ਮਿੰਨੀ ਕਹਾਣੀ
ਕਰਨੀ ਤੇ ਕਥਨੀ
ਉਂਝ ਤਾਂ ਸਕੂਲ ਦੀ ਛੁੱਟੀ ਦਾ ਸਮਾਂ 3:20 ਦਾ ਸੀ ਪਰ ਸਕੂਲ ਵਿੱਚ ਕਰਵਾਏ ਗਏ ਨਸ਼ਾ ਵਿਰੋਧੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚਣ ਵਾਲੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦੇਰ ਆਉਣ ਕਾਰਨ ਸਮਾਗਮ ਲੇਟ ਹੋ ਗਿਆ ਸੀ। ਸਮਾਗਮ ਦੀ ਸਮਾਪਤੀ ਤੋਂ ਬਾਅਦ ਖਿਲਾਰੇ ਨੂੰ ਸਮੇਟਦਿਆਂ ਤਕਰੀਬਨ ਪੰਜ ਵੱਜ ਗਏ ਸਨ। ਲੇਡੀਜ਼ ਸਟਾਫ਼ ਅਤੇ ਦੂਰ ਦੇ ਅਧਿਆਪਕ ਜਾ ਚੱਕੇ ਸਨ। ਮੁੱਖ ਅਧਿਆਪਕ ਜੀਤ ਰਾਮ, ਕੁਲਵੰਤ ਸਿੰਘ ਡੀ. ਪੀ, ਦਰਸ਼ਨ ਸਿੰਘ ਡਰਾਇੰਗ ਮਾਸਟਰ ਅਤੇ ਹਰਪਾਲ ਸਿੰਘ ਪੀਆਨ ਟੈਂਟ ਵਾਲੇ ਦਾ ਹਿਸਾਬ ਕਰਨ ਲਈ ਸਕੂਲ ਦੇ ਦਫ਼ਤਰ ਵਿੱਚ ਹੀ ਬੈਠੇ ਸਨ। ਟੈਂਟ ਵਾਲੇ ਦੇ ਸਮਾਨ ਦਾ ਅਜੇ ਇੱਕ ਗੇੜਾ ਬਾਕੀ ਸੀ, ਜਿਹੜਾ ਉਸ ਨੇ ਸ਼ਹਿਰ ਤੋਂ ਲੈਣ ਆਉਣ ਸੀ। ਉਸ ਦੀ ਉਡੀਕ ਕਰਦੇ-ਕਰਦੇ ਛੇ ਵੱਜ ਚੁੱਕੇ ਸਨ। ਦਸੰਬਰ ਦਾ ਮਹੀਨਾ ਹੋਣ ਕਰ ਕੇ ਹਨ੍ਹੇਰੇ ਦੇ ਨਾਲ-ਨਾਲ ਠੰਢ ਵੀ ਆਪਣਾ ਜੋਰ ਦਿਖਾਉਣ ਲੱਗ ਪਈ ਸੀ। ਇਹ ਠੰਢ ਡੀ. ਪੀ ਮਾਸਟਰ ਕੁਲਵੰਤ ਸਿੰਘ ਅਤੇ ਡਰਾਇੰਗ ਮਾਸਟਰ ਦਰਸ਼ਨ ਸਿੰਘ ਨੂੰ ਵੀ ਮਹਿਸੂਸ ਹੋਣ ਲੱਗ ਪਈ ਸੀ ਕਿਉਂਕਿ ਨਸ਼ਾ ਵਿਰੋਧੀ ਸਮਾਗਮ ਵਿੱਚ ਹੋਈ ਭੱਜ-ਨੱਸ ਕਾਰਨ ਉਹ ਪਹਿਲਾਂ ਹੀ ਥਕਾਵਟ ਜਿਹੀ ਮੰਨ ਰਹੇ ਸਨ। ਦੋਵਾਂ ਮਾਸਟਰਾਂ ਨੇ ਥਕਾਵਟ ਤੇ ਠੰਢ ਦੂਰ ਕਰਨ ਲਈ ਵੱਡੇ ਮਾਸਟਰ ਜੀਤ ਰਾਮ ਨਾਲ ਰਮਜ਼ ਮਿਲਾਈ। ਰਮਜ਼ ਨੂੰ ਸਮਝ ਕੇ ਜੀਤ ਰਾਮ ਨੇ ਪੰਜ ਸੌ ਰੁਪਏ ਦਾ ਇੱਕ ਨਵਾਂ ਨੋਟ ਜੇਬ੍ਹ ਵਿੱਚੋਂ ਕੱਢਿਆ ਅਤੇ ਹਰਪਾਲ ਸਿੰਘ ਨੂੰ ‘ਸਿਗਨੇਚਰ’ ਦਾ ਇੱਕ ਅੱਧੀਆ ਲਿਆਉਣ ਦਾ ਪਿਆਰ ਭਰਿਆ ਹੁਕਮ ਜਾਰੀ ਕਰ ਦਿੱਤਾ।