍ਰਿਤਸਰ ਦੇ ਇਲਾਕੇ ਦੇ ਸਨ। ਦਾੜ੍ਹੀ ਕੇਸ ਵੀ ਸਨ ਅਤੇ ਦਸਤਾਰ ਵੀ ਸਜਾਉਂਦੇ ਸਨ। ਸ਼ਕਲ-ਸੂਰਤ ਤੋਂ ਪੂਰੇ ਸਿੱਖ ਸਨ। ਉਹ ਵਿਭਾਗ ਵਿਚ ਈਸਾਈ ਮਿਸ਼ਨਰੀ ਵਾਂਗ ਕੰਮ ਕਰਦੇ ਹੋਰ ਸਿੱਖ ਕਰਮਚਾਰੀਆਂ ਨੂੰ ਵੀ ਹੁਕਮ ਦੇਣ ਲੱਗੇ ਕਿ ਐਤਵਾਰ ਮੇਰੇ ਨਾਲ ਚਰਚ ਚਲਿਆ ਕਰੋ। ਸਿੱਖਾਂ ਨੂੰ ਪਤਾ ਚਲਿਆ। ਸ. ਭਗਵਾਨ ਸਿੰਘ, ਸ. ਤਾਰਾ ਸਿੰਘ, ਡਾ. ਸੁਦਰਸ਼ਨ ਸਿੰਘ, ਸ. ਈਸ਼ਰ ਸਿੰਘ, ਪਿ੍ਰੰਸੀਪਲ ਕੁਲਦੀਪ ਸਿੰਘ ਜਜ ਨਾਲ ਮੈਂ ਅਤੇ ਇਕ ਦੋ ਹੋਰ ਸਿੱਖ, ਉਸ ਈਸਾਈ ਸਰਦਾਰ ਜੀ ਦੇ ਘਰ ਪਹੁੰਚ ਗਏ। ਕੁਝ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਮਿਲਣ ਦਾ ਮਕਸਦ ਦੱਸਿਆ। ਅਸਾਂ ਚੇਤਾਵਨੀ ਦੇ ਰੂਪ ਵਿਚ ਕਹਿ ਦਿੱਤਾ ਕਿ ਸਿੱਖ ਹਰਗਿਜ਼ ਇਹ ਬਰਦਾਸ਼ਤ ਨਹੀਂ ਕਰ ਸਕਦੇ, ਕਿ ਤੁਸੀਂ ਆਪਣੇ ਰੁਤਬੇ ਦੀ ਦੁਰਵਰਤੋਂ ਕਰ ਕੇ ਸਿੱਖ ਪੰਥ ਦੇ ਲੋਕਾਂ ਨੂੰ ਗੁਮਰਾਹ ਕਰੋ। ਗੱਲਾਂ ਗੱਲਾਂ ਵਿਚ ਅਸੀਂ ਪੁੱਛਿਆ ਕਿ ਅਜਿਹੀ ਕਿਹੜੀ ਗੱਲ ਹੈ, ਜੋ ਸਿੱਖ ਧਰਮ ਵਿਚ ਨਹੀਂ ਅਤੇ ਤੁਹਾਨੂੰ ਈਸਾਈਅਤ ਵਿਚੋਂ ਮਿਲ ਗਈ ਹੈ ? ਉਹ ਕਹਿਣ ਲੱਗੇ ‘ਪ੍ਰਭੂ ਯਿਸ਼ੂ’ ਨੇ ਮਨੁਖਤਾ ਦੇ ਵਾਸਤੇ, ਜੋ ਕੁਰਬਾਨੀ ਕੀਤੀ ਹੈ, ਉਹ ਹੋਰ ਕਿਸੇ ਮਹਾਨ ਪੁਰਖ ਨੇ ਨਹੀਂ ਕੀਤੀ। ਅਸਾਂ ਕਿਹਾ- ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ-ਛੋਟੇ ਬੱਚਿਆਂ ਦੀ ਸ਼ਹਾਦਤ ਤੁਸੀਂ ਕਿਵੇਂ ਭੁਲ ਗਏ ਹੋ ? ਈਸਾ ਦੀ ਕੁਰਬਾਨੀ ਦਾ ਪੰਜਾਬ ਨੂੰ ਕੀ ਲਾਭ  ? ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੇ ਤਾਂ ਇਥੋਂ, ਸਾਡੇ ਦੇਸ਼ ਵਿਚੋਂ, ਜ਼ੁਲਮ ਅਤੇ ਗ਼ੁਲਾਮੀ ਦੀ ਜੜ੍ਹ ਪੁੱਟ ਦਿੱਤੀ ਸੀ। ਕੀ ਉਹ ਲਾਸਾਨੀ ਸ਼ਹਾਦਤਾਂ ਮਨੁਖਤਾ ਵਾਸਤੇ ਨਹੀਂ ਸਨ ? ਉਨ੍ਹਾਂ ਕੋਲ ਕੋਈ ਜਵਾਬ ਨਹੀਂ ਸੀ। ਅਸੀਂ ਉਨ੍ਹਾਂ ਨੂੰ ਸਿੱਖ ਸਜਾਉਣ ਤਾਂ ਗਏ ਨਹੀਂ ਸੀ, ਇਹ ਕਹਿ ਕੇ ਪਰਤ ਆਏ, ਕਿ ਜੇ ਉਹ ਕਿਸੇ ਸਿੱਖ ਨੂੰ ਗੁਮਰਾਹ ਕਰਨ ਦਾ ਯਤਨ ਕਰਨਗੇ, ਤਾਂ ਨਤੀਜੇ ਠੀਕ ਨਹੀਂ ਹੋਣਗੇ। ਉਸ ਤੋਂ ਬਾਅਦ ਉਨ੍ਹਾਂ ਦੀਆਂ ਸਰਗਰਮੀਆਂ ਸੀਮਿਤ ਹੋ ਗਈਆਂ ਸਨ।

ਮੈਂ 1996 ਤੋਂ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਫਤਹਿਪੁਰ ਦੇ ਜਨਰਲ ਸਕਤਰ ਦੀ ਸੇਵਾ ਨਿਭਾ ਰਿਹਾ ਹਾਂ। ਦਲਿਤ ਭਾਈਚਾਰੇ ਵਿਚੋਂ ਹੀ ਇਕ ਨੌਜਵਾਨ ਨੂੰ ਸਕੂਲ ਵਿਚ ਕਲਰਕ ਨਿਯੁਕਤ ਕੀਤਾ ਹੋਇਆ ਸੀ। ਕੁਝ ਸਾਲ ਉਹ ਕੰਮ ਕਰਦਾ ਰਿਹਾ। ਕੋਈ ਨਾ ਕੋਈ ਤਕਲੀਫ਼ ਹਰ ਵਿਅਕਤੀ ਨੂੰ ਹੁੰਦੀ ਹੈ। ਉਧਰ ਈਸਾਈਅਤ ਦੇ ਆਰੰਭ ਕਾਲ ਤੋਂ ਹੀ ਚਮਤਕਾਰਾਂ ਨਾਲ ਦੁਖ ਦੂਰ ਕਰਨ ਦੀਆਂ ਕਹਾਣੀਆਂ ਅਤੇ ਮਨੌਤਾਂ ਚਲੀਆਂ ਆਉਂਦੀਆਂ ਹਨ ਅਤੇ ਇਹ ਲੋਕਾਂ ਨੂੰ ਈਸਾਈਅਤ ਵੱਲ ਵਰਗਲਾਉਣ ਦਾ ਇਕ ਕਾਰਗਰ ਈਸਾਈ ਢੰਗ-ਤਰੀਕਾ ਹੈ। ਉਸ ਨੂੰ ਵੀ ਕਿਸੇ ਮਿਸ਼ਨਰੀ ਨੇ ਪ੍ਰਭਾਵਿਤ ਕਰ ਲਿਆ। ਉਸ ਨੂੰ ਬੰਗਲੌਰ ਲਿਜਾ ਕੇ ਬਾਈਬਲ ਪੜ੍ਹਾਈ ਅਤੇ ਈਸਾਈ ਧਰਮ ਵਿਚ ਪੱਕਾ ਕਰ ਲਿਆ। ਸਕੂਲ ਵਿਚ ਆ ਕੇ ਉਸ ਨੇ ਦੂਜੇ ਕਰਮਚਾਰੀਆਂ ਨੂੰ ਵੀ ਈਸਾਈ ਧਰਮ ਵਲ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ। ਕਾਰ ਸੇਵਾ ਦੁਆਰਾ ਬਣਾਇਆ ਸਿੱਖ ਸਕੂਲ ਸੀ। ਸਾਨੂੰ (ਭਾਵ ਪ੍ਰਬੰਧਕਾਂ ਨੂੰ) ਪਤਾ ਲੱਗਿਆ, ਤਾਂ ਚਿੰਤਾ ਹੋਣੀ ਸੁਭਾਵਿਕ ਸੀ। ਅਸਾਂ ਉਸ ਨੂੰ ਬੁਲਾ ਕੇ ਸਾਰੀ ਜਾਣਕਾਰੀ ਲਈ। ਪਤਾ ਲੱਗਿਆ ਕਿ ਇਸ ਦਾ ਦਿਮਾਗ਼ ਪਲਟਾ ਦਿੱਤਾ ਗਿਆ ਹੈ। ਹਰ ਗੱਲ ਉੱਤੇ ਉਹ ਕਹੇ ਕਿ ਯਿਸ਼ੂ ਪ੍ਰਭੂ ਇਹ ਕਹਿੰਦੇ ਹਨ, ਉਹ ਕਹਿੰਦੇ ਹਨ। ਅਸਾਂ ਸਕੂਲ ਦੇ ਉਦੇਸ਼ ਨੂੰ ਵੇਖਦਿਆਂ ਉਸ ਨੂੰ ਨੌਕਰੀ ਤੋਂ ਹਟਾਉਣ ਦਾ ਨੋਟਿਸ ਦੇ ਦਿੱਤਾ। ਉਸ ਨੂੰ ਈਸਾਈਆਂ ਦੇ ਸਕੂਲ ਵਿਚ ਨੌਕਰੀ ਮਿਲ ਜਾਣੀ ਸੀ, ਮਿਲ ਗਈ, ਪਰ ਸਾਨੂੰ ਇਸ ਗੱਲ ਦਾ ਅਫਸੋਸ ਹੀ ਨਹੀਂ, ਡੂੰਘਾ ਦੁੱਖ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਸਰਵ-ਕਲਿਆਣਕਾਰੀ ਪੰਥ ਵਿਚੋਂ ਇਕ ਪਰਿਵਾਰ ਨੂੰ ਸਵਰਗ ਦੇ ਲਾਲਚ ਦੇ ਕੇ ਈਸਾਈ ਮਿਸ਼ਨਰੀ ਜਬਰਦਸਤੀ ਖੋਹ ਕੇ ਲੈ ਗਏ ਹਨ। ਨਿਸ਼ਚਿਤ ਹੀ ਜੇ ਉਸ ਸਮੇਂ ਕੋਈ ਮਿਸ਼ਨਰੀ ਮੇਰੇ ਸਾਹਮਣੇ ਹੁੰਦਾ, ਤਾਂ ਮੈਂ ਉਸ ਨੂੰ ਜ਼ਰੂਰ ਪੁੱਛਦਾ ਕਿ ਤੇਰੀ ਵਿਸ਼ੇਸ਼ ਕੌਮ ਲਈ ਸਵਰਗ ਰਾਖਵਾਂ ਰੱਖਣ ਵਾਲੀ ਵਿਚਾਰਧਾਰਾ ਗੁਰੂ ਨਾਨਕ ਦੇਵ ਜੀ ਦੀ ਸਭ ਕੌਮਾਂ ਲਈ ਸਵਰਗ ਦੇ ਦਰਵਾਜ਼ੇ ਖੋਲ੍ਹਣ ਵਾਲੀ ਵਿਚਾਰਧਾਰਾ ਤੋਂ ਕਿਵੇਂ ਉਤਮ ਹੋ ਸਕਦੀ ਹੈ  ?

ਥੋੜ੍ਹਾ ਸਮਾਂ ਪਹਿਲਾਂ ਮਲੇਸ਼ੀਆ ਦੀ ਇਸਲਾਮਿਕ ਸਰਕਾਰ ਨੇ ਗ਼ੈਰ-ਮੁਸਲਿਮਾਂ ਦੇ ‘ਅਲਾਹ’ ਕਹਿਣ ਉੱਤੇ ਪਾਬੰਦੀ ਲਗਾ ਦਿੱਤੀ, ਕਿਉਂਕਿ ਈਸਾਈ ਮਿਸ਼ਨਰੀ ‘ਅਲਾਹ’ ਨਾਮ ਨਾਲ ਮੁਸਲਿਮਾਂ ਨੂੰ ਗੁਮਰਾਹ ਕਰਦੇ ਸਨ। ਮੁਸੀਬਤ ਸਿੱਖਾਂ ਉੱਤੇ ਆਣ ਪਈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਚ ‘ਅਲਾਹ’ ਸ਼ਬਦ ਕਈ ਵਾਰ ਆਇਆ ਹੈ। ਉਹ ਪਾਠ ਕਿਵੇਂ ਕਰਨ ? ਇਸ ਸਮਸਿਆ ਦਾ ਹਲ ਕੀ ਹੋਇਆ ਹੈ  ? ਮੈਂ ਨਹੀਂ ਜਾਣਦਾ, ਪਰ ਪਾਬੰਦੀ ਲੱਗਣ ਦਾ ਕਾਰਨ ਸਿਰਫ਼ ਇਹ ਸੀ ਕਿ ਈਸਾਈ ਮਿਸ਼ਨਰੀ ‘ਅਲਾਹ’ ਦੇ ਨਾਮ ਦਾ ਗ਼ਲਤ ਇਸਤੇਮਾਲ ਕਰਦੇ ਸਨ। ਜੇ ਰੱਬ ਦਾ ਨਾਮ ਵੀ ਅਲਾਹ ਹੈ, ਸਵਰਗ ਵੀ ਇਕੋ ਜਿਹਾ ਹੈ, ਬਾਈਬਲ ਦੇ ਉਪਦੇਸ਼ਾਂ ਨੂੰ ਵੀ ਕਲਿਮਾ ਹੀ ਕਹਿਣਾ ਹੈ, ਮੁਹੰਮਦ ਸਾਹਿਬ ਵਾਂਗ ਈਸਾ ਨੂੰ ਪੈਗ਼ੰਬਰ ਹੀ ਕਹਿਣਾ ਹੈ, ਨਾਮ ਵੀ ਉਹੋ ਰਹਿਣਾ ਹੈ, ਤਾਂ ਫਿਰ ਮੁਸਲਮਾਨ ਨੂੰ ਈਸਾਈ ਕਿਉਂ ਬਣਾਉਣਾ ਹੈ ? ਉਸ ਨੂੰ ਮੁਸਲਮਾਨ ਹੀ ਰਹਿਣ ਦਿੱਤਾ ਜਾਵੇ, ਪਰ ਦੂਜੇ ਧਰਮ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਈਸਾਈਅਤ ਦਾ ਪ੍ਰਚਾਰ ਕਰਨਾ, ਇਹ ਮਿਸ਼ਨਰੀਆਂ ਦਾ ਆਦਿ ਕਾਲ ਤੋਂ ਸੁਭਾਅ ਹੈ। ਯਹੂਦੀਆਂ ਦੀਆਂ ਧਰਮ ਪੋਥੀਆਂ ਦੀ ਦੁਰਵਰਤੋਂ ਸ਼ੁਰੂ ਤੋਂ ਹੀ ਕਰਦੇ ਰਹੇ ਹਨ। ਨਾਲੇ ਉਨ੍ਹਾਂ ਨੂੰ ਆਪਣੀਆਂ ਪੋਥੀਆਂ ਦੱਸਦੇ ਹਨ, ਨਾਲ ਹੀ ਉਨ੍ਹਾਂ ਨੂੰ ਤੁਛ ਦੱਸਣ ਵਾਸਤੇ ‘ਓਲਡ ਟੈਸਟਾਮੈਂਟ’ ਦਾ ਤੁਛ ਨਾਮ ਵੀ ਮਿਸ਼ਨਰੀਆਂ ਨੇ ਦਿੱਤਾ ਹੈ। ਯਹੂਦੀ ਤਾਂ ‘ਓਲਡ ਟੈਸਟਾਮੈਂਟ’ ਨਹੀਂ ਕਹਿੰਦੇ।

ਸਿੱਖਾਂ ਨੂੰ ਗੁਮਰਾਹ ਕਰਨ ਵਾਸਤੇ ਵੀ ਇਹੋ ਕੁਝ ਕੀਤਾ ਜਾ ਰਿਹਾ ਹੈ, ਜੋ ਸਿੱਖਾਂ ਅਤੇ ਈਸਾਈਆਂ ਵਿਚ ਤਣਾਅ ਦਾ ਮੁਖ ਕਾਰਨ ਬਣ ਰਿਹਾ ਹੈ। ਈਸਾ ਨੂੰ ਸਤਿਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਹੈ। ਸਭ ਜਾਣਦੇ ਹਨ, ਕਿ ਈਸਾਈ ਲੋਕ ਈਸਾ ਨੂੰ ਯਿਸ਼ੂ ਪ੍ਰਭੂ ਕਹਿੰਦੇ ਹਨ, ਪਰ ਇਕ ਵਿਆਪਕ ਚਾਲਬਾਜ਼ੀ ਅਧੀਨ ਹੁਣ ਗੁਰੂ ਅਤੇ ਸਤਿਗੁਰੂ ਦਾ ਸਿੱਖ ਪਦ ਵਰਤ ਕੇ ਸਿੱਖਾਂ ਨੂੰ ਗੁਮਰਾਹ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ। ਹਿੰਦੂਆਂ ਨੂੰ ਗੁਮਰਾਹ ਕਰਨ ਵਾਸਤੇ ਈਸਾ ਨੂੰ ‘ਓਮ’ ਕਹਿਣ ਲੱਗ ਪਏ ਹਨ। ਪੁਨਿ ਰਾਛਸ ਕਾ ਕਾਟਾ ਸੀਸਾ ॥ ਸ੍ਰੀ ਅਸਿਕੇਤੁ ਜਗਤ ਕੇ ਈਸਾ ॥’ (ਚਰਿਤ੍ਰ ੪੦੪/ਦਸਮ ਗ੍ਰੰਥ) ਵਰਗੀਆਂ ਪੰਕਤੀਆਂ ਵਿਚ ਈਸ਼ਵਰ/ਬ੍ਰਹਮ ਵਾਸਤੇ ਆਏ ‘ਈਸਾ’ ਨੂੰ ਯਿਸ਼ੂ ਦਾ ਨਾਮ ਕਹਿ ਕੇ ਇਨ੍ਹਾਂ ਤੁਕਾਂ ਦੇ ਅਰਥ ਗ਼ਲਤ ਕੀਤੇ ਜਾ ਰਹੇ ਹਨ। ‘ਖ਼ਾਲਸਾ’ ਸ਼ਬਦ ਈਸਾਈਆਂ ਵਾਸਤੇ ਵਰਤ ਕੇ ਅਸਲ ‘ਖ਼ਾਲਿਸ’ ਈਸਾ ਅਤੇ ਈਸਾਈਆਂ ਨੂੰ ਦੱਸਿਆ ਜਾ ਰਿਹਾ ਹੈ। ਸਿੱਖਾਂ ਲਈ ਪਵਿਤ੍ਰ ‘ਵਾਹਿਗੁਰੂ’ ਪਦ ਯਿਸ਼ੂ ਵਾਸਤੇ ਵਰਤਿਆ ਜਾ ਰਿਹਾ ਹੈ। ਸਿੱਖ ਅਜਿਹੀ ਭਿ੍ਰਸ਼ਟ ਵਿਆਖਿਆ ਨੂੰ ਕਿਵੇਂ ਬਰਦਾਸ਼ਤ ਕਰਨਗੇ, ਜੋ ਸਿਰਫ਼ ਉਨ੍ਹਾਂ ਦੇ ਪੰਥ ਦੀਆਂ ਜੜ੍ਹਾਂ ਕੱਟਣ ਵਾਸਤੇ ਹੈ। ਗੁਰਬਾਣੀ, ਸਤਿਸੰਗ, ਸੰਗਤ, ਸਿਮਰਨ, ਕੀਰਤਨ, ਅਰਦਾਸ ਸਾਰੀ ਸਿੱਖ ਸ਼ਬਦਾਵਲੀ ਦੀ ਕੁਵਰਤੋਂ ਦੁਆਰਾ ਭੋਲੇ-ਭਾਲੇ ਸਿੱਖਾਂ ਉੱਤੇ ਈਸਾਈਅਤ ਦਾ ਜਾਲ ਪਾਇਆ ਜਾਵੇਗਾ, ਤਾਂ ਝਗੜਾ ਹੋਵੇਗਾ ਅਤੇ ਹਰ ਹਾਲ ਹੋਵੇਗਾ, ਇਹ ਸਮਝ ਲੈਣਾ ਚਾਹੀਦਾ ਹੈ। ‘ਜੋਸ਼ੁਆ ਪ੍ਰਾਜੈਕਟ’ ਅਧੀਨ ਫਿਲਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ਵਿਚੋਂ ਦੋ ਦੇ ਨਾਮ ਹਨ : 1. Sikh Contextual Gathering and 2. Sikh Punjabi Music Video. ਦੋਹਾਂ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਇਹ ਸਿੱਖਾਂ ਦੇ ਧਰਮ-ਪਰਿਵਤਰਨ ਉੱਤੇ ਕੇਂਦ੍ਰਿਤ ਹਨ। ਫਿਲਮਾਂ ਬਣਾਉਣੀਆਂ ਹਨ ਤਾਂ ਈਸਾਈਅਤ ਦੇ ਨਾਮ ਉੱਤੇ ਬਣਾਉਣ। ਸਿੱਖ ਸ਼ਬਦ ਦੀ ਵਰਤੋਂ Àਉੱਤੇ ਸਿੱਖਾਂ ਨੂੰ ਇਤਰਾਜ਼ ਕਿਉਂ ਨਾ ਹੋਵੇ  ? ਨੰਬਰ 2 ਫਿਲਮ ਦੇ ਆਰੰਭ ਵਿਚ ਹੀ ਇਕ ਨੀਲੀ ਪਗੜੀ ਅਤੇ ਸਾਬਤ ਦਾੜ੍ਹੀ ਵਾਲਾ ਆਟੋ-ਚਾਲਕ ਸਿੱਖ ਵਿਖਾਇਆ ਗਿਆ ਹੈ। ਫਿਲਮ ਵਿਚ ਨੌਜਵਾਨਾਂ ਨੂੰ ਆਕ੍ਰਸ਼ਿਤ ਕਰਨ ਵਾਸਤੇ ਇਕ ਪਾਸੇ ਸਿੱਖ ਵੇਸ਼-ਭੂਸਾ ਵਾਲੇ ਦਾੜ੍ਹੀ-ਕੇਸਧਾਰੀ ਨੌਜਵਾਨਾਂ ਦਾ ਭੰਗੜਾ ਅਤੇ ਸਿੱਖ ਦਿਸਦੀਆਂ ਬੀਬੀਆਂ ਦਾ ਨਾਚ-ਨੁਮਾ ਗਿੱਧਾ ਹੈ। ਇਕ ਪਗੜੀਧਾਰ ਦਾ ਗੀਤ ਹੈ- ਅੱਖਾਂ ਦਿਲ ਦੀਆਂ, ਦਿਲ ਦੀਆਂ ਖੋਲ੍ਹ ਬੰਦਿਆ। ਜਿਹਨੂੰ ਲੱਭਦਾ ਹੈਂ, ਰੱਬ ਤੇਰੇ ਕੋਲ ਬੰਦਿਆ।… ਖ਼ਾਲਿਸ ਲੋਕਾਂ ਦਾ ਰੱਬ ਯਾਰ ਏ।…. ਦਰਸ਼ਨ ਕਰਨ ਨਸੀਬਾਂ ਵਾਲੇ।……ਪੜ੍ਹ ਲੈ ਬਾਣੀ ਸਿਮਰਨ ਕਰ ਲੈ। ਸਤਿਗੁਰ ਇਸ ਦਾ ਪਲੜਾ ਫੜ੍ਹ ਲੈ। …ਵਿਚ ਕਾਲੀਆ ਪੱਗਾਂ ਬੰਨ੍ਹੀ ਦਾੜ੍ਹੀ ਕੇਸਾਂ ਵਾਲੇ ਭੇਖੀ ਸਿੱਖ ਬੈਠਾਏ ਹੋਏ ਹਨ। ਦਰਸ਼ਨ ਕਰਨ ਵਾਲੀਆਂ ਲਾਈਨਾਂ ਵਿਚ ਨੀਲੇ ਰੰਗ ਦੀਆਂ ਟਕਸਾਲੀ ਪੱਗਾਂ ਵਾਲੇ ਕੇਸਾਧਾਰੀ ਦਿਖਾਏ ਹਨ। ਇਕ ਮੋਨਾ ਨਸ਼ੈਲਾ ਵਿਅਕਤੀ ਦਰਸਾਇਆ ਹੈ, ਜਿਸ ਨੂੰ ਇਕ ਤਰੀਕੇ ਨਾਲ ਸਿੱਖ ਦਰਸਾਉਣ ਦੀ ਕੁਚੇਸ਼ਟਾ ਹੈ, ਕਿ ਸਿੱਖ ਇਹੋ-ਜਿਹੇ ਹੁੰਦੇ ਹਨ, ਜਦੋਂ ਕਿ ਈਸਾਈ ਬਹੁਤ ਹੀ ਧਾਰਮਿਕ ਅਤੇ ਪਵਿਤ੍ਰ ਜੀਵਨ ਜੀਣ ਵਾਲੇ ਹਨ। ਇਹ ਸਿੱਖ ਧਰਮ ਵਿਚ ਅਤਿ ਨਿੰਦਨੀਯ ਸਿਧੀ ਦਖ਼ਲਅੰਦਾਜ਼ੀ ਹੈ। ਸ਼ਕਲਾਂ ਸਿੱਖ, ਸ਼ਬਦਾਵਲੀ ਸਿੱਖਾਂ ਦੀ, ਫਿਲਮ ਦਾ ਨਾਮ ਸਤਿਗੁਰੂ ਯਿਸ਼ੂ। ਸਿੱਖ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਹਨ ? ਕਦੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਬਾਈਬਲ ਕਿਹਾ ਹੈ ? ਕਦੇ ਗੁਰੂ ਨਾਨਕ ਜੀ ਨੂੰ ‘ਯਿਸ਼ੂ ਨਾਨਕ’ ਕਿਹਾ ਹੈ ? ਕਦੇ ਗੁਰਦੁਆਰੇ ਨੂੰ ਗਿਰਜਾ ਕਿਹਾ ਹੈ  ? ਈਸਾਈਆਂ ਅਤੇ ਉਨ੍ਹਾਂ ਦੇ ਰਾਜਨੀਤਿਕ ਹਿਮਾਇਤੀ, ਜੋ ਸਿਰਫ਼ ਸਿੱਖਾਂ ਵਿਰੁਧ ਕਾਰਵਾਈ ਕਰਨ ਦੀਆਂ ਧਮਕੀਆਂ ਦੇ ਰਹੇ ਹਨ, ਨੂੰ ਇਹ ਜਵਾਬ ਦੇਣਾ ਪਵੇਗਾ।

ਦੂਜੀ ਫਿਲਮ ਦਾ ਨਾਮ ਹੈ ‘ਸਤਿਗੁਰੂ ਯਿਸੂ ਦਾ ਸਤਿਸੰਗ’। ਇਸ ਦੇ ਆਰੰਭ ਵਿਚ ਕੇਸਾਧਾਰੀ ਸਿੱਖ ਅਤੇ ਪਟਕੇ ਸਜਾਏ ਉਨ੍ਹਾਂ ਦੇ ਬਾਲ ਵਿਖਾਏ ਹਨ। ਇਹ ਇਕ ਨਾਟਕੀ ਪ੍ਰਸਤੁਤੀ ਹੈ। ਗੋਸ਼ਟੀ ਵਿਚ ਭਾਗ ਲੈਣ ਵਾਲੇ ਸਾਰੇ ਮੋਨੇ ਹਨ, ਜਿਨ੍ਹਾਂ ਨੂੰ ਸਿੱਖ ਧਰਮ ਉੱਤੇ ਹਮਲੇ ਵਾਸਤੇ ਦਸਤਾਰਾਂ ਸਜਾਈਆਂ ਹੋਈਆਂ ਹਨ। ਇਕ ਵਿਅਕਤੀ ਦਾ ਨਾਮ ਗੁਰਨਾਮ ਸਿੰਘ ਹੈ, ਇਕ ਰਣਜੀਤ, ਇਕ ਮੋਨਾ ਜਸਵਿੰਦਰ ਸਿੰਘ ਅਤੇ ਇਕ ਪੂਰਨ ਕੇਸਾਧਾਰੀ ਕਾਲੀ ਪਗੜੀ ਵਾਲਾ ਦਲਜੀਤ ਸਿੰਘ, ਜਿਨ੍ਹਾਂ ਨੂੰ ਈਸਾਈਅਤ ਦਾ ਪ੍ਰਚਾਰ ਕਰਦੇ ਵਿਖਾਇਆ ਗਿਆ ਹੈ। ਇਨ੍ਹਾਂ ਸਿੱਖ ਨਾਵਾਂ ਦਾ ਈਸਾਈ ਧਰਮ ਨਾਲ ਕੀ ਸੰਬੰਧ ਹੈ ? ਜੇ ਇਹ ਈਸਾਈ ਹਨ, ਤਾਂ ਜਾਨਸਨ, ਡੇਵਿਡ, ਜੌਹਨ, ਸਾਈਮਨ ਅੰਗਰੇਜ਼ਾਂ ਵਾਲੇ ਨਾਮ ਰੱਖਣ। ਇਹ ਕੇਵਲ ਛਲ-ਕਪਟ ਦੁਆਰਾ ਭੋਲੇ-ਭਾਲੇ ਸਿੱਖਾਂ ਨੂੰ ਈਸਾਈਅਤ ਦੇ ਕੂੜ-ਜਾਲ ਵਿਚ ਫਸਾਉਣ ਦਾ ਘਟੀਆ ਯਤਨ ਹੈ। ਫਿਲਮ ਵਿਚ ਸਤਿਗੁਰੂ ਯਿਸੂ ਦੇ ਚੇਲਿਆਂ ਦੇ ਪੰਜਾਬ ਵਿਚ ਫੈਲਾਅ ਦੀ ਗੱਲ ਕੀਤੀ ਗਈ ਹੈ। ਹਰ ਮੁਹੱਲੇ ਵਿਚ ਈਸਾਈ ਸਤਿਸੰਗ ਆਯੋਜਿਤ ਕਰ ਕੇ ਸਿੱਖਾਂ ਨੂੰ ਈਸਾਈ ਬਣਾਉਣ ਦੀ ਗੱਲ ਹੋ ਰਹੀ ਹੈ। ਗੁਰਨਾਮ ਕਹਿ ਰਿਹਾ ਹੈ- ਆਓ, ਅਸੀਂ ਭਾਈ ਬਲਬੀਰ ਜੀ ਤੋਂ ਸ਼ਬਦ ਕੀਰਤਨ ਸ਼੍ਰਵਣ ਕਰੀਏ। ਹੁਣ ਦਸੋ, ਇਹ ਭਾਸ਼ਾ ਈਸਾਈਆਂ ਵਾਲੀ ਹੈ ਕੀ ? ਅੱਗੇ ਫਿਰ ਉਹੀ ਬਿਮਾਰੀਆਂ ਠੀਕ ਕਰਨ ਦਾ ਸ਼ੋਸ਼ਾ ਹੈ। ਗੁਰਨਾਮ ਸਿੰਘ ਖੜ੍ਹਾ ਹੋ ਕੇ ਇਕ ਬੀਬੀ ਦੇ ਸਿਰ ਉੱਤੇ ਹੱਥ ਧਰ ਕੇ ਉਸ ਦੀ ਬਿਮਾਰੀ ਨੂੰ ਦੂਰ ਕਰਨ ਦਾ ਢੋਂਗ ਕਰਦਾ ਹੈ। ਸਾਰਾ ਕੁਝ ਵਿਸ਼ੇਸ਼ ਕਰ ਕੇ ਸਿੱਖਾਂ ਨੂੰ ਗੁਮਰਾਹ ਕਰਨ ਵਾਲਾ ਹੈ। ਸਿੱਖਾਂ ਨੂੰ ਇਸ ਉੱਤੇ ਇਤਰਾਜ਼ ਨਾ ਹੋਵੇ, ਇਹ ਕਿਵੇਂ ਸੰਭਵ ਹੈ  ? ਸਿੱਖ ਸੀਸ ਕਟਾ ਸਕਦੇ ਹਨ, ਪਰ ਆਪਣੇ ਧਰਮ ਦਾ ਨਿਰਾਦਰ ਨਹੀਂ ਝਲ ਸਕਦੇ। ਮੈਂ ਇਸ ਗੱਲ ਦਾ ਵੀ ਪਖਧਰ ਨਹੀਂ, ਕਿ ਈਸਾਈ ਕਿਸੇ ਸੰਜਮ ਵਿਚ ਆਪਣੇ ਧਰਮ ਦਾ ਪ੍ਰਚਾਰ ਕਰਦੇ ਰਹਿਣ। ਈਸਾਈ ਧਰਮ ਦਾ ਪ੍ਰਚਾਰ ਸਿੱਖਾਂ ਅਤੇ ਪੰਜਾਬ ਵਿਚ ਕਰਨਾ ਹੈ, ਤਾਂ ਸਿੱਧ ਕਰਨਾ ਹੋਵੇਗਾ, ਕਿ ਈਸਾਈ ਧਰਮ ਸਿੱਖ ਪੰਥ ਤੋਂ ਕਿਵੇਂ ਸ੍ਰੇਸ਼ਠ ਹੈ ? ਇਹ ਦੱਸਣਾ ਪਵੇਗਾ, ਕਿ ਪੰਜਾਬੀਆਂ ਅਤੇ ਮਾਨਵਤਾ ਵਾਸਤੇ ਈਸਾ ਦੀ ਕੁਰਬਾਨੀ, ਗੁਰੂ ਸਾਹਿਬਾਨ ਦੀਆਂ ਮਹਾਨ ਕੁਰਬਾਨੀਆਂ ਤੋਂ ਕਿਵੇਂ ਸ੍ਰੇਸ਼ਠ ਹੈ ਅਤੇ ਬਾਈਬਲ ਦੇ ਬਚਨ ਗੁਰਬਾਣੀ ਤੋਂ ਕਿਉਂ ਉੱਤਮ ਹਨ  ?

ਸਿੱਖਾਂ ਨੂੰ ਦੋਸ਼ੀ ਦੱਸਿਆ ਜਾ ਰਿਹਾ ਹੈ, ਜਦੋਂ ਕਿ ਇਨ੍ਹਾਂ ਅੰਧ-ਮਿਸ਼ਨਰੀਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿਚ ‘‘ਪਰਮੇਸਰਿ, ਦਿਤਾ ਬੰਨਾ ॥’’ (ਮ: ੫/੬੨੭) ਸ਼ਬਦ ਸਤਿਗੁਰੂ ਈਸਾ ਵਾਸਤੇ ਲਿਖਿਆ ਗਿਆ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਈਸਾ ਦੇ ਸੇਵਕ ਸਨ ਅਤੇ ਉਨ੍ਹਾਂ ਕਿਹਾ ਹੈ, ਕਿ ਪਰਮੇਸ਼ਰ ਨੇ ਜਗਤ ਦੇ ਕਲਿਆਣ ਵਾਸਤੇ ਆਪਣਾ ਕੁਆਰਾ ਪੁੱਤਰ ਭਾਵ ਈਸਾ ਭੇਜਿਆ ਹੈ। ਇਸ ਤੋਂ ਵੱਡਾ ਸਿੱਖ ਧਰਮ ਦੀ ਗੁਰਬਾਣੀ ਦਾ ਹੋਰ ਕੋਈ ਅਪਮਾਨ ਕੀ ਹੋ ਸਕਦਾ ਹੈ  ? ਸਿੱਖ ਪੰਥ ਗ੍ਰਿਹਸਥ-ਮਾਰਗ ਹੈ। ਕੁਆਰਿਆਂ-ਛੜਿਆਂ ਨੂੰ ਹੀ ਗੁਰੂ ਜੀ ਪਰਮੇਸ਼ਰ ਦੇ ਪੁੱਤਰ ਕਹਿਣ, ਇਹ ਕਿਵੇਂ ਹੋ ਸਕਦਾ ਹੈ ? ਭਾਵੇਂ ਗੁਰਬਾਣੀ ਦੀ ਉਕਤ ਪੰਕਤੀ ਵਿਚ ‘ਬੰਨਾ’ ਦਾ ਅਰਥ ਬੰਨ੍ਹਾ ਭਾਵ ਵਿਕਾਰਾਂ ਵੱਲੋਂ ਬੰਧ, ਰੁਕਾਵਟ ਭਾਵ ਆਸਰਾ, ਸਹਾਰਾ ਹੈ, ਪਰ ‘ਬੰਨਾ’ ਦਾ ਅਰਥ ਵੀ ਕੁਆਰਾ ਪੁੱਤਰ ਨਹੀਂ ਹੁੰਦਾ।

ਅਗਰ ‘ਬੰਨਾ’ ਦਾ ਅਰਥ ਇਸਾਈ ਪ੍ਰਚਾਰਕਾਂ ਵਾਲਾ ਕਰੀਏ ਤਾਂ ਹੋਵੇਗਾ- ਉਹ ਨੌਜਵਾਨ ਜਿਸ ਦਾ ਵਿਆਹ ਰਚਿਆ ਗਿਆ ਹੋਵੇ ਭਾਵ ਦੁਲਹਾ। ਹੁਣ ਪੈਗ਼ੰਬਰ ਈਸਾ ਤਾਂ ਕੁਆਰਾ ਸੀ। ਉਸ ਨੂੰ ਦੁਲਹਾ ਕਹਿਣਾ, ਕੀ ਈਸਾਈ ਪ੍ਰਵਾਨ ਕਰ ਲੈਣਗੇ ? ਇਨ੍ਹਾਂ ਮੁਤਾਬਕ ਇਕ ਪਾਸੇ ਸਿੱਖ ਗੁਰੂ ਵਿਆਹ ਕਰਵਾਉਣ ਕਰ ਕੇ ਅਪਵਿਤ੍ਰ ਹਨ, ਦੂਜੇ ਪਾਸੇ ਈਸਾ ਨੂੰ ‘ਦੁਲਹਾ’ ਕਹਿਣਾ ਕੀ ਸਿਧਾਂਤ-ਵਿਰੋਧੀ ਨਹੀਂ ?

ਬਾਈਬਲ ਮੁਤਾਬਕ ਈਸਾ ਦਾ ਜਨਮ, ਕੁਆਰੀ ‘ਮੇਰੀ’ (ਮਰੀਅਮ) ਦੀ ਕੁੱਖੋਂ, ਜਬਰਾਈਲ ਫ਼ਰਿਸਤੇ ਦੇ ਬਚਨਾਂ ਨਾਲ ਹੋਇਆ, ਜੋ ਬਾਅਦ ’ਚ ਫਿਲਸਤੀਨ ਦੇ ਯੂਸਫ ਤਰਖਾਣ ਨੂੰ ਵਿਆਹੀ ਗਈ ਸੀ, ਪਰ ਗੁਰਬਾਣੀ ਦੇ ਬਚਨ ਹਨ ਕਿ ਮਾਤਾ-ਪਿਤਾ ਦੇ ਸੰਜੋਗ ਤੋਂ ਬਿਨਾਂ ਬੱਚਾ ਪੈਦਾ ਨਹੀਂ ਹੋ ਸਕਦਾ ਹੈ; ਜਿਵੇਂ ਕਿ ‘‘ਜੈਸੇ ਮਾਤ ਪਿਤਾ ਬਿਨੁ; ਬਾਲੁ ਨ ਹੋਈ ॥ ਬਿੰਬ ਬਿਨਾ; ਕੈਸੇ ਕਪਰੇ ਧੋਈ ? ॥’’ (ਭਗਤ ਕਬੀਰ ਜੀ/੮੭੨) ਹੁਣ ਈਸਾ ਦਾ ਜਨਮ ਹੀ ਸੰਦੇਹ ਪੈਦਾ ਕਰ ਰਿਹਾ ਹੈ। ਗੁਰਬਾਣੀ ਅਜਿਹੀ ਕਾਲਪਨਿਕ ਗੱਲ ਨੂੰ ਝੂਠ ਮੰਨਦੀ ਹੈ।

ਸਾਂਝੀ ਵਿਰਾਸਤ ਕਾਰਨ ਪਵਿਤ੍ਰ ‘ਕੁਰਾਨ ਮਜੀਦ’ ਵਿਚ ਈਸਾ ਨੂੰ ਰੱਬ ਦੇ ਪੈਗ਼ੰਬਰਾਂ ਦੀ ਲੜੀ ਵਿਚ ਰੱਖਿਆ ਗਿਆ ਹੈ ਅਤੇ ਉਸ ਦੇ ਨੇਕ ਕੰਮਾਂ ਦੀ ਪ੍ਰਸ਼ੰਸਾ ਵੀ ਕੀਤੀ ਗਈ ਹੈ। ਸਿੱਖ ਪੰਥ ਵੀ ਕਿਸੇ ਪੈਗ਼ੰਬਰ ਨੂੰ ਕਦੇ ਛੋਟੇ ਦਿਖਾਉਣ ਦਾ ਯਤਨ ਨਹੀਂ ਕਰਦਾ, ਪਰ ਗੁਰਬਾਣੀ ਵਾਂਗ ‘ਕੁਰਾਨ ਸ਼ਰੀਫ਼’ ਵਿਚ ਵੀ ਈਸਾ ਨੂੰ ਰੱਬ ਦਾ ਪੁਤ੍ਰ ਨਹੀਂ ਮੰਨਿਆ ਗਿਆ। ‘ਕੁਰਾਨ’, ਈਸਾ ਨੂੰ ਮਰੀਅਮ (ਮੇਰੀ) ਦਾ ਪੁੱਤਰ ਮੰਨਦੀ ਹੈ। ਕੁਰਾਨ 112/3 ਵਿਚ ਕਿਹਾ ਗਿਆ ਹੈ, ਕਿ ਪਰਮਾਤਮਾ ਕਿਸੇ ਨੂੰ ਪੈਦਾ ਨਹੀਂ ਕਰਦਾ, ਨਾ ਉਸ ਨੂੰ ਕੋਈ ਪੈਦਾ ਕਰਦਾ ਹੈ। ਕੁਰਾਨ 6/101 ਵਿਚ ਵੀ ਈਸਾ ਦੇ ਸੰਦਰਭ ਵਿਚ ਹੀ ਕਿਹਾ ਹੈ, ਉਸ ਦੀ ਕੋਈ ਪਤਨੀ ਨਹੀਂ ਤਾਂ ਬੱਚਾ ਕਿਵੇਂ ਹੋ ਸਕਦਾ ਹੈ  ? ‘ਕੁਰਾਨ’ ਦਾ ਮਤਿ ਹੈ ਕਿ ਰੱਬ ਸਭ ਨੂੰ ਪੈਦਾ ਕਰਦਾ ਹੈ, ਪਰ ਉਸ ਦੇ ਕੋਈ ਪੁਤ੍ਰ-ਪੁਤ੍ਰੀਆਂ ਨਹੀਂ ਹੁੰਦੇ। ਕੁਰਾਨ ਤਾਂ ਈਸਾ ਦੇ ਸੂਲੀ ਚੜ੍ਹਨ ਉੱਤੇ ਵੀ ਪ੍ਰਸ਼ਨ ਚਿੰਨ੍ਹ ਲਗਾ ਦੇਂਦੀ ਹੈ। ਸੂਰਤ 4 ਆਇਤ 157 ਵਿਚ ਲਿਖਿਆ ਹੈ ਕਿ ਈਸਾ ਨੂੰ ਨਾ ਸੂਲੀ ਚੜ੍ਹਾਇਆ, ਨਾ ਕਤਲ ਕੀਤਾ ਹੈ। ਸਗੋਂ ਉਸ ਵਰਗੇ ਹੋਰ ਬੰਦੇ ਨੂੰ ਮਾਰ ਦਿੱਤਾ। ਕੁਰਾਨ 9/30, 5/117, 4/172, 19/93 ਵਿਚ ਈਸਾ ਨੂੰ ਪਰਮੇਸ਼ਰ ਦਾ ਸੇਵਕ ਕਿਹਾ ਹੈ, ਨਾ ਕਿ ਪਰਮੇਸ਼ਰ, ਜਿਵੇਂ ਈਸਾਈ ਦੱਸਦੇ ਹਨ।

ਦਸਮ ਗ੍ਰੰਥ ਦੀਆਂ ਪੰਕਤੀਆਂ ਹਨ- ਪੁਨਿ ਰਾਛਸ ਕਾ ਕਾਟਾ ਸੀਸਾ। ਸ੍ਰੀ ਅਸਿਕੇਤੁ ਜਗਤ ਕੇ ਈਸਾ। (ਚੋਪਈ) ਇੱਥੇ ਵੀ ‘ਈਸਾ’ ਦੇ ਅਰਥ ਗ਼ਲਤ ਕਰ ਕੇ ਗੁਰੂ ਸਾਹਿਬਾਨ ਨੂੰ ਯਿਸ਼ੂ ਤੋਂ ਛੋਟੇ ਦਰਸਾਉਣ ਦੀ ਚੇਸ਼ਟਾ ਕੀਤੀ ਗਈ ਹੈ। ਇਕ ਈਸਾਈ ਬੀਬੀ ਜਿਸ ਦੀ ਨਿੰਦਿਤ ਆਡੀਓ ਬਹੁ-ਪ੍ਰਚਲਿਤ ਹੋਈ ਹੈ, ਉਹ ਸਿੱਖ ਗੁਰੂ ਸਾਹਿਬਾਨ ਨੂੰ ਗਾਹਲਾਂ ਕੱਢਦਿਆਂ ਕਹਿੰਦੀ ਹੈ, ਕਿ ਉਹ ਤਲਵਾਰਾਂ ਚੁੱਕ ਕੇ ਲੜਾਈਆਂ ਕਰਦੇ ਸਨ ਅਤੇ ਆਪ ਵੀ ਲੜਾਈਆਂ ਵਿਚ ਕੱਟੇ-ਵੱਢੇ ਗਏ। ਉਸ ਦਾ ਭਾਵ ਹੈ ਕਿ ਈਸਾ ਨੇ ਲੜਾਈ ਕਰਨੀ ਨਹੀਂ ਦੱਸੀ, ਪ੍ਰੇਮ ਕਰਨਾ ਦੱਸਿਆ ਹੈ, ਜਦੋਂ ਕਿ ਸਿੱਖ ਗੁਰੂ, ਲੜਾਈਆਂ ਵਰਗੇ ਪੁੱਠੇ ਕੰਮ ਕਰਦੇ ਸਨ, ਪਰ ਜੇ ਉਕਤ ਪੰਕਤੀਆਂ ਈਸਾ ਬਾਰੇ ਲਿਖੀਆਂ ਹਨ, ਤਾਂ ਫਿਰ ਉਹ ‘ਅਸਿਕੇਤੁ’ ਭਾਵ ਖੜਗਧਾਰੀ ਪਰਮੇਸ਼ਰ ਹੈ। ਕੀ ਈਸਾਈ ਯਿਸ਼ੂ ਨੂੰ ਤਲਵਾਰਧਾਰੀ ਈਸਾ ਮੰਨਣ ਵਾਸਤੇ ਤਿਆਰ ਹਨ ? ਇਹ ਬੀਬੀ ਊਟ-ਪਟਾਂਗ (ਮਨ-ਘੜਤ) ਤੁਕਾਂ ਗੁਰੂ ਸਾਹਿਬਾਨ ਦੇ ਨਾਮ ਨਾਲ ਜੋੜਨ ਦੀ ਹਿਮਾਕਤ (ਮੂਰਖਤਾ) ਇਸ ਲਈ ਕਰਦੀ ਹੈ, ਕਿਉਂਕਿ ਮਿਸ਼ਨਰੀ ਅਕਸਰ ਅਜਿਹੀਆਂ ਤੁਕਾਂ ਗੁਰੂਆਂ ਦੇ ਨਾਵਾਂ ਨਾਲ ਜੋੜ ਕੇ ਲੋਕਾਂ ਨੂੰ ਗੁਮਰਾਹ ਕਰਦੇ ਰਹਿੰਦੇ ਹਨ। ਉਹ ਕਹਿੰਦੀ ਹੈ-

ਪੰਜ ਤਤ ਕਾ ਪੁਤਲਾ ਮੈਂ, ਨਾਨਕ ਮੇਰਾ ਨਾਮ।

ਮੈਂ ਉਸ ਗੁਰੂ ਦਾ ਚੇਲਾ, ਜਿਹੜਾ ਜਿਉਂਦਾ ਗਿਆ ਅਸਮਾਨ।

ਈਸਾਈ ਇਸ ਗੱਲ ਨੂੰ ਈਸਾ ਦੀ ਬਹੁਤ ਵੱਡੀ ਕਰਾਮਾਤ ਮੰਨਦੇ ਹਨ, ਕਿ ਉਹ ਤੀਜੇ ਦਿਨ ਕਬਰ ਵਿਚੋਂ ਉੱਠ ਗਿਆ ਸੀ। ਮੈਂ ਕਹਿੰਦਾ ਹਾਂ ਕਿ ਅਜਿਹੀਆਂ ਕਹਾਣੀਆਂ ਹਰ ਧਰਮ ਦੇ ਵਿਸ਼ਵਾਸੀਆਂ ਵਿਚ ਹੁੰਦੀਆਂ ਹਨ। ਇਹ ਸੱਚ ਹੁੰਦੀਆਂ ਹਨ ਜਾਂ ਨਹੀਂ, ਮੈਂ ਇਸ ਉੱਤੇ ਟਿਪਣੀ ਨਹੀਂ ਕਰਾਂਗਾ, ਕਿਉਂਕਿ ਵਿਸ਼ਵਾਸ ਦਾ ਵਿਸ਼ਾ ਹੈ, ਪਰ ਜੇ ਇਹ ਵੱਡਾ ਪੈਗ਼ੰਬਰ ਹੋਣ ਦੀ ਨਿਸ਼ਾਨੀ ਹੈ, ਤਾਂ ਫਿਰ ਗੁਰੂ ਨਾਨਕ ਦੇਵ ਤਾਂ ਈਸਾ ਤੋਂ ਬਹੁਤ ਵੱਡੇ ਪੈਗ਼ੰਬਰ ਸਨ, ਕਿਉਂਕਿ ਉਨ੍ਹਾਂ ਦਾ ਸਰੀਰ ਤਾਂ ਕਬਰ ਜਾਂ ਸ਼ਮਸ਼ਾਨ ਤੀਕ ਗਿਆ ਹੀ ਨਹੀਂ। ਉਸ ਵੇਲੇ ਦੇ ਹਿੰਦੂ ਅਤੇ ਮੁਸਲਮਾਨ ਦੋਵੇਂ ਗਵਾਹ ਸਨ, ਕਿ ਚਾਦਰ ਹੇਠੋਂ ਉਨ੍ਹਾਂ ਦਾ ਸਰੀਰ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਭਾਵ ਉਹ ਦੇਹੀ ਸਮੇਤ ਸਚਖੰਡ ਚਲੇ ਗਏ ਸਨ। ਉਨ੍ਹਾਂ ਦਾ ਕੋਈ ਸੰਸਕਾਰ-ਸਥਾਨ ਨਹੀਂ। ਈਸਾ ਦੇ ਕਬਰ ਵਿਚੋਂ ਉੱਠਣ ਦੀ ਗਵਾਹੀ ਤਾਂ ਉਨ੍ਹਾਂ ਦੀ ਮਾਤਾ ਮਰੀਅਮ ਅਤੇ ਮਰੀਅਮ ਮਗਦਲੀਨੀ ਆਦਿ ਘਰ ਦੇ ਲੋਕਾਂ ਨੇ ਦਿੱਤੀ ਸੀ। ਗੁਰੂ ਨਾਨਕ ਦੇਵ ਦੇ ਸਣਦੇਹੀ ਸਚਖੰਡ ਜਾਣ ਦੀ ਗਵਾਹੀ ਦੋਹਾਂ ਕੌਮਾਂ ਦੇ ਲੋਕਾਂ ਨੇ ਦਿੱਤੀ, ਜੋ ਮੌਕੇ ਤੇ ਹਾਜ਼ਰ ਸਨ ਅਤੇ ਜਿਨ੍ਹਾਂ ਨੇ ਗੁਰੂ ਜੀ ਦੇ ਸਰੀਰ ਉੱਤੇ ਪਈ ਚਾਦਰ ਅਧੀ-ਅਧੀ ਵੰਡ ਕੇ ਦਫ਼ਨਾਈ ਅਤੇ ਸੰਸਕਾਰੀ। ਈਸਾ ਤੋਂ ਪਹਿਲਾਂ ਮੂਸਾ ਦੀ ਵੀ ਕੋਈ ਕਬਰ ਨਹੀਂ। ਈਸਾ ਤੋਂ ਪਹਿਲਾਂ ਏਲੀਯਾਹ ਪੈਗ਼ੰਬਰ ਦੇ ਵੀ ਇਕ ਵਾਵਰੋਲੇ ਰਾਹੀਂ ਜਿਉਂਦਿਆਂ ਅਸਮਾਨ ਵਿਚ ਜਾਣ ਦੀ ਕਹਾਣੀ ਹੈ। ਇੱਥੋਂ ਤੀਕ ਕਿ ਸੰਤ ਜੌਹਨ ਬੈਪਟਿਸਟ ਨੂੰ ਕਤਲ ਕਰਨ ਵਾਲੇ ਹੈਰੋਦ ਨੇ ਜਦੋਂ ਈਸਾ ਬਾਰੇ ਸੁਣਿਆ, ਤਾਂ ਉਸ ਨੂੰ ਇਹੋ ਲੱਗਦਾ ਸੀ ਕਿ ਸੰਤ ਜੌਹਨ ਫਿਰ ਜਿੰਦਾ ਹੋ ਗਿਆ ਹੈ। ਹਜ਼ਰਤ ਮੁਹੰਮਦ ਸਾਹਿਬ ਅਲ-ਬੋਰਾਕ ਉੱਤੇ ਸਵਾਰ ਹੋ ਕੇ ਜੀਵਨ ਵਿਚ ਹੀ ਸਤ ਆਕਾਸ਼ ਘੁੰਮ ਆਏ, ਦਾ ਇਤਿਹਾਸ ਵਿੱਚ ਜ਼ਿਕਰ ਹੈ। ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਸਿੱਖਾਂ ਵਿੱਚ ਇਹੋ ਜਿਹਾ ਵਿਸ਼ਵਾਸ ਸੀ, ਕਿ ਉਹ ਕੇਵਲ ਸਣਦੇਹੀ ਹੀ ਨਹੀਂ, ਸਗੋਂ ਆਪਣੇ ਘੋੜੇ ਅਤੇ ਬਾਜ਼ ਸਮੇਤ ਸਚਖੰਡ ਪਿਆਨਾ ਕਰ ਗਏ ਸਨ। ਜੇ ਕਹਾਣੀਆਂ ਅਤੇ ਮਨੌਤਾਂ ਹੀ ਸੱਚ ਦਾ ਆਧਾਰ ਹਨ, ਤਾਂ ਗੁਰੂ ਗੋਬਿੰਦ ਸਿੰਘ ਦੇ ਜੋਤੀ-ਜੋਤਿ ਵਿਲੀਨ ਹੋਣ ਪਿਛੋਂ ਕਈ ਲੋਕਾਂ ਨੂੰ ਮਿਲਣ ਅਤੇ ਦੋ ਮੁਸਲਮਾਨ ਭਰਾਵਾਂ ਨੂੰ ਸਤਾਰਾ ਦੀ ਕੈਦ ਵਿਚੋਂ ਰਿਹਾਅ ਕਰਨ ਦੀਆਂ ਕਹਾਣੀਆਂ ਲਿਖੀਆਂ ਹੋਈਆਂ ਹਨ। ਈਸਾ ਦੇ ਚੇਲਿਆਂ ਤਾਂ ਸਿਰਫ਼ ਉਸ ਦੀ ਹੋਂਦ ਦਾ ਇਹਸਾਸ ਕੀਤਾ, ਪਰ ਗੁਰੂ ਨੇ ਤਾਂ ਸਰੀਰਕ ਰੂਪ ਵਿਚ ਪ੍ਰਗਟ ਹੋ ਕੇ ਉਨ੍ਹਾਂ ਨੂੰ ਕੈਦ ਵਿਚੋਂ ਛੁੜਵਾ ਦਿੱਤਾ ਸੀ। ਸੋ ਸ਼ਰਧਾਵਾਨਾਂ ਦੇ ਅਜਿਹੇ ਵਿਸ਼ਵਾਸ ਹੋਰ ਧਰਮਾਂ ਵਿਚ ਵੀ ਹਨ। ਇਹ ਵੀ ਉਤਨੇ ਹੀ ਪ੍ਰਮਾਣੀਕ ਹਨ, ਜਿਤਨੇ ਈਸਾਈਆਂ ਦੀਆਂ ਪੋਥੀਆਂ (ਮੈਂ ਨਵਾਂ ਨੇਮ ਜਾਣ-ਬੁਝ ਕੇ ਨਹੀਂ ਲਿਖ ਰਿਹਾ। ਇਹ ਸ਼ਬਦ ਤੌਰੇਤ ਨੂੰ ਛੋਟਾ ਕਰਦੇ ਹਨ), ਕਿਉਂਕਿ ਈਸਾਈ ਪੋਥੀਆਂ ਈਸਾ ਵੱਲੋਂ ਕੀਤੀ ਕੋਈ ਰੱਬ ਦੀ ਪ੍ਰਸ਼ੰਸਾ ਦੇ ਵਚਨਾਂ ਦਾ ਸੰਗ੍ਰਹਿ ਨਹੀਂ। ਪਹਿਲੀਆਂ ਚਾਰ ਪੋਥੀਆਂ ਮਤੀ, ਮਾਰਕਸ, ਲੂਕ ਅਤੇ ਯੂਹੰਨਾ ਵੱਲੋਂ ਲਿਖੀਆਂ ਕਥਾ-ਕਹਾਣੀਆਂ ਹਨ, ਜਿਨ੍ਹਾਂ ਨੂੰ ਸਿੱਖ ਜਨਮ-ਸਾਖੀਆਂ ਵਰਗਾ ਕਿਹਾ ਜਾਵੇ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਅੱਗੇ ਚੇਲਿਆਂ ਦੇ ਕਰਤੱਬਾਂ ਦੀ ਪੋਥੀ ਹੈ। ਫਿਰ ਸੰਤ ਪੀਟਰਸ, ਸੰਤ ਪਾਲ ਆਦਿ ਦੁਆਰਾ ਮਸੀਹੀ ਨਿਯਮਾਂ ਦੀ ਵਿਆਖਿਆ ਨਾਲ ਸੰਬੰਧਿਤ ਪੱਤ੍ਰ ਹਨ, ਜੋ ਭਾਈ ਨੰਦ ਲਾਲ, ਦੇਸਾ ਸਿੰਘ, ਦਇਆ ਸਿੰਘ, ਚੌਪਾ ਸਿੰਘ ਆਦਿ ਦੇ ਰਹਿਤਨਾਮਿਆਂ ਵਰਗੇ ਵੀ ਨਹੀਂ, ਕਿਉਂਕਿ ਰਹਿਤਨਾਮੇ ਮੂਲ ਰੂਪ ਵਿਚ ਸੁਰਖਿਅਤ ਹਨ, ਜਦੋਂ ਕਿ ਈਸਾਈ ਪੋਥੀਆਂ ਹਜ਼ਾਰਾਂ ਵਾਰ ਬਦਲੀਆਂ ਗਈਆਂ ਹਨ। ਅੰਤ ਵਿਚ ਯੂਹੰਨਾ ਦੀ ‘ਪ੍ਰਕਾਸ਼ ਪੋਥੀ’ ਹੈ। ਯਾਨੀ ਕਿ ਇਸ ਵਿਚ ਈਸਾ ਦੀ ਕੋਈ ਰਚਨਾ ਨਹੀਂ।

ਗੱਲ ਬਾਈਬਲ ਦੀ ਚੱਲੀ ਹੈ, ਤਾਂ ਕੁਝ ਹੋਰ ਵਿਚਾਰ ਕਰ ਲਈ ਜਾਵੇ। ਆਮ ਆਦਮੀ ਨੂੰ ਇਹ ਵੀ ਗੁਮਰਾਹ ਕੀਤਾ ਜਾਂਦਾ ਹੈ, ਕਿ ਬਾਈਬਲ ਈਸਾਈਆਂ (ਮੈਂ ਜਾਣਦਾ ਹਾਂ ਕਿ ਮਸੀਹੀਆਂ ਨੂੰ ਮੁਸਲਮਾਨਾਂ ਵੱਲੋਂ ਦਿੱਤੇ ਈਸਾ, ਈਸਾਈ ਆਦਿ ਸ਼ਬਦ ਚੰਗੇ ਨਹੀਂ ਲੱਗਦੇ, ਪਰ ਜਦੋਂ ਉਹ ਗੁਰਬਾਣੀ ਵਿਚੋਂ ‘ਈਸਾ’ ਲਭ ਕੇ ਯਿਸ਼ੂ ਨਾਲ ਜੋੜਦੇ ਹਨ, ਤਾਂ ਮੈਂ ਇਹੋ ਸ਼ਬਦ ਉਨ੍ਹਾਂ ਲਈ ਵਰਤਣ ਵਾਸਤੇ ਮਜ਼ਬੂਰ ਹਾਂ) ਦਾ ਗ੍ਰੰਥ ਹੈ। ਵਾਸਤਵ ਵਿਚ ਬਾਈਬਲ ਦੇ ਦੋ ਭਾਗ ਹਨ। 39 ਪੋਥੀਆਂ ਵਾਲਾ ਪਹਿਲਾ ਅਤੇ ਵੱਡਾ ਭਾਗ ਉਨ੍ਹਾਂ ਯਹੂਦੀਆਂ ਦੀਆਂ ਧਰਮਿਕ ਪੋਥੀਆਂ ਦਾ ਸੰਗ੍ਰਹਿ ਹੈ, ਜੋ ਈਸਾ ਨੂੰ ਮਸੀਹ ਨਹੀਂ ਮੰਨਦੇ। ਈਸਾਈਆਂ ਨੇ ਬੇਈਮਾਨੀ ਨਾਲ ਇਸ ਨੂੰ ‘ਪੁਰਾਣਾ ਨੇਮ’ (Old Testament) ਨਾਮ ਦੇ ਕੇ ਅਪਨਾਇਆ ਹੋਇਆ ਹੈ, ਜਦੋਂ ਕਿ ਯਹੂਦੀ ਆਪਣੀਆਂ ਧਰਮਿਕ ਪੋਥੀਆਂ ਨੂੰ ‘ਤੇਨਾਖ’ ਕਹਿੰਦੇ ਹਨ। ‘ਤੇਨਾਖ’ ਦਾ ਅਰਥ ਹੈ, ਤਿੰਨ ਭਾਗਾਂ ਵਾਲੀ ਪੁਸਤਕ। ਇਸ ਦੀ ਭਾਸ਼ਾ ਹਿਬਰੂ ਹੈ। ‘ਤੇਨਾਖ’ ਦੇ ਤਿੰਨ ਮੁਖ ਭਾਗ ਹਨ- ਤੌਰੇਤ, ਨਬੀ-ਇਮ ਅਤੇ ਕੇਤੁਵਿਮ। ‘ਤੇਨਾਖ’ ਦੀਆਂ ਪੁਸਤਕਾਂ ਦੁਨੀਆ ਦਾ ਬਹੁਤ ਉੱਚਾ ਧਾਰਮਿਕ ਸਾਹਿਤ ਹੈ, ਜਿਸ ਵਿਚ ਵਿਸ਼ਵ ਰਚਨਾ ਦੀ ਗੱਲ ਹੈ, ਧਰਮ ਦਰਸ਼ਨ ਦੀਆਂ ਬਾਰੀਕੀਆਂ ਹਨ, ਸ਼੍ਰੀ ਦਸਮ ਗ੍ਰੰਥ ਵਾਂਗ ਜਲਾਲ ਦਾ ਪਾਤਸ਼ਾਹ ਰੱਬ ਹੈ, ਰਹਿਤ ਨੂੰ ਯਹੂਦੀਆਂ ਤੀਕ ਸੀਮਿਤ ਕਰ ਕੇ ਧਰਮ ਦੇ ਸਤਿ ਨੂੰ ਵਿਸ਼ਵ-ਵਿਆਪੀ ਸਰੂਪ ਦਿੱਤਾ ਗਿਆ ਹੈ। ਪਰਮੇਸ਼ਰ ਦੇ ਸ਼ਬਦ ਨੂੰ ਜੋ ਉਚ-ਸਥਾਨ ਦਿੱਤਾ ਗਿਆ ਹੈ, ਉਹ ਸਿੱਖ ਸਿਧਾਂਤ ਤੋਂ ਨੀਵਾਂ ਨਹੀਂ, ਜਦੋਂ ਕਿ ਈਸਾਈਅਤ ਨੇ ਜੌਹਨ ਦੀ ਇੰਜੀਲ ਵਿਚ ‘ਸ਼ਬਦ ਦੇਹਧਾਰੀ ਹੋਇਆ’ ਲਿਖ ਕੇ ਸ਼ਬਦ ਨੂੰ ਹਡ-ਮਾਸ ਵਿਚ ਸੀਮਤ ਕਰ ਕੇ ਮਰਣਸ਼ੀਲ ਬਣਾ ਦਿੱਤਾ ਹੈ। ਮੂਰਤੀ ਪੂਜਾ ਜੋ ਈਸਾਈਅਤ ਦੇ ਆਚਾਰ-ਵਿਹਾਰ ਵਿਚ ਡੂੰਘੀ ਧਸੀ ਹੋਈ ਹੈ, ਉਸ ਦਾ ਯਹੂਦੀ ਪੁਸਤਕਾਂ ਵਿਚ ਸਖ਼ਤ ਨਿਖੇਧ ਹੈ। ਯਹੂਦੀਆਂ ਦੀ ਚੜਤਲ ਅਤੇ ਪਤਨ ਦੀਆਂ ਕਥਾਵਾਂ ਹਨ। ਭਲਾ, ਭਾਣਾ ਮੰਨਣ ਵਿਚ ‘ਅਯੂਬ’ ਦੀ ਪੋਥੀ ਤੋਂ ਉਤਮ ਸੰਸਾਰ ਵਿਚ ਹੋਰ ਕਿਹੜੀ ਪੁਸਤਕ ਹੋ ਸਕਦੀ ਹੈ  ? ਭਾਣਾ ਮੰਨਣ ਦੇ ਉਨ੍ਹਾਂ ਉਚ-ਮਿਆਰਾਂ ਸਾਹਮਣੇ ਈਸਾ ਤਾਂ ਕੰਬਦਾ ਅਤੇ ਡੋਲਦਾ ਕਮਜ਼ੋਰ ਵਿਅਕਤੀ ਨਜ਼ਰ ਆਉਂਦਾ ਹੈ। ‘ਤੇਨਾਖ’ ਵਿਚ ਉਚ ਆਚਰਣ ਦੀਆਂ ਉਹ ਉਚਿਆਈਆਂ ਹਨ, ਕਿ ਯਹੂਦੀਆਂ ਦੀ ਸਤਾ ਦੇ ਸਦੀਵੀ ਉਚਤਮ ਪ੍ਰਤੀਕ ਦਾਊਦ ਵਰਗੇ ਪ੍ਰਤਾਪਸ਼ਾਲੀ ਸ਼ਹਿਨਸ਼ਾਹ ਨੇ ਜਦੋਂ ਇਕ ਸਿਪਾਹੀ ਨੂੰ ਛਲ ਨਾਲ ਮਰਵਾ ਕੇ ਉਸ ਦੀ ਪਤਨੀ ਵਿਆਹ ਲਈ, ਤਾਂ ਉਹ ਫਟਕਾਰਾਂ ਪਾਈਆਂ ਕਿ ਪੜ੍ਹ ਕੇ ਹੀ ਯਹੂਦੀਆਂ ਦੇ ਉਚ-ਆਚਰਣ ਦਾ ਪਤਾ ਲਗਦਾ ਹੈ। ਇਸ ਦੀ ਉਤਮਤਾ ਸਾਹਮਣੇ ਈਸਾਈਆਂ ਦੀਆਂ ਇੰਜੀਲ ਪੋਥੀਆਂ ਨਹੀਂ ਟਿਕ ਸਕਦੀਆਂ। ਦੁਨੀਆ ਵਿਚ ਕੇਵਲ ਈਸਾਈ ਧਰਮ ਹੈ, ਜਿਸ ਨੇ ਦੂਜੇ ਧਰਮ ਦੀਆਂ ਪੁਸਤਕਾਂ, ਜਿਨ੍ਹਾਂ ਨੂੰ ਉਹ ਪੁਰਾਣੀਆਂ ਕਹਿ ਕੇ ਨਿੰਦਦਾ ਹੈ, ਉਨ੍ਹਾਂ ਦਾ ਭਾਰ ਚੁੱਕਿਆ ਹੋਇਆ ਹੈ। ਕਾਰਨ ਕੀ ਹੈ  ? ਕਾਰਨ ਦੋ ਹਨ। ਪਹਿਲਾ ਕਾਰਨ ਇਹ ਕਿ ਇਨ੍ਹਾਂ ਤੋਂ ਬਿਨਾ ਉਨ੍ਹਾਂ ਕੋਲ ਕੁਝ ਵੀ ਗੌਰਵਸ਼ਾਲੀ ਸਾਹਿਤ ਨਹੀਂ। ਦੂਜੀ ਗੱਲ ਇਸ ਦੇ ਵਚਨਾਂ ਨੂੰ ਤੋੜ-ਮਰੋੜ ਕੇ ਈਸਾਈਅਤ ਨੇ ਆਪਣੀ ਦੁਕਾਨਦਾਰੀ ਉਸੇ ਤਰ੍ਹਾਂ ਚਲਾਈ ਹੈ, ਜਿਵੇਂ ਗੁਰਬਾਣੀ ਨੂੰ ਤੋੜ-ਮਰੋੜ ਕੇ ਨਿਰੰਕਾਰੀਆਂ ਅਤੇ ਰਾਧਾਸਵਾਮੀਆਂ ਨੇ। ਯਹੂਦੀ ਆਪਣੀਆਂ ਪੁਸਤਕਾਂ ਵਿਚ ਸੁਧਾਰ ਨਹੀਂ ਕਰਦੇ, ਕਿਉਂਕਿ ਉਹ ਸ਼ਬਦ ਦੇ ਅਨਿੰਨ-ਵਿਸ਼ਵਾਸੀ ਹਨ। ਈਸਾਈ ਇਤਨੀਆਂ ਸੋਧਾਂ ਕਰਦੇ ਹਨ, ਕਿ ਕੁਝ ਈਸਾਈ ਵਿਦਵਾਨਾਂ ਅਨੁਸਾਰ ਨਿਊ ਟੈਸਟਾਮੈਂਟ ਵਿਚ 1,50,000 ਪਾਠ ਭੇਦ ਹਨ। ਕੁਝ ਅਨੁਸਾਰ 2,00,000, ਕੁਝ 4,00,000 ਮੰਨਦੇ ਹਨ, ਕੁਝ ਗਿਣਤੀ 52,61,600 । ਇਨ੍ਹਾਂ ਭੇਦਾਂ ਕਾਰਨ ਲੱਖਾਂ ਪ੍ਰਕਾਰ ਦੀ ਹੀ ਈਸਾਈ ਬਾਈਬਲ ਮੰਨੀ ਜਾਂਦੀ ਹੈ। ਕੁਝ ਅਨਜਾਣ ਲੋਕ ਸਮੁਚੀ ਬਾਈਬਲ ਦੀ ਭਾਸ਼ਾ ਹਿਬਰੂ ਦੱਸੀ ਜਾਂਦੇ ਹਨ, ਜਦੋਂ ਕਿ ਈਸਾਈ ਪੋਥੀਆਂ ਦੀ ਅਸਲ ਭਾਸ਼ਾ ਗਰੀਕ ਸੀ, ਪਰ ਹੁਣ ਅੰਗਰੇਜ਼ੀ ਪ੍ਰਭਾਵੀ ਹੈ। ‘ਤੇਨਾਖ’ ਨੂੰ ਨਮਸਕਾਰ ਵੀ ਕਰਨੀ ਅਤੇ ਉਸ ਨੂੰ ਪੁਰਾਣੀ ਵੀ ਕਹਿਣਾ, ਉਸੇ ਤਰ੍ਹਾਂ ਦਾ ਪਾਖੰਡ ਹੈ, ਜਿਵੇਂ ਵੈਦਿਕ ਲੋਕ ਸ਼ਿਵ ਨੂੰ ਦੇਵਤਾ ਵੀ ਮੰਨਦੇ ਹਨ, ਪਰ ਸਾਰੀਆਂ ਖ਼ਰਾਬ ਗੱਲਾਂ ਵੀ ਉਸੇ ਨਾਲ ਜੋੜਦੇ ਹਨ।

ਵਿਚਾਰਾ ਜੌਹਨ ਬੈਪਟਿਸਟ : ਬਾਈਬਲ ਦੀਆਂ ਕਥਾਵਾਂ ਅਨੁਸਾਰ ਉਮਰ ਵਿਚ ਈਸਾ ਤੋਂ ਵੱਡਾ ਉਸ ਵੇਲੇ ਇਕ ਘੁਮਕੜ ਪ੍ਰਚਾਰਕ ਸੀ, ਜਿਸ ਦਾ ਨਾਮ ਜੌਹਨ ਬੈਪਟਿਸਟ ਸੀ। ਉਹ ਲੋਕਾਂ ਨੂੰ ਪਿਛਲੇ ਪਾਪਾਂ ਲਈ ਪਸ਼ਚਾਤਾਪ ਕਰਨ ਅਤੇ ਅੱਗੇ ਗੁਨਾਹਾਂ ਤੋਂ ਤੌਬਾ ਕਰਨ ਦਾ ਪ੍ਰਣ ਲੈ ਕੇ ਪਾਣੀ ਦਾ ਬਪਤਿਸਮਾ ਦਿੰਦਾ ਸੀ। ਕੁਝ ਵਿਚਾਰਕ ਉਸ ਨੂੰ ਮੂਸਾ ਦੇ ਭਰਾ ਆਰੋਨ (ਹਾਰੂਨ) ਦੇ ਵੰਸ਼ ਨਾਲ ਵੀ ਜੋੜਦੇ ਹਨ। ਕੁਝ ਲੋਕ ਉਸ ਨੂੰ ਏਲੀਯਾਹ ਦਾ ਅਵਤਾਰ ਕਹਿੰਦੇ ਸਨ, ਪਰ ਦੂਜੇ ਕਹਿੰਦੇ ਹਨ ਕਿ ਏਲੀਯਾਹ ਕਦੇ ਮਰਿਆ ਨਹੀਂ, ਤਾਂ ਉਸ ਦਾ ਦੋਬਾਰਾ ਅਵਤਾਰ ਕਿਵੇਂ ਹੋ ਸਕਦਾ ਹੈ  ? ਜੌਹਨ ਦੀ ਮਾਤਾ ਐਲਿਜ਼ਾਬੈਥ ਜੀਸਸ ਦੀ ਮਾਤਾ ਮੇਰੀ (ਮਰੀਅਮ) ਦੀ ਰਿਸ਼ਤੇਦਾਰ ਵੀ ਦੱਸੀ ਜਾਂਦੀ ਹੈ, ਪਰ ਲੂਕ ਦੀ ਇਸ ਮਾਨਤਾ ਨੂੰ ਰੇਮੰਡ ਈ. ਬਰਾਊਨ ਵਰਗੇ ਵਿਦਵਾਨ ਮਨ-ਘੜਤ ਦੱਸਦੇ ਹਨ। ਵੇਖੋ ਈਸਾਈ ਵਿਦਵਾਨ ਹੀ ਬਾਈਬਲ ਉੱਤੇ ਕਿਵੇਂ ਸੰਦੇਹ ਕਰਦੇ ਹਨ। ਸੰਤ ਜੌਹਨ ਹੈਰੋਦੀਅਨ ਯਹੂਦੀ ਸੀ। ਉਹ ਫ਼ਕੀਰ, ਊਠ ਦੇ ਵਾਲਾਂ ਦੇ ਕੱਪੜੇ ਪਹਿਨਦਾ ਸੀ ਅਤੇ ਜੰਗਲਾਂ ਵਿਚ ਘੁੰਮਦਿਆਂ ਮਕੜੀਆਂ, ਸ਼ਹਿਦ ਤੋਂ ਇਲਾਵਾ ਕੁਝ ਨਹੀਂ ਸੀ ਖਾਂਦਾ। ਕੁਰਾਨ ਵਿਚ ਇਸ ਨੂੰ ਪੈਗ਼ੰਬਰ ਯਾਹਿਯਾ ਲਿਖਿਆ ਹੈ। ਇਸ ਨੂੰ ਯਹੂਦੀ ਅਤੇ ਮਸੀਹੀ ਧਰਮ ਨੂੰ ਜੋੜਨ ਵਾਲਾ ਵੀ ਕਹਿੰਦੇ ਹਨ, ਕਿਉਂਕਿ ਯਹੂਦੀ ਹੁੰਦਿਆਂ ਉਸ ਨੇ ਮਸੀਹੀ ਧਰਮ ਦੇ ਸੰਸਥਾਪਕ ਈਸਾ ਨੂੰ ਬਪਤਿਸਮਾ ਦਿੱਤਾ ਸੀ। ਵਾਸਤਵ ਵਿਚ ਮਸੀਹ ਸੰਤ ਜੌਹਨ ਦਾ ਚੇਲਾ ਸੀ ਅਤੇ ਉਸੇ ਦੇ ਧਾਰਮਿਕ ਅਸੂਲਾਂ ਦਾ ਪ੍ਰਚਾਰਕ ਸੀ। ਉਸੇ ਦੇ ਕੁਝ ਚੇਲੇ ਮਗਰੋਂ ਈਸਾ ਨਾਲ ਸਨ। ਬਾਈਬਲ ਅਨੁਸਾਰ ਉਸ ਦਾ ਕਤਲ ਗਲੀਲ ਅਤੇ ਪੇਰੀਆ ਦੇ ਸ਼ਾਸਕ ਹੈਰੋਦ ਅੰਤੀਪਾਸ ਨੇ ਕੀਤਾ ਸੀ, ਹਾਲਾਕਿ ਐਂਟਨ ਰਾਫੇਲ ਅਨੁਸਾਰ ਇੰਜੀਲ ਦਾ ਇਹ ਕਹਿਣਾ ਗ਼ਲਤ ਹੈ ਕਿ ਅੰਤੀਪਾਸ ਬਾਦਸ਼ਾਹ ਸੀ (ਫਿਰ ਵੇਖੋ ਈਸਾਈ ਵਿਦਵਾਨ ਬਾਈਬਲ ਨੂੰ ਕਿਤਨਾ ਕੁ ਪ੍ਰਮਾਣਿਕ ਮੰਨਦੇ ਹਨ)।

ਹੈਰੋਦ ਅਤੇ ਹੈਰੋਦੀਆ ਸੰਬੰਧੀ ਵੀ ਬਾਈਬਲ ਵਿਚ ਸੋਧਾਂ ਹੋਈਆਂ ਹਨ। ਹੈਰੋਦ ਨੇ ਆਪਣੇ ਭਰਾ ਫਿਲਿਪਸ ਦੀ ਪਤਨੀ ਹੈਰੋਦੀਆ ਨਾਲ ਨਜਾਇਜ਼ ਵਿਆਹ ਕੀਤਾ। ਜੌਹਨ ਇਸ ਦੀ ਨਿਰਭੈ ਹੋ ਕੇ ਵਿਰੋਧਤਾ ਕਰਦਾ ਸੀ। ਹਾਲਾਕਿ ਹੈਰੋਦ ਇਸ ਆਲੋਚਨਾ ਦੇ ਬਾਵਜੂਦ ਉਸ ਦੀ ਬੇਬਾਕੀ ਅਤੇ ਫ਼ਕੀਰਾਨਾ ਤਬੀਅਤ ਨੂੰ ਪਿਆਰ ਕਰਦਾ ਸੀ, ਪਰ ਹੈਰੋਦੀਆ ਉਸ ਨੂੰ ਨਫ਼ਰਤ ਕਰਦੀ ਸੀ। ਹੈਰੋਦੀਆ ਦੇ ਕਹਿਣ ਤੇ ਹੈਰੋਦ ਨੇ ਸੰਤ ਜੌਹਨ ਬੈਪਟਿਸਟ ਦਾ ਕੱਟਿਆ ਸਿਰ ਥਾਲੀ ਵਿਚ ਰੱਖ ਕੇ ਹੈਰੋਦੀਆ ਨੂੰ ਭੇਟ ਕੀਤਾ। ਹੈਰੋਦ ਜੀਸਸ ਨੂੰ ਜੌਹਨ ਦਾ ਹੀ ਦੋਬਾਰਾ ਜੀਵਿਤ ਹੋਣਾ ਮੰਨ ਕੇ ਉਸ ਨਾਲ ਵੀ ਸਨੇਹ ਕਰਦਾ ਸੀ। ਸੰਤ ਜੌਹਨ ਕਰ ਉਗਰਾਹਕਾਂ ਅਤੇ ਸਿਪਾਹੀਆਂ ਨੂੰ ਆਪਣੇ ਫ਼ਰਜ਼ ਈਮਾਨਦਾਰੀ ਨਾਲ ਪੂਰੇ ਕਰਨ ਲਈ ਕਹਿੰਦਾ ਸੀ ਅਤੇ ਉਨ੍ਹਾਂ ਨੂੰ ਵੀ ਪਿਆਰ ਕਰਦਾ ਸੀ। ਚੇਤੇ ਰਹੇ ਕਿ ਯਹੂਦੀ ਲੋਕ ਕਰ-ਉਗਰਾਹਕਾਂ ਅਤੇ ਸਿਪਾਹੀਆਂ ਨੂੰ ਬੁਰਾ ਸਮਝਦੇ ਸਨ। ਈਸਾਈ ਬਾਈਬਲ ਵਿਚ ਈਸਾ ਦੀ ਇਹ ਬਹੁਤ ਵਡੀ ਵਿਸ਼ੇਸ਼ਤਾ ਦੱਸੀ ਹੈ, ਕਿ ਉਹ ਕਰ-ਉਗਰਾਹਕਾਂ ਪ੍ਰਤੀ ਵੀ ਦਇਆਵਾਨ ਸੀ। ਹਕੀਕਤਨ ਇਹ ਮਿਸ਼ਨ ਸੰਤ ਜੌਹਨ ਨੇ ਸ਼ੁਰੂ ਕੀਤਾ ਸੀ, ਈਸਾ ਨੇ ਨਹੀਂ, ਜਿਹਾ ਕਿ ਇੰਜੀਲਾਂ ਵਿਚ ਦਰਸਾਇਆ ਹੈ। ਸੰਤ ਜੌਹਨ ਨੇ ਹੀ ਜਾਰਡਨ ਨਦੀ ਵਿਚ ਈਸਾ ਨੂੰ ਬਪਤਿਸਮਾ ਦਿੱਤਾ ਸੀ। ਉਹ ਈਸਾ ਤੋਂ ਪਹਿਲਾਂ ਸ਼ਹੀਦ ਵੀ ਹੋਇਆ ਸੀ, ਪਰ ਈਸਾਈ ਪੋਥੀਆਂ ਨੇ ਜਾਣ-ਬੁਝ ਕੇ ਉਸ ਨੂੰ ਛੋਟਾ ਵਿਖਾਉਣ ਦਾ ਯਤਨ ਕੀਤਾ ਹੈ। ਮਤੀ (Mathew) 3/11 ਵਿਚ ਲਿਖਿਆ ਹੈ, ਕਿ ਉਹ ਈਸਾ ਦੇ ਬੂਟ ਦੇ ਤਸਮੇ ਖੋਲ੍ਹਣ ਜੋਗਾ ਵੀ ਨਹੀਂ ਸੀ। ਯਾਨੀ ਕਿ ਈਸਾ ਦੇ ਗੁਰੂ ਦੀ ਨਿੰਦਿਆ। ਤਾਂ ਕਿ ਉਸ ਨੂੰ ਨੀਚਾ ਵਿਖਾ ਕੇ ਈਸਾ ਨੂੰ ਵੱਡਾ ਕੀਤਾ ਜਾਵੇ। ਈਸਾਈ ਕਹਿੰਦੇ ਹਨ ਕਿ ਉਹ ਤਾਂ ਸਿਰਫ਼ ਪਵਿਤਰ ਆਤਮਾ ਦੇ ਈਸਾ ਉੱਤੇ ਉਤਰਨ ਦਾ ਗਵਾਹ ਸੀ। ਈਸਾਈ ਪੋਥੀਆਂ ਵਿਚ ਉਸ ਨੂੰ ਮਾਤ੍ਰ ਈਸਾ ਦਾ ਰਾਹ ਪਧਰਾ ਕਰਨ ਵਾਲਾ ਦੱਸਿਆ ਹੈ।

ਈਸਾਈਆਂ ਨੇ ਈਸਾ ਨੂੰ ਪਰਮੇਸ਼ਰ ਬਣਾ ਦਿੱਤਾ ਹੈ ਜਦੋਂ ਕਿ ਬਾਈਬਲ ਵਿਚ ਉਸ ਨੂੰ ‘ਪ੍ਰਭੂ ਦਾ ਲੇਲਾ’ ਲਿਖਿਆ ਹੈ। ਉਸ ਦੇ ਜਨਮ ਸੰਬੰਧੀ ਸ਼ੰਕਾਵਾਂ ਦੂਰ ਕਰਨ ਦੇ ਯਤਨ ਨਾਲ ਚਾਰ ਇੰਜੀਲ ਪੋਥੀਆਂ ਵਿਚ ਈਸਾ ਨੂੰ 81 ਵਾਰ ‘ਆਦਮੀ ਦਾ ਪੁੱਤਰ’ ਲਿਖਿਆ ਗਿਆ ਹੈ, ਜਦੋਂ ਕਿ ਈਸਾਈ ਪ੍ਰਚਾਰਕ ਉਸ ਨੂੰ ਰੱਬ ਦਾ ਇਕਲੌਤਾ ਪੁੱਤਰ ਹੀ ਨਹੀਂ, ਸਗੋਂ ਰੱਬ ਪ੍ਰਚਾਰਦੇ ਹਨ ਅਤੇ ਕਹਿੰਦੇ ਹਨ ਕਿ ਸਿੱਖ ਗੁਰੂ ਤਾਂ ਮਨੁੱਖਾਂ ਦੇ ਪੁੱਤਰ ਸਨ, ਇਸ ਲਈ ਉਹ ਪਵਿਤ੍ਰ ਨਹੀਂ ਹੋ ਸਕਦੇ। ਜੇ ਮਨੁੱਖ ਦਾ ਪੁੱਤਰ ਹੋਣ ਨਾਲ ਪੈਗ਼ੰਬਰ ਛੋਟੇ ਹੋ ਜਾਂਦੇ ਹਨ, ਤਾਂ ਤੇ ਇੰਜੀਲ-ਪੋਥੀਆਂ ਵਿਚ ਈਸਾ ਨੂੰ ‘ਆਦਮੀ ਦਾ ਪੁੱਤਰ’ ਵਾਰ-ਵਾਰ ਲਿਖਿਆ ਹੈ, ਸਿੱਖਾਂ ਦੀ ਗੁਰਬਾਣੀ ਵਿਚ ਗੁਰੂ ਨੂੰ ਮਨੁੱਖ ਦਾ ਪੁੱਤਰ ਇਕ ਥਾਂ ’ਤੇ ਵੀ ਨਹੀਂ ਲਿਖਿਆ। ਨਿਸ਼ਚਿਤ ਹੀ ਗੁਰੂ, ਅਕਾਲ ਪੁਰਖ ਵਾਂਗ ਵੱਡਾ ਹੈ ‘‘ਪਾਰਬ੍ਰਹਮ ਗੁਰ ਨਾਹੀ ਭੇਦ ॥’’ (ਮ: ੫/੧੧੪੨) ਇਸ ਦਾ ਮਤਲਬ ਇਹ ਨਹੀਂ, ਕਿ ਮਨੁੱਖ ਦਾ ਪੁੱਤਰ ਹੋਣਾ ਕੋਈ ਪਾਪ ਹੈ। ਹਾਂ ਬਿਲਕੁਲ ਠੀਕ ! ਈਸਾਈ ਵਿਚਾਰਧਾਰਾ ਵਿਚ ਪਾਪ ਕਰਨ ਕਰ ਕੇ ਮਨੁੱਖ ਧਰਤੀ ਉੱਤੇ ਸੁੱਟਿਆ ਗਿਆ ਹੈ, ਇਸ ਲਈ ਉਹ ਮੂਲ ਪ੍ਰਵਿ੍ਰਤੀ ਕਾਰਨ ਸਦਾ ਅਪਵਿਤ੍ਰ ਹੈ, ਪਰ ਸਾਡੇ ਗੁਰੂ ਜੀ ਦੇ ਵਿਚਾਰ ਵਿਚ ਪਰਮਾਤਮਾ ਨੇ ਜੀਵ ਨੂੰ ਪੂਰਨ ਪਵਿਤ੍ਰਤਾ ਦੇ ਕੇ ਧਰਤੀ ਉੱਤੇ ਭੇਜਿਆ ਹੈ ‘‘ਇਸੁ ਦੇਹੀ ਵਿਚਿ; ਸਭ ਵਥੁ ਪਾਈ ॥ (ਮ: ੩/੧੦੬੪), ਇਸ ਦੇਹੀ ਕਉ ਸਿਮਰਹਿ ਦੇਵ ॥’’ (ਭਗਤ ਕਬੀਰ/੧੧੫੯), ਆਦਿ ਭਾਵ ਮਨੁੱਖਾ ਸਰੀਰ ਅਤੇ ਇਹ ਧਰਤੀ, ਬਾਈਬਲ ਵਾਂਗ ਮਨੁਖ ਨੂੰ ਪਾਪਾਂ ਦੀ ਸਜ਼ਾ ਦੇਣ ਵਾਸਤੇ ਨਹੀਂ ਬਣਾਈ, ਬਲਕਿ ਰੱਬ ਨੇ ਦੈਵੀ-ਪਵਿਤ੍ਰਤਾ ਨਾਲ ਉਤਾਰੇ ਸਾਰੇ ਜੀਵ ਬੱਚਿਆਂ ਦੇ ਖੇਡਣ ਵਾਸਤੇ ਵੱਡਾ ਅਤੇ ਸੁਖਦਾਈ ਪਲੇਅ-ਗਰਾਊਂਡ ਸਜਾਇਆ ਹੈ, ਜਿੱਥੇ ਜੀਵ ਸੁੱਟੇ ਨਹੀਂ ਜਾਂਦੇ, ਪਿਆਰ ਨਾਲ ਭੇਜੇ ਜਾਂਦੇ ਹਨ। ਉਹ ਜੀਵਨ ਖੇਡ ਖੇਡਦੇ ਹਨ ਅਤੇ ਬਹੁਤ ਪਿਆਰ ਨਾਲ ਵਾਪਸ ਬੁਲਾ ਲਏ ਜਾਂਦੇ ਹਨ। ਰੱਬ ਤੋਂ ਆਉਂਦੇ ਹਨ, ਰੱਬ ਕੋਲ ਚਲੇ ਜਾਂਦੇ ਹਨ ‘‘ਘਲੇ ਆਵਹਿ ਨਾਨਕਾ ! ਸਦੇ ਉਠੀ ਜਾਹਿ ॥’’ (ਮ: ੨/੧੨੩੯) ਨਾ ਕੋਈ ਸਵਰਗ ਦਾ ਝੂਠਾ ਲਾਲਚ, ਨਾ ਨਰਕ ਤੋਂ ਭੈਅ-ਭੀਤ ਹੋ ਕੇ ਜੀਵਨ ਦਾ ਆਨੰਦ ਖ਼ਰਾਬ ਕਰਨ ਦੀ ਲੋੜ। ਈਸਾਈਆਂ ਦੇ ਸਿਧਾਂਤ ਵਿਚ ਪਾਪ ਮਨੁੱਖ ਦੀ ਆਤਮਾ ਵਿਚ ਡੂੰਘਾ ਵਸਿਆ ਹੋਇਆ ਹੈ, ਸਿੱਖ ਵਿਚਾਰਧਾਰਾ ਵਿਚ ਜੀਵਾਂ ਦੇ ਧੁਰ ਅੰਦਰ ਰੱਬ ਦੇ ਅਸੀਮ ਪਵਿਤ੍ਰ ਪ੍ਰਕਾਸ਼ ਦਾ ਨਿਵਾਸ ਹੈ ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ ॥’’ (ਮ: ੯/੧੪੨੭)

ਜਿਸ ਬੀਬੀ ਦੀਆਂ ਸਿੱਖ-ਵਿਰੋਧੀ ਟਿੱਪਣੀਆਂ ਚਰਚਿਤ ਹੋਈਆਂ ਹਨ, ਉਹ ਸਿੱਖਾਂ ਉੱਤੇ ਸ਼ਰਾਬੀ ਹੋਣ ਦਾ ਇਲਜ਼ਾਮ ਲਗਾਉਂਦੀ ਹੈ, ਪਰ ਉਹ ਨਹੀਂ ਜਾਣਦੀ ਕਿ ਸਾਰੇ ਸਿੱਖ ਸਾਹਿਤ ਵਿਚ ਕਿਤੇ ਵੀ ਇਹ ਨਹੀਂ ਲਿਖਿਆ, ਕਿ ਦਸ ਗੁਰੂ ਸਾਹਿਬਾਨ ਵਿਚੋਂ ਕਿਸੇ ਨੇ ਵੀ ਸ਼ਰਾਬ ਦਾ ਸੇਵਨ ਕੀਤਾ ਹੋਵੇ, ਪਰ ਆਓ ! ਜ਼ਰਾ ਬਾਈਬਲ ਦੇ ਦਰਸ਼ਨ ਕਰੀਏ। ਜੌਹਨ 2/1 ਤੋਂ 2/11 ਵਿਚ ਲਿਖਿਆ ਹੈ ਕਿ ਈਸਾ ਕਾਨਾ (cana), ਇਕ ਵਿਆਹ ਵਿਚ ਗਿਆ ਸੀ। ਉਸ ਦੀ ਮਾਤਾ ਮਰੀਅਮ ਵੀ ਨਾਲ ਸੀ। ਸਮਾਗਮ ਵਿਚ ਸ਼ਰਾਬ ਮੁਕ ਗਈ। ਮਰੀਅਮ ਦੇ ਕਿਉਂਕਿ ਉਹ ਨਜ਼ਦੀਕੀ ਰਿਸ਼ਤੇਦਾਰ ਸਨ, ਇਸ ਲਈ ਉਸ ਨੇ ਆਪਣੇ ਪੁੱਤਰ ਯਿਸ਼ੂ ਕੋਲ ਚਿੰਤਾ ਪ੍ਰਗਟ ਕੀਤੀ, ਕਿ ਮਹਿਮਾਨ ਅਜੇ ਆ ਰਹੇ ਹਨ, ਪਰ ਸ਼ਰਾਬ ਹੁਣੇ ਹੀ ਮੁਕ ਗਈ ਹੈ। ਇਸ ਦਾ ਪ੍ਰਬੰਧ ਕਰਨਾ ਪਵੇਗਾ। ਈਸਾ ਨੇ ਕਿਹਾ ਕਿ 6 ਵੱਡੇ ਘੜੇ ਪਾਣੀ ਨਾਲ ਭਰ ਦਿਓ। ਕਰਾਮਾਤ ਨੂੰ ਵੱਡਾ ਕਰਨ ਲਈ ਮਟਕੇ ਇਤਨੇ ਵੱਡੇ ਦੱਸੇ ਹਨ, ਕਿ ਤਿੰਨ ਮਟਕਿਆਂ ਵਿਚ 68X3 ਲਿਟਰ ਅਤੇ ਤਿੰਨ ਵਿਚ 102X3 ਲਿਟਰ ਪਾਣੀ ਪੈਂਦਾ ਸੀ। ਸਾਰੇ ਮਟਕਿਆਂ ਦਾ 510 ਲਿਟਰ ਪਾਣੀ ਵਧੀਆ ਕਿਸਮ ਦੀ ਸ਼ਰਾਬ ਬਣ ਗਈ। ਜਿਸ ਦਾ ਨਜ਼ਾਰਾ ਲੈਂਦਿਆਂ ਲੋਕ ਹੈਰਾਨ ਸਨ, ਕਿ ਸਮਾਗਮ ਦੇ ਅੰਤ ਤੀਕ ਇਤਨੀ ਵਧੀਆ ਸ਼ਰਾਬ ਕਿਵੇਂ ਵਰਤ ਰਹੀ ਹੈ  ? ਉਹ ਵਿਚਾਰੇ ਅਣਜਾਣ ਜੁ ਸਨ, ਨਹੀਂ ਜਾਣਦੇ ਸਨ, ਕਿ ਇਹ ਪ੍ਰਭੂ ਜੀ ਦੀ ਬਰਕਤ ਹੈ। ਬਾਈਬਲ ਵਿਚ ਸਪਸ਼ਟ ਉਲੇਖ ਹੈ ਕਿ ਈਸਾ ਨੇ last supper ਸਮੇਂ ਚੇਲਿਆਂ ਨਾਲ ਮਿਲ ਕੇ ਸ਼ਰਾਬ ਪੀਤੀ ਸੀ। ਹੋਰ ਵੇਖੋ ਈਸਾ ਦੀ ਘੋਸ਼ਣਾ। ਲੂਕਾ 7/33 ਵਿਚ ਈਸਾ ਕਹਿੰਦਾ ਹੈ- ਕਿ ਸੰਤ ਯੁਹੰਨਾ ਸ਼ਰਾਬ ਨਹੀਂ ਸੀ ਪੀਂਦਾ, ਤਾਂ ਤੁਸੀਂ ਉਸ ਨੂੰ ਰਾਕਸ਼ ਕਹਿੰਦੇ ਸੀ। ਹੁਣ ਮੈਂ ਸ਼ਰਾਬ ਪੀਂਦਾ ਹਾਂ, ਤਾਂ ਮੈਨੂੰ ਸ਼ਰਾਬੀ, ਟੈਕਸ ਉਗਰਾਹੁਣ ਵਾਲਿਆਂ ਅਤੇ ਪਾਪੀਆਂ ਦਾ ਮਿਤਰ ਕਹਿੰਦੇ ਹੋ। ਅੰਤਮ ਸਮੇਂ ਵੀ ਉਸ ਦੇ ਮੂੰਹ ਵਿਚ ਸ਼ਰਾਬ ਪਾਈ ਗਈ ਸੀ, ਪਰ ਹੋਰ ਪਦਾਰਥਾਂ ਦੀ ਮਿਲਾਵਟ ਹੋਣ ਕਾਰਨ, ਉਨ੍ਹਾਂ ਨੇ ਨਹੀਂ ਪੀਤੀ ਜਦੋਂ ਕਿ ਗੁਰਬਾਣੀ ਦਾ ਨਸ਼ੇ ਬਾਰੇ ਸਪਸ਼ਟ ਫ਼ੁਰਮਾਨ ਹੈ : ‘‘ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥ ਜਿਤੁ ਪੀਤੈ, ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ, ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥’’ (ਮ: ੩/੫੫੪)

ਕੋਈ ਸੰਦੇਹ ਨਹੀਂ ਕਿ ਈਸਾਈਅਤ ਨਾ ਧਰਮ ਗ੍ਰੰਥ ਉੱਤੇ ਟਿਕੀ ਹੈ, ਨਾ ਉੱਤਮ ਵਿਚਾਰਧਾਰਾ ਇਸ ਦਾ ਆਧਾਰ ਰਹੀ ਹੈ। ਇਹ ਟਿਕੀ ਹੈ ਈਸਾ ਦੀ ਸੂਲੀ ਉੱਤੇ। ਈਸਾਈ ਪ੍ਰਚਾਰਕ ਇਸ ਨੂੰ ਇੰਞ ਪ੍ਰਚਾਰਦੇ ਹਨ, ਕਿ ਸੰਸਾਰ ਦੇ ਦੁਖ ਆਪਣੇ ਉੱਤੇ ਲੈਣ ਵਾਲੀ ਹੋਰ ਕੋਈ ਸ਼ਹਾਦਤ ਇਸ ਸੂਲੀ ਦੇ ਬਰਾਬਰ ਦੀ ਨਹੀਂ। ਬਾਈਬਲ ’ਤੇ ਆਉਣ ਤੋਂ ਪਹਿਲਾਂ ਸਪਸ਼ਟ ਕਰ ਦੇਵਾਂ, ਕਿ ਗੁਰੂ ਗੋਬਿੰਦ ਸਿੰਘ ਜੀ ਦੇ 9 ਅਤੇ 7 ਸਾਲ ਦੇ ਛੋਟੇ ਸਾਹਿਬਜ਼ਾਦਿਆਂ ਦਾ ਨੀਹਾਂ ਵਿਚ ਚਿਣੇ ਜਾਣ ਅਤੇ ਬਹਾਦਰੀ ਨਾਲ ਸ਼ਹੀਦ ਹੋਣ ਦੀ ਮਿਸਾਲ ਮਾਨਵਤਾ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ। ਸ਼੍ਰੀ ਗੁਰੂ ਅਰਜਨ ਦੇਵ ਜੀ ਤਤੀ ਤਵੀ ’ਤੇ ਬੈਠੇ ਤਾਂ ਰੱਬ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਕੀਤਾ। ਭਾਣਾ ਮਿੱਠਾ ਕਰ ਕੇ ਮੰਨਿਆ

‘‘ਤੇਰਾ ਕੀਆ ਮੀਠਾ ਲਾਗੈ ॥’’ (ਮ: ੫/੩੯੪) ਗੁਰੂ ਤੇਗ਼ ਬਹਾਦਰ ਜੀ ਨਾਲ ਤਿੰਨ ਸਿੱਖ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਨੂੰ ਕ੍ਰਮਵਾਰ ਰੂੰ ਵਿਚ ਲਪੇਟ ਕੇ ਸਾੜਿਆ, ਆਰੇ ਨਾਲ ਚੀਰਿਆ, ਦੇਗ਼ ਵਿਚ ਉਬਾਲਿਆ ਗਿਆ, ਪਰ ਹਕੂਮਤ ਕਿਸੇ ਨੂੰ ਮੁਸਲਮਾਨ ਨਾ ਬਣਾ ਸਕੀ। ਬਿਨਾ ਡੋਲੇ ਸਿੱਖਾਂ ਨੇ ਸਿਦਕ ਨਾਲ ਗੁਰੂ ਲਈ ਕੁਰਬਾਨੀ ਦਿੱਤੀ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਲਈ ਕਿਸੇ ਵਿਰੋਧੀ ਨੇ ਵੀ ਨਹੀਂ ਲਿਖਿਆ, ਕਿ ਉਹ ਰਤਾ-ਭਰ ਵੀ ਡੋਲੇ ਹੋਣ। ਸੈਂਕੜੇ ਸਿੱਖ ਚਰਖੀਆਂ ’ਤੇ ਚੜ੍ਹੇ, ਬੰਦ-ਬੰਦ ਕਟਵਾਏ, ਖੋਪਰੀਆਂ ਉਤਰਵਾਈਆਂ ਗਈਆਂ, ਪਰ ਕੋਈ ਡੋਲਿਆ ਨਹੀਂ, ਕੋਈ ਸਿੱਖ ਬੱਚਾ ਵੀ ਮੌਤ ਤੋਂ ਨਹੀਂ ਘਬਰਾਇਆ, ਪਰ ਹੁਣ ਜ਼ਰਾ ਬਾਈਬਲ ਦੀਆਂ ਕਹਾਣੀਆਂ ਵੇਖ ਲਈਏ। ਯੋਰੋਸ਼ਲਮ ਦੇ ਨਜ਼ਦੀਕ ਘੁੰਮਦਿਆਂ ਪੈਗ਼ੰਬਰ ਈਸਾ ਆਪਣਾ ਵਿਰੋਧ ਅਤੇ ਦੁਸ਼ਮਣ ਦੀਆਂ ਸਰਗਰਮੀਆਂ ਵੇਖ ਕੇ ਮਹਿਸੂਸ ਕਰ ਚੁੱਕੇ ਸਨ, ਕਿ ਹੁਣ ਉਹ ਜਲਦੀ ਪਕੜੇ ਜਾਣਗੇ। ਉਨ੍ਹਾਂ ਨੇ ਆਪਣੇ 12 ਚੇਲਿਆਂ ਨਾਲ ਭੋਜਨ ਕਰਨ ਦਾ ਮਨ ਬਣਾਇਆ। ਇਸ ਨੂੰ ਲਾਸਟ ਸਪਰ Last Supper ਦਾ ਨਾਮ ਦਿੱਤਾ ਗਿਆ। ਉਸ ਦਿਨ 12 ਚੇਲਿਆਂ ਵਿਚ ਕਿਸ ਕੁਰਸੀ ’ਤੇ ਕੌਣ ਬੈਠੇ ਇਸ ਨੂੰ ਲੈ ਕੇ ਹੀ ਤਕਰਾਰ ਹੋ ਗਈ। ਈਸਾ ਨੇ ਕਿਹਾ ਮੇਰਾ ਦਿਲ ਘਬਰਾਅ ਰਿਹਾ ਹੈ, ਤੁਸਾਂ ਮੇਰੇ ਆਸ-ਪਾਸ ਰਹਿਣਾ। ਉਸ ਨੇ ਇਹ ਵੀ ਸੰਦੇਹ ਪ੍ਰਗਟ ਕੀਤਾ, ਕਿ ਇਸ ਸੰਕਟ ਵਿਚ ਤੁਸੀਂ ਮੇਰਾ ਸਾਥ ਛੱਡ ਜਾਓਗੇ। ਮਤੀ 26/33, ਮਾਰਕਸ 14/29, ਲੂਕ 22/33, ਜੌਹਨ 13/36 ਵਿਚ ਲਿਖਿਆ ਹੈ, ਕਿ ਪੀਟਰਸ ਦ੍ਰਿੜ੍ਹਤਾ ਨਾਲ ਕਹਿਣ ਲੱਗਾ, ਕਿ ਭਾਵੇਂ ਸਾਰੇ ਤੇਰਾ ਸਾਥ ਛੱਡ ਜਾਣ, ਪਰ ਮੈਂ ਕਦੇ ਨਹੀਂ ਛੱਡਾਂਗਾ। ਈਸਾ ਨੇ ਕਿਹਾ ਇਸੇ ਰਾਤ ਮੁਰਗੇ ਦੀ ਬਾਂਗ ਤੋਂ ਪਹਿਲਾਂ ਤੂੰ ਮੇਰੇ ਤੋਂ ਤਿੰਨ ਵਾਰ ਮੂੰਹ ਫੇਰ ਜਾਵੇਂਗਾ। ਪੀਟਰਸ ਨੇ ਕਿਹਾ ਕਿ ਮੇਰੀ ਜਾਨ ਵੀ ਜਾਵੇ, ਤਾਂ ਵੀ ਤੇਰੇ ਤੋਂ ਇਨਕਾਰੀ ਨਹੀਂ ਹੋ ਸਕਦਾ।

ਉਸ ਵੇਲੇ ਈਸਾ ਨੇ ਬਹੁਤ ਉਦਾਸੀ ਅਤੇ ਦੁੱਖ ਵਿਚ ਭੋਜਨ ਕੀਤਾ। ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਤੁਸਾਂ ਇੱਥੇ ਹੀ ਜਾਗਦੇ ਰਹਿਣਾ, ਸੌਣਾ ਨਹੀਂ ਅਤੇ ਪੀਟਰਸ ਨੂੰ ਲੈ ਕੇ ਚਲਾ ਗਿਆ। ਪੀਟਰਸ ਨੂੰ ਇਕ ਸਥਾਨ ’ਤੇ ਸੁਚੇਤ ਰਹਿਣ ਲਈ ਖੜ੍ਹਾ ਕਰ ਦਿੱਤਾ ਅਤੇ ਥੋੜ੍ਹਾ ਅਗੇ ਜਾ ਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ, ‘ਹੇ ਪਿਤਾ ਜੇ ਸੰਭਵ ਹੋਵੇ ਤਾਂ ਇਹ ਪਿਆਲਾ ਟਲ ਜਾਵੇ (ਭਾਵ ਮੌਤ ਟਲ ਜਾਵੇ), ਨਹੀਂ ਤਾਂ ਜਿਵੇਂ ਤੇਰੀ ਇਛਾ ਹੋਵੇ’। ਤਿੰਨ ਵਾਰ ਇਹ ਪ੍ਰਾਰਥਨਾ ਕੀਤੀ ਗਈ। ਫਿਰ ਕਿਹਾ, ‘ਆਤਮਾ ਤਾਂ ਤਿਆਰ ਹੈ, ਪਰ ਸਰੀਰ ਅਜੇ ਕਮਜ਼ੋਰ ਹੈ।’ ਸਵਰਗ ਤੋਂ ਇਕ ਫ਼ਰਿਸ਼ਤਾ ਆਇਆ, ਉਸ ਨੇ ਹੌਸਲਾ ਦਿੱਤਾ। ਇੰਜੀਲ ਅਨੁਸਾਰ ਇਸ ਪ੍ਰੇਸ਼ਾਨੀ ਸਮੇਂ ‘ਧਰਤੀ ਉੱਤੇ ਉਸ ਦਾ ਪਸੀਨਾ ਇੰਞ ਡਿੱਗ ਰਿਹਾ ਸੀ, ਜਿਵੇਂ ਖੂਨ ਦੀਆਂ ਬੂੰਦਾਂ ਡਿੱਗ ਰਹੀਆਂ ਹੋਣ’। ਪ੍ਰਾਰਥਨਾ ਤੋਂ ਵਾਪਸ ਪਰਤਿਆ ਤਾਂ ਪੀਟਰਸ ਵੀ ਸੁਤਾ ਪਿਆ ਸੀ। 12 ਚੇਲਿਆਂ ਵਿਚੋਂ ਯਹੂਦਾ ਇਸਕ੍ਰਿਯੋਤੀ ਨੇ ਚਾਂਦੀ ਦੇ 30 ਰੁਪਿਆਂ ਦੇ ਲਾਲਚ ਵਿਚ ਈਸਾ ਨੂੰ ਪਕੜਵਾ ਦਿੱਤਾ ਸੀ। ਪਕੜੇ ਜਾਣ ਤੋਂ ਪਹਿਲਾਂ ਉਸ ਨੇ ਚੇਲਿਆਂ ਨੂੰ ਕਿਹਾ ‘ਮੇਰੀ ਆਤਮਾ ਮੌਤ ਤੋਂ ਬਹੁਤ ਘਬਰਾ ਰਹੀ ਹੈ। ਇੱਥੇ ਮੇਰੇ ਕੋਲ ਰਹਿ ਕੇ ਸਭ ਕੁਝ ਵੇਖੋ’। ਜਦੋਂ ਪ੍ਰਾਰਥਨਾ ਕਰ ਕੇ ਆਇਆ ਵੇਖਿਆ ‘ਸਭ ਸੁਤੇ ਪਏ ਸਨ।’ ਅਫਸੋਸ ਵਿਚ ਕਿਹਾ- ਇਕ ਘੰਟਾ ਵੀ ਮੇਰੇ ਨਾਲ ਸਭ ਕੁਝ ਨਹੀਂ ਸੀ ਵੇਖ ਸਕਦੇ।

ਪਕੜੇ ਜਾਣ ਪਿਛੋਂ ਈਸਾ ਨੂੰ ਮੁੱਖ ਪੁਜਾਰੀ ਦੇ ਘਰ ਲਿਆਂਦਾ ਗਿਆ। ਭੀੜ ਵਿਚ ਪੀਟਰਸ ਵੀ ਇਹ ਸੋਚ ਕੇ ਖੜ੍ਹਾ ਹੋ ਗਿਆ, ਕਿ ਮੈਨੂੰ ਕਿਹੜਾ ਕਿਸੇ ਨੇ ਪਛਾਣ ਲੈਣਾ ਹੈ। ਵਿਚਕਾਰ ਅੱਗ ਬਾਲ ਕੇ ਲੋਕ ਆਲੇ-ਦੁਆਲੇ ਇਕਤਰ ਹੋਏ ਸਨ। ਅੱਗ ਦੇ ਚਾਨਣ ਵਿਚ ਇਕ ਨੌਕਰਾਨੀ ਕੁੜੀ ਨੇ ਕਿਹਾ, ‘ਇਹ ਆਦਮੀ ਵੀ ਇਸ ਦੇ ਨਾਲ ਹੀ ਸੀ’। ਪੀਟਰਸ ਨੇ ਕਿਹਾ ‘ਹੇ ਕੁੜੀਏ ! ਮੈਂ ਇਸ ਨੂੰ ਜਾਣਦਾ ਹੀ ਨਹੀਂ ਹਾਂ’। ਕੁਝ ਦੇਰ ਬਾਅਦ ਕੁੜੀ ਨੇ ਫਿਰ ਕਿਹਾ, ‘ਇਹ ਇਸ ਦੇ ਨਾਲ ਦਾ ਹੀ ਹੈ।’ ਪੀਟਰਸ ਫਿਰ ਆਖਿਆ- ਮੈਂ ਨਹੀਂ ਜਾਣਦਾ ਇਹ ਕੌਣ ਹੈ ? ਭੀੜ ਵਿਚੋਂ ਕਈਆਂ ਨੇ ਕਿਹਾ- ਯਕੀਨਨ ਤੂੰ ਇਸ ਦੇ ਨਾਲ ਦਾ ਹੀ ਹੈਂ। ਪੀਟਰਸ ਨੇ ਲੋਕਾਂ ਨੂੰ ਕਿਹਾ, ਕਿ ਮੇਰੀ ਕਿਸਮਤ ਖ਼ਰਾਬ ਹੈ, ਕਿ ਤੁਸੀਂ ਮੈਨੂੰ ਇਸ ਦਾ ਸਾਥੀ ਮੰਨਦੇ ਹੋ, ਮੈਂ ਸੌਂਹ ਖਾ ਕੇ ਕਹਿੰਦਾ ਹਾਂ, ਕਿ ਮੈਂ ਇਸ ਬੰਦੇ ਨੂੰ ਨਹੀਂ ਜਾਣਦਾ। ਇਹ ਪੀਟਰਸ ਈਸਾ ਦੀ ਉਹ ਦ੍ਰਿੜ੍ਹ-ਵਿਸ਼ਵਾਸੀ ਚਟਾਨ ਸੀ, ਜਿਸ ਉੱਤੇ ਉਹ ਕਹਿੰਦਾ ਸੀ, ਮੈਂ ਆਪਣੇ ਚਰਚ ਦੀ ਨੀਂਹ ਰੱਖਣੀ ਹੈ। ਜ਼ਰਾ, ਈਸਾ ਦੇ ਇਸ ਸਭ ਤੋਂ ਪੱਕੇ ਮਜ਼ਬੂਤ ਵਿਸ਼ਵਾਸ ਵਾਲੇ ਪੀਟਰਸ ਦਾ ਮੁਕਾਬਲਾ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨਾਲ ਕਰ ਕੇ ਵੇਖੋ ।

ਈਸਾ ਵਿਰੁਧ ਸ਼ਿਕਾਇਤ ਸੀ, ਕਿ ਉਹ ਆਪਣੇ-ਆਪ ਨੂੰ ਯਹੂਦੀਆਂ ਦਾ ਬਾਦਸ਼ਾਹ ਕਹਿੰਦਾ ਹੈ। ਇਸ ਸੰਬੰਧੀ ਗਵਰਨਰ ਪਿਲਾਤੁਸ ਨੇ ਪੁੱਛਿਆ, ‘ਕੀ ਤੂੰ ਸਹਿਨਸ਼ਾਹ ਅਖਵਾਉਂਦਾ ਹੈਂ’? ਉਸ ਨੇ ਕਿਹਾ ਮੈਂ ਸਵਰਗ ਦਾ ਸ਼ਹਿਨਸ਼ਾਹ ਹਾਂ, ਧਰਤੀ ਦਾ ਨਹੀਂ। ਗਵਰਨਰ ਦਾ ਅਗਲਾ ਸਵਾਲ- ਬਾਦਸ਼ਾਹ ਸੀਜ਼ਰ ਨੂੰ ਸ਼ਾਹੀ ਟੈਕਸ ਦੇਣਾ ਚਾਹੀਦਾ ਹੈ ਕਿ ਨਹੀਂ ? ਈਸਾ ਦਾ ਉਤਰ ਸੀ- ਬਾਦਸ਼ਾਹ ਦਾ ਬਾਦਸ਼ਾਹ ਨੂੰ ਦਿਓ, ਰੱਬ ਦਾ ਰੱਬ ਨੂੰ ਦਿਓ। ਭਾਵ ਉਹ ਸਜ਼ਾ ਤੋਂ ਡਰ ਗਿਆ ਸੀ। ਯਹੂਦੀਆਂ ਦੇ ਦੁਸ਼ਮਣ ਰੋਮਨ ਬਾਦਸ਼ਾਹ ਦਾ ਵਿਰੋਧ ਕਰਨ ਦਾ ਸਾਹਸ ਉਸ ਵਿਚ ਨਹੀਂ ਸੀ। ਉਸ ਨੇ ਆਪਣੇ-ਆਪ ਨੂੰ ਹਕੂਮਤ ਦਾ ਵਫ਼ਾਦਾਰ ਸਿਧ ਕਰਨ ਦਾ ਯਤਨ ਕੀਤਾ। ਹੁਣ ਗੁਰੂ ਗੋਬਿੰਦ ਸਿੰਘ ਦਾ ਔਰੰਗ਼ਜ਼ੇਬ ਨੂੰ ਲਿਖਿਆ ਆਪਣਾ ਪੱਤਰ ਵੇਖੋ, ਜੋ ਉਨ੍ਹਾਂ ਚਾਰੇ ਪੁੱਤਰ ਸ਼ਹੀਦ ਹੋਣ ਪਿੱਛੋਂ ਲਿਖਿਆ ਹੈ- ‘‘ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ  ? ॥ ਕਿ ਬਾਕੀ ਬਿਮਾਂਦਅਸਤੁ ਪੇਚੀਦਹ ਮਾਰ ॥੭੮॥’’ (ਜ਼ਫ਼ਰਨਾਮਾ) ਭਾਵ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ, ਅਜੇ ਤਾਂ ਕੁੰਡਲੀਦਾਰ ‘ਖ਼ਾਲਸਾ’ ਬਾਕੀ ਹੈ।

ਦਸਮੇਸ਼ ਪਿਤਾ ਜੀ ਔਰੰਗਜ਼ੇਬ ਨੂੰ ਦ੍ਰਿੜ੍ਹਤਾ ਨਾਲ ਕਹਿੰਦੇ ਹਨ : ‘‘ਨ ਈਮਾਂ ਪ੍ਰਸਤੀ, ਨ ਆਜ਼ਾਇ ਦੀਂ ॥ ਨ ਸਾਹਿਬ ਸ਼ਨਾਸੀ, ਨ ਮਹੰਮਦ ਯਕੀਂ ॥੪੬॥’’ (ਜ਼ਫ਼ਰਨਾਮਾ) ਭਾਵ ਨਾ ਇਹ (ਔਰੰਗਜ਼ੇਬ) ਧਰਮ ਦਾ ਪਾਲਨ ਕਰਦਾ ਹੈ, ਨਾ ਧਰਮ ਨੂੰ ਮੰਨਦਾ ਹੈ, ਨਾ ਇਸ ਨੂੰ ਪ੍ਰਭੂ ਦੀ ਸਮਝ ਹੈ, ਨਾ ਹਜਰਤ ਮੁਹੰਮਦ ’ਤੇ ਯਕੀਨ ਹੈ।

ਅੱਜ ਈਸਾਈ ਪ੍ਰਚਾਰਕ ਈਸਾ ਦੇ ਨਾਮ ਉੱਤੇ ਸਭ ਸੰਸਾਰ ਦੇ ਦੁਖ-ਰੋਗ ਦੂਰ ਕਰਦੇ ਫਿਰਦੇ ਹਨ। ਉਹ ਜਦੋਂ ਸੂਲੀ ਟੰਗਿਆ ਸੀ, ਤਾਂ ਕੋਲ ਹੀ ਦੋ ਚੋਰ ਵੀ ਸੂਲੀ ਚੜ੍ਹੇ ਹੋਏ ਸਨ। ਉਹ ਈਸਾ ਨੂੰ ਕਹਿੰਦੇ ਸਨ, ਕਿ ਜੇ ਤੇਰੇ ਵਿਚ ਸ਼ਕਤੀ ਹੈ ਤਾਂ ਸਲੀਬ ਤੋਂ ਉੱਤਰ ਕੇ ਵਿਖਾ।

ਅਸਾਂ ਭਾਣੇ ਦੀ ਗੱਲ ਕੀਤੀ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ‘‘ਤੇਰਾ ਕੀਆ ਮੀਠਾ ਲਾਗੈ ॥’’ (ਮ: ੫/੩੯੪) ਦੇ ਵਿਸ਼ਵਾਸ ’ਤੇ ਦ੍ਰਿੜ੍ਹ ਸਨ। ‘ਅਯੂਬ’ ਦੇ ਭਾਣਾ ਮੰਨਣ ਦੀ ਕਥਾ ਬਹੁਤ ਉੱਚੀ ਹੈ, ਪਰ ਈਸਾ ਨੇ ਸੂਲੀ ਉੱਤੇ ਅੰਤ ਸਮੇਂ ਉਦਾਸੀ ਅਤੇ ਦੁਖ ਵਿਚ ਕਿਹਾ ਸੀ- ਹੇ ਮੇਰੇ ਪਰਮਾਤਮਾ ! ਹੇ ਪਰਮਾਤਮਾ ! ਤੂੰ ਮੈਨੂੰ ਕਿਉਂ ਭੁਲਾ ਦਿੱਤਾ ਹੈ ? ਫਿਰ ਉੱਚੀ ਆਵਾਜ਼ ਕੀਤੀ ਅਤੇ ਚਲਾਣਾ ਕਰ ਗਿਆ। ਜਿਸ ਨੂੰ ਈਸਾਈ ਪਰਮੇਸ਼ਰ ਕਹਿੰਦੇ ਹਨ, ਬਾਈਬਲ ਅਨੁਸਾਰ ਉਸ ਨੂੰ ਲੱਗਿਆ ਕਿ ਭੀੜ ਵਿਚ ਪਰਮੇਸ਼ਰ ਵੀ ਉਸ ਦਾ ਸਾਥ ਛੱਡ ਗਿਆ ਹੈ ਅਰਥਾਤ ਉਸ ਨੂੰ ਰੱਬ ਉੱਤੇ ਵੀ ਕੱਚਾ ਜਿਹਾ ਵਿਸ਼ਵਾਸ ਰਹਿ ਗਿਆ ਸੀ।

ਕੇਵਲ ਗੁਰੂ ਨਾਨਕ ਦੇਵ ਜੀ ਦਾ ਧਰਮ-ਮਿਸ਼ਨ ਸਭ ਲਈ ਸਾਂਝਾ ਹੈ। ਉਹ ਨਾ ਪੰਜਾਬ ਦੀਆਂ ਸੀਮਾਵਾਂ ਵਿਚ ਕੈਦ ਹੈ, ਨਾ ਭਾਰਤ ਦੀਆਂ। ਨਾ ਕੇਵਲ ਕਿਸੇ ਇਕ ਕੌਮ ਦੇ ਉਥਾਨ ਵਾਸਤੇ ਹੈ, ਨਾ ਕਿਸੇ ਪੰਥ ਦੀ ਧਾਰਮਿਕ ਮਰਯਾਦਾ ਤੀਕ ਸੀਮਿਤ ਹੈ। ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦੀ ਬੁਨਿਆਦੀ ਸਮੱਸਿਆ ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ? ॥’’ (ਜਪੁ) ਉੱਤੇ ਕੇਂਦ੍ਰਿਤ ਹੈ, ਜਿਸ ਦਾ ਭਾਵ ਹੈ ਮਨੁੱਖ ਸਚ ਦਾ ਧਾਰਨੀ ਕਿਵੇਂ ਬਣੇ ਅਤੇ ਕਿਵੇਂ ਉਸ ਦੀ ਝੂਠ ਤੋਂ ਮੁਕਤੀ ਹੋਵੇ  ? ਈਸਾਈਅਤ ਦਾ ਨਿਸ਼ਾਨਾ ਲੋਕਾਂ ਨੂੰ ਸਵਰਗ ਵਿਚ ਪਹੁੰਚਾਉਣਾ ਹੈ, ਜਿੱਥੇ ਈਸਾ ਰੱਬ ਦੇ ਸੱਜੇ ਹੱਥ ਬੈਠਿਆ ਹੈ। ਇਹ ਛੋਟਾ ਜਿਹਾ ਰੱਬ ਹੈ ਈਸਾਈਆਂ ਦਾ, ਜਿਸ ਦਾ ਸੱਜਾ-ਖੱਬਾ ਹੱਥ ਵੀ ਹੈ। ਸਤਵੇਂ ਆਕਾਸ਼ ਤੋਂ ਹੇਠਾਂ ਧਰਤੀ ਤਾਂ ਦਿਸਦੀ ਹੀ ਨਹੀਂ ਹੋਣੀ, ਕਿਉਂਕਿ ਉਹ ਹੇਠਲੇ ਪਾਸੇ ਆ ਜਾਂਦੀ ਹੈ। ਸਿੱਖਾਂ ਦੇ ਅਕਾਲ ਪੁਰਖ ਦੀਆਂ ਦਸੇ ਦਿਸ਼ਾਵਾਂ ਹਨ। ਨਾ ਕੋਈ ਸੱਜਾ ਹੱਥ ਹੈ, ਨਾ ਖੱਬਾ। ਉਹ ਨਾ ਸਿੱਖਾਂ ਦਾ ਪੱਖਪਾਤੀ ਹੈ, ਨਾ ਹੋਰ ਕਿਸੇ ਦਾ। ਸੱਚ ਦਾ ਪੱਖ ਪੂਰਦਾ ਹੈ, ਝੂਠ ਸਿਰਫ਼ ਜਗਤ ਦੀ ਖੇਡ ਵਾਸਤੇ ਹੈ। ਉਹ ਆਦਿ-ਅੰਤ ਸੱਚ ਹੈ। ਜਗਤ ਵਿਚ ਵੀ ਸਤਿ-ਸਰੂਪ ਹੈ। ਮਨੁੱਖ, ਬਿਨਾ ਕਿਸੇ ਭੇਦ-ਭਾਵ ਦੇ ਨਿਰੋਲ ਆਪਣੇ ਅੱਛੇ-ਬੁਰੇ ਕਰਮਾਂ ਕਾਰਨ ਪਰਮੇਸ਼ਰ ਤੋਂ ਨੇੜੇ ਜਾਂ ਦੂਰ ਹੈ। ਹਕੀਕਤਨ ਜੇ ਬਾਈਬਲ ਦਾ ਈਸਾਈ ਭਾਗ ਧਿਆਨ ਨਾਲ ਵੇਖੀਏ, ਤਾਂ ਈਸਾ ਕੇਵਲ ਖਿੰਡੇ-ਪੁੰਡੇ ਗ਼ੁਲਾਮ ਯਹੂਦੀਆਂ ਨੂੰ ਇਕਤਰ ਕਰ ਕੇ ਉਨ੍ਹਾਂ ਦੀ ਚੜਤਲ ਦੁਬਾਰਾ ਸਥਾਪਿਤ ਕਰਨ ਵਾਸਤੇ ਆਇਆ ਸੀ, ਉਹ ਵੀ ਮਾਨਵਵਾਦੀ ਸਰੋਕਾਰਾਂ ਦਾ ਨਿਖੇਧ ਕਰ ਕੇ। ਮੈਥਿਊ (ਮਤੀ) 10/5/6 ਅਨੁਸਾਰ ਈਸਾ ਨੇ ਜਦੋਂ ਧਰਮ-ਪ੍ਰਚਾਰ ਅਤੇ ਲੋਕਾਂ ਦੇ ਦੁੱਖ ਦੂਰ ਕਰਨ ਵਾਸਤੇ 12 ਚੇਲਿਆਂ ਨੂੰ ਅਧਿਕਾਰ ਦਿੱਤੇ, ਤਾਂ ਉਸ ਨੇ ਉਨ੍ਹਾਂ ਨੂੰ ਹਿਦਾਇਤ ਕੀਤੀ, ਕਿ ਉਹ (ਗ਼ੈਰ-ਯਹੂਦੀ) ਸਾਮਰੀਆਂ ਦੇ ਨਗਰਾਂ ਵਿਚ ਉਸ ਦਾ ਸੰਦੇਸ਼ ਨਾ ਪਹੁੰਚਾਉਣ। ਸਗੋਂ ਇਸਰਾਈਲ ਦੀਆਂ ਗੁਆਚੀਆਂ ਭੇਡਾਂ ਕੋਲ ਜਾਣ, ਕਿਉਂਕਿ ਉਸ ਦਾ ਮਿਸ਼ਨ ਯਹੂਦੀਆਂ ਦੇ ਦੁੱਖ ਦੂਰ ਕਰਨ ਤੀਕ ਸੀਮਿਤ ਸੀ। ਮਤੀ ਦੀ ਇੰਜੀਲ 15/12/18 ਅਤੇ ਮਾਰਕਸ 7/24/30 ਵਿਚ ਈਸਾ ਦੇ ਮਿਸ਼ਨ ਦੀਆਂ ਯਹੂਦੀ ਸੀਮਾਵਾਂ ਦਰਸਾਉਣ ਵਾਸਤੇ ਇਕ ਕਹਾਣੀ ਦਿੱਤੀ ਹੈ। ਇਕ ਫੀਨੀਸ਼ਅਨ (ਗ਼ੈਰ-ਯਹੂਦੀ) ਔਰਤ ਦੀ ਲੜਕੀ ਨੂੰ ਭੂਤ ਚੰਬੜਿਆ ਸੀ। ਉਹ ਈਸਾ ਦੇ ਕਾਫ਼ਲੇ ਦੇ ਪਿੱਛੇ ਚਲਦੀ ਵਿਰਲਾਪ ਕਰ ਰਹੀ ਸੀ, ਕਿ ‘ਹੇ ਪ੍ਰਭੂ ! ਤੂੰ ਲੋਕਾਂ ਦੇ ਭੂਤ ਕੱਢ ਦੇਂਦਾ ਹੈਂ, ਮੇਰੀ ਲੜਕੀ ਨੂੰ ਠੀਕ ਕਰ। ਈਸਾ ਦਾ ਉਤਰ ਵੇਖੋ- ਮੈਂ ਇਸਰਾਈਲ ਦੀਆਂ ਗੁਆਚੀਆਂ ਭੇਡਾਂ ਨੂੰ ਸੰਭਾਲਣ ਆਇਆ ਹਾਂ, ਨਾ ਕਿ ਗ਼ੈਰ-ਯਹੂਦੀਆਂ ਨੂੰ । ਮੈਂ ਆਪਣੇ ਬੱਚਿਆਂ ਦੇ ਟੁਕੜੇ ਕੁੱਤਿਆਂ ਅੱਗੇ ਕਿਵੇਂ ਪਾ ਦੇਵਾਂ  ? ਵੇਖੋ ਇੰਜੀਲ ਕਿਵੇਂ ਗ਼ੈਰ-ਯਹੂਦੀ ਔਰਤ ਨੂੰ ਈਸਾ ਦੇ ਮੂੰਹ ਤੋਂ ਕੁੱਤਾ ਅਖਵਾ ਰਹੀ ਹੈ।

ਜਿਸ ਦਾ ਮਿਸ਼ਨ ਇਤਨਾ ਸੰਕੀਰਣ ਸੀ, ਉਸ ਦੀ ਕਿਸੇ ਕੁਰਬਾਨੀ ਅਤੇ ਉਪਕਾਰ ਦਾ ਉਨ੍ਹਾਂ ਪੰਜਾਬੀਆਂ ਨਾਲ ਕੀ ਵਾਸਤਾ, ਜਿਨ੍ਹਾਂ ਕੋਲ ਗੁਰੂ ਗੋਬਿੰਦ ਸਿੰਘ ਵਰਗਾ ਇਤਨਾ ਵੱਡਾ ਧਰਮ-ਰੱਖਿਅਕ ਸੀ, ਜਿਸ ਨੇ ਸਮਾਜ ਦੇ ਸਭ ਤੋਂ ਤੁਛ ਵਰਗਾਂ ਨੂੰ ਆਪਣੇ ਕਲਾਵੇ ਵਿਚ ਲੈ ਕੇ ਫਿਰ ਕਿਹਾ ਹੋਵੇ- ‘ਇਨ ਪੁਤ੍ਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ  ? ਜੀਵਤ ਕਈ ਹਜ਼ਾਰ।’

ਜਿਸ ਨੇ ਤੁਹਾਨੂੰ ਪੁੱਤਰ ਬਣਾਇਆ, ਉਸ ਤੋਂ ਤੁਸੀਂ ਮੁਨਕਰ ਹੋ ਅਤੇ ਜਿਸ ਨੇ ਤੁਹਾਡੇ ਸਮੇਤ ਵਿਸ਼ਵ ਦੀਆਂ ਸਭ ਗ਼ੈਰ-ਕੌਮਾਂ ਨੂੰ ਕੁੱਤਿਆਂ ਨਾਲ ਤੁਲਨਾ ਦਿੱਤੀ ਹੋਵੇ, ਉਸ ਨੂੰ ਗੁਰੂ ਗੋਬਿੰਦ ਸਿੰਘ ਤੋਂ ਉੱਚਾ ਜਾਣਦੇ ਹੋ। ਸੋਚੋ ! ਇਸ ਅਕ੍ਰਿਤਘਣਤਾ ਦਾ ਹਿਸਾਬ ਕਿੱਥੇ ਦੇ ਸਕਾਂਗੇ ? ਸਾਮਰੀ ਔਰਤ ਦੀ ਕਹਾਣੀ ਦੱਸ ਰਿਹਾ ਸੀ। ਉਸ ਢੀਠ ਔਰਤ ਨੇ ਕਿਹਾ ਕਦੇ-ਕਦੇ ਰੋਟੀ ਖਾਂਦਿਆਂ ਹੇਠਾਂ ਡਿੱਗੇ ਭੋਰੇ-ਚੋਰੇ ਕੁੱਤੇ ਵੀ ਖਾ ਲੈਂਦੇ ਹਨ, ਉਹੋ ਦੇ ਦਿਓ। ਵਿਚਾਰੋ ! ਕਦੇ ਗੁਰੂ ਦੇ ਲੰਗਰ ਵਿਚੋਂ ਕਿਸੇ ਨੂੰ ਮੇਜ਼ ਹੇਠ ਬੈਠੇ ਕੁੱਤਿਆਂ ਵਾਂਗ ਭੋਰੇ-ਚੋਰੇ ਪਰੋਸੇ ਜਾਂਦੇ ਹਨ ਜਾਂ ਆਪਣੇ-ਪਰਾਏ ਦਾ, ਕੌਮਾਂ ਦਾ, ਧਰਮਾਂ ਦਾ, ਜਾਤੀਆਂ ਦਾ, ਦੇਸ਼ਾਂ ਦਾ ਭੇਦ-ਭਾਵ ਤਿਆਗ ਕੇ ਦਾਲ-ਪਰਸਾਦੇ ਵਰਤਾਏ ਜਾਂਦੇ ਹਨ ?  ਆਪਣੇ ਆਪ ਨੂੰ ਕਥਿਤ ਸਮਝਦੇ ਸਾਡੇ ਵੀਰ ਕਹਿੰਦੇ ਹਨ ਕਿ ਸਿੱਖੀ ਵਿਚ ਉਨ੍ਹਾਂ ਨੂੰ ਸਨਮਾਨ ਨਹੀਂ ਮਿਲਿਆ। ਬਿਲਕੁਲ ਗ਼ਲਤ ਹੈ। ਕਦੇ ਕਿਸੇ ਨੂੰ ਲੰਗਰ ਵਿਚੋਂ ਉਠਾਇਆ ਨਹੀਂ ਗਿਆ। ਗੁਰੂ ਕੇ ਖ਼ਾਲਸੇ ਨੇ ਦਲਿਤ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਦਰਬਾਰ ਸਾਹਿਬ ਦੇ ਹੈਡ ਗ੍ਰੰਥੀ, ਅਕਾਲ ਤਖ਼ਤ ਦੇ ਜਥੇਦਾਰ ਦੀਆਂ ਮਹਾਨਤਮ ਸੇਵਾਵਾਂ ਸੌਂਪੀਆਂ ਹਨ। ਫਿਰ ਅਸੀਂ ਤਾਂ ਗੁਰੂ ਦੇ ਉਪਕਾਰਾਂ ਨਾਲ ਜੁੜੇ ਹਾਂ, ਜਿਨ੍ਹਾਂ ਨੇ ਰਾਜਪੂਤ ਪਹਾੜੀ ਰਾਜਿਆਂ ਦੀਆਂ ਸ਼ਾਨਾਂ ਅਤੇ ਬਾਹੂਬਲ ਨੂੰ ਠੋਕਰ ਮਾਰ ਕੇ ਸਮਾਜ ਦੇ ਸਭ ਤੋਂ ਨੀਵੇਂ ਬੰਦਿਆਂ ਨੂੰ ‘ਰੰਗਰੇਟੇ ਗੁਰੂ ਕੇ ਬੇਟੇ’ ਕਹਿ ਕੇ ਗਲ ਲਾਇਆ ਸੀ। ‘ਰੰਗਰੇਟੇ ਗੁਰੂ ਕੇ ਬੇਟੇ’ ਅਤੇ ‘ਮੈਂ ਆਪਣੇ ਬੱਚਿਆਂ ਦੇ ਟੁੱਕੜੇ ਕੁੱਤਿਆਂ ਅੱਗੇ ਕਿਵੇਂ ਪਾ ਦੇਵਾਂ’ ਦੀ ਤੁਲਨਾ ਕਰ ਕੇ ਅੰਤਰ ਤਾਂ ਵੇਖੋ। ਇਹ ਈਸਾਈ ਵਿਦਵਾਨਾਂ ਦਾ ਲਿਖਿਆ ਇਤਿਹਾਸ ਹੈ, ਮੇਰਾ ਜਾਂ ਈਸਾਈਆਂ ਦੇ ਵਿਰੋਧੀਆਂ ਦਾ ਨਹੀਂ ਕਿ ਈਸਾਈਅਤ ਵਿਚ ਸੰਤ ਪੀਟਰਸ ਅਤੇ ਪਾਲ ਦੇ ਦੋ ਧੜੇ ਸਿਰਫ਼ ਇਸ ਕਾਰਨ ਹੋਏ ਸਨ, ਕਿਉਂਕਿ ਈਸਾਈਆਂ ਦੇ ਸਮਾਗਮ ਵਿਚ ਸੰਤ ਪਾਲ ਦੁਆਰਾ ਲਿਆਂਦੇ ਗ਼ੈਰ-ਯਹੂਦੀਆਂ ਨੂੰ ਪੀਟਰਸ ਧੜੇ ਨੇ ਸਮਾਗਮ ਤੋਂ ਬਾਹਰ ਰੱਖਣ ਵਾਸਤੇ ਕਿਹਾ ਸੀ। ਸੰਤ ਪੀਟਰਸ ਜੋ ਈਸਾ ਦਾ ਸਭ ਤੋਂ ਵਧ ਨਜ਼ਦੀਕੀ ਸੀ, ਉਹ ਕਹਿੰਦਾ ਸੀ ਕਿ ਈਸਾ ਦਾ ਮਿਸ਼ਨ ਕੇਵਲ ਯਹੂਦੀਆਂ ਵਾਸਤੇ ਹੈ, ਜਦੋਂ ਕਿ ਪਹਿਲਾਂ-ਪਹਿਲ ਈਸਾਈਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ ਮਗਰੋਂ ਈਸਾਈ ਬਣਿਆ ਸੰਤ ਪਾਲ ਗ਼ੈਰ-ਯਹੂਦੀਆਂ ਨੂੰ ਵੀ ਸੰਗਠਨ ਵਿਚ ਲੈ ਆਇਆ। ਗੁਰੂ ਨਾਨਕ ਦੇਵ ਜੀ ਤੋਂ ਦਸਮ ਪਾਤਸ਼ਾਹ ਤੀਕ ਕਿਸੇ ਵੀ ਗੁਰੂ ਪਾਤਸ਼ਾਹ, ਕਿਸੇ ਵੀ ਸਿੱਖ ਨੇ, ਕਦੇ ਵੀ ਇਹ ਨਹੀਂ ਕਿਹਾ, ਕਿ ਉਨ੍ਹਾਂ ਦਾ ਮਿਸ਼ਨ ਜੱਟਾਂ ਦਾ ਹੈ, ਖੱਤ੍ਰੀਆਂ ਦਾ ਹੈ, ਦਲਿਤਾਂ ਦਾ ਹੈ, ਬ੍ਰਾਹਮਣਾਂ ਦਾ ਹੈ ਜਾਂ ਕਿਸੇ ਹੋਰ ਵਰਗ ਦਾ ਹੈ। ਇਨਸਾਨੀਅਤ ਦਾ ਮਿਸ਼ਨ ਹੈ, ਜਿਸ ਦੀ ਧੁਰ-ਅੰਤਰ ਆਤਮਾ ਗੁਰੂ ਗ੍ਰੰਥ ਸਾਹਿਬ ਵਿਚ ਸਭ ਜਾਤੀਆਂ ਅਤੇ ਧਰਮ ਮਿਲ ਕੇ ਬੈਠੇ ਹਨ। ਗੁਰੂ ਨਾਨਕ ਅੰਦਰ ਕੇਵਲ ਨਨਕਾਣਾ ਨਹੀਂ, ਉਸ ਦੇ ਹਿਰਦੇ ਵਿਚ ਹਰਿਦੁਆਰ ਦੀ ਗੰਗਾ, ਗੋਰਖ ਮਤੇ ਦੇ ਨਾਥ, ਮੱਕੇ ਦਾ ਕਾਅਬਾ, ਸੁਮੇਰ ਦੇ ਸਿੱਧ, ਉੜੀਸਾ ਦਾ ਪੁਰੀ ਮੰਦਿਰ, ਲੰਕਾ ਦੇ ਸਿੰਹਲੀ ਸਭ ਇਕ ਹੋ ਜਾਂਦੇ ਹਨ। ਅਸੀਂ ਕਿਉਂ ਇਹ ਨਹੀਂ ਗਾਂਦੇ- ‘‘ਐਸਾ ਪ੍ਰਭੁ ਛੋਡਿ, ਕਰਹਿ ਅਨ ਸੇਵਾ; ਕਵਨ ਬਿਖਿਆ ਰਸ ਮਾਤਾ  ? ॥’’ (ਮ: ੫/੧੧੩੮)

ਪੰਜਾਬ ਸਾਰਾ ਜਿਉਂਦਾ ਗੁਰੂ ਦੇ ਨਾਮ ’ਤੇ। ਗੁਰੂ ਦੀ ਸਰਵ-ਸਾਂਝੀਵਾਲਤਾ ਇਸ ਦੀ ਆਤਮਾ ਵਿਚ ਹੈ, ਕਿਉਂਕਿ ਇਹ ਸਿੱਖੀ ਦੀ ਆਤਮਾ ਹੈ, ਪਰ ਸਹਿਣਸ਼ੀਲਤਾ ਪੰਥ ਦੀ ਕਮਜ਼ੋਰੀ ਸਮਝ ਕੇ ਗੁਰੂ ਦੇ ਸਿੱਖਾਂ ਨੂੰ ਗੁਮਰਾਹ ਨਾ ਕੀਤਾ ਜਾਵੇ। ਈਸਾਈ ਭਰਾ ਉਹ ਸਾਰੇ ਮਨਸੂਬੇ ਛੱਡ ਕੇ ਪਿੱਛੇ ਪਰਤ ਜਾਣ, ਜੋ ਲੈ ਕੇ ਉਨ੍ਹਾਂ ਨੇ ਪੰਜਾਬ ਉੱਤੇ ਹਮਲਾ ਕੀਤਾ ਹੈ। ਜੋ ਪ੍ਰਚਾਰਕ ਬਾਹਰਲੇ ਪ੍ਰਾਂਤਾਂ ਵਿਚੋਂ ਲਿਆ ਕੇ ਪੰਜਾਬ ਵਿਚ ਸੁੱਟੇ ਹਨ, ਜੇ ਵਾਪਸ ਨਾ ਭੇਜੇ, ਤਾਂ ਕੋਈ ਸਰਕਾਰ, ਕੋਈ ਹਕੂਮਤ, ਕੋਈ ਕਾਨੂੰਨ ਪੰਜਾਬ ਵਿਚ ਬਦਅਮਨੀ ਫੈਲਣ ਤੋਂ ਨਹੀਂ ਰੋਕ ਸਕਣਗੇ। ਸਿੱਖਾਂ ਨੂੰ ਆਪਣੇ ਪੰਥ ਦੀ ਰਾਖੀ ਕਰਨੀ ਗੁਰੂ ਨੇ ਸਿਖਾਈ ਹੈ ਅਤੇ ਇਸ ਦਾ ਉਨ੍ਹਾਂ ਨੂੰ ਸੰਵਿਧਾਨਿਕ ਅਤੇ ਦੈਵੀ ਅਧਿਕਾਰ ਹੈ। ਈਸਾਈਆਂ ਨੂੰ ਸਿੱਖੀ ਭੇਖ ਅਤੇ ਸਿੱਖ ਸ਼ਬਦਾਵਲੀ ਦੀ ਦੁਰਵਰਤੋਂ ਤਿਆਗਣੀ ਪਵੇਗੀ। ਮੈਨੂੰ ਬਾਈਬਲ ਅਤੇ ਈਸਾ ਦੀਆਂ ਕਮਜ਼ੋਰੀਆਂ ਲਿਖਣ ਵਿਚ ਪ੍ਰਸੰਨਤਾ ਨਹੀਂ ਦੁੱਖ ਹੋ ਰਿਹਾ ਹੈ, ਪਰ ਮੈਂ ਆਪਣੇ ਪੰਥ ਦੀ ਵਾੜ ਨਸ਼ਟ ਕਰਨ ਵਾਲਿਆਂ ਦੀਆਂ ਕਰਤੂਤਾਂ ਨੂੰ ਚੁਪ-ਚਾਪ ਕਿਵੇਂ ਵੇਖਾਂ ? ਗੁਰਬਾਣੀ ਤੋੜੋ-ਮਰੋੜੋਗੇ, ਈਸਾਈਅਤ ਨੂੰ ਸਿੱਖੀ ਤੋਂ ਉੱਤਮ ਦੱਸੋਗੇ, ਤਾਂ ਕੋਈ ਕਾਨੂੰਨ ਸਿੱਖਾਂ ਦੀ ਜ਼ਬਾਨ ਅਤੇ ਲੇਖਣੀ ਨੂੰ ਜ਼ਬਤ ਵਿਚ ਨਹੀਂ ਰੱਖ ਸਕੇਗਾ। ਕਿਸੇ ਈਸਾਈ ਮਿਸ਼ਨਰੀ ਨੇ 1814 ਈ. ਵਿਚ ਸਿੱਖ ਕੌਮ ਸੰਬੰਧੀ ਈਸਾਈ ਮਿਸ਼ਨਰੀਆਂ ਨੂੰ ਸੁਚੇਤ ਕੀਤਾ ਸੀ, ਕਿ ਇਨ੍ਹਾਂ ਕੋਲ ਸਾਡੇ ਧਰਮ ਤੋਂ ਵਧੀਕ ਚੰਗਿਆਈਆਂ ਹਨ, ਜੇ ਤੁਹਾਡਾ ਪ੍ਰਯੋਜਨ ਮਨੁੱਖ ਨੂੰ ਅੱਛਾ ਬਣਾਉਣਾ ਹੀ ਹੈ, ਤਾਂ ਇਹ ਪਹਿਲਾਂ ਹੀ ਸਾਡੇ ਤੋਂ ਚੰਗੇ ਹਨ। ਉਸ ਨੇ ਲਿਖਿਆ ਸੀ- ÒIt is devoutly to be desired, that nothing may be done on the part of Christians to introduce their religion among the nations of India, which shall tend to impress a belief that Christianity is less tolerant, mild and pacific, or in any respect less worthy of reception than the religion of Nanac. Besides, the account we have of the principle doctrines of the Seeks, should excite our gratitude to the common Father of our race, that he has, in one way or another, diffused some correct ideas of himself, more extensively, than has been generally known or supposed by Christians.’ ਅਰਥਾਤ ‘ਇਹ ਬਹੁਤ ਵਚਨਬਧਤਾ ਸਹਿਤ ਚਾਹੀਦਾ ਹੈ ਕਿ ਭਾਰਤ ਦੇਸ਼ ਦੀਆਂ (ਸਿੱਖਾਂ ਵਰਗੀਆਂ) ਕੌਮਾਂ ਵਿਚ ਆਪਣੇ ਧਰਮ ਦਾ ਪ੍ਰਸਾਰ ਕਰਨ ਵਾਸਤੇ ਈਸਾਈ ਕੁਝ ਵੀ ਅਜਿਹਾ ਨਹੀਂ ਕਰਨ, ਜਿਸ ਤੋਂ ਅਜਿਹਾ ਵਿਸ਼ਵਾਸ ਬਣਨ ਦੀ ਸੰਭਾਵਨਾ ਹੋਵੇ ਕਿ ਈਸਾਈ ਧਰਮ (ਸਿੱਖ ਧਰਮ ਤੋਂ) ਸਹਿਣਸ਼ੀਲਤਾ, ਵਿਸ਼ਾਲ-ਦਿਲੀ ਅਤੇ ਸਦਭਾਵਨਾ ਵਿਚ ਘੱਟ ਹੈ, ਜਾਂ ਕਿਸੇ ਵੀ ਤਰੀਕੇ ਨਾਲ (ਗੁਰੂ) ਨਾਨਕ ਦੇ ਧਰਮ ਨਾਲੋਂ ਘੱਟ ਧਾਰਨ ਕਰਨ ਯੋਗ ਹੈ। ਨਾਲ ਹੀ, ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੀ ਜੋ ਜਾਣਕਾਰੀ ਸਾਡੇ ਪਾਸ ਹੈ, (ਉਸ ਤੋਂ) ਸਾਡੀ ਕੌਮ ਦੇ ਸਾਂਝੇ ਪਿਤਾ ਪ੍ਰਤੀ ਸਾਡੀ ਸ਼ੁਕਰਗ਼ੁਜ਼ਾਰੀ ਉਤਸਾਹਿਤ ਹੋਣੀ ਚਾਹੀਦੀ ਹੈ, ਕਿ ਉਸ ਨੇ ਇਕ ਜਾਂ ਦੂਜੇ ਤਰੀਕੇ ਨਾਲ ਆਪਣੇ-ਆਪ ਦੀ ਠੀਕ ਸਮਝ ਉਸ ਤੋਂ ਹੋਰ ਗੰਭੀਰਤਾ ਨਾਲ ਪ੍ਰਸਾਰੀ ਹੈ, ਜਿਤਨੀ ਕਿ ਈਸਾਈਆਂ ਨੂੰ ਸਮਝ ਹੈ ਜਾਂ ਜਿਤਨੀ ਉਹ ਕਲਪਨਾ ਕਰਦੇ ਹਨ।’

ਇਸ ਨਸੀਅਤ ਦਾ ਇੰਨ-ਬਿੰਨ ਪਾਲਣ ਕਰਨਾ ਹੀ ਸਿੱਖਾਂ ਅਤੇ ਈਸਾਈਆਂ ਵਿਚ ਸੁਹਿਰਦਤਾ ਅਤੇ ਸ਼ਾਂਤੀ ਸਥਾਪਤ ਕਰ ਸਕੇਗਾ।