ਭਗਤ ਧੰਨਾ ਜੀ

0
2170

ਭਗਤ ਧੰਨਾ ਜੀ

ਪ੍ਰੋ. ਇੰਜੀ. ਗੁਰਪ੍ਰੀਤ ਸਿੰਘ (98780-88878)

ਮੁਗਲ ਕਾਲ ਦੌਰਾਨ ਭਾਰਤ ਵਿੱਚ ਇਸਲਾਮ ਧਰਮ ਬਹੁਤ ਤੇਜ਼ੀ ਨਾਲ ਵਧਿਆ। ਮੁਗਲ ਬਾਦਸ਼ਾਹਾਂ ਨੇ ਇਸਲਾਮ ਨੂੰ ਫੈਲਾਉਣ ਲਈ ਜਬਰਨ ਧਰਮ ਤਬਦੀਲ ਕਰਵਾਉਣਾ ਸ਼ੁਰੂ ਕਰ ਦਿੱਤਾ। ਹਿੰਦੂ ਧਰਮ ਵਿੱਚ ਵੀ ਬਹੁਤ ਸਾਰੀਆਂ ਗਿਰਾਵਟਾਂ ਆ ਚੁੱਕੀਆਂ ਸਨ। ਜਾਤ-ਪਾਤ, ਊਚ-ਨੀਚ, ਕਰਮਕਾਂਡ, ਅੰਧ-ਵਿਸ਼ਵਾਸ ਵਰਗੀਆਂ ਬੁਰਾਈਆਂ ਵਿੱਚ ਸਮਾਜ ਬੁਰੀ ਤਰ੍ਹਾਂ ਜਕੜਿਆ ਗਿਆ ਸੀ। ਮੁਸਲਮਾਨਾਂ ਅਤੇ ਹਿੰਦੂਆਂ ਵਿੱਚ ਆਪਸੀ ਭੇਦ-ਭਾਵ ਹੱਦ ਦਰਜੇ ਤੱਕ ਵਧ ਚੁੱਕਾ ਸੀ। ਇਸ ਸਮੇਂ ਵਿੱਚ ਇੱਕ ਕ੍ਰਾਂਤੀਕਾਰੀ ਲਹਿਰ ਉੱਠੀ, ਜਿਸ ਨੂੰ ਭਗਤੀ ਲਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ : ਭਗਤ ਧੰਨਾ ਜੀ ਦਾ ਜਨਮ ਟਾਂਕ ਦੇ ਇਲਾਕੇ ਧੂਆਨ ਪਿੰਡ (ਧੂਆ ਕਲਾਂ) ਵਿੱਚ (ਜੋ ਦੇਓਲੀ ਤੋਂ 20 ਮੀਲ ਹੈ) ਸੰਨ 1416 ਈਸਵੀ ਵਿੱਚ ਜੱਟ ਵੰਸ਼ ਵਿੱਚ ਪਿਤਾ ਸ਼੍ਰੀ ਭੋਲਾ ਜੀ ਅਤੇ ਮਾਤਾ ਧੰਨੋ ਜੀ ਘਰ ਹੋਇਆ। ਭਗਤ ਧੰਨਾ ਜੀ ਦਾ ਪਿਛੋਕੜ ਜੈਪੂਰ ਜ਼ਿਲ੍ਹੇ ਦੇ ਪਿੰਡ ਡਿਗੀ ਕਿਸ਼ਨਗੜ੍ਹ ਨਾਲ ਜੁੜਦਾ ਹੈ ਅਤੇ ਇੱਥੋਂ ਉੱਠ ਕੇ ਆਪ ਦੇ ਵਡੇਰੇ ਧੂਆਨ ਪਿੰਡ ਵਿੱਚ ਆਣ ਵੱਸੇ ਸਨ। ਪਿੰਡ ਧੂਆਨ ਦੇ ਚੜ੍ਹਦੇ ਪਾਸੇ ਥੜ੍ਹਾ ਬਣਿਆ ਹੋਇਆ ਹੈ। ਕਿਹਾ ਜਾਂਦੈ ਕਿ ਗਊਆਂ ਚਾਰਨ ਵੇਲੇ ਭਗਤ ਧੰਨਾ ਜੀ ਇਸ ਥੜ੍ਹੇ ’ਤੇ ਬੈਠ ਕੇ ਨਾਮ ਸਿਮਰਨ ਵਿੱਚ ਸੁਰਤੀ ਲਗਾ ਲੈਂਦੇ ਸਨ।

ਅੰਗਰੇਜ਼ ਵਿਦਵਾਨ ਮੈਕਾਲਿਫ ਪੋਥੀ ਛੇਵੀਂ ਸਫਾ 106 ’ਤੇ ਭਗਤ ਧੰਨਾ ਜੀ ਬਾਰੇ ਲਿਖਦਾ ਹੈ : ਰਾਜਪੁਤਾਨੇ ਵਿੱਚ ਦੇਓਲੀ ਛਾਵਣੀ ਤੋਂ 30 ਮੀਲ ਦੀ ਵਿੱਥ ’ਤੇ ਟਾਂਕ ਦੇ ਇਲਾਕੇ ਵਿੱਚ ਇੱਕ ਪਿੰਡ ਹੈ, ਜਿਸ ਦਾ ਨਾਮ ਧੂਆਨ ਹੈ। ਇੱਥੇ ਇੱਕ ਜੱਟ ਘਰਾਣੇ ਵਿੱਚ ਧੰਨਾ ਜੀ ਸੰਨ 1416 ਵਿੱਚ ਪੈਦਾ ਹੋਏ। ਛੋਟੀ ਉਮਰ ਤੋਂ ਹੀ ਧੰਨਾ ਜੀ ਧਾਰਮਿਕ ਲਗਨ ਵਾਲੇ ਸਨ।

ਇੱਕ ਸਾਖੀ ਮੁਤਾਬਕ ਇੱਕ ਦਿਨ ਧੰਨੇ ਦੇ ਘਰ ਦਾ ਪੁਰੋਹਿਤ ਪੂਜਾ ਕਰਨ ਆਇਆ। ਪੂਜਾ ਦੀ ਸਾਰੀ ਰਸਮ ਧੰਨੇ ਨੇ ਵੀ ਵੇਖੀ ਅਤੇ ਆਖਰ ਪੰਡਿਤ ਪਾਸੋਂ ਉਸ ਨੇ ਇੱਕ ਠਾਕਰ ਮੰਗਿਆ। ਪਹਿਲਾਂ ਤਾਂ ਪੰਡਿਤ ਟਾਲਦਾ ਰਿਹਾ ਪਰ ਧੰਨੇ ਦਾ ਹੱਠ ਵੇਖ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਉਸ ਨੂੰ ਪੂਜਣ ਲਈ ਦੇ ਦਿੱਤਾ। ਧੰਨੇ ਨੇ ਬੜੀ ਸ਼ਰਧਾ ਨਾਲ ਉਸ ਠਾਕਰ ਦੀ ਪੂਜਾ ਸ਼ੁਰੂ ਕਰ ਦਿੱਤੀ। ਉਸ ਦੀ ਦ੍ਰਿੜ੍ਹਤਾ ਦੇਖ ਕੇ ਪੰਡਿਤ ਕਦੀ-ਕਦੀ ਆ ਕੇ ਪੂਜਾ ਭਗਤੀ ਦਾ ਰਾਹ ਦੱਸਦਾ ਤੇ ਆਖਰ ਇੱਕ ਦਿਨ ਠਾਕਰ ਪੂਜਾ ਵਿੱਚੋਂ ਧੰਨੇ ਨੂੰ ਰੱਬ ਲੱਭ ਪਿਆ।

ਇਸ ਦਾ ਹਵਾਲਾ ਪ੍ਰੋ. ਸਾਹਿਬ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਪੋਥੀ ਤੀਜੀ ਪੰਨਾ 897 ਉੱਤੇ ਦਿੱਤਾ ਹੈ। ਅੱਗੇ ਜਾ ਕੇ ਪ੍ਰੋ. ਸਾਹਿਬ ਸਿੰਘ ਨੇ ਪੱਥਰ ਪੂਜਾ ਵਾਲੀ ਇਸ ਸਾਖੀ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੂਰਤੀ-ਪੂਜਾ ਕਰਨ ਵਾਲੇ ਲਈ ਬੜੇ ਕਰੜੇ ਸ਼ਬਦ ਵਰਤਦਿਆਂ ‘ਗੁਨਾਹਗਾਰ, ਲੂਣ ਹਰਾਮੀ’ ਕਿਹਾ ਹੈ : ‘‘ਗੁਨਹਗਾਰ ਲੂਣ ਹਰਾਮੀ ॥ ਪਾਹਣ ਨਾਵ ਨ ਪਾਰਗਿਰਾਮੀ ॥’’ (ਸੂਹੀ, ਮ: ੫, ਪੰਨਾ ੭੩੯)

ਭਗਤ ਧੰਨੇ ਦੇ ਆਪਣੇ ਸ਼ਬਦਾਂ ਵਿੱਚੋਂ ਵੀ ਤਾਂ ਕਿਤੇ ਵੀ ਠਾਕਰ ਪੂਜਾ ਦੀ ਗਵਾਹੀ ਨਹੀਂ ਮਿਲਦੀ। ਭਗਤ ਧੰਨਾ ਜੀ ਨੇ ਗ੍ਰਹਿਸਥ ਜੀਵਨ ਬਤੀਤ ਕੀਤਾ, ਕਿਰਤ ਕੀਤੀ ਅਤੇ ਨਾਮ ਜਪ ਕੇ, ਪ੍ਰਭੂ-ਭਗਤੀ ਨਾਲ ਮਨ ਜੋੜੀ ਰੱਖਿਆ। ਭਗਤ ਧੰਨਾ ਜੀ ਬਾਰੇ ਸ੍ਰੀ ਗੁਰੂ ਅਰਜਨ ਦੇਵ ਜੀ ਬਸੰਤ ਰਾਗ ਵਿੱਚ ਭਗਤਾਂ ਦੀ ਸਾਖੀ ਵਿੱਚ ਜਿੱਥੇ ਹੋਰ ਭਗਤਾਂ ਦਾ ਜ਼ਿਕਰ ਕਰਦੇ ਹਨ, ਉੱਥੇ ਨਾਲ ਹੀ ਭਗਤ ਧੰਨਾ ਜੀ ਦੀ ਕਠਿਨ ਸਾਧਨਾ ਦਾ ਜ਼ਿਕਰ ਕਰਦਿਆਂ ਫ਼ੁਰਮਾਨ ਕਰਦੇ ਹਨ : ‘‘ਧੰਨੈ ਸੇਵਿਆ ਬਾਲ ਬੁਧਿ ॥ (ਬਸੰਤੁ, ਮ: ੫, ਪੰਨਾ ੧੧੯੨), ਸੈਨੁ ਨਾਈ ਬੁਤਕਾਰੀਆ, ਓਹੁ ਘਰਿ ਘਰਿ ਸੁਨਿਆ ॥ ਹਿਰਦੇ ਵਸਿਆ ਪਾਰਬ੍ਰਹਮੁ, ਭਗਤਾ ਮਹਿ ਗਨਿਆ ॥੩॥  ਇਹ ਬਿਧਿ ਸੁਨਿ ਕੈ ਜਾਟਰੋ, ਉਠਿ ਭਗਤੀ ਲਾਗਾ ॥  ਮਿਲੇ ਪ੍ਰਤਖਿ ਗੁਸਾਈਆ, ਧੰਨਾ ਵਡਭਾਗਾ ॥੪॥’’ (ਆਸਾ, ਮ: ੫, ਪੰਨਾ ੪੮੮)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਭਗਤ ਧੰਨਾ ਜੀ ਦੇ ਤਿੰਨ ਸ਼ਬਦ ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਸ਼ਾਮਲ ਕੀਤੇ ਹਨ। ਇਨ੍ਹਾਂ ਵਿੱਚੋਂ ਦੋ ਸ਼ਬਦ ਰਾਗ ਆਸਾ ਵਿੱਚ ‘ਆਸਾ ਬਾਣੀ ਭਗਤ ਧੰਨਾ ਜੀ ਕੀ’ ਸਿਰਲੇਖ ਹੇਠ ਅਤੇ ਧਨਾਸਰੀ ਰਾਗ ਵਿੱਚ ਆਰਤੀ ਸਮੇਂ ਪੜ੍ਹਿਆ ਜਾਣ ਵਾਲਾ ਸ਼ਬਦ ਹੈ। ਇਨ੍ਹਾਂ ਤਿੰਨਾਂ ਸ਼ਬਦਾਂ ਦੀ ਭਾਸ਼ਾ ਭਾਵੇਂ ਸਧੁਕੜੀ ਹੈ, ਪਰ ਰਾਜਸਥਾਨੀ ਦਾ ਪ੍ਰਭਾਵ ਸਪੱਸ਼ਟ ਦਿਸਦਾ ਹੈ। ਆਸਾ ਰਾਗ ਦੇ ਪਹਿਲੇ ਸ਼ਬਦ ਵਿੱਚ ਭਗਤ ਧੰਨਾ ਜੀ ਨੇ ਆਪਣੇ ਪੂਰਬਲੇ ਜਨਮ ਦੀ ਭਟਕਣਾ ਅਤੇ ਪ੍ਰਭੂ ਨੂੰ ਪ੍ਰਾਪਤ ਕਰਨ ਦੀ ਬਿਹਬਲਤਾ ਨੂੰ ਬਿਆਨ ਕੀਤਾ ਹੈ, ‘‘ਭ੍ਰਮਤ ਫਿਰਤ ਬਹੁ ਜਨਮ ਬਿਲਾਨੇ; ਤਨੁ ਮਨੁ ਧਨੁ ਨਹੀ ਧੀਰੇ ॥  ਲਾਲਚ ਬਿਖੁ ਕਾਮ ਲੁਬਧ ਰਾਤਾ; ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥.. ਧੰਨੈ ਧਨੁ ਪਾਇਆ ਧਰਣੀਧਰੁ; ਮਿਲਿ ਜਨ ਸੰਤ ਸਮਾਨਿਆ ॥੪॥’’ (ਆਸਾ, ਭਗਤ ਧੰਨਾ ਜੀ, ਪੰਨਾ ੪੮੭)

ਦੂਜੇ ਸ਼ਬਦ ਵਿੱਚ ਆਤਮ ਸਥਿਰਤਾ ਦਾ ਪ੍ਰਗਟਾਵਾ ਹੈ। ਇਸ ਵਿੱਚ ਇਹ ਤਸੱਲੀ ਪ੍ਰਗਟ ਕੀਤੀ ਗਈ ਹੈ ਕਿ ਪਰਮਾਤਮਾ ਦੀ ਭਗਤੀ ਕਿਉਂ ਨਾ ਕੀਤੀ ਜਾਵੇ, ਜੋ ਹਰ ਜੀਵ ਨੂੰ ਰੋਜ਼ੀ ਦਿੰਦਾ ਹੈ, ‘‘ਰੇ ਚਿਤ  ! ਚੇਤਸਿ ਕੀ ਨ ਦਯਾਲ ਦਮੋਦਰ; ਬਿਬਹਿ ਨ ਜਾਨਸਿ ਕੋਈ ॥ ਜੇ ਧਾਵਹਿ ਬ੍ਰਹਮੰਡ ਖੰਡ ਕਉ; ਕਰਤਾ ਕਰੈ, ਸੁ ਹੋਈ ॥੧॥ ਰਹਾਉ ॥.. ਪਾਖਣਿ ਕੀਟੁ ਗੁਪਤੁ ਹੋਇ ਰਹਤਾ; ਤਾ ਚੋ ਮਾਰਗੁ ਨਾਹੀ ॥ ਕਹੈ ਧੰਨਾ ਪੂਰਨ ਤਾਹੂ ਕੋ; ਮਤ ਰੇ ਜੀਅ  ! ਡਰਾਂਹੀ ॥੩॥’’ (ਆਸਾ, ਭਗਤ ਧੰਨਾ ਜੀ, ਪੰਨਾ ੪੮੮)

ਤੀਸਰਾ ਸ਼ਬਦ ਜੋ ਧਨਾਸਰੀ ਰਾਗ ਵਿੱਚ ਹੈ, ਇਹ ਸੰਬੋਧਨ ਰੂਪ ਵਿੱਚ ਪ੍ਰਭੂ ਪਾਸੋਂ ਆਪਣੇ ਰੋਜ਼ਾਨਾ ਜੀਵਨ ਦੀਆਂ ਲੋੜਾਂ ਨੂੰ ਮਹਾਨਤਾ ਦੇ ਕੇ ਮੰਗ ਕੀਤੀ ਗਈ ਹੈ। ਇਸ ਸ਼ਬਦ ਵਿੱਚ ‘ਆਰਤਾ’ ਦਾ ਅਰਥ ‘ਮੰਗਤਾ’ ਹੈ, ਪਰ ਇਸ ਨੂੰ ਪੜ੍ਹਿਆ ਜਾਂਦਾ ਹੈ ਆਰਤੀ ਵਾਲੇ ਸ਼ਬਦ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ॥’’ (ਸੋਹਿਲਾ ਧਨਾਸਰੀ, ਮ: ੧, ਪੰਨਾ ੧੩) ਨਾਲ । ਇਸ ਸ਼ਬਦ ਰਾਹੀਂ ਭਗਤ ਜੀ ਦੇ ਇੱਕ ਸਾਧਾਰਨ ਸਿੱਧੇ-ਸਾਦੇ ਗ੍ਰਹਿਸਥੀ ਜੀਵਨ ਦੀ ਝਲਕ ਪੈਂਦੀ ਹੈ : ‘‘ਗੋਪਾਲ  ! ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ ਦਾਲਿ ਸੀਧਾ ਮਾਗਉ ਘੀਉ ॥ ਹਮਰਾ ਖੁਸੀ ਕਰੈ ਨਿਤ ਜੀਉ ॥ ਪਨ੍ੀਆ ਛਾਦਨੁ ਨੀਕਾ ॥ ਅਨਾਜੁ ਮਗਉ; ਸਤ ਸੀ ਕਾ ॥੧॥ ਗਊ ਭੈਸ ਮਗਉ; ਲਾਵੇਰੀ ॥ ਇਕ ਤਾਜਨਿ ਤੁਰੀ ਚੰਗੇਰੀ ॥ ਘਰ ਕੀ ਗੀਹਨਿ ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥੨॥’’ (ਧਨਾਸਰੀ, ਭਗਤ ਧੰਨਾ ਜੀ, ਪੰਨਾ ੬੯੫)

ਭਗਤ ਧੰਨਾ ਜੀ ਪ੍ਰਭੂ ਦੀ ਭਗਤੀ ਕਰਦੇ ਹੋਏ ਉਸ ਪਾਸੋਂ ਜੀਵਨ ਦੀਆਂ ਬੁਨਿਆਦੀ ਅਤੇ ਆਦਰਸ਼ਕ ਲੋੜਾਂ ਦੀ ਮੰਗ ਕਰਦੇ ਹਨ। ਭਗਤ ਜੀ ਨੂੰ ਇਹ ਵਿਸ਼ਵਾਸ ਹੈ ਕਿ ਜਿਹੜਾ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਉਸ ਦੇ ਸਾਰੇ ਕੰਮ ਸੰਵਾਰਦਾ ਹੈ, ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ।  ਗੁਰੂ ਅਰਜਨ ਸਾਹਿਬ ਜੀ ਵੀ ਫ਼ੁਰਮਾਉਂਦੇ ਹਨ ਕਿ ਹੇ ਮਨ ! ਤੂੰ ਰਿਜ਼ਕ ਦੀ ਚਿੰਤਾ ਨਾ ਕਰ ਇਸ ਕਾਰਜ ਵਿੱਚ ਹਰੀ ਆਪ ਕਾਰਜਸ਼ੀਲ ਹੈ, ‘‘ਕਾਹੇ ਰੇ ਮਨ  ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ ॥ ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ, ਆਗੈ ਕਰਿ ਧਰਿਆ ॥’’ (ਸੋ ਦਰੁ ਗੂਜਰੀ, ਮ: ੫, ਪੰਨਾ ੧੦)

ਸੋ, ਭਗਤ ਧੰਨਾ ਜੀ ਦੀ ਬਾਣੀ ਮਨੁੱਖਤਾ ਨੂੰ ਗ੍ਰਹਿਸਥੀ ਜੀਵਨ ਵਿੱਚ ਰਹਿ ਕੇ ਦੁਨਿਆਵੀ ਕੰਮ ਕਰਦੇ ਹੋਏ ਪਰਮਾਤਮਾ ਦੇ ਸਿਮਰਨ ਨਾਲ ਜੋੜਦੀ ਹੈ।