ਬਾਣੀ ਗੁਰੂ ਗੁਰੂ ਹੈ ਬਾਣੀ..॥

0
563

ਬਾਣੀ ਗੁਰੂ ਗੁਰੂ ਹੈ ਬਾਣੀ..॥

ਪ੍ਰਿੰਸੀਪਲ ਹਰਭਜਨ ਸਿੰਘ ਜੀ

ਸਮੁੱਚੀ ਵਿਸ਼ਵ ਵਿਚਾਰਧਾਰਾ ਵਿੱਚੋਂ ਸ਼ਬਦ-ਗੁਰੂ ਦਾ ਵਿਚਾਰ; ਮੌਲਿਕ, ਵਿਲੱਖਣ ਅਤੇ ਮਹੱਤਵਪੂਰਨ ਵਿਚਾਰ ਹੈ। ਉਂਜ ਸ਼ਬਦ ਦਾ ਵਿਚਾਰ ਪਹਿਲੇ ਧਰਮ ਗ੍ਰੰਥਾਂ ਵਿੱਚ ਵੀ ਵਿਦਮਾਨ ਹੈ। ਵੇਦਾਂ ਵਿੱਚ ਸ਼ਬਦ; ਮੰਤਰ ਦੇ ਰੂਪ ਵਿੱਚ ਵਰਤਿਆ ਗਿਆ ਹੈ। ਇਹ ਮੰਤਰ ਸੁਆਰਥ ਸਿੱਧੀ ਜਾਂ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਵਰਤੇ ਜਾਂਦੇ ਸਨ। ਗੁਰੂ ਅਰਜਨ ਦੇਵ ਜੀ ਨੇ ਪ੍ਰਚਲਿਤ ਮੰਤਰਾਂ ਤੋਂ ਵੱਖਰੀ ਗੁਰਮਤਿ ਵਾਲ਼ੀ ਦ੍ਰਿਸ਼ਟੀ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਹੈ ‘‘ਕਿਨਹੀ ਤੰਤ ਮੰਤ ਬਹੁ ਖੇਵਾ (ਚਲਾਏ ਹਨ)  ਮੋਹਿ ਦੀਨ; ਹਰਿ ਹਰਿ ਹਰਿ ਸੇਵਾ (ਮਹਲਾ /੯੧੩)

ਸ਼ਬਦ-ਗੁਰੂ; ਪਰੰਪਰਾਗਤ ਸ਼ਬਦ ਤੋਂ ਨਿਆਰਾ ਹੈ। ਭਾਈ ਗੁਰਦਾਸ ਜੀ ਨੇ ਸਪਸ਼ਟ ਤੌਰ ’ਤੇ ਲਿਖਿਆ ਹੈ ‘‘ਵੇਦ ਕਤੇਬਹੁ ਬਾਹਰਾ; ਗੁਰ ਸਬਦੁ ਹਜੂਰਾ (ਭਾਈ ਗੁਰਦਾਸ ਜੀ/ਵਾਰ ੧੩ ਪਉੜੀ ੨੧), ਵੇਦ ਕਤੇਬਹੁ ਬਾਹਰਾ; ਅਨਹਦ ਸਬਦੁ ਅਗੰਮ ਅਲਾਪੈ (ਭਾਈ ਗੁਰਦਾਸ ਜੀ/ਵਾਰ ੨੩ ਪਉੜੀ ੧੯)

ਸ਼ਬਦ ਦਾ ਜੋਗ ਮਤ ਨਾਲ ਵੀ ਬੜਾ ਡੂੰਘਾ ਸੰਬੰਧ ਹੈ, ਪਰ ਗੁਰਮਤਿ ਦੇ ਸ਼ਬਦ ਦਾ ਜੋਗ ਮੱਤ ਦੇ ਸ਼ਬਦ ਸੰਕਲਪ ਨਾਲੋਂ ਅੰਤਰ ਹੈ। ਜੋਗੀ ਚਿੱਤ ਬਿਰਤੀਆਂ ਨੂੰ ਰੋਕ ਕੇ ਸਮਾਧੀ ਲਗਾਉਂਦਾ ਹੋਇਆ ਪ੍ਰਾਣਾਯਾਮ ਦੁਆਰਾ ਸੁਆਸਾਂ ਦਾ ਨਾੜੀਆਂ ਨਾਲ ਟਕਰਾਉ ਕਰਕੇ ਫਿਰ ਭੇਰੀ, ਢੋਲਕੀ ਅਤੇ ਵੀਣਾ ਆਦਿ ਵਰਗੀਆਂ ਅਵਾਜ਼ਾਂ ਸੁਣਦਾ ਹੈ। ਗੁਰਮਤਿ ਦਾ ਅਨਹਦ ਸ਼ਬਦ ਸੁਆਸਾਂ ਦੀ ਸਰੀਰਕ ਕ੍ਰਿਆ ਰਾਹੀਂ ਨਹੀਂ ਪੈਦਾ ਹੁੰਦਾ। ਇਹ ਤਾਂ ਅਜਿਹਾ ਸੂਖਮ ਅਤੇ ਪਰਮ ਅਨੰਦੀ ਸ਼ਬਦ ਹੈ, ਜੋ ਬਾਣੀ ਦੁਆਰਾ ਪ੍ਰਭੂ ਚਰਨਾਂ ਨਾਲ ਸੁਰਤੀ ਜੁੜਣ ’ਤੇ ਅਨੁਭਵ ਰੂਪ ’ਚ ਸੁਣਾਈ ਦੇਂਦਾ ਹੈ।  ਗੁਰਸਿੱਖ; ਗੁਰਬਾਣੀ ਵਿੱਚ ਲਿਵ ਲਾ ਕੇ ਅਨਹਦੀ ਸ਼ਬਦ ਵਾਲ਼ਾ ਇਹ ਅਨੰਦ ਸੁਭਾਵਕ ਹੀ ਮਾਣ ਸਕਦਾ ਹੈ। ਸਿਰੀਰਾਗ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਅਨਹਦ ਸਬਦਿ ਸੁਹਾਵਣੇ; ਪਾਈਐ ਗੁਰ ਵੀਚਾਰਿ (ਮਹਲਾ /੨੧), ਅਨਹਦ ਬਾਣੀ ਪਾਈਐ; ਤਹ ਹਉਮੈ ਹੋਇ ਬਿਨਾਸੁ ’’ (ਮਹਲਾ /੨੧)

ਸ਼ਬਦ (ਭਾਵ ਗੁਰਬਾਣੀ) ਬ੍ਰਹਮ ਰੂਪ ਹੀ ਹੈ, ਜੋ ਗੁਰੂ ਰੂਪ ਹੋ ਕੇ ਅਗਵਾਈ ਕਰਦਾ ਹੈ।  ਸਰੀਰ ਸਾਡੀ ਅਗਵਾਈ ਨਹੀਂ ਕਰਦਾ। ਇਸ ਸ਼ਬਦ ਉੱਤੇ ਦੇਸ਼ ਅਤੇ ਕਾਲ ਦਾ ਕੋਈ ਪ੍ਰਭਾਵ ਨਹੀਂ। ਦੂਰ-ਦੁਰਾਡੇ ਬੈਠਿਆਂ ਸ਼ਬਦ ਹੀ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ ਅਤੇ ਕੁਰਾਹੇ ਪੈਣ ਦੇ ਨੁਕਸਾਨ ਤੋਂ ਬਚਾਅ ਲੈਂਦਾ ਹੈ। ਗੁਰੂ ਸਰੀਰ ਨਹੀਂ; ਗੁਰੂ, ਸ਼ਬਦ ਭਾਵ ਬਾਣੀ ਹੈ। ਗੁਰੂ ਅਮਰਦਾਸ ਜੀ ਨੇ ਸਰੀਰ ’ਤੇ ਸ਼ਬਦ ਦੇ ਪ੍ਰਭਾਵ ਦੇ ਅੰਤਰ ਨੂੰ ਬਾਣੀ ਰਾਹੀਂ ਸਪਸ਼ਟ ਕੀਤਾ ਹੈ ‘‘ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ   ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ ਕਰੇ ਵੀਚਾਰੁ ’’ (ਮਹਲਾ /੫੯੪)

ਗੁਰੂ ਸਾਹਿਬਾਨ ਅਨੁਸਾਰ ਸ਼ਬਦ ਬ੍ਰਹਮ ਹੈ, ਧੁਰ ਕੀ ਬਾਣੀ ਹੈ, ਜਿਸ ਦਾ ਪ੍ਰਕਾਸ਼ ਉਨ੍ਹਾਂ ਨੂੰ ਪ੍ਰਗਟ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅਤੇ ਸ਼ਬਦ-ਗੁਰੂ ਦੀ ਮਹਾਨਤਾ ਅਤੇ ਲੋੜ ਬਾਰੇ ਆਪਣੀ ਬਾਣੀ ’ਚ ਬਹੁਤ ਜ਼ੋਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ ? ਇਸ ਦਾ ਜਵਾਬ ਅਤੇ ਸਪਸ਼ਟੀਕਰਨ ਉਨ੍ਹਾਂ ਦੀ ਆਪਣੀ ਬਾਣੀ ’ਚੋਂ ਹੀ ਹੋ ਜਾਂਦਾ ਹੈ। ਆਪ ਜੀ ਫ਼ੁਰਮਾਨ ਕਰਦੇ ਹਨ ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ  ! ਗੁਰੁ ਮਿਲਿਆ ਸੋਈ ਜੀਉ ’’ (ਮਹਲਾ /੫੯੯)

ਇਹ ਗੁਰੂ ਸੂਖਮ ਮੂਰਤਿ ਸ਼ਬਦ ਭਾਵ ਗੁਰਬਾਣੀ ਰੂਪ ਹੀ ਹੈ, ਜਿਸ ਅੰਦਰ ਉਨ੍ਹਾਂ ਦੀ ਸੁਰਤ ਜੁੜੀ ਰਹਿੰਦੀ ਹੈ। ਗੁਰੂ ਨਾਨਕ ਜੀ ਦੇ ਹੀ ਬਚਨ ਹਨ ‘‘ਸਤਿਗੁਰ ਸਬਦਿ ਰਹਹਿ ਰੰਗਿ ਰਾਤਾ; ਤਜਿ ਮਾਇਆ ਹਉਮੈ ਭ੍ਰਾਤਾ ਹੇ ’’ (ਮਹਲਾ /੧੦੩੧)

ਜਨਮ ਸਾਖੀ ਲੇਖਕਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਅਕਾਲ ਪੁਰਖ ਗੁਰੂ ਹੋਣ ਬਾਰੇ ਵਿਚਾਰ ਵਜੋਂ ਵਿਆਖਿਆ ਕੀਤੀ ਹੈ। ਜਨਮ ਸਾਖੀ ਅਨੁਸਾਰ ਗੋਪੀ ਚੰਦ ਦੇ ਸਵਾਲ ਦੇ ਜਵਾਬ ਵਿੱਚ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਕਹਿੰਦੇ ਹਨ ਏਕੰਕਾਰ ਗੁਰੂ ਸਿਰ ਮੇਰੇ ਕਹੇ ਨਾਨਕ ਸੁਣ ਗੋਪੀ ਚੰਦਾ, ਦਰਸਮਾਨ ਕੀਏ ਸਭ ਚੇਰੇ ਇੱਕ ਸਾਖੀ ਵਿੱਚ ਇਸ ਤਰਾਂ ਵੀ ਲਿਖਿਆ ਮਿਲਦਾ ਹੈ ਗੁਰੂ ਨਾਨਕ ਜੀ ਕਹਿਆ ! ਹਮਾਰਾ ਇਸ਼ਟ ਏਕੰਕਾਰ ਹੈ, ਸੱਚ ਮੰਤ੍ਰ ਹੈ, ਉਸ ਸੇ ਹਮਾਰਾ ਨਿਸਤਾਰਾ ਹੋਵੇਗਾ ਉਸਤਾਦ ਸਾਡਾ ਪੂਰਾ ਸਤਿਗੁਰੂ ਹੈ, ਜੋ ਆਦਿ ਅੰਤ ਬਚਨਾ ਕਾ ਸੂਰਬੀਰ ਹੈ

ਗੁਰੂ ਅਰਜਨ ਦੇਵ ਜੀ ਵੀ ਪਾਰਬ੍ਰਹਮ ਨੂੰ ਹੀ ਗੁਰੂ ਮੰਨਦੇ ਹੋਏ ਫ਼ੁਰਮਾਉਂਦੇ ਹਨ ‘‘ਸਫਲ ਮੂਰਤਿ ਗੁਰਦੇਉ ਸੁਆਮੀ; ਸਰਬ ਕਲਾ ਭਰਪੂਰੇ   ਨਾਨਕਗੁਰੁ ਪਾਰਬ੍ਰਹਮੁ ਪਰਮੇਸਰੁ; ਸਦਾ ਸਦਾ ਹਜੂਰੇ ’’ (ਮਹਲਾ /੮੦੨), ਸਤਿਗੁਰੂ ਜੀ ਦੇ ਸਰੀਰ ਰਹਿਤ ਹੋਣ ਬਾਰੇ ਆਪ ਜੀ ਦਾ ਫ਼ੁਰਮਾਨ ਹੈ ‘‘ਦੂਜਾ ਨਹੀ ਜਾਨੈ ਕੋਇ   ਸਤਗੁਰੁ ਨਿਰੰਜਨੁ ਸੋਇ   ਮਾਨੁਖ ਕਾ ਕਰਿ ਰੂਪੁ ਜਾਨੁ   ਮਿਲੀ ਨਿਮਾਨੇ ਮਾਨੁ ’’ (ਮਹਲਾ /੮੯੫)

ਪਾਰਬ੍ਰਹਮ ਅਕਾਲ ਪੁਰਖ ਗੁਰੂ ਨੇ ਗੁਰੂ ਨਾਨਕ ਸਾਹਿਬ ਉੱਤੇ ਸ਼ਬਦ ਰੂਪ ਵਿੱਚ ਜੋ ਬਖ਼ਸ਼ਸ਼ ਕੀਤੀ, ਉਸ ਦੀ ਰੌਸ਼ਨੀ ’ਚ ਅੰਮ੍ਰਿਤਮਈ ਵਚਨ ਉਚਾਰਨ ਕੀਤੇ ਅਤੇ ਉਹੀ ਸ਼ਬਦ ਮਾਰਗ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਦੱਸਿਆ। ਗੁਰੂ ਨਾਨਕ ਜੀ; ਮਾਰਗ ਦੱਸਣ ਵਾਲਾ ਗੁਰੂ ਅਤੇ ਪੀਰ; ਸ਼ਬਦ ਨੂੰ ਮੰਨਦੇ ਹਨ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ ਜਗੁ ਬਉਰਾਨੰ ’’ (ਮਹਲਾ /੬੩੫)

ਜੋਗੀਆਂ ਦਾ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਮੁੱਖ ਪ੍ਰਸ਼ਨ ਇਹੋ ਸੀ ਕਿ ਉਨ੍ਹਾਂ ਦਾ ਗੁਰੂ ਕਿਹੜਾ ਹੈ ? ਗੁਰੂ ਜੀ ਨੇ ਇਸ ਪ੍ਰਸ਼ਨ ਦਾ ਜਵਾਬ ਇਸ ਤਰ੍ਹਾਂ ਦਿੱਤਾ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩)

ਹਥਲੇ ਵਿਸ਼ੇ ਬਾਰੇ ਗੁਰੂ ਰਾਮਦਾਸ ਜੀ ਵੀ ਸਮਝਾ ਰਹੇ ਹਨ ਕਿ ਸ਼ਬਦ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ ਹੈ। ਪਾਰਬ੍ਰਹਮ ਨਾਲ ਇੱਕ ਸੁਰ ਹੋਏ ਗੁਰੂ ਨੂੰ ਇਸ ਸ਼ਬਦ ਜਾਂ ਬਾਣੀ ਦੀ ਪ੍ਰਾਪਤੀ ਹੁੰਦੀ ਹੈ। ਸ਼ਬਦ ਨਾਲ ਸੁਰਤਿ ਜੋੜਨ ’ਤੇ ਗੁਰੂ-ਬ੍ਰਹਮ ਪ੍ਰਤੱਖ ਹੋ ਜਾਂਦਾ ਹੈ। ਆਪ ਜੀ ਦਾ ਵਚਨ ਕੋਈ ਸੰਦੇਹ ਨਹੀਂ ਰਹਿਣ ਦਿੰਦਾ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ (ਮਹਲਾ /੯੮੨), ਸਤਿਗੁਰ ਬਚਨ, ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ ’’ (ਮਹਲਾ /੧੩੦੯)

ਗੁਰਮਤਿ ਦੇ ਸ਼੍ਰੋਮਣੀ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਸ਼ਬਦ-ਗੁਰੂ ਵੀਚਾਰ ਦੀ ਵਿਆਖਿਆ ਕਰਦਿਆਂ ਦ੍ਰਿੜ੍ਹ ਕਰਵਾਇਆ ਹੈ ਕਿ ‘‘ਗੁਰ ਦਰਸਨ ਗੁਰ ਸਬਦ ਹੈ; ਨਿਜ ਘਰਿ ਭਾਇ ਭਗਤਿ ਰਹਰਾਸੀ’’ (ਭਾਈ ਗੁਰਦਾਸ ਜੀ/ਵਾਰ ੩੯ ਪਉੜੀ ੧੭)

ਕਈ ਅਨਮਤੀਆਂ ਅਤੇ ਮਨਮਤੀਆਂ ਨੇ ਗੁਰਬਾਣੀ ਦੀਆਂ ਇਨ੍ਹਾਂ ਪਾਵਨ ਪੰਕਤੀਆਂ ‘‘ਗੁਰ ਕੀ ਮੂਰਤਿ; ਮਨ ਮਹਿ ਧਿਆਨੁ (ਮਹਲਾ /੮੬੪), ਸਤਿਗੁਰ ਕੀ ਮੂਰਤਿ; ਹਿਰਦੈ ਵਸਾਏ ’’ (ਮਹਲਾ /੬੬੧) ਨੂੰ ਆਧਾਰ ਬਣਾ ਕੇ ਗ਼ਲਤ ਪ੍ਰਚਾਰ ਕੀਤਾ ਕਿ ਗੁਰੂ ਸਾਹਿਬਾਨ ਨੇ ਆਪ ਹੀ ਗੁਰੂ ਦੀ ਮੂਰਤੀ ਜਾਂ ਸਰੀਰ ਧਾਰੀ ਹੋਣ ਦਾ ਆਦੇਸ਼ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸਪਸ਼ਟ ਕੀਤਾ ਹੈ ਕਿ ਗੁਰੂ ਦੀ ਮੂਰਤਿ ਗੁਰੂ ਦਾ ਸ਼ਬਦ (ਬਾਣੀ) ਹੀ ਹੈ ‘‘ਗੁਰ ਮੂਰਤਿ ਗੁਰ ਸਬਦੁ ਹੈ; ਸਾਧ ਸੰਗਤਿ ਵਿਚਿ ਪਰਗਟੀ ਆਇਆ (ਭਾਈ ਗੁਰਦਾਸ ਜੀ/ਵਾਰ ੨੪ ਪਉੜੀ ੨੫), ਗੁਰ ਮੂਰਤਿ ਗੁਰ ਸਬਦੁ ਹੈ; ਸਾਧ ਸੰਗਤਿ ਸਮਸਰਿ ਪਰਵਾਣਾ (ਭਾਈ ਗੁਰਦਾਸ ਜੀ/ਵਾਰ ੩੨ ਪਉੜੀ ), ਗੁਰੁ ਮੂਰਤਿ ਗੁਰ ਸਬਦੁ ਸੁਣਿ; ਸਾਧ ਸੰਗਤਿ ਆਸਣੁ ਨਿਰੰਕਾਰੀ’’ (ਭਾਈ ਗੁਰਦਾਸ ਜੀ/ਵਾਰ ੧੧ ਪਉੜੀ )

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਦਾ ਸਰੂਪ ਹੀ ਹੈ। ਇੱਕ ਸਾਖੀ ਅਨੁਸਾਰ ਸਤਿਗੁਰੂ ਅਰਜਨ ਦੇਵ ਜੀ ਨੇ ਇਹ ਆਗਿਆ ਕੀਤੀ ਗੁਰੂ ਦਰਸ਼ ਜਿਹ ਦੇਖਨਾ ਸ਼੍ਰੀ ਗ੍ਰੰਥ ਦਰਸਾਇ ਬਾਤ ਕਰਨ ਗੁਰ ਸੋਂ ਚਹੈ, ਪੜੈ ਗ੍ਰੰਥ ਮਨ ਲਾਇ

ਸੰਸਾਰ ਅੰਦਰ ਵੱਖ-ਵੱਖ ਧਰਮਾਂ ਦੇ ਕਿਸੇ ਵੀ ਧਰਮ ਪੁਸਤਕ ਨੂੰ ਗੁਰਿਆਈ ਪ੍ਰਾਪਤ ਨਹੀਂ ਹੈ ਕਿਉਂਕਿ ਉਨ੍ਹਾਂ ਗ੍ਰੰਥਾਂ ਦੀ ਬਾਣੀ ਉਨ੍ਹਾਂ ਦੇ ਧਰਮ ਆਗੂਆਂ ਨੂੰ ਸਿੱਧੀ ਪ੍ਰਾਪਤ ਨਹੀਂ ਹੋਈ। ਕੋਈ ਨ ਕੋਈ ਵਸੀਲਾ ਹੋਰ ਬਣਿਆ ਹੈ, ਪਰ ਗੁਰੂ ਸ਼ਬਦ ਜਾਂ ਗੁਰਬਾਣੀ ਦਾ ਪ੍ਰਕਾਸ਼ ਗੁਰੂ ਸਾਹਿਬਾਨ ਨੂੰ ਸਿੱਧਾ ਹੋਇਆ ਹੈ, ਜੋ ਉਨ੍ਹਾਂ ਲਿਖਤੀ ਰੂਪ ਵਿੱਚ ਆਪ ਹੀ ਸੰਭਾਲਿਆ। ਇਉਂ ਨਿਰੋਲ ਸੱਚ ਵਿੱਚ ਮਿਲਾਵਟ ਨ ਹੋ ਸਕੀ। ਸੱਚ ਦਾ ਪ੍ਰਮਾਣਿਕ ਰੂਪ ਕਾਇਮ ਰਿਹਾ। ਇਸ ਸਚਾਈ ’ਤੇ ਗੁਰੂ ਸਾਹਿਬਾਨ;  ਆਪਣੇ ਬਚਨ ਰਾਹੀਂ ਮੋਹਰ ਲਾਉਂਦੇ ਹਨ ‘‘ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ, ਵੇ ਲਾਲੋ  ! (ਮਹਲਾ /੭੨੨), ਧੁਰ ਕੀ ਬਾਣੀ ਆਈ   ਤਿਨਿ, ਸਗਲੀ ਚਿੰਤ ਮਿਟਾਈ (ਮਹਲਾ /੬੨੮), ਹਉ ਆਪਹੁ ਬੋਲਿ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ (ਮਹਲਾ /੭੬੩), ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ, ਗੁਰਸਿਖਹੁ  ! ਹਰਿ ਕਰਤਾ ਆਪਿ ਮੁਹਹੁ ਕਢਾਏ ’’ (ਮਹਲਾ /੩੦੮) ਆਦਿ। ਇਸ ਲਈ ਗੁਰਸਿੱਖ ਵਾਸਤੇ ਗੁਰ ਸ਼ਬਦ ਜਾਂ ਗੁਰਬਾਣੀ ਤੋਂ ਬਿਨਾਂ ਬਾਕੀ ਹੋਰ ਸਭ ਰਚਨਾ ਕੱਚੀ ਹੈ। ਗੁਰੂ ਸਾਹਿਬਾਨ ਦਾ ਹੁਕਮ ਹੈ ਕਿ ਅਜਿਹੀ ਬਾਣੀ ਨੂੰ ਕਹਿਣ ਵਾਲਾ, ਸੁਣਨ ਵਾਲਾ ਅਤੇ ਪ੍ਰਗਟਾਉਣ ਵਾਲਾ, ਸਭ ਕੱਚੇ ਹਨ। ਗੁਰੂ ਅਮਰਦਾਸ ਜੀ ਦੇ ਅਮਰ ਬੋਲ ਹਨ ‘‘ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ   ਬਾਣੀ ਕਚੀ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ   ਕਹਦੇ ਕਚੇ; ਸੁਣਦੇ ਕਚੇ; ਕਚਂੀ ਆਖਿ ਵਖਾਣੀ   ਹਰਿ ਹਰਿ ਨਿਤ ਕਰਹਿ ਰਸਨਾ; ਕਹਿਆ ਕਛੂ ਜਾਣੀ   ਚਿਤੁ ਜਿਨ ਕਾ ਹਿਰਿ ਲਇਆ ਮਾਇਆ; ਬੋਲਨਿ ਪਏ ਰਵਾਣੀ   ਕਹੈ ਨਾਨਕੁ ਸਤਿਗੁਰੂ ਬਾਝਹੁ; ਹੋਰ ਕਚੀ ਬਾਣੀ ’’  (ਮਹਲਾ /੯੨੦)

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੀ ਸਿੱਖ ਲਈ ਸੱਚੀ ਬਾਣੀ ਹੈ। ਇਸ ਦੀ ਵਿਚਾਰ ਕੀਤਿਆਂ ਬ੍ਰਹਮ ਨਾਲ ਇੱਕ-ਮਿੱਕ ਹੋਈਦਾ ਹੈ। ਗੁਰ ਉਪਦੇਸ਼ ਹਨ ‘‘ਸਾਚੀ ਬਾਣੀ ਸਿਉ ਧਰੇ ਪਿਆਰੁ   ਤਾ ਕੋ ਪਾਵੈ ਮੋਖ ਦੁਆਰੁ (ਮਹਲਾ /੬੬੧), ਸਚਾ ਸਬਦੁ ਵੀਚਾਰਿ ਸੇ; ਤੁਝ ਹੀ ਮਾਹਿ ਸਮਾਇਆ ’’ (ਮਹਲਾ /੧੨੯੦) ਇਸ ਬਾਣੀ ਦੇ ਕਮਾਈ ਕਰਨ ਬਾਬਤ ਗੁਰੂ ਸਾਹਿਬਾਨ ਇਸ ਤਰ੍ਹਾਂ ਫੁਰਮਾਉਂਦੇ ਹਨ ‘‘ਸਾਚੀ ਬਾਣੀ ਸੂਚਾ ਹੋਇ   ਗੁਣ ਤੇ ਨਾਮੁ ਪਰਾਪਤਿ ਹੋਇ ’’ (ਮਹਲਾ /੩੬੧)

ਗੁਰੂ ਅਮਰਦਾਸ ਜੀ ਸੱਚੀ ਬਾਣੀ ਦਾ ਹੀ ਕੀਰਤਨ ਕਰਨ ਲਈ ਪ੍ਰੇਰਨਾ ਕਰਦੇ ਹਨ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ   ਬਾਣੀ ਗਾਵਹੁ ਗੁਰੂ ਕੇਰੀ; ਬਾਣੀਆ ਸਿਰਿ ਬਾਣੀ ’’ (ਮਹਲਾ /੯੨੦) ਇਸੇ ਲਈ ਗੁਰੂ ਕੀ ਬਾਣੀ ਸਿੱਖ ਦਾ ਜੀਵਨ ਹੈ, ਪ੍ਰਾਣ ਹਨ। ਗੁਰਬਾਣੀ ਵਿੱਚ ਸੁਰਤਿ ਜੋੜ ਕੇ ਸਿੱਖ ਆਤਮਕ ਸ਼ਕਤੀ ਅਤੇ ਅਨੰਦ ਪ੍ਰਾਪਤ ਕਰਦਾ ਹੈ। ਉਹ ਸ਼ਾਤੀ ਜਿਸ ਨੇ ਉਸ ਨੂੰ ਅਨੇਕਾਂ ਮੁਸ਼ਕਲਾਂ ਵਿੱਚ ਵੀ ਅਡੋਲ ਰੱਖਣਾ ਅਤੇ ਜ਼ੁਲਮ ਦੀਆਂ ਜੜ੍ਹਾਂ ਉਖੇੜਨ ਦੇ ਯੋਗ ਬਣਾਉਣਾ ਹੈ। ਗੁਰੂ ਕੀ ਬਾਣੀ ਸਿੱਖ ਲਈ ਉਸ ਦੀ ਜਾਨ ਤੋਂ ਵੀ ਪਿਆਰੀ ਹੈ ਕਿਉਂਕਿ ਸਿੱਖ; ਗੁਰੂ ਕੇ ਬਚਨਾਂ ਨੂੰ ਕੇਵਲ ਪੜ੍ਹਦਾ ਹੀ ਨਹੀਂ ਸਗੋਂ ਉਨ੍ਹਾਂ ’ਤੇ ਅਮਲ ਵੀ ਕਰਦਾ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਬਚਨ ਹਨ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ /੯੮੨)