ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥
ਗਿਆਨੀ ਅਵਤਾਰ ਸਿੰਘ
ਧਰਮ ਦੀ ਚਾਦਰ ‘ਗੁਰੂ ਤੇਗ ਬਹਾਦਰ ਸਾਹਿਬ’, ਜੋ ਨਿਡਰ ਅਤੇ ਸਾਹਸੀ ਜੀਵਨ ਬਤੀਤ ਕਰਦੇ ਹੋਏ ਮਨੁੱਖਤਾ ਲਈ ਆਦਰਸ਼ ਬਣੇ।
ਵਿਚਾਰ ਅਧੀਨ ਸ਼ਬਦ (ਭੈ ਕਾਹੂ ਕਉ ਦੇਤ ਨਹਿ.. ॥) 9ਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਦਾ ਉਚਾਰਿਆ ਹੋਇਆ ਹੈ। ਜਿਸ ਦਾ ਅਰਥ ਹੈ ਕਿ ‘ਨਾ ਕਿਸੇ ਨੂੰ ਡਰ ਦੇਣਾ ਹੈ ਤੇ ਨਾ ਹੀ ਕਿਸੇ ਹੋਰ ਦਾ ਡਰ ਸਹਿਣ ਕਰਨਾ ਹੈ’। ਇਹ ਸ਼ਬਦ ਸੰਨ 1674-75 ’ਚ ਉਨ੍ਹਾਂ ਹਾਲਾਤਾਂ ’ਚ ਉਚਾਰਿਆ ਹੈ, ਜਦ ਔਰੰਗਜ਼ੇਬ; ਕਸ਼ਮੀਰੀ ਪੰਡਿਤਾਂ ਸਣੇ ਪੂਰੇ ਭਾਰਤ ’ਚ ਗ਼ੈਰ ਮੁਸਲਿਮਾਂ ਉੱਤੇ ਜ਼ੁਲਮ ਢਾਹ ਰਿਹਾ ਸੀ ਤੇ ਹਰ ਪਾਸੇ ਡਰ ਦਾ ਮਾਹੌਲ ਸੀ। ਗੁਰੂ ਤੇਗ ਬਹਾਦਰ ਜੀ ਦੇ ਬੋਲਾਂ ’ਚੋਂ ਪ੍ਰਗਟ ਹੋਏ ਨਿਡਰ-ਸਾਹਸ ਦਾ ਗੁਰਬਾਣੀ ਅਤੇ ਇਤਿਹਾਸ ’ਚ ਬੜਾ ਜ਼ਿਕਰ ਮਿਲਦਾ ਹੈ। ਗੁਰੂ ਨਾਨਕ ਸਾਹਿਬ ਨੇ ਭੀ ਬਾਬਰ ਨੂੰ ਜਾਬਰ (ਜ਼ਾਲਮ) ਕਿਹਾ ਹੈ, ਜਦ ਉਸ ਨੇ ਸੰਨ 1521 ’ਚ ਲਹਿੰਦੇ ਪੰਜਾਬ (ਏਮਨਾਬਾਦ/ਸੈਦਪੁਰ) ਉੱਤੇ ਹਮਲਾ ਕੀਤਾ। ਬਾਬਰ ਦਾ ਪੁੱਤਰ ਹਮਾਯੂੰ; ਜਦ ਜੁਲਾਈ 1540 ’ਚ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਕਾਬਲ ਵੱਲ ਭੱਜਦਿਆਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਨੂੰ ਮਿਲਿਆ ਤਾਂ ਗੁਰੂ ਜੀ ਵੱਲੋਂ ਉਸ ਵੱਲ ਵਿਸ਼ੇਸ਼ ਧਿਆਨ ਨਾ ਦੇਣ ਕਾਰਨ ਉਸ ਨੇ ਗੁਰੂ ਸਾਹਿਬ ਉੱਤੇ ਤਲਵਾਰ ਕੱਢ ਲਈ। ਗੁਰੂ ਸਾਹਿਬ ਨੇ ਬੜੇ ਸਾਹਸ ਨਾਲ਼ ਕਿਹਾ ਕਿ ਇਹ ਤਲਵਾਰ ਰਣ-ਭੂਮੀ ’ਚ ਕੱਢਣੀ ਸੀ, ਜਿੱਥੋਂ ਹਾਰ ਕੇ ਭੱਜਿਆ ਹੈਂ। ਰੱਬ ਦੇ ਪਿਆਰਿਆਂ ਅੰਦਰ ਉਪਜਦੇ ਐਸੇ ਸਾਹਸ ਦਾ ਜ਼ਿਕਰ; ਭਗਤ ਬਾਣੀ ਅਤੇ ਸਿੱਖ ਇਤਿਹਾਸ ’ਚ ਭੀ ਮਿਲਦਾ ਹੈ, ਪਰ ਸੰਖੇਪਤਾ ਨੂੰ ਧਿਆਨ ’ਚ ਰੱਖਦਿਆਂ ਬਾਬਰ ਅਤੇ ਔਰੰਗਜ਼ੇਬ ਨਾਲ਼ ਸਬੰਧਿਤ ਘਟਨਾਵਾਂ ਨੂੰ ਹੀ ਸਮਾਨੰਤਰ ਵਿਚਾਰਿਆ ਗਿਆ ਹੈ ਤਾਂ ਜੋ ਧਰਮ ਨਾਲ਼ ਜੀਵਨ ’ਚ ਉਪਜਦੇ ਸਾਹਸ ਅਤੇ ਇਸ ਦੀ ਵਰਤੋਂ ਕਰਨ ਦਾ ਰਾਜ਼ ਸਮਝਿਆ ਜਾ ਸਕੇ।
ਸਵਾਲ : ਗੁਰੂ ਤੇਗ ਬਹਾਦਰ ਸਾਹਿਬ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਭੀ ਅੱਗੇ ਹੋ ਕੇ ਕਿਉਂ ਨਾ ਕਿਹਾ ਕਿ ਪਹਿਲਾਂ ਮੇਰੇ ਉੱਤੇ ਹਮਲਾ ਕਰੋ ਫਿਰ ਏਮਨਾਬਾਦ ਦੇ ਇਨ੍ਹਾਂ ਪਠਾਣਾਂ (ਜਿਨ੍ਹਾਂ ਦਾ ਅਹਿਲਕਾਰ ਖੱਤ੍ਰੀ ਮਲਕ ਭਾਗੋ ਭੀ ਸੀ) ’ਤੇ ਹਮਲਾ ਕਰਨਾ ? ਇਸ ਦਾ ਜਵਾਬ ਗੁਰੂ ਨਾਨਕ ਸਾਹਿਬ ਆਪ ਦਿੰਦੇ ਹਨ, ‘‘ਜੇ ਸਕਤਾ, ਸਕਤੇ ਕਉ ਮਾਰੇ; ਤਾ ਮਨਿ (’ਚ) ਰੋਸੁ ਨ ਹੋਈ ॥੧॥ ਰਹਾਉ ॥’’ (ਮਹਲਾ ੧/੩੬੦) ਭਾਵ ਜੇਕਰ ਇੱਕ ਨਾਸਤਿਕ (‘ਸਕਤਾ’ ਯਾਨੀ ਸ਼ਕਤੀ/ਮਾਇਆ ਦਾ ਪੂਜਾਰੀ/ਰੱਬ ਤੋਂ ਬੇਮੁੱਖ); ਦੂਸਰੇ ਰੱਬ ਤੋਂ ਬੇਮੁਖ (ਪਠਾਣਾਂ) ਨੂੰ ਮਾਰੇ ਤਾਂ ਅਕਾਲ ਪੁਰਖ (ਤੇ ਉਸ ਦੇ ਰੂਪ ‘ਗੁਰੂ’) ਦੇ ਮਨ ’ਚ ਕੋਈ ਚਿੰਤਾ ਨਹੀਂ ਹੁੰਦੀ ਯਾਨੀ ਪ੍ਰਭੂ ਉਸ ਦੀ ਮਦਦ ਨਹੀਂ ਕਰਦਾ ਕਿਉਂਕਿ ਉਹ, ਪ੍ਰਭੂ ਦੀ ਹੋਂਦ ਮੰਨਣ ਤੋਂ ਇਨਕਾਰੀ ਹੁੰਦੇ ਹਨ, ਪਰ ਹਾਂ ਜੋ ਉਸ ਨੂੰ ਯਾਦ ਕਰਦੇ ਹਨ, ਪਰ ਜ਼ਾਲਮ ਦੇ ਸਾਮ੍ਹਣੇ ਲਾਚਾਰ ਹਨ, ਉਨ੍ਹਾਂ ਦੀ ਬਾਂਹ ਫੜਨ ਅਕਾਲ ਪੁਰਖ (ਜਾਂ ਉਸ ਦਾ ਰੂਪ ਗੁਰੂ) ਜ਼ਰੂਰ ਬਹੁੜਦਾ ਹੈ, ‘‘ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ ॥’’ (ਮਹਲਾ ੧/੩੬੦) ਭਾਵ ਜੇਕਰ ਕੋਈ ਜ਼ਾਲਮ-ਸ਼ੇਰ; ਗਾਈਆਂ ਦੇ ਵੱਗ (ਬੇਵੱਸਾਂ) ਨੂੰ ਮਾਰਨ ਪੈ ਜਾਵੇ ਤਾਂ ਮਾਲਕ; ਪੁੱਛ-ਪੜਤਾਲ ਕਰਦਾ ਹੈ ਯਾਨੀ ਸਜ਼ਾ ਦਿੰਦਾ ਹੈ। ਇਸੇ ਕਾਰਨ ਗੁਰੂ ਤੇਗ ਬਹਾਦਰ ਜੀ ਲਾਚਾਰ (ਕਸ਼ਮੀਰੀ ਬ੍ਰਾਹਮਣਾਂ) ਦੀ ਬਾਂਹ ਫੜਨ ਲਈ ਅੱਗੇ ਆਏ ਅਤੇ ਗੁਰੂ ਨਾਨਕ ਸਾਹਿਬ ਜੀ; ਬਾਬਰ ਦੇ ਅਹਿਲਕਾਰਾਂ ਦੁਆਰਾ ਬਣਾਏ ਕੈਦੀਆਂ ’ਚ ਖ਼ੁਦ ਸ਼ਾਮਲ ਹੋਏ ਤਾਂ ਕਿ ਬਾਬਰ ਕੋਲ਼ ਪਹੁੰਚ ਕੇ ਆਮ ਜਨਤਾ ਉੱਤੇ ਕੀਤੇ ਉਸ ਦੇ ਤਸ਼ੱਦਦ ਦਾ ਅਹਿਸਾਸ ਕਰਾਇਆ ਜਾ ਸਕੇ, ਸਾਮ੍ਹਣੇ ਖੜ੍ਹ ਕੇ ਉਸ ਨੂੰ ਜਾਬਰ ਕਿਹਾ ਜਾਵੇ ਤੇ ਨਿਰਦੋਸ਼ਾਂ ਨੂੰ ਰਿਹਾਅ ਕਰਾਇਆ ਜਾਵੇ। ਅਨੇਕਾਂ ਕੈਦੀਆਂ ਨੂੰ ਬਾਬਰ ਦੀ ਕੈਦ ’ਚੋਂ ਰਿਹਾਅ ਕਰਵਾਉਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਉਚਾਰੇ ਹਨ, ‘‘ਮੁਗਲ ਪਠਾਣਾ ਭਈ ਲੜਾਈ; ਰਣ ਮਹਿ ਤੇਗ ਵਗਾਈ ॥ ਓਨ੍ਹੀ ਤੁਪਕ ਤਾਣਿ ਚਲਾਈ; ਓਨ੍ਹੀ ਹਸਤਿ ਚਿੜਾਈ ॥ ਜਿਨ੍ਹ ਕੀ ਚੀਰੀ ਦਰਗਹ ਪਾਟੀ; ਤਿਨ੍ਹਾ ਮਰਣਾ ਭਾਈ ॥੫॥ ਇਕਿ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥ ਇਕਨ੍ਹਾ ਪੇਰਣ ਸਿਰ ਖੁਰ ਪਾਟੇ; ਇਕਨ੍ਹਾ ਵਾਸੁ ਮਸਾਣੀ ॥ ਜਿਨ੍ਹ ਕੇ ਬੰਕੇ ਘਰੀ ਨ ਆਇਆ; ਤਿਨ੍ ਕਿਉ ਰੈਣਿ ਵਿਹਾਣੀ ? ॥੬॥’’ (ਮਹਲਾ ੧/੪੧੮) ਭਾਵ ਜਦ ਬਾਬਰ (ਮੁਗ਼ਲ) ਅਤੇ ਪਠਾਣਾਂ ਦੀ ਲੜਾਈ ਹੋਈ ਤਾਂ ਯੁੱਧ-ਭੂਮੀ ’ਚ ਖ਼ੂਬ ਤਲਵਾਰਾਂ ਚੱਲੀਆਂ। ਉਨ੍ਹਾਂ (ਮੁਗ਼ਲਾਂ) ਨੇ ਬੰਦੂਕਾਂ ਦੇ ਨਿਸ਼ਾਨੇ ਵਿੰਨ੍ਹ-ਵਿੰਨ੍ਹ ਕੇ (ਪਠਾਣਾਂ ’ਤੇ) ਮਾਰੇ ਤੇ ਉਨ੍ਹਾਂ (ਪਠਾਣਾਂ) ਨੇ ਹਾਥੀਆਂ ਨੂੰ ਕ੍ਰੋਧਿਤ (ਸ਼ਰਾਬ ਆਦਿ ਪਿਲਾ ਕੇ) ਅੱਗੇ ਕੀਤਾ। ਰੱਬ ਵੱਲੋਂ ਜਿਨ੍ਹਾਂ ਦਾ ਦਾਣਾ-ਪਾਣੀ ਖ਼ਤਮ ਸੀ, ਉਨ੍ਹਾਂ ਨੇ ਮਰਨਾ ਹੀ ਹੁੰਦਾ ਹੈ।੬। ਕਈ ਹਿੰਦੂ ਔਰਤਾਂ, ਮੁਸਲਮਾਨ ਔਰਤਾਂ, ਭੱਟ ਤੇ ਠਾਕੁਰ ਰਾਜਪੂਤ ਔਰਤਾਂ ਦੇ ਪਹਿਨੇ ਹੋਏ ਬੁਰਕੇ ਫਟ ਗਏ ਤੇ ਕਈ ਮਸਾਣਾਂ ’ਚ ਜਾ ਸਮਾਈਆਂ ਯਾਨੀ ਮਰ ਗਈਆਂ। (ਬੰਦੀ ਬਣਾਈਆਂ ਜੋ ਔਰਤਾਂ ਰਿਹਾਅ ਕਰਾ ਭੀ ਲਈਆਂ, ਉਹ ਵਿਚਾਰੀਆਂ ਲਾਚਾਰ ਭੀ ਕੀ ਕਰਨ ਕਿਉਂਕਿ) ਉਨ੍ਹਾਂ ਦੇ ਪਤੀ ਮਰ ਗਏ ਸਨ, ਘਰ ਵਾਪਸ ਨਾ ਆ ਸਕੇ। ਉਨ੍ਹਾਂ ਦੀ ਰਾਤ ਕੈਸੀ ਦੁਖਦਾਈ ਬੀਤੀ ਹੋਵੇਗੀ ?।੬।
ਐਸੀਆਂ ਲੜਾਈਆਂ ਦਾ ਕਾਰਨ ਮਾਇਆ ਹੁੰਦੀ ਹੈ, ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ (ਮਹਲਾ ੧/੪੧੮) ਭਾਵ (ਪ੍ਰਭੂ ਤੋਂ ਬੇਮੁਖ ਕਰਨ ਵਾਲ਼ੀ) ਇਸ ਧਨ-ਮਾਇਆ ਕਾਰਨ ਹੀ ਲੁਕਾਈ ਦੁਖੀ ਹੁੰਦੀ ਹੈ ਕਿਉਂਕਿ ਮਾਇਆ ਨੇ ਖ਼ੱਜਲ਼-ਖ਼ੁਆਰ ਕਰਨਾ ਹੁੰਦਾ ਹੈ, ਯੁੱਧ ਕਰਵਾਉਣੇ ਹੁੰਦੇ ਹਨ। ਇਹ, ਪਾਪ-ਕਰਮਾਂ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ ਤੇ ਅੰਤ ਨੂੰ ਇਹ, ਕਿਸੇ ਦੀ ਮਦਦ ਭੀ ਨਹੀਂ ਕਰਦੀ ਯਾਨੀ ਅੰਤ ਨੂੰ ਬੰਦੇ ਦੇ ਨਾਲ਼ ਕੀਤੇ ਪਾਪ ਜਾਂਦੇ ਹਨ, ਮਾਇਆ ਨਹੀਂ।
ਕੁਦਰਤ ’ਚ ਵਾਪਰੀ ਇਸ ਅਟੱਲ ਸਚਾਈ ਨੂੰ ਹੀ ਆਪ ਨੇ ‘ਖਸਮ ਕੀ ਬਾਣੀ’ ਕਿਹਾ ਹੈ, ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ (ਕਰੀਂ) ਗਿਆਨੁ, ਵੇ ਲਾਲੋ ! ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ (ਜੋਰੀਂ) ਮੰਗੈ ਦਾਨੁ ਵੇ ਲਾਲੋ !॥ ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ ! ॥’’ (ਮਹਲਾ ੧/੭੨੩) ਭਾਵ ਹੇ ਭਾਈ ਲਾਲੋ ਜੀ ! ਕੁਦਰਤ ਅੰਦਰ ਜੋ ਖਸਮ ਦਾ ਵਿਧਾਨ ਹੈ, ਮੈ ਉਹੀ ਸਚਾਈ ਬਿਆਨ ਕਰਦਾ ਹਾਂ। ਕਾਬਲ (ਅਫ਼ਗਾਨਿਸਤਾਨ) ਤੋਂ ਬਾਬਰ; ਪਾਪ-ਕਰਮ ਦੀ ਬਰਾਤ ਲੈ ਕੇ (ਹਿੰਦੋਸਤਾਨ ਨੂੰ) ਧੱਕੇ ਨਾਲ਼ ਵਿਆਹੁਣ ਆ ਰਿਹਾ ਹੈ ਕਿਉਂਕਿ ਇੱਥੇ ਲੋਕਾਂ ਅੰਦਰ ਇਖ਼ਲਾਕ ਤੇ ਧਰਮ ਪ੍ਰਤੀ ਰੁਚੀ ਨਹੀਂ ਰਹੀ। ਚਾਰੋਂ ਤਰਫ਼ ਝੂਠ-ਮਾਇਆ ਦਾ ਹੀ ਵਤੀਰਾ ਹੈ।
ਸੋ ਪ੍ਰਭੂ ਤੋਂ ਮਦਦ/ਬਖ਼ਸ਼ਸ਼ ਲੈਣ ਲਈ ਉਸ ਨੂੰ ਯਾਦ ਕਰਨਾ ਅਤਿ ਜ਼ਰੂਰੀ ਹੈ। ਗੁਰੂ ਨਾਨਕ ਸਾਹਿਬ; ਇਸ ਕਤਲੇਆਮ ਸਮੇਂ ਭੀ ਉਸ ਨੂੰ ਚੇਤੇ ਰੱਖਦੇ ਹਨ, ‘‘ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸਪੁਰੀ ਵਿਚਿ ਆਖੁ ਮਸੋਲਾ ॥’’ (ਮਹਲਾ ੧/੭੨੩) ‘ਮਾਸਪੁਰੀ’ ਤੋਂ ਭਾਵ ਹੈ ਜਿੱਥੇ ਏਮਨਾਬਾਦ ’ਚ ਚਾਰੋਂ ਤਰਫ਼ ਮਾਸ ਹੀ ਮਾਸ ਖਿਲਰਿਆ ਪਿਆ ਹੈ ਯਾਨੀ ਬਾਬਰ ਦੇ ਹਮਲੇ ਨਾਲ਼ ਲੋਥਾਂ ਦੇ ਢੇਰ ਲੱਗ ਗਏ ਹਨ।
ਇਸੇ ਸ਼ਬਦ ’ਚ ਗੁਰੂ ਨਾਨਕ ਸਾਹਿਬ; ਇਹ ਭੀ ਫ਼ੁਰਮਾ ਰਹੇ ਹਨ, ‘‘ਆਪੈ ਦੋਸੁ ਨ ਦੇਈ ਕਰਤਾ; ਜਮੁ ਕਰਿ ਮੁਗਲੁ ਚੜਾਇਆ ॥’’ (ਮਹਲਾ ੧/੩੬੦) ਯਾਨੀ (ਪਠਾਣਾਂ ਨੂੰ ਮਿਲੀ ਸਜ਼ਾ ਦਾ) ਜ਼ਿੰਮਾ ਕਰਤਾਰ ਆਪਣੇ ਆਪ ’ਤੇ ਨਹੀਂ ਲੈਂਦਾ ਭਾਵੇਂ ਕਿ ਉਸ ਨੇ ਖ਼ੁਦ ਹੀ ਜਮਰਾਜ ਬਣਾ ਕੇ ਮੁਗ਼ਲ (ਬਾਬਰ) ਨੂੰ ਏਮਨਾਬਾਦ ਭੇਜਿਆ ਹੈ।
ਸੋ ਜਦ ਸਾਰੇ ਦੁੱਖ-ਸੁੱਖ ਉਹ ਮਾਲਕ ਆਪ ਦਿੰਦਾ ਹੈ ਤਾਂ ਉਸੇ ਕੋਲ਼ ਫ਼ਰਿਆਦ/ਅਰਦਾਸ ਕਰਨੀ ਬਣਦੀ ਹੈ। ਉਸੇ ਦਾ ਸਿਮਰਨ ਕਰਨਾ ਹੈ ਵਰਨਾ ਦੁੱਖ-ਭੁਖ ਆਪਣੇ ਕੀਤੇ ਕਰਮਾਂ ਦੇ ਫਲ਼ ਵਜੋਂ ਭੁਗਤਣੇ ਹੀ ਪੈਣੇ ਹਨ, ‘‘ਲੇਖੁ ਨ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ) ॥’’ (ਓਅੰਕਾਰ/ਮਹਲਾ ੧/੯੩੭)
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਰੱਬ ’ਚ ਅਭੇਦ (ਭਗਤ, ਗੁਰੂ) ਕਿਉਂ ਸਰੀਰਕ ਕਸ਼ਟ ਸਹਾਰਦੇ ਹਨ। ਉਨ੍ਹਾਂ ਨੂੰ ਕਿਉਂ ਬੰਦੀ ਹੋਣਾ ਪਿਆ ਯਾਨੀ ਉਨ੍ਹਾਂ ਦੇ ਤਾਂ ਮਾੜੇ-ਕਰਮ ਨਹੀਂ ਬਚੇ ਸਨ। ਉਨ੍ਹਾਂ ਨੂੰ ਤੱਤੀ ਤਵੀ ’ਤੇ ਬੈਠਣਾ ਪਿਆ। ਚਾਂਦਨੀ ਚੌਕ (ਦਿੱਲੀ) ’ਚ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਅਸਹਿ ਤਸੀਹੇ ਦਿੱਤੇ। ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਿਉਂ ਹੋਣਾ ਪਿਆ, ਆਦਿ ?
ਕੁਦਰਤ ਦਾ ਵਿਧੀ-ਵਿਧਾਨ (ਜਾਂ ਪ੍ਰਭੂ ਦਾ ਹੁਕਮ) ਦੋ ਭਿੰਨ-ਭਿੰਨ ਆਪਾ ਵਿਰੋਧੀ ਸ਼ਕਤੀਆਂ ਦਾ ਸੁਮੇਲ ਹੈ। ਇਸ ਵਿਧਾਨ; ਬ੍ਰਹਿਮੰਡ ਦੇ ਆਦਿ ਤੋਂ ਅੰਤ (ਕਿਆਮਤ) ਤੱਕ ਕਾਇਮ ਰਹੇਗਾ ਕਿਉਂਕਿ ਇਸ ਸਵੈ ਵਿਰੋਧੀ ਵਿਧਾਨ ਤੋਂ ਹੀ ਇਸ ਦੇ ਪਿੱਛੇ ਇੱਕ ਤੀਜੀ ਗੁਪਤ ਸ਼ਕਤੀ ਦੀ ਹੋਂਦ ਪ੍ਰਗਟ ਹੁੰਦੀ ਹੈ। ਜੇਕਰ ਸ਼ੇਰ ਅਤੇ ਬੱਕਰੀ; ਦੋਵੇਂ ਇੱਕ ਜਗ੍ਹਾ ਬੈਠੇ ਹਨ ਤਾਂ ਜ਼ਰੂਰ ਕੋਈ ਤੀਜੀ ਸ਼ਕਤੀ; ਇਨ੍ਹਾਂ ਦੀ ਰਾਖੀ ਕਰਦੀ ਪਈ ਹੈ।
ਕੁਦਰਤ ’ਚ ਪਾਣੀ ਦਾ ਵਿਧਾਨ ਹੈ ਕਿ ਆਪਣੇ ਤੋਂ ਭਾਰੀ ਵਸਤੂ ਨੂੰ ਆਪਣੇ ’ਚ ਡੋਬ ਲੈਣਾ। ਇੱਕ ਬਾਲ਼ਟੀ ’ਚ 25 ਲੀਟਰ ਪਾਣੀ ਪੈ ਸਕਦਾ ਹੈ, ਪਰ ਜੇ ਉਸ ਵਿੱਚ ਲੋਹਾ, ਮਿੱਟੀ, ਤਾਂਬਾ, ਆਦਿ ਸੁੱਕੀ ਵਸਤੂ ਪਾਈਏ ਤਾਂ ਉਸ ਦਾ ਭਾਰ 50 ਤੋਂ 100 ਕਿਲੋ ਹੋ ਜਾਏਗਾ; ਫਿਰ ਕੀ ਕਾਰਨ ਹੈ ਕਿ ਐਨੀ ਭਾਰੀ ਸੁੱਕੀ ਧਰਤੀ ਨੂੰ ਇਸ ਦੇ ਚਾਰੋਂ ਤਰਫ਼ ਭਰਿਆ 71% ਪਾਣੀ ਨਹੀਂ ਡੋਬ ਰਿਹਾ। ਪਾਣੀ ਆਪਣੇ ਵਿਧਾਨ ਦਾ ਪਾਲ਼ਨ ਕਰਦਾ ਹੈ। ਸਮੁੰਦਰ ’ਚ ਕੋਈ ਵਸਤੂ ਡਿੱਗੇ ਤਾਂ ਸਮੁੰਦਰ ਉਸ ਨੂੰ ਆਪਣੇ ’ਚ ਸਮਾਅ ਲਏਗਾ, ਪਰ ਐਨੀ ਵਜ਼ਨਦਾਰ ਧਰਤੀ ਨੂੰ ਕਿਉਂ ਨਹੀਂ ਸਮਾਉਂਦਾ ?
ਅੱਗ ਦਾ ਵਿਧਾਨ ਹੈ ‘ਜਲਾਉਣਾ’। ਹਰ ਵਸਤੂ ਨੂੰ ਭਸਮ/ਰਾਖ ਕਰ ਦੇਣਾ। ਸਮੁੱਚੀ ਕੁਦਰਤ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਦੇ ਸੁਮੇਲ ਨਾਲ਼ ਬਣੀ ਹੈ, ‘‘ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ ? ॥’’ (ਮਹਲਾ ੪/੭੩੬) ਭਾਵ ਜੇ ਕੋਈ ਬੰਦਾ ਕੁੱਝ ਕਰਨਯੋਗ ਹੈ ਤਾਂ ਛੇਵਾਂ ਤੱਤ ਬਣਾ ਕੇ ਵਿਖਾਵੇ ? (ਧਿਆਨ ਰਹੇ ਕਿ ਅੱਜ ਤੱਤਾਂ ਦੀ ਗਿਣਤੀ ਭਾਵੇਂ 118 ਤੱਕ ਭੀ ਮੰਨੀ ਗਈ, ਪਰ ਇਹ ਸਭ ਤੱਤ; ਪੰਜ ਤੱਤਾਂ ਦਾ ਹੀ ਵਿਸਥਾਰ ਹਨ; ਜਿਵੇਂ ਹਵਾ ਤੋਂ ਆਕਸੀਜਨ, ਹਾਈਡ੍ਰੋਜਨ, ਆਦਿ ਤੱਤ ਬਣੇ ਤੇ ਧਰਤੀ ਤੋਂ ਲੋਹਾ, ਤਾਂਬਾ, ਆਦਿ) ਸੋ ਹਰ ਲੱਕੜੀ ’ਚ ਅੱਗ ਹੈ, ਪਰ ਉਸ ਨੂੰ ਜਲਾਉਂਦੀ ਨਹੀਂ। ਆਖ਼ਿਰ ਕਿਉਂ ? ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ, ‘‘ੲੰੀਧਨ ਤੇ ਬੈਸੰਤਰੁ ਭਾਗੈ ॥ ਮਾਟੀ ਕਉ ਜਲੁ ਦਹ ਦਿਸ ਤਿਆਗੈ ॥’’ (ਮਹਲਾ ੫/੯੦੦) ਯਾਨੀ ਲੱਕੜੀ ਤੋਂ ਅੱਗ ਭੱਜਦੀ ਹੈ, ਉਸ ਨੂੰ ਜਲਾਉਂਦੀ ਨਹੀਂ। ਮਿੱਟੀ (ਧਰਤੀ) ਨੂੰ ਪਾਣੀ 10 ਦਿਸਾਵਾਂ ਪਾਸਿਓਂ ਤਿਆਗ ਰਿਹਾ ਹੈ। 10 ਦਿਸਾਵਾਂ ਹਨ ‘ਪੂਰਵ, ਪੱਛਮ, ਉੱਤਰ, ਦੱਖਣ, ਪੂਰਵ-ਉੱਤਰ, ਉੱਤਰ-ਪੱਛਮ, ਪੱਛਮ-ਦੱਖਣ, ਦੱਖਣ-ਪੂਰਵ, ਹੇਠਾਂ ਅਤੇ ਉੱਪਰ’ ਯਾਨੀ ਧਰਤੀ ਦੇ ਦਸੇ ਦਿਸਾਵਾਂ ’ਚ ਪਾਣੀ ਹੈ, ਪਰ ਧਰਤੀ ਨੂੰ ਡੋਬ ਨਹੀਂ ਰਿਹਾ।
ਉਕਤ ਸ਼ਬਦ ਦੇ ਅੰਤ ’ਚ ਕਿਹਾ ਹੈ, ‘‘ਬ੍ਰਹਮ ਬੀਚਾਰੁ ਬੀਚਾਰੇ ਕੋਇ ॥ ਨਾਨਕ ! ਤਾ ਕੀ ਪਰਮ ਗਤਿ ਹੋਇ ॥੪॥’’ (ਮਹਲਾ ੫/੯੦੦) ਭਾਵ ਬ੍ਰਹਮ ਦੀ ਇਹ ਵਿਚਾਰ, ਕੋਈ ਵਿਰਲਾ ਹੀ ਕਰਦਾ ਹੈ। ਜੋ ਕਰਦਾ ਹੈ, ਉਹ ਸਰਬੋਤਮ ਅਵਸਥਾ ਪਾ ਲੈਂਦਾ ਹੈ ਯਾਨੀ ਉਸ ਦਾ ਨਿਵਾਸ ਸਚਖੰਡ ’ਚ, ਬੇਗ਼ਮਪੁਰੇ ’ਚ, ਦਸਮੇਂ ਦੁਆਰ ’ਚ, ਤੁਰੀਆ ਅਵਸਥਾ ਵਿੱਚ ਹੋ ਜਾਂਦਾ ਹੈ।
ਅਕਾਸ਼ ਗੰਗਾ (ਪੁਲਾੜ) ’ਚ 71% ਡਾਰਕ ਐਨਰਜੀ ਹੈ, ਜੋ 5% ਤਾਰਿਆਂ ਨੂੰ ਰੌਸ਼ਨੀ ਦੀ ਗਤੀ (3 ਲੱਖ ਕਿਲੋਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਨੂੰ ਧੱਕ ਰਹੀ ਹੈ। ਹੁਣ ਸਵਾਲ ਪੈਦਾ ਹੋਏਗਾ ਕਿ ਫਿਰ ਧਰਤੀ ਤੋਂ ਚੰਦ ਦੀ ਦੂਰੀ, ਜੋ ਕਿ 3, 84, 400 ਕਿਲੋਮੀਟਰ ਹੈ, ਹੋਰ ਕਿਉਂ ਨਹੀਂ ਵਧ ਰਹੀ ਜਾਂ ਧਰਤੀ ਤੋਂ ਸੂਰਜ ਦੀ ਦੂਰੀ, ਜੋ ਤਕਰੀਬਨ 15 ਕਰੋੜ ਕਿਲੋਮੀਟਰ (14, 95, 97, 870) ਹੈ, ਇਹ ਹੋਰ ਕਿਉਂ ਨਹੀਂ ਵਧਦੀ। ਇਸ ਦਾ ਜਵਾਬ ਹੈ ਕਿ ਪੁਲਾੜ ’ਚ ਕਰਤਾਰ ਨੇ ਡਾਰਕ ਐਨਰਜੀ ਦੀ ਗਤੀ ਦੇ ਬਿਲਕੁਲ ਉਲ਼ਟ 24% ਡਾਰਕ ਮੈਟਰ ਭੀ ਰੱਖਿਆ ਹੈ, ਜੋ 5% ਤਾਰਿਆਂ ਨੂੰ ਅੰਦਰ ਆਪਣੇ ਧੁਰੇ (ਬਲੈਕ ਹੋਲ) ਵੱਲ ਖਿੱਚ ਰਿਹਾ ਹੈ। ਇਸ ਆਪਸੀ ਤਣਾਅ ਦੇ ਰਾਜ਼ ਤੋਂ ਜਾਣੂ ਭਗਤ ਕਬੀਰ ਜੀ; ਧਰਤੀ ਨੂੰ ਬਲ਼ਦ ਚੁੱਕੀ ਖੜ੍ਹਾ ਹੈ, ਦਾ ਝੂਠਾ ਪ੍ਰਚਾਰ ਕਰਨ ਵਾਲ਼ੇ ਪੰਡਿਤ ਤੋਂ ਪੁੱਛ ਰਹੇ ਹਨ, ‘‘ਓਇ ਜੁ ਦੀਸਹਿ; ਅੰਬਰਿ (’ਚ) ਤਾਰੇ ॥ ਕਿਨਿ ਓਇ ਚੀਤੇ ? ਚੀਤਨਹਾਰੇ ॥੧॥ ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ ॥ ਬੂਝੈ ਬੂਝਨਹਾਰੁ ਸਭਾਗਾ ॥੧॥ ਰਹਾਉ ॥’’ (ਭਗਤ ਕਬੀਰ/੩੨੯) ਭਾਵ ਹੇ ਪੰਡਿਤ ! (ਜੇਕਰ ਧਰਤੀ ਨੂੰ ਬਲ਼ਦ ਨੇ ਚੁੱਕ ਰੱਖਿਆ ਹੈ ਤਾਂ) ਉਹ ਅਕਾਸ਼ ’ਚ ਜੋ ਤਾਰੇ ਹਨ; ਉਹ ਕਿਸ ਨੇ ਬਣਾਏ ਤੇ ਕਿਵੇਂ ਟਿਕੇ ਹੋਏ ਹਨ ? ਕਬੀਰ ਜੀ ਖ਼ੁਦ ਜਵਾਬ ਦਿੰਦੇ ਹਨ ਕਿ ਚੰਗੇ ਭਾਗਾਂ ਵਾਲ਼ਾ (ਵਿਰਲਾ ਹੀ) ਇਹ ਰਾਜ਼ ਜਾਣ ਸਕਦਾ ਹੈ। ਸ਼ਬਦ ਦੇ ਅੰਤ ’ਚ ਫਿਰ ਦੁਹਰਾਇਆ ਹੈ, ‘‘ਕਹੁ ਕਬੀਰ ! ਜਾਨੈਗਾ ਸੋਇ ॥ ਹਿਰਦੈ ਰਾਮੁ; ਮੁਖਿ (’ਚ) ਰਾਮੈ ਹੋਇ ॥੩॥’’ (ਭਗਤ ਕਬੀਰ/੩੨੯) ਭਾਵ ਜਿਸ ਦੇ ਹਿਰਦੇ ’ਚ ਤੇ ਮੂੰਹ ’ਚ ਰਾਮ-ਰਾਮ ਦਾ ਸਿਮਰਨ ਹੈ, ਉਹੀ ਇਹ ਭੇਤ ਜਾਣਦਾ ਹੈ, ਸਾਕਤ/ਨਾਸਤਿਕ/ਅਸ਼ਰਧਕ ਨਹੀਂ।
ਸੰਖੇਪ ’ਚ ਇਹ ਸਵੈ ਵਿਰੋਧੀ ਵਿਧਾਨ; ਇੱਦਾਂ ਭੀ ਸਮਝਿਆ ਜਾ ਸਕਦਾ ਹੈ ਕਿ ਕੁੱਝ ਜੀਵਾਂ ਨੂੰ ਰੌਸ਼ਨੀ ’ਚ ਵਿਖਾਈ ਦਿੰਦਾ ਹੈ ਤੇ ਕੁੱਝ ਨੂੰ ਹਨ੍ਹੇਰੇ ’ਚ। ਕੁੱਝ ਬਨਸਪਤੀ ਸੂਰਜ ਦੀ ਰੌਸ਼ਨੀ ਮਿਲਣ ’ਤੇ ਆਕਸੀਜਨ ਬਣਾਉਂਦੀ ਹੈ, ਪਰ ਕੁੱਝ ਪੇਡ-ਪੌਦੇ ਬਿਨਾਂ ਰੌਸ਼ਨੀ ਤੋਂ ਭੀ ਹਰ ਸਮੇਂ ਆਕਸੀਜਨ ਦਿੰਦੇ ਹਨ। ਸੂਰਜ ਪਰਵਾਰ ’ਚ ਕੇਵਲ ਸ਼ੁਕਰ ਗ੍ਰਹਿ ਹੀ ਘੜੀ ਦੀਆਂ ਸੂਈਆਂ ਵਾਙ ਸਿੱਧਾ ਘੁੰਮਦਾ ਹੈ, ਬਾਕੀ ਇਸ ਵਿਧਾਨ ਦੇ ਉਲ਼ਟ ਘੁੰਮਦੇ ਹਨ। ਚੰਦਨ ਦਾ ਪੌਦਾ ਬਨਸਪਤੀ ਨੂੰ ਸੁਗੰਧਿਤ ਕਰ ਦਿੰਦਾ ਹੈ, ਪਰ ਬਾਂਸ ਨੂੰ ਨਹੀਂ, ‘‘ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ ਨ ਹੋਇ ॥’’ (ਭਗਤ ਕਬੀਰ/੧੩੬੫)
ਗੁਰੂ ਨਾਨਕ ਸਾਹਿਬ ਨੇ ਭੀ ਕੁਦਰਤ ਤੋਂ ਬਲਿਹਾਰ ਹੋਣ ਨੂੰ ਨਹੀਂ ਕਿਹਾ ਬਲਕਿ ਜੋ ਕੁਦਰਤ ਅੰਦਰ ਤੀਜੀ ਸ਼ਕਤੀ ਗੁਪਤ (ਵਿਆਪਕ) ਹੈ, ਉਸ ਤੋਂ ਕੁਰਬਾਨ ਹੋਣਾ ਸਿਖਾਇਆ ਹੈ, ‘‘ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥ (ਮਹਲਾ ੧/੪੬੯), ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ; ਸੁ ਬੰਦਾ ਹੋਇ ॥’’ (ਮਹਲਾ ੧/੮੪) ‘ਕੁਦਰਤਿ ਕਰਿ ਕੈ’ ਤੋਂ ਭਾਵ ਹੈ ‘ਬ੍ਰਹਿਮੰਡ ਰਚ ਕੇ’ [ਇਸ ਅੰਦਰ ਉਹ (ਮਾਲਕ) ਆਪ ਮੌਜੂਦ ਹੈ, ਵੱਸਿਆ ਹੈ, ਉਸ ਤੋਂ ਬਲਿਹਾਰ ਜਾਣਾ ਹੈ]। ਜੋ ਉਸ ਤੋਂ ਸਦਕੇ ਹੁੰਦਾ ਹੈ; ਓਹੀ ਬੰਦਾ ਹੈ, ਸੱਚਾ ਸੇਵਕ ਹੈ (ਬਾਕੀਆਂ ਦਾ ਧਾਰਮਿਕ ਲਿਬਾਸ; ਪਾਖੰਡ ਮਾਤਰ ਹੈ)। ਬੰਦੇ ਦੀ ਅਕਲ ਦਾ ਜਨਾਜ਼ਾ (ਮੌਤ) ਵੇਖੀਏ ਕਿ ਇਹ, ਕੁਦਰਤ ਦੀ ਬਾਹਰੀ ਦਿਖ ਤੋਂ ਮੋਹਿਤ ਹੋਣ ਨੂੰ ਹੀ ਗੁਰਮਤਿ ਅਨੁਸਾਰੀ ‘ਬਲਿਹਾਰ ਹੋਣਾ’ ਸਮਝਦਾ ਹੈ। ਕੁਦਰਤ ਦੇ ਸਵੈ-ਵਿਰੋਧੀ ਨਿਯਮ ਨੂੰ ਹੀ ‘ਰੱਬ’ ਸਮਝ ਬੈਠਾ ਹੈ।
ਜੇ ਇਹ ਮੰਨ ਭੀ ਲਈਏ ਤਾਂ ਮਾਦਾ; ਬੱਚਿਆਂ ਨੂੰ ਜਨਮ ਦਿੰਦੀ ਹੈ, ਪਰ ਇੱਕ ਨਰ ਸਮੁੰਦਰੀ ਘੋੜੇ (Seahorse) ਦੀ ਕੁੱਖੋਂ ਭੀ ਬੱਚੇ ਜਨਮ ਲੈਂਦੇ ਹਨ। ਕਿਹੜੇ ਨਿਯਮ ਨੂੰ ਰੱਬ ਮੰਨੀਏ ? ਕਿਸ ਤੋਂ ਬਲਿਹਾਰ ਜਾਈਏ ? ਰੱਬ; ਦੋ ਆਪਾ-ਵਿਰੋਧੀ ਸ਼ਕਤੀਆਂ ਦਾ ਸ੍ਰੋਤ ਤਾਂ ਹੋ ਸਕਦਾ ਹੈ, ਖ਼ੁਦ ਦੋ ਸਵੈ-ਵਿਰੋਧੀ ਸ਼ਕਤੀਆਂ ਨਹੀਂ। ਚੇਤੇ ਰਹੇ ਕਿ ਧਰਤੀ ਤੋਂ ਡਾਇਨਾਸੌਰ ਵਰਗੇ ਭਾਰੀ ਜੀਵ ਲੁਪਤ ਹੋ ਗਏ, ਪਰ ਇਹ ਇਕਲੌਤਾ ਨਰ-ਜਨਨੀ; ਲੁਪਤ ਨਾ ਹੋਇਆ। ਸਚਾਈ ਇਹ ਹੈ ਕਿ ਕੁਦਰਤ ਦੇ ਇਨ੍ਹਾਂ ਸਵੈ-ਵਿਰੋਧੀ ਨਿਯਮਾਂ ਦੀ ਰਾਹੀਂ ਤੀਸਰੀ ਗੁਪਤ ਸ਼ਕਤੀ (ਰੱਬ) ਦੀ ਹੋਂਦ ਨੂੰ ਸਵੀਕਾਰ ਕੇ ਉਸ ਤੋਂ ਕੁਰਬਾਨ ਹੋਣਾ ਹੈ, ਜਿਸ ਦੇ ਡਰ ’ਚ ਇਹ ਸਾਰੀਆਂ ਆਪਾ-ਵਿਰੋਧੀ ਸ਼ਕਤੀਆਂ ਸ਼ਾਂਤ ਹਨ। ਅੱਗ ਤੇ ਲੱਕੜੀ ਇਕ ਜਗ੍ਹਾ ਸ਼ਾਂਤ ਹਨ। ਪਾਣੀ ਤੇ ਮਿੱਟੀ ਇਕ ਜਗ੍ਹਾ ਸ਼ਾਂਤ ਹਨ, ਆਦਿ।
‘ਬਲਿਹਾਰ ਹੋਣ’ ਤੋਂ ਭਾਵ ਉਸ ਸਰਬ ਸ਼ਕਤੀਮਾਨ ਸ਼ਕਤੀ ਦੇ ਸਾਮ੍ਹਣੇ ਆਪਣੀ ਹੋਂਦ ਨੂੰ ਤੁੱਛ ਜਾਣਨਾ ਹੁੰਦਾ ਹੈ। ਅਹੰਕਾਰ ਮੁਕਤ ਹੋਣਾ ਹੈ। ਕੂੜ ਦੀ ਪਾਲਿ (ਕੰਧ) ਢਾਹੁਣੀ ਹੈ, ਨਾ ਕਿ ਕੁਦਰਤ ਦੇ ਬਾਹਰੀ ਕੌਤਕ (ਅਜੂਬਿਆਂ) ’ਚ ਮਨ-ਪਰਚਾਵਾ ਕਰ ਰੋਗੀ ਬਣਨਾ ਹੈ।
ਹੁਣ ਅਗਾਂਹ ਮਨਮੁਖਾਂ ਅਤੇ ਗੁਰਮੁਖਾਂ ਦੇ ਪਰਸਪਰ ਵਿਰੋਧ (ਟਕਰਾਅ) ਨੂੰ ਵਿਚਾਰਨਾ ਹੈ। ਉਸ ਤੋਂ ਪਹਿਲਾਂ ਸੰਖੇਪ ਜਿਹਾ ਜੀਵ-ਜੰਤਾਂ ਬਾਰੇ ਕੁਦਰਤ ਦਾ ਵਿਧਾਨ ਜਾਂ ਕਹਿ ਲਈਏ ਕਿ ਕਰਤਾਰ ਦਾ ਹੁਕਮ ਵਿਚਾਰਨਾ ਜ਼ਰੂਰੀ ਹੈ।
ਹਿੰਸਕ ਮਾਸਾਹਾਰੀ ਜਾਨਵਰਾਂ ਨੂੰ ਤੇਜ਼ ਨਿਗਾਹ ਤੇ ਨੁਕੀਲੇ ਨਹੁੰ ਕਰਤਾਰ ਨੇ ਖ਼ੁਦ ਦਿੱਤੇ ਹਨ ਤਾਂ ਕਿ ਇਨ੍ਹਾਂ ਨਾਲ਼ ਮਾਸਾਹਰੀ ਜੀਵ; ਭੋਜਨ ਪ੍ਰਾਪਤ ਕਰਨ, ਵੰਸ਼ਜ ਵਧਾਉਣ ਤੇ ਕੁਦਰਤ ਦੇ ਵਿਕਾਸ ’ਚ ਯੋਗਦਾਨ ਪਾਉਣ। ਦੂਜੇ ਪਾਸੇ ਸਾਕਾਹਾਰੀ ਅਹਿੰਸਕ ਜਾਨਵਰਾਂ ਨੂੰ ਆਪਣੇ ਬਚਾਅ ਲਈ ਸਿੰਗ, ਮੋਟੀ ਚਮੜੀ ਤੇ ਵੱਧ ਗਿਣਤੀ ਦਿੱਤੀ ਹੈ ਤਾਂ ਕਿ ਉਹ ਭੀ ਜੀਵਤ ਰਹਿ ਕੇ ਆਪਣਾ ਪਾਲਣ-ਪੋਸ਼ਣ ਕਰਦੇ ਹੋਏ ਕੁਦਰਤ ਦੇ ਵਿਕਾਸ ’ਚ ਹਿੱਸਾ ਪਾਉਣ, ਨਾ ਕਿ ਮਾਸਾਹਾਰੀਆਂ ਦੀ ਖ਼ੁਰਾਕ ਹੀ ਬਣੇ ਰਹਿਣ। ਅਸਲ ’ਚ ‘ਸੰਘਰਸ਼ ਹੀ ਜੀਵਨ’ ਹੈ। ਜੇ ਇੱਕ ਹੱਥ ਤੋਂ ਇੱਕ ਸਾਲ ਕੰਮ ਨਾ ਲਈਏ ਤਾਂ ਉਹ ਨਕਾਰਾ (ਅਪਾਹਜ) ਹੋ ਜਾਂਦਾ ਹੈ। ਹੱਥ ਨੇ ਖ਼ੁਦ ਨੂੰ ਤੰਦਰੁਸਤ ਰੱਖਣਾ ਹੈ ਤਾਂ ਸੰਘਰਸ਼ ਕਰਨਾ ਪੈਣਾ ਹੈ, ਕੰਮ-ਕਾਰ ਕਰਦੇ ਰਹਿਣਾ ਹੈ।
ਸੋ ਕੁਦਰਤ ਦੇ ਵਿਕਾਸ ਲਈ ਹਿੰਸਕ ਜਾਨਵਰ ਭੀ ਜ਼ਰੂਰੀ ਹਨ, ਅਹਿੰਸਕ ਜੀਵ ਭੀ। ਮਨਮੁਖ ਭੀ ਚਾਹੀਦੇ ਹਨ ਅਤੇ ਗੁਰਮੁਖ ਭੀ ਕਿਉਂਕਿ ਗੁਰਮੁਖਾਂ ਅੰਦਰੋਂ ਹੀ ਕਰਤਾਰ ਦੇ ਗੁਣ ਪ੍ਰਗਟ ਹੋਣੇ ਹਨ, ਇਲਾਹੀ ਹੋਂਦ ਪ੍ਰਗਟ ਹੋਣੀ ਹੈ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ॥’’ (ਭਗਤ ਰਵਿਦਾਸ/੯੩) ਜੇਕਰ ਸਾਰੇ ਹੀ ਗੁਰਮੁਖ ਬਣ ਜਾਣ ਤਾਂ ਮਨੁੱਖ ਜਾਤੀ ਰਾਹੀਂ ਹੁੰਦਾ ਕੁਦਰਤ ਦਾ ਵਿਕਾਸ ਹੀ ਰੁਕ ਜਾਏਗਾ।
ਸੋ ਕਰਤਾਰ; ਬਾਬਰ (ਜਮਰਾਜ) ਨੂੰ ਭੇਜਦਾ ਭੀ ਆਪ ਹੈ ਤੇ ਉਸ ਦਾ ਜ਼ਿੰਮਾ ਭੀ ਖ਼ੁਦ ਉੱਤੇ ਨਹੀਂ ਲੈਂਦਾ ਤਾਂ ਕਿ ਇਸ ਜਗਤ-ਖੇਲ ’ਚ ਮਨੁੱਖ; ਖ਼ੁਦ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਕੇ ਸੰਘਰਸ਼ਮਈ ਜੀਵਨ ਭੋਗਣ। ਮਨੁੱਖਤਾ ਅੰਦਰ ਨੇਕ ਇਨਸਾਨ ਪੈਦਾ ਕਰਨਾ ਤੇ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਲਈ, ਨਿਆਂ ਲਈ, ਸਵੈਮਾਨ ਲਈ ਤੇ ਆਪਸੀ ਸਾਂਝੀਵਾਲਤਾ ਲਈ ਕਰਤਾਰ ਦੇ ਸਨੇਹੀ (ਸਤਿਗੁਰੂ, ਭਗਤ) ਤਿਆਰ ਕਰਦੇ ਹਨ ਯਾਨੀ ਮਨੁੱਖਤਾ ਅੰਦਰ ਗੁਰੂ ਤੇ ਭਗਤ ਦਾ ਜੀਵਨ ਆਦਰਸ਼ਮਈ ਹੋਣਾ ਵਿਧਾਨ ਹੈ, ਉਸ ਨੇ ਮਿਸਾਲ ਬਣਨਾ ਹੈ। ਜੇਕਰ ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ; ਖ਼ੁਦ ਸ਼ਹੀਦ ਨਾ ਹੁੰਦੇ ਤਾਂ ਸਿੱਖਾਂ ਅੰਦਰ ਸ਼ਹੀਦ ਹੋਣ ਦੀ ਭਾਵਨਾ ਹੀ ਜਨਮ ਨਾ ਲੈਂਦੀ। ਮਾਨਵਤਾ ਅੰਦਰ ਇਹ ਧਾਰਮਿਕ ਕ੍ਰਾਂਤੀ; ਸ਼ਾਂਤਮਈ ਸੰਘਰਸ਼ ਨਾਲ਼ ਵਧੇਰੇ ਆਉਂਦੀ ਹੈ। ਉਞ ਆਤਮ ਰੱਖਿਆ ਲਈ ਤਲਵਾਰ ਧਾਰਨ ਕਰਨਾ ਭੀ ਜ਼ਰੂਰੀ ਹੈ। ਅੱਜ ਹਰ ਦੇਸ ਭੀ ਆਪਣੇ ਨਾਗਰਿਕਾਂ ਨੂੰ ਸਵੈ ਰੱਖਿਆ ਲਈ ਹਥਿਆਰਾਂ ਦੇ ਲਾਇਸੈਂਸ ਮੁਹੱਈਆ ਕਰਵਾਉਣ ਨੂੰ ਸਹੀ ਮੰਨਦਾ ਹੈ।
ਗੁਰੂ ਸਾਹਿਬਾਨ ਦੇ ਇਹ ਬਚਨ ਮਨੁੱਖ ਦੀ ਸਮਾਜਿਕ ਪਕੜ ਢਿੱਲੀ ਕਰਾਉਂਦੇ ਹਨ, ‘‘ਚਿੰਤਾ ਤਾ ਕੀ ਕੀਜੀਐ; ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ; ਨਾਨਕ ! ਥਿਰੁ ਨਹੀ ਕੋਇ ॥੫੧॥’’ (ਮਹਲਾ ੯/੧੪੨੯) ਭਾਵ ਮੌਤ; ਸਭ ਨੂੰ ਇੱਕ ਦਿਨ ਆਉਣੀ ਹੈ। ਇਸ ਤੋਂ ਡਰਨ ਦੀ ਲੋੜ ਨਹੀਂ ਬਲਕਿ ਮਨੁੱਖੀ ਜ਼ਿੰਦਗੀ ਦਾ ਟੀਚਾ (ਰੱਬ ’ਚ ਅਭੇਦ ਹੋਣਾ) ਚੇਤੇ ਰੱਖਣਾ ਹੈ। ਜਿਸ ਤਰ੍ਹਾਂ ਪਾਣੀ ’ਚੋਂ ਬੁਲਬੁਲਾ ਥੋੜ੍ਹੇ ਸਮੇਂ ਲਈ ਬਣਦਾ ਤੇ ਨਾਸ ਹੁੰਦਾ ਰਹਿੰਦਾ ਹੈ, ਜ਼ਿੰਦਗੀ ਇਸੇ ਤਰ੍ਹਾਂ ਜੰਮਦੀ ਮਰਦੀ ਹੈ। ਸਮਾਜ ਨਾਲ਼ ਬਹੁਤਾ ਲਗਾਅ ਪੈਦਾ ਕਰਨਾ ਹਾਨੀਕਾਰਕ ਹੈ, ‘‘ਜੈਸੇ ਜਲ ਤੇ ਬੁਦਬੁਦਾ; ਉਪਜੈ ਬਿਨਸੈ ਨੀਤ ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ !॥੨੫॥’’ (ਮਹਲਾ ੯/੧੪੨੭)
ਇਸ ਕਲਹਿ-ਕਲੇਸ਼ ’ਚ ਮੌਤ ਦਾ ਡਰ ਤੇ ਭੈੜੀ ਮੱਤ ਨੂੰ ਖ਼ਤਮ ਕਰਨ ਵਾਲ਼ਾ ਕੇਵਲ ਪ੍ਰਭੂ ਦਾ ਨਾਮ ਹੈ, ਜੋ ਉਸ ਨੂੰ ਜਪਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ, ‘‘ਭੈ ਨਾਸਨ, ਦੁਰਮਤਿ ਹਰਨ; ਕਲਿ ਮੈ ਹਰਿ ਕੋ ਨਾਮੁ ॥ ਨਿਸਿ ਦਿਨੁ; ਜੋ, ਨਾਨਕ ! ਭਜੈ; ਸਫਲ ਹੋਹਿ ਤਿਹ ਕਾਮ ॥੨੦॥’’ (ਮਹਲਾ ੯/੧੪੨੭)
ਜੀਵ ਅਨੇਕਾਂ ਜੂਨਾਂ ’ਚ ਭਟਕਦਾ ਰਿਹਾ। ਕਦੇ ਭੀ ਡਰ ਮੁਕਤ ਨਾ ਹੋਇਆ, ਇਸ ਲਈ ਹੇ ਮਨ ! ਹਰੀ ਦਾ ਨਾਮ ਜਪ ਤਾਂ ਜੋ ਡਰ ਮੁਕਤ ਹੋ ਸਕੇਂ। ਨਿਡਰ-ਸਾਹਸੀ ਜੀਵਨ ਗ੍ਰਹਿਣ ਕਰ ਸਕੇਂ, ‘‘ਜਨਮ ਜਨਮ ਭਰਮਤ ਫਿਰਿਓ; ਮਿਟਿਓ ਨ ਜਮ ਕੋ ਤ੍ਰਾਸੁ (ਡਰ)॥ ਕਹੁ ਨਾਨਕ ਹਰਿ ਭਜੁ ਮਨਾ ! ਨਿਰਭੈ ਪਾਵਹਿ ਬਾਸੁ (ਨਿਵਾਸ)॥੩੩॥’’ (ਮਹਲਾ ੯/੧੪੨੮)
ਜੇਕਰ ਕੋਈ ਪੱਥਰ ਨੂੰ ਪੂਜੇਗਾ ਤਾਂ ਉਸ ਅੰਦਰ ਕੋਈ ਗੁਣ ਨਹੀਂ ਉਪਜ ਸਕਦੇ ਕਿਉਂਕਿ ਪੱਥਰ ਖ਼ੁਦ ਗੁਣਹੀਣ (ਨਿਰਜਿੰਦ/ਬੇਜਾਨ) ਹੈ, ਪਰ ਜੋ ਨਿਡਰ ਤੇ ਸਾਹਸੀ ਪ੍ਰਮਾਤਮਾ ਦਾ ਸਿਮਰਨ ਕਰੇਗਾ; ਉਹ, ਪ੍ਰਭੂ ਵਾਙ ਡਰ ਮੁਕਤ ਹੋ ਜਾਵੇਗਾ, ‘‘ਨਿਰਭਉ ਜਪੈ; ਸਗਲ ਭਉ ਮਿਟੈ ॥’’ (ਸੁਖਮਨੀ/ਮਹਲਾ ੫/੨੯੩) ਯਾਨੀ ਜਿਹੜਾ ਨਿਰਭਉ ਪ੍ਰਭੂ ਨੂੰ ਚੇਤੇ ਰੱਖਦਾ ਹੈ, ਉਸ ਦੇ ਸਾਰੇ ਡਰ ਖ਼ਤਮ ਹੋ ਜਾਂਦੇ ਹਨ। ਉਹ, ਲਾਚਾਰ, ਬੇਸਹਾਰਾ ਤੇ ਨਿਆਸਰਿਆਂ ਦਾ ਆਸਰਾ ਬਣਦਾ ਹੈ ਕਿਉਂਕਿ ਪਰਮਾਤਮਾ; ਬੇਵੱਸਾਂ ਦੇ ਨਾਲ਼ ਖੜ੍ਹਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ! ॥੪॥’’ (ਮਹਲਾ ੧/੧੫) ਭਾਵ ਹੇ ਅਕਾਲ ਪੁਰਖ ! ਤੇਰੀ ਮਿਹਰ ਸਦਾ ਨੀਵਿਆਂ-ਲਾਚਾਰਾਂ ਉੱਤੇ ਹੁੰਦੀ ਹੈ, ਵੱਡੇ ਅਹੰਕਾਰੀਆਂ ’ਤੇ ਨਹੀਂ। ਨਾਨਕ ਦੀ ਹਮਦਰਦੀ ਭੀ ਨੀਵਿਆਂ ਨਾਲ਼ ਹੈ, ਵੱਡਿਆਂ ਦੀ ਕਾਹਦੀ ਰੀਸ ਕਰਨੀ ਯਾਨੀ ਅਹੰਕਾਰੀਆਂ ਨਾਲ਼ ਮੇਲ-ਜੋਲ ਕਰਕੇ ਅਸੀਂ ਕਿਹੜਾ ਅਹੰਕਾਰ ਗ੍ਰਹਿਣ ਕਰਨਾ ਹੈ ?
ਜਿੱਥੇ ਪ੍ਰਮਾਤਮਾ ਦੀ ਬਖ਼ਸ਼ਸ਼ ਹੋਵੇ, ਉਸ ਅੰਦਰ ਨਿਡਰਤਾ ਤੇ ਸਾਹਸ ਉਪਜਦਾ ਹੈ। ਫਿਰ ਉਹ, ਜ਼ਮੀਰ ਦੀ ਮੌਤ ਨਾਲ਼ੋਂ ਸਰੀਰਕ ਮੌਤ ਮਰਨਾ ਪਸੰਦ ਕਰਦਾ ਹੈ। ਇਹੀ ਦ੍ਰਿੜ੍ਹ ਨਿਸ਼ਚਾ; ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਨ੍ਹਾਂ ਬੋਲਾਂ ’ਚੋਂ ਪ੍ਰਗਟ ਹੁੰਦਾ ਹੈ, ‘‘ਭੈ ਕਾਹੂ ਕਉ ਦੇਤ ਨਹਿ ਨਹਿ; ਭੈ ਮਾਨਤ ਆਨ ॥ ਕਹੁ ਨਾਨਕ ! ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥੧੬॥’’ (ਮਹਲਾ ੯/੧੪੨੭) ਯਾਨੀ ਜਿਹੜੇ ਨਾ ਡਰਦੇ ਹਨ ਤੇ ਨਾ ਕਿਸੇ ਹੋਰ ਨੂੰ ਡਰਾਉਂਦੇ ਹਨ, ਅਸਲ ’ਚ ਉਨ੍ਹਾਂ ਨੂੰ ਹੀ ਬ੍ਰਹਮਗਿਆਨੀ ਕਹਿਣਾ ਬਣਦਾ ਹੈ ਭਾਵੇਂ ਕਿ ਹਰ ਕੋਈ ਮਾਇਆ ਦੇ ਹੱਥੋਂ ਨਿਤ ਹਾਰਦਾ ਹੈ ਤੇ ਕਰੋੜਾਂ ’ਚੋਂ ਕੋਈ ਵਿਰਲਾ ਹੀ ਬ੍ਰਹਮਗਿਆਨੀ ਹੁੰਦਾ ਹੈ, ‘‘ਨਿਸਿ ਦਿਨੁ ਮਾਇਆ ਕਾਰਨੇ; ਪ੍ਰਾਨੀ ਡੋਲਤ ਨੀਤ ॥ ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ (’ਚ)॥੨੪॥’’ (ਮਹਲਾ ੯/੧੪੨੭)
ਸੋ ਸਵੈਮਾਨ ਅਤੇ ਸਾਹਸੀ/ਦਲੇਰਾਨਾ ਜੀਵਨ ਜਿੳੂਣ ਲਈ ਮਨੁੱਖ ਨੂੰ ਧਰਮ ਦੇ ਮਾਰਗ ਦੀ ਲੋੜ ਹੈ ਕਿਉਂਕਿ ਧਰਮ ਹੀ ਮਨੁੱਖ ਦੀ ਸੁਰਤਿ ਨੂੰ ਉੱਚਾ ਉੱਠਾ ਕੇ ਨਿਰਾਕਾਰ ਦੀ ਹੋਂਦ, ਉਸ ਦੀਆਂ ਦਾਤਾਂ, ਉਸ ਦੇ ਗੁਣ ਤੇ ਉਸ ਦੇ ਹੁਕਮ ਤੋਂ ਜਾਣੂ ਕਰਾਉਂਦਾ ਹੈ। ਫਿਰ ਮਾਲਕ ਦੀ ਹੁੰਦੀ ਮਿਹਰ; ਸਮਾਜਿਕ ਬੁਰਿਆਈਆਂ ਨਾਲ਼ ਲੜਨ ਸਮੇਂ ਜਿੱਤ ਪ੍ਰਾਪਤ ਕਰਾਉਂਦੀ ਹੈ। ਇਸ ਪੈਂਡੇ ਉੱਤੇ ਨਿਰੰਤਰ ਚੱਲਣ ਲਈ ਸੱਚੇ ਗੁਰੂ ਦੀ ਅੰਗ-ਸੰਗ ਮੌਜੂਦਗੀ ਹੀ ਮਨ ’ਚ ਭਰੋਸਾ ਪੈਦਾ ਕਰੀ ਰੱਖਦੀ ਹੈ ਵਰਨਾ ਮਨੁੱਖਤਾ ਨੂੰ ਤਾਰਨ ਆਏ ਈਸਾ ਮਸੀਹ ਵਰਗੇ ਪੈਗ਼ੰਬਰ ਭੀ ਆਪਣੇ ਅੰਦਰ ਅੰਤ ਤੱਕ ਭਰੋਸਾ ਕਾਇਮ ਨਾ ਰੱਖ ਸਕੇ। ਜਦ ਉਨ੍ਹਾਂ ਨੂੰ ਸੂਲੀ ’ਤੇ ਚਾੜਿਆ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਪ੍ਰਭੂ ਉੱਤੇ ਆਪਣੀ ਮਦਦ ਨਾ ਕਰਨ ਦਾ ਸੰਦੇਹ ਜਤਾਇਆ ਸੀ। ਉਸ ਦੇ 12 ਪ੍ਰਮੁੱਖ ਚੇਲਿਆਂ ਵਿੱਚੋਂ ਇੱਕ (ਯਹੂਦਾ ਅਸ਼ਕਰੂਤੀ) ਨੇ 30 ਰੁਪਏ ਦਾ ਇਨਾਮ ਲੈਣ ਲਈ ਈਸਾ ਮਸੀਹ ਨੂੰ ਕੈਦ ਕਰਵਾਇਆ ਅਤੇ ਦੂਸਰੇ ਚੇਲੇ (ਪੀਟਰ) ਨੇ ਤਿੰਨ ਵਾਰ ਸੌਂਹ ਖਾ ਕੇ ਈਸਾ ਪੈਗ਼ੰਬਰ ਨੂੰ ਲਾਹਨਤਾਂ ਪਾ ਕੇ ਆਪਣੀ ਜਾਨ ਬਚਾਈ ਜਦਕਿ ਗੁਰੂ ਅਰਜਨ ਸਾਹਿਬ ਤੱਤੀ ਤਵੀ ’ਤੇ ਬੈਠੇ ਭੀ ਆਪਣੇ ਮਾਲਕ ਦਾ ਧੰਨਵਾਦ ਕਰਦੇ ਹਨ, ‘‘ਤੇਰਾ ਕੀਆ ਮੀਠਾ ਲਾਗੈ ॥’’ (ਮਹਲਾ ੫/੩੯੪) ਜਦਕਿ ਇਨ੍ਹਾਂ ਨੂੰ ਰਿਹਾਅ ਕਰਾਉਣ ਲਈ ਸਾਈਂ ਮੀਆਂ ਮੀਰ ਜੀ ਕਹਿ ਰਹੇ ਸਨ, ਪਰ ਆਪ ਨੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਇਸੇ ਤਰ੍ਹਾਂ ਚਾਂਦਨੀ ਚੌਕ (ਦਿੱਲੀ) ’ਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ; ਗੁਰੂ ਤੇਗ਼ ਬਹਾਦਰ ਜੀ ਦੇ ਸਾਮ੍ਹਣੇ ਅਸਹਿ ਤਸੀਹੇ ਸਹਾਰਦੇ ਹੋਏ ਸ਼ਹੀਦ ਹੋ ਗਏ, ਪਰ ਕਸ਼ਮੀਰੀ ਪੰਡਿਤਾਂ ਨਾਲ਼ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਕਰਾਰ ਭੰਗ ਨਾ ਹੋਣ ਦਿੱਤਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 5 ਅਤੇ 7 ਸਾਲ ਦੇ ਛੋਟੇ ਸਾਹਿਬਜ਼ਾਦੇ ਭੀ ਦਾਦੀ ਮਾਤਾ ਗੁਜਰੀ ਜੀ ਪਾਸੋਂ ਧਰਮ ਬਾਰੇ ਸੁਣ-ਸੁਣ ਆਪਣੀ ਹਾਰ ਨਾ ਸਵੀਕਾਰੀ ਬਲਕਿ ਸਰੀਰਕ ਬਲਿਦਾਨ ਦੇ ਦਿੱਤਾ।
ਅਸਲ ’ਚ ਧਰਮ ਰਾਹੀਂ ਮਨੁੱਖਤਾ ਅੰਦਰ ਉਪਜਦੇ ਗੁਣਾਂ ਤੋਂ ਹੀ ਸੱਚੇ ਅਤੇ ਨਕਲੀ ਧਰਮ ਦੀ ਪਹਿਚਾਣ ਹੁੰਦੀ ਹੈ। ਇਸ ਧਾਰਮਿਕ ਖੇਤਰ ਵਿੱਚ ਈਸਾ ਮਸੀਹ ਵਰਗੇ ਪੈਗ਼ੰਬਰ ਹਾਰ ਗਏ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਜਿੱਤ ਗਿਆ, ਪਰ ਅਫ਼ਸੋਸ ਕਿ ਅੱਜ ਗੁਰਬਾਣੀ ਨੂੰ ਸਮਝਣ ’ਚ ਅਸਮਰੱਥ ਪੰਜਾਬੀ; ਈਸਾ ਮਸੀਹ ਦੀ ਵਿਚਾਰਧਾਰਾ ਵਿੱਚੋਂ ਮਨ ਦੀ ਸ਼ਾਂਤੀ ਲੱਭਣ ਲਈ ਭਟਕਦੇ ਫਿਰਦੇ ਹਨ।










