ਦਿੱਲੀ ਨਗਰ ਨਿਗਮ ਚੋਣਾਂ ਦਾ ਸਿੱਖ ਸਮਾਜ ‘ਤੇ ਅਸਰ

0
218

ਦਿੱਲੀ ਨਗਰ ਨਿਗਮ ਚੋਣਾਂ ਦਾ ਸਿੱਖ ਸਮਾਜ ‘ਤੇ ਅਸਰ

ਸਰਬਜੀਤ ਸਿੰਘ (ਐਡਵੋਕੇਟ)-98716-83322

ਮਿਤੀ 23 ਅਪ੍ਰੈਲ 2017 ਨੂੰ ਦਿੱਲੀ ਦੇ ਤਿੰਨੋਂ ਨਗਰ ਨਿਗਮਾਂ (ਮਿਊਨਿਸਿਪਲ ਕਾਰਪੋਰੇਸ਼ਨਾਂ) ਦੇ ਕੌਂਸਲਰਾਂ ਦੀ ਚੋਣ ਲਈ ਆਮ ਚੋਣਾਂ ਦਾ ਆਯੋਜਨ ਹੋਇਆ। ਇਸ ਤੋਂ ਪਹਿਲਾਂ 9 ਅਪ੍ਰੈਲ 2017 ਨੂੰ ਦਿੱਲੀ ਵਿਧਾਨ ਸਭਾ ਦੇ ਹਲਕਾ ਰਜੌਰੀ ਗਾਰਡਨ ਦੀਆਂ ਆਮ ਚੋਣਾਂ ਵੀ ਕਰਵਾਈਆਂ ਗਈਆਂ, ਜਿਸ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦੇ ਉਮੀਦਵਾਰ ਵਜੋਂ ਅਰਾਮ ਦਾਇਕ ਜਿੱਤ ਪ੍ਰਾਪਤ ਕੀਤੀ। ਤਿਨੋਂ ਨਗਰ ਨਿਗਮਾਂ ਵਿਚ ਵੀ ਭਾਜਪਾ ਉਮੀਦਵਾਰਾਂ ਨੂੰ ਹੀ ਬਹੁਮਤ ਪ੍ਰਾਪਤ ਹੋਇਆ। ਜਿੱਥੋਂ ਤੱਕ ਸਿੱਖ ਉਮੀਦਵਾਰਾਂ ਦੀ ਗੱਲ ਹੈ, ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ, ਕਮੇਟੀ ਮੈਂਬਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਪਤਨੀ ਸ੍ਰੀਮਤੀ ਮਨਪ੍ਰੀਤ ਕੌਰ ਕਾਲਕਾ, ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ ਦੀ ਪਤਨੀ ਸ੍ਰੀਮਤੀ ਗੁਰਜੀਤ ਕੌਰ ਬਾਠ ਅਤੇ ਰਾਜਾ ਇਕਬਾਲ ਸਿੰਘ ਨੇ ਭਾਜਪਾ ਉਮੀਦਵਾਰਾਂ ਵਜੋਂ ਜਿੱਤ ਪ੍ਰਾਪਤ ਕੀਤੀ। ਕਾਂਗਰਸ ਪਾਰਟੀ ਨਾਲ ਸਬੰਧਿਤ ਕੋਈ ਸਿੱਖ ਉਮੀਦਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਜਦਕਿ ਆਮ ਆਦਮੀ ਪਾਰਟੀ ਨਾਲ ਸਬੰਧਿਤ ਇਕ ਉਮੀਦਵਾਰ, ਗੁਰਮੁਖ ਸਿੰਘ ਨੇ ਨਗਰ ਨਿਗਮ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ।

ਇਨ੍ਹਾਂ ਚੋਣਾਂ ਦਾ ਆਮ ਆਦਮੀ ਪਾਰਟੀ ਅਤੇ ਦੇਸ਼ ਦੀ ਸਿਆਸਤ ‘ਤੇ ਜੋ ਪ੍ਰਭਾਵ ਪਿਆ ਹੈ ਅਤੇ ਪਏਗਾ, ਉਹ ਇਕ ਵੱਖਰਾ ਵਿਸ਼ਾ ਹੈ ਅਤੇ ਇਸ ਬਾਬਤ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਵਿਚ ਭਾਰੀ ਚਰਚਾ ਹੋ ਚੁੱਕੀ ਹੈ ਅਤੇ ਹਾਲਾਂ ਵੀ ਹੋ ਰਹੀ ਹੈ। ਪਰ ਇਨ੍ਹਾਂ ਚੋਣਾਂ ਉਪਰੰਤ, ਦਿੱਲੀ ਦੀ ਸਿੱਖ ਸਿਆਸਤ ਕਿਸ ਮੋੜ ਦਾ ਰੁਖ ਕਰੇਗੀ, ਇਸ ਪਾਸੇ ਸ਼ਾਇਦ ਹਾਲਾਂ ਬਹੁਤਾ ਧਿਆਨ ਨਹੀਂ ਦਿੱਤਾ ਗਿਆ।

ਰਜੌਰੀ ਗਾਰਡਨ ਵਿਧਾਨ ਸਭਾ ਉਪ-ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਨਾਲ ਮਨਜਿੰਦਰ ਸਿੰਘ ਸਿਰਸਾ ਨੂੰ ਇਕ ਵਾਰ ਫਿਰ ਸਿਆਸੀ ਮਜਬੂਤੀ ਪ੍ਰਾਪਤ ਹੋਈ ਹੈ। ਪਿਛੋਕੜ ਵਿਚ ਸ੍ਰੀ ਸਿਰਸਾ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਵਜੋਂ ਸਰਗਰਮ ਰਹੇ ਸਨ, ਜਿਸ ਕਰਕੇ ਉਨ੍ਹਾਂ ਦੇ ਸਥਾਈ ਤੌਰ ‘ਤੇ ਪੰਜਾਬ ਦੀ ਸਿਆਸਤ ਵਿਚ ਸਰਗਰਮ ਹੋਣ ਦੀਆਂ ਕਿਆਸ-ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਪਰ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਕੇ ਉਨ੍ਹਾਂ ਨੇ ਨਾ ਕੇਵਲ ਦਿੱਲੀ ਦੀ ਸਿਆਸਤ ਵਿਚ ਆਪਣਾ ਅਧਾਰ ਬਰਕਰਾਰ ਰੱਖਿਆ, ਬਲਕਿ ਧਾਰਮਕ ਸਿਆਸਤ ਵਿਚ ਆਪਣੇ ਮੁੱਖ ਵਿਰੋਧੀ ਪਰਮਜੀਤ ਸਿੰਘ ਸਰਨਾ ਦੇ ਮੁਕਾਬਲੇ ਆਪਣਾ ਕੱਦ ਉੱਚਾ ਕਰਨ ਵਿਚ ਵੀ ਸਫਲਤਾ ਪ੍ਰਾਪਤ ਕੀਤੀ। ਜਿਕਰਯੋਗ ਹੈ ਕਿ ਸ੍ਰੀ ਸਿਰਸਾ ਨੇ 23 ਫਰਵਰੀ ਨੂੰ ਹੋਈਆਂ ਦਿੱਲੀ ਗੁਰਦੁਆਰਾ ਚੋਣਾਂ ਵਿਚ ਪਰਮਜੀਤ ਸਿੰਘ ਸਰਨਾ ਨੂੰ ਹਲਕਾ ਪੰਜਾਬੀ ਬਾਗ ਤੋਂ ਹਰਾਇਆ ਸੀ। ਸਰਨਾ ਭਰਾਵਾਂ ਨੇ ਵੀ ਰਜੌਰੀ ਗਾਰਡਨ ਵਿਧਾਨ ਸਭਾ ਚੋਣਾਂ ਦੌਰਾਨ, ਮਨਜਿੰਦਰ ਸਿੰਘ ਸਿਰਸਾ ਦੀ ਹਾਰ ਤੈਅ ਕਰਨ ਲਈ ਉਸ ਕਾਂਗਰਸੀ ਉਮੀਦਵਾਰ ਦਾ ਖੁੱਲੇਆਮ ਸਮਰਥਨ ਕਰਨ ਤੋਂ ਸੰਕੋਚ ਨਹੀਂ ਕੀਤਾ ਸੀ, ਜਿਸ ਦੇ ਪਰਵਾਰ ਨੂੰ ਖੇਤਰ ਦੇ ਲੋਕ ਉਨ੍ਹਾਂ ਦੀਆਂ ਸਿੱਖ-ਵਿਰੋਧੀ ਹਰਕਤਾਂ ਅਤੇ ਟਿੱਪਣੀਆਂ ਲਈ ਚੰਗੀ ਤਰ੍ਹਾਂ ਜਾਣਦੇ-ਪਛਾਣਦੇ ਹਨ। ਉਕਤ ਕਾਂਗਰਸੀ ਉਮੀਦਵਾਰ ਦੇ ਸਮਰਥਨ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਚੋਣ ਰੈਲੀ ਕੀਤੀ, ਜਿਸ ਵਿਚ ਸਰਨਾ ਭਰਾਵਾਂ ਨੇ ਵੀ ਭਾਗ ਲਿਆ। ਇਸ ਸਭ ਦੇ ਬਾਵਜੂਦ, ਸ੍ਰੀ ਸਿਰਸਾ ਨੇ ਰਜੌਰੀ ਗਾਰਡਨ ਵਿਧਾਨ ਸਭਾ ਚੋਣ ਵਿਚ ਜਿੱਤ ਪ੍ਰਾਪਤ ਕਰ ਲਈ, ਜਿਸ ਨਾਲ ਹਲਕੇ ਦੀ ਕਾਂਗਰਸੀ ਉਮੀਦਵਾਰ ਨਾਲੋਂ ਵੱਧ ਸ਼ਾਇਦ ਸਰਨਾ ਭਰਾਵਾਂ ਨੂੰ ਤਕਲੀਫ ਅਤੇ ਨਮੋਸ਼ੀ ਹੋਈ ਹੋਵੇਗੀ।

ਨਗਰ ਨਿਗਮ ਚੋਣਾਂ ਵਿਚ ਵੀ ਬਾਦਲ ਦਲ ਨਾਲ ਸਬੰਧਿਤ ਦਿੱਲੀ ਗੁਰਦੁਆਰਾ ਕਮੇਟੀ ਦੇ ਕਈ ਮੈਂਬਰਾਂ ਜਾਂ ਉਨ੍ਹਾਂ ਦੀਆਂ ਪਤਨੀਆਂ ਵੱਲੋਂ ਜਿੱਤ ਪ੍ਰਾਪਤ ਕਰਨ ਨਾਲ, ਇਕ ਖੇਤਰੀ ਪਾਰਟੀ ਦੇ ਤੌਰ ‘ਤੇ ਅਕਾਲੀ ਦਲ ਬਾਦਲ, ਦਿੱਲੀ ਪ੍ਰਦੇਸ਼ ਨੂੰ ਸਿਆਸੀ ਅਤੇ ਮਨੋਵਿਗਿਆਨਕ ਮਜਬੂਤੀ ਪ੍ਰਾਪਤ ਹੋਈ ਹੈ। ਆਪਣੀ ਪਾਰਟੀ ਦੇ ਆਗੂਆਂ ਨੂੰ ਮੁੱਖ ਧਾਰਾ ਦੀ ਸਿਆਸਤ ਵਿਚ ਜਿੱਤ ਪ੍ਰਾਪਤ ਕਰਦਿਆਂ ਵੇਖ ਕੇ, ਪਾਰਟੀ ਕਾਰਕੁੰਨਾਂ, ਖਾਸਕਰ ਨੌਜਵਾਨ ਕਾਰਕੁੰਨਾਂ ਵਿਚ ਖੁਸ਼ੀ ਅਤੇ ਜੋਸ਼ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ਬਾਦਲ ਦਲ ਤੋਂ ਪਹਿਲਾਂ, ਲੰਬਾ ਸਮਾਂ ਦਿੱਲੀ ਵਿਚ ਸਰਨਾ ਭਰਾਵਾਂ ਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਬੋਲਬਾਲਾ ਰਿਹਾ ਸੀ, ਜਿਸ ਬਾਰੇ ਇਹ ਧਾਰਨਾ ਆਮ ਹੀ ਪਾਈ ਜਾਂਦੀ ਸੀ ਕਿ ਇਹ ਦਲ, ਕਾਂਗਰਸ ਪਾਰਟੀ ਦੇ ਰਹਿਮੋ-ਕਰਮ ਤੋਂ ਉਪਜਿਆ ਇਕ ਦਲ ਸੀ, ਜਿਸ ਦਾ ਮਕਸਦ ਦਿੱਲੀ ਦੇ ਸਿੱਖਾਂ ਦਾ ਝੁਕਾਅ ਕਾਂਗਰਸ ਪਾਰਟੀ ਵੱਲ ਬਣਾਈ ਰੱਖਣਾ ਅਤੇ ਕਾਂਗਰਸੀ ਆਗੂਆਂ ਵੱਲੋਂ ਦਿੱਲੀ ਤੇ ਪੰਜਾਬ ਵਿਚ ਸਿੱਖਾਂ ਦੇ ਕਵਰਾਏ ਗਏ ਕਤਲੇਆਮ, ਝੂਠੇ ਪੁਲਿਸ ਮੁਕਾਬਲਿਆਂ ਅਤੇ ਕਾਂਗਰਸੀ ਸਰਕਾਰਾਂ ਦੀਆਂ ਹੋਰ ਵਧੀਕੀਆਂ ਤੋਂ ਧਿਆਨ ਵਟਾ ਕੇ, ਸਿੱਖਾਂ ਨੂੰ ਵਰਗਲਾਉਂਦੇ ਰਹਿਣਾ ਮਾਤਰ ਸੀ।

ਇਸ ਦੇ ਬਾਵਜੂਦ, ਸਰਨਾ ਭਰਾਵਾਂ ਨੇ ਆਪਣੀ ਪਾਰਟੀ ਦੇ ਵਫਾਦਾਰ ਆਗੂਆਂ ਨੂੰ ਪਹਿਲਾਂ ਕਦੇ ਜਾਂ ਮੌਜੂਦਾ ਚੋਣਾਂ ਵਿਚ, ਕਾਂਗਰਸ ਪਾਰਟੀ ਦੀਆਂ ਚੋਣ ਟਿਕਟਾਂ ਦਿਵਾਉਣ ਜਾਂ ਹੋਰਨਾਂ ਵਸੀਲਿਆਂ ਰਾਹੀਂ ਸਿਆਸੀ ਮਜਬੂਤੀ ਪ੍ਰਦਾਨ ਕਰਵਾਉਣ ਲਈ ਕਦੀ ਕੋਈ ਕਦਮ ਨਹੀਂ ਚੁੱਕਿਆ ਅਤੇ ਸਾਲਾਂ-ਬੱਧੀ ਸਰਨਾ ਦਲ ਵਿਚ ਅੱਡੀਆਂ ਘਿਸਾਉਣ ਵਾਲੇ ਆਗੂ ਅੱਜ ਵੀ ਸਿਆਸੀ ਤੌਰ ‘ਤੇ ਉਵੇਂ ਹੀ ਕਮਜੋਰ ਅਤੇ ਸਰਨਾ ਭਰਾਵਾਂ ਹੱਥੋਂ ਜਲੀਲ ਹੋਣ ਲਈ ਮਜਬੂਰ ਹਨ। ਦੂਜੇ ਪਾਸੇ, ਸਰਨਾ ਦਲ ਨੂੰ ਛੱਡ ਕੇ ਬਾਦਲ ਦਲ ਵਿਚ ਸ਼ਾਮਲ ਹੋਏ ਹਰਮੀਤ ਸਿੰਘ ਕਾਲਕਾ, ਨਿਸ਼ਾਨ ਸਿੰਘ ਮਾਨ ਅਤੇ ਹੁਣੇ-ਹੁਣੇ ਕੌਂਸਲਰ ਚੁਣੇ ਗਏ ਆਗੂਆਂ ਨੂੰ ਭਾਰੀ ਸਿਆਸੀ ਮਜਬੂਤੀ ਪ੍ਰਾਪਤ ਹੋਈ। ਜਦਕਿ ਬਾਦਲ ਦਲ ਛੱਡ ਕੇ ਸਰਨਾ ਦਲ ਵਿਚ ਸ਼ਾਮਲ ਹੋਏ ਦਲਜੀਤ ਸਿੰਘ ਵਡਾਲੀ, ਰਾਜਾ ਹਰਪ੍ਰੀਤ ਸਿੰਘ, ਗੁਰਬਖਸ਼ ਸਿੰਘ ਮੌਂਟੂ ਸ਼ਾਹ ਆਦਿ ਸਿਆਸੀ ਤੌਰ ‘ਤੇ ਕਾਫੀ ਪਿੱਛੇ ਰਹਿ ਗਏ ਹਨ। (ਸਰਨਾ ਭਰਾਵਾਂ ਲਈ ਦਲੇਰੀ ਨਾਲ ਪ੍ਰਚਾਰ ਕਰਨ ਵਾਲੇ ਯੂਥ ਆਗੂ ਰਾਜਾ ਹਰਪ੍ਰੀਤ ਸਿੰਘ ‘ਤੇ ਔਕੜ ਆਉਣ ਵੇਲੇ ਉਸ ਨਾਲ ਸਰਨਾ ਭਰਾਵਾਂ ਨੇ ਕੀ ਕੀਤਾ, ਇਸ ਗੱਲ ਨੂੰ ਦਿੱਲੀ ਦੀ ਸਿੱਖ ਸਿਆਸਤ ਤੋਂ ਵਾਕਿਫ ਬੱਚਾ-ਬੱਚਾ ਜਾਣਦਾ ਹੈ।) ਕੁਝ ਇਸੇ ਤਰ੍ਹਾਂ, ਸਰਨਾ ਦਲ ਤੱਕ ਸੀਮਤ ਰਹਿਣ ਦੀ ਬਜਾਏ, ਆਮ ਆਦਮੀ ਪਾਰਟੀ ਦੀ ਸਰਗਰਮ ਸਿਆਸਤ ਵਿਚ ਸ਼ਾਮਲ ਹੋਏ ਅਵਤਾਰ ਸਿੰਘ ਕਾਲਕਾ ਵੀ, ਹਲਕਾ ਕਾਲਕਾ ਜੀ ਤੋਂ ਵਿਧਾਇਕ ਚੁਣੇ ਜਾਣ ਵਿਚ ਸਫਲ ਰਹੇ, ਜਦਕਿ ਜੇਕਰ ਉਹ ਸਰਨਾ ਦਲ ਵਿੱਚ ਵੀ ਰਹਿੰਦੇ, ਤਾਂ ਉਨ੍ਹਾਂ ਦਾ ਸਿਆਸੀ ਹਸ਼ਰ ਕੀ ਹੋਣਾ ਸੀ, ਇਹ ਸਵਾਲ ਕਿਸੇ ਜਵਾਬ ਦਾ ਮੁਥਾਜ ਨਹੀਂ ਹੈ।

ਨਗਰ ਨਿਗਮ ਚੋਣਾਂ ਦੌਰਾਨ ਕੁਝ ਹੋਰ ਘਟਨਾਵਾਂ ਨੇ ਵੀ ਸਰਨਾ ਭਰਾਵਾਂ ਦੀ ਸਾਖ ਅਤੇ ਉਨ੍ਹਾਂ ਦੀ ਸਿਆਸੀ ਸਥਿਤੀ ‘ਤੇ ਨਾਂਹ-ਪੱਖੀ ਪ੍ਰਭਾਵ ਪਾਇਆ। ਇਨ੍ਹਾਂ ਵਿਚੋਂ ਇਕ ਵੱਡੇ ਘਟਨਾਕ੍ਰਮ ਦੌਰਾਨ, ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸਰਨਾ ਭਰਾਵਾਂ ਦੇ ਸਿਆਸੀ ਰਹਿਬਰ – ਅਰਵਿੰਦਰ ਸਿੰਘ ਲਵਲੀ, ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਵਿਚ ਸ਼ਾਮਲ ਹੋ ਗਏ। ਭ੍ਰਿਸ਼ਟ ਗੁੰਝਲਦਾਰ ਸਿਆਸਤ ਦੇ ਮਾਹੌਲ ਵਿਚ ਉਕਤ ਘਟਨਾਕ੍ਰਮ ਦੇ ਸਹੀ ਕਾਰਨਾਂ ਅਤੇ ਟੀਚੇ ਦੀ ਪੜਚੋਲ ਕਰਨਾ ਫਿਲਹਾਲ ਸੰਭਵ ਨਹੀਂ ਅਤੇ ਲਵਲੀ ਦੇ ਇਸ ਕਦਮ ਨੂੰ ਸਰਨਾ ਭਰਾਵਾਂ ਦੀ ਗੁਪਚੁਪ ਸਹਿਮਤੀ / ਸਮਰਥਨ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਹਮੇਸ਼ਾ ਕਾਂਗਰਸ ਪਾਰਟੀ ਦੇ ਸੋਹਿਲੇ ਪੜ੍ਹਨ ਵਾਲੇ ਸਰਨਾ ਭਰਾਵਾਂ ਲਈ ਲਵਲੀ ਦਾ ਇਹ ਕਦਮ ‘ਸੱਪ ਦੇ ਮੂੰਹ ‘ਚ ਕੋਹੜ ਕਿਰਲੀ’ ਵਾਲੀ ਸਥਿਤੀ ਪੈਦਾ ਕਰ ਗਿਆ ਹੈ ਕਿਉਂਕਿ ਸਰਨਾ ਭਰਾ ਨਾ ਤਾਂ ਅਰਵਿੰਦਰ ਸਿੰਘ ਲਵਲੀ ਦੀ ਖਿਲਾਫਤ ਕਰ ਸਕਦੇ ਹਨ ਅਤੇ ਨਾ ਹੀ ਲਵਲੀ ਵਾਂਗ ਬੀਜੇਪੀ ਵਿਚ ਸ਼ਾਮਲ ਹੋ ਸਕਦੇ ਹਨ (ਕਿਸੇ ਪੰਥ-ਪ੍ਰੇਮ ਜਾਂ ਸਿੱਖ-ਹਿੱਤਾਂ ਦੀ ਰਾਖੀ ਲਈ ਨਹੀਂ, ਬਲਕਿ ਬੀਜੇਪੀ ਦਾ ਗਠਜੋੜ ਬਾਦਲ ਦਲ ਨਾਲ ਪਹਿਲਾਂ ਹੀ ਹੋਣ ਕਾਰਨ, ਸਰਨਾ ਭਰਾਵਾਂ ਲਈ ਬੀਜੇਪੀ ਵਿਚ ਸ਼ਾਮਲ ਹੋਣਾ ਸੰਭਵ ਨਹੀਂ, ਨਹੀਂ ਤਾਂ ਸਰਨਾ ਭਰਾਵਾਂ ਨੇ ਵੀ ਲਵਲੀ ਦੀਆਂ ਪੈੜਾਂ ‘ਤੇ ਚੱਲਣ ਵਿਚ ਸੰਕੋਚ ਨਹੀਂ ਕਰਨਾ ਸੀ)।

ਪਰ ਇਹ ਗੱਲ ਪ੍ਰਤੱਖ ਸਪਸ਼ਟ ਹੈ ਕਿ ਦਿੱਲੀ ਦੀ ਸਥਾਨਕ ਸਿਆਸਤ ਵਿੱਚ ਆਉਣ ਵਾਲੇ ਕਈ ਸਾਲਾਂ ਤੱਕ, ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਬੀਜੇਪੀ ਵਿਚਕਾਰ ਹੀ ਰਹੇਗਾ ਅਤੇ ਜੇਕਰ ਕੋਈ ਵੱਡਾ ਕਰਿਸ਼ਮਾ ਨਾ ਹੋਇਆ, ਤਾਂ ਦਿੱਲੀ ਵਿਚ ਹਾਲਾਂ ਲੰਬੇ ਸਮੇਂ ਤੱਕ ਕਾਂਗਰਸ ਪਾਰਟੀ ਨੂੰ ਸੱਤਾ ਦੇ ਨੇੜੇ-ਤੇੜੇ ਵੀ ਫਟਕਣ ਦਾ ਮੌਕਾ ਨਹੀਂ ਮਿਲੇਗਾ। ਕਾਂਗਰਸ ਦੀ ਇਸ ਕਮਜੋਰੀ ਦਾ ਸਿੱਧਾ ਅਸਰ ਸਰਨਾ ਦਲ ‘ਤੇ ਵੀ ਪੈਂਦਾ ਰਹੇਗਾ। ਇਸ ਲਈ ਸਰਨਾ ਭਰਾਵਾਂ ਨੂੰ ਵੀ ਕਿਸੇ ਮਜਬੂਤ ਸਿਆਸੀ ਬਦਲ ਦੀ ਭਾਲ ਹੈ। ਪਰ ਸਰਨਾ ਭਰਾਵਾਂ ‘ਤੇ ਲਗਦੇ ਰਹੇ ਭ੍ਰਿਸ਼ਟਾਚਾਰ ਦੇ ਆਰੋਪਾਂ ਅਤੇ ਹੁਣ ਪਾਰਟੀ ਵਿਚ ਸਥਾਪਿਤ ਹੋ ਚੁੱਕੇ ਕਈ ਸਿੱਖ ਚਿਹਰਿਆਂ ਦੇ ਕਾਰਨ, ਆਮ ਆਦਮੀ ਪਾਰਟੀ ਵਿਚ ਸਰਨਾ ਭਰਾਵਾਂ ਦਾ ਦਾਖਲਾ ਸੁਖਾਲਾ ਨਹੀਂ। ਦੂਜੇ ਪਾਸੇ, ਭਾਜਪਾ ਅਤੇ ਬਾਦਲ ਦਲ ਦਾ ਗਠਜੋੜ ਫਿਲਹਾਲ ਟੁੱਟਦਾ ਨਜਰ ਨਹੀਂ ਆਉਂਦਾ। ਵੈਸੇ ਵੀ, ਬਾਦਲ ਪਿਉ-ਪੁੱਤਰ ਸਾਹਮਣੇ ਸਰਨਾ ਭਰਾਵਾਂ ਦਾ ਸਿਆਸੀ ਰੁਤਬਾ ਕਿੰਨਾ ਕੁ ਹੈ, ਇਹ ਦੱਸਣ ਦੀ ਲੋੜ ਨਹੀਂ।

ਅਜਿਹੇ ਕਾਰਨਾਂ ਕਰਕੇ ਅਤੇ ਸ਼ਾਇਦ ਤਖਤ ਪਟਨਾ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿਚ ਆਪਣੀ ਥਾਂ ਬਣਾਉਣ ਲਈ, ਸਰਨਾ ਭਰਾਵਾਂ ਨੇ ਮੌਜੂਦਾ ਨਗਰ ਨਿਗਮ ਚੋਣਾਂ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜਨਤਾ-ਦਲ ਯੂਨਾਈਟਡ ਨਾਲ ਗੰਢ-ਤੁੱਪ ਕਰਨ ਦੀ ਕੋਸ਼ਿਸ਼ ਕੀਤੀ। ਭਾਵੇਂ ਕਿ ਸਰਨਾ ਭਰਾਵਾਂ ਵੱਲੋਂ ਰਸਮੀ ਤੌਰ ‘ਤੇ ਕਾਂਗਰਸ ਨਾਲੋਂ ਤੋੜ-ਵਿਛੋੜੇ ਦਾ ਕੋਈ ਐਲਾਨ ਨਜਰੀਂ ਨਹੀਂ ਪਿਆ, ਪਰ ਨਿਤੀਸ਼ ਕੁਮਾਰ ਅਤੇ ਉਸ ਦੀ ਪਾਰਟੀ ਦੇ ਕੁਝ ਹੋਰ ਆਗੂਆਂ ਨਾਲ ਤਸਵੀਰਾਂ ਖਿਚਵਾ ਕੇ, ਸਰਨਾ ਭਰਾਵਾਂ ਨੇ ਅਸਿੱਧੇ ਤੌਰ ‘ਤੇ ਜਨਤਾ-ਦਲ ਯੂਨਾਈਟਡ ਦੇ ਉਮੀਦਵਾਰਾਂ ਪ੍ਰਤੀ ਆਪਣਾ ਸਮਰਥਨ ਦਰਸਾ ਦਿੱਤਾ। ਇਹ ਗੱਲ ਅਲੱਗ ਹੈ ਕਿ ਚੋਣਾਂ ਵਿਚ ਜੇ. ਡੀ. ਯੂ. ਦੇ ਕਿਸੇ ਵੀ ਉਮੀਦਵਾਰ ਨੂੰ ਜਿੱਤ ਪ੍ਰਾਪਤ ਨਹੀਂ ਹੋਈ ਅਤੇ ਸਰਨਾ ਭਰਾਵਾਂ ਨੂੰ ਇਕ ਵਾਰ ਫਿਰ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ।

ਸਰਨਾ ਭਰਾਵਾਂ ਦੀ ਬਦਕਿਸਮਤੀ ਲਈ, ਜੇਕਰ ਇੰਨਾ ਹੀ ਘੱਟ ਨਹੀਂ ਸੀ ਤਾਂ, ਇਸ ਦੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਗੁਰਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਗਰਦਾਨ ਕੇ ਅਪਮਾਨਿਤ ਕਰਨ ਵਾਲਾ ਬਿਆਨ ਦੇ ਕੇ, ਦੁਨੀਆ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰਨ ਵਿਚ ਕੋਈ ਕਸਰ ਨਹੀਂ ਛੱਡੀ। ਪਰ ਖੁਦ ਨੂੰ ਸਿੱਖਾਂ ਅਤੇ ਸਿੱਖੀ ਦੇ ਠੇਕੇਦਾਰ ਦੱਸਣ ਵਾਲੇ ਸਰਨਾ ਭਰਾਵਾਂ ਨੇ ਕੈਪਟਨ ਦੀ ਇਸ ਹਿਮਾਕਤ ਵਿਰੁੱਧ ਆਪਣਾ ਮੂੰਹ ਖੋਲ੍ਹਣ ਦੀ ਜੁਰਅੱਤ ਤੱਕ ਨਹੀਂ ਕੀਤੀ। ਕੈਪਟਨ ਦੇ ਇਸ ਸਿੱਖੀ-ਵਿਰੋਧੀ ਵਰਤਾਰੇ ਪ੍ਰਤੀ ਚੁੱਪੀ ਧਾਰ ਕੇ ਸਰਨਾ ਭਰਾਵਾਂ ਨੇ ”ਚੁੱਪੀ ਵੀ ਅਧੂਰੀ ਸਹਿਮਤੀ ਹੁੰਦੀ ਹੈ” (silence is half consent) ਵਾਲੀ ਕਹਾਵਤ ਨੂੰ ਪ੍ਰਤੱਖ ਸਾਬਿਤ ਕਰ ਦਿੱਤਾ। ਕੈਪਟਨ ਦੀ ਇਸ ਸਿੱਖ-ਵਿਰੋਧੀ ਪਹੁੰਚ ਦੇ ਅਜਿਹੇ ਅਸਿੱਧੇ ਸਮਰਥਨ ਉਪਰੰਤ, ਸਰਨਾ ਭਰਾ ਹੁਣ ਕਿਹੜੇ ਮੂੰਹ ਨਾਲ ਪਾਕਿਸਤਾਨ ਦੇ ਜਜਬਾਤੀ ਸਿੱਖਾਂ ਨਾਲ ਸਬੰਧ ਕਾਇਮ ਰੱਖ ਸਕਣਗੇ ਜਾਂ ਕਿਸ ਅਧਾਰ ‘ਤੇ ਗੁਰਦੁਆਰਾ ਚੋਣਾਂ ਵਿਚ ਖੁਦ ਨੂੰ ਸਿੱਖਾਂ ਦਾ ਹਿਤੂ ਦਰਸਾ ਸਕਣਗੇ – ਇਹ ਤਾਂ ਆਉਣ ਵਾਲੇ ਭਵਿੱਖ ਵਿਚ ਹੀ ਸਪਸ਼ਟ ਹੋ ਸਕੇਗਾ।

ਹੁਣ ਜੇਕਰ ਦੂਜੀ ਤਰਫ ਝਾਤ ਮਾਰੀਏ ਤਾਂ, ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਸਿਆਸੀ ਤੌਰ ‘ਤੇ ਭਾਵੇਂ ਵਧੇਰੇ ਮਜਬੂਤ ਹੋ ਰਿਹਾ ਹੋਵੇ, ਪਰ ਦਲ ਦੀ ਇਹ ਮਜਬੂਤੀ ਸਿੱਖ ਕੌਮ ਦੇ ਹਿੱਤਾਂ ਅਤੇ ਮਾਨ-ਮਰਿਆਦਾ ਦੀ ਕੀਮਤ ‘ਤੇ ਖਰੀਦੀ ਜਾ ਰਹੀ ਪ੍ਰਤੀਤ ਹੁੰਦੀ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਪੰਜਾਬ ਦੀ ਬਾਦਲ ਸਰਕਾਰ ਦੀਆਂ ਨੀਤੀਆਂ ਖੁੱਲੇ ਤੌਰ ‘ਤੇ ਸਿੱਖਾਂ ਅਤੇ ਸਿੱਖੀ ਵਿਰੋਧੀ ਰਹੀਆਂ ਹਨ। ਬਾਦਲਕਿਆਂ ਦੇ ਰਾਜ ਵਿਚ ਹੀ ਪੰਜਾਬ ਦੇ ਸਿੱਖਾਂ ਵਿਚ ਪਤਿਤਪੁਣਾ, ਲੱਚਰਪੁਣਾ, ਬ੍ਰਾਹਮਣਵਾਦ ਅਤੇ ਨਸ਼ੇੜੀਪੁਣੇ ਆਦਿਕ ਕੁਰੀਤੀਆਂ ਦੀ ਮਹਾਂਮਾਰੀ ਫੈਲਾਈ ਗਈ। ਬਾਦਲਕਿਆਂ ਦੀਆਂ ਪੰਥ-ਵਿਰੋਧੀ ਕਾਰਵਾਈਆਂ ਦੇ ਚੱਲਦਿਆਂ ਹੀ, ਅਕਾਲ ਤਖਤ ਅਤੇ ਹੋਰ ਤਖਤਾਂ ਦੇ ਪੁਜਾਰੀ (ਅਖੌਤੀ ਜਥੇਦਾਰ), ਬਾਦਲ ਪਰਵਾਰ ਦੇ ਜੀ-ਹਜੂਰੀਏ ਬਣ ਕੇ ਰਹਿ ਗਏ ਹਨ, ਜਿਹੜੇ ਹਰ ਮੁੱਦੇ ‘ਤੇ ਸਿੱਖਾਂ ਨੂੰ ਆਪਣੇ ਕਥਿਤ ਹੁਕਮਨਾਮਿਆਂ / ਆਦੇਸ਼ਾਂ / ਸੰਦੇਸ਼ਾਂ / ਬਿਆਨਾਂ ਰਾਹੀਂ ਗੁੰਮਰਾਹ ਕਰਕੇ ਅਤੇ ਅਕਾਲ ਤਖਤ ਪ੍ਰਤੀ ਸਿੱਖਾਂ ਦੇ ਸਤਿਕਾਰ ਦੀ ਭਾਵਨਾ ਦਾ ਖੁੱਲਾ ਦੁਰਪਯੋਗ ਕਰਨ ਵਿਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਬਾਦਲ ਦਲ ਦੇ ਰਾਜ ਵਿਚ ਪੰਜਾਬ ਵਿਚ ਹਾਲਾਤ ਏਨੇ ਮਾੜੇ ਹੋ ਗਏ ਸਨ ਕਿ ਦਸਤਾਰ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸ਼ਾਂਤਮਈ ਵਿਰੋਧ ਕਰਨ ਵਾਲੇ ਸਿੱਖਾਂ ਨੂੰ ਵੀ ਪੁਲਿਸ ਦੀਆਂ ਗੋਲੀਆਂ ਨਾਲ ਭੁੰਨਵਾ ਦਿੱਤਾ ਜਾਂਦਾ ਸੀ। ਪੰਜਾਬ ਵਿਚ ਬਾਦਲਕਿਆਂ ਦੇ ਅਜਿਹੇ ਵਤੀਰੇ ਕਾਰਨ ਹੀ ਪੰਥ-ਦਰਦੀ ਸਿੱਖ, ਇਸ ਪਾਰਟੀ ਨੂੰ ਵੀ ਹੁਣ, ਕਾਂਗਰਸ ਪਾਰਟੀ ਦੀ ਹੀ ਤਰਾਂ, ਸਿੱਖਾਂ ਦਾ ਐਲਾਨੀਆ ਦੁਸ਼ਮਣ (declared enemy) ਮੰਨਦੇ ਹਨ। ਪਰ ਦਿੱਲੀ ਵਿਚ ਬਾਦਲ ਦਲ ਨੇ ਏਨੀ ਅੱਤ ਨਹੀਂ ਚੁੱਕੀ ਸੀ ਬਲਕਿ ਮਨਜੀਤ ਸਿੰਘ ਜੀ. ਕੇ. ਵਰਗੇ ਚਿਕਨੀ-ਚੁਪੜੀ ਗੱਲਾਂ ਕਰਨ ਵਾਲੇ ਆਗੂ ਰਾਹੀਂ ਆਪਣੀ ਸਾਖ ਵਿਚ ਸੁਧਾਰ ਹੀ ਕੀਤਾ ਸੀ।

ਪਰ ਹੁਣ ਹੌਲੀ-ਹੌਲੀ ਇਹ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਬੀਜੇਪੀ-ਆਰ. ਐਸ. ਐਸ. ਨੇ ਪੰਜਾਬ ਵਿਚ ਬਾਦਲ ਦਲ ਨੂੰ ਸਿਆਸੀ ਤਾਕਤ ਦੇਣ ਬਦਲੇ ਸਿੱਖ ਵਿਚਾਰਧਾਰਾ ‘ਤੇ ਨਾ ਪੂਰਾ ਹੋ ਸਕਣ ਵਾਲਾ ਨੁਕਸਾਨ ਕਰਵਾਇਆ, ਉਸੇ ਤਰ੍ਹਾਂ ਦਿੱਲੀ ਵਿਚ ਵੀ ਬਾਦਲ ਦਲ ਮੁਹਰੇ ਕੁਝ ਚੋਣ ਟਿਕਟਾਂ ਦੀ ‘ਹੱਡੀ’ ਸੁੱਟਣ ਵਾਲੀ ਬੀਜੇਪੀ, ਹੁਣ ਇਸ ‘ਹੱਡੀ’ ਦੀ ਕੀਮਤ ਵਸੂਲ ਕੇ ਹੀ ਰਹੇਗੀ। ਇਸ ਦੀ ਇਕ ਮਿਸਾਲ ਤਾਂ ਬਾਦਲ ਦਲ ਵੱਲੋਂ ਗੁਰਮਤਿ-ਵਿਰੋਧੀ ਅਤੇ ਮਨਮਤਿ ਨਾਲ ਭਰਪੂਰ ਪ੍ਰਚਾਰ ਕਰਨ ਵਾਲੇ, ਸਿੱਖੀ ਵੇਸ ਵਾਲੇ ਬੁਲਾਰਿਆਂ ਨੂੰ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ, ਖਾਸਕਰ ਗੁਰਦੁਆਰਾ ਬੰਗਲਾ ਸਾਹਿਬ, ਦੀ ਸਟੇਜ ਸੌਂਪਣ ਨਾਲ ਸਪਸ਼ਟ ਹੋ ਗਈ ਹੈ। ਇਕ ਹੋਰ ਤਾਜਾ ਮਿਸਾਲ ਵਿਚ, ਦਿੱਲੀ ਕਮੇਟੀ ਦੇ ਪ੍ਰਬੰਧ ਵਾਲੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਇਕ ਬ੍ਰਾਂਚ ਵਿਚ ਵਿਦਿਆਰਥੀਆਂ ਦੀ ਬੈਲਟ ਉੱਤੇ ਗੁਰਬਾਣੀ ਦੀ ਤੁੱਕ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਨੂੰ ਬਦਲ ਕੇ ਵਿਦਿਆ ਵਿਚਾਰੀ ਓਮ ਪਰਉਪਕਾਰੀ ਵਜੋਂ ਲਿਖਣ ਦੇ ਦੋਸ਼ ਲੱਗੇ ਹਨ। ਹੁਣ ਤਾਜਾਤਰੀਨ ਘਟਨਾਕ੍ਰਮ ਵਿਚ, ਬਾਦਲ ਦਲ ਹਰਿਦੁਆਰ ਵਿਚ ਚਾਰ ਦਹਾਕੇ ਪਹਿਲਾਂ ਢਾਹੇ ਗਏ ਗੁਰਦੁਆਰਾ ਗਿਆਨ ਗੋਦੜੀ ਨੂੰ, ਉਸ ਦੇ ਮੂਲ ਸਥਾਨ ਤੋਂ ਬਹੁਤ ਦੂਰ ਸਥਾਪਿਤ ਕਰਵਾ ਕੇ ਨਾ ਸਿਰਫ ਖੁਦ ਗੁਰੂ ਨਾਨਕ ਸਾਹਿਬ ਦੇ ਜੀਵਨ ਇਤਿਹਾਸ ‘ਤੇ ਕਾਲੀ ਕੂਚੀ ਫੇਰਨ ਨੂੰ ਤਿਆਰ ਹੋ ਗਿਆ ਹੈ ਬਲਕਿ ਸਿੱਖ ਸੰਗਤਾਂ ਨੂੰ ਵੀ ਇਤਿਹਾਸ ਬਦਲਣ ਦੇ ਇਸ ਕੁਕਰਮ ਵਿਚ ਸ਼ਾਮਲ ਹੋਣ ਲਈ ਪ੍ਰੇਰ ਰਿਹਾ ਹੈ। ਪਹਿਲਾਂ ਦੀ ਤਰ੍ਹਾਂ, ਇਸ ਵਾਰ ਵੀ ਸਿੱਖਾਂ ਨੂੰ ਵਰਗਲਾਉਣ ਲਈ ਤਖਤਾਂ ‘ਤੇ ਪ੍ਰਬੰਧ ‘ਤੇ ਫਿੱਟ ਕੀਤੇ ਗਏ ਆਪਣੇ ਪਾਲਤੂ ਪੁਜਾਰੀਆਂ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੀ ਖੁੱਲੀ ਦੁਰਵਰਤੋਂ ਕਰ ਰਿਹਾ ਹੈ। ਸੋ ਸਪਸ਼ਟ ਹੈ ਕਿ ਦਿੱਲੀ ਵਿਚ ਸਿੱਖਾਂ ਅਤੇ ਸਿੱਖ ਵਿਚਾਰਧਾਰਾ ਨੂੰ ਸੱਤਾ ਦੇ ਨਸ਼ੇ ਵਿਚ ਹੰਕਾਰੇ ਹੋਏ ਬਾਦਲ-ਆਰ. ਐਸ. ਐਸ. ਗਠਜੋੜ ਕੋਲੋਂ ਬਚਾ ਕੇ ਰੱਖਣਾ, ਪੰਥ-ਦਰਦੀਆਂ ਵਾਸਤੇ ਬਹੁਤ ਵੱਡੀ ਚੁਣੌਤੀ ਸਾਬਿਤ ਹੋਵੇਗਾ।

ਜਿਥੋਂ ਤੱਕ ਆਮ ਆਦਮੀ ਪਾਰਟੀ ਦੀ ਸਿੱਖ ਲੀਡਰਸ਼ਿਪ ਦੀ ਗੱਲ ਹੈ, ਇਸ ਬਾਰੇ ਕੁਝ ਨਾ ਹੀ ਕਿਹਾ ਜਾਵੇ, ਤਾਂ ਜਿਆਦਾ ਬਿਹਤਰ ਹੋਵੇਗਾ। 2014 ਵਿਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਚਾਰ ਸਿੱਖ ਵਿਧਾਇਕਾਂ ਨੇ ਜਿੱਤ ਪ੍ਰਾਪਤ ਕੀਤੀ ਸੀ ਪਰ ਇਨ੍ਹਾਂ ਵਿਧਾਇਕਾਂ ਦੀ ਆਪਸੀ ਫੁੱਟ ਅਤੇ ਈਰਖਾ ਦਾ ਲਾਭ ਚੁੱਕਦਿਆਂ, ‘ਆਪ’ ਨੇ ਕਿਸੇ ਇਕ ਵੀ ਸਿੱਖ ਵਿਧਾਇਕ ਨੂੰ ਮੰਤਰੀ ਦਾ ਅਹੁਦਾ ਪ੍ਰਦਾਨ ਨਹੀਂ ਕੀਤਾ। ਪਾਰਟੀ ਨੇ ਆਪਣੀ ‘ਸਿੱਖ ਸੈਲ’ ਨੂੰ ਵੀ ਭੰਗ ਕਰ ਦਿੱਤਾ ਅਤੇ ਆਪਣੇ ਕਾਰਕੁੰਨ ਵੱਲੋਂ ਬਣਾਈ ਗਈ ‘ਪੰਥਕ ਸੇਵਾ ਦਲ’ ਪ੍ਰਤੀ ਵੀ ਕੋਈ ਖਾਸ ਉਤਸ਼ਾਹਜਨਕ ਰਵਈਆ ਨਾ ਅਪਣਾਇਆ। ਇਸ ਦੇ ਉਲਟ, ‘ਆਪ’ ਵਿਧਾਇਕ ਜਰਨੈਲ ਸਿੰਘ ਪੱਤਰਕਾਰ ਨੇ ‘ਪੰਥਕ ਸੇਵਾ ਦਲ’ ਨੂੰ ਪ੍ਰਭਾਵਹੀਨ ਕਰਨ ਲਈ, ਇਕ ਵੱਖਰੀ ਸਿੱਖ ਜਥੇਬੰਦੀ ਖੜੀ ਕਰਨ ਦਾ ਜਤਨ ਕੀਤਾ। ਹਾਲਾਂਕਿ ਜਰਨੈਲ ਸਿੰਘ ਆਪਣੇ ਮਨਸੂਬੇ ਵਿਚ ਕਾਮਯਾਬ ਨਹੀਂ ਹੋ ਸਕਿਆ ਪਰ ਉਸ ਨੇ ਇਹ ਹਰਕਤ ਸਿੱਖੀ ਸਰੂਪ ਵਾਲੇ ਕਿਹੜੇ ਭਰਾਵਾਂ ਦੇ ਸਮਰਥਨ ਨਾਲ ਕੀਤੀ ਸੀ ਅਤੇ ਗੁਰਦੁਆਰਾ ਚੋਣਾਂ ਵਿਚ ਇਸ ਦਾ ਲਾਭ ਇਨ੍ਹਾਂ ਭਰਾਵਾਂ ਨੂੰ ਕਿਸ ਢੰਗ ਨਾਲ ਹੋਣਾ ਸੀ, ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ।

‘ਪੰਥਕ ਸੇਵਾ ਦਲ’ ਦੀ ਸਥਾਪਨਾ ਵੀ ਪੜ੍ਹੇ-ਲਿਖੇ, ਕਿਰਤੀ ਅਤੇ ਗੈਰ-ਸਿਆਸੀ ਕਿਸਮ ਦੇ ਸੰਜੀਦਾ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਲਿਆਉਣ ਦੇ ਜਾਹਿਰੀ ਮਕਸਦ ਨਾਲ ਕੀਤੀ ਗਈ ਸੀ। ਪਰ ਦਲ ਦੇ ਦੋਹਾਂ ਮੁੱਖ ਅਹੁਦੇਦਾਰਾਂ ਨੇ ਦਲ ਦੇ ਇਸ ਟੀਚੇ ਦੀ ਪੂਰਤੀ ਵਾਸਤੇ ਕਦੇ ਕੋਈ ਉਪਰਾਲਾ ਕਰਨ ਦਾ ਜਤਨ ਨਹੀਂ ਕੀਤਾ, ਬਲਕਿ ਆਪੋ-ਆਪਣੇ ਨਿੱਜੀ ਲਾਭ ਅਤੇ ਆਪੋ-ਆਪਣੀ ਮਰਜੀ ਦੇ ਏਜੰਡੇ ਦੀ ਪੂਰਤੀ ਵਾਸਤੇ, ਝੂਠੀ ਜਾਂ ਸੱਚੀ, ਆਪਸੀ ਲੜਾਈ ਰਾਹੀਂ ਦਲ ਨੂੰ ਕਮਜੋਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਅਤੇ ਬਾਦਲ ਤੇ ਸਰਨਾ ਦਲ ਦੀ ‘ਰਹਿੰਦ-ਖੂੰਦ’ ਨੂੰ ਅੱਗੇ ਲਾ ਕੇ ਸਮਾਂ ਟਪਾਉਣ ਦੀ ਨੀਤੀ ਹੀ ਅਪਣਾਈ। ਇਸ ਸਭ ਦੇ ਬਾਵਜੂਦ, ਆਮ ਆਦਮੀ ਪਾਰਟੀ ਦੀ ਸਹਿਯੋਗੀ ਜਥੇਬੰਦੀ ਦੇ ਭੁਲੇਖੇ ਵਿਚ, ਪੰਥਕ ਸੇਵਾ ਦਲ ਦੇ ਨਾਮ ‘ਤੇ ਵਿਵਾਦਿਤ ਢੰਗ ਨਾਲ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਵੀ ਗੁਰਦੁਆਰਾ ਚੋਣਾਂ ਵਿਚ ਕਈ ਹਲਕਿਆਂ ਵਿਚ ਚੰਗੀ ਕਾਰਗੁਜਾਰੀ ਦਿਖਾਉਣ ਦਾ ਮੌਕਾ ਮਿਲਿਆ। ਪਰ ਪੰਥਕ ਸੇਵਾ ਦਲ ਨਾ ਤਾਂ ਗੁਰਦੁਆਰਾ ਚੋਣਾਂ ਵਿਚ ਕੋਈ ਸੀਟ ਜਿੱਤ ਸਕਿਆ ਅਤੇ ਨਾ ਹੀ ਨਗਰ ਨਿਗਮ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਇਸ ਦਲ ਦੀ ਹੋਂਦ ਨੂੰ ਕੋਈ ਮਾਨਤਾ ਦਿੱਤੀ। ਅਜਿਹੇ ਵਿਚ, ਪੰਥਕ ਸੇਵਾ ਦਲ ਦੀ ਹਾਲਤ ਵੀ ਸਰਨਾ ਦਲ ਵਾਂਗ ਇਕ ਸਿਆਸੀ ਵਿਧਵਾ ਵਰਗੀ ਹੋ ਗਈ ਪ੍ਰਤੀਤ ਹੁੰਦੀ ਹੈ, ਕਿਉਂਕਿ ਦੋਹਾਂ ਹੀ ਦਲਾਂ ਦੇ ਸਿਰ ‘ਤੇ ਨਾ ਤਾਂ ਕਿਸੇ ਮਜਬੂਤ ਸਿਆਸੀ ਪਾਰਟੀ ਦਾ ਹੱਥ ਹੈ ਅਤੇ ਨਾ ਹੀ ਇਨ੍ਹਾਂ ਦਲਾਂ ਦੀ ਲੀਡਰਸ਼ਿਪ ਵਿਚ ਦਿੱਲੀ ਦੇ ਸਿੱਖਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਦਮ-ਖਮ ਬਚਿਆ ਹੈ।

ਉਪਰੋਕਤ ਸਾਰੀ ਚਰਚਾ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਵੇਂ ਦਿੱਲੀ ਦੀ ਸਿੱਖ ਸਿਆਸਤ ਵਿਚ ਹਾਲ-ਫਿਲਹਾਲ ਤਿੰਨ ਧੜੇ ਸਥਾਪਿਤ ਹਨ, ਪਰ ਇਨ੍ਹਾਂ ਵਿਚੋਂ ਦੋ ਧੜੇ ਤਾਂ ਗੁਰਦੁਆਰਾ ਚੋਣਾਂ ਅਤੇ ਨਗਰ ਨਿਗਮ ਚੋਣਾਂ ਉਪਰੰਤ ਸਿਆਸੀ ਤੌਰ ‘ਤੇ ਬੇਹੱਦ ਕਮਜੋਰ ਹੋ ਚੁੱਕੇ ਹਨ। ਤੀਜੇ ਧੜੇ ਨੂੰ ਪਹਿਲਾਂ ਗੁਰਦੁਆਰਾ ਚੋਣਾਂ ਅਤੇ ਫਿਰ ਨਗਰ ਨਿਗਮ ਚੋਣਾਂ ਉਪਰੰਤ ਸਿਆਸੀ ਮਜਬੂਤੀ ਤਾਂ ਪ੍ਰਾਪਤ ਹੋਈ ਹੈ ਪਰ ਉਸ ਮਜਬੂਤੀ ਦਾ ਮੁੱਲ ਤਾਰਨ ਲਈ, ਇਹ ਧੜਾ ਹੁਣ ਖੁੱਲ ਕੇ ਸਿੱਖੀ ਦਾ ਘਾਣ ਕਰਵਾ ਰਿਹਾ ਹੈ। ਇਸ ਲਈ ਦੇਸ਼-ਵਿਦੇਸ਼ ਦੇ ਸਿੱਖ ਬੁੱਧਜੀਵੀਆਂ ਨੂੰ ਚਾਹੀਦਾ ਹੈ ਕਿ ਉਹ ਹਾਲਾਤ ਪ੍ਰਤੀ ਹੱਥ ‘ਤੇ ਹੱਥ ਰੱਖ ਕੇ ਬੈਠਣ ਦੀ ਬਜਾਏ, ਸਰਗਰਮੀ ਨਾਲ ਅੱਗੇ ਆਉਣ ਅਤੇ ਸਮਾਂ ਰਹਿੰਦਿਆਂ ਸੂਝਵਾਨ ਤੇ ਪੰਥ-ਪ੍ਰਣਾਏ ਸਿੱਖਾਂ ਦੀ ਅਗਵਾਈ ਵਿਚ ਦਿੱਲੀ ਵਿਚ ਸਿੱਖਾਂ ਦੀ ਅਜਿਹੀ ਨਵੀਂ ਯੋਗ ਧਿਰ ਦੀ ਸਥਾਪਨਾ ਕਰਨ, ਜਿਸ ਦਾ ਮਕਸਦ ਉਕਤ ਧਿਰਾਂ ਵਾਂਗ, ਕੋਈ ਨਵੀਂ ਪਾਰਟੀ ਬਣਾ ਕੇ ਗੁਰਦੁਆਰਾ ਚੋਣਾਂ (ਅਤੇ ਫਿਰ ਉਨ੍ਹਾਂ ਦੇ ਮਾਧਿਅਮ ਨਾਲ ਨਗਰ ਨਿਗਮ ਜਾਂ ਵਿਧਾਨ ਸਭਾ ਚੋਣਾਂ) ਲੜਨਾ ਨਾ ਹੋਵੇ ਬਲਕਿ ਸਚਮੁਚ ਸਿੱਖ ਸਮਾਜ ਦੀ ਭਲਾਈ ਅਤੇ ਸਿੱਖੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਹੋਵੇ। ਜੇਕਰ ਦਿੱਲੀ ਦੀ ਸਿੱਖ ਸਿਆਸਤ ਵਿਚ ਕਾਇਮ ਹੋਏ ਉਕਤ ਖਾਲੀਪੁਣੇ (vacuum) ਨੂੰ ਛੇਤੀ ਹੀ ਭਰਿਆ ਨਹੀਂ ਗਿਆ ਤਾਂ, ਦਿੱਲੀ ਦੇ ਸਿੱਖਾਂ ਦਾ ਭਵਿੱਖ ਵੀ – ”ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮ-ਏ-ਗੁਲਿਸਤਾਂ ਕਿਆ ਹੋਗਾ” ਵਾਲਾ ਹੀ ਹੋਵੇਗਾ।

ਸੰਗਤਾਂ ਦਾ ਦਾਸਰਾ

ਸਰਬਜੀਤ ਸਿੰਘ (ਐਡਵੋਕੇਟ) ਦਿੱਲੀ ਹਾਈ ਕੋਰਟ ਫੋਨ : 98716-83322