ਗੁਰੂ ਰਾਮਦਾਸ ਜੀ ਦੀ ਰਚਿਤ ਬਾਣੀ ਲਾਂਵਾਂ : ਪ੍ਰਭੂ ਮਿਲਾਪ ਦਾ ਸਫ਼ਰ
ਡਾ. ਸੂਬਾ ਸਿੰਘ ਪ੍ਰਿੰਸੀਪਲ (Rtd), ੩੫- ਨਿਯੂ ਦਸਮੇਸ਼ ਐਵੀਨਿਯੂ ਸਾਹਮਣੇ, ਖ਼ਾਲਸਾ ਕਾਲਜ (ਅੰਮ੍ਰਿਤਸਰ) – ੯੮੧੫੯-੪੮੭੩੫
ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਦਾ ਜਨਮ ਚੂੰਨੀ ਮੰਡੀ ਲਾਹੌਰ ਦੇ ਨਿਵਾਸੀ, ਪਿਤਾ ਹਰੀ ਦਾਸ ਜੀ (1496-1542, ਪੁੱਤਰ ਠਾਕਰ ਦਾਸ ਤੇ ਪੋਤਰਾ ਬਾਬਾ ਗੁਰਦਿਆਲ ਜੀ) ਅਤੇ ਮਾਤਾ ਦਇਆ ਕੌਰ ਜੀ ਦੀ ਕੁੱਖੋਂ 24 ਸਤੰਬਰ 1534 ਨੂੰ ਹੋਇਆ। ਮਾਤਾ-ਪਿਤਾ ਦੀ ਪਹਿਲੀ ਸੰਤਾਨ ਹੋਣ ਕਰ ਕੇ ਆਪ ਦਾ ਬਚਪਨ ਦਾ ਨਾਂ ‘ਜੇਠਾ’ ਰੱਖਿਆ ਗਿਆ। 8 ਸਾਲ ਦੀ ਉਮਰ ਤੱਕ ਹੀ ਪਹਿਲਾਂ ਮਾਤਾ ਦਇਆ ਕੌਰ ਅਤੇ ਫਿਰ ਪਿਤਾ ਹਰੀ ਦਾਸ ਜੀ (ਸੰਨ 1542 ’ਚ) ਚੜ੍ਹਾਈ ਕਰ ਗਏ। ਯਤੀਮ ਅਵਸਥਾ ਸਮੇਂ ਆਪ ਦੇ ਨਾਨੀ ਜੀ ਪਿੰਡ ਬਾਸਰਕੇ (ਜੇਠਾ ਜੀ ਦੇ ਨਾਨਕੇ ਪਿੰਡ) ਲੈ ਆਈ ਅਤੇ ਏਥੇ ਹੀ ਪਾਲਣਾ-ਪੋਸ਼ਣਾ ਸ਼ੁਰੂ ਹੋਈ। ਛੋਟੀ ਅਵਸਥਾ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਪ੍ਰਾਪਤ ਹੋ ਗਈ। ਉਹਨਾਂ ਦੀ ਦੇਖ ਰੇਖ ਹੇਠ ਜੇਠਾ ਜੀ ਦੀ ਸ਼ਖ਼ਸੀਅਤ ਦੀ ਘਾੜਤ ਘੜੀ ਗਈ। ਆਪ ਸੇਵਾ ਤੇ ਸਿਮਰਨ ਦੇ ਪੁੰਜ ਸਨ। ਗੁਰੂ ਘਰ ਦੀ ਨਿਰੰਤਰ ਸੇਵਾ ਕੀਤੀ ਅਤੇ ਵਿਹਲੇ ਸਮੇਂ ਘੁੰਗਣੀਆਂ ਵੀ ਵੇਚਦੇ ਸਨ, ਜਿਸ ਤੋਂ ਘਰ ਦਾ ਗੁਜ਼ਾਰਾ ਚੱਲਦਾ ਸੀ।
ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਦਾ ਵਿਆਹ (ਅਨੰਦ ਕਾਰਜ) ਆਪ ਜੀ ਨਾਲ 16 ਫ਼ਰਵਰੀ 1554 ਈਸਵੀ ਨੂੰ ਕਰ ਦਿੱਤਾ। ਵਿਆਹ ਉਪਰੰਤ ਵੀ ਗੁਰੂ ਘਰ ਦੀ ਸੇਵਾ-ਸੰਭਾਲ ਇਕ ਨਿਮਾਣੇ ਸੇਵਕ ਤੇ ਨਿਮਰਤਾ ਵਿੱਚ ਰਹਿ ਕੇ ਕੀਤੀ ਗਈ। ਗੁਰੂ ਘਰ ਦੇ ਅਨਿੰਨ ਸੇਵਕ ਜਾਣ ਕੇ, ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ੨ ਅੱਸੂ ਸੰਮਤ ੧੬੩੧ (ਸੰਨ 1574 ਈਸਵੀ) ਨੂੰ ਜੇਠਾ ਜੀ ਨੂੰ ਸੌਂਪ ਦਿੱਤੀ। ਗੁਰੂ ਸਾਹਿਬ ਦੀ ਦਿਆਲਤਾ ਤੇ ਅਕਾਲ ਪੁਰਖ ਦੀ ਕ੍ਰਿਪਾਲਤਾ ਸਦਕਾ ਭਾਈ ਜੇਠਾ ਜੀ ਦਾ ਨਾਂ ਗੁਰੂ ਰਾਮਦਾਸ ਜੀ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਨੇ ੩੦ ਰਾਗਾਂ ਵਿਚ ਬਾਣੀ ਉਚਾਰਨ ਕੀਤੀ। ਆਪ ਜੀ ਨੇ ਦੁਪਦੇ, ਚਉਪਦੇ, ਪੰਚਪਦੇ, ਅਸ਼ਟਪਦੀਆਂ ਵਿਚ ਰਚਨਾ ਕੀਤੀ। ਸਮਾਜ ਵਿਚ ਪ੍ਰਚਲਿਤ ਲੋਕ-ਕਾਵਿ-ਰੂਪਾਂ ਵਿੱਚ, ਪਹਿਰੇ, ਵਣਜਾਰਾ, ਕਰਹਲੇ, ਘੋੜੀਆਂ, ਪੜਤਾਲਾਂ, ਵਾਰਾਂ ਅਤੇ ਛੰਤ ਰਚੇ ਗਏ। ਗੁਰੂ ਸਾਹਿਬ ਨੇ ਸੰਗਤਾਂ ਨੂੰ ਕੌਮੀ ਏਕਤਾ ਤੇ ਗੁਰੂ ਨਾਲ ਜੁੜੇ ਰਹਿਣ ਦਾ ਬਲ ਦਿੱਤਾ ‘‘ਪੇਡੁ ਮੁੰਢਾਹੂ ਕਟਿਆ; ਤਿਸੁ ਡਾਲ ਸੁਕੰਦੇ ॥’’ (ਮ: ੪/੩੧੭) ਕੌਮ ਜੀਵਤ ਉਹੋ ਕਹਾਉਂਦੀ ਹੈ ਜਿਸ ਪਾਸ Desire to live together ਅਤੇ Rich common heritage ਭਾਵ ਇਕ ਸਥਾਨ ਇਕੱਠੇ ਹੋਣ ਦਾ ਚਾਉ ਅਤੇ ਸਾਂਝਾ ਕੌਮੀ ਵਿਰਸਾ ਹੋਵੇ। ਇਹ ਦੋਵੇ ਉਪਦੇਸ਼ ਗੁਰੂ ਰਾਮਦਾਸ ਪਾਤਸ਼ਾਹ ਨੇ ਸਿੱਖ ਕੌਮ ਨੂੰ ਬਖ਼ਸ਼ਸ਼ ਕੀਤੇ ਹਨ।
ਗੁਰੂ ਸਾਹਿਬ ਨੇ ਸਮਾਜ ਨੂੰ ਧਾਰਮਿਕ, ਸਮਾਜਿਕ, ਨੈਤਿਕਤਾ ਭਾਵ ਹਰ ਪੱਖ ਤੋਂ ਅਗਵਾਈ ਬਖ਼ਸ਼ੀ। ਗੁਰੂ ਰਾਮਦਾਸ ਜੀ ਨੇ ਵਡਹੰਸ ਰਾਗ ਵਿਚ ‘ਘੋੜੀ’ ਦੇ ਅਲੰਕਾਰ ਨੂੰ ਲੈ ਕੇ ਦੋ ਸ਼ਬਦਾਂ ਦੀ ਰਚਨਾ ਕੀਤੀ। ਜਿਸ ਵਿਚ ਉਪਦੇਸ਼ ਹੈ ਕਿ ਵਿਆਹ ਸਮੇਂ, ਪਰਮਾਰਥਿਕ ਉਪਦੇਸ਼ ਵਾਲੀਆਂ ਘੋੜੀਆਂ ਗਾਈਆਂ ਜਾਣ ਤਾਂ ਕਿ ਸ਼ੁਭ ਕਾਰਜ ਕਰਦਿਆਂ ਪ੍ਰਭੂ ਨਾਲ ਨੇੜਤਾ ਬਣੀ ਰਹੇ। ਸਿੱਖ ਸਮਾਜ ਦੇ ਵਿਕਾਸ ਤੇ ਪ੍ਰਸਾਰ ਵਿੱਚ ਵਾਧਾ ਕਰਦਿਆਂ ‘ਨਾਨਕ ਨਿਰਮਲ ਪੰਥ’ ਦੇ ਸਮਾਜਿਕ ਸਰੋਕਾਰਾਂ ਤੇ ਸੰਸਕਾਰਾਂ ਨੂੰ ਮਜਬੂਤ ਕਰਨ ਹਿੱਤ, ਅਨੰਦ-ਵਿਆਹ ਦੀ ਰਸਮ ਨੂੰ ਪੁਖਤਾ ਕਰਨ ਲਈ, ਸੂਹੀ ਰਾਗ ਵਿੱਚ ਚਾਰ ਲਾਵਾਂ ਦੀ ਬਾਣੀ ਨਾਲ ਇੱਕ ਵੱਖਰਾ ਵਿਧੀ-ਵਿਧਾਨ ਤਿਆਰ ਕਰ ਦਿੱਤਾ।
ਸਿੱਖ ਧਰਮ ਵਿੱਚ ਗ੍ਰਹਿਸਥ-ਮਾਰਗ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਇਸੇ ਕਰ ਕੇ ਹੀ ਗ੍ਰਹਿਸਥ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਸਿੱਖ ਧਰਮ ਵਿੱਚ ਇੱਕ ਵੱਖਰੀ ਅਤੇ ਵਿਸ਼ੇਸ਼ ਮਰਯਾਦਾ ਹੈ। ਸਿੱਖੀ ਜੀਵਨ ਦੇ ਹਰ ਸੰਸਕਾਰ ਅਤੇ ਮਰਯਾਦਾ ਵਿੱਚ ਕੀਰਤਨ ਤੇ ਅਰਦਾਸ ਨੂੰ ਵੀ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਸ ਮਰਯਾਦਾ ਦੀ ਪੂਰਤੀ ਲਈ ਵਿਸ਼ੇਸ਼ ਬਾਣੀ ਨਿਸ਼ਚਿਤ ਕੀਤੀ ਗਈ ਹੈ। ਗ੍ਰਹਿਸਥ ਮਾਰਗ ਵਿੱਚ ਪ੍ਰਵੇਸ਼ ਕਰਨ ਲਈ ਜਾਂ ਆਨੰਦ ਸੰਸਕਾਰ ਦੀ ਮਰਯਾਦਾ ਲਈ ਨਿਰਧਾਰਿਤ ਬਾਣੀ ਹੈ, ਜੋ ਸ੍ਰੀ ਗੁਰੂੁ ਰਾਮਦਾਸ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ੭੭੩-੭੪ ਉੱਪਰ ਅੰਕਿਤ ਹੈ। ਕਾਵਿ-ਰੂਪ ਦੇ ਪੱਖੋਂ ਇਹ ਇੱਕ ਛੰਤ ਹੈ। ਇਸ ਵਿੱਚ ਪਹਿਲੀ, ਦੂਜੀ, ਤੀਜੀ ਤੇ ਚੋਥੀ ਲਾਂਵ ਦੇ ਸ਼ਬਦ ਹਨ। ਜਿਸ ਵਿੱਚ ਲਾਂਵ ਸ਼ਬਦ ਪਹਿਲੀ ਤੁਕ ਅਤੇ ਸ਼ਬਦ ਦੀ ਅਖੀਰਲੀ ਤੁਕ ਵਿੱਚ ਦੋ-ਦੋ ਵਾਰ ਵਰਤਿਆ ਗਿਆ ਹੈ। ਛੰਤ; ਪੰਜਾਬ ਦੇ ਲੋਕ-ਗੀਤਾਂ ਦਾ ਉਹ ਰੂਪ ਹੈ, ਜੋ ਵਿਆਹ ਦੇ ਸਮੇਂ ਗਾਇਆ ਜਾਂਦਾ ਹੈ। ਇਹਨਾਂ ਸਾਰੇ ਛੰਤਾਂ ਦਾ ਵਿਸ਼ਾ ਵਿਆਹ ਦੀ ਸਫਲਤਾ ਅਤੇ ਖੁਸ਼ੀ ਹੈ। ਸੂਹੀ ਰਾਗ ਵਿੱਚ ਦਰਜ ਗੁਰੂ ਰਾਮਦਾਸ ਜੀ ਦੇ ਕੁੱਲ 6 ਛੰਤ ’ਚੋਂ ਦੂਜੇ ਛੰਤ ਨੂੰ ਹੀ ਲਾਂਵਾਂ ਕਿਹਾ ਜਾਂਦਾ ਹੈ।
ਸਿੱਖੀ ਜੀਵਨ ਵਿੱਚ ਚਾਰ ਪ੍ਰਮੁੱਖ ਸੰਸਕਾਰ ਹਨ। ਜਨਮ ਨਾਮ ਸੰਸਕਾਰ, ਅਨੰਦ-ਸੰਸਕਾਰ, ਅੰਮ੍ਰਿਤ ਸੰਸਕਾਰ, ਮ੍ਰਿਤਕ ਸੰਸਕਾਰ। ‘ਲਾਂਵਾਂ’ ਦੀ ਇਸ ਪਾਵਨ ਬਾਣੀ ਦਾ ਸੰਬੰਧ ‘ਅਨੰਦ-ਸੰਸਕਾਰ’ ਨਾਲ ਹੈ। ਇਤਿਹਾਸਕ ਤੌਰ ’ਤੇ ਸਿੱਖ ਧਰਮ ਵਿੱਚ ਇਹ ਨਿਸ਼ਚਿਤ ਤੌਰ ’ਤੇ ਨਹੀਂ ਦੱਸਿਆ ਜਾ ਸਕਦਾ ਕਿ ‘ਲਾਵਾਂ’ ਵਾਲੇ ਛੰਤ ਦੀ ਵਰਤੋਂ ਅਨੰਦ-ਕਾਰਜ ਦੀ ਮਰਯਾਦਾ ਲਈ ਕਿਸ ਸਮੇਂ ਤੋਂ ਆਰੰਭ ਹੋਈ ? ਪ੍ਰੰਤੂ ਇਹ ਨਿਸ਼ਚਿਤ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਇਸ ਮਰਯਾਦਾ ਦਾ ਸਰੂਪ ਸੰਭਵ ਨਹੀਂ ਹੋ ਸਕਦਾ। ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਇਸ ਛੰਤ ਨੂੰ ਉਚਾਰਨ ਤੋਂ ਬਾਅਦ ਹੀ ਲਾਂਵਾਂ ਵਾਲੇ ਛੰਤ ਨੂੰ ਅਨੰਦ-ਕਾਰਜ ਦੀ ਰਸਮ ਲਈ ਵਰਤੇ ਜਾਣ ਦੀ ਮਰਯਾਦਾ ਅਰੰਭ ਹੋਈ ਹੈ।
ਗੁਰਬਾਣੀ ਅੰਦਰ ਸਫਲ ਗ੍ਰਹਿਸਥੀ-ਜੀਵਨ ਬਤੀਤ ਕਰਨ ਸੰਬੰਧੀ ਬਹੁਤ ਉਪਦੇਸ਼ ਦਰਜ ਹਨ। ਸ੍ਰੀ ਗੁਰੂ ਰਾਮਦਾਸ ਜੀ ਤੋਂ ਪਹਿਲਾਂ ਵੀ ਸਿੱਖ ਗੁਰੂ ਸਹਿਬਾਨ ਨੇ ਗੁਰਬਾਣੀ ਵਿੱਚ ਦੰਪਤੀ (ਵਿਆਹੁਤਾ) ਜੀਵਨ ਬਤੀਤ ਕਰਨ ਲਈ ਜੀਵਨ-ਜਾਚ ਦਰਸਾਈ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਗ੍ਰਹਿਸਥ ਧਰਮ ਦਾ ਆਦਰਸ਼ ਇਸ ਪ੍ਰਕਾਰ ਉਲੀਕਿਆ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ੭੮੮ ’ਤੇ ਇਸ ਤਰ੍ਹਾਂ ਅੰਕਿਤ ਹੈ:-
ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥ (ਮ: ੩/੭੮੮)
ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਵਿਆਹ ਦਾ ਆਦਰਸ਼ ਸਿਰਫ ਸਰੀਰਕ ਤੌਰ ’ਤੇ ਮਿਲਾਪ ਨਹੀਂ ਸਗੋਂ ਅਧਿਆਤਮਿਕ ਤੌਰ ’ਤੇ ਇੱਕ-ਜੋਤਿ ਹੋਣਾ ਹੈ। ਇਹ ਸਾਂਝੀ-ਜੋਤਿ ਗੁਣਾਂ ਦੀ ਜੋਤਿ ਹੈ। ਸਿੱਖ ਨੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਦਿਆਂ, ਆਪਸ ਵਿੱਚ ਆਤਮਿਕ ਸਾਂਝ ਪੈਦਾ ਕਰਨੀ ਹੈ, ਜਿਸ ਨਾਲ ਪਤੀ-ਪਤਨੀ ਇੱਕ ਜੋਤਿ ਹੋ ਜਾਂਦੇ ਹਨ। ਇੱਕ-ਜੋਤਿ ਹੋਣਾ ਹੀ ਗੁਰਮਤਿ ਅਨੁਸਾਰ ਵਿਆਹ ਦਾ ਆਦਰਸ਼ ਹੈ।
ਇਸੇ ਕਰ ਕੇ ਸਿੱਖ ਧਰਮ ਵਿੱਚ ਵਿਆਹ ਦੀ ਮਰਯਾਦਾ ਨੂੰ ‘ਅਨੰਦ ਸੰਸਕਾਰ’ ਕਿਹਾ ਗਿਆ ਹੈ। ਗ੍ਰਹਿਸਥੀ-ਜੀਵਨ ਦੀ ਸਫਲਤਾ ਦਾ ਅਨੁਮਾਨ, ਜੀਵਨ ਵਿੱਚੋਂ ਪ੍ਰਾਪਤ ਹੋਏ ‘ਅਨੰਦ’ ਵਿੱਚੋਂ ਹੀ ਲਗਾਇਆ ਜਾਣਾ ਚਾਹੀਦਾ ਹੈ। ਜੇ ਵਿਆਹੁਤਾ ਜੀਵਨ ਦੁਖੀ ਹੈ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਵਿੱਚ ਗੁਰਮਤਿ ਦਾ ਅਨੰਦ ਨਹੀਂ ਸਗੋਂ ਉਹਨਾਂ ਦੇ ਅਜਿਹੇ ਜੀਵਨ ਵਿੱਚ ਜ਼ਰੂਰ ਕੋਈ ਆਤਮਿਕ – ਕਮੀ ਹੈ। ਗ੍ਰਹਿਸਥੀ-ਜੀਵਨ ਦਾ ਪ੍ਰਮੁੱਖ ਲਕਸ਼ ਅਨੰਦਿਤ ਹੋਣਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ‘ਅਨੰਦ’ ਬਾਣੀ ਵਿੱਚ ‘ਅਨੰਦ’ ਪ੍ਰਾਪਤੀ ਦੇ ਅਨੇਕਾਂ ਸਾਧਨ ਦਰਸਾਏ ਹਨ। ਅਨੰਦ ਉਸ ਜੀਵਨ ਵਿੱਚ ਹੈ, ਜਿੱਥੇ ਪੂਰਨ ਗਿਆਨ ਹੈ ਭਾਵ ਜਿਸ ਨੇ ਗਿਆਨ ਦੇ ਸੋਮੇ, ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ। ਅਜਿਹੇ ਮਨੁੱਖ ਦੇ ਜੀਵਨ ਵਿੱਚ ਸੁਭਾਵਕ ਹੀ ਸਹਿਜ ਅਵਸਥਾ ਆ ਜਾਂਦੀ ਹੈ।
ਸ੍ਰੀ ਗੁਰੂ ਰਾਮਦਾਸ ਜੀ ਰਚਿਤ ‘ਲਾਵਾਂ’ ਦੀ ਬਾਣੀ ਦੇ ਚਾਰ ਬੰਦ ਹਨ। ਹਰ ਬੰਦ ਵਿੱਚ ਸਤਿਗੁਰੂ ਜੀ ਨੇ ਗ੍ਰਹਿਸਥੀ ਅਤੇ ਅਧਿਆਤਮਿਕ ਜੀਵਨ ਦੀ ਪ੍ਰਾਪਤੀ ਲਈ ਕੋਈ ਨਾ ਕੋਈ ਸ਼ਰਤ ਅਤੇ ਸਾਧਨ ਦਰਸਾਏ ਹਨ। ਇਹ ਸ਼ਰਤਾਂ ਭਾਵ ਅਵਸਥਾਵਾਂ ਪੂਰੀਆਂ ਹੋਣ ’ਤੇ ਹੀ ਗ੍ਰਹਿਸਥੀ-ਜੀਵਨ ਵਿੱਚ ਅਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਇਹਨਾਂ ਸਾਰੇ ਵਿਚਾਰਾਂ ਨੂੰ ਅਪਣਾਉਣ ਅਤੇ ਇਹਨਾਂ ਉੱਤੇ ਦ੍ਰਿੜ੍ਹਤਾ ਨਾਲ ਚੱਲਣ ਸਦਕਾ ਹੀ ਗ੍ਰਹਿਸਥੀ-ਜੀਵਨ ਸਫਲ ਹੋ ਸਕਦਾ ਹੈ।
ਲਾਂਵਾਂ ਦੇ ਪਹਿਲੇ ਬੰਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਦੋ ਜ਼ਰੂਰੀ ਵਿਚਾਰ ਦਰਸਾਏ ਹਨ। ਪਹਿਲਾ ਵਿਚਾਰ ਇਹ ਹੈ ਕਿ ਜੀਵਨ ਵਿੱਚ ਹਾਲਾਤ ਭਾਵੇਂ ਕਿਸ ਤਰ੍ਹਾਂ ਦੇ ਵੀ ਹੋਣ, ਮਨੁੱਖ ਨੇ ਗ੍ਰਹਿਸਥ-ਜੀਵਨ ਦਾ ਤਿਆਗ ਨਹੀਂ ਕਰਨਾ ਸਗੋਂ ਪ੍ਰਵਿਰਤ (ਜੁੜਿਆ) ਰਹਿਣਾ ਹੈ। ਇਸ ਨਾਲ ਮਨੁੱਖ ਨੇ ਸੰਸਾਰ ਵਿੱਚ ਵਿਚਰਦਿਆਂ ਜ਼ਿੰਦਗੀ ਵਿੱਚ ਸੰਘਰਸ਼ ਭਾਵ ਜਦੋ-ਜਹਿਦ ਕਰਨੀ ਹੈ। ਗ੍ਰਹਿਸਥੀ-ਜੀਵਨ ਵਿੱਚ ਮੁਸ਼ਕਲਾਂ ਅਤੇ ਦੁੱਖ-ਸੁੱਖ ਆ ਸਕਦੇ ਹਨ। ਸੰਸਾਰਕ ਅਸਫਲਤਾ ਵੀ ਹੋ ਸਕਦੀ ਹੈ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸਫਲਤਾ ਲਈ ਸੰਘਰਸ਼ ਕਰਨਾ ਹੈ। ਸੰਘਰਸ਼ ਧਰਮ-ਗ੍ਰਹਿਣ ਕਰਨ ਅਤੇ ਪਾਪਾਂ ਦਾ ਤਿਆਗ ਕਰਨ ਲਈ ਕਰਨਾ ਹੈ। ਇਹ ਪ੍ਰਭੂ ਮਿਲਾਪ ਦਾ ਪਹਿਲਾ ਚਰਨ ਹੈ, ਇਸੇ ਬੰਦ ਵਿੱਚ ਸਤਿਗੁਰੂ ਜੀ ਨੇ ਮਨੁੱਖ ਨੂੰ ਨਾਮ ਜਪਣ ਦਾ ਨਿਸ਼ਚਾ ਦ੍ਰਿੜ੍ਹ ਕਰਵਾਇਆ। ਗੁਰੂ ਜੀ ਦੀ ਬਾਣੀ ਹੀ ਸਿੱਖ ਵਾਸਤੇ ਗਿਆਨ ਹੈ। ਇਸ ਬਾਣੀ ਰਾਹੀਂ ਹੀ ਸਿੱਖ ਆਪਣੇ ਅੰਦਰ ਧਰਮ ਗ੍ਰਹਿਣ ਕਰ ਕੇ, ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ। ਇਸ ਤਰ੍ਹਾਂ ਜਦੋਂ ਪ੍ਰਭੂ ਦਾ ਇਹ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਤਾਂ ਫਿਰ ਵੱਡੇ ਭਾਗਾਂ ਨਾਲ ਪਤੀ-ਪਤਨੀ ਦੇ ਜੀਵਨ ਵਿੱਚ ਸੁੱਖ ਅਤੇ ਅਨੰਦ ਆ ਜਾਂਦਾ ਹੈ। ਗੁਰੂ ਜੀ ਦ੍ਰਿੜ੍ਹ ਕਰਵਾਉਦੇ ਹਨ ਕਿ ਪ੍ਰਭੂ ਦਾ ਨਾਮ ਜਪਣਾ ਹੀ ਪ੍ਰਭੂ-ਪਤੀ ਨਾਲ ਜੀਵ-ਇਸਤਰੀ ਦੇ ਵਿਆਹ ਦੀ ਪਹਿਲੀ ‘ਲਾਂਵ’ ਹੈ। ਪ੍ਰਭੂ ਦੇ ਨਾਮ ਸਿਮਰਨ ’ਤੇ ਹੀ ਜੀਵ-ਇਸਤਰੀ ਦੇ ਵਿਆਹ ਅਥਵਾ ਪ੍ਰਭੂ-ਮਿਲਾਪ ਦਾ ਮੁੱਢ ਬੱਝਦਾ ਹੈ। ਲਾਂਵਾਂ ਦੇ ਪਹਿਲੇ ਬੰਦ ਵਿੱਚ ਸਤਿਗੁਰੂ ਜੀ ਦਾ ਇਹ ਪਾਵਨ ਵਾਕ ਹੈ:-
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥….
ਸਹਿਜ ਅਨੰਦ ਹੋਆ ਵਡਭਾਗੀ, ਮਨਿ ਹਰਿ ਹਰਿ ਮੀਠਾ ਲਾਇਆ॥
ਜਨੁ ਕਹੈ ਨਾਨਕੁ ਲਾਵ ਪਹਿਲੀ, ਆਰੰਭੁ ਕਾਜੁ ਰਚਾਇਆ॥੧॥
ਇਸ ਤਰ੍ਹਾਂ ਪਹਿਲੀ ਲਾਂਵ ਵਿੱਚ ਆਪਣਾ ਧਰਮ ਜਾਂ ਫ਼ਰਜ਼ ਨਿਭਾਉਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਪਰ ਇਹ ਧਰਮ ਜਾਂ ਫ਼ਰਜ਼ ਉਸ ਵੇਲੇ ਹੀ ਨਿਭਦਾ ਹੈ ਜਦੋਂ ਇਹ ਆਦਰਸ਼ ਪਿਆਰਾ ਲੱਗੇ। ਨਾਮ ਸਿਮਰਨ ਦੁਆਰਾ ਇਹ ਆਦਰਸ਼ ਜਾਂ ਫ਼ਰਜ਼ ਚੰਗਾ ਲੱਗਣ ਲੱਗ ਪੈਂਦਾ ਹੈ। ਜੀਵਨ ਵਿੱਚ ਇਸ ਆਦਰਸ਼ ਦੀ ਸੂਝ ਇਸ ਜੀਵਨ ਦੀ ਪਹਿਲੀ ਮੰਜ਼ਲ ਹੈ।
ਲਾਂਵਾ ਦੇ ਦੂਜੇ ਬੰਦ ਵਿੱਚ ਦੰਪਤੀ-ਜੀਵਨ ਦੇ ਗ੍ਰਹਿਸਥ-ਜੀਵਨ ਦਾ ਆਧਾਰ, ‘ਨਿਰਮਲ ਭਉ’ ਦਰਸਾਇਆ ਗਿਆ ਹੈ। ਪਤੀ-ਪਤਨੀ ਦੇ ਹਿਰਦੇ ਵਿੱਚ ਇੱਕ ਦੂਜੇ ਲਈ ‘ਨਿਰਮਲ ਭਉ’ ਹੋਣਾ ਜ਼ਰੂਰੀ ਹੈ। ‘ਨਿਰਮਲ ਭਉ’ ਤੋਂ ਭਾਵ ਇਹ ਹੈ ਕਿ ਸਦਾ ਇੱਕ ਦੂਜੇ ਦਾ ਸਤਿਕਾਰ ਅਤੇ ਰੁਤਬਾ ਕਾਇਮ ਰੱਖਣਾ, ਅਜਿਹੇ ਧਰਮੀ-ਜੀਵਨ ਦੀ ਪ੍ਰਾਪਤੀ ਲਈ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਾਰਿਆਂ ਜੀਵਾਂ ਅੰਦਰ ਇੱਕ ਪ੍ਰਭੂ ਦੀ ਜੋਤਿ ਦਾ ਹੀ ਪ੍ਰਕਾਸ਼ ਹੈ। ਇਸ ਅਵਸਥਾ ਵਿੱਚ ਸਤਿਗੁਰੂ ਦੀ ਪ੍ਰਾਪਤੀ ਨਾਲ ਮਨੁੱਖੀ-ਮਨ ਦੇ ਕਿਵਾੜ ਖੁੱਲ੍ਹ ਜਾਂਦੇ ਹਨ। ਜੀਵ ਦਾ ਮਨ ਕੰਚਨ ਵਾਂਗ ਸ਼ੁੱਧ ਹੋ ਕਿ ਨਿਰਮਲ ਬਣ ਜਾਂਦਾ ਹੈ। ਇਸ ਤਰ੍ਹਾਂ ਉਸ ਨੂੰ ਸਾਰੇ ਸਰੀਰਾਂ ਵਿੱਚ ਇੱਕ ਪ੍ਰਮਾਤਮਾ ਦੀ ਜੋਤਿ ਹੀ ਵਿਖਾਈ ਦਿੰਦੀ ਹੈ। ਜੀਵ-ਇਸਤਰੀ ਨੂੰ ਆਪਣੇ ਅੰਦਰ ਅਤੇ ਬਾਹਰ ਸਿਰਫ਼ ਇੱਕ ਪ੍ਰਭੂ ਦੀ ਹੋਂਦ ਦਾ ਹੀ ਅਹਿਸਾਸ ਹੁੰਦਾ ਹੈ। ਉਹ ਸਾਧ ਸੰਗਤ ਵਿੱਚ ਮਿਲ ਕੇ ਪ੍ਰਭੂ ਦੀ ਸਿਫ਼ਤ-ਸਲਾਹ ਦੇ ਗੀਤ ਗਾਉਂਦੀ ਰਹਿੰਦੀ ਹੈ। ਸਤਿਗੁਰੂ ਜੀ ਦੂਸਰੀ ‘ਲਾਂਵ’ ਵਿੱਚ ਜੀਵ ਦੀ ਅਜਿਹੀ ਅਵਸਥਾ ਦਾ ਜ਼ਿਕਰ ਇਸ ਪ੍ਰਕਾਰ ਕਰਦੇ ਹਨ:-
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ॥
ਨਿਰਭਉ ਭੈ ਮਨੁ ਹੋਇ, ਹਉਮੈ ਮੈਲੁ ਗਵਾਇਆ ਬਲਿਰਾਮ ਜੀਉ॥….
ਜਨੁ ਨਾਨਕੁ ਦੂਜੀ ਲਾਵ ਚਲਾਈ, ਅਨਹਦ ਸ਼ਬਦ ਵਜਾਏ॥੨॥
ਲਾਂਵਾ ਦੇ ਤੀਸਰੇ ਬੰਦ ਵਿੱਚ ਸਤਿਗੁਰੂ ਜੀ ਦਰਸਾਉਂਦੇ ਹਨ ਕਿ ਇਸ ਜੀਵਨ ਦੀ ਅਗਲੀ ਅਵਸਥਾ ਵਿੱਚ ਜੀਵ ਰੂਪੀ ਇਸਤਰੀ ਦੇ ਮਨ ਵਿੱਚ ਪ੍ਰਭੂ ਦੀ ਪ੍ਰਾਪਤੀ ਲਈ ਮਨ ਵਿੱਚ ‘ਵੈਰਾਗ’ ਪੈਦਾ ਹੋ ਜਾਂਦਾ ਹੈ। ਜੀਵਨ ਵਿੱਚ ਇਸ ਤੋਂ ਭਾਵ ਇਹ ਹੈ ਕਿ ਪਤੀ ਨੇ ਪਤਨੀ ਦੇ ਜਜ਼ਬਿਆਂ ਦੀ ਕਦਰ ਕਰਨੀ ਹੈ। ਆਪਣੇ ਜਜ਼ਬਿਆਂ ਦਾ ਇੱਕ ਦੂਜੇ ਲਈ ਤਿਆਗ ਕਰਨਾ ਹੀ ਖ਼ੁਸ਼ੀ ਦਾ ਰਸਤਾ ਹੈ ਪਰ ਇਹ ਪ੍ਰੇਰਨਾ ਜਾਂ ਸੂਝ ਬੜੇ ਵੱਡੇ ਭਾਗਾਂ ਨਾਲ, ਜੀਵ ਨੂੰ ਸੰਤ-ਜਨਾਂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਇਸ ਅਵਸਥਾ ਵਿੱਚ ਉਹ ਆਪਣੇ ਮੁੱਖ ਵਿੱਚੋਂ ਸਿਰਫ਼ ਪ੍ਰਭੂ ਦੀ ਸਿਫਤ-ਸਲਾਹ ਦੀ ਬਾਣੀ ਹੀ ਉਚਾਰਦੇ ਹਨ। ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗ ਪੈਂਦੇ ਹਨ ਉਹ ਜੀਵ ਹੀ ਪ੍ਰਭੂ ਦਾ ਨਾਮ ਜਪ ਕੇ, ਅਜਿਹੇ ਨਿਰਮਲ ਜੀਵਨ ਦੇ ਧਾਰਨੀ ਬਣਦੇ ਹਨ। ਦੁਨਿਆਵੀ ਰੰਗ-ਤਮਾਸ਼ੇ, ਹਾਰ-ਸ਼ਿੰਗਾਰ, ਕੱਪੜੇ-ਗਹਿਣੇ ਆਦਿ ਤੋਂ ਮਨ ਉੱਪਰ ਉੱਠ ਜਾਂਦਾ ਹੈ। ਇਸ ਤਰ੍ਹਾਂ ਇਸ ਤੀਸਰੀ ‘ਲਾਂਵ’ ਦੇ ਸ਼ਬਦ ਰਾਹੀਂ ਜੀਵ ਇਸਤਰੀ ਦੇ ਮਨ ਵਿੱਚ ਪ੍ਰਭੂ ਪਤੀ ਨਾਲ ਮਿਲਾਪ ਦੀ ਪ੍ਰਬਲ ਇੱਛਾ ਜਾਗ ਪੈਂਦੀ ਹੈ :-
ਹਰਿ ਤੀਜੜੀ ਲਾਵ ਮਨਿ ਚਾਉ ਭਇਆ, ਬੈਰਾਗੀਆ ਬਲਿ ਰਾਮ ਜੀੳ॥
ਸੰਤ ਜਨਾ ਹਰਿ ਮੇਲੁ ਹਰਿ ਪਾਇਆ, ਵਡਭਾਗੀਆ ਬਲਿ ਰਾਮ ਜੀਉ॥….
ਜਨੁ ਨਾਨਕੁ ਬੋਲੇ ਤੀਜੀ ਲਾਵੈ, ਹਰਿ ਉਪਜੈ ਮਨਿ ਬੈਰਾਗ ਜੀੳ॥੩॥
ਸਫਲ ਦੰਪਤੀ ਜੀਵਨ ਦੀ ਚੌਥੀ ਅਵਸਥਾ ਸਹਿਜ ਹੈ। ‘ਸਹਿਜ’ ਤੋਂ ਭਾਵ ਇਹ ਹੈ ਕਿ ਜੀਵਨ ਵਿੱਚ ਕਿਸੇ ਪੱਖ ਤੋਂ ਉਲਾਰੂ ਬਿਰਤੀ ਦੇ ਧਾਰਨੀ ਨਹੀਂ ਬਣਨਾ ਸਗੋਂ ਸੰਸਾਰ ਵਿੱਚ ਵਿਚਰਦਿਆਂ ਮਾਨਸਿਕ, ਧਾਰਮਿਕ, ਸਦਾਚਾਰਕ ਮਹੌਲ ’ਚ ਇੱਕੋਂ ਜਿਹੀ ਬਿਰਤੀ ਦਾ ਧਾਰਨੀ ਬਣੇ ਰਹਿਣਾ ਹੈ। ਅਜਿਹੇ ਸੰਜਮ ਨਾਲ ਹੀ ਜੀਵਨ ਵਿੱਚ ਅਨੰਦ ਪ੍ਰਾਪਤ ਹੁੰਦਾ ਹੈ। ਸਹਿਜ ਅਵਸਥਾ, ਮਨੁੱਖੀ ਹਿਰਦੇ ਵਿੱਚ ਓਦੋਂ ਪ੍ਰਾਪਤ ਹੁੰਦੀ ਹੈ ਜਦੋਂ ਹਿਰਦੇ ਵਿੱਚ ਅਵਿਨਾਸ਼ੀ ਪ੍ਰਭੂ ਦੀ ਪਹਿਚਾਣ ਹੋਵੇ। ਇਸ ਅਵਸਥਾ ਵਿੱਚ ਜੀਵ ਦੀ ‘ਲਿਵ’ ਹਰ ਵੇਲੇ ਪ੍ਰਭੂ ਨਾਲ ਲੱਗੀ ਰਹਿੰਦੀ ਹੈ। ਅਧਿਆਤਮਿਕ ਜੀਵਨ ਵਿੱਚ ਪ੍ਰਾਪਤ ਹੋਈ, ਇਸ ਉਚੇਰੀ ਅਵਸਥਾ ਨੂੰ ਸ੍ਰੀ ਗੁਰੂ ਰਾਮਦਾਸ ਜੀ ਨੇ ‘ਸਹਿਜ’ ਦਾ ਨਾਮ ਦਿੱਤਾ ਹੈ। ਇਸ ਅਵਸਥਾ ਵਿੱਚ ਜੀਵ ਪ੍ਰਭੂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਪ੍ਰਭੂ ਮਿਲਾਪ ਦਾ ਮਨ-ਇੱਛਤ ਫਲ਼ ਪ੍ਰਾਪਤ ਕਰ ਲੈਂਦੀ ਹੈ ਤੇ ਹਿਰਦਾ ਅਨੰਦਮਈ ਹੋ ਜਾਂਦਾ ਹੈ। ਇਸ ਪ੍ਰਕਾਰ ਫ਼ਰਜ਼ਾਂ ਦੀ ਪਾਲਣਾ ਕਰਨਾ, ਪ੍ਰਸਪਰ ਸਤਿਕਾਰ ਕਰਨਾ, ਕੁਰਬਾਨੀ ਕਰਨਾ ਅਤੇ ਸਹਿਜ ਵਿੱਚ ਵਿਚਰਣਾ; ਇਹ ਅਨੰਦਾਇਕ ਜੀਵਨ ਬਤੀਤ ਕਰਨ ਲਈ ਜ਼ਰੂਰੀ ਸ਼ਰਤਾਂ ਹਨ। ਗ੍ਰਹਿਸਥ ਜੀਵਨ ਦੀ ਸਫਲਤਾ ਲਈ ਚੌਥੀ ਲਾਂਵ ਵਿੱਚ ਪੂਰਨ ਸਮਰਪਣ ਅਤੇ ਸਹਿਜ ਅਵਸਥਾ ਦੇ ਮਹੱਤਵ ਨੂੰ ਦਰਸਾਇਆ ਗਿਆ ਹੈ। ਸ੍ਰੀ ਗੁਰੂ ਰਾਮਦਾਸ ਜੀ ਜੀਵ ਦੀ ਪ੍ਰਭੂ ਨਾਲ ਪਿਆਰ ਵਾਲੀ ਇਸ ਅਵਸਥਾ ਦਾ ਜ਼ਿਕਰ ਇੰਨ੍ਹਾਂ ਸ਼ਬਦਾਂ ਵਿੱਚ ਕਰਦੇ ਹਨ:-
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ, ਹਰਿ ਪਾਇਆ ਬਲਿ ਰਾਮ ਜੀਉ॥
ਗੁਰਮੁਖਿ ਮਿਲਿਆ ਸੁਭਾਇ, ਹਰਿ ਮਨਿ ਤਨਿ ਮੀਠਾ ਲਾਇਆ, ਬਲਿ ਰਾਮ ਜੀਉ॥….
ਜਨੁ ਨਾਨਕੁ ਬੋਲੇ ਚਉਥੀ ਲਾਵੈ, ਹਰਿ ਪਾਇਆ ਪ੍ਰਭੂ ਅਵਿਨਾਸੀ॥੪॥
ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ‘ਲਾਂਵਾਂ’ ਦੀ ਇਸ ਪਵਿੱਤਰ ਬਾਣੀ ਦੁਆਰਾ ਜੀਵ ਨੂੰ ਆਪਣਾ ਅਧਿਆਤਮਿਕ ਅਤੇ ਗ੍ਰਹਿਸਥ ਜੀਵਨ, ਸੁਆਰਨ ਦਾ ਉਪਦੇਸ਼ ਦ੍ਰਿੜ੍ਹ ਕਰਵਾਇਆ ਹੈ। ਇਸ ਬਾਣੀ ਦੇ ਚਾਰ ਬੰਦ ਅਧਿਆਤਮਿਕ ਜੀਵਨ ਦੇ ਚਾਰ ਪ੍ਰਮੁੱਖ ਪੜਾਅ ਹਨ। ਜਿਨ੍ਹਾਂ ਰਾਹੀਂ ਮਨੁੱਖ ਸੰਸਾਰਕ ਜੀਵਨ ਨਿਭਾਉਂਦਾ ਹੋਇਆ ਪ੍ਰਭੂ ਦੇ ਦਰ ’ਤੇ ਪਹੁੰਚਦਾ ਹੈ। ਸਿੱਖੀ ਜੀਵਨ ਵਿੱਚ ਅਨੰਦ ਇੱਕ ਅਧਿਆਤਮਿਕ ਪ੍ਰਾਪਤੀ ਵੀ ਹੈ ਅਤੇ ਖਾਲਸਈ ਰਹਿਤ ਮਰਯਾਦਾ ਦਾ ਪ੍ਰਮੁੱਖ ਸੰਸਕਾਰ ਵੀ ਹੈ। ਇਸ ਬਾਣੀ ਰਾਹੀਂ ਸਿੱਖ ਅਨੰਦ-ਸੰਸਕਾਰ ਨਿਭਾਉਂਦਾ ਹੋਇਆ, ਅਨੰਦ ਦੀ ਪ੍ਰਾਪਤੀ ਤੱਕ ਪਹੁੰਚਦਾ ਹੈ। ਇਸ ਤਰ੍ਹਾਂ ਇਹ ਬਾਣੀ ਜਿੱਥੇ ਸਿੱਖ ਨੂੰ ਪ੍ਰਭੂ ਨਾਲ ਜੋੜਦੀ ਹੈ, ਉੱਥੇ ਆਪਣੇ ਪ੍ਰਮੁੱਖ ਸੰਸਕਾਰਾਂ ਦੀ ਵੀ ਸੂਝ ਪ੍ਰਦਾਨ ਕਰਦੀ ਹੈ। ਇਸ ਬਾਣੀ ਰਾਹੀਂ ਹੀ ਸਿੱਖ ਨੇ ਅਧਿਆਤਮਿਕ ਅਤੇ ਸੰਸਾਰਕ ਜੀਵਨ ਦੇ ਸੁਮੇਲ ਵਿੱਚ ਆਪਣੀ ਸ਼ਖ਼ਸੀਅਤ ਨੂੰ ਨਿਖਾਰਨਾ ਹੈ ਤਾਂ ਜੋ ਅਜਿਹੀ ਸ਼ਖ਼ਸੀਅਤ ਹੀ ਅਨੰਦਮਈ ਜੀਵਨ ਵਾਲੀ ਸ਼ਖ਼ਸੀਅਤ ਹੋ ਨਿਬੜਦੀ ਹੈ। ਇਹੋ ਹੀ ਸੀ੍ਰ ਗੁਰੂ ਰਾਮਦਾਸ ਜੀ ਦੀ ਇਸ ਬਾਣੀ ਦਾ ਪ੍ਰਮੁੱਖ ਸਾਰ ਹੈ।