ਪਿਤਾ ਦੀ ਮੌਜੂਦਗੀ  ਸੂਰਜ ਵਾਂਗ ਹੁੰਦੀ ਹੈ  !

0
1025

ਪਿਤਾ ਦੀ ਮੌਜੂਦਗੀ  ਸੂਰਜ ਵਾਂਗ ਹੁੰਦੀ ਹੈ  !

ਡਾ. ਪਰਗਟ ਸਿੰਘ ਬੱਗਾ (ਕੈਨੇਡਾ)-ਫੋਨ: 905 531 8901

ਇਕ ਬੱਚੀ ਆਪਣੇ ‘ਪਿਤਾ’ ਨਾਲ ਪੈਦਲ ਸਫ਼ਰ ’ਤੇ ਜਾ ਰਹੀ ਸੀ। ਰਸਤੇ ਵਿੱਚ ਇਕ ਛੋਟੀ ਜਿਹੀ ਨਦੀ ਪੈਂਦੀ ਸੀ। ਨਦੀ ਭਾਵੇਂ ਛੋਟੀ ਸੀ ਪਰ ਬਰਸਾਤ ਕਾਰਨ ਪਾਣੀ ਦਾ ਵਹਾਅ ਤੇਜ਼ ਸੀ। ਨਦੀ ਪਾਰ ਕਰਦੇ ਸਮੇਂ ‘ਪਿਤਾ’ ਨੇ ਆਪਣੀ ਸੱਤ-ਸਾਲਾ ਧੀਅ ਦੇ ਭੈਅ-ਭੀਤ ਚਿਹਰੇ ਵਲ ਤੱਕ ਕੇ ਕਿਹਾ, ਬੇਟੀ ! ਡਰਨਾ ਨਹੀਂ। ਬਸ ! ਤੂੰ ਮੇਰਾ ਹੱਥ ਘੁੱਟ ਕੇ ਫੜ ਰੱਖਣਾ। ਪਿਤਾ ਦੀ ਗੱਲ ਸੁਣ ਕੇ ਚਿੰਤਤ ਬੱਚੀ ਬੋਲੀ ‘ਨਹੀਂ ਬਾਪੂ ! ਮੈਂ ਨਹੀਂ ਬਲਕਿ ਤੁਸੀਂ ਹੀ ਮੇਰਾ ਹੱਥ ਫੜ੍ਹ ਲਓ।’ ਬੱਚੀ ਵੱਲ ਬੜੀ ਹੈਰਾਨੀ ਨਾਲ ਤੱਕ ਕੇ ਪਿਤਾ ਨੇ ਮੁਸਕਰਾਂਦਿਆਂ ਪੁੱਛਿਆ ਕਿ ਦੱਸ ‘ਭਲਾਂ, ਇਸ ਵਿਚ ਕੀ ਫ਼ਰਕ ਹੈ ? ਹੱਥ ਈ ਫੜਨਾ ਚਾਹੇ ਤੂੰ ਮੇਰਾ ਫੜ ਲਿਆ ਜਾਂ ਮੈਂ ਤੇਰਾ ?’ ਅੱਗੋਂ ਬੱਚੀ ਤਪਾਕ ਨਾਲ ਬੋਲੀ, ‘ਬਾਪੂ ! ਜੇ ਅਚਾਨਕ ਕੁੱਛ ਹੋ ਗਿਆ ਤਾਂ ਹੋ ਸਕਦਾ ਹੈ ਕਿ ਸ਼ਾਇਦ ਮੈਥੋਂ, ਤੁਹਾਡਾ ਹੱਥ ਛੁੱਟ ਜਾਵੇ ਪਰ ਜੇਕਰ ਤੁਸੀਂ ਮੇਰਾ ਹੱਥ ਫੜਿਆ ਹੋਵੇਗਾ ਤਾਂ ਭਾਵੇਂ ਕੁੱਛ ਵੀ ਹੋ ਜਾਏ ਤੁਸੀਂ ਕਦੇ ਵੀ ਮੇਰਾ ਹੱਥ ਨਹੀਂ ਛੱਡੋਗੇ  !’ ਹੁਣ ਕਹਿਣ ਨੂੰ ਤਾਂ ਇਹ ਇਕ ਸਧਾਰਨ ਜਿਹੀ ਉਦਾਹਰਨ ਹੈ ਪਰ ਹਕੀਕਤ ਇਹ ਹੈ ਕਿ ਹਕੀਕਤਨ, ਉਸ ਮਾਸੂਮ ਬੱਚੀ ਦੇ ਭੋਲੇ-ਭਾਲੇ ਦਿਲ ’ਚੋਂ ਨਿਕਲੇ ਸਾਰਥਕ ਸ਼ਬਦ ‘ਪਿਤਾ’ ’ਤੇ ਬਣੇ ‘ਵਿਸ਼ਵਾਸ’ ਦੀ ਦ੍ਰਿੜ੍ਹਤਾ ਨੂੰ ਹੋਰ ‘ਬਲ’ ਪ੍ਰਦਾਨ ਕਰਦੇ ਹਨ।

ਜੇਕਰ ਤੁਸੀਂ ‘ਪਿਤਾ’ ਦਾ ‘ਮਹੱਤਵ’, ਜਾਣਨਾ ਚਾਹੁੰਦੇ ਹੋ ਤਾਂ ਸਿਰਫ਼ ਇਕ ਦਿਨ ਲਈ, ਆਪਣੇ ਰੋਜ਼ਾਨਾ ਦੇ ਸਾਰੇ ਕੰਮ-ਕਾਜ ਆਪਣੇ ਹੱਥ ਦੇ ‘ਅੰਗੂਠੇ’ ਤੋਂ ਬਿਨਾਂ ਕੇਵਲ ਆਪਣੀਆਂ ਉਂਗਲੀਆਂ ਨਾਲ ਕਰਕੇ ਵੇਖੋ ! ਕੁੱਝ ਹੀ ਪਲਾਂ ਵਿੱਚ ਤੁਹਾਨੂੰ ‘ਪਿਤਾ’ ਦੀ ‘ਅਹਿਮੀਅਤ’ ਦਾ ਪਤਾ ਚੱਲ ਜਾਵੇਗਾ  ! ਦੁਨੀਆਂ ਵਿਚ ਕੇਵਲ ‘ਪਿਤਾ’ ਹੀ ਇਕ ਐਸੇ ਹਮਦਰਦ ਤੇ ਫਿਕਰਮੰਦ ਦਿਲ ਦਾ ਮਾਲਕ ਹੁੰਦਾ ਹੈ ਜੋ ਦਿਲੋਂ ਚਾਹੁੰਦਾ ਹੈ ਕਿ ਮੇਰੀ ਔਲਾਦ ਮੇਰੇ ਤੋਂ ਵੀ ਕਈ ਗੁਣਾਂ ਵੱਧ ਕਾਮਯਾਬ ਹੋਵੇ !

ਜੇਕਰ ਕਿਧਰੇ ਸਾਡੇ ਸ਼ਰੀਰ ’ਤੇ ਕੋਈ, ਸੱਟ-ਚੋਟ ਲੱਗ ਜਾਵੇ ਤਾਂ ਸਾਡੇ ਮੂੰਹ ’ਚੋਂ ਆਪ-ਮੁਹਾਰੇ ਹਾਏ ਮਾਂ !  ਸ਼ਬਦ ਨਿਕਲ ਜਾਂਦਾ ਹੈ, ਪਰ ਸੜਕ ਪਾਰ ਕਰਦੇ ਸਮੇਂ ਜੇਕਰ ਅਚਾਨਕ ਕੋਈ ਟਰੱਕ, ਸਾਡੇ ਨਜ਼ਦੀਕ ਆ ਕੇ ਯਕਦਮ, ਬਰੇਕ ਲਗਾ ਦੇਵੇ ਤਾਂ ਸਾਡੇ ਮੂੰਹ ’ਚੋਂ ਝੱਟ ਬਾਪ ਰੇ ! ਸ਼ਬਦ ਨਿਕਲਦਾ ਹੈ। ਐਸਾ ਲੱਗਦਾ ਹੈ ਕਿ ਰੱਬ ਵੱਲੋਂ ਸਾਰੇ, ਛੋਟੇ-ਮੋਟੇ ਸੰਕਟਾਂ ਤੋਂ ਸਾਡੀ ਰੱਖਿਆ ਕਰਨ ਲਈ ਸ਼ਾਇਦ ‘ਮਾਂ’ ਨੂੰ ਹੀ ਬਣਾਇਆ ਗਿਆ ਹੋਵੇ ਪਰ ਵੱਡੇ-ਵੱਡੇ ਸੰਕਟਾਂ ਦਾ ਸਾਮ੍ਹਣਾ ਕਰਦੇ ਸਮੇਂ ਸਾਨੂੰ ਹਮੇਸ਼ਾਂ ‘ਬਾਪੂ’ ਹੀ ਯਾਦ ਆਉਂਦਾ ਹੈ।

ਘਰ ਵਿੱਚ ਦੋ ਵਕਤ ਦਾ ਭੋਜਨ ਜੇਕਰ ‘ਮਾਂ’ ਬਣਾਉਂਦੀ ਹੈ ਤਾਂ ਪਰਿਵਾਰ ਲਈ ਸਾਰਾ-ਸਾਰਾ ਦਿਨ ਘਰੋਂ ਬਾਹਰ ਰਹਿ ਕੇ, ਇੱਧਰ-ਉੱਧਰ ਭਟਕ ਕੇ ‘ਭੋਜਨ’ ਦਾ ਪ੍ਰਬੰਧ ਕਰਨ ਵਾਲੇ ‘ਪਿਤਾ’ ਨੂੰ ਪਤਾ ਨਹੀਂ ਦੁਨੀਆਂ ਕਿਉਂ ਵਿਸਾਰੀ ਬੈਠੀ ਹੈ ? ਜੇਕਰ ‘ਮਾਂ’ ਬੱਚੇ ਨੂੰ, 9 ਮਹੀਨੇ ਆਪਣੇ ਗਰਭ ਵਿੱਚ ਰੱਖਦੀ ਹੈ ਤਾਂ ‘ਪਿਤਾ’ ਵੀ ਉਸੇ ਦਿਨ ਤੋਂ ਉਸ ਬੱਚੇ ਨੂੰ ਆਪਣੇ ‘ਦਿਮਾਗ਼’ ਵਿੱਚ ਬਿਠਾ ਕੇ ਰੱਖਦਾ ਹੈ। ਉਸ ਦੇ ਸੁਨਹਿਰੀ ਭਵਿੱਖ ਲਈ ਸੁਪਨੇ ਸਜਾਉਂਦਾ ਹੈ। ਪੂਰੇ 9 ਮਹੀਨੇ ਨਵੇਂ-ਮਹਿਮਾਨ ਦੇ ਆਉਣ ਦਾ ਇੰਤਜ਼ਾਰ; ਬੜੀ ਬੇਸਬਰੀ ਨਾਲ ਕਰਦਾ ਰਹਿੰਦਾ ਹੈ ਅਤੇ ਉਸ ਦੀ ਸਲਾਮਤੀ ਲਈ ਖ਼ੈਰ ਮੰਗਦਾ ਹੈ। ਦਰਅਸਲ ‘ਮਾਤਾ’ ਅਤੇ ‘ਪਿਤਾ’ ਦੇ ਰੋਲ ਵਿੱਚ ਬੱਸ ! ਫ਼ਰਕ ਸਿਰਫ਼ ਇੰਨਾ ਕੁ ਹੀ ਹੈ ਕਿ ‘ਮਾਂ’ ਦਾ ਰੋਲ, ਸਾਨੂੰ ਜਿਉਂਦੇ-ਜੀਅ ‘ਸਮਝ’ ਵਿੱਚ ਆ ਜਾਂਦਾ ਹੈ ਪਰ ‘ਪਿਤਾ’ ਦਾ ਰੋਲ ਉਸ ਦੇ ਮਰਨ ਤੋਂ ਬਾਅਦ, ਸਾਡੀ ‘ਸਮਝ’ ਵਿੱਚ ਆਉਂਦਾ ਹੈ।

ਪੂਰੀ ਦੁਨੀਆਂ ਲਈ ‘ਪਿਤਾ’ ਇੱਕ ਸਧਾਰਨ ਵਿਅਕਤੀ ਹੋ ਸਕਦਾ ਹੈ ਪਰ ਪਰਿਵਾਰ ਲਈ ਤਾਂ ‘ਪਿਤਾ’ ਪੂਰੀ ‘ਦੁਨੀਆਂ’ ਹੀ ਹੁੰਦੀ ਹੈ। ‘ਪਿਤਾ’ ਪਰਿਵਾਰ ਲਈ ਐਸਾ ‘ਫਰਿਸ਼ਤਾ’ ਹੁੰਦਾ ਹੈ ਜੋ ਪੂਰਾ ਦਿਨ ‘ਭੁੱਖਾ-ਪਿਆਸਾ’ ਰਹਿ ਕੇ, ਮਿਹਨਤ-ਮਜ਼ਦੂਰੀ ਕਰ ਕੇ ਆਪਣੀ ਔਲਾਦ ਦਾ ਪੇਟ ਪਾਲਦਾ ਹੈ ਬਲਕਿ ਪਰਿਵਾਰ ਦੀਆਂ ਸੁੱਖ-ਸਹੂਲਤਾਂ ਲਈ ਖ਼ੁਦ ਆਪਣੀ ਜ਼ਿੰਦਗੀ ਦੇ ਸਾਰੇ ‘ਸੁੱਖ-ਆਰਾਮ’ ਭੁੱਲ ਜਾਂਦਾ ਹੈ। ਆਪਣੀ ਜੁੱਤੀ ਭਾਵੇਂ ਘਸ-ਘਸ ਕੇ ਟੁੱਟ ਹੀ ਕਿਉਂ ਨਾ ਗਈ ਹੋਵੇ ਪਰ ‘ਪੁੱਤ’ ਲਈ ਬਜ਼ਾਰੋਂ ‘ਬਰੈਂਡਡ’ ਬੂਟ ਲਿਆਉਣੇ ਕਦੇ ਨਹੀਂ ਭੁੱਲਦਾ। ‘ਪਿਤਾ’ ਘਰ ਦੇ ਵਿਹੜੇ ’ਚ ਐਸਾ ਘਣਛਾਂਵਾ ਬੂਟਾ ਹੁੰਦਾ ਹੈ ਜਿਸ ਦੀ ਸ਼ੀਤਲ ਛਾਂਅ ਹੇਠ ਸਾਰਾ ਪਰਿਵਾਰ ਆਰਾਮ ਨਾਲ ਸੌਂਦਾ ਹੈ। ਪਸੀਨੇ ’ਚ ਮਾਂ ਡੁੱਬਦੀ ਹੈ, ਧੁੱਪ ’ਚ ਪਿਤਾ ਤਪਦਾ ਹੈ ਤਦ ਜਾ ਕੇ ਕਿਤੇ ਔਲਾਦ ਲਾਡਾਂ-ਪਿਆਰਾਂ ਨਾਲ ਪਲ਼ਦੀ ਹੈ।

ਪਿਤਾ ਗ੍ਰਹਿਸਤੀ ਦੀ ਮਸ਼ੀਨ ਦਾ ਐਸਾ ‘ਪੁਰਜ਼ਾ’ ਹੁੰਦਾ ਹੈ ਜੋ ਦੀਵਾਰ ’ਤੇ ਲਟਕਦੀ ਘੜੀ ਦੀਆਂ ਸੂਈਆਂ ਵਾਂਗ ਚੌਵੀ-ਘੰਟੇ ਚੱਲਦਾ ਰਹਿੰਦਾ ਹੈ। ਮੀਂਹ ਹੋਵੇ ਜਾਂ ਹਨੇਰੀ, ਦਿਨ ਹੋਵੇ ਜਾਂ ਕਾਲੀ-ਰਾਤ ਕਦੇ ਅਟਕਦਾ ਨਹੀਂ ਬੱਸ ! ਚੱਲਦਾ ਹੀ ਜਾਂਦਾ ਹੈ, ਚੱਲਦਾ ਹੀ ਜਾਂਦਾ ਹੈ ਸਿਰਫ਼ ਇਸ ਉਮੀਦ ਨਾਲ ਕਿ ਉਸ ਦੀ ‘ਔਲਾਦ’ ਕਾਮਯਾਬੀ ਦੀ ਪੌੜੀ ’ਤੇ ਬੇਝਿੱਜਕ ਹੋ ਕੇ ਚੜ੍ਹ ਸਕੇ। ‘ਪਿਤਾ’ ਆਪ ਤੰਗੀਆਂ-ਤੁਰਸ਼ੀਆਂ ਝੱਲ ਕੇ ਪਰਿਵਾਰ ਨੂੰ ਸ਼ੀਤਲ-ਛਾਂਅ ਹੇਠ ਬਿਠਾ ਕੇ ਪਾਲ਼ਦਾ ਹੈ। ਬੋਝ ਕਿੰਨਾ ਵੀ ਹੋਵੇ ਪਰ ‘ਬਾਪ’ ਕਦੇ ‘ਉਫ਼’ ਤੱਕ ਨਹੀਂ ਕਰਦਾ ਸੱਚਮੁਚ, ਬੜਾ ਮਜ਼ਬੂਤ ਹੁੰਦਾ ਹੈ: ‘ਬਾਪ ਦਾ ਕੰਧਾ’, ਦੋਸਤੋ !

ਘਰ ਵਿੱਚ ਪਿਤਾ ਘੱਟ ਬੋਲਦਾ ਹੈ, ਗੁੱਸੇ ’ਚ ਵੀ ਆਉਂਦਾ ਹੈ, ਸਖ਼ਤੀ ਵੀ ਦਿਖਾਉਂਦਾ ਹੈ ਤੇ ਕਦੇ-ਕਦੇ  ਡਾਂਟਦਾ ਤੇ ਫਿਟਕਾਰਦਾ ਵੀ ਹੈ ਲੇਕਿਨ ਅਗਲੇ ਹੀ ਪਲਾਂ ਵਿੱਚ ਝੱਟ ‘ਪੁੱਤ’ ਨੂੰ ਛਾਤੀ ਨਾਲ ਲਗਾ ਕੇ, ਪਿਆਰਦਾ ਤੇ ਸੰਭਾਲ਼ਦਾ ਵੀ ਹੈ। ਦਰਅਸਲ ‘ਬਾਪ’ ਦੀ ‘ਡਾਂਟ’ ਦੇ ਪਿੱਛੇ ਉਸ ਦਾ ਅਥਾਹ ਪਿਆਰ ਛੁਪਿਆ ਹੋਇਆ ਹੁੰਦਾ ਹੈ। ‘ਪਿਤਾ’ ਦੀ ਮੌਜੂਦਗੀ ਤਾਂ ਸੂਰਜ ਵਾਂਗ ਹੁੰਦੀ ਹੈ ਸੂਰਜ; ਗਰਮ ਜ਼ਰੂਰ ਹੁੰਦਾ ਹੈ ਪਰ ਜੇਕਰ ਸੂਰਜ ਨਾ ਚੜ੍ਹੇ ਤਾਂ ਚਾਰੇ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਛਾਅ ਜਾਂਦਾ ਹੈ।

ਸੋਨਾ ਕਦੀ ਵੀ ਪੁਰਾਣਾ ਨਹੀਂ ਹੁੰਦਾ ਭਾਵੇਂ ਜਿੰਨੀ ਵਾਰ ਮਰਜ਼ੀ ਕਸਵੱਟੀ ’ਤੇ ਘਸਾ ਕੇ ਪਰਖ ਲਓ ਹਮੇਸ਼ਾਂ ਸੋਲ਼ਾਂ ਆਨੇ ‘ਖਰਾ’ ਉੱਤਰੇਗਾ; ਇਉਂ ਹੀ ਪਿਤਾ ਦੇ ਖ਼ਿਆਲ ਪੁਰਾਣੇ ਹੋ ਸਕਦੇ ਹਨ, ਪਰ ਗ਼ਲਤ ਨਹੀਂ ਹੋਣਗੇ ! ਅਨੁਮਾਨ; ਗ਼ਲਤ ਹੋ ਸਕਦਾ ਹੈ ਪਰ ‘ਅਨੁਭਵ’ ਗ਼ਲਤ ਨਹੀਂ ਹੋਏਗਾ ਕਿਉਂਕਿ ਅਨੁਮਾਨ ਤਾਂ ਸਿਰਫ਼ ‘ਮਨ ਦੀ ਕਲਪਨਾ’ ਹੋ ਸਕਦੀ ਹੈ ਜਦਕਿ ਅਨੁਭਵ; ਜ਼ਿੰਦਗੀ ਦਾ ‘ਨਿਚੋੜ’ ਹੁੰਦਾ ਹੈ। ਆਪਣੀ ਜ਼ਬਾਨ ਦੀ ਤਾਕਤ ਉਸ ਬਾਪ ’ਤੇ ਕਦੇ ਨਾ ਪਰਖੋ, ਜਿਸ ਨੇ ਤੁਹਾਨੂੰ ਬੋਲਣਾ ਸਿਖਾਇਆ ਹੁੰਦਾ ਹੈ।

ਅੱਜ ਦਾ ਪੁੱਤਰ; ਆਪਣੇ ਇਖ਼ਲਾਕੀ ਫ਼ਰਜ਼ਾਂ ਤੋਂ ਮੂੰਹ-ਮੋੜ ਕੇ, ਰੱਬ ਸਮਾਨ ‘ਪਿਤਾ’ ਨਾਲ ਜੋ ਸਲੂਕ ਕਰਦਾ ਪਿਆ ਹੈ ਜ਼ਿੰਦਗੀ ਦੀ ਉਸ ਹਕੀਕਤ ਨੂੰ ਲਫ਼ਜ਼ਾਂ ਦੀ ਮਸੂਮੀਅਤ ਵਿੱਚ ਬਿਆਨ ਕਰਨਾ ਮੇਰੇ ਲਈ ਬੜਾ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਹੈ।  21ਵੀਂ ਸਦੀ ਅੱਜ ਸ਼ਰਮਸਾਰ ਹੈ, ਜਦੋਂ ਕੋਈ ਜਵਾਨ ਪੁੱਤ; ਆਪਣੇ ਬਜ਼ੁਰਗ ਬਾਪ ਨੂੰ ਅੱਖਾਂ ’ਚ ਅੱਖਾਂ ਪਾ ਕੇ ਸਵਾਲ ਪੁੱਛਦਾ ਹੈ ਕਿ ਤੂੰ ਸਾਰੀ ਉਮਰ ਮੇਰੇ ਲਈ ਕੀ ਕੀਤਾ ਹੈ ? ਸੱਚ ਜਾਣਿਓ, ਸੁਣਦਿਆਂ ਸਾਰ ਹੀ ਪਿਤਾ; ਜਿਉਂਦੇ-ਜੀਅ ਮਰ ਜਾਂਦਾ ਹੈ ਅਤੇ ਉਸ ਨੂੰ ਸ਼ਾਇਦ ਧਰਤੀ ਵੀ ਛੁਪਣ ਲਈ ਜਗ੍ਹਾ ਨਹੀਂ ਦਿੰਦੀ। ਉਹ ਸਾਰੀ ਜ਼ਿੰਦਗੀ ਜ਼ਲਾਲਤ ਤੇ ਨਿਰਾਦਰ ਦਾ ਭਾਗੀਦਾਰ ਬਣ ਕੇ ਆਪਣੇ ਹੀ ਪੁੱਤਾਂ ਹੱਥੋਂ ਲੁੱਟਿਆ-ਪੁੱਟਿਆ ਮਹਿਸੂਸ ਕਰਦਾ ਹੈ। ਗੱਲ ਕੀ, ਸਾਰੀ ਦੁਨੀਆਂ ਨੂੰ ਜਿੱਤਣ ਵਾਲਾ ਹਿੰਮਤੀ ਪਿਤਾ ਆਖ਼ਰ, ਆਪਣੀ ਔਲਾਦ ਅੱਗੇ ਹਥਿਆਰ ਸੁੱਟ ਕੇ ਹਾਰ ਜਾਂਦਾ ਹੈ।

ਪਿਤਾ; ਸਾਰੀ ਉਮਰ ਟੁੱਟ-ਟੁੱਟ ਕੇ ਸਿਰਫ਼ ਇਸ ਕਰਕੇ ਮਰਦਾ ਰਹਿੰਦਾ ਹੈ ਕਿ ਬੁਢਾਪੇ ’ਚ ਕੋਈ, ਉਸ ਦੀ ਡੰਗੋਰੀ ਬਣ ਸਕੇ। ਯਕੀਨਨ, ਉਮਰ ਦੇ ਅੰਤਲੇ ਪੜਾਅ ਵਿੱਚ ਉਸ ਨੂੰ ਵੀ ਕਿਸੇ ਨਾ ਕਿਸੇ ਹਮਦਰਦੀ ਦੀ ਲੋੜ ਭਾਸਦੀ ਹੁੰਦੀ ਹੈ। ਜ਼ਿੰਦਗ਼ੀ ’ਚ ਆਉਣ ਵਾਲੀ ਹਰ ਮੁਸੀਬਤ ਦਾ ਬੜੀ ਦਲੇਰੀ ਨਾਲ ਮੁਕਾਬਲਾ ਕਰਨ ਵਾਲੇ ਪਿਤਾ ਦਾ ਦਿਲ, ਕਦੇ ਵੀ ਇੰਨਾ ਕਮਜ਼ੋਰ ਨਹੀਂ ਹੋ ਸਕਦਾ। ਅਸਲ ਵਿੱਚ ਉਹ ਬੁਢਾਪੇ ਤੋਂ ਇਸ ਲਈ ਨਹੀਂ ਡਰਦਾ ਕਿ ਮੌਤ ਉਸ ਦੇ ਕਰੀਬ ਆ ਰਹੀ ਹੁੰਦੀ ਹੈ ਬਲਕਿ ਉਹ ਇਸ ਲਈ ਡਰਦਾ ਹੈ ਕਿ ਬੁਢਾਪੇ ਵਿੱਚ ਉਸ ਦੇ ਆਪਣੇ ਉਸ ਤੋਂ ਦੂਰ-ਦੂਰ ਹੁੰਦੇ ਜਾ ਰਹੇ ਹੁੰਦੇ ਹਨ। ਜੇਕਰ ਰਿਸ਼ਤੇ ਨਾ ਵੀ ਹੋਣ ਤਾਂ ਸ਼ਾਇਦ ਇੰਨੀ ਤਕਲੀਫ ਨਾ ਹੋਵੇ, ਜਿੰਨੀ ਰਿਸ਼ਤਿਆਂ ਦੇ ਹੁੰਦਿਆਂ-ਸੁੰਦਿਆਂ  ਉਨ੍ਹਾਂ ’ਚੋਂ ‘ਅਹਿਸਾਸ’ ਦੇ ਮਰ ਜਾਣ ਦੀ ਹੁੰਦੀ ਹੈ। ‘ਅਰਥੀ’ ਤਾਂ ਸਾਰਿਆਂ ਦੀ ਉੱਠਦੀ ਹੈ ਪਰ ਜੇਕਰ ਕਿਤੇ ਉਸ ਦੀ ‘ਅਰਥੀ’ ਨੂੰ ‘ਪੁੱਤ’ ਆ ਕੇ ਆਪਣਾ ‘ਕੰਧਾ’ ਲਗਾ ਦੇਵੇ ਤਾਂ ਸੱਚ ਜਾਣਿਓ ! ‘ਬਾਪ’ ਲਈ ਉਹ ‘ਮੌਤ’ ਵੀ ‘ਜ਼ਿੰਦਗੀ’ ਤੋਂ ਕਈ ਗੁਣਾਂ ਵੱਧ ‘ਹੁਸੀਨ’ ਹੋ ਜਾਂਦੀ ਹੈ। ਜਿਸ ‘ਪੁੱਤ’ ਨੂੰ ਆਪਣੇ ‘ਜਨਮ-ਦਾਤਿਆਂ’ ਪ੍ਰਤੀ ‘ਕਰਮ’ ਦੀ ਸੋਝੀ ਪੈ ਜਾਵੇ ਉਸ ਲਈ ਫਿਰ ‘ਧਰਮ’ ਨੂੰ ਸਮਝਣਾ ਕਦੇ ਕੋਈ ਕਠਿਨ ਨਹੀਂ ਰਹਿੰਦਾ।

ਏ ਨੌਜਵਾਨ ਪੁੱਤਰੋ ! ਕਦੇ ਵੀ ਆਪਣੀ ‘ਅਮੀਰੀ’ ਦਾ ਰੋਹਬ; ਆਪਣੇ ‘ਬਾਪ’ ਅੱਗੇ ਨਾ ਦਿਖਾਇਓ ਕਿਉਂਕਿ ਉਸ ਨੇ ਤਾਂ ਆਪਣਾ ਸਾਰਾ ਕੁੱਝ ਦਾਅ ’ਤੇ ਲਾ ਕੇ ਤੁਹਾਨੂੰ ਇਸ ਮੁਕਾਮ ’ਤੇ ਪਹੁੰਚਾਇਆ ਹੁੰਦਾ ਹੈ। ਨਾਲੇ ਐਸੀ ਅਮੀਰੀ ਦਾ ਵੀ ਕੀ ਫ਼ਾਇਦਾ ਅਤੇ ਫੋਕੀ ਸ਼ੁਹਰਤ ਦੇ ਵੀ ਲੱਖ-ਲਾਹਨਤ ਜੋ ਆਪਣੇ ਪਿਤਾ ਦੀ ਇੱਜ਼ਤ ਕਰਨਯੋਗ ਹੀ ਪੁੱਤਰ ਨੂੰ ਨਾ ਛੱਡੇ ਬੁਢਾਪੇ ਦੀ ਆਖ਼ਰੀ ਉਮਰ ’ਚ ਬਜ਼ੁਰਗ ਬਾਪ ਦੀ ਸੇਵਾ ਹੀ ਨਾ ਕਰਾ ਸਕੇ। ਇੱਥੇ ਮੈਂ ਇੱਕ ਇੰਨੀ ਕੁ ਗੱਲ ਕਹਿਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਜੇਕਰ ਪੁੱਤ;  ਬੁੱਢੇ ਬਾਪ ਦੀ ਜਿਉਂਦੇ ਜੀਅ, ਸੇਵਾ ਨਾ ਵੀ ਕਰ ਸਕੇ ਤਾਂ ਨਾ ਸਹੀ, ਕੋਈ ਗੱਲ ਨਹੀਂ ਪਰ ਮਰਨ ਤੋਂ ਬਾਅਦ ਤਾਂ ਥੋੜ੍ਹਾ ਵਕਤ ਕੱਢ ਕੇ, ਉਸ ਦੀ ਅਰਥੀ ਨੂੰ ਮੋਢਾ ਦੇਣ ਲਈ ਆ ਹੀ ਜਾਣਾ ਚਾਹੀਦਾ ਹੈ।

ਦਰਅਸਲ ਇਨਸਾਨੀਅਤ ਦੇ ਜਜ਼ਬੇ ਤੋਂ ਬਿਨਾਂ ਇਨਸਾਨ ਹੈਵਾਨ ਹੈ। ‘ਬਾਪ’ ਦੀ ਅੱਖ ਵਿੱਚ ਵਗਦਾ ਹੰਝੂ ਵੇਖ ਕੇ ਜਿਨ੍ਹਾਂ ਪੁੱਤਾਂ ਦਾ ਦਿਲ; ਮੋਮ ਵਾਂਗ ਨਾ ਪਿਘਲ਼ੇ ਉਹ ਪੁੱਤ; ਪੱਥਰ ਦਿਲ ਹੁੰਦੇ ਹਨ। ਬਾਪੂ ਨੂੰ ਦੁਖੀ ਵੇਖ ਕੇ ਜੇਕਰ ‘ਪੁੱਤ’ ਦੇ ਦਿਲ ਵਿੱਚ ਦਰਦ ਦੀ ਚੀਸ ਨਾ ਉੱਠੇ ਤਾਂ ਐਸੇ ਪੁੱਤ ਨੂੰ ਇਨਸਾਨ ਕਹਿਣਾ ਵੀ ਔਖਾ ਲੱਗਦਾ ਹੈ। ਜਿਹੜੇ ਪੁੱਤਾਂ ਨੇ ਬੁਢਾਪੇ ’ਚ ਬਾਪ ਦੀ ਡੰਗੋਰੀ ਬਣਨਾ ਸੀ ਉਹ ਦੌਲਤ ਦੀ ਰੰਗੀਨ ਦੁਨੀਆਂ ਵਿੱਚ ਗੁੰਮ ਹੋ ਗਏ ਹਨ। ਇਹ ਇਕ ਹਕੀਕਤ ਹੈ, ਬਹੁਤ ਵੱਡੀ ਸਚਾਈ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਨਾ ਕਰਨ ਵਾਲੀ ਔਲਾਦ ਦੀ ਮਾਨਸਿਕਤਾ ‘ਬਿਮਾਰ’ ਅਤੇ ‘ਅਪਾਹਜ’ ਹੁੰਦੀ ਹੈ।

ਸਿਆਣਿਆਂ ਦਾ ਕਥਨ ਹੈ ਕਿ ਇਨਸਾਨ ਦੀ ਬਰਬਾਦੀ ਦਾ ਵਕਤ, ਉਦੋਂ ਤੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਤੋਂ ਕਿਸੇ ਸ਼ਖ਼ਸ ਦਾ ‘ਪਿਤਾ’ ਆਪਣੇ ਜਵਾਨ ‘ਪੁੱਤ’ ਦੇ ਗੁੱਸੇ ਤੋਂ ਡਰਦਾ ਮਾਰਾ ਉਸ ਨੂੰ ਆਪਣੀਆਂ ਜ਼ਰੂਰਤਾਂ ਦੱਸਣਾ ਅਤੇ ਨਸੀਹਤਾਂ ਦੇਣੀਆਂ ਬੰਦ ਕਰ ਦੇਵੇ।

ਚੜ੍ਹਦੇ-ਸੂਰਜ ਦੀ ‘ਕਿਰਨ’ ਤਾਂ ਸੁੰਦਰ ਹੁੰਦੀ ਹੀ ਹੈ ਪਰ ਡੁੱਬਦੇ ‘ਸੂਰਜ’ ਦੀ ‘ਲਾਲੀ’ ਵਾਲੀ ਖ਼ੂਬਸੂਰਤੀ ਦਾ ਵੀ ਕੋਈ ਮੁਕਾਬਲਾ ਨਹੀਂ ਹੁੰਦਾ। ਬੁੱਢਾ ‘ਬਾਪ’ ਵੀ, ਡੁੱਬਦੇ ‘ਸੂਰਜ’ ਦੀ ਨਿਆਈਂ ਹੁੰਦਾ ਹੈ। ਬੱਸ ! ਜ਼ਰਾ ਨੀਝ ਲਗਾ ਕੇ ਵੇਖਣ ਦੀ ਲੋੜ ਹੈ। ਐਸੇ ‘ਪੁੱਤ’; ਅਕ੍ਰਿਤਘਣ ਹੁੰਦੇ ਹਨ ਜੋ ਵੱਡੀ ਉਮਰ ਵਿੱਚ ਆਪਣੇ ‘ਬਾਪ’ ਨੂੰ ਛੱਡ ਕੇ ਚਲੇ ਜਾਂਦੇ ਹਨ ਅਤੇ ਅਕ੍ਰਿਤਘਣ ਬੱਚਾ, ਸੱਪ ਦੇ ਡੰਗ ਤੋਂ ਵੀ ਵਧੇਰੇ ਦੁਖਦਾਈ ਹੁੰਦਾ ਹੈ। ਪਰਿਵਾਰ ਵਿੱਚ ਪਿਤਾ ਦੁਆਰਾ ਨਿਭਾਏ ਜਾਂਦੇ ਫ਼ਰਜ਼ ਨੂੰ ਕਦੇ ਭੁੱਲ ਕੇ ਵੀ ਨਜ਼ਰ-ਅੰਦਾਜ਼ ਨਾ ਕਰੋ ਨਹੀਂ ਤਾਂ ਯਾਦ ਰੱਖਣਾ, ਜਦੋਂ ‘ਬਾਪੂ’ ਵਿਛੜ ਜਾਵੇਗਾ ਤਾਂ ਮਖ਼ਮਲ ਦੇ ਬਿਸਤਰ ’ਤੇ ਭੀ ਨੀਂਦ ਨਹੀਂ ਆਵੇਗੀ।