ਆਓ ! ਵਾਤਾਵਰਣ ਪ੍ਰਦੂਸ਼ਣ ਰੋਕੀਏ

0
1090

ਆਓ ! ਵਾਤਾਵਰਣ ਪ੍ਰਦੂਸ਼ਣ ਰੋਕੀਏ

ਬੀਬੀ ਲਖਵੀਰ ਕੌਰ

ਮਨੁੱਖ ਨੇ ਵਾਤਾਵਰਣ ਦੇ ਕੁਦਰਤੀ ਸੋਮਿਆਂ ਦੀ ਅਸਮਾਨ ਤੱਕ ਵਰਤੋਂ ਕਰਕੇ ਆਪਣੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਲਈਆਂ ਹਨ। ਭਾਵੇਂ ਕਿ ਉਸ ਦੇ ਇਸ ਤਰ੍ਹਾਂ ਲਗਾਤਾਰ ਕਰਨ ਨਾਲ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਕਿਤੇ ਹੜ੍ਹ ਆ ਰਹੇ ਹਨ, ਕਿਤੇ ਸੋਕਾ ਪੈ ਰਿਹਾ ਹੈ, ਧਰੁਵਾਂ ’ਤੇ ਬਰਫ਼ ਪਿਘਲ ਰਹੀ ਹੈ, ਸਮੁੰਦਰ ਦੀ ਜਲ ਸਤਹ ਵਧ ਰਹੀ ਹੈ, ਆਦਿ।

ਪਿਛਲੇ ਕੁਝ ਸਮੇਂ ਤੋਂ ਕੁਦਰਤੀ ਆਫ਼ਤਾਂ ਜਿਵੇਂ ਕਿ ਸੁਨਾਮੀ, ਭੂਚਾਲ ਆਦਿ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਭਾਵੇਂ ਕਿ ਇਨ੍ਹਾਂ ਕੁਦਰਤੀ ਆਫ਼ਤਾਂ ਨੂੰ ਕੰਟਰੋਲ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਵਾਤਾਵਰਣ ਦਾ ਪ੍ਰਦੂਸ਼ਣ ਪਿਛਲੇ ਕਈ ਸਾਲਾਂ ਤੋਂ ਗੰਭੀਰ ਸਮੱਸਿਆ ਬਣ ਕੇ ਸਾਨੂੰ ਚੇਤਾਵਨੀਆਂ ਦੇ ਰਿਹਾ ਹੈ ਪਰ ਮਨੁੱਖ ਨੇ ਆਪਣੇ ਸੁਆਰਥਾਂ ਦੀ ਖਾਤਰ ਇਸ ਨੂੰ ਅਣਗੌਲਿਆ ਹੀ ਕਰ ਛੱਡਿਆ ਹੈ। ਸਦੀਆਂ ਤੋਂ ਵਾਤਾਵਰਣ ਦਾ ਕੁਦਰਤੀ ਸੰਤੁਲਨ ਵਿਗੜ ਰਿਹਾ ਹੈ।

ਪ੍ਰਦੂਸ਼ਣ; ਹਵਾ, ਧਰਤੀ ਅਤੇ ਪਾਣੀ ਦੇ ਭੌਤਿਕ, ਰਸਾਇਣਕ ਜੀਵਕ ਗੁਣਾਂ ਵਿੱਚ ਬੇਲੋੜੀ ਤਬਦੀਲੀ ਕਾਰਨ ਹੁੰਦਾ ਹੈ। ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਕੋਈ ਇੱਕ ਵਿਅਕਤੀ ਜਾਂ ਕੋਈ ਇੱਕ ਪ੍ਰਕਿਰਿਆ ਜ਼ਿੰਮੇਵਾਰ ਨਹੀਂ ਹੈ। ਧਰਤੀ ਨੂੰ ਪਲੀਤ ਕਰਨ ਪਿੱਛੇ ਸਭ ਤੋਂ ਵੱਡਾ ਹੱਥ ਰਸਾਇਣਕ ਜ਼ਹਿਰਾਂ ਦਾ ਹੈ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਉਦਯੋਗਿਕ ਇਕਾਈਆਂ ਅਤੇ ਲੋੜ ਤੋਂ ਵੱਧ ਖਾਧਾਂ ਦੀ ਵਰਤੋਂ ਵੀ ਜ਼ਿੰਮੇਵਾਰ ਹੈ। ਵਾਤਾਵਰਣ ਦੀ ਅਸ਼ੁੱਧਤਾ ਕਾਰਨ ਜੀਵਨ ਨੂੰ ਹੀ ਗੰਭੀਰ ਖਤਰਾ ਪੈਦਾ ਹੋ ਗਿਆ ਹੈ।

ਵਾਯੂਮੰਡਲ ਦੀ ਬਣਤਰ ਵਿੱਚ 78% ਨਾਈਟ੍ਰੋਜਨ, 21% ਆਕਸੀਜਨ ਅਤੇ 1% ਹੋਰ ਗੈਂਸਾਂ ਹਨ, ਜਿਸ ਵਿੱਚ 003% ਕਾਰਬਨ ਡਾਈਕਸਾਈਡ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਗ੍ਰੀਨ ਹਾੳੂਸ ਗੈਂਸਾਂ ਜਿਵੇਂ ਕਿ ਕਾਰਬਨ ਡਾਈਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਅਤੇ ਕਲੋਰੋਫਲੋਰੋਕਾਰਬਨ ਦੀ ਮਾਤਰਾ ਵਾਯੂ ਮੰਡਲ ਵਿੱਚ ਲਗਾਤਾਰ ਵਧ ਰਹੀ ਹੈ। ਗ੍ਰੀਨ ਹਾੳੂਸ ਗੈਂਸਾਂ ਦੇ ਵਾਯੂ ਮੰਡਲ ਵਿੱਚ ਵਧਣ ਦਾ ਕਾਰਨ ਵਾਹਨਾਂ ਦਾ ਧੂੰਆਂ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਖਾਧਾਂ ਦੀ ਅਸੰਤੁਲਿਤ ਮਾਤਰਾ ਵਿੱਚ ਵਰਤੋਂ ਹੈ। ਇਸ ਸਭ ਦੇ ਕਾਰਨ ਤਾਪਮਾਨ ਵੀ ਵਧ ਰਿਹਾ ਹੈ ਕਿਉਂਕਿ ਸੂਰਜ ਦੀ ਗਰਮੀ ਰਾਹੀਂ ਗਰਮ ਹੋਈ ਧਰਤੀ, ਜਦ ਠੰਡੀ ਹੋਣ ਲੱਗਦੀ ਹੈ ਤਾਂ ਗਰਮੀ, ਧਰਤੀ ਤੋਂ ਬਾਹਰ ਵੱਲ ਫੈਲਦੀ ਹੈ, ਪਰ ਇਹ ਗੈਂਸਾਂ ਇਸ (ਗਰਮੀ) ਨੂੰ ਵਾਯੂਮੰਡਲ ਵਿੱਚ ਨਹੀਂ ਜਾਣ ਦਿੰਦੀਆਂ ਅਤੇ ਇਸ ਗਰਮੀ ਦਾ ਕਾਫੀ ਵੱਡਾ ਹਿੱਸਾ ਵਾਪਸ ਧਰਤੀ ਵੱਲ ਹੀ ਵਾਪਿਸ ਭੇਜ ਦਿੰਦੀਆਂ ਹਨ ਜਿਸ ਨਾਲ ਵਾਯੂ ਮੰਡਲ ਦਾ ਤਾਪਮਾਨ ਵਧ ਰਿਹਾ ਹੈ ਅਤੇ ਇਸੇ ਨੂੰ ਹੀ ਗ੍ਰੀਨ ਹਾੳੂਸ ਪ੍ਰਭਾਵ ਕਿਹਾ ਜਾਂਦਾ ਹੈ।

ਵਿਗਿਆਨੀਆਂ ਦਾ ਅਨੁਮਾਨ ਹੈ ਕਿ ਇਨ੍ਹਾਂ ਗ੍ਰੀਨ ਹਾਉਸ ਗੈਂਸਾਂ ਦੇ ਵਧਣ ਨਾਲ ਸਾਡੇ ਦੇਸ਼ ਵਿੱਚ ਗਰਮੀਆਂ ਵਿੱਚ (ਸੰਨ 2050 ਤੱਕ) 32 ਡਿਗਰੀ ਸੈਂਟੀਗ੍ਰੇਡ ਅਤੇ ਸੰਨ 2080 ਤੱਕ 45 ਡਿਗਰੀ ਸੈਂਟੀਗ੍ਰੇਡ ਤੱਕ ਤਾਪਮਾਨ ਵੱਧ ਸਕਦਾ ਹੈ। ਵਧੇਰੀ ਗਰਮੀ ਅਤੇ ਵੱਧ ਤਾਪਮਾਨ ਉੱਤਰੀ ਭਾਰਤ ’ਚ ਪਹਿਲਾਂ ਹੀ ਆਪਣੇ ਰੰਗ ਵਿਖਾ ਰਿਹਾ ਹੈ। ਇਨ੍ਹਾਂ ਬਦਲਾਵਾਂ ਕਾਰਨ ਫਸਲਾਂ ਉੱਪਰ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵਧ ਰਿਹਾ ਹੈ। ਫਸਲਾਂ ਦੇ ਝਾੜ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ। ਖੇਤੀਬਾੜੀ ਵਿਗਿਆਨੀਆਂ ਦੀ ਖੋਜ ਅਨੁਸਾਰ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਅੰਦਰ ਕਣਕ ਪੱਕਣ ਦੇ ਸਮੇਂ ਦਾ ਤਾਪਮਾਨ ਕੇਵਲ 0.5 ਡਿਗਰੀ ਸੈਂਟੀਗ੍ਰੇਡ ਵੱਧ ਜਾਂ ਘੱਟ ਹੋ ਜਾਵੇ ਤਾਂ ਕਣਕ ਦਾ ਝਾੜ 5% ਤੱਕ ਘੱਟ ਜਾਂਦਾ ਹੈ।

ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਣਕ-ਝੋਨਾ ਪੰਜਾਬ ਦਾ ਮੁੱਖ ਫਸਲੀ ਚੱਕਰ ਹੈ। ਪੰਜਾਬ ਵਿੱਚ ਹਾੜ੍ਹੀ ਦੀ ਰੁਤ ਵਿੱਚ ਕਣਕ ਅਤੇ ਝੋਨੇ ਦੀ ਵਾਢੀ ਤੋਂ ਬਾਅਦ, ਕਿਸਾਨ ਵੀਰ ਕਣਕ ਅਤੇ ਝੋਨੇ ਦੇ ਮੁੱਢਾਂ ਨੂੰ ਸਾੜ ਦਿੰਦੇ ਹਨ ਅਤੇ ਇਸ ਕਰਕੇ ਅਕਸਰ ਹੀ ਸਾਰੇ ਪੰਜਾਬ ਵਿੱਚ ਆਸਮਾਨ ’ਤੇ ਇੱਕ ਗਹਿਰ ਜਿਹੀ ਚੜ੍ਹ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਾਹ ਦੀਆਂ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤੀ ਵਿਗਿਆਨੀ, ਕਿਸਾਨਾਂ ਨੂੰ ਨਾੜ ਤੇ ਪਰਾਲੀ ਸਾੜਨ ਤੋਂ ਹਰ ਵਾਰ ਸੁਚੇਤ ਕਰਦੇ ਹਨ ਪਰ ਕਿਸਾਨ ਉਹੀ ਕੰਮ ਕਰਦੇ ਰਹਿੰਦੇ ਹਨ ਜੋ ਉਨ੍ਹਾਂ ਨੂੰ ਸੌਖਾ ਲੱਗਦਾ ਹੋਵੇ। ਇਸ ਤਰ੍ਹਾਂ ਹੀ ਕਿਸਾਨ ਵੀਰ ਸੌਣੀ ਦੀ ਫਸਲ ਦੌਰਾਨ ਝੋਨੇ ਦੀ ਫਸਲ ਵਿੱਚ ਕਈ-2 ਦਿਨ ਤੱਕ ਪਾਣੀ ਖੜ੍ਹਾ ਕਰਕੇ ਰੱਖਦੇ ਹਨ ਤਾਂ ਜੋ ਝੋਨੇ ਦੀ ਫਸਲ ’ਚ ਫਾਲਤੂ ਨਦੀਨ (ਕੱਖ) ਨਾ ਪੈਦਾ ਹੋਣ, ਜਿਸ ਕਾਰਨ ਹਵਾ ਵਿੱਚ ਮੀਥੇਨ ਗੈਂਸ ਦੀ ਮਾਤਰਾ ਵਧ ਜਾਂਦੀ ਹੈ। ਗਲੋਬਲ ਵਾਰਮਿੰਗ ਵਿੱਚ ਇਹ ਗੈਂਸ ਅਹਿਮ ਹਿੱਸਾ ਪਾਉਂਦੀ ਹੈ। ਝੋਨੇ ਦੀ ਲਗਾਤਾਰ ਬਿਜਾਈ ਕਰਕੇ ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਡਿੱਗ ਰਿਹਾ ਹੈ ਜੋ ਕਿ ਬਹੁਤ ਹੀ ਖਤਰਨਾਕ ਸਾਬਿਤ ਹੋ ਰਿਹਾ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੇ ਨਾਲ-ਨਾਲ ਬਾਸਮਤੀ ਅਤੇ ਦਾਲਾਂ ਦੇ ਥੱਲੇ ਵੀ ਰਕਬਾ ਵਧਾ ਲੈਣ। ਇਸ ਤੋਂ ਇਲਾਵਾ ਜ਼ਰੂਰਤ ਤੋਂ ਵੱਧ ਖਾਧਾਂ ਦੀ ਵਰਤੋਂ ਕਰਕੇ ਹਵਾ ਵਿੱਚ ਨਾਈਟਰੋਜਨ ਦੀ ਮਾਤਰਾ ਵੀ ਵਧ ਰਹੀ ਹੈ, ਜੋ ਹਵਾ ਵਿੱਚ ਪਹਿਲਾਂ ਤੋਂ ਮੌਜੂਦ ਆਕਸੀਜਨ ਨਾਲ ਮਿਲ ਕੇ ਨਾਈਟਰਸ ਆਕਸਾਈਡ ਦੇ ਰੂਪ ਵਿੱਚ ਸਾਡੇ ਜੀਵਨ ’ਤੇ ਹਾਨੀਕਾਰਕ ਪ੍ਰਭਾਵ ਪਾ ਰਹੀ ਹੈ। ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਰਬਪੱਖੀ ਕੀਟ ਕੰਟਰੋਲ ਵਿਧੀ ਦੀ ਵਰਤੋਂ ਕਰਕੇ ਵੀ ਅਸੀਂ ਆਪਣੀ ਫ਼ਸਲ ਨੂੰ ਕੀੜਿਆਂ ਤੋਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ।

ਖੇਤੀਬਾੜੀ ਤੋਂ ਇਲਾਵਾ ਸਾਡੀ ਜ਼ਿੰਦਗੀ ਜੀਵਣ ਦੇ ਢੰਗ-ਤਰੀਕੇ ਵੀ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੇ ਹਨ। ਜਿਵੇਂ ਕਿ ਗਰਮੀਆਂ ਵਿੱਚ ਅਸੀਂ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਦੀ ਮਦਦ ਲੈਂਦੇ ਹਾਂ। ਏਅਰ ਕੰਡੀਸ਼ਨਰ ਦੇ ਲਗਾਤਾਰ ਚੱਲਣ ਨਾਲ ਹਵਾ ਵਿੱਚ ਕਈ ਹਾਨੀਕਾਰਕ ਗੈਂਸਾਂ ਦੀ ਮਾਤਰਾ ਵਧ ਜਾਂਦੀ ਹੈ। ਇਸ ਤਰ੍ਹਾਂ ਹੀ ਸਰਦੀਆਂ ਵਿੱਚ ਹੀਟਰ ਜਾਂ ਘਰਾਂ ਵਿੱਚ ਅੰਗੀਠੀਆਂ ਦੀ ਵਰਤੋਂ ਕਰਨ ਕਰਕੇ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ। ਇਸ ਤੋਂ ਇਲਾਵਾ ਦਿਨੋਂ ਦਿਨ ਵਧ ਰਹੀਆਂ ਕਾਰਾਂ, ਗੱਡੀਆਂ ਆਦਿ, ਵੀ ਹਵਾ ਵਿੱਚ ਪ੍ਰਦੂਸ਼ਣ ਵਧਾ ਰਹੀਆਂ ਹਨ। ਵਧ ਰਹੇ ਉਦਯੋਗੀਕਰਣ, ਸ਼ਹਿਰੀਕਰਣ ਆਦਿ ਦੇ ਕਾਰਨ ਵੀ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ। ਅੱਜ ਕੱਲ ਵਧ ਰਹੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਚੌੜੀਆਂ ਕੀਤੀਆਂ ਜਾ ਰਹੀਆਂ ਸੜਕਾਂ ਕਾਰਨ ਵੀ ਸੜਕਾਂ ਦੇ ਦੋਵੇਂ ਪਾਸੇ ਦਰੱਖ਼ਤਾਂ ਦੀ ਕਟਾਈ ਕੀਤੀ ਜਾ ਰਹੀ ਹੈ ਜਿਸ ਦਾ ਪ੍ਰਦੂਸ਼ਣ ਵਧਾਉਣ ਵਿੱਚ ਵੀ ਹੱਥ ਹੈ ਕਿਉਂਕਿ ਰੁੱਖ, ਹਵਾ ਵਿੱਚੋਂ ਹਾਨੀਕਾਰਕ ਗੈਂਸਾਂ ਨੂੰ ਚੂਸ ਕੇ ਵਾਤਾਵਰਨ ਨੂੰ ਸਾਡੇ ਲਈ ਸਾਫ਼ ਕਰਦੇ ਹਨ।

ਇਸ ਕੰਪਿਉਟਰ ਯੁੱਗ ਵਿੱਚ ਤਕਨੀਕੀ ਤਰੱਕੀ ਦੇ ਜਿੱਥੇ ਫਾਇਦੇ ਹੋਏ ਹਨ ਉੱਥੇ ਨੁਕਸਾਨ ਵੀ ਬਹੁਤ ਹੋ ਰਹੇ ਹਨ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਸਾਰਿਆਂ ਨੇ ਆਪ ਹੀ ਵਾਤਾਵਰਣ ਦਾ ਅਸੰਤੁਲਨ ਪੈਦਾ ਕਰਨ ਵਿੱਚ ਰੋਲ ਅਦਾ ਕੀਤਾ ਹੈ ਪਰ ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਯਤਨਾਂ ਤੋਂ ਇਲਾਵਾ ਪੰਜਾਬ ਵਿੱਚ ਵਾਤਾਵਰਣ ਦੀ ਸੰਭਾਲ ਲਈ ਨੰਨ੍ਹੀ ਛਾਂ ਵਰਗੇ ਪ੍ਰੋਜੈਕਟ ਵੀ ਚੱਲ ਰਹੇ ਹਨ ਪਰ ਸਾਨੂੰ ਚਾਹੀਦਾ ਹੈ ਕਿ ਅਸੀਂ ਸਿਰਫ ਰੁੱਖ ਲਗਾਉਣ ਤੱਕ ਹੀ ਸੀਮਤ ਨਾ ਰਹੀਏ ਸਗੋਂ ਇਨ੍ਹਾਂ ਰੁੱਖਾਂ ਨੂੰ ਪਾਲ-ਪਲੋਸ ਕੇ ਵੱਡਾ ਕਰੀਏ ਅਤੇ ਆਪਣੇ ਵਾਤਾਵਰਣ ਨੂੰ ਸੰਭਾਲੀਏ।

ਅੱਜ ਦਾ ਦਿਨ ਸਾਰੀ ਦੁਨੀਆਂ ਵਿੱਚ ਵਿਸ਼ਵ ਵਾਤਾਵਰਣ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਸੰਯੁਕਤ ਸੰਘ ਵੱਲੋਂ ਸਾਲ 1972 ਤੋਂ ‘ਵਿਸ਼ਵ ਵਾਤਾਵਰਣ ਦਿਵਸ’ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਪਿੱਛੇ ਸੋਵੀਅਤ ਸੰਘ ਦਾ ਮੁੱਖ ਮੰਤਵ ਸਾਰੀ ਦੁਨੀਆਂ ਦਾ ਧਿਆਨ ਵਾਤਾਵਰਣ ਦੀ ਸ਼ੁੱਧਤਾ ਵੱਲ ਦਿਵਾਉਣਾ ਸੀ। ਤਦ ਤੋਂ ਹਰ ਸਾਲ ਇਸ ਦਿਨ ਵੱਖ-2 ਸ਼ਹਿਰਾਂ ’ਚ ਵਾਤਾਵਰਣ ਦੀ ਸੰਭਾਲ ਲਈ ਗੋਸਟੀਆਂ ਕਰਵਾਈਆਂ ਜਾਂਦੀਆਂ ਹਨ। ਹਰ ਨਾਗਰਿਕ ਨੂੰ ਹਰ ਇੱਕ ਸਾਲ ਦਾ ਹਰ ਦਿਨ ‘ਵਿਸ਼ਵ ਵਾਤਾਵਰਣ ਦਿਵਸ’ ਹੀ ਲੱਗਣਾ ਚਾਹੀਦਾ ਹੈ। ਇਕੱਲੀ ਸਰਕਾਰ ਵੀ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਕੁਝ ਨਹੀਂ ਕਰ ਸਕਦੀ। ਸਾਨੂੰ ਸਾਰਿਆਂ ਨੂੰ ਵਾਤਾਵਰਣ ਦੇ ਪ੍ਰਤੀ ਸੁਹਿਰਦ ਹੋਣ ਦੀ ਜ਼ਰੂਰਤ ਹੈ। ਅੱਜ ਦੇ ਦਿਨ ਸਾਨੂੰ ਸਭ ਨੂੰ ਸੰਕਲਪ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਕਰਨ ਲਈ ਆਪਣੇ ਪੱਧਰ ’ਤੇ ਕਦਮ ਚੁੱਕਾਂਗੇ ਅਤੇ ਆਪਣੀ ਆਉਣ ਵਾਲੀ ਪੀੜੀ ਨੂੰ ਸੁੱਧ ਹਵਾ ਵਿੱਚ ਸਾਹ ਲੈਣ ਦਾ ਮੌਕਾ ਦੇਵਾਂਗੇ।