ਬਿਰਹਾ ਮਾਰੂ ਨਾਗ ਖੜੱਪੇ, ਸਾਨੂੰ ਹੀ ਕਿਉਂ ਡੰਗਦੇ ਰਹੇ।

0
366

ਰਾਤ ਰਾਣੀ ਦੇ ਡਲ੍ਹਕਣ ਅੱਥਰੂ, ਦੇਰ ਰਾਤ ਤੱਕ ਕੰਬਦੇ ਰਹੇ।

ਚੁੱਪ ਚੁਪੀਤੇ ਲੋਕ ਬੇਦਰਦੇ, ਕੋਲੋਂ ਦੇਖ ਦੇਖ ਲੰਘਦੇ ਰਹੇ।

ਕਿਸੇ ਕੋਲ ਵੀ ਵਿਹਲ ਨਹੀਂ ਸੀ, ਸੇਜਲ ਅੱਖੀਆਂ ਪੂੰਝਣ ਦੀ,

ਰੱਬ ਜਾਣੇ ਕੀ ਹੋਇਆ ਸਭ ਨੂੰ, ਕਿਹੜੀ ਗੱਲੋਂ ਸੰਗਦੇ ਰਹੇ।

ਸੂਰਜ ਕਿਰਨਾਂ ਅੱਥਰੂ ਪੀ ਲਏ, ਫੁੱਲ ਪਿਆਸੇ ਤਰਸ ਰਹੇ,

ਹਿਜਰਾਂ ਕੁੱਠੇ ਦਰਦ ਪਰਿੰਦੇ, ਨੂਰ ਪਿਆਲਾ ਮੰਗਦੇ ਰਹੇ।

ਨਾ ਪਰਦਾ ਨਾ ਬੁਰਕਾ ਮੂੰਹ ਤੇ, ਹੁਸਨ ਨਕਾਬੋਂ ਬਾਗੀ ਹੈ,

ਗੱਭਰੂ ਤੇ ਮੁਟਿਆਰਾਂ ਕਿਸ ਤੋਂ, ਇਸ਼ਕ ਚੁਆਤੀ ਮੰਗਦੇ ਰਹੇ।

ਇਸ਼ਕ ਤੇਰੇ ਵਿਚ ਡੁੱਬ ਕੇ ਖ਼ੌਰੇ, ਕਿਹੜੀ ਮੰਗ ਸੀ ਕਰ ਬੈਠੇ,

ਬਿਰਹਾ ਮਾਰੂ ਨਾਗ ਖੜੱਪੇ, ਸਾਨੂੰ ਹੀ ਕਿਉਂ ਡੰਗਦੇ ਰਹੇ।

ਬੀਬੀ ਨਵਗੀਤ ਕੌਰ (ਲੁਧਿਆਣਾ)