ਬੇਗ਼ਮ ਮੁਗ਼ਲਾਨੀ ਨਸਲ ਦੀਆਂ ਵਾਰਸਾਂ ਹੱਥੀਂ ਦਿੱਲੀ ਗੋਦ ਵਿਚ ਹੀ ਇੱਜ਼ਤਾਂ ਦੀ ਲੁੱਟ
ਰਸ਼ਪਾਲ ਸਿੰਘ (ਹੁਸ਼ਿਆਰਪੁਰ)-98554-40151
ਰਾਜਧਾਨੀ ਅਤੇ ਦਿੱਲੀ ਦੋਵੇਂ ਸ਼ਬਦ ਇਸਤਰੀ ਲਿੰਗ ਹਨ। ਇਸਤਰੀ ਲਿੰਗ ਦਿੱਲੀ ਦੀ ਗੋਦ ਵਿਚ ਹੀ ਇਸਤਰੀਆਂ ਹੱਥੋਂ ਇੱਜ਼ਤਾਂ ਲੁੱਟੀਆਂ ਜਾਣ, ਤਾਂ ਦਿਲ ਧੜਕਦੇ ਹਨ ਕਿਉਂਕਿ ਇਸਤਰੀ ਸ਼ਬਦ ਕੋਮਲਤਾ ਤੇ ਸੂਖਮਤਾ ਦਾ ਪ੍ਰਭਾਵ ਛੱਡਦਾ ਹੈ, ਪਰ ਜਦੋਂ ਕਦੇ ਕਿਸੇ ਦੌਲਤ ਤੇ ਸ਼ੋਹਰਤ ਹਿਤ ਔਰਤ ਆਪਣੀ ਜ਼ਾਲਮਾਨਾ ਔਕਾਤ ਦਿਖਾਉਂਦੀ ਹੈ ਤਾਂ ਸੰਸਾਰ ਚਿੰਤਤ ਹੁੰਦਾ ਹੈ। ਔਰਤ ਨੂੰ ਤਾਂ ਇਮਾਨ ਦਾ ਦਰਜਾ ਪ੍ਰਾਪਤ ਹੈ।
26 ਜਨਵਰੀ 2022 ਨੂੰ ਭਾਰਤ ਗਣਤੰਤਰ ਦਿਵਸ ਮਨਾ ਰਿਹਾ ਸੀ ਤਾਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ 20 ਸਾਲ ਦੀ ਇਕ ਔਰਤ ਨੂੰ ਅਗਵਾ ਕਰਕੇ ਉਸ ਦੀ ਇੱਜ਼ਤ ਨੂੰ ਤਾਰ–ਤਾਰ ਕੀਤਾ ਜਾ ਰਿਹਾ ਸੀ। ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ, ਸਰੀਰਕ ਤਸ਼ੱਦਦ ਢਾਹਿਆ ਗਿਆ, ਕੇਸ ਕਤਲ ਕੀਤੇ ਗਏ, ਮੂੰਹ ਕਾਲਾ ਕੀਤਾ ਗਿਆ ਅਤੇ ਸ਼ਰੇ–ਬਾਜ਼ਾਰ ਸੜਕਾਂ ’ਤੇ ਘੁੰਮਾਇਆ ਗਿਆ। ਇਨਸਾਨੀਅਤ ਕੰਬ ਗਈ ਕਿ ਇਸ ਜ਼ਾਲਮਾਨਾ ਕਾਰੇ ਵਿਚ ਵੱਡੀ ਭਾਗੀਦਾਰੀ ਔਰਤਾਂ ਦੀ ਸੀ। ਇਹ ਹਿਰਦੇ–ਵਲੂੰਧਰ ਦੀ ਘਟਨਾ ਨਾਲ ਇਸਤਰੀ ਹੀ ਨਹੀਂ ਬਲਕਿ ਇਨਸਾਨੀਅਤ ਸ਼ਰਮਸਾਰ ਹੋਈ।
ਜਿੱਥੋਂ ਸਰਕਾਰਾਂ ਦੇਸ਼ ਨੂੰ ਚਲਾਉਂਦੀਆਂ ਹੋਣ ਉੱਥੇ ਇਹ ਇਕ ਘਟਨਾ ਨਹੀਂ ਬਲਕਿ ਸਮੇਂ-ਸਮੇਂ ਵੱਖ-ਵੱਖ ਰੂਪਾਂ ਵਿਚ ਘਟਨਾਵਾਂ ਵਾਪਰਦੀਆਂ ਹਨ। ਅਜਿਹੀਆਂ ਘਟਨਾਵਾਂ ਉਸ ਇਤਿਹਾਸ ਨੂੰ ਅੱਖਾਂ ਸਾਹਮਣੇ ਘੁੰਮਾਉਂਦੀਆਂ ਹਨ ਜਦ ਬੇਗ਼ਮ ਮੁਗ਼ਲਾਨੀ ਹੱਥੀਂ ਵੀ ਦਿੱਲੀ ਅੰਦਰ ਇੱਜ਼ਤਾਂ ਲੁੱਟੀਆਂ ਗਈਆਂ।
ਮੀਰ ਮੰਨੂ ਵੱਲੋਂ ਸਖ਼ਤੀ ਦੇ ਸਿਖਰ ਕਾਰਨ 26 ਅਕਤੂਬਰ 1753 ਦੀ ਦੀਵਾਲੀ ਮੌਕੇ ਸਿੱਖ ਅੰਮ੍ਰਿਤਸਰ ਇਕੱਠੇ ਹੋਣ ਤੋਂ ਅਸਮਰੱਥ ਸਨ। ਇਸ ਦੇ ਬਾਵਜੂਦ ਸਿੱਖ ਇਕੱਲੇ-ਦੁਕੱਲੇ ਗੁਰੂ ਕੀ ਨਗਰੀ ਨਤਮਸਤਕ ਹੋਣ ਦੇ ਯਤਨ ਰੱਖਦੇ। ਮੀਰ ਮੰਨੂ ਨੇ ਮੁਕੰਮਲ ਪਾਬੰਦੀ ਲਈ ਲਾਹੌਰ ਅਤੇ ਗੁਰੂ ਕੇ ਚੱਕ ਵਿਚਕਾਰ ਪੈਂਦੇ ਪਿੰਡ ਵਿਚ ਇਕ ਚੌਂਕੀ ਕਾਇਮ ਕਰ ਦਿੱਤੀ। ਚੌਂਕੀ ਇੰਚਾਰਜ ਖਵਾਜਾ ਮਿਰਜ਼ਾ ਦੀ ਫ਼ੌਜ ਸੌ ਕਿਲੋਮੀਟਰ ਦੇ ਘੇਰੇ ਤੱਕ ਸਿੱਖਾਂ ’ਤੇ ਨਜ਼ਰ ਰੱਖਦੀ। ਹੱਥ ਆਏ ਸਿੱਖਾਂ ਨੂੰ ਬੇਰਹਿਮੀ ਨਾਲ ਮਾਰ ਮੁਕਾ ਦਿੱਤਾ ਜਾਂਦਾ। 2 ਨਵੰਬਰ 1753 ਨੂੰ ਪਿੰਡ ਮਲਿਕਪੁਰ ਨੇੜੇ ਕਮਾਦ ਵਿਚ ਛੁਪੇ ਬੈਠੇ ਵੱਡੇ ਜੱਥੇ ਨੂੰ ਘੇਰਾ ਪਾ ਲਿਆ। ਸਿੱਖਾਂ ਨੇ ਸੁਰੱਖਿਆ ਵਜੋਂ ਗੋਲੀਬਾਰੀ ਕੀਤੀ ਤਾਂ ਮੀਰ ਮੰਨੂ ਦਾ ਘੋੜਾ ਡਰ ਕੇ ਬੇਲਗਾਮ ਹੋ ਗਿਆ। ਘੋੜੇ ਦੀ ਰਕਾਬ ਵਿਚ ਫਸੇ ਇਕ ਪੈਰ ਕਾਰਨ ਮੀਰ ਮੰਨੂ ਬਹੁਤ ਦੂਰ ਤੱਕ ਘਸੀਟਿਆ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਕ ਦੋ ਦਿਨਾਂ ਵਿਚ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਕਾਰਨ ਦਾ ਹੋਰ ਹਵਾਲਾ ਵੀ ਮਿਲਦਾ ਹੈ। ਇਹ ਦਰੁਸਤ ਹੈ ਕਿ ਸਿੱਖਾਂ ਦਾ ਸ਼ਿਕਾਰ ਕਰਨ ਚੜ੍ਹਿਆ ਮਰਿਆ, ਪਰ ਸਿੱਖਾਂ ਹੱਥੋਂ ਨਹੀਂ ਮਰਿਆ। ਮੀਰ ਮੰਨੂ ਜਿਉਂ ਹੀ ਮਰਿਆ ਤਾਂ ਸਿੱਖਾਂ ਨੇ ਮੰਨੂ ਦੇ ਜ਼ੇਲ੍ਹ ’ਤੇ ਹਮਲਾ ਕਰ ਕੇ ਸਿੱਖ ਬੀਬੀਆਂ ਅਤੇ ਬੱਚਿਆਂ ਨੂੰ ਬਾਹਰ ਕੱਢ ਲਿਆ।
ਮੀਰ ਮੰਨੂ ਮਰਿਆ ਤਾਂ 10 ਅਪ੍ਰੈਲ 1754 ਨੂੰ ਲੰਬੇ ਸਮੇਂ ਤੋਂ ਬਾਅਦ ਅਕਾਲ ਤਖ਼ਤ ਸਾਹਿਬ ’ਤੇ ਸਰਬੱਤ ਖ਼ਾਲਸਾ ਜੁੜਿਆ ਤੇ ਲੋਕਾਂ ਨੂੰ ਰਾਖੀ ਦੇਣ ਦਾ ਗੁਰਮਤਾ ਪਾਸ ਕੀਤਾ। ਮਤਲਬ ਕਿ ਹੁਣ ਕਿਸਾਨਾਂ ਅਤੇ ਵਪਾਰੀਆਂ ਨੇ ਮਾਲੀਆ ਸਿੱਖਾਂ ਨੂੰ ਦੇਣਾ ਸੀ ਤੇ ਸਿੱਖਾਂ ਨੇ ਅਫ਼ਗਾਨ ਧਾੜਵੀਆਂ ਅਤੇ ਮੁਗ਼ਲ ਸਰਕਾਰ ਤੋਂ ਲੋਕਾਂ ਦੀ ਰਾਖੀ ਕਰਨ ਦਾ ਫਰਜ਼ ਅਦਾ ਕਰਨਾ ਸੀ। ਲੋਕਾਂ ਨੇ ਇਸ ਮਤੇ ਨੂੰ ਰੱਬੀ ਤੋਹਫ਼ੇ ਵਜੋਂ ਕਬੂਲਿਆ ਕਿਉਂਕਿ ਜੋ ਹਾਲਾਤ ਸਨ ਉਸ ਦੀ ਗਵਾਹੀ ਇਕ ਅਖਾਣ ਭਰਦਾ ਹੈ ਕਿ ‘ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ’।
ਉੱਧਰ ਦਿੱਲੀ ਦੇ ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਨੇ ਮੀਰ ਮੰਨੂ ਦੇ ਤਿੰਨ ਸਾਲ ਦੇ ਪੁੱਤ ਮੁਹੰਮਦ ਅਮੀਨ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਐਲਾਨ ਦਿੱਤਾ ਤੇ ਮੁਗ਼ਲਾਨੀ ਬੇਗ਼ਮ ਨੂੰ ਉਸ ਦੀ ਸਰਪ੍ਰਸਤ ਬਣਾ ਦਿੱਤਾ, ਪਰ ਬੇਗ਼ਮ, ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਵਲੋਂ ਗੱਦੀ ਦੀ ਥਾਂ ਅਹਿਮਦ ਸ਼ਾਹ ਦੁਰਾਨੀ ਨਾਲ ਨੇੜਤਾ ਬਣਾਉਣਾ ਚਾਹੁੰਦੀ ਸੀ। ਲਾਹੌਰ ਦੀ ਸੂਬੇਦਾਰੀ ’ਤੇ ਦੁਰਾਨੀ ਦੀ ਮੋਹਰ ਲੁਆਉਣ ਵਾਸਤੇ ਉਸ ਨੂੰ ਪੱਤਰ ਭੇਜਿਆ। ਬੇਗ਼ਮ ਦੇ ਫ਼ੌਜਦਾਰ ਮੋਮਿਨ ਖ਼ਾਨ ਨੇ ਜਨਵਰੀ 1754 ਵਿਚ ਦੁਰਾਨੀ ਤੋਂ ਇਹ ਇੱਛਾ ਪੂਰੀ ਕਰਵਾ ਦਿੱਤੀ। ਰੱਬ ਦਾ ਭਾਣਾ ਕਿ ਮਈ 1754 ਵਿਚ ਬੇਗ਼ਮ ਦੇ ਬੱਚੇ ਮੁਹੰਮਦ ਅਮੀਨ ਖ਼ਾਨ ਦੀ ਮੌਤ ਹੋ ਗਈ। ਸ਼ਾਇਦ ਮੀਰ ਮੰਨੂ ਦੇ ਵਫ਼ਾਦਾਰ ਜਰਨੈਲ ਭਿਖਾਰੀ ਖ਼ਾਨ ਨੇ ਜ਼ਹਿਰ ਦੇ ਕੇ ਮਰਵਾ ਦਿੱਤਾ। ਇਸੇ ਜਰਨੈਲ ਨੇ ਬੇਗ਼ਮ ਨੂੰ ਸਤਾਇਆ ਸੀ ਕਿ ਮੀਰ ਮੰਨੂ ਦੀ ਲਾਸ਼ ਨੂੰ ਦਿੱਲੀ ਦਫ਼ਨਾਉਣਾ ਹੈ। ਬੇਗ਼ਮ ਨੇ ਆਪਣੀ ਹੀ ਫ਼ੌਜ ਨੂੰ ਵੱਡੀ ਵੱਢੀ ਦੇ ਕੇ ਤੇ ਕਾਸਿਮ ਖ਼ਾਨ ਦੀ ਸਹਾਇਤਾ ਨਾਲ ਲਾਹੌਰ ਵਿਚ ਦਫ਼ਨਾਇਆ ਸੀ। ਚੇਤੇ ਰਹੇ ਕਿ ਸਿੱਖਾਂ ਨੇ ਲਾਹੌਰ ’ਤੇ ਕਬਜ਼ਾ ਕਰਨ ਉਪਰੰਤ ਮੀਰ ਮੰਨੂ ਦੀ ਲਾਸ਼ ਨੂੰ ਕਬਰ ਵਿਚੋਂ ਕੱਢ ਸਾੜ ਕੇ ਉਸ ਦਾ ਨਿਸ਼ਾਨ ਹੀ ਮਿਟਾ ਦਿੱਤਾ ਸੀ। ਬੇਗ਼ਮ ਨੇ ਭਿਖਾਰੀ ਖ਼ਾਨ ਨੂੰ ਗ਼੍ਰਿਫ਼ਤਾਰ ਵੀ ਕੀਤਾ ਤੇ ਕਤਲ ਵੀ ਕਰਾਇਆ। ਕਾਸਿਮ ਖ਼ਾਨ ਨੂੰ ਸਹਾਇਤਾ ਦੇ ਸ਼ੁਕਰਾਨੇ ਵਜੋਂ ਪੱਟੀ ਦਾ ਫ਼ੌਜਦਾਰ ਲਾ ਦਿੱਤਾ। ਇਹ ਉਹੀ ਕਾਸਿਮ ਖ਼ਾਨ ਹੈ ਜਿਸ ਨੇ ਸਿੱਖਾਂ ਨਾਲ ਟੱਕਰ ਲੈ ਕੇ ਨਤੀਜਾ ਕੱਢਿਆ ਕਿ ਇਹਨਾਂ ਨਾਲ ਸਮਝੌਤਾ ਕਰਨਾ ਤੇ ਇਹਨਾਂ ਤੋਂ ਰਾਜ ਵਿਸਥਾਰ ਵਾਸਤੇ ਮਦਦ ਲੈਣੀ ਹੀ ਲਾਹੇਵੰਦ ਹੈ, ਪਰ ਸਿੱਖਾਂ ਨੇ ਨਾ ਮਦਦ ਦਿੱਤੀ ਤੇ ਨਾ ਹੀ ਉਹ ਦਿੱਲੀ ਦਾ ਬਾਦਸ਼ਾਹ ਬਣ ਸਕਿਆ। ਅਖ਼ੀਰ ਇਕ ਦਿਨ ਉਸ ਦਾ ਖ਼ਜ਼ਾਨਾ ਵੀ ਖ਼ਾਲੀ ਹੋ ਗਿਆ ਤੇ ਉਸ ਨੂੰ ਆਪਣੇ ਸਿਪਾਹੀਆਂ ਹੱਥੀਂ ਹੀ ਬੇਗ਼ਮ ਕੋਲ ਨਜ਼ਰਬੰਦ ਹੋਣਾ ਪਿਆ।
ਹੁਣ ਬੇਗ਼ਮ ਨੇ ਆਪਣੇ ਆਪ ਨੂੰ ਲਾਹੌਰ ਦੀ ਸੂਬੇਦਾਰ ਐਲਾਨਿਆ ਹੋਇਆ ਸੀ, ਪਰ ਦਿੱਲੀ ਦੇ ਬਾਦਸ਼ਾਹ ਨੇ ਬੇਗ਼ਮ ਦੇ ਫ਼ੌਜਦਾਰ ਮੋਮਿਨ ਖ਼ਾਨ ਨੂੰ ਪੱਟ ਲਿਆ। 2 ਜੂਨ 1754 ਨੂੰ ਬਾਲ-ਸੂਬੇਦਾਰ ਦੀ ਮੌਤ ਹੋਈ ਸੀ ਤੇ 25 ਅਕਤੂਬਰ 1754 ਨੂੰ ਮੋਮਿਨ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਮੁਗ਼ਲਾਨੀ ਬੇਗ਼ਮ ਦਾ ਗ਼ਾਜ਼ੀ ਬੇਗ ਖ਼ਾਨ ਨਾਲ ਇਸ਼ਕ ਵੀ ਚੱਲ ਰਿਹਾ ਸੀ। ਇਸ ਤੋਂ ਇਲਾਵਾ ਘਰੇਲੂ ਨੌਕਰ ਮਿਸਕਿਨ (ਤਹਿਮਾਸ ਨਾਮਾ ਦਾ ਲੇਖਕ ਹੈ) ਨਾਲ ਇਸ਼ਕ ਦੀ ਚਰਚਾ ਸੀ। ਦਿੱਲੀ ਦਰਬਾਰ ਅਤੇ ਦੁਰਾਨੀ ਵਿਚਕਾਰ ਕਸ਼ਮਕਸ਼ ਦੌਰਾਨ ਬੇਗ਼ਮ ਦਾ ਸਿੰਘਾਸਣ ਡੋਲਦਾ ਰਿਹਾ। ਤਿੰਨ ਸਾਲਾਂ ਵਿਚ ਨੌਂ ਵਾਰੀ ਲਾਹੌਰ ਦੀ ਸੂਬੇਦਾਰੀ ਅਦਲ ਬਦਲ ਹੁੰਦੀ ਰਹੀ। ਕਦੇ ਦਿੱਲੀ ਤੋਂ ਤੇ ਕਦੇ ਕਾਬੁਲ ਤੋਂ ਲਾਹੌਰ ਸੂਬੇਦਾਰ ਲੱਗਦੇ ਰਹੇ। ਲਾਹੌਰ ਦਰਬਾਰ ਦੀ ਇਸ ਡਾਵਾਂਡੋਲ ਸਥਿਤੀ ਵਿਚ ਸਿੱਖਾਂ ਨੂੰ ਕਾਫ਼ੀ ਰਾਹਤ ਮਿਲੀ ਅਤੇ ਜਥੇਬੰਦ ਵੀ ਹੋਏ। ਸਿੱਖਾਂ ਨੇ ਜੋ ਕਿਸਾਨਾਂ ਅਤੇ ਵਾਪਾਰੀਆਂ ਨੂੰ ਰਾਖੀ ਦਿੱਤੀ ਉਸ ਦੀ ਬਦੌਲਤ ਸਿੱਖ ਹੋਮਲੈਂਡ ਦਾ ਉਭਾਰ ਹੋਇਆ। 1756 ਤੱਕ ਪੰਜਾਬ ਦੇ ਵੱਡੇ ਹਿੱਸੇ ਵਿਚ ਸਿੱਖ ਅਸਲ ਹਾਕਮ ਬਣ ਚੁੱਕੇ ਸਨ।
ਅਫ਼ਗ਼ਾਨਾਂ ਦੀ ਵਫ਼ਾਦਾਰ ਮੁਗ਼ਲਾਨੀ ਬੇਗ਼ਮ ਕੇਵਲ ਲਾਹੌਰ ਸ਼ਹਿਰ ਅੰਦਰ ਹੀ ਸੂਬੇਦਾਰਨੀ ਸੀ। ਜਿਸ ਕਾਰਨ ਹੁਣ ਬੇਗ਼ਮ ਦਾ ਖਜ਼ਾਨਾ ਖਾਲੀ ਰਹਿ ਰਿਹਾ ਸੀ ਤੇ ਉਸ ਨੇ ਪੰਜਾਬ ’ਤੇ ਹਮਲਾ ਕਰਨ ਵਾਸਤੇ ਅਹਿਮਦ ਸ਼ਾਹ ਦੁਰਾਨੀ ਨੂੰ ਉਕਸਾਇਆ। ਬੇਗਮ ਦੀ ਇਸ ਕੂੜੀ ਕਰਤੂਤ ਨੂੰ ਵੇਖਦਿਆਂ ਦਿੱਲੀ ਸਰਕਾਰ ਦੇ ਵਜ਼ੀਰ ਗ਼ਾਜ਼ੀਓੱਦੀਨ ਨੇ ਬੇਗਮ ਮੁਗ਼ਲਾਨੀ ਨੂੰ ਅਤੇ ਉਸ ਦੀ ਧੀ ਉਮੀਂਦਾ ਬੇਗਮ ਨੂੰ ਗ੍ਰਿਫ਼ਤਾਰ ਕਰ ਲਿਆ। ਅਦੀਨਾ ਬੇਗ਼ ਨੂੰ ਲਾਹੌਰ ਦਾ ਸੂਬੇਦਾਰ ਲਾ ਦਿੱਤਾ।
ਉਮੀਂਦਾ ਬੇਗਮ ਦੀ ਮੰਗਣੀ ਮੀਰ ਮੰਨੂ ਦੇ ਜੀਊਂਦਿਆਂ ਹੀ ਇਮਾਦ-ਉਲ-ਮੁਲਕ ਨਾਲ ਹੋਈ ਪਈ ਸੀ ਜੋ ਕਿ ਦਿੱਲੀ ਵਾਲੇ ਅਹਿਮਦ ਸ਼ਾਹ ਦਾ ਵਜ਼ੀਰ ਸੀ। ਇਸ ਰਿਸ਼ਤੇ ਦੀ ਆੜ ਵਿਚ ਬੇਗ਼ਮ ਦਿੱਲੀ ਨੂੰ ਭਰਮਾ ਲੈਣਾ ਚਾਹੁੰਦੀ ਸੀ ਪਰ ਵਿਰੋਧੀਆਂ ਨੇ ਅਫਵਾਹ ਉਡਾ ਦਿੱਤੀ ਕਿ ਬੇਗ਼ਮ ਆਪਣੀ ਧੀ ਦਾ ਵਿਆਹ ਅਹਿਮਦ ਸ਼ਾਹ ਦੁਰਾਨੀ ਦੇ ਮੁੰਡੇ ਨਾਲ ਕਰਨਾ ਚਾਹੁੰਦੀ ਹੈ। ਇਸੇ ਕਰਕੇ ਉਮੀਂਦਾ ਬੇਗ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਬਾਵਜੂਦ ਦਾਜ ਦੇ ਲਾਲਚ ਵਸ ਵਜ਼ੀਰ ਇਮਾਦ-ਉਲ-ਮੁਲਕ ਨੇ ਉਮੀਂਦਾ ਬੇਗ਼ਮ ਨਾਲ ਸ਼ਾਦੀ ਕਰਵਾ ਲਈ। ਉਮੀਂਦਾ ਬੇਗ਼ਮ ਬਹੁਤ ਹੀਰੇ ਤੇੇ ਗਹਿਣੇ ਲੈ ਕੇ ਦਿੱਲੀ ਆਈ, ਪਰ ਵਜ਼ੀਰ ਨੇ ਉਸ ਦੀ ਮਾਂ ਨੂੰ ਦਿੱਲੀ ਵਿਚ ਨਜ਼ਰਬੰਦ ਕਰ ਲਿਆ।
ਹੁਣ ਬੇਗ਼ਮ ਮੁਗ਼ਲਾਨੀ ਨੇ ਕੈਦ ਵਿਚ ਹੁੰਦਿਆਂ ਅਹਿਮਦ ਸ਼ਾਹ ਦੁਰਾਨੀ ਨਾਲ ਸੰਪਰਕ ਸਾਧਿਆ। ਦੁਰਾਨੀ ਨੇ ਵੀ ਇਸ ਨਜ਼ਰਬੰਦੀ ਦਾ ਬੁਰਾ ਮਨਾਇਆ। ਦੁਰਾਨੀ ਨੇ ਦਿੱਲੀ ਸਰਕਾਰ ਨੂੰ ਖ਼ਤ ਲਿਖਿਆ ਤੇ ਬੇਗ਼ਮ ਦੀ ਰਿਹਾਈ ਕਰਨ ਨੂੰ ਕਿਹਾ। ਜਦ ਦਿੱਲੀ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਦੁਰਾਨੀ ਨੇ ਹਮਲਾ ਕਰਨ ਦਾ ਫ਼ੈਸਲਾ ਲੈ ਲਿਆ। ਹਮਲੇ ਤੋਂ ਪਹਿਲਾਂ ਅਹਿਮਦ ਸ਼ਾਹ ਦੁਰਾਨੀ ਵੱਲੋਂ ਭੇਜੇ ਜੰਗਬਾਜ਼ ਖ਼ਾਨ ਨੇ ਆਪਣੀ ਫ਼ੌਜ ਰਾਹੀਂ 25 ਨਵੰਬਰ ਨੂੰ ਲਾਹੌਰ ’ਤੇ ਕਬਜ਼ਾ ਕਰ ਲਿਆ। ਦੁਰਾਨੀ ਆਪ ਵੀ 20 ਦਸੰਬਰ 1756 ਨੂੰ ਲਾਹੌਰ ਪੁੱਜ ਗਿਆ। ਜਨਵਰੀ 1757 ਵਿਚ ਉਹ ਦਿੱਲੀ ਆ ਵੜਿਆ।
ਮੁਗ਼ਲਾਂ ਨੇ ਉਸ ਦਾ ਟਾਕਰਾ ਕਰਨ ਦੀ ਥਾਂ ਉਸ ਅੱਗੇ ਲੰਮੇ ਪੈ ਪੈ ਪੂਛ ਹਿਲਾਈ। ਬਾਦਸ਼ਾਹ ਆਲਮਗੀਰ ਦੂਜਾ ਆਪ ਦੁਰਾਨੀ ਨੂੰ ਫ਼ਤਹਿਪੁਰੀ ਤੋਂ ਲਾਲ ਕਿਲ੍ਹੇ ਤੱਕ ਲੈ ਕੇ ਗਿਆ। ਅਹਿਮਦ ਸ਼ਾਹ ਦੁਰਾਨੀ ਨੇ ਮੁਗ਼ਲ ਬਾਦਸ਼ਾਹ ਦੀ ਬੁਜ਼ਦਿਲੀ ’ਤੇ ਤਰਸ ਖਾਧਾ ਤਾਂ ਉਸ ਨੂੰ ਕੁਝ ਨਾ ਕਿਹਾ, ਪਰ ਉਸ ਨੇ ਜਿਸ ਹਿਸਾਬ ਦਿੱਲ ਲੁੱਟੀ ਤੇ ਕੁੱਟੀ ਉਹ ਲੂੰ ਕੰਡੇ ਖੜ੍ਹੇ ਕਰਦੀ ਦਾਸਤਾਨ ਹੈ।
ਮੁਗ਼ਲਾਨੀ ਬੇਗ਼ਮ ਨੇ ਦਿੱਲੀ ਦੇ ਹਰ ਅਮੀਰ ਵਜ਼ੀਰ ਦੀ ਦੌਲਤ ਤੇ ਦਿੱਲੀ ਦੀ ਹਰ ਖ਼ੂਬਸੂਰਤ ਔਰਤ ਦੀ ਸੂਹ ਦਿੱਤੀ। ਦੁਰਾਨੀ ਦੀ ਫ਼ੌਜ ਨੇ ਘਰਾਂ ਦੇ ਤਹਿਖ਼ਾਨੇ ਪੁੱਟ ਪੁੱਟ ਕੇ ਦੌਲਤ ਲੁੱਟੀ। ਮੁਗ਼ਲਾਨੀ ਬੇਗ਼ਮ ਨੇ ਆਪਣੇ ਸਹੁਰੇ ਕਮਰ–ਉਦ–ਦੀਨ ਦੇ ਘਰ ਨੂੰ ਵੀ ਲੁਟਵਾਇਆ। ਔਰਤਾਂ ਦੇ ਗਹਿਣੇ ਉਤਰਾ ਲਏ ਅਤੇ ਦਿੱਲੀ ਦੀਆਂ ਜਵਾਨ ਕੁੜੀਆਂ ਨੂੰ ਦੁਰਾਨੀ ਨੇ ਕਬਜ਼ੇ ਵਿਚ ਲੈ ਲਿਆ। ਦਿੱਲੀ ਹਾਲੋਂ ਬੇਹਾਲ ਤੇ ਕੰਗਾਲ ਕਰ ਛੱਡੀ।
ਦਿੱਲੀ ਤੋਂ ਬਾਅਦ ਭਰਤਪੁਰ ਤਬਾਹ ਕੀਤਾ। ਮਥਰਾ ਵਿਚ ਹੋਲੀ ਤਿਉਹਾਰ ਮੌਕੇ ਪੁੱਜੇ ਇਕ ਲੱਖ ਤੋਂ ਉੱਪਰ ਹਿੰਦੂਆਂ ਦਾ ਕਤਲੇਆਮ ਕੀਤਾ। ਕੀਮਤੀ ਮੂਰਤੀਆਂ ਨੂੰ ਵੀ ਲੁੱਟਿਆ ਤੇ ਬੇਇੱਜ਼ਤ ਕੀਤਾ। ਅਮੀਰ ਮੁਗ਼ਲਾਂ ਨੂੰ ਵੀ ਲੁੱਟਿਆ। ਐਸੀ ਤਬਾਹੀ ਬਿੰਦਰਾਬਨ ਅਤੇ ਗੋਕੁਲ ਵਿਚ ਵੀ ਮਚਾਈ।
ਫਿਰ ਦਿੱਲੀ ਮੁੜਿਆ ਤੇ ਆਪਣੇ ਪੁੱਤ ਤੈਮੂਰ ਦੀ ਸ਼ਾਦੀ ਬਾਦਸ਼ਾਹ ਆਲਮਗੀਰ ਦੀ ਧੀ ਅਫ਼ਰੋਜ਼ ਬਾਨੋ ਬੇਗ਼ਮ ਨਾਲ ਕੀਤੀ। ਦੁਰਾਨੀ ਨੇ ਆਪ ਗੱਦੀਓਂ ਲਾਹੇ ਅਹਿਮਦ ਸ਼ਾਹ ਦੀ 16 ਸਾਲਾ ਧੀ ਹਜ਼ਰਤ ਬੇਗ਼ਮ ਨਾਲ ਸ਼ਾਦੀ ਕਰਵਾ ਲਈ। ਅਫ਼ਗ਼ਾਨਿਸਤਾਨ ਦੀ ਵਾਪਸੀ ਵੇਲੇ ਉਸ ਕੋਲ ਜਿੱਥੇ ਕਰੋੜਾਂ ਦੀ ਦੌਲਤ ਸੀ ਉੱਥੇ ਦੋ ਮੁਗ਼ਲ ਬਾਦਸ਼ਾਹਾਂ ਦੀਆਂ ਧੀਆਂ, ਬਾਦਸ਼ਾਹ ਦੇ ਹਰਮ ਦੀਆਂ 17 ਔਰਤਾਂ ਅਤੇ ਚਾਰ ਸੌ ਤੋਂ ਵੱਧ ਗੋਲੀਆਂ ਸਨ।
ਹਾਂ ਮੁਗ਼ਲਾਨੀ ਬੇਗ਼ਮ ਦੀ ਭੂਮਿਕਾ ਨਿਭਾਉਣ ਵਾਲੀਆਂ ਔਰਤਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੰਤ ਉਸ ਦੇ ਪੱਲੇ ਅੱਤ ਦੀ ਕੰਗਾਲੀ ਸੀ ਤੇ ਬੁਰੀ ਤਰ੍ਹਾਂ ਰੁਲੀ ਸੀ। ਇਕ ਗਰੀਬੜੀ ਵਾਂਗੂ 22 ਸਾਲ ਜੰਮੂ ਵਿਚ ਗੁਜ਼ਾਰੇ।
- ਚੇਅਰਮੈਨ ਸ਼ੁਭ ਕਰਮਨ ਸੁਸਾਇਟੀ
- ਵਿਜ਼ਟਿੰਗ ਸੋਸ਼ਿਆਲੋਜਿਸਟ ਐਨ. ਜੀ. ਓ. ਜ਼