ਚਿੰਤਾ -ਚਿੰਤਨ

0
40

ਚਿੰਤਾ -ਚਿੰਤਨ

ਗੁਰਵਿੰਦਰ ਸਿੰਘ (ਖ਼ੁਸ਼ੀਪੁਰ)-99141-61453

ਅਖ਼ਬਾਰ ਪੜ੍ਹਿਆ ਪਤਾ ਲੱਗਦਾ ਕਿ ਕੀ ਕੁਝ ਬਣੀ ਜਾਂਦਾ ‘ਦੁਨੀਆ ’ਚ ਇਕ ਪਾਸੇ ਤਾਂ ਰੱਬ ਨੂੰ ਮੰਨਣ ਵਾਲੇ ਵੀ ਲੋਕ ਹਨ ਤੇ ਦੂਜੇ ਪਾਸੇ ਜੱਗ ਵਿੱਚ ਉਹ ਲੋਕ ਵੀ ਬਥੇਰੇ ਹਨ, ਜਿਹੜੇ ਵਹਿਮਾਂ – ਭਰਮਾਂ ਵਿੱਚ ਲੋਕਾਂ ਨੂੰ ਪਾ ਕੇ ਦਿਨ ਰਾਤ ਲੁੱਟ ਰਹੇ ਹਨ’। ਜਿਵੇਂ ‘ਅੱਜ ਇੱਕ ਸਾਧ ਪਾਖੰਡੀ ਦੀ ਖ਼ਬਰ ਛਪੀ ਏ, ਕਿਵੇਂ ਡੇਰੇ ਆਏ ਸਰਧਾਲੂ ਪਰਵਾਰ ਨੂੰ, ਸਾਧ ਤੇ ਸਾਧ ਦੇ ਚੇਲਿਆਂ ਨੇ ਠੱਗਿਆ’ । ‘ਨਸ਼ੇੜੀ ਪੁੱਤ ਨੇ ਨਸ਼ੇ ਦੇ ਲੋਰ ’ਚ ਆਪਣੀ ਮਾਂ ਦੇ ਸਿਰ ’ਤੇ ਇੱਟ ਮਾਰ ਕੇ ਕੀਤਾ ਕਤਲ । ਸ਼ਹਰੋਂ ਦਵਾਈ ਲੈ ਕੇ ਤੁਰੀ ਆਉਂਦੀ ਬੁੱਢੀ ਮਾਤਾ ਦੀਆਂ ਵਾਲੀਆਂ ਲਾ ਕੇ ਚੋਰ ਫਰਾਰ’ ।

ਦੁਹਾਈ ਰੱਬ ਦੀ… ਜਿੱਧਰ ਵੇਖੋ ਹਰ ਪਾਸੇ ਹਾਹਾਕਾਰ ਮੱਚੀ ਪਈ ਏ, ਰੱਬ ਹੀ ਬਚਾਵੇ ਚੋਰਾਂ ਠੱਗਾਂ ਤੋਂ, ਅੱਜ, ਕੱਲ੍ਹ ਤਾਂ ’ਕੱਲੇ ਕਾਰੇ ਬੰਦੇ ਦਾ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਏ । ਡਰ ਲੱਗਦਾ ਏ ਖ਼ਬਰਾਂ ਪੜ੍ਹ ਕੇ ਅਖ਼ਬਾਰ ਪੜ੍ਹਦੀ – ਕੁਲਜੀਤ ਬੋਲੀ।

ਕੁਲਜੀਤ ਦੇ ਮੂੰਹ ਤੋਂ ਇਹ ਗੱਲ ਸੁਣ ਸ਼ੀਸ਼ੇ ਦੇ ਸਾਹਮਣੇ ਪੱਗ ਬੰਨ੍ਹਦਾ ਜਗਮੀਤ ਬੋਲਦਾ ਹੈ ‘ਸਵੇਰੇ-ਸਵੇਰੇ ਏਦਾਂ ਦਾ ਅਖ਼ਬਾਰ ’ਚ ਕੀ ਪੜ੍ਹ ਲਿਆ, ਜਿਹੜਾ ਏਨਾ ਡਰ ਲੱਗਣ ਲੱਗ ਪਿਆ  ?’

ਜੀ  ! ਲੋਕ ਤਾਂ ਕਹਿੰਦੇ ਨੇ, ‘ਡੈਣ ਵੀ ਤਾਂ ਸੱਤਵਾਂ ਘਰ ਛੱਡ ਦਿੰਦੀ ਏ, ਪਰ ਠੱਗਣ ਵਾਲੇ ਤਾਂ ਆਪਣੇ ਸਕੇ ਵੀ ਨਹੀਂ ਛੱਡਦੇ । ਆ ਲਓ ਜੀ ਅਖ਼ਬਾਰ, ਤੁਸੀਂ ਵੀ ਪੜ੍ਹੋ ਅੱਜ ਦੀ ਮੁੱਖ ਖ਼ਬਰ ਕਿਵੇਂ ਠੱਗਦੇ ਨੇ ਲੋਕ ਆਪਣਿਆਂ ਨੂੰ ਖ਼ਬਰ ਵੱਲ ਇਸ਼ਾਰਾ ਕਰਦੀ ਅਖ਼ਬਾਰ ਫੜਾਉਂਦੀ ਕੁਲਜੀਤ ਬੋਲੀ, ‘ਮੈਂ ਤੁਹਾਡੇ ਲਈ ਚਾਹ ਬਣਾ ਲਿਆਵਾਂ, ਬਾਅਦ ’ਚ ਤੁਸੀਂ ਦਾਰੀ ਨਾਲ ਸ਼ਹਿਰ ਵੀ ਜਾਣਾ ਦਵਾਈ ਲੈਣ’।

ਅਖ਼ਬਾਰ ਵਿੱਚ ਲਿਖਿਆ ਹੋਇਆ ਸੀ ਕਿ ਵਿਦੇਸ਼ ਜਾਣ ਦੇ ਚੱਕਰ ’ਚ ਸਕੇ ਤਾਏ ਦੇ ਮੁੰਡੇ ਨੇ ਆਪਣੇ ਹੀ ਸਕੇ ਚਾਚੇ ਦੇ ਮੁੰਡੇ ਨਾਲ ਮਾਰੀ ਲੱਖਾਂ ਰੁਪਿਆਂ ਦੀ ਠੱਗੀ । ਪੀੜ੍ਹਤ ਪਰਵਾਰ ਵੱਲੋਂ ਪੁਲਿਸ ਕੋਲ ਕੀਤੀ ਗਈ ਸ਼ਿਕਾਇਤ, ਦੋਸ਼ੀ ਖਿਲਾਫ਼ ਕੇਸ ਦਰਜ ਤੇ ਪਰਵਾਰ ਨੂੰ ਇਨਸਾਫ਼ ਦਵਾਉਣ ਦਾ ਪੁਲਿਸ ਵੱਲੋਂ ਦਿੱਤਾ ਗਿਆ ਭਰੋਸਾ । ਇੰਨੇ ਚਿਰ ਨੂੰ ਚਾਹ ਬਣਾ ਲੈ ਕੇ ਆਈ ਕੁਲਜੀਤ ਬੋਲੀ, ‘ਬੰਟੀ ਦੇ ਪਾਪਾ  ! ਲੱਗਾ ਕੁਝ ਪਤਾ ਖ਼ਬਰ ਪੜ੍ਹ ਕੇ, ਹੁਣ ਤਾਂ ਉਹ ਗੱਲ ਏ .. ‘‘ਕੂੜ ਫਿਰੈ ਪਰਧਾਨੁ ਵੇ ਲਾਲੋ ! ਕੂੜ ਫਿਰੈ ਪਰਧਾਨੁ’’।

 ਹਾਂ ਕੁਲਜੀਤ, ‘ਬਿਲਕੁਲ ਸੱਚ ਕਿਹਾ ਏ, ਪਰ ਫਿਰ ਵੀ ਪਤਾ ਨਹੀਂ ਲੋਕਾਂ ਨੂੰ ਸਮਝ ਕਿਉਂ ਨਹੀਂ ਪੈਂਦੀ, ਨਿਤ ਵਪਾਰਦਾ ਏ ਸਾਰਾ ਕੁਝ।

 ਬਿਲਕੁਲ ਜੀ  ! ‘ਅੱਜ ਕੱਲ੍ਹ ਤਾਂ ਵਿਸ਼ਵਾਸ, ਭਰੋਸਾ ਨਾਂ ਦੀ ਚੀਜ਼ ਤਾਂ ਬਿਲਕੁਲ ਖ਼ਤਮ ਹੋ ਚੁੱਕੀ ਏ’, ਬੰਦਾ ਕਰ ਵੀ ਤਾਂ ਕੀ ਸਕਦਾ ਉਦੋਂ ਜਦੋਂ ਆਪਣੇ ਹੀ ਧੋਖਾ ਦੇ ਜਾਣ, ਤੁਸੀਂ ਚਾਹ ਪੀਓ ਜੀ  ! ਠੰਢੀ ਹੋ ਚਲੀ ਏ, ਬਾਅਦ ’ਚ ਸ਼ਹਰ ਵੀ ਜਾਣਾ ਏ। ਚਾਹ ਵਾਲਾ ਕੱਪ ਫੜਾਉਂਦੀ – ਕੁਲਜੀਤ ਬੋਲੀ ।

ਚਾਹ ਵਾਲੇ ਕੱਪ ’ਚੋਂ ਚੁਸਕੀ ਭਰ ਕੇ ਕੁਲਜੀਤ ਬੋਲੀ, ‘ਅੱਜ ਕੱਲ੍ਹ ਤਾਂ ਬਾਹਰ ਜਾਣ ਦੀ ਹਵਾ ਈ ਚੱਲ ਪਈ ਏ, ਜਿਹਨੂੰ ਪੁੱਛੋ ਬੇਟਾ ਕੀ ਕਰਨਾ ਏ ਵੱਡੇ ਹੋ ਕੇ  ?

ਜੀ  ! ਬਾਹਰ ਜਾਣਾ ….

ਕਿੱਥੇ  ?

ਕਨੇਡਾ ਜਾਂ ਅਮਰੀਕਾ ।

ਅੱਛਾ ਕੁਲਜੀਤ  ! ਮੁਸਕਰਾਉਂਦਾ ਹੋਇਆ – ਜਗਮੀਤ ਬੋਲਦੈ। ‘ਹਾਂ ਜੀ  ! ਅਮਰੀਕਾ, ਕਨੇਡਾ ਤੋਂ ਥੱਲੇ ਤਾਂ ਅੱਜ ਕੱਲ੍ਹ ਜੁਆਕ ਗੱਲ ਨਹੀਂ ਕਰਦੇ, ਬਾਹਰ ਵੀ ਤਾਂ ਜਾ ਕੇ ਮਿਹਨਤ ਕਰਨੀ ਏ ਓਹੀ ਇੱਥੇ ਕਰ ਲਓ, ਬਾਹਰ ਕਿਹੜੇ ਡਾਲਰ ਰੁੱਖਾਂ ਨੂੰ ਲੱਗਦੇ ਨੇ ਪਰ ਕੌਣ ਸਮਝਾਵੇ ਅੱਜ ਕੱਲ੍ਹ ਦੇ ਜੁਆਕਾਂ ਨੂੰ’ ।

ਮੈਨੂੰ ਤਾਂ ਕੁਝ ਹੋਰ ਲੱਗਦਾ ਏ, ਬਾਹਰ ਜਾਣ ਦਾ ਕਾਰਨ ।

ਅੱਛਾ ਜੀ, ਕੀ ਲੱਗਦਾ ਏ ਤੁਹਾਨੂੰ  ? ਕੁਲਜੀਤ ਨੇ ਬੜੀ ਉਕਸੁਕਤਾ ਨਾਲ ਜਗਮੀਤ ਨੂੰ ਪੁੱਛਿਆ ।

ਚਾਹ ਦਾ ਘੁੱਟ ਪੀ ਕੇ ਜਗਮੀਤ ਬੋਲਦਾ, ‘ਸ਼ਾਇਦ ਬਹੁਤੇ ਕੁੜੀਆਂ ਮੁੰਡੇ, ਖੁੱਲ੍ਹੀ ਹਵਾ ਲੈਣ ਵਾਸਤੇ ਬਾਹਰ ਜਾਦੇ ਨੇ, ਇੱਥੇ ਉਹਨਾਂ ਦਾ ਦਮ ਜੋ ਘੁਟਦਾ ਏ, ਵੈਸੇ ਪਤਾ ਨਹੀਂ, ਮੇਰੀ ਗੱਲ ਤੈਨੂੰ ਕਿੰਨੀ ਕੁ ਸੱਚੀ ਲੱਗੇ ।

ਹੈਂ  ! ਦਮ ਘੁਟਦਾ ਏ …..

ਹਾਂ .. ਕੁਲਜੀਤ ! ਦਮ ਘਟਦਾ ਏ,

ਬਾਹਰ ਖੁੱਲੀ ਹਵਾ ਲੈਣ ਵਾਸਤੇ ਜਾਂਦੇ ਨੇ ।

ਮੈਂ ਸਮਝੀ ਨਹੀਂ ਜੀ, ਤੁਹਾਡੀ ਗੱਲ ਨੂੰ, ਕੀ ਕਹਿੰਦੇ ਓ, ਜ਼ਰਾ ਖੁੱਲ੍ਹ ਕੇ ਦੱਸੋ ।

ਓਹੋ… ਕੁਲਜੀਤ  !

ਕੁਲਜੀਤ !  ਮੇਰੇ ਕਹਿਣ ਦਾ ਮਤਲਬ ਸੀ, ਆਪਣੇ ਦੇਸ਼ ਦਾ ਸਿਸਟਮ ਬੜਾ ਗੰਧਲਾ ਹੋ ਚੁੱਕਾ ਏ, ਇੱਥੇ ਧਰਮਾਂ ਦੇ ਨਾਂ ’ਤੇ ਹੁੰਦੇ ਝਗੜੇ, ਵਧਦੀ ਬੇਰੁਜ਼ਗਾਰੀ, ਸਰਕਾਰਾਂ ਦਾ ਲੋਕਾਂ ਪ੍ਰਤੀ ਮਾੜਾ ਰਵੱਈਆ, ਬੇਲੋੜੀਆਂ ਸਮਾਜਿਕ ਰਸਮਾਂ ਨੂੰ ਵੇਖ ਅੱਜ ਕੱਲ੍ਹ ਦੇ ਨੌਜਵਾਨਾਂ ਦਾ ਦਮ ਘੁਟਦਾ ਏ, ਇਸੇ ਕਰਕੇ ਉਹ ਖੁੱਲ੍ਹੀ ਹਵਾ ਲੈਣ ਵਾਸਤੇ, ਉਸ ਥਾਂ ’ਤੇ ਜਾਣਾ ਪਸੰਦ ਕਰਦੇ ਨੇ, ਜਿੱਥੇ ਚੰਗਾ ਵਾਤਾਵਰਣ ਹੋਵੇ, ਬੰਦੇ ਦੀ ਜ਼ਿੰਦਗੀ ’ਚ ਬਹੁਤੀ ਕਿਸੇ ਦੀ ਦਖਲ ਅੰਦਾਜ਼ੀ ਨਾ ਹੋਵੇ, ਸਰਕਾਰਾਂ ਵੀ ਲੋਕਾਂ ਨਾਲ ਨਿਆਂ ਕਰਨ ।

ਹਾਂ.. ਹਾਂ.. ਬਿਲਕੁਲ, ਏ ਗੱਲ ਤਾਂ ਠੀਕ ਆ …. ਕੁਲਜੀਤ ਬੋਲੀ ।

ਅੱਛਾ ਜੀ  ! ਤਾਂ ਕਰਕੇ ਜਾਂਦੇ ਕੁੜੀਆਂ ਮੁੰਡੇ…

ਪਰ ਕੁਲਜੀਤ …..

ਪਰ ਕੀ.. ਬੰਟੀ ਦੇ ਪਾਪਾ  ?

ਪਰ ਸੋਚਣ ਵਾਲੀ ਗੱਲ ਏ, ਆਖ਼ਿਰ ਸਿਸਟਮ ਗੰਧਲਾ ਕੀਤਾ ਕੀਹਨੇ, ਕੌਣ ਹੈ ਇਸ ਦਾ ਦੋਸ਼ੀ, ਕਿਵੇਂ ਹੋਇਆ ਸਿਸਟਮ ਗੰਧਲਾ, ਕੌਣ ਹੈ ਇਸ ਦਾ ਜ਼ਿੰਮੇਵਾਰ  ? ਬੜੀ ਚਿੰਤਾ ਵਾਲੀ ਗੱਲ ਏ, ਜੇ ਇਸੇ ਤਰ੍ਹਾਂ ਸਿਸਟਮ ਤੋਂ ਤੰਗ ਆ ਕੇ ਮੁੰਡੇ ਕੁੜੀਆਂ ਬਾਹਰ ਜਾਂਦੇ ਰਹੇ ਤਾਂ ਫਿਰ ਪੰਜਾਬ ਤਾਂ ਵਿਹਲਾ ਹੋ ਜੂ, ਕੌਣ ਰਹੇਗਾ ।

ਦੱਸ ਕੁਲਜੀਤ ..

 ਜਗਮੀਤ ਗੱਲ ਸੁਣ ਡੂੰਘੀ ਸੋਚ ਤੋਂ ਬਾਹਰ ਆ …

ਕੁਲਜੀਤ, ਬੜੇ ਜੋਸ਼ ਨਾਲ ਬੋਲੀ ਜਗਮੀਤ ਜੀ  ! ‘ਆਖਿਰ ਨੂੰ ਤਾਂ ਲੋਕਾਂ ਨੂੰ ਜਾਗਣਾ ਹੀ ਪਏਗਾ, ਜੇ ਆਪਣਿਆਂ ਘਰਾਂ ਨੂੰ ਬਚਾਉਣਾ ਏ, ਹੁਣ ਤਾਂ ਜੀ  ! ਗੱਲ ਚਿੰਤਾ ਦੀ ਨਹੀਂ ਚਿੰਤਨ ਕਰਨ ਦੀ ਏ, ਬੜੀ ਤਾਕਤ ਹੈ ਲੋਕਾਂ ਕੋਲ । ਕਿਸਾਨੀ ਮੋਰਚੇ ’ਚ ਵੇਖ ਹੀ ਲਿਆ ਸੀ ਤੁਸੀਂ ਸਭ ਕੁਝ, ਕਿਵੇਂ ਜਿੱਤਿਆ ਸੀ ਮੋਰਚਾ, ਦੱਸੋ ਕੀ ਨਹੀਂ ਕਰ ਸਕਦੇ ਲੋਕ, ਪੰਜ ਸਾਲ ਬਾਅਦ ਲੋਕ ਹਿਸਾਬ-ਕਿਤਾਬ ਮੰਗਣ ਸਰਕਾਰਾਂ ਤੋਂ, ਤਾਂ ਜਾ ਕੇ ਸਿਸਟਮ ਸੁਧਰੇਗਾ, ਫਿਰ ਆਪੇ ਲੋਕ ਇੱਥੇ ਰਹਿ ਕੇ ਕੰਮ ਕਰਨਗੇ।

ਹਾਂ ਹਾਂ ਬਿਲਕੁਲ ..

ਨਾਲੇ ਫਿਰ ਦੇਸ਼ ਵੀ ਤਰਕੀ ਕਰੂਗਾ।

ਉਂਝ ਤਾਂ ਭਾਵੇਂ ਉਹ ਢੇਰ ਸਾਰੀਆਂ ਗੱਲਾਂ ਇਸ ਵਿਸ਼ੇ ’ਤੇ ਕਰਦੇ ਪਰ ਅਚਾਨਕ ਜਦੋ ਗੇਟ ’ਤੇ ਖੜ੍ਹਾ ਦਾਰੀ, ਜਗਮੀਤ ਨੂੰ ਅਵਾਜ਼ ਮਾਰਦੈ ਤਾਂ ਜਗਮੀਤ, ਅਵਾਜ਼ ਸੁਣ ਕੇ ਜਲਦੀ ਨਾਲ ਚਾਹ ਪੀ ਕੇ, ਦਾਰੀ ਨਾਲ ਸ਼ਹਰ ਨੂੰ ਤੁਰ ਪੈਂਦੈ ।