ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ

0
360

ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜੋ ਸਬੂਤ ਹੁਣ ਸਾਡੇ ਕੋਲ ਬਚੇ ਹਨ, ਉਸ ਹਿਸਾਬ ਨਾਲ ਪਹਿਲੀ ਦਿਮਾਗ਼ ਦੀ ਸਰਜਰੀ ਲਗਭਗ 7000 ਸਾਲ ਪਹਿਲਾਂ ਦੱਖਣੀ ਅਮਰੀਕਾ ਵਿੱਚ ਹੋਈ ਸੀ। ਉਦੋਂ ਦਿਮਾਗ਼ ਦੇ ਪਾਸਿਆਂ ਵੱਲ ਨਿੱਕੀਆਂ ਮੋਰੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਇਹ ਸੋਚਿਆ ਜਾਂਦਾ ਸੀ ਕਿ ਪ੍ਰੇਤ ਆਤਮਾਵਾਂ ਸਿਰ ਉੱਤੇ ਕਾਬਜ਼ ਹੋ ਚੁੱਕੀਆਂ ਹਨ। ਜੇ ਮੋਰੀਆਂ ਕਰ ਦਿੱਤੀਆਂ ਜਾਣ ਤਾਂ ਆਤਮਾਵਾਂ ਬਾਹਰ ਨਿਕਲ ਜਾਣਗੀਆਂ।

ਇਸ ਆਧਾਰ ਉੱਤੇ ਬਹੁਤ ਸਾਰੇ ਮਨੋਰੋਗੀਆਂ ਦੇ ਅਪਰੇਸ਼ਨ ਕਰ ਦਿੱਤੇ ਗਏ। ਇਸ ਤੱਥ ਦੇ ਸਬੂਤ ਵਜੋਂ ਲਗਭਗ ਇੱਕ ਫੀਸਦੀ ਪੁਰਾਣੇ ਸਮਿਆਂ ਦੀਆਂ ਦੱਬੀਆਂ ਹੋਈਆਂ ਲੱਭੀਆਂ ਖੋਪੜੀਆਂ ਵਿਚਲੀਆਂ ਕੀਤੀਆਂ ਹੋਈਆਂ ਮੋਰੀਆਂ ਹਨ।

ਇਹ ਮੋਰੀਆਂ ਕਰਨੀਆਂ ਅੱਜ ਵੀ ਜਾਰੀ ਹਨ ਪਰ ਹੁਣ ਪ੍ਰੇਤ ਆਤਮਾਵਾਂ ਕੱਢਣ ਲਈ ਨਹੀਂ ਸਗੋਂ ਦਿਮਾਗ਼ ਅੰਦਰ ਨਿੱਕੀਆਂ ਮਸ਼ੀਨਾਂ ਫਿੱਟ ਕਰਨ ਲਈ ਹਨ। ਇਲੈਕਟ੍ਰਿਕ ਤਰੰਗਾਂ ਕੱਢਣ ਵਾਲੀਆਂ ਇਹ ਮਸ਼ੀਨਾਂ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਦੇ ਸੈੱਲਾਂ ਨੂੰ ਚੁਸਤ ਕਰਦੀਆਂ ਹਨ ਜਿਹੜੇ ਸੁਸਤ ਪੈ ਚੁੱਕੇ ਹੋਣ। ਇਸ ਨੂੰ ‘‘ਦਿਮਾਗ਼ ਦੇ ਅੰਦਰੂਨੀ ਹਿੱਸਿਆਂ ਦੀ ਰਵਾਨੀ’’ ਕਿਹਾ ਜਾਂਦਾ ਹੈ ਯਾਨੀ ਡੀਪ ਬਰੇਨ ਸਟਿਮੂਲੇਸ਼ਨ (ਡੀ.ਬੀ.ਐੱਸ.)।

ਸਭ ਤੋਂ ਪਹਿਲਾਂ ਤਿੱਖੀ ਪੀੜ ਨੂੰ ਜਰ ਜਾਣ ਲਈ ਅਜਿਹਾ ਇਲਾਜ 1960 ਵਿੱਚ ਕੀਤਾ ਗਿਆ ਸੀ। ਹੁਣ ਅਮਰੀਕਾ ਅਤੇ ਯੂਰਪ ਵਿੱਚ ਹਿੱਲਦੇ-ਕੰਬਦੇ ਹੱਥਾਂ ਲਈ, ਪਾਰਕਿਨਸਨ ਰੋਗ ਵਿਚਲੀਆਂ ਸਰੀਰ ਦੀਆਂ ਬੇਲੋੜੀਆਂ ਘੁਮਾਊਦਾਰ ਹਰਕਤਾਂ ਰੋਕਣ ਲਈ, ਦੌਰਿਆਂ ਲਈ ਤੇ ਵਾਰ-ਵਾਰ ਕੁੰਡੀਆਂ ਲਾਉਣ ਜਾਂ ਹੱਥ ਧੋਣ ਵਾਲੀ ਬੀਮਾਰੀ (ਓ. ਸੀ. ਐਨ.) ਨੂੰ ਕਾਬੂ ਕਰਨ ਲਈ ਇਹ ਇਲਾਜ ਕੀਤਾ ਜਾਂਦਾ ਹੈ।

ਇਹ ਸਾਰੀਆਂ ਬੀਮਾਰੀਆਂ ਦਰਅਸਲ ਦਿਮਾਗ਼ ਦੇ ਕਿਸੇ ਇੱਕ ਹਿੱਸੇ ਦੀ ਵੱਖਰੀ ਹਿਲਜੁਲ ਕਾਰਨ ਹੀ ਹੁੰਦੀਆਂ ਹਨ। ਜੇ ਦਵਾਈ ਅਸਰ ਨਾ ਵਿਖਾ ਰਹੀ ਹੋਵੇ ਤਾਂ ਇਹ ਅਪਰੇਸ਼ਨ ਕਰਨਾ ਪੈ ਜਾਂਦਾ ਹੈ। ਹੁਣ ਇਹੀ ਇਲਾਜ ਲਗਾਤਾਰ ਰਹਿੰਦੀ ਢਹਿੰਦੀ ਕਲਾ, ਐਲਜ਼ੀਮਰ ਬੀਮਾਰੀ ਅਤੇ ਨਸ਼ੇ ਦੀ ਲਤ (ਆਦਤ) ਵਾਸਤੇ ਵੀ ਕੀਤਾ ਜਾਣ ਲੱਗ ਪਿਆ ਹੈ।

ਜਿਵੇਂ ਪਾਰਕਿਨਸਨ ਰੋਗ ਵਿੱਚ ਕੁੱਝ ਹਿੱਸਿਆਂ ਵਿੱਚ ਹੱਦੋਂ ਵੱਧ ਇਕਦਮ ਹਿਲਜੁਲ ਨਾਲ ਨੁਕਸ ਦਿੱਸਦਾ ਹੈ, ਤਾਂ ਇਸ ਅਪਰੇਸ਼ਨ ਨਾਲ ਉਸ ਹਿੱਸੇ ਨੂੰ ਕਾਬੂ ਵਿੱਚ ਕਰਨ ਦਾ ਸੁਣੇਹਾ ਲਾ ਦਿੱਤਾ ਜਾਂਦਾ ਹੈ। ਇੰਜ ਹੀ ਢਹਿੰਦੀ ਕਲਾ ਵਾਲੇ ਹਿੱਸੇ ਨੂੰ ਸ਼ਾਂਤ ਕਰਕੇ ਮੂਡ ਸਹੀ ਕੀਤਾ ਜਾ ਸਕਦਾ ਹੈ। ਐਲਜ਼ੀਮਰ ਬੀਮਾਰੀ ਵਿੱਚ ਸੁਸਤ ਹੋਏ ਹਿੱਸਿਆਂ ਨੂੰ ਵੀ ਚੁਸਤ ਕੀਤਾ ਜਾ ਸਕਦਾ ਹੈ।

ਮਨੁੱਖੀ ਦਿਮਾਗ਼ ਨੂੰ ਕਾਬੂ ਕਰਕੇ ਹੁਕਮ ਸੁਣਾਉਣ ਵਾਲੇ ਇਸ ਅਪਰੇਸ਼ਨ ਨੂੰ ਸਫਲ ਢੰਗ ਨਾਲ ਲਗਭਗ ਇੱਕ ਲੱਖ ਤੋਂ ਵੱਧ ਮਰੀਜ਼ਾਂ ਵਿੱਚ ਕੀਤਾ ਜਾ ਚੁੱਕਿਆ ਹੈ। ਜ਼ਿਆਦਾਤਰ ਮਰੀਜ਼ ਪਾਰਕਿਨਸਨ ਬੀਮਾਰੀ ਤੋਂ ਪੀੜਤ ਸਨ।

ਹੁਣ ਤਾਂ ਜਾਗਦੇ ਹੋਏ ਮਰੀਜ਼ ਵਿੱਚ ਵੀ ਅਪਰੇਸ਼ਨ ਵਾਲੇ ਹਿੱਸੇ ਵਾਲੀ ਥਾਂ ਨੂੰ ਹਲਕਾ ਸੁੰਨ ਕਰ ਕੇ ਇਹ ਮਸ਼ੀਨ ਸਿਰ ਅੰਦਰ ਫਿੱਟ ਕਰ ਦਿੱਤੀ ਜਾਂਦੀ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਮਸ਼ੀਨ ਫਿੱਟ ਕਰਦਿਆਂ ਇਨਸਾਨੀ ਦਿਮਾਗ਼ ਵਿਚਲੀਆਂ ਤਰੰਗਾਂ, ਵੱਖੋ-ਵੱਖ ਹਿੱਸਿਆਂ ਦੇ ਕੰਮ ਕਾਰ ਦੇ ਢੰਗ, ਇਨਸਾਨੀ ਸੋਚ ਵਿਚਲੇ ਉਤਾਰ ਚੜਾਓ, ਬੌਧਿਕ ਵਿਚਾਰਧਾਰਾ ਸਮੇਤ ਸਰੀਰ ਦੇ ਵੱਖੋ-ਵੱਖ ਅੰਗਾਂ ਦੀ ਹਿਲਜੁਲ, ਪੀੜ ਦਾ ਇਹਸਾਸ, ਫ਼ੈਸਲਾ ਲੈਣ ਦਾ ਢੰਗ ਆਦਿ ਸਭ ਕੁੱਝ ਬਾਰੇ ਸਮਝਣਾ ਸੌਖਾ ਹੋ ਗਿਆ ਹੈ। ਅਜਿਹਾ ਕਰਦਿਆਂ ਹਰ ਬੀਮਾਰੀ ਨਾਲ ਢਹਿੰਦੀ ਕਲਾ ਜਾਂ ਮਨੋਦਸ਼ਾ ਵਿੱਚ ਤਬਦੀਲੀ ਬਾਰੇ ਸਮਝਣਾ ਸੌਖਾ ਹੋ ਗਿਆ ਹੈ। ਦਿਮਾਗ਼ ਵਿਚਲੇ ਉਹ ਹਿੱਸੇ, ਜਿਨ੍ਹਾਂ ਬਾਰੇ ਹਾਲੇ ਤੱਕ ਸਮਝਿਆ ਨਹੀਂ ਜਾ ਸਕਿਆ ਸੀ ਕਿ ਕਿਵੇਂ ਕੋਈ ਜਣਾ ਉਸੇ ਹਾਲ ਵਿੱਚ ਪੀੜ ਮਹਿਸੂਸ ਨਹੀਂ ਕਰਦਾ ਤੇ ਕਿਵੇਂ ਕੋਈ ਰੋ ਰੋ ਬੇਹਾਲ ਹੋ ਜਾਂਦਾ ਹੈ; ਇੰਜ ਹੀ ਵਧੀ ਹੋਈ ਬੀਮਾਰੀ ਨੂੰ ਵੀ ਮਨੋਬਲ ਨਾਲ ਕਿਵੇਂ ਘਟਾਇਆ ਜਾ ਸਕਦਾ ਹੈ, ਬਾਰੇ ਵੀ ਸਮਝ ਆਉਣ ਲੱਗ ਪਈ ਹੈ। ਇਸ ਮਸ਼ੀਨ ਰਾਹੀਂ ਡਿੱਗਿਆ ਹੋਇਆ ਮਨੋਬਲ ਵਧਾ ਕੇ ਵੇਖਿਆ ਜਾ ਚੁੱਕਿਆ ਹੈ ਤੇ ਸਰੀਰਕ ਹਿਲਜੁਲ ਨੂੰ ਵੀ ਕਾਬੂ ਕਰਕੇ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।

ਹੁਣ ਤੱਕ ਵੱਖੋ-ਵੱਖਰੇ 700 ਖੋਜ ਪੱਤਰ ਸਿਰਫ਼ ਇਸ ਅਪਰੇਸ਼ਨ ਬਾਰੇ ਲਿਖੇ ਜਾ ਚੁੱਕੇ ਹਨ। ਟੋਰਾਂਟੋ ਦੇ ਵੈਸਟਰਨ ਹਸਪਤਾਲ ਵਿਖੇ ਸੰਨ 1990 ਵਿੱਚ ਰੋਨਾਲਡ ਟਾਸਕਰ ਨੇ ਪਾਸਾ ਮਾਰੇ ਜਾਣ, ਰੀੜ੍ਹ ਦੀ ਹੱਡੀ ਦੀ ਸੱਟ ਵਾਲੇ ਮਰੀਜ਼ਾਂ ਅਤੇ ਬਾਂਹ ਜਾਂ ਲੱਤ ਵੱਢੀ ਜਾਣ ਵਾਲਿਆਂ ਦੇ ਦਿਮਾਗ਼ ਵਿੱਚ ਇਹ ਮਸ਼ੀਨ ਫਿੱਟ ਕਰਕੇ ਉਨ੍ਹਾਂ ਦੇ ਪੀੜ ਦੇ ਇਹਸਾਸ ਨੂੰ ਘਟਾਇਆ ਤਾਂ ਮਰੀਜ਼ਾਂ ਵਿੱਚ ਬਹੁਤ ਜ਼ਿਆਦਾ ਫ਼ਰਕ ਦਿਸਿਆ। ਅਜਿਹਾ ਕਰਨ ਲਈ ਮਸ਼ੀਨ ਰਾਹੀਂ ਲਗਾਤਾਰ ਬਿਜਲਈ ਤਰੰਗਾਂ ਸੁੱਟਣੀਆਂ ਪੈਂਦੀਆਂ ਹਨ ਜੋ 20 ਤੋਂ 200 ਵਾਰ ਪ੍ਰਤੀ ਸਕਿੰਟ ਨਿਕਲਦੀਆਂ ਹਨ। ਟਾਸਕਰ ਦੇ ਅੱਧੇ ਤੋਂ ਵੱਧ ਮਰੀਜ਼ਾਂ ਨੂੰ ਪੀੜ ਵਿੱਚ ਆਰਾਮ ਮਹਿਸੂਸ ਹੋਇਆ, ਪਰ ਅੱਜ ਕੱਲ੍ਹ ਅਜਿਹੀ ਪੀੜ ਲਈ ਇਸ ਅਪਰੇਸ਼ਨ ਦੀ ਥਾਂ ਨਸ਼ੇ ਦੇ ਟੀਕੇ ਜਾਂ ਮਨੋਵਿਗਿਆਨਿਕ ਢੰਗ ਵਰਤੇ ਜਾਣ ਲੱਗ ਪਏ ਹਨ। ਅਜਿਹੇ ਮੌਜੂਦਾ ਸਮੇਂ ਵਿੱਚ ਇਸ ਅਪਰੇਸ਼ਨ ਨੂੰ ਜਾਰੀ ਰੱਖਣ ਬਾਰੇ ਫਿਰ ਤੋਂ ਸੋਚ ਵਿਚਾਰ ਹੋਣ ਲੱਗ ਪਈ ਹੈ।

ਪਾਰਕਿਨਸਨ ਰੋਗ ਵਿੱਚ ਬਹੁਤ ਵਧੀਆ ਨਤੀਜੇ ਦਿੱਸਣ ਤੋਂ ਬਾਅਦ ਹੁਣ ਇਹ ਸਮਝ ਆ ਚੁੱਕੀ ਹੈ ਕਿ ਦਿਮਾਗ਼ ਦੇ ਕਿਹੜੇ ਹਿੱਸੇ ਵਿੱਚੋਂ ਸਰੀਰ ਦੇ ਕੰਬਣ ਵਾਲੀਆਂ ਤਰੰਗਾਂ ਨਿਕਲਦੀਆਂ ਹਨ। ਇਹ ਬਿਜਲਈ ਤਰੰਗਾਂ ਲਗਭਗ 25 ਹਜ਼ਾਰ ਨਿਊਰੋਨ ਸੈੱਲਾਂ ਵਿੱਚੋਂ ਇੱਕੋ ਸਮੇਂ ਨਿੱਕਲਦੀਆਂ ਹਨ। ਪੱਠਿਆਂ ਦਾ ਆਕੜਨਾ, ਤੁਰਨ ਵਿੱਚ ਤਕਲੀਫ਼ ਤੇ ਪੱਠਿਆਂ ਦੀ ਬੇਤਰਤੀਬੀ ਹਿਲਜੁਲ ਨੂੰ ਕਾਬੂ ਕਰਨ ਲਈ ਏਨੇ ਸਾਰੇ ਨਿਊਰੌਨ ਸੈੱਲਾਂ ਨੂੰ ਅਪਰੇਸ਼ਨ ਰਾਹੀਂ ਸਿਰ ਅੰਦਰ ਪਾਈ ਮਸ਼ੀਨ ਕਾਬੂ ਵਿੱਚ ਕਰ ਲੈਂਦੀ ਹੈ ਤੇ ਮਰੀਜ਼ ਲਗਭਗ ਠੀਕ ਹੋ ਜਾਂਦਾ ਹੈ।

ਡਿਸਟੋਨੀਆ ਦੇ ਮਰੀਜ਼ ਬੱਚਿਆਂ ਦਾ ਸਰੀਰ ਵੀ ਅਜੀਬ ਤਰੀਕੇ ਘੁੰਮ ਕੇ ਟੇਢਾ ਹੋ ਜਾਂਦਾ ਹੈ ਜਿਸ ਸਦਕਾ ਨਾ ਤਾਂ ਉਹ ਤੁਰ ਫਿਰ ਸਕਦੇ ਹਨ, ਨਾ ਆਪਣੀ ਤਕਲੀਫ਼ ਸਾਂਝੀ ਕਰ ਸਕਦੇ ਹਨ ਤੇ ਉਨ੍ਹਾਂ ਦੀ ਮੌਤ ਵੀ ਛੇਤੀ ਹੋ ਜਾਂਦੀ ਹੈ। ਇਨ੍ਹਾਂ ਬੱਚਿਆਂ ਵਿੱਚ ਵੀ ਇਸ ਮਸ਼ੀਨ ਸਦਕਾ ਦਿਮਾਗ਼ ਦੇ ਗਲੋਬਸ ਪੈਲੀਡਸ ਹਿੱਸੇ ਨੂੰ ਸ਼ਾਂਤ ਕਰਕੇ ਕੁੱਝ ਹਫ਼ਤਿਆਂ ਅੰਦਰ ਹੀ ਬੱਚੇ ਨੂੰ ਲਗਭਗ ਨਾਰਮਲ ਕੀਤਾ ਜਾ ਸਕਦਾ ਹੈ।

ਅਨੇਕ ਮਨੋਰੋਗ; ਜਿਵੇਂ ਟੂਰੇਟ ਸਿੰਡਰੋਮ, ਓ. ਸੀ. ਡੀ., ਢਹਿੰਦੀ ਕਲਾ, ਖਾਣ ਪੀਣ ਵਿੱਚ ਦਿੱਕਤਾਂ, ਐਨੋਰੈਕਸੀਆ ਨਰਵੋਜ਼ਾ, ਨਸ਼ੇ ਦੀ ਲਤ ਆਦਿ ਵਿੱਚ ਇਸ ਅਪਰੇਸ਼ਨ ਦਾ ਕਮਾਲ ਦਾ ਅਸਰ ਵੇਖਣ ਨੂੰ ਮਿਲਿਆ ਹੈ। ਸਭ ਤੋਂ ਵੱਧ ਕਮਾਲ ਤਾਂ ਉਦੋਂ ਵੇਖੀ ਗਈ ਜਦੋਂ ਐਲਜ਼ੀਮਰ ਦੇ ਰੋਗੀਆਂ ਵਿੱਚ ਦਿਮਾਗ਼ ਦੇ ਹਿੱਸੇ ਦੇ ਖੁਰ ਜਾਣ ਸਦਕਾ ਖ਼ਤਮ ਹੋਈ ਯਾਦਦਾਸ਼ਤ ਦੇ ਵਿੱਚ ਇਹ ਮਸ਼ੀਨ ਫਿੱਟ ਕੀਤੀ ਗਈ। ਮਸ਼ੀਨ ਨਾਲ ਸੁੱਕੇ ਹੋਏ ਹਿੱਸੇ ਵਿੱਚ ਲਗਾਤਾਰ ਤਰੰਗਾਂ ਭੇਜਣ ਨਾਲ ਹੌਲ਼ੀ-ਹੌਲ਼ੀ ਉਸ ਵਿੱਚ ਹਿਲਜੁਲ ਹੋ ਕੇ ਟੁੱਟੇ ਸੈੱਲਾਂ ਵਿੱਚ ਦੁਬਾਰਾ ਭੰਨ ਤੋੜ ਤੇ ਜੋੜ ਬਣਨੇ ਸ਼ੁਰੂ ਹੋ ਗਏ। ਇਹ ਬਹੁਤ ਜ਼ਿਆਦਾ ਉਤਸਾਹਜਨਕ ਖੋਜ ਸੀ।

ਇਸ ਖੋਜ ਨਾਲ ਨਵਾਂ ਰਾਹ ਖੁੱਲ੍ਹ ਗਿਆ ਕਿ ਅਨੇਕ ਕਿਸਮ ਦੀਆਂ ਦਿਮਾਗ਼ੀ ਸੱਟਾਂ, ਦਿਮਾਗ਼ ਦੇ ਕਿਸੇ ਹਿੱਸੇ ਦੇ ਸੁੰਗੜ ਜਾਣ ਦੇ ਨਾਲ-ਨਾਲ ਡੀਜੈਨੇਰੇਟਿਵ ਰੋਗਾਂ ਦਾ ਵੀ ਪੂਰਾ ਇਲਾਜ ਕੀਤਾ ਜਾ ਸਕੇਗਾ। ਐਲਜ਼ੀਮਰ ਮਰੀਜ਼ਾਂ ਦੇ ਐਮ.ਆਰ.ਆਈ. ਸਕੈਨ ਵਿੱਚ ਜਿਨ੍ਹਾਂ ਹਿੱਸਿਆਂ ਵਿੱਚ ਘੱਟ ਲਹੂ ਜਾਂਦਾ ਸੀ ਤੇ ਘੱਟ ਕੰਮ ਕਰ ਰਹੇ ਸਨ, ਉਨ੍ਹਾਂ ਹਿੱਸਿਆਂ ਵਿੱਚ ਗਲੂਕੋਜ਼ ਵੀ ਘੱਟ ਮਾਤਰਾ ਵਿੱਚ ਲੱਭਿਆ ਸੀ। ਮਸ਼ੀਨ ਲਾਉਣ ਤੋਂ ਇੱਕ ਮਹੀਨੇ ਬਾਅਦ ਉਨ੍ਹਾਂ ਹਿੱਸਿਆਂ ਵਿੱਚ ਗਲੂਕੋਜ਼ ਵੱਧ ਦਿੱਸਿਆ ਤੇ ਉਨ੍ਹਾਂ ਹਿੱਸਿਆਂ ਵਿੱਚ ਲਹੂ ਵੀ ਵੱਧ ਜਾਣ ਲੱਗ ਪਿਆ ਸੀ। ਇਸ ਖੋਜ ਤੋਂ ਬਾਅਦ ਐਮਰੀ ਯੂਨੀਵਰਸਿਟੀ ਦੀ ਹੈਲਨ ਮੇਅਬਰਗ ਨੇ ਮਨੁੱਖੀ ਮੂਡ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਜਿਹੜਾ ਦਵਾਈਆਂ ਤੇ ਸਾਈਕੋਥੈਰੇਪੀ ਨਾਲ ਠੀਕ ਨਹੀਂ ਕੀਤਾ ਜਾ ਸਕਿਆ ਸੀ।

ਇਸ ਵਾਸਤੇ ਦਿਮਾਗ਼ ਦੇ ‘‘ਬਰੈਡਮੈਨ ਹਿੱਸੇ 25’’ ਜੋ ਉਦਾਸੀ ਦਾ ਸੈਂਟਰ ਹੈ, ਵਿੱਚ ਡੀ. ਬੀ. ਐੱਸ. ਮਸ਼ੀਨ ਫਿੱਟ ਕੀਤੀ ਗਈ। ਕੁੱਝ ਮਹੀਨਿਆਂ ਬਾਅਦ ਉਦਾਸੀ ਦੇ ਸੈਂਟਰ ਵਿਚਲੀ ਹਲਚਲ ਬਹੁਤ ਘੱਟ ਹੋ ਗਈ ਤੇ ਬੰਦੇ ਦਾ ਮੂਡ ਬਹੁਤ ਵਧੀਆ ਹੋ ਗਿਆ। ਫਿਰ 200 ਮਰੀਜ਼ਾਂ ਉੱਤੇ ਇਹੀ ਅਜ਼ਮਾਇਆ ਗਿਆ ਤਾਂ ਉਨ੍ਹਾਂ ਵਿੱਚ ਕਈ ਸਾਲ ਉਦਾਸੀ ਉੱਕਾ ਹੀ ਨੇੜੇ ਨਹੀਂ ਫਟਕੀ। ਹੁਣ ਇਹ ਮਸ਼ੀਨ ਪੂਰੀ ਉਮਰ ਵਾਸਤੇ ਵੀ ਸੁਰੱਖਿਅਤ ਮੰਨੀ ਜਾਣ ਲੱਗ ਪਈ ਹੈ।

ਕੁੱਝ ਕਿਸਮਾਂ ਦੀਆਂ ਰਸੌਲੀਆਂ ਵਿੱਚ ਵੀ ਇਹ ਮਸ਼ੀਨ ਅਜ਼ਮਾਈ ਜਾ ਚੁੱਕੀ ਹੈ, ਜਿੱਥੇ ਅਪਰੇਸ਼ਨ ਦੇ ਮਾੜੇ ਅਸਰਾਂ ਤੋਂ ਮਰੀਜ਼ ਬਚ ਗਿਆ। ਫ਼ੈਸਲਾ ਨਾ ਲੈ ਸਕਣ ਵਾਲੀ ਬੀਮਾਰੀ, ਯਾਦਦਾਸ਼ਤ ਦੀ ਕਮਜ਼ੋਰੀ, ਨਵੀਆਂ ਚੀਜ਼ਾਂ ਸਿੱਖਣ ਵਿੱਚ ਦਿੱਕਤ ਅਤੇ ਓ. ਸੀ. ਡੀ. ਦੇ ਮਰੀਜ਼ਾਂ ਵਿੱਚ ਵੀ 40 ਤੋਂ 60 ਫੀਸਦੀ ਫ਼ਾਇਦਾ ਦਿੱਸਿਆ। ਟੂਰੈਟ ਸਿੰਡਰੋਮ ਮਰੀਜ਼ਾਂ ਵਿੱਚ ਵੀ 70 ਫੀਸਦੀ ਫ਼ਾਇਦਾ ਹੋ ਗਿਆ। ਭੁੱਖ ਨਾ ਲੱਗਣ ਦੀ ਬੀਮਾਰੀ, ਬਾਈਪੋਲਰ ਬੀਮਾਰੀ ਦੇ ਮਰੀਜ਼ਾਂ ਵਿੱਚੋਂ ਵੀ 60 ਫੀਸਦੀ ਠੀਕ ਹੋ ਗਏ।

ਹਕਲਾਉਣ ਦੀ ਬੀਮਾਰੀ ਵਿੱਚ ਵੀ ਜ਼ਬਾਨ ਦੇ ਸੈਂਟਰ ਉੱਤੇ ਡੀ. ਬੀ. ਐਸ. ਮਸ਼ੀਨ ਦਾ ਵਧੀਆ ਅਸਰ ਦਿੱਸਿਆ। ਇਸ ਸੰਬੰਧੀ ਟੋਰਾਂਟੋ ਯੂਨੀਵਰਸਿਟੀ ਦੇ ਨਿਊਰੋ ਸਰਜਰੀ ਵਿਭਾਗ ਦੇ ਐਂਦਰੇ ਲੋਜ਼ਾਨੋ ਲਗਾਤਾਰ ਖੋਜ ਜਾਰੀ ਰੱਖ ਰਹੇ ਹਨ ਤੇ ਕਈ ਖੋਜਾਂ ਦੁਨੀਆਂ ਦੇ ਚੋਟੀ ਦੇ ਲੈਂਸੱਟ ਰਿਸਾਲੇ ਵਿੱਚ ਵੀ ਛਪ ਚੁੱਕੀਆਂ ਹਨ। ਹੁਣ ਸਪਸ਼ਟ ਹੋ ਚੁੱਕਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਨੁੱਖੀ ਮਨ ਨੂੰ ਕਾਬੂ ਵਿੱਚ ਕੀਤਾ ਜਾ ਸਕਦਾ ਹੈ ਤੇ ਅਨੇਕ ਲਾਇਲਾਜ ਰੋਗਾਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।

ਸਿਰਫ਼ ਇੱਕ ਨੁਕਤਾ ਜਿਸ ਬਾਰੇ ਕਈ ਸੀਨੀਅਰ ਖੋਜੀਆਂ ਨੇ ਚਿੰਤਾ ਜਤਾਈ ਹੈ, ਉਹ ਇਹ ਹੈ ਕਿ ਜੇ ਦਿਮਾਗ਼ ਦੇ ਅੰਦਰ ਪਾਈ ਮਸ਼ੀਨ ਦੀਆਂ ਮਹੀਨ ਤਰੰਗਾਂ ਏਨੀ ਜ਼ਬਰਦਸਤ ਤਬਦੀਲੀ ਲਿਆ ਸਕਦੀਆਂ ਹਨ ਤਾਂ ਇਸ ਤੋਂ ਹਜ਼ਾਰ ਗੁਣਾਂ ਤੇਜ਼ ਤਰੰਗਾਂ, ਜੋ ਕੰਨ ਦੇ ਬਾਹਰੋਂ ਦਿਮਾਗ਼ ਨਾਲ ਲੱਗ ਕੇ, ਸਾਰਾ ਦਿਨ ਅੰਦਰ ਪਹੁੰਚ ਕੇ ਘੰਟਿਆਂ ਬੱਧੀ ਅਸਰ ਛੱਡਦੀਆਂ ਹੋਣ ਅਤੇ ਨਿੱਕੇ ਬੱਚਿਆਂ ਦੇ ਬਣਦੇ ਦਿਮਾਗ਼ ਦੇ ਹਿੱਸਿਆਂ ਵਿੱਚ ਵੀ ਲੰਮੇ ਸਮੇਂ ਤੱਕ ਬਣਤਰ ਤੇ ਹਰਕਤ ਵਿੱਚ ਅਸਰ ਪਾ ਰਹੀਆਂ ਹੋਣ ਤਾਂ ਕੀ ਬਣੇਗਾ ?

ਇਹ ਤਰੰਗਾਂ ਹਨ ਮੋਬਾਈਲ ਫ਼ੋਨ ਦੀਆਂ। ਹੁਣ ਤੱਕ ਦੀਆਂ ਖੋਜਾਂ ਸਪਸ਼ਟ ਕਰ ਚੁੱਕੀਆਂ ਹਨ ਕਿ ਬੱਚਿਆਂ ਵਿੱਚ ਵਧਦਾ ਮਨੋਰੋਗ ‘‘ਓਟਿਜ਼ਮ’’ ਮੋਬਾਈਲ ਫ਼ੋਨ ਦੀ ਹੀ ਦੇਣ ਹੈ। ਬਾਕੀ ਫ਼ੈਸਲਾ ਪਾਠਕਾਂ ਉੱਤੇ !