ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿੱਤ ਲਹਿੰਦੀਆਂ ਪੱਗਾਂ ਨੂੰ ਸਿੱਖ ਸੰਗਤ ਕਦ ਤੱਕ ਬਰਦਾਸ਼ਤ ਕਰਦੀ ਰਹੇਗੀ ?

0
599

ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿੱਤ ਲਹਿੰਦੀਆਂ ਪੱਗਾਂ ਨੂੰ ਸਿੱਖ ਸੰਗਤ ਕਦ ਤੱਕ ਬਰਦਾਸ਼ਤ ਕਰਦੀ ਰਹੇਗੀ ?

ਗਿਆਨੀ ਅਵਤਾਰ ਸਿੰਘ

ਭਾਰਤ ਤੇ ਪਾਕਿ ਦਰਮਿਆਨ 1947 ਤੋਂ ਵਧੀ ਜਾਂ ਵਧਾਈ ਗਈ ਤਲਖ਼ੀ (ਕੁੜੱਤਣ) ਉੱਤੇ ਠੰਡੇ ਪਾਣੀ ਦੇ ਛਿੱਟੇ ਮਾਰਨ ਲਈ ਕਰਗਿਲ ਦੇ ਸ਼ਹੀਦ ਕੈਪਟਨ ਮਨਦੀਪ ਸਿੰਘ ਜੀ ਦੀ ਬੇਟੀ ਬੀਬੀ ਗੁਰਮੇਹਰ ਕੌਰ (ਜਲੰਧਰ, ਪੰਜਾਬ) ਨੇ ਜਦ ਸੰਦੇਸ਼ ਦਿੱਤਾ ਕਿ ਮੇਰੇ ਪਿਤਾ ਜੀ ਨੂੰ ਪਾਕਿ ਨੇ ਨਹੀਂ ਬਲਕਿ ਜੰਗ (ਨਫ਼ਰਤ) ਨੇ ਮਾਰਿਆ ਹੈ ਤਾਂ ਨਫ਼ਰਤ ਦਾ ਬੀ ਬੀਜਣ ਵਾਲ਼ੇ ਅਖੌਤੀ ਦੇਸ਼ ਭਗਤਾਂ ਨੂੰ ਇਨ੍ਹਾਂ ਠੰਢਕ ਦੇਣ ਵਾਲ਼ੇ ਛਿੱਟਿਆਂ (ਵਚਨਾਂ) ਨਾਲ਼ ਵੀ ਅੱਗ ਲੱਗ ਗਈ,ਬੇਸ਼ੱਕ ਕਈ  ਅਮਨਪਸੰਦ ਲੋਕਾਂ ਨੇ ਬੀਬੀ ਗੁਰਮੇਹਰ ਕੌਰ ਜੀ ਦੇ ਸਾਹਸ ਦੀ ਤਾਰੀਫ਼ ਵੀ ਕੀਤੀ। ਕੁਝ ਘੱਗਾ ਹਮਾਇਤੀ ਸਿੱਖ, ਪ੍ਰੋ. ਇੰਦਰ ਸਿੰਘ ਘੱਗੇ ਦੇ ਹੋਏ ਅਪਮਾਨ ਨੂੰ ਬੀਬੀ ਗੁਰਮੇਹਰ ਕੌਰ ਦੇ ਨਿਰਾਦਰ ਨਾਲ਼ ਜੋੜ ਕੇ ਵੇਖ ਰਹੇ ਹਨ, ਪਰ ਇਹ ਨਹੀਂ ਸਮਝਦੇ ਕਿ ਘੱਗੇ ਤੋਂ ਇਲਾਵਾ ਭਾਰਤ-ਪਾਕਿ ਵਾਙ ਹੋਰ ਦੋ ਕਿਹੜੀਆਂ ਧਿਰਾਂ ਹਨ, ਜੋ ਗੁਰੂ ਘਰਾਂ ’ਚ ਅੱਗ ਭਖਾ ਰਹੀਆਂ ਹਨ ਤੇ ਘੱਗਾ ਉਨ੍ਹਾਂ ਉੱਤੇ ਸ਼ਾਂਤੀ ਦੇ ਛਿੱਟੇ ਮਾਰ ਰਿਹਾ ਹੈ ?

ਸਿੱਖ ਕੌਮ ਇੱਕ ਅਮਨਪਸੰਦ ਕੌਮ ਹੈ, ਜਿਸ ਨੇ ਦੁਸ਼ਮਣ ’ਤੇ ਕਦੇ ਵੀ ਪਹਿਲਾਂ ਹਮਲਾ ਨਹੀਂ ਕੀਤਾ, ਭੱਜੇ ਜਾਂਦੇ ਵੈਰੀ ਦਾ ਪਿਛਾ ਨਹੀਂ ਕੀਤਾ ਅਤੇ ਕਬਜ਼ੇ ’ਚ ਆਏ ਦੁਸ਼ਮਣ ਦੇ ਪਰਿਵਾਰ ਨੂੰ ਆਪਣੇ ਪਰਿਵਾਰ ਵਾਙ ਸਤਿਕਾਰ ਦਿੰਦਿਆਂ ਉਸ ਨੂੰ ਮੰਜ਼ਲ ’ਤੇ ਪਹੁੰਚਾਇਆ, ਅਜਿਹੀ ਨੀਂਵ; ਤੱਤੀ ਤੱਵੀ ਉੱਤੇ ਬੈਠ ਕੇ ਜਾਂ ਚਾਂਦਨੀ ਚੌਕ (ਦਿੱਲੀ) ਵਿਖੇ ਕੁਰਬਾਨੀ ਦਿੰਦਿਆਂ ‘‘ਤੇਰਾ ਕੀਆ ਮੀਠਾ ਲਾਗੈ ॥’’ (ਮ: ੫/੩੯੪) ਵਚਨ ਉਚਾਰ ਕੇ ਰੱਖੀ। ਗੁਰਦੁਆਰਿਆਂ ’ਚ ਕੀਤਾ ਜਾਂਦਾ ਸਫ਼ੈਦ ਰੰਗ ਇਸ ਦੇ ਬਾਹਰੀ ਚਿੰਨ੍ਹ ਦਾ ਪ੍ਰਤੀਕ ਹੈ, ਪਰ ਕੁਝ ਸਮੇਂ ਤੋਂ ਗੁਰੂ ਘਰਾਂ ’ਚ ਜੋ ਕੁਝ ਵੇਖਣ ਜਾਂ ਸੁਣਨ ਨੂੰ ਮਿਲ ਰਿਹਾ ਹੈ ਉਹ ਅਪਮਾਨਜਨਕ ਤੇ ਗੁਰੂ ਸਾਹਿਬਾਨ ਦੀ ਘਾਲਨਾ ਨੂੰ ਮਿੱਟੀ ’ਚ ਮਿਲਾਉਣ ਲਈ ਕਾਫ਼ੀ ਹੈ ਕਿਉਂਕਿ ਅਜਿਹੀਆਂ ਘਟਨਾਵਾਂ ਸਾਡੇ ਸੰਜਮ, ਗੰਭੀਰਤਾ, ਬਿਬੇਕਤਾ, ਆਦਿ ਗੁਣਾਂ ਦਾ ਜਲੂਸ ਕੱਢਦੀਆਂ ਹੋਈਆਂ ਸਮਾਜ ’ਚ ਸਰਬੋਤਮ ਗੁਰੂ; ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪ੍ਰਤੀ ਸੰਦੇਹ ਪੈਦਾ ਕਰਦੀਆਂ ਹਨ। ਤਾਜ਼ੀ ਘਟਨਾ ਮਲੇਸ਼ੀਆ ਦੇ ਈਪੋਹ ਸ਼ਹਿਰ ’ਚ ਗ੍ਰੀਨ ਟਾਊਨ ਗੁਰਦੁਆਰਾ ਸਾਹਿਬ ਵਿਖੇ 1 ਮਾਰਚ 2017 ਨੂੰ ਵਾਪਰੀ, ਜਦ ਪ੍ਰੋ. ਇੰਦਰ ਸਿੰਘ ਘੱਗਾ ਗੁਰਦੁਆਰਾ ਸਟੇਜ ’ਤੇ ਬੋਲਣ ਲੱਗੇ ਤਾਂ ਸਾਮ੍ਹਣੇ ਹੇਠਾਂ ਬੈਠੇ ਕੁਝ ਸਿੱਖਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਜਿਸ ਦੌਰਾਨ ਹਥੋ-ਪਾਈ ਹੋਈ ਤੇ ਪ੍ਰੋ. ਸਾਹਿਬ ਦੀ ਦਸਤਾਰ ਲੱਥ ਗਈ। ਆਰੋਪ ਹੈ ਕਿ ਇਸ ਦੇ ਪਿੱਛੇ ਟਕਸਾਲੀ ਵੀਰਾਂ ਦਾ ਹੱਥ ਹੈ ਕਿਉਂਕਿ ਟਕਸਾਲੀ ਸਿੰਘਾਂ ਤੇ ਘੱਗੇ ’ਚ ਹਥੋ-ਪਾਈ ਦੀਆਂ ਘਟਨਾਵਾਂ, ਪਹਿਲਾਂ ਵੀ ਵਾਪਰ ਚੁੱਕੀਆਂ ਹਨ। ਬੇਸ਼ੱਕ ਦੋਵੇਂ ਧਿਰਾਂ ਆਪਣੀ-ਆਪਣੀ ਜਿੱਤ ਦਾ ਦਾਹਵਾ ਕਰਨ, ਪਰ ਲੜਾਈ ਗੁਰੂ ਘਰ ’ਚ ਹੋਣ ਕਾਰਨ ਗੁਰੂ ਸਾਹਿਬ ਤੇ ਸਿੱਖੀ ਸਰੂਪ ਦਾ ਨਿਰਾਦਰ ਹੋਇਆ ਹੈ। ਵਾਰ ਵਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਦੀ ਸਰਬ-ਸਾਂਝੀ ਵਿਚਾਰ ਕਰਨੀ ਅਤਿ ਜ਼ਰੂਰੀ ਹੈ।

ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹਰ ਗੁਰਸਿੱਖ ਦੇ ਜੀਵਨ ਦਾ ਮੁੱਢਲਾ ਫ਼ਰਜ਼ ਹੈ, ਜਿਸ ਨੂੰ ਉਸ ਨੇ ਗ੍ਰਹਿਸਤੀ ਜੀਵਨ ਭੋਗਦਿਆਂ ਪੂਰਾ ਕਰਕੇ ਗੁਰੂ ਦਰ ਸੁਰਖ਼ਰੂ ਹੋਣਾ ਹੁੰਦਾ ਹੈ। ਇਹ ਕਾਰਜ ਕੌਮੀ (ਪੰਥਕ) ਹੋਣ ਕਾਰਨ ਹਰ ਗੁਰੂ ਪਿਆਰੇ ਦੇ ਵਿਚਾਰਾਂ ’ਚ ਵੱਧ ਤੋਂ ਵੱਧ ਸਮਾਨਤਾ ਹੋਣੀ ਲਾਭਕਾਰੀ ਰਹੇਗੀ। ਬਦਕਿਸਮਤੀ ਕਹੀਏ ਕਿ ਇਸ ਕਾਰਜ ਲਈ ਅੱਜ ਸਾਡੇ ’ਚ ਤਿੰਨ ਤਰ੍ਹਾਂ ਦੀ ਸੋਚ ਕਾਰਜਸ਼ੀਲ ਹੈ:

(ੳ). ਗੁਰਮਤਿ ਦਾ ਇੱਕ ਉਹ ਪ੍ਰਚਾਰਿਕ ਵਰਗ ਹੈ ਜੋ ਨਿਰਾਕਾਰ ਅਦ੍ਰਿਸ਼ ਅਵਿਨਾਸ਼ੀ ਸ਼ਕਤੀ ਦੀ ਬੰਦਗੀ ਕਰਦਾ ਹੋਇਆ ਆਕਾਰ ਰੂਪ ’ਚ ਬੰਦਗੀ ਕਰਨ ਵਾਲ਼ੇ ਬੰਦਿਆਂ ਨੂੰ ਵੀ ਵਿਸ਼ੇਸ਼ ਮਹੱਤਵ ਦਿੰਦਾ ਆ ਰਿਹਾ ਹੈ, ਜਿਨ੍ਹਾਂ ਦੀਆਂ ਹਰ ਸਾਲ ਬਰਸੀਆਂ ਮਨਾਈਆਂ ਜਾਂਦੀਆਂ ਹਨ। ਇਸ ਲਈ ‘ਜਥੇਦਾਰ, ਸੰਤ, ਬ੍ਰਹਮ ਗਿਆਨੀ ਦਾ ਰੁਤਬਾ, ਸ਼ਹੀਦ ਹੋਏ ਗੁਰਸਿੱਖਾਂ ਪਾਸੋਂ ਭਵਿਖ ਵਿਚ ਮਦਦ ਮਿਲਣ ਦੀ ਉਮੀਦ, ਦੇਵੀ-ਦੇਵਤੇ’, ਆਦਿ ਦੀ ਹੋਂਦ ਨੂੰ ਮਹੱਤਵ ਦੇਣਾ; ਇਨ੍ਹਾਂ ਨੂੰ ਗੁਰਮਤਿ ਅਨੁਸਾਰੀ ਜਾਪਦਾ ਹੈ। ਇਹ ਸੋਚ ਆਕਾਰ ਪੂਜਕ ਹਿੰਦੂ ਬ੍ਰਾਹਮਣਾਂ ਦੇ ਨਜਦੀਕ ਹੋਣ ਕਾਰਨ ਇਨ੍ਹਾਂ ਉੱਪਰ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹਿੰਦੇ ਹਨ। ਬ੍ਰਾਹਮਣਾਂ ’ਚ ਔਰਤ ਜਾਤੀ ਨੂੰ ਧਾਰਮਿਕ ਚਿੰਨ੍ਹ (ਜਨੇਊ) ਪਹਿਨਣ ਦਾ ਅਧਿਕਾਰ ਨਹੀਂ, ਇਸੇ ਤਰ੍ਹਾਂ ਦਾ ਇਨ੍ਹਾਂ ਉੱਪਰ ਵੀ ਇੱਕ ਇਲਜ਼ਾਮ ਹੈ ਕਿ ਇਹ ਔਰਤ ਨੂੰ ਬਰਾਬਰ ਦਾ ਦਰਜਾ ਦੇ ਕੇ ਪੰਜ ਪਿਆਰਿਆਂ ’ਚ ਸ਼ਾਮਲ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਬੈਠ ਕੇ ਪਾਠ ਕਰਨ ਦੇ ਵਿਰੋਧੀ ਹਨ। ਇੱਥੋਂ ਤੱਕ ਕਿ ਦਰਬਾਰ ਸਾਹਿਬ ਜੀ ਦੇ ਫ਼ਰਸ਼ ਦੀ ਅੰਮ੍ਰਿਤ ਵੇਲੇ ਕੀਤੀ ਜਾਂਦੀ ਧੁਆਈ ਤੇ ਬਾਅਦ ’ਚ ਉੱਥੇ ਹੁੰਦੇ ਕੀਰਤਨ ਦੀ ਸੇਵਾ ਕਰਨ ਦੀ ਵੀ ਮਨਾਹੀ ਦੇ ਹਮਾਇਤੀ ਹਨ। ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਤੋਂ ਇਲਾਵਾ ਵੀ ਇਸ ਵਰਗ ਨੇ ਪੰਥਕ ਏਕਤਾ ਦੇ ਨਾਂ ’ਤੇ ਆਪਣੀ ਵੱਖਰੀ ਮਰਿਆਦਾ ਬਣਾਈ ਹੋਈ ਹੈ।

(ਅ). ਦੂਸਰਾ ਪ੍ਰਚਾਰਿਕ ਵਰਗ; ਪਹਿਲੇ ਵਰਗ ਦੀ ਆਕਾਰ ਪ੍ਰਤੀ ਸਤਿਕਾਰਮਈ ਸੋਚ ਦਾ ਬਿਲਕੁਲ ਵਿਰੋਧੀ ਹੈ ਅਤੇ ਦੂਸਰੇ ਪਾਸੇ ਆਪਣੇ ਵੱਲੋਂ ਅਕਾਲ ਪੁਰਖ ਦੀ ਹੋਂਦ ਬਾਰੇ ਨਿਸ਼ਚਿਤ ਕੀਤੀ ਹੋਈ ਪਰਿਭਾਸ਼ਾ ’ਚ ਕੁਦਰਤ (ਆਕਾਰ) ਦੀ ਸਮਾਪਤੀ ਹੀ ਨਿਰਾਕਾਰ ਦੀ ਸਮਾਪਤੀ ਨੂੰ ਮੰਨਦਾ ਹੈ।

(ਨੋਟ: ਜੋ ਵਿਚਾਰ, ਬੰਦੇ ਦੀ ਮੌਤ ਉਪਰੰਤ ਕਿਸੇ ਅਦ੍ਰਿਸ਼ ਸ਼ਕਤੀ ਦੇ ਵਜੂਦ ਨੂੰ ਨਾ ਮੰਨਦੇ ਹੋਣ, ਉਨ੍ਹਾਂ ਲਈ ਕੁਦਰਤ ਦੀ ਸਮਾਪਤੀ ਉਪਰੰਤ ਵੀ ਅਦ੍ਰਿਸ਼ ਸ਼ਕਤੀ ਦਾ ਵਜੂਦ ਕੋਈ ਮਾਅਨਾ ਨਹੀਂ ਰੱਖਦਾ, ਇਸ ਲਈ ਮੰਨਣਾ ਪਏਗਾ ਕਿ ਇਸ ਵਰਗ ਦਾ ਰੱਬ ਸਿਸਟਮ ਹੈ, ਜੋ ਵਰਤਮਾਨ ਦੇ ਕੁਦਰਤੀ ਢਾਂਚੇ ਨੂੰ ਨਿਰਧਾਰਿਤ ਕਰਕੇ ਰੱਖਦਾ ਹੈ।

ਇਸ ਵਰਗਾ ਅਨੁਸਾਰ ਅਕਾਲ ਪੁਰਖ ਦਾ ਕਣ-ਕਣ ਵਿਆਪਕ ਹੋਣ ਤੋਂ ਭਾਵ ਪੰਜ ਤੱਤ (ਹਵਾ, ਪਾਣੀ, ਧਰਤੀ, ਆਕਾਸ਼, ਅੱਗ) ਹੁੰਦਾ ਹੈ, ਨਾ ਕਿ ਕੋਈ ਜੋਤਿ; ਜਿਵੇਂ ਕਿ ‘‘ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ ਜੋਤਿ ਸਮਾਣੀ ॥’’ ਮ: ੧/੧੧੦੯)

(ੲ). ਤੀਸਰਾ ਉਹ ਵਰਗ ਹੈ, ਜੋ ਅਕਾਲ ਪੁਰਖ ਨੂੰ ਜੋਤ ਰੂਪ (ਅਵਿਨਾਸ਼ੀ) ਸਵੀਕਾਰਦਾ ਹੈ ਅਤੇ ਪੰਥਕ ਏਕਤਾ ਦਾ ਪ੍ਰਤੀਕ ਮੰਨੀ ਜਾਂਦੀ, ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ’ਤੇ ਪੂਰਨ ਪਹਿਰਾ ਦੇਂਦਾ ਹੈ। ਇਸ ਵਰਗ ਦਾ ਆਧਾਰ ਪ੍ਰੋ. ਸਾਹਿਬ ਸਿੰਘ ਜੀ ਦੁਆਰਾ ਗੁਰਬਾਣੀ ਵਿਆਕਰਨ ਮੁਤਾਬਕ ਕੀਤਾ ਗਿਆ ਟੀਕਾ ਹੈ, ਪਰ ਇਸ ਵਰਗ ਨੇ ਕਦੇ ਵੀ ਪ੍ਰੋ. ਸਾਹਿਬ ਦੀ ਬਰਸੀ ਨਹੀਂ ਮਨਾਈ। ਇਸ ਤੋਂ ਸਪਸ਼ਟ ਹੈ ਕਿ ਇਹ ਬੰਦਗੀ ਕਰਨ ਵਾਲ਼ੇ ਸਰੀਰਾਂ ਨੂੰ ਪਹਿਲੇ (ੳ) ਵਰਗ ਵਾਙ ਵਿਸ਼ੇਸ਼ ਮਹੱਤਵ ਨਹੀਂ ਦਿੰਦਾ, ਬੇਸ਼ੱਕ ਉਹ ਸੰਤ, ਬ੍ਰਹਮ ਗਿਆਨੀ, ਆਦਿ ਹੀ ਕਿਉਂ ਨਾ ਮੰਨੇ ਜਾਂਦੇ ਹੋਣ।

ਉਕਤ ਤਿੰਨੇ ਪ੍ਰਕਾਰ ਦੀ ਸੋਚ ਨਾਲ਼ ਸਹਿਮਤੀ ਜਾਂ ਅਸਹਿਮਤੀ ਕੋਈ ਵੀ ਰੱਖ ਸਕਦਾ ਹੈ ਕਿਉਂਕਿ ਉਕਤ ਪਰਿਭਾਸ਼ਾ; ਭੁੱਲਣ ਅੰਦਰ ਸਿੱਖ ਨੇ ਬਣਾਈ ਹੈ, ਗੁਰੂ ਨੇ ਨਹੀਂ। ਕੀ ਸਾਰੇ ਸਹੀ ਹੋ ਸਕਦੇ ਹਨ ?

ਇਨ੍ਹਾਂ ਵਿੱਚੋਂ ਕੌਣ ਗੁਰਮਤਿ ਦੇ ਵਧੇਰੇ ਨਜਦੀਕ ਹੈ, ਇਸ ਦੀ ਪਰਖ ਗੁਰੂ ਦੀ ਕਿਰਪਾ ਨਾਲ਼ ਕੋਈ ਵਿਰਲਾ ਹੀ ਕਰੇਗਾ। ਵੇਖਣ ਮੁਤਾਬਕ ਤਾਂ ਇਉਂ ਲੱਗਦਾ ਹੈ ਕਿ ਜ਼ਿਆਦਾਤਰ ਸਿੱਖ ਵੀ ਆਮ ਬੰਦੇ ਦੀ ਤਰ੍ਹਾਂ ਕੇਵਲ ਮਨੁੱਖਾ ਜੂਨੀ ਭੋਗ ਰਹੇ ਹਨ। ਮੰਦਭਾਗ ਕਹੀਏ ਕਿ ਜੂਨੀ ਭੋਗਣ ਵਾਲ਼ਾ ਸਿੱਖ ਵੀ ਆਪਣੇ ਆਪ ਨੂੰ ਸਰਬੋਤਮ ਗੁਰੂ; ਗੁਰੂ ਗ੍ਰੰਥ ਸਾਹਿਬ ਜੀ ਦਾ ਸੇਵਕ ਜਾਂ ਪ੍ਰਚਾਰਿਕ ਪਦ ਦਾ ਹੱਕਦਾਰ ਬਣਿਆ ਹੋਇਆ ਹੈ।

ਉਕਤ ਤਿੰਨੇ ਪ੍ਰਕਾਰ ਦੀ ਸਿੱਖ ਸੋਚ ਨੇ ਗੁਰਮਤਿ ਕਸੌਟੀ ’ਤੇ ਤਮਾਮ ਸਮਾਜਿਕ ਸਾਹਿਤ ਨੂੰ ਵੀ ਲਗਾਉਣਾ ਹੁੰਦਾ ਹੈ, ਜਿਸ ਦੀ ਝਲਕ ਹਰ ਰਚਨਾ ਦਾ ਵਿਸ਼ਲੇਸ਼ਣ ਕਰਦਿਆਂ ਵਿਰੋਧਾਭਾਸ ਨੂੰ ਜਨਮ ਦੇਵੇਗੀ। ਮਿਸਾਲ ਵਜੋਂ ਦਸਮ ਗ੍ਰੰਥ ਨੂੰ ਹੀ ਲੈ ਲਈਏ:

(ੳ). ਪਹਿਲਾ ਵਰਗ ਮੁਕੰਮਲ ਦਸਮ ਗ੍ਰੰਥ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦਾ ਹੈ, ਪਰ ਇਸੇ ਵਰਗ ਵਿੱਚੋਂ ਜ਼ਿਆਦਾਤਰ ਦਾ ਇਹ ਵੀ ਮੰਨਣਾ ਹੈ ਕਿ ਇਸ ਵਿੱਚ ਅਨਮਤ ਰਚਨਾ ਦਾ ਅਨੁਵਾਦ ਵੀ ਸ਼ਾਮਲ ਹੈ, ਜੋ ਕਿ ਗੁਰਮਤਿ ਅਨੁਕੂਲ ਨਹੀਂ। ਇਸ ਅਨੁਵਾਦ ਦਾ ਮੂਲ ਕਾਰਨ, ਹਿੰਦੂ ਗ੍ਰੰਥਾਂ ਨੂੰ ਪੜ੍ਹਨ ਦੀ ਸਭ ਨੂੰ ਅਨੁਮਤੀ ਨਾ ਹੋਣਾ ਰਹੀ ਹੈ।

(ਅ). ਦੂਸਰਾ ਵਰਗ ਪੂਰਨ ਦਸਮ ਗ੍ਰੰਥ ਨੂੰ ਕੱਚੀ ਬਾਣੀ ਮੰਨਦਿਆਂ ਰੱਦ ਕਰਦਾ ਹੈ ਕਿਉਂਕਿ ਇਨ੍ਹਾਂ ਮੁਤਾਬਕ ਅਗਰ ਇਹ ਰਚਨਾ ਦਸਮੇਸ਼ ਪਿਤਾ ਜੀ ਦੀ ਹੁੰਦੀ ਤਾਂ ਗੁਰਬਾਣੀ ਲਿਖਤ ਵਾਙ ਇਸ ਵਿੱਚ ਵੀ ‘ਨਾਨਕ’ ਜਾਂ ‘ਮਹਲਾ ੧੦’ ਦਰਜ ਕਿਉਂ ਨਹੀਂ ਕੀਤਾ ਗਿਆ ? ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਕਰਦਿਆਂ ਇਸ ਨੂੰ ਵੀ ਸ਼ਾਮਲ ਕਿਉਂ ਨਹੀਂ ਕੀਤਾ ਗਿਆ ?

(ੲ). ਤੀਸਰਾ ਵਰਗ; ਦਸਮ ਗ੍ਰੰਥ ਵਿੱਚੋਂ ਕੁਝ ਰਚਨਾਵਾਂ (ਜਾਪੁ, ਅਕਾਲ ਉਸਤਤਿ, 33 ਸਵੱਈਏ, ਜਫ਼ਰਨਾਮਾ) ਨੂੰ ਗੁਰਮਤ ਵਿਰੋਧੀ ਨਹੀਂ ਮੰਨਦਾ। ਇਨ੍ਹਾਂ ਅਨੁਸਾਰ ਗੁਰੂ ਕਾਲ ਤੋਂ ਪੂਰਵ ਬਾਹਰੋਂ ਲਈ ਗਈ ‘ਭਗਤ ਬਾਣੀ’, ਗੁਰੂ ਕਾਲ ਦੌਰਾਨ ਰਚੀ ਗਈ ‘ਭੱਟ ਬਾਣੀ’ ਅਗਰ ਗੁਰਮਤਿ ਅਨੁਸਾਰੀ ਤੇ ਗੁਰੂ ਘਰ ਪ੍ਰਵਾਨ ਹੋ ਸਕਦੀ ਹੈ ਤਾਂ ਸ੍ਰਿਸ਼ਟੀ ਦੇ ਅੰਤਿ ਕਾਲ ਤੱਕ ਸਮਾਨੰਤਰ ਵਿਚਾਰਧਾਰਾ ਵਾਲ਼ੀ ਰਚਨਾ ਦਾ ਮੁੱਲ ਪਾਉਣ ਜਾਂ ਪਰਖ ਕਰਨ ਲਈ ਹੀ ਗੁਰੂ ਜੀ ਨੇ ਆਪਣੀ ਰਚਨਾ ਨੂੰ ‘ਨਾਨਕ’ ਤੇ ‘ਮਹਲਾ ੧੦’ ਸ਼ਬਦਾਂ ਤੋਂ ਬਿਨਾਂ ਗੁਰਬਾਣੀ ’ਚੋਂ ਬਾਹਰ ਰੱਖਿਆ ਤਾਂ ਜੋ ਸਿੱਖਾਂ ਪਾਸ ਗੁਰਬਾਣੀ ਦੀ ਕਸਵੱਟੀ ’ਤੇ ਲਾ ਕੇ ਪਰਖ ਕਰਨ ਵਾਲ਼ੀ ਦ੍ਰਿਸ਼ਟੀ ਕਾਇਮ ਰਹੇ।

ਦਸਮ ਗ੍ਰੰਥ ਰਚਨਾ ਬਾਰੇ ਉਕਤ ਪਹਿਲੇ (ੳ) ਵਰਗ ’ਚੋਂ ਇੱਕ ਸੱਜਣ ਨੇ ਆਪਣੇ ਵਿਚਾਰ ਇਉਂ ਰੱਖੇ: ‘ਅਗਰ ਦਸਮ ਗ੍ਰੰਥ ਨੂੰ ਅਸ਼ਲੀਲ ਰਚਨਾ ਮੰਨੀਏ ਤਾਂ ਗੁਰਬਾਣੀ ’ਚ ਦਰਜ ‘‘ਦੁਧਾ ਥਣੀ ਨ ਆਵਈ; ਫਿਰਿ ਹੋਇ ਨ ਮੇਲਾ ॥’’ (ਬਾਬਾ ਫਰੀਦ ਜੀ/੭੯੪) ਭਾਵ ਮਾਤਾ-ਪਿਤਾ ਦੇ ਸਰੀਰਕ ਸੰਭੋਗ ਬਿਨਾਂ ਤਾਂ ਮਾਤਾ ਦੇ ਥਣਾਂ ’ਚ ਦੁੱਧ ਵੀ ਨਹੀਂ ਆਉਂਦਾ, ਨੂੰ ਵੀ ਅਸ਼ਲੀਲ ਮੰਨਣਾ ਪਏਗਾ।’

ਅਗਰ ਉਕਤ ਸੋਚ (ਭਾਵ ਅਰਥਾਂ) ਮੁਤਾਬਕ ਗੁਰਬਾਣੀ ਲਿਖੀਏ ਤਾਂ ਇਉਂ ਹੋਣੀ ਚਾਹੀਦੀ ਸੀ: ‘‘ਦੁਧਾ ਥਣੀ ਤਾ ਆਵਈ; ਜਦ ਹੋਇ ਮੇਲਾ ॥’’ ਭਾਵ ਉਪਰੋਕਤ ਅਰਥ (ਭਾਵਨਾ) ਗੁਰਬਾਣੀ ਸਿਧਾਂਤ ਅਨੁਕੂਲ ਨਹੀਂ ਹਨ ਤੇ ‘‘ਦੁਧਾ ਥਣੀ ਨ ਆਵਈ; ਫਿਰਿ ਹੋਇ ਨ ਮੇਲਾ ॥’’ ਦੇ ਦਰੁਸਤ ਅਰਥ ਬਣਦੇ ਹਨ: ‘ਜਦ ਤਕ ਜੀਵ ਇਸਤ੍ਰੀ ਸੁਹਾਗਣ ਨਹੀਂ ਬਣਦੀ ਭਾਵ ਜਦ ਤੱਕ ਗੁਰੂ ਧਾਰਨ ਨਹੀਂ ਕਰਦੀ ਤਦ ਤੱਕ ਰੱਬੀ ਮਿਲਾਪ ਨਹੀਂ ਹੁੰਦਾ।’

ਉਕਤ ਦੂਸਰੇ (ਅ) ਵਰਗ ’ਚੋਂ ਇੱਕ ਸੱਜਣ ਨੇ ਦਸਮ ਗ੍ਰੰਥ ’ਚ ਦਰਜ ‘‘ਨਮੋ ਸੂਰਜ ਸੂਰਜੇ; ਨਮੋ ਚੰਦ੍ਰ ਚੰਦ੍ਰੇ ॥’’ (ਜਾਪੁ) ਦੇ ਅਰਥ ਕਰਦਿਆਂ ਕਿਹਾ ਕਿ ‘ਸੂਰਜਾਂ ਦੇ ਸੂਰਜ ਨੂੰ ਨਮਸਕਾਰ ਕਰਕੇ ‘‘ਭੈ ਵਿਚਿ ਸੂਰਜੁ; ਭੈ ਵਿਚਿ ਚੰਦੁ ॥’’ (ਆਸਾ ਕੀ ਵਾਰ/ ਮ: ੧/੪੬੪) ਗੁਰਬਾਣੀ ਸਿਧਾਂਤ ਦਾ ਖੰਡਨ ਹੋ ਜਾਂਦਾ ਹੈ ਕਿਉਂਕਿ ਇਸ ਤੁਕ ’ਚ ਗੁਰੂ ਜੀ ਸੂਰਜ ਤੇ ਚੰਦ੍ਰਮਾ ਨੂੰ ਰੱਬੀ ਡਰ ਵਿੱਚ ਵਿਚਰਦਾ ਮੰਨ ਰਹੇ ਹਨ।’

ਅਗਰ ਦੋਵੇਂ ਤੁਕਾਂ ਨੂੰ ਸਾਮ੍ਹਣੇ ਰੱਖ ਕੇ ਵਿਚਾਰੀਏ ਤਾਂ ਕੋਈ ਵੀ ਅੰਤਰ ਵਿਖਾਈ ਨਹੀਂ ਦਿੰਦਾ। ‘ਜਾਪੁ’ ਸਾਹਿਬ ਰਾਹੀਂ ‘ਸੂਰਜਾਂ ਦੇ ਸੂਰਜ’ ਨੂੰ ਨਮਸਕਾਰ ਕਰਨ ਤੋਂ ਭਾਵ ਉਹੀ ਸ਼ਕਤੀ ਹੈ ਜਿਸ ਦੇ ਡਰ ਵਿੱਚ ‘ਸੂਰਜ, ਚੰਦ’ ਭ੍ਰਮਣ ਕਰਦੇ ਬਿਆਨ ਕੀਤੇ ਗਏ ਹਨ, ਤਾਂ ਫਿਰ ਫ਼ਰਕ ਕਿੱਥੇ ?

ਸਧਾਰਨ ਸੋਝੀ ਰੱਖਣ ਵਾਲ਼ੇ ਸਿੱਖ ਲਈ ਪ੍ਰੋ. ਇੰਦਰ ਸਿੰਘ ਘੱਗਾ ਤੇ ਟਕਸਾਲੀ ਸਿੱਖਾਂ ਦੇ ਵਾਦ-ਵਿਵਾਦ ਦਾ ਕਾਰਨ, ਦਸਮ ਗ੍ਰੰਥ ਦਾ ਵਿਰੋਧ ਅਤੇ ਟਕਸਾਲੀ ਸੰਤਾਂ ਦੀ ਵਾਰ-ਵਾਰ ਨਿਖੇਧੀ ਕਰਨਾ, ਹੋ ਸਕਦਾ ਹੈ, ਜਿਸ ਵਿੱਚ ਘੱਗੇ ਨੂੰ ‘ਨਿਧੱੜਕ ਪ੍ਰਚਾਰਕ’ ਦੀ ਡਿਗਰੀ ਵੀ ਦੇ ਦਿੱਤੀ ਜਾਂਦੀ ਹੈ, ਪਰ ਸਚਾਈ ਕੁਝ ਹੋਰ ਵੀ ਹੈ, ਜਿਸ ਦਾ ਵਰਣਨ ਹੇਠਾਂ ਵੱਖਰੇ ਭਾਗ ‘ਅ’ ’ਚ ਕੀਤਾ ਜਾਏਗਾ, ਪਰ ਇੱਥੇ ਉਕਤ ਕੀਤੀ ਗਈ ਤਮਾਮ ਵਿਚਾਰ ਦਾ ਹੱਲ ਕੀ ਹੈ, ਵਿਚਾਰਨਾ ਲਾਹੇਵੰਦ ਹੋਵੇਗਾ।

ਮੇਰੀ ਨਿੱਜੀ (ਜ਼ਾਤੀ) ਰਾਇ ਮੁਤਾਬਕ ਕੌਮ ਦੇ ਤਮਾਮ ਵਿਵਾਦਿਤ ਮੁੱਦਿਆਂ ਨੂੰ ਗੁਰਦੁਆਰਿਆਂ ਦੇ ਪ੍ਰਬੰਧਕ ਹੱਲ ਕਰਵਾ ਸਕਦੇ ਹਨ ਕਿਉਂਕਿ ਜ਼ਿਆਦਾਤਰ ਪ੍ਰਚਾਰਕ ਆਰਥਿਕ ਮਜਬੂਰੀ (ਮਾਯਾ) ਲਈ ਗੁਰਮਤਿ ਪ੍ਰਚਾਰ ਕਰਦੇ ਹਨ। ਅਲੱਗ-ਅਲੱਗ ਸੋਚ ਰੱਖਣ ਵਾਲ਼ੇ ਪ੍ਰਚਾਰਕਾਂ ਨੂੰ ਵਾਰੀ-ਵਾਰੀ ਇੱਕ-ਇੱਕ ਵਿਸ਼ਾ ਦੇ ਦਿੱਤਾ ਜਾਏ, ਜੋ ਆਪੋ ਆਪਣੀ ਯੋਗਤਾ ਮੁਤਾਬਕ ਇਕੋ ਸਟੇਜ ’ਤੇ ਬੈਠ ਕੇ ਉਸ ਦਾ ਵਰਣਨ ਕਰਣ। ਪ੍ਰਚਾਰਕਾਂ ਦੀ ਯੋਗਤਾ ਅਤੇ ਵਿਸ਼ੇ ਦੀ ਗੰਭੀਰਤਾ ਦਾ ਤਮਾਮ ਸੰਗਤ ਤੇ ਗੁਰਦੁਆਰਾ ਪ੍ਰਬੰਧਕ ਵਿਸ਼ਲੇਸ਼ਣ ਕਰਨ। ਇਸ ਤਰ੍ਹਾਂ ਕਰਨ ਨਾਲ਼ ਆਮ ਸਿੱਖਾਂ ’ਚ ਦਿਮਾਗ਼ ਦਾ ਇਸਤੇਮਾਲ ਕਰਨ ਦੀ ਪਰੰਪਰਾ ਆਰੰਭ ਹੋਵੇਗੀ। ਪ੍ਰਚਾਰਕਾਂ ਨੂੰ ਵਿਚਾਰ-ਚਰਚਾ ਕਰਨ ਲਈ ਕਿਸੇ ਬੰਦ ਕਰਮੇ ’ਚ ਬੈਠਾਉਣ ਦਾ ਯਤਨ ਬਿਲਕੁਲ ਨਾ ਕੀਤਾ ਜਾਏ ਕਿਉਂਕਿ ਹਰ ਪ੍ਰਚਾਰਕ ਦੇ ਪਿਛੇ ਉਸ ਦੀ ਸੰਸਥਾ ਵਾਲ਼ੀ ਸੋਚ ਕਾਰਜਸ਼ੀਲ ਹੁੰਦੀ ਹੈ, ਜੋ ਉਸ ਨੂੰ ਆਪਣੇ ਵਿਚਾਰ ਨਾ ਬਦਲਣ ਲਈ ਮਜਬੂਰ ਕਰਦੀ ਹੈ। ਕਿੰਨਾ ਚੰਗਾ ਹੁੰਦਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦ ਪਿਛਲੇ ਸਾਲ (ਅਕਤੂਬਰ 2016) ’ਚ ਚੰਡੀ ਦੀ ਵਾਰ (ਦਸਮ ਗ੍ਰੰਥ) ਦੀ ਕਥਾ ਬੰਗਲਾ ਸਾਹਿਬ ਤੋਂ ਟੀ. ਵੀ. ’ਤੇ ਲਾਇਵ ਕਰਵਾਈ; ਤਦ ਦੂਸਰੇ, ਤੀਸਰੇ ਵਰਗ ਨੂੰ ਵੀ ਇਸ ਵਿਸ਼ੇ ’ਤੇ ਆਪਣੇ ਵਿਚਾਰ ਸੰਗਤਾਂ ’ਚ ਰੱਖਣ ਦਾ ਮੌਕਾ ਦਿੱਤਾ ਜਾਂਦਾ। ਇਸ ਤਰ੍ਹਾਂ ਕਰਨ ਨਾਲ਼ ਸਿੱਖਾਂ ’ਚ ਤਲਖ਼ੀ ਘਟੇਗੀ ਕਿਉਂਕਿ ਵਿਸ਼ੇ ਨੂੰ ਮੰਨਣਾ ਜਾਂ ਨਾ ਮੰਨਣਾ ਆਮ ਸਿੱਖ ’ਤੇ ਨਿਰਭਰ ਕਰੇਗਾ, ਨਾ ਕਿ ਕਿਸੇ ਪ੍ਰਚਾਰਕ ਨੂੰ ਇੱਕ ਤਰਫ਼ਗੱਲ ਰੱਖਣ ਲਈ ਸਮਾਂ ਮਿਲੇਗਾ। ਜੋ ਬੁਲਾਰਾ ਸੰਬੰਧਿਤ ਵਿਸ਼ੇ ਤੋਂ ਦੂਰ ਜਾ ਕੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਵਿਸ਼ੇਸ਼ ’ਤੇ ਵਾਰ-ਵਾਰ ਟਿੱਪਣੀ ਕਰੇ ਉਸ ਨੂੰ ਕਿਸੇ ਵੀ ਸਟੇਜ ਤੋਂ ਬੋਲਣ ਦਾ ਮੌਕਾ ਨਹੀਂ ਦੇਣਾ ਚਾਹੀਦਾ।

ਅਸਹਿਮਤੀ ਰੱਖਣ ਵਾਲ਼ੇ ਪ੍ਰਚਾਰਕਾਂ ਨਾਲ਼ ਵੀ ਸੰਗਤਾਂ ਨੂੰ ਸੰਜਮ ਨਾਲ਼ ਪੇਸ਼ ਆਉਣਾ ਚਾਹੀਦਾ ਹੈ। ਮਿਤੀ 3 ਜੂਨ 2015 ਨੂੰ ਸਰੀ (ਕੈਨੇਡਾ) ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਵੀ ਹਰੀ ਸਿੰਘ ਰੰਧਾਵਾ ਦੇ ਸਮਾਗਮ ਦੌਰਾਨ ਵਾਦ-ਵਿਵਾਦ ਸ਼ੁਰੂ ਹੋ ਗਿਆ ਸੀ, ਪਰ ਓਥੇ ਇਸ (1 ਮਾਰਚ 2017, ਮਲੇਸ਼ੀਆ) ਵਾਙ ਹਥੋ-ਪਾਈ ਨਹੀਂ ਹੋਈ, ਜੋ ਕਿ ਅਤਿ ਨਿੰਦਣਯੋਗ ਹੈ।

ਅਗਰ ਅਜੋਕਾ ਬੰਦਾ, ਮਾਰਕਿਟ ’ਚੋਂ ਹਰ ਵਸਤੂ ਚੰਗੀ ਤਰ੍ਹਾਂ ਘੋਖ-ਪਰਖ ਕੇ ਖਰੀਦਦਾ ਹੈ ਤਾਂ ਰੂਹਾਨੀਅਤ ਖ਼ੁਰਾਕ ਬਾਰੇ ਅਵੇਸਲਾਪਣ ਕਿਉਂ, ਜੋ ਸਮਾਂ ਲੰਘ ਜਾਣ ਤੋਂ ਬਾਅਦ ਪ੍ਰਾਪਤ ਵੀ ਨਹੀਂ ਹੋ ਸਕਦੀ? ਕੀ ਅਸੀਂ ਕਿਸੇ ਭੁੱਲਣ ਅੰਦਰ ਬੰਦੇ ਦੀ ਸੋਚ ਨੂੰ ਪੂਰਨ ਸਮਰਪਿਤ ਹੋ ਕੇ ਆਪਣਾ ਕੀਮਤੀ ਮਨੁੱਖਾ ਜਨਮ ਅਜਾਈਂ ਗਵਾ ਬੈਠੀਏ ?

ਦਸਮ ਗ੍ਰੰਥ’ ਦਾ ਵਿਵਾਦ ਸਿੱਖ ਕੌਮ ’ਚ ਬਹੁਤ ਪੁਰਾਣਾ ਹੈ, ਪਰ ਪਹਿਲੀ ਵਾਰ ਦਿੱਲੀ ’ਚ ਜਦ ਗਿਆਨੀ ਭਾਗ ਸਿੰਘ ਅੰਬਾਲਾ ਨੇ ਇਸ ਵਿੱਚੋਂ ਕੇਵਲ ਅਸ਼ਲੀਲ ਰਚਨਾ ਦੀਆਂ ਕਾਪੀਆਂ ਸੰਗਤਾਂ ’ਚ ਵੰਡ ਕੇ ਸੰਤ ਸਿੰਘ ਮਸਕੀਨ ਜੀ ਨੂੰ ਇਸ ਦੀ ਕਥਾ ਕਰਨ ਲਈ ਕਿਹਾ ਤਾਂ ਤਲਖ਼ੀ ਵਧ ਗਈ ਸੀ ਜਦਕਿ ਮਸਕੀਨ ਜੀ ਖ਼ੁਦ ਮੰਨਦੇ ਸਨ ਕਿ ਇਹ ਰਚਨਾ ਹਿੰਦੂ ਮਿਥਿਹਾਸ ਦਾ ਅਨੁਵਾਦ ਹੈ, ਨਾ ਕਿ ਗੁਰਮਤਿ ਅਨੁਕੂਲ।

ਮੇਰੀ ਵਿਅਕਤੀਗਤ ਰਾਇ ਮੁਤਾਬਕ ਦਸਮ ਗ੍ਰੰਥ ਦੀਆਂ ਦੋ ਰਚਨਾਵਾਂ (ਬਚਿਤਰ ਨਾਟਕ ਤੇ ਚੰਡੀ ਦੀ ਵਾਰ) ਬਾਰੇ ਆਮ ਰਾਇ ਬਣਾਉਣੀ ਬੜੀ ਜ਼ਰੂਰੀ ਹੈ, ਬੇਸ਼ੱਕ ਮੁਸ਼ਕਲ ਹੈ। ਅਗਰ ਸਭ ਗੁਰਮਤਿ ਪ੍ਰਚਾਰਕ ਦਸਮ ਗ੍ਰੰਥ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਨਾ ਕਰਨ ਬਾਰੇ ਸਹਿਮਤ ਹੋ ਜਾਣ ਤਾਂ ਇਹ ਕਦਮ ਬੜਾ ਹੀ ਸ਼ਲਾਘਾਯੋਗ ਹੋਵੇਗਾ।

ਭਾਗ- ‘ਅ’

ਕੀ ਪ੍ਰੋ. ਇੰਦਰ ਸਿੰਘ ਘੱਗੇ ਦੇ ਤਮਾਮ ਵਿਚਾਰ ਗੁਰਮਤਿ ਅਨੁਸਾਰੀ ਹਨ?, ਇਸ ਸਵਾਲ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਤੱਕ ਇਸ ਦੇ ਵਿਰੋਧ ਨੂੰ ਕੇਵਲ ਟਕਸਾਲੀਆਂ ਨਾਲ਼ ਜੋੜ ਕੇ ਹੀ ਵੇਖਿਆ ਜਾਂਦਾ ਹੈ। ਸਟੇਜ ’ਤੇ ਕੇਵਲ ਇਹ ਬੋਲ ਦੇਣਾ ਕਿ ‘‘ਰੋਸੁ ਨ ਕੀਜੈ; ਉਤਰੁ ਦੀਜੈ.. ॥’’ (ਮ: ੧/੯੩੮), ਤੋਂ ਅਨੁਮਾਨ ਲਗਾਉਣਾ ਚਾਹੀਦਾ ਹੈ ਕਿ ਕੀ ਕਦੇ ਮਿਸ਼ਨਰੀਆਂ ਨੇ ਇਸ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ? ਤਮਾਮ ਮਿਸ਼ਨਰੀ ਕਾਲਜਾਂ ਨੇ ਇਸ ਨਾਲ਼ੋਂ ਆਪਣੇ ਸੰਬੰਧ ਕਿਉਂ ਤੋੜੇ? ਹੁਣ ਤੱਕ ਇਨ੍ਹਾਂ ਨੇ 21 ਕਿਤਾਬਾਂ ਤੇ 500 ਸੀਡੀਆਂ ਗੁਰਮਤਿ ਦੀ ਰੌਸ਼ਨੀ ’ਚ ਲਿਖੀਆਂ / ਰਿਕਾਰਡਿੰਗ ਕੀਤੀਆਂ, ਬਿਆਨ ਕਰਦਿਆਂ ਤੁਸੀਂ ਕਈ ਵਾਰ ਇਨ੍ਹਾਂ ਨੂੰ ਸੁਣਿਆ ਹੋਵੇਗਾ, ਪਰ ਇਨ੍ਹਾਂ ਵਿੱਚ ਕੁਝ ਹੇਠਾਂ ਲਿਖੇ ਵਿਚਾਰ ਵੀ ਦਰਜ ਹਨ, ਕੀ ਤੁਸੀਂ ਇਨ੍ਹਾਂ ਨਾਲ਼ ਸਹਿਮਤ ਹੋ:

(1). ‘ੴ’ ਦਾ ਉਚਾਰਨ ‘ਇੱਕ ਓਅੰਕਾਰ’ ਨਹੀਂ ਬਲਕਿ ‘ਏਕੋ’ ਹੈ।

(ਨੋਟ: ਧਿਆਨ ਰਹੇ ਕਿ ਇਹ ਉਚਾਰਨ 100 ਸਾਲ ਪਹਿਲਾਂ ਰਾਧਾ ਸੁਆਮੀ ਡੇਰੇ (ਬਿਆਸ) ਦੇ ਲਿਖਾਰੀ ਨਿਰਮਲ ਸਿੰਘ ਕਲਸੀ ਨੇ ਬੀਜ ਮੰਤ੍ਰ ਦਰਸ਼ਨ ਦੇ ਪੰਨਾ 28 ’ਤੇ ਦਿੱਤਾ ਹੈ। ਇਸੇ ਸਮੇਂ ਅੰਗਰੇਜ਼ਾਂ ਨੇ ਦਰਬਾਰ ਸਾਹਿਬ ਦਾ ਹੂ-ਬਹੂ ਦੁਰਗਿਆਣਾ ਮੰਦਿਰ ਬਣਾਇਆ ਸੀ।)

(2). ਸੌਦਾ ਸੰਪਾਦਕ ਦੇ ਹਵਾਲੇ ਨਾਲ਼ ਘੱਗੇ ਦੇ ਵਿਚਾਰ ਹਨ ਕਿ ਨਾਨਕ ਦਾ ਗੁਰੂ; ‘ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸ਼ਬਦ, ਰੱਬੀ ਗਿਆਨ ਜਾਂ ਅਕਾਲ ਪੁਰਖ’ ਨਹੀਂ ਬਲਕਿ ਆਵਾਜ਼ ਹੈ, ਜਿਸ ਨਾਲ਼ ਸ੍ਰਿਸ਼ਟੀ ਹੋਂਦ ’ਚ ਆਈ।

(ਨੋਟ: ਦੋ ਵਿਗਿਆਨੀ (Friedmann-1922, Lemaitre-1927), ਕੁਦਰਤ ਦੀ ਅਰੰਭਤਾ ਜਿਸ ਧਮਾਕੇ ਤੋਂ ਮੰਨਦੇ ਹਨ ਉਹ ਧਮਾਕਾ ਕਦੋਂ ਤੇ ਕਿਸ ਮੈੱਟਰ ਤੋਂ ਹੋਇਆ ? ਭਾਵ ਧਮਾਕੇ ਤੋਂ ਪਹਿਲਾਂ ਬਣਿਆ ਮੈੱਟਰ; ਕਿਵੇਂ ਤੇ ਕਿੱਥੋਂ ਆਇਆ ? ਕੀ ਨਾਨਕ ਦਾ ਗੁਰੂ; ਇਸ ਧਮਾਕੇ ਦੀ ਆਵਾਜ਼ ਤੋਂ ਆਰੰਭ ਹੁੰਦਾ ਹੈ ਜਾਂ ‘ਘੱਗਾ’ ਉਸ ਤੋਂ ਪਹਿਲੀ ਕਿਸੇ ਵਸਤੂ ਨੂੰ ਨਹੀਂ ਮੰਨਦਾ, ਬੇਸ਼ੱਕ ਉਹ ਨਿਰਾਕਾਰੀ ਹੋਵੇ। ਸਟੇਜ ’ਤੇ ਬੋਲਿਆ ਜਾਣ ਵਾਲ਼ਾ ‘ਨਿਰਾਕਾਰ, ਅਰਦਾਸ, ਮਰਿਆਦਾ’ ਦੇ ਅਰਥ ਸਪਸ਼ਟ ਕਰਨੇ ਜ਼ਰੂਰੀ ਹਨ, ਤਾਂ ਜੋ ਪਿਛੋਕੜ ਭਾਵਨਾ ਬਾਹਰ ਆਏ। ਕੀ ਕੁਦਰਤ ਦੇ ਰਚੇਤਾ ਦੀ ਬਜਾਏ ਕੁਦਰਤੀ ਸਿਸਟਮ ਨੂੰ ਤਾਂ ਰੱਬ ਨਹੀਂ ਮੰਨਿਆ ਜਾ ਰਿਹਾ? ਚੇਤੇ ਰਹੇ ਕਿ ਭਾਰਤ ਸਰਕਾਰ ਦੇ 12ਵੀਂ ਦੇ CBSE (biology) ਸਿਲੇਬਸ (2016-17) ’ਚ ਉਕਤ ਧਮਾਕੇ ਵਾਲ਼ੀ ਖੋਜ ਨੂੰ ਗ਼ਲਤ ਸਾਬਤ ਕੀਤਾ ਗਿਆ ਹੈ।)

(3). ਘੱਗਾ ਜੀ ਨੇ ਆਪਣੀ ਲਿਖਤ ’ਚ ਪੰਜ ਪਿਆਰਿਆਂ ਦੇ ਕਿਰਦਾਰ ਬਾਰੇ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਅੰਮ੍ਰਿਤ ਸੰਚਾਰ ਦੌਰਾਨ ਇੱਕ ਬੀਬੀ ਤੋਂ ਕੁਰਹਿਤ (ਪਰਾਏ ਸੰਬੰਧ) ਹੋਈ ਤੇ ਪੰਜਾਂ ’ਚੋ ਇੱਕ ਸਿੰਘ ਨੇ ਉਸ ਦੇ ਘਰ ਜਾ ਕੇ ਦੱਸ ਦਿੱਤਾ।

ਮੈਨੂੰ ਵੀ ਪੰਜਾਂ ਪਿਆਰਿਆਂ ’ਚ ਸ਼ਾਮਲ ਹੋ ਕੇ ਰਹਿਤ ਮਰਿਆਦਾ ਦ੍ਰਿੜ੍ਹ ਕਰਵਾਉਣ ਦੀ ਸੇਵਾ ਮਿਲੀ ਤੇ ਅਜਿਹੇ ਮਸਲੇ ਵੀ ਆਏ ਪਰ ਕੋਈ ਵੀ ਨਾਰੀ ‘ਮੈਥੋਂ ਕੁਰਹਿਤ ਹੋਈ ਹੈ’ ਤੋਂ ਵੱਧ ਨਹੀਂ ਬੋਲੀ, ਫਿਰ ਚਾਰ ਕੁਰਹਿਤਾਂ ’ਚੋਂ ਇਹ ਅਨੁਮਾਨ ਕਿਵੇਂ ਲੱਗੇ ਕਿ ਇਹ ਪਰਾਏ ਸੰਬੰਧ (ਕੁਰਹਿਤ) ਹੀ ਹੈ ?, ਪਰ ਨਕਾਰਾਤਮਕ ਸੋਚ ਵਾਲ਼ੇ ਲੇਖਕ ਤੇ ਉਸ ਦੇ ਪਾਠਕਾਂ ਲਈ ਅਜਿਹੀ ਵਿਚਾਰ ਕੋਈ ਮਾਅਨਾ ਨਹੀਂ ਰੱਖਦੀ।

ਘੱਗਾ ਜੀ ਨੇ ਉਕਤ ਘਟਨਾ ਤੋਂ ਤੀਸਰੇ ਦਿਨ (3 ਮਾਰਚ 2017) ਸੈਰੇਮਬੈਨ (ਮਲੇਸ਼ੀਆ) ਵਿਖੇ ਭਗਤ ਕਬੀਰ ਜੀ ਦੇ ਹੇਠਾਂ ਲਿਖੇ ਸ਼ਬਦ ਦੀ ਵਿਆਖਿਆ ਇੱਕ ਘੰਟੇ ’ਚ ਕੀਤੀ। ਜਿਸ ਦੇ ਸੰਖੇਪ ’ਚ ਅਰਥ ਦਿੱਤੇ ਜਾ ਰਹੇ ਹਨ ਤਾਂ ਜੋ ਪਾਠਕਾਂ ਨੂੰ ਵੀਡਿਓ ’ਚ ਕੀਤੇ ਜਾ ਰਹੇ ਅਰਥਾਂ ਬਾਰੇ ਸਮਝ ਆ ਜਾਏ ਕਿ ਕਿੰਨੇ ਕੁ ਗੁਰਮਤਿ ਅਨੁਸਾਰੀ ਹਨ ਤੇ ਟਕਸਾਲੀਆਂ ਦੇ ਵਿਰੋਧ ਦਾ ਕੀ ਕਾਰਨ ਹੈ ?

ਗਉੜੀ ਕਬੀਰ ਜੀ 

ਜਬ ਹਮ; ਏਕੋ ਏਕੁ, ਕਰਿ ਜਾਨਿਆ ॥ ਤਬ; ਲੋਗਹ ਕਾਹੇ ? ਦੁਖੁ ਮਾਨਿਆ ॥੧॥

ਹਮ ਅਪਤਹ; ਅਪੁਨੀ ਪਤਿ ਖੋਈ ॥ ਹਮਰੈ ਖੋਜਿ; ਪਰਹੁ ਮਤਿ ਕੋਈ ॥੧॥ ਰਹਾਉ ॥

ਹਮ ਮੰਦੇ; ਮੰਦੇ ਮਨ ਮਾਹੀ ॥ ਸਾਝ ਪਾਤਿ; ਕਾਹੂ ਸਿਉ ਨਾਹੀ ॥੨॥

ਪਤਿ ਅਪਤਿ; ਤਾ ਕੀ ਨਹੀ ਲਾਜ ॥ ਤਬ ਜਾਨਹੁਗੇ; ਜਬ ਉਘਰੈਗੋ ਪਾਜ ॥੩॥

ਕਹੁ ਕਬੀਰ ! ਪਤਿ ਹਰਿ ਪਰਵਾਨੁ ॥ ਸਰਬ ਤਿਆਗਿ; ਭਜੁ ਕੇਵਲ ਰਾਮੁ ॥੪॥ (ਭਗਤ ਕਬੀਰ/੩੨੪)

ਉਕਤ ਸ਼ਬਦ ’ਚ ਕਬੀਰ ’ਚ ਵਿਚਾਰਕ ਮਤਭੇਦ ਨੂੰ ਉਜਾਗਰ ਕਰਦੇ ਹਨ ਪਰ ਇਹ ਮਤਭੇਤ, ਕਰਤਾਰ ਦੀ ਹੋਂਦ ਬਾਰੇ ਦਿੱਤੀ ਜਾਂਦੀ ਪਰਿਭਾਸ਼ਾ ’ਤੇ ਆਧਾਰਿਤ ਹੈ; ਜਿਵੇਂ ਕਿ ਕਬੀਰ ਜੀ ‘ਰਹਾਉ’ ਬੰਦ ’ਚ ਵਰਣਨ ਕਰਦੇ ਹਨ ਕਿ ਮੇਰੇ ਵਾਲ਼ੀ ਖੋਜ (ਕਿ ਰੱਬ ਕਣ-ਕਣ ’ਚ ਵਿਆਪਕ ਹੈ, ਕਿਸੇ ਵਿਸ਼ੇਸ਼ ਸਥਾਨ ਮੰਦਿਰ ’ਚ ਨਹੀਂ) ਪਿਛੇ ਬੇਸ਼ੱਕ ਕੋਈ ਨਾ ਚੱਲੇ, ਪਰ ਮੈਂ ਫਿਰ ਵੀ ‘‘ਆਗਾਹਾ ਕੂ ਤ੍ਰਾਘਿ.. ॥’’ (ਮ: ੫/੧੦੯੬) ਕਰਾਂਗਾ ਕਿਉਂਕਿ ਤੁਹਾਡੇ ਕਹਿਣ ਮੁਤਾਬਕ ਮੈਂ ਬੇਇੱਜ਼ਤ ਜੁਲਾਹੇ ਨੇ ਆਪਣੀ ਇੱਜ਼ਤ ਗਵਾ ਲਈ: ‘‘ਹਮ ਅਪਤਹ; ਅਪੁਨੀ ਪਤਿ ਖੋਈ ॥ ਹਮਰੈ ਖੋਜਿ; ਪਰਹੁ ਮਤਿ ਕੋਈ ॥੧॥ ਰਹਾਉ ॥’’

ਅਰੰਭਕ ਬੰਦ ’ਚ ਉਪਦੇਸ਼ ਹੈ ਕਿ ਸਰਬ ਵਿਆਪਕ ਇੱਕ ਨਾਲ਼ ਜੁੜਨ ਕਾਰਨ ਅਨੇਕਤਾ ਦੇ ਪੂਜਾਰੀਆਂ ਨੇ ਬੁਰਾ ਕਿਉਂ ਮਨਾਇਆ? : ‘‘ਜਬ ਹਮ; ਏਕੋ ਏਕੁ, ਕਰਿ ਜਾਨਿਆ ॥ ਤਬ; ਲੋਗਹ ਕਾਹੇ ? ਦੁਖੁ ਮਾਨਿਆ ॥੧॥’’

ਦੂਸਰੇ ਬੰਦ ’ਚ ਕਬੀਰ ਜੀ ਵਿਚਾਰ ਰੱਖਦੇ ਹਨ ਕਿ ਇਕ ਨਾਲ਼ ਜੁੜਨ ਕਾਰਨ ਅਗਰ ਮੈਂ ਬੇਇੱਜ਼ਤ ਹੋ ਗਿਆ ਭਾਵ ਮੈਂ ਮੰਦਾ ਹਾਂ ਤਾਂ ਆਪਣੇ ਲਈ, ਤੁਹਾਡੇ (ਇੱਜ਼ਤਦਾਰਾਂ) ਨਾਲ਼ ਮੇਰਾ ਮੇਲ਼-ਜੋਲ਼ ਨਹੀਂ ਰਿਹਾ: ‘‘ਹਮ ਮੰਦੇ; ਮੰਦੇ ਮਨ ਮਾਹੀ ॥ ਸਾਝ ਪਾਤਿ; ਕਾਹੂ ਸਿਉ ਨਾਹੀ ॥੨॥’’

ਤੀਸਰੇ ਬੰਦ ’ਚ ਕਬੀਰ ’ਚ ਵਚਨ ਕਰਦੇ ਹਨ ਕਿ ਮੈਨੂੰ ਦੁਨਿਆਵੀ ਮਾਨ/ਅਪਮਾਨ ਦੀ ਕੋਈ ਪਰਵਾਹ ਨਹੀਂ ਕਿਉਂਕਿ ਇੱਜ਼ਤ ਦਾ ਮੁੱਲ ਪੈਣ ਵਾਲ਼ੀ ਜਗ੍ਹਾ ਮੈ ਸੁਰਖ਼ਰੂ ਹੋਵਾਂਗਾ ਤੇ ਤੁਹਾਡਾ ਪਾਜ ਖੁਲ੍ਹੇਗਾ ਭਾਵ ‘‘ਕੂੜ ਨਿਖੁਟੇ ਨਾਨਕਾ ! ਓੜਕਿ ਸਚਿ ਰਹੀ ॥’’ (ਮ: ੧/੯੫੩), ਪਤਿ ਅਪਤਿ; ਤਾ ਕੀ ਨਹੀ ਲਾਜ ॥ ਤਬ ਜਾਨਹੁਗੇ; ਜਬ ਉਘਰੈਗੋ ਪਾਜ ॥੩॥

ਚੌਥੇ ਤੇ ਆਖ਼ਰੀ ਬੰਦ ’ਚ ਫ਼ੁਰਮਾਇਆ ਗਿਆ ਕਿ ਉਹੀ ਇੱਜ਼ਤ ਸਰਬੋਤਮ ਹੈ ਜੋ ਹਰੀ ਦਰ ’ਤੇ ਕਬੂਲ ਹੋ ਜਾਏ, ਇਸ ਲਈ ਹੇ ਮਨੁੱਖ ! ਸਾਰੇ ਦੁਨਿਆਵੀ ਖਿਚਾਓ (ਭੁਲੇਖੇ) ਛੱਡ ਕੇ ਕੇਵਲ ਸਰਬ ਵਿਆਪਕ ਰਾਮ ਨੂੰ ਯਾਦ ਕਰ: ‘‘ਕਹੁ ਕਬੀਰ ! ਪਤਿ ਹਰਿ ਪਰਵਾਨੁ ॥ ਸਰਬ ਤਿਆਗਿ; ਭਜੁ ਕੇਵਲ ਰਾਮੁ ॥੪॥’’ (ਭਗਤ ਕਬੀਰ/੩੨੪)

ਸੋ, ਉਕਤ ਸ਼ਬਦ ਦੀ ਚੋਣ 1 ਮਾਰਚ 2017 ਵਾਲ਼ੀ ਘਟਨਾ ਦਾ ਨਤੀਜਾ ਹੈ, ਤਾਂ ਜੋ ਆਪਣਾ ਪੱਖ ਸੰਗਤਾਂ ’ਚ ਰੱਖਿਆ ਜਾ ਸਕੇ। ਸਪਸ਼ਟਤਾ ਲਈ ਇੱਕ ਘੰਟਾ ਲੱਗਿਆ। ਗੁਰੂ ਪਿਆਰਿਆਂ ਨੂੰ ਉਕਤ ਸ਼ਬਦ ਦੇ ਆਖ਼ਰੀ ਬੰਦ ’ਚ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਾਕੀ ਤਾਂ ਸਮਾਜਿਕ ਮਿਸਾਲ ਵਜੋਂ ਦਿੱਤੇ ਗਏ ਦ੍ਰਿਸ਼ਟਾਂਤ ਹਨ ਭਾਵ ਪੂਰੇ ਸ਼ਬਦ ਦਾ ਸਾਰ ਕਣ-ਕਣ ’ਚ ਵਿਆਪਕ ਰਾਮ ਨੂੰ ਯਾਦ ਕਰਨ ਬਾਰੇ ਹੈ, ਪਰ ਇੱਕ ਘੰਟੇ ਦੀ ਕਥਾ ’ਚ ਘੱਗਾ ਜੀ ਨੇ ਇਸ ਤੁਕ ਨੂੰ ਕਿੰਨਾ ਕੁ ਸਮਾਂ (ਮਹੱਤਵ) ਦਿੱਤਾ, ਹੇਠਾਂ ਦਿੱਤੀ ਵੀਡਿਓ ’ਚ ਜ਼ਰੂਰ ਚੈੱਕ ਕਰਨਾ।

ਜ਼ਰਾ ਕੁ ਸੋਚੋ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਅਗਰ ਕਿਸੇ ਬੰਦੇ ਨੇ ਵੀ ਧਰਮ ਦੀ ਵਿਆਖਿਆ ਨਾ ਕੀਤੀ ਹੁੰਦੀ, ਜਿਸ ਨੂੰ ਗੁਰਮਤਿ ਨੇ ਕਰਮਕਾਂਡ ਬਿਆਨ ਕੀਤਾ ਹੈ ਤਾਂ ਗੁਰੂ ਜੀ ਮਨੁੱਖ ਨੂੰ ਕਮਾਦਿਕ ਵਿਕਾਰਾਂ, ਸਮਾਜਿਕ ਰਿਸ਼ਤਿਆਂ, ਬੇਚੈਨੀ, ਦੁਬਿਧਾ, ਅਸੰਤੁਸ਼ਟੀ, ਆਦਿ ਔਗੁਣਾਂ ਬਾਰੇ ਕੀ ਉਪਦੇਸ਼ ਕਰਦੇ ? ਇਸ ਦਾ ਜਵਾਬ ਹੀ ਗੁਰਬਾਣੀ ਦਾ ਸਾਰ ਹੈ, ਉਹ ਹੈ ਕਰਤਾਰ ਦੀ ਹੋਂਦ ਨੂੰ ਮਨੁੱਖੀ ਹਿਰਦੇ ’ਚ ਯਕੀਨੀ ਬਣਾਉਣਾ ਤਾਂ ਜੋ ਰੱਬੀ ਰਜ਼ਾ ਨੂੰ ਸਵੀਕਾਰਿਆ ਜਾ ਸਕੇ। ਕਬੀਰ ਜੀ ਦੇ ਉਕਤ ਸ਼ਬਦ ਦੀ ਆਖ਼ਰੀ ਤੁਕ ਇਸੇ ਸਾਰ ਨੂੰ ਪ੍ਰਗਟ ਕਰਦੀ ਹੈ, ਜਿਸ ਦੀ ਵਿਆਖਿਆ ਬਾਰੇ ਪ੍ਰਚਾਰਕਾਂ ਪਾਸ ਸਮਾਂ ਹੀ ਨਹੀਂ ਰਹਿ ਜਾਂਦਾ ਕਿਉਂਕਿ ਗੁਰਮਤਿ ਨੂੰ ਅਸੀਂ ਕੇਵਲ ਅਨਮਤਿ ਨੂੰ ਰੱਦ ਕਰਨ ਲਈ ਹੀ ਵਰਤਣਾ ਸਿਖਿਆ ਹੈ। ਹੇਠਲੀ ਵੀਡੀਓ ’ਚ ਇਸ ਤੁਕ ਦੀ ਸਪੱਸ਼ਟਤਾ ਲਈ ਪ੍ਰਚਾਰਕ ਦੀ ਯੋਗਤਾ ਅਤੇ ਵਿਸ਼ੇ ਦੀ ਮਹੱਤਤਾ ਨੂੰ ਬੜੇ ਗਹੁ ਨਾਲ਼ ਵਿਚਾਰਨ ਦੀ ਜ਼ਰੂਰਤ ਹੈ।

ਇਸ ਸ਼ਬਦ ਵਿਆਖਿਆ ਦੌਰਾਨ ਘੱਗਾ ਜੀ ਵੱਲੋਂ ਦਿੱਤੀਆਂ ਜਾ ਰਹੀਆਂ ਮਿਸਾਲਾਂ ’ਚ ਇੱਕ ਮਿਸਾਲ ਇਹ ਵੀ ਹੈ ਕਿ ‘‘ਆਪਿ ਨ ਦੇਹਿ; ਚੁਰੂ ਭਰਿ ਪਾਨੀ ॥ ਤਿਹ ਨਿੰਦਹਿ; ਜਿਹ ਗੰਗਾ ਆਨੀ ॥’’ (ਭਗਤ ਕਬੀਰ/੩੩੨) ਜਿਸ ਦੇ ਅਰਥ ਹਨ: ‘ਤੰਗ ਦਿਲ ਲੋਕ; ਆਪ ਤਾਂ ਕਿਸੇ ਦੀ ਮਦਦ ਨਹੀਂ ਕਰਦੇ ਪਰ ਜਿਨ੍ਹਾਂ ਮਹਾਂਪੁਰਸ਼ਾਂ ਨੇ ਪਰਉਪਕਾਰਤਾ ਲਈ ਜੀਵਨ-ਕੁਰਬਾਨੀ ਦੀਆਂ ਨਦੀਆਂ ਵਹਾ ਦਿੱਤੀਆਂ ਭਾਵ ਸਾਰੀ ਉਮਰ ਮਾਨਵਤਾ ਦੇ ਅਧਿਕਾਰਾਂ ਦੀ ਰਾਖੀ ਕਰਦੇ ਰਹੇ ਉਨ੍ਹਾਂ ਨੂੰ ਨਿੰਦਦੇ ਹਨ।’, ਪਰ ਘੱਗਾ ਜੀ ਇਸ ਦੇ ਅਰਥ ਕਰਦੇ ਹਨ ਕਿ ਕਰਤਾਰ ਨੇ ਸਾਡੇ ਲਈ ਗੰਗਾ – ਜਮਨਾ, ਆਦਿ ਨਦੀਆਂ ਵਹਾ ਦਿੱਤੀਆਂ, ਪਰ ਅਸੀਂ ਉਸ ਨੂੰ ਨਿੰਦਦੇ ਹਾਂ।  ਕੀ ਕੋਈ ਅਕਾਲ ਪੁਰਖ ਨੂੰ ਨਿੰਦਦਾ ਹੈ ? ਕਿਉਂਕਿ ਉਕਤ ਤੁਕ ’ਚ ਦਰਜ ਹੈ: ‘ਤਿਹ ਨਿੰਦਹਿ’  ਭਾਵ ਉਨ੍ਹਾਂ ਨੂੰ ਨਿੰਦਦੇ ਹਨ: ‘ਜਿਹ ਗੰਗਾ ਆਨੀ’ ਭਾਵ ਜਿਨ੍ਹਾਂ ਨੇ (ਪਰਉਪਕਾਰ ਦੀ) ਗੰਗਾ ਲਿਆਂਦੀ।  ਇੱਕ ਪਾਸੇ ਤਾਂ ਘੱਗਾ; ਗੰਗਾ, ਜਮਨਾ ਨੂੰ ਵਿਸ਼ੇਸ਼ ਮਹੱਤਵ ਨਹੀਂ ਦਿੰਦਾ ਤੇ ਦੂਸਰੇ ਪਾਸੇ ਉਨ੍ਹਾਂ ਦੀ ਹੀ ਉਦਾਹਰਨ ਦੇਣਾ ਸਾਡੀ ਮਜਬੂਰੀ ਬਣ ਜਾਂਦਾ ਹੈ।

 ਵਿਸ਼ਾਲ ਗੁਰਮਤਿ ਦੇ ਵਿਸ਼ਿਆਂ ਨੂੰ ਸੀਮਤ ਕੁੱਜੇ ’ਚ ਬੰਦ ਕਰਨ ਵਾਲ਼ੇ ਘੱਗੇ ਵਰਗੇ; ਸਿੱਖ ਕੌਮ ’ਚ ਇੱਕ ਜਾਂ ਦੋ ਨਹੀਂ, ਅਣਗਿਣਤ ਹਨ, ਜੋ ਅਭਿਲਾਸ਼ੀ ਸਿੱਖ ਨੂੰ ਬੇਚੈਨ (ਅਸ਼ਾਂਤ) ਕਰਦੇ ਰਹਿੰਦੇ ਹਨ। ਅਗਰ ਬੀਬੀ ਗੁਰਮੇਹਰ ਕੌਰ ਆਪਣੇ ਪਿਤਾ ਦਾ ਕਾਤਲ ਜੰਗ (ਨਫ਼ਰਤ) ਨੂੰ ਮੰਨਦੀ ਹੈ ਤੇ ਅਸੀਂ ਅਮਨਪਸੰਦ ਸਿੱਖ ਹੋਣ ਦੇ ਨਾਂ ’ਤੇ ਉਸ ਦੇ ਕਾਫ਼ਲੇ ’ਚ ਸ਼ਾਮਲ ਹੋਣਾ ਲੋਚਦੇ ਹਾਂ, ਤਾਂ ਸਾਨੂੰ ਵੀ ਇਸ ਬੀਬੀ ਵਾਙ ਗੁਰੂ ਘਰਾਂ ਵਿੱਚ ਤਣਾਅ ਪੈਦਾ ਕਰਨ ਵਾਲ਼ੇ ਹਰ ਵਿਅਕਤੀ ਦੀ ਸੋਚ ਦਾ ਵਿਰੋਧ ਕਰਨਾ ਪਏਗਾ। ਕਿਸੇ ਇੱਕ ਦਾ ਪੱਖ ਪੂਰਨ ਲਈ ਦੂਸਰੇ ਦੀ ਵਿਰੋਧਤਾ ਕਰਨੀ ਇਸ ਬਿਮਾਰੀ ਦਾ ਇਲਾਜ ਨਹੀਂ।

ਹੇਠਾਂ ਦਿੱਤੀ ਗਈ ਇਸ ਵੀਡਿਓ ਨੂੰ 1 ਘੰਟਾ 7 ਮਿੰਟ ਵਿੱਚੋਂ ਘੱਟੋ-ਘੱਟ 55 ਤੋਂ 60 ਮਿੰਟ ਤੱਕ ਧਿਆਨ ਨਾਲ਼ ਸੁਣਨ ਦੀ ਜ਼ਰੂਰਤ ਹੈ, ਜਿੱਥੇ ਰੱਬੀ ਸ਼ਕਤੀ ਨੂੰ ਬਿਆਨ ਰਹਿਤ ਦੱਸ ਕੇ ਉਸ ਦੀ ਵਿਚਾਰ ਤੋਂ ਦੂਰ ਹੀ ਰਹਿਣ ਲਈ ਕਿਹਾ ਜਾ ਰਿਹਾ ਹੈ ਜਦਕਿ ਗੁਰਬਾਣੀ ਤੇ ਸੰਬੰਧਿਤ ਤੁਕ ‘ਪਤਿ ਹਰਿ ਪਰਵਾਨੁ ॥ ਸਰਬ ਤਿਆਗਿ; ਭਜੁ ਕੇਵਲ ਰਾਮੁ ॥’ ਹੈ ਹੀ ਉਸ ਦੇ ਗੁਣਾਂ ਦਾ ਵਰਣਨ।  ਇਹੀ ਗੁਰਬਾਣੀ ਦਾ ਸਾਰ ਹੈ।

ਸਿੱਖ ਰਹਿਤ ਮਰਿਆਦਾ, ਨਿਤਨੇਮ, ਆਦਿ ਪੰਥਕ ਏਕਤਾ ਬਾਰੇ ਘੱਗਾ ਦੇ ਵਿਚਾਰ ਸੁਣੋ।